ਐਸ਼ ਅਸ਼ੋਕ ਭੌਰਾ
ਰੱਬ ਨੇ ਸ਼ਾਇਦ ਕਸ਼ਮੀਰ ਨੂੰ ਇਸ ਕਰ ਕੇ ਰੱਜ ਕੇ ਖੂਬਸੂਰਤੀ ਦਿੱਤੀ ਸੀ ਕਿ ਮਨੁੱਖ ਸਮਝ ਸਕੇ- ਸਵਰਗ ਧਰਤੀ ‘ਤੇ ਵੀ ਹੋ ਸਕਦਾ ਹੈ, ਪਰ ਇਸ ਗੱਲ ਦਾ ਇਲਮ ਸ਼ਾਇਦ ਉਸ ਨੂੰ ਵੀ ਨਾ ਹੋਵੇ ਕਿ ਦੋ ਮੁਲਕ ਇਸ ਨੂੰ ਖੋਹਣ ਖਿੱਚਣ ਦੇ ਚੱਕਰ ਵਿਚ ਸਿੰਗ ਫਸਾਈ ਰੱਖਣਗੇ। ਧਰਮ ਤਾਂ ਸਾਰੇ ਹੀ ਮਹਾਨ ਹਨ, ਪਰ ਧਰਮੀ ਕਹਾਉਣ ਵਾਲੇ ਇਸ ਦੇ ਠੇਕੇਦਾਰ ਸ਼ਾਇਦ ਇਸ ਨੂੰ ਵੀ ਇਕ-ਦੂਜੇ ਤੋਂ ਥੱਲੇ ਲਾਉਣ ਦੇ ਚੱਕਰ ਵਿਚ ਉਲਝ ਗਏ ਹਨ। ਸ਼ੀਆ ਤੇ ਸੁੰਨੀ ਇਸੇ ਦੀ ਹੀ ਤਾਂ ਇਕ ਮਿਸਾਲ ਹੈ। ਮੈਚ ਤਾਂ ਚਲੋ ਜਿੱਤਣੇ ਹੀ ਹੁੰਦੇ ਹਨ; ਮੁਲਕ, ਮੁਲਕ ਨੂੰ ਜਿੱਤਣ ਲਈ ਹਥਿਆਰਾਂ ਦੇ ਮੂੰਹ ਖੋਲ੍ਹੀ ਬੈਠਾ ਹੈ, ਪਰ ਦਿਲ ਜਿੱਤਣ ਦਾ ਅਧਿਆਇ ਹੀ ਪਾੜ ਦਿੱਤਾ ਗਿਆ ਹੈ। ਰਾਤ ਤਾਂ ਸ਼ਾਇਦ ਇਸ ਕਰ ਕੇ ਬਣੀ ਹੋਵੇ ਕਿ ਮਨੁੱਖ ਦੋ ਘੜੀਆਂ ਤਮ੍ਹਾਂ ਨੂੰ ਤਿਆਗ ਕੇ ਆਰਾਮ ਕਰ ਸਕੇ, ਪਰ ਕਿਉਂਕਿ ਰਾਤ ਦਾ ਸਬੰਧ ਹਨੇਰੇ ਨਾਲ ਹੈ, ਇਸ ਲਈ ਹਨੇਰੇ ਵਿਚ ਜੋ ਕੁਝ ਮਾੜਾ ਚੰਗਾ ਹੁੰਦਾ ਆਇਆ ਹੈ, ਉਹਦਾ ਸਿੱਧਾ ਸਬੰਧ ਵੀ ਉਸੇ ਨਾਲ ਹੈ। ਜੇ ਰਾਤਾਂ ਡਰਾਉਣੀਆਂ ਨਾ ਹੁੰਦੀਆਂ, ਤਾਂ ਕਦੇ ਵੀ ਕਿਸੇ ਨੇ ਸਵੇਰ ਨੂੰ ਸੱਜਰੀ ਨਹੀਂ ਸੀ ਆਖਣਾ। ਦਿਨ ਨੂੰ ਫੈਲਿਆ ਬੰਦਾ ਰਾਤ ਨੂੰ ਲਾਜਵੰਤੀ ਵਾਂਗ ‘ਕੱਠਾ ਹੋਇਆ ਰਹਿੰਦਾ ਹੈ। ਇਸੇ ਲਈ ਵੱਡੇ ਦਲੇਰ ਕਹਾਉਣ ਵਾਲੇ ਨੂੰ ਪੰਛੀ ਵੀ ਬਿੜਕ ਨਾਲ ਹੀ ਡਰਾ ਲੈਂਦੇ ਹਨ, ਤੇ ਇਹ ਵੀ ਹਕੀਕਤ ਹੈ ਕਿ ਜੇ ਦਿਨ ਤੇ ਰਾਤ ਨਾ ਹੁੰਦਾ, ਤਾਂ ਮਨੁੱਖ ਦੀ ਹਾਲਤ ਇਹ ਹੋਣੀ ਸੀ ਜਿਵੇਂ ਨੱਕ ਅੱਖਾਂ ਤੋਂ ਉਪਰ ਮੱਥੇ ‘ਤੇ ਮੂੰਹ, ਸਿਰ ਦੀ ਪਛਵਾੜ ਲੱਗਿਆ ਹੋਵੇ। ਰੁੱਤਾਂ ਬਦਲਣ ਅਤੇ ਵਕਤ ਦੀ ਤਬਦੀਲੀ ਕਰ ਕੇ ਹੀ ਨੈਣ-ਨਕਸ਼ ਚੰਗੇ ਲਗਦੇ ਹਨ, ਵਰਨਾ ਜੁਆਨੀ ਤੋਂ ਬਾਅਦ ਸਾਰਿਆਂ ਨੂੰ ਤਲਾਕ ਦਾ ਭੂਤ ਚੰਬੜਿਆ ਹੋਣਾ ਸੀ। ਅੱਜ ਦੇ ਯੁੱਗ ਵਿਚ ਜਿਉਣਾ ਇਸ ਕਰ ਕੇ ਭਾਰਾ ਹੋ ਗਿਆ ਹੈ, ਕਿਉਂਕਿ ਸੋਹਣੀਆਂ ਦਿਸਦੀਆਂ ਸੂਰਤਾਂ ਅਸਲ ਵਿਚ ਖਤਰਨਾਕ ਹੋਈ ਜਾਂਦੀਆਂ ਹਨ। ਭੂਤ ਪ੍ਰੇਤ ਹੋਣਗੇ ਜਾਂ ਨਹੀਂ, ਇਹ ਤਾਂ ਨਾ ਮੁੱਕਣ ਵਾਲੀ ਬਹਿਸ ਦਾ ਹਿੱਸਾ ਹੈ, ਪਰ ਭੂਤ ਹੈਗੇ ਨੇ, ਅਸੀਂ ਜਾਣਦੇ ਹਾਂ ਪਰ ਪਛਾਣਦੇ ਨਹੀਂ, ਕਿਉਂਕਿ ਭੂਤ ਹੁਣ ਮੋਇਆਂ ਦੇ ਅੰਦਰ ਨਹੀਂ, ਜਿਉਂਦਿਆਂ ਅੰਦਰ ਰਹਿਣ ਲੱਗ ਗਏ ਹਨ। ਇਉਂ ਜਿਵੇਂ ਝੂਠ ਵੀ ਬਿਨਾਂ ਮਕਸਦ ਦੇ ਕਦੇ ਨਹੀਂ ਬੋਲਿਆ ਗਿਆ। ਚਲੋ! ਇਹ ਅੱਖਰਾਂ ਦਾ ਤਾਣਾ ਮੈਂ ਬੁਣ ਦਿੰਦਾ ਹਾਂ, ਬਾਣਾ ਤੁਸੀਂ ਪੂਰਾ ਕਰ ਲਿਓæææ।
———-
ਕਈ ਮਰਨ ਤੋਂ ਪਹਿਲਾਂ ਹੀ ਮਰੇ ਹੋਏ ਨੇ, ਕਈ ਜਿਉਣਾ ਨਹੀਂ ਚਾਹੁੰਦੇ ਪਰ ਵਕਤ ਉਨ੍ਹਾਂ ਨੂੰ ਜਿਉਣ ਲਈ ਮਜਬੂਰ ਕਰ ਰਿਹਾ ਹੈ। ਕਈ ਨੱਚਣ ਲੱਗੇ ਸਨ ਪਰ ਤਾਲ ਟੁੱਟ ਗਿਆ। ਕਈਆਂ ਨੇ ਰੋਣ ਲਈ ਧਾਹ ਮਾਰੀ ਸੀ ਪਰ ਅੱਥਰੂ ਖੁਸ਼ਕ ਹੋ ਗਏ। ਕਈਆਂ ਨੂੰ ਮਰਜ਼ ਕੋਈ ਨਹੀਂ ਸੀ ਪਰ ਦਵਾਈਆਂ ਫਿਰ ਵੀ ਖਾਣੇ ਤੋਂ ਵੱਧ ਜ਼ਰੂਰੀ ਹੋ ਗਈਆਂ। ਕਈ ਵਿਆਹੇ ਤਾਂ ਗਏ ਪਰ ਮੁਕੱਦਰ ਤਲਾਕ ਨਾਲ ਝਗੜਦੇ ਰਹੇ। ਕਈਆਂ ਦੇ ਔਲਾਦ ਤਾਂ ਸੀ ਪਰ ਜਾਣਾ ਫਿਰ ਵੀ ਔਤ ਹੀ ਪਿਆ, ਤੇ ਕਈਆਂ ਕੋਲ ਪੈਸਾ ਬਹੁਤ ਸੀ ਪਰ ਧਨਵਾਨ ਫਿਰ ਵੀ ਕਹਾ ਨਹੀਂ ਸਕੇ। ਦਰਅਸਲ ਅਸੀਂ ਉਸ ਯੁੱਗ ਅੰਦਰ ਜੀਅ ਰਹੇ ਹਾਂ ਜਿਥੇ ਮਹਾਂ ਪੁਰਸ਼ ਜਾਂ ਬ੍ਰਹਮ ਗਿਆਨੀ ਸਵੇਰੇ ਦੁਨੀਆਂ ਨੂੰ ਜ਼ਿੰਦਗੀ ਖੇਡਣ ਦਾ ਉਪਦੇਸ਼ ਦੇ ਰਹੇ ਹੁੰਦੇ ਹਨ ਤੇ ਆਥਣੇ ਖੁਦ ਕ੍ਰਿਕਟ ਖੇਡਣ ਦੀਆਂ ਦੌੜਾਂ ਬਣਾ ਰਹੇ ਹੁੰਦੇ ਹਨ, ਕਿਉਂਕਿ ਵਿਗਿਆਨ ਹੁਣ ਧਰਮ ਦਾ ਹੱਥ ਵੀ ਘੁੱਟਣ ਲੱਗ ਪਿਆ ਹੈ। ਜੇ ਹੱਥ ਦੇਖਣ ਵਾਲਿਆਂ ਨਾਲੋਂ ਹੱਥ ਕੱਢਣ ਵਾਲਿਆਂ ਦੀ ਗਿਣਤੀ ਵਧ ਗਈ ਹੈ ਤਾਂ ਝੂਠ ਨਹੀਂ ਕਿ ਲਾਸ਼ ਖਿੱਚੀ ਫਿਰਨ ਵਾਲਾ ਬੰਦਾ ਜਿਉਂਦੇ ਜੀਅ ਪ੍ਰੇਤ ਆਤਮਾ ਵਾਂਗ ਵਿਚਰ ਰਿਹਾ ਹੈ। ਮਰੀਆਂ ਹੋਈਆਂ ਰੂਹਾਂ ਤਾਂ ਹੁਣ ਸਿਰਫ਼ ਬਦਨਾਮ ਹਨ।
ਤੇਤੀ ਕਰੋੜ ਦੇਵਤਿਆਂ ਤੇ ਚੁਰਾਸੀ ਲੱਖ ਜੂਨਾਂ ਦੀ ਅਧਿਆਤਮ ਫਿਲਾਸਫੀ ਨੇ ਹੀ ਮਨੁੱਖ ਨੂੰ ਉਸ ਗੇੜ ਵਿਚ ਪਾ ਦਿੱਤਾ ਹੈ ਜਿਸ ਗੇੜ ਵਿਚ ਸ਼ਾਇਦ ਗਧੀ ਵੀ ਨਾ ਪਈ ਹੋਵੇ। ਇਸ ਕਰ ਕੇ ਸਵਰਗ ਨੂੰ ਜਾਣ ਵਾਲੇ ਰਾਹ ਦੱਸਣ ਵਾਲੇ ਨਰਕ ਨੂੰ ਭੰਡ ਰਹੇ ਹਨ, ਤੇ ਅੰਤਿਮ ਅਰਦਾਸ ਵੇਲੇ ਹੱਥ ਜੋੜਦਿਆਂ ਅਕਸਰ ਹੀ ਆਵਾਗੌਣ ਦੇ ਚੱਕਰਾਂ ਤੋਂ ਬਚਾਉਣ ਲਈ ਤਰਲੇ ਕੱਢੇ ਜਾਂਦੇ ਹਨ। ਹਰ ਕੋਈ ਮੌਤ ਦੇ ਸਦੀਵੀ ਸੱਚ ਨੂੰ ਤਾਂ ਪ੍ਰਵਾਨ ਕਰ ਰਿਹਾ ਹੈ ਪਰ ਨਾਲ ਹੀ ਉਸ ਬੱਸ, ਟ੍ਰੇਨ ਜਾਂ ਜਹਾਜ਼ ਦੀ ਸਿੱਧੀ ਟਿਕਟ ਲੈਣ ਲਈ ਗੋਡਿਆਂ ਭਾਰ ਹੋਇਆ ਪਿਆ ਹੈ ਜੋ ਨਾਨ-ਸਟਾਪ ਸਵਰਗ ਵੱਲ ਜਾਂਦੀ ਹੋਵੇ।
ਕਈਆਂ ਨੂੰ ਚੰਬੜੇ ਭੂਤ ਵਡਭਾਗ ਸਿੰਘ ਦੇ ਡੇਰੇ ਜਾ ਕੇ ਕੁਟਾਪਾ ਕਰਾ ਕੇ ਭਜਾਉਣੇ ਪਏ, ਪਰ ਮਿਸਰ ਤੇ ਲਿਬੀਆ ਦੇ ਹੁਸਨੀ ਮੁਬਾਰਕ ਅਤੇ ਕਰਨਲ ਗੱਦਾਫ਼ੀ ਨੂੰ ਭੂਤਾਂ ਤੋਂ ਵੱਧ ਔਖੇ ਹੋ ਕੇ ਭਜਾਉਣਾ ਪਿਆ। ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਮਿਸਰ ਦਾ ਲਾਸ਼ਾਂ, ਭੂਤਾਂ ਤੇ ਮਰੇ ਹੋਏ ਲੋਕਾਂ ਨਾਲ ਗੂੜ੍ਹਾ ਸਬੰਧ ਹੈ ਪਰ ਗਜ਼ ਆਪਾਂ ਟੇਢਾ ਸੁੱਟ ਕੇ ਇਕ ਨਵੀਂ ਕੋਠੜੀ ਦਾ ਬੂਹਾ ਖੋਲ੍ਹ ਕੇ ਵੇਖਦੇ ਹਾਂ। ਮੇਰੇ ਵਾਂਗ ਸ਼ਾਇਦ ਹੋਰ ਵੀ ਕਈਆਂ ਦਾ ਯਕੀਨ ਤੇ ਵਿਸ਼ਵਾਸ ਹੋਵੇ ਕਿ ਉਨ੍ਹਾਂ ਨੂੰ ਵੀ ਗਿਆਨ ਦਾ ਇਹ ਦੀਵਾ ਪਹਿਲੀ ਵਾਰ ਜਗਦਾ ਦਿੱਸਣ ਲੱਗਾ ਹੈ, ਪਰ ਮਿਸਰ ਦੀ ਗੱਲ ਕਰਨ ਤੋਂ ਪਹਿਲਾਂ ਉਸ ਅਨੁਭਵ ਦੀ ਗੱਲ ਜ਼ਰੂਰ ਕਰਾਂਗਾ ਜੋ ਸ਼ਾਇਦ ਮੇਰਾ ਹੀ ਨਹੀਂ, ਹੋਰ ਵੀ ਕਈ ਲੋਕਾਂ ਦਾ ਹੋਵੇ:
ਉਦੋਂ ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਚਾਰ ਵਜੇ ਸਕੂਲ ਤੋਂ ਛੁੱਟੀ ਹੋਈ, ਭਾਰਾ ਬਸਤਾ ਤੇ ਰੱਜਵੀਂ ਭੁੱਖ ਨੇ ਜਾਨ ਕੱਢੀ ਹੋਈ ਸੀ। ਘਰ ਆਇਆ ਤਾਂ ਮਾਂ ਘਰ ਨਹੀਂ ਸੀ। ਭੁੱਖ-ਨਿਭਾਣਾ ਖੇਡਣ ਚਲੇ ਗਿਆ। ਦਿਨ ਢਲੇ ਜਦੋਂ ਮਾਂ ਆਈ ਤਾਂ ਉਹਦੇ ਸਿਰ ‘ਤੇ ਚਿੱਟੀ ਚੁੰਨੀ ਵੇਖ ਕੇ ਸਮਝ ਗਿਆ ਸਾਂ ਕਿ ਸੁੱਖ ਨਹੀਂ ਹੈ। ਮੈਂ ਉਤਸੁਕਤਾ ਨਾਲ ਪੁੱਛਿਆ, “ਮਾਂ ਕੌਣ ਮਰ ਗਿਆ?”
“ਆਪਣੇ ਪਿੰਡ ਆਲੇ ਭਾਈ ਦਾ ਜੁਆਈ, ਬੜਾ ਜੁਆਨ ਸੀ ਪੁੱਤ।”
“ਮਾਂ ਉਹ ਕਿੱਦਾਂ?”
“ਨਵਾਂ ਸ਼ਹਿਰ ਤੋਂ ਜਿਹੜੀ ਚੰਡੀਗੜ੍ਹ ਨੂੰ ਸੜਕ ਜਾਂਦੀ ਐ, ਬਰਨਾਲੇ ਵਾਲੇ ਚੌਕ ‘ਚ ਆਪਣੇ ਹੀ ਟਰੈਕਟਰ ਤੋਂ ਭੁੜਕ ਕੇ ਹੇਠਾਂ ਜਾ ਪਿਆ।”
“ਖਰਾਬ ਸੀ ਟਰੈਕਟਰ?”
“ਕਾਹਨੂੰ ਪੁੱਤ, ਤੂੰ ਹਾਲੇ ਨਿਆਣੈਂæææ ਉਥੇ ਇਕ ਆਤਮਾ ਘੁੰਮਦੀ ਰਹਿੰਦੀ ਐ। ਬੜੇ ਲੋਕਾਂ ਦੀਆਂ ਜਾਨਾਂ ਲਈਆਂ ਉਹਨੇ। ਉਹ ਆਤਮਾ ਕੁਛ ਕਹਿੰਦੀ ਐ ਪਰ ਸਮਝ ਨਹੀਂ ਲਗਦੀ ਕਿਸੇ ਨੂੰ।”
“ਕਾਹਤੋਂ?”
“ਤੂੰ ਹੁਣ ‘ਗਾਹਾਂ ਈ ਵਧੀ ਜਾਨੈਂ। ਤੈਨੂੰ ਕੀ ਦੱਸਾਂ? ਇਕ ਗੋਰਾ ਆਇਆ ਸੀ ਬਾਹਰਲੇ ਮੁਲਕੋਂ, ਉਸੇ ਚੌਕ ‘ਚ ਮਰ ਗਿਆ ਸੀ ਬੱਸ ਹੇਠਾਂ ਆ ਕੇ। ਉਹ ਘੁੰਮਦੈ, ਨਾਲੇ ਉਹ ਕੁਛ ‘ਗਰੇਜ਼ੀ ਵਿਚ ਪੁੱਛਦੈ, ਉਹਦੀ ਕਿਸੇ ਨੂੰ ਸਮਝ ਨੀ ਲਗਦੀ, ਤੇ ਖਿਝ ਕੇ ਕਰਾ ਦਿੰਦੈਂ ਐਕਸੀਡੈਂਟ।”
“ਮਾਂ ਤੂੰ ਨਾਲੇ ਕਹਿਨੀ ਹੁੰਦੀ ਆਂ ਰੱਬ ਇਕੋ ਆ, ਤੇ ਮਰ ਕੇ ਸਾਰੇ ‘ਕੱਠੇ ਹੋ ਜਾਂਦੇ ਨੇ। ਫਿਰ ਜੇ ਗੋਰਾ ਅੰਗਰੇਜ਼ੀ ਬੋਲਦੈ ਤਾਂ ਮੇਰਾ ਬਾਪੂ ਤਾਂ ਪੰਜਾਬੀ ਬੋਲਦਾ ਹੋਊ, ਤੇ ਜਿਥੇ ਵੱਡਾ ਭਰਾ ਗਿਐ ਦੁਬਈ ਨੂੰ, ਉਥੋਂ ਦੇ ਲੋਕ ਮਰ ਕੇ ਅਰਬੀ ਬੋਲਦੇ ਹੋਣੇ ਆਂæææ ਰੱਬ ਰੁੱਬ ਫਿਰæææ।”
ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹਨੇ ਮੇਰੇ ਕੰਨ ‘ਤੇ ਵੱਟ ਕੇ ਚੁਪੇੜ ਮਾਰੀ ਪਰ ਇਸ ਚੁਪੇੜ ਨੇ ਮੈਨੂੰ ਨਿਊਟਨ ਦੀ ਵਿਗਿਆਨ ਵਾਲੀ ਦੁਨੀਆਂ ਵੱਲ ਧੂਹ ਲਿਆਂਦਾ ਸੀ।
ਇਸ ਘਟਨਾ ਤੋਂ ਬਾਅਦ ਲਗਦੇ ਹੱਥ ਹੀ ਇਕ ਹੋਰ ਭੂਤ ਸਾਡੇ ਘਰ ਹੀ ਆ ਵੜਿਆ।æææ ਹੋਇਆ ਇਉਂ ਕਿ ਮੇਰੀ ਵੱਡੀ ਭੈਣ ਨਾਲ ਗੁਆਂਢੀਆਂ ਦੀ ਕੁੜੀ ਪਰਮਜੀਤ ਪੜ੍ਹਦੀ ਹੁੰਦੀ ਸੀ। ਇਕ ਤਾਂ ਉਹ ਬਚਪਨ ਤੋਂ ਹੀ ਐਲ ਸ਼ਕਲ ਵਿਚ ਕੁੱਬੀ ਸੀ, ਤੇ ਦੂਜਾ ਮਾੜਕੂ ਜਿਹੀ ਤਪਦਿਕ ਦੀ ਮਰੀਜ਼, ਪਰ ਸੀ ਮੇਰੀ ਭੈਣ ਦੀ ਗੂੜ੍ਹੀ ਸਹੇਲੀ। ਉਹ ਅਚਾਨਕ ਸਾਹ ਰੁਕਣ ਨਾਲ ਮਰ ਗਈ। ਚੌਥੇ ਕੁ ਦਿਨ, ਰਾਤ ਵੇਲੇ ਲੱਗ ਪਈ ਡਰਨ ਮੇਰੀ ਭੈਣ। ਦਸ ਕੁ ਵੱਜਦੇ ਨੂੰ ਉਹਨੇ ਕਹਿਣ ਲੱਗ ਪੈਣਾ ਕਿ ਤੁਰ ਪਈ ਹੁਣ ਟੇਢੋ ਜਿਹੀ, ਕਬਰਾਂ ਵਿਚੋਂ ਆ ਗਈ ਖੂਹ ਕੋਲ, ਆ ਗਈ ਟਾਹਲੀ ਕੋਲ, ਤੇ ਜਦੋਂ ਕਹਿਣਾ, ‘ਲੈ ਆ ਵੜੀ ਅੰਦਰ’, ਨਾਲ ਹੀ ਬੇਹੋਸ਼। ਮੈਥੋਂ ਇਕ ਜਮਾਤ ਅੱਗੇ ਪੜ੍ਹਦੀ ਭੈਣ ਸਕੂਲ ‘ਚ ਵੀ ਉਦਾਸ ਤੇ ਚੁੱਪ ਰਹਿਣ ਲੱਗ ਪਈ। ਜਿਉਂ-ਜਿਉਂ ਸੂਰਜ ਢਲੀ ਜਾਣਾ, ਉਹਦਾ ਰੰਗ ਪੀਲਾ ਹੋਣ ਲੱਗਣਾ।
ਮਹੀਨੇ ਕੁ ਬਾਅਦ ਮਸਾਂ ਪਿੰਡ ਦੇ ਇਕ ਸਿਆਣੇ ਨੇ ਸਾਡੇ ਘਰ ਦੇ ਰੋਣਹਾਕੇ ਹਾਲਾਤ ਕੁਝ ਠੀਕ ਕੀਤੇ ਹੋਣਗੇ, ਪਰ ਮੈਂ ਨਿਆਣਾ ਹੋਣ ਦੇ ਬਾਵਜੂਦ ਇਹ ਗੱਲ ਸਮਝ ਗਿਆ ਸਾਂ ਕਿ ਉਸ ਸਿਆਣੇ ਨੇ ਗੁੱਗਲ ਜੁਐਣ ਦਾ ਤਾਂ ਐਵੇਂ ਬਹਾਨਾ ਕੀਤਾ ਸੀ, ਊਂ ਉਸ ਨੇ ਮੇਰੀ ਭੈਣ ਨੂੰ ‘ਉਹ ਹੁਣ ਮੇਰੇ ਕੋਲ ਆਉਣ ਲੱਗ ਪਈ ਹੈ’, ਕਹਿ ਕੇ ਅਸਲ ਵਿਚ ਮਾਨਸਿਕ ਤੌਰ ‘ਤੇ ਹੀ ਤਕੜਾ ਕੀਤਾ ਸੀ।
ਇਹ ਭੈਣ ਮੇਰੀ ਹੁਣ ਦਿੱਲੀ ਰਹਿੰਦੀ ਹੈ, ਤੇ ਦਸ ਕੁ ਸਾਲ ਪਹਿਲਾਂ ਉਹਨੇ ਮੈਨੂੰ ਇਕ ਵਾਰ ਫਿਰ ਕਿਹਾ ਕਿ ਪਰਮਜੀਤ ਦਿੱਲੀ ਆ ਗਈ ਸੀ, ਇਕ ਦਿਨ ਮੇਰੇ ਮਗਰ।
ਮੈਂ ਕਿਹਾ, “ਕੀ ਕਹਿੰਦੀ ਸੀ?”
“ਕਹਿੰਦੀ, ਦਿੱਲੀ ਕਿਤੇ ਤੂੰ ਮੈਨੂੰ ਲੱਭਣਾ ਨਹੀਂ ਸੀ?”
ਤੇ ਉਦੋਂ ਤੱਕ ਸਿਆਣਾ ਮੈਂ ਬਣ ਚੁੱਕਾ ਸਾਂ। “ਆਪਣੇ ਘਰ ਤੋਂ ਸਾਡੇ ਘਰ ਤੱਕ ਤਾਂ ਉਹਦੇ ਕੋਲੋਂ ਤੁਰ ਕੇ ਨਹੀਂ ਸੀ ਆ ਹੁੰਦਾ, ਦਿੱਲੀ ਆ ਜੂ ਏਡੀ ਦੂਰ?” ਮੇਰੇ ਇਸ ਜੁਆਬ ਨਾਲ ਮਾਨਸਿਕ ਤੌਰ ‘ਤੇ ਤਕੜੀ ਹੋਈ ਭੈਣ ਫਿਰ ਹੱਸ ਪਈ।
ਵਿਗਿਆਨ ਦੇ ਖੇਤਰ ਨਾਲ ਸਬੰਧਤ ਹੋਣ ਕਰ ਕੇ ਫਿਰ ਮੇਰੀ ਸੋਚ ਪੂਰੀ ਤਰ੍ਹਾਂ ਤਰਕ ਆਧਾਰਤ ਤੇ ਤਰਕਸ਼ੀਲ ਇਸ ਕਰ ਕੇ ਹੋ ਗਈ ਸੀ, ਕਿਉਂਕਿ ਸਾਧਾਰਨ ਮਨੁੱਖ ਵੀ ਸਮਝ ਜਾਂਦਾ ਹੈ ਕਿ ਬਰਸਾਤਾਂ ਵਿਚ ਕੱਚੀਆਂ ਲੀਹਾਂ ‘ਚ ਚਿੱਕੜ ਕਿਉਂ ਹੁੰਦੈ ਤੇ ਗੱਡਾ ਕਿਉਂ ਫਸਦੈ?
ਹੁਣੇ ਹੀ ਮਿਸਰ ਇਸ ਕਰ ਕੇ ਦੁਨੀਆਂ ਭਰ ਵਿਚ ਚਰਚਿਤ ਹੋ ਕੇ ਹਟਿਆ ਹੈ ਕਿ ਚੰਮ ਦੀਆਂ ਚਲਾਉਣ ਵਾਲੇ ਹੁਸਨੀ ਮੁਬਾਰਕ ਨੂੰ ਲੋਕਾਂ ਦੇ ਰੋਹ ਅੱਗੇ ਨੱਕ ਵੀ ਰਗੜਨਾ ਪਿਆ, ਤੇ ਗੱਦੀ ਛੱਡ ਕੇ ਵਾਹੋ-ਦਾਹੀ ਦੌੜ ਲਾਉਣੀ ਪਈ, ਪਰ ਪੁਰਾਤੱਤਵ ਗਿਆਨ ਮਿਸਰ ਨੂੰ ਸਦੀਆਂ ਤੋਂ ਇਸ ਕਰ ਕੇ ਵੀ ਜਾਣਦਾ ਹੈ ਕਿ ਉਥੇ ਹਜ਼ਾਰਾਂ ਸਾਲਾਂ ਤੋਂ ਲਾਸ਼ਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਲੋਕ ਪੰਜ-ਸੱਤ ਸਾਲ ਬਾਅਦ ਆਪਣੇ ਦਫ਼ਨ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਕਬਰਾਂ ਵਿਚੋਂ ਕੱਢ ਕੇ ਇਨ੍ਹਾਂ ਨੂੰ ਨਹਾਉਂਦੇ ਹਨ, ਤੇ ਨਵੇਂ ਬਸਤਰ ਪਹਿਨਾ ਕੇ ਫਿਰ ਆਰਾਮ ਦੀ ਅਵਸਥਾ ਵਿਚ ਇਹ ਕਹਿ ਕੇ ਸ਼ਾਇਦ ਦਬਾ ਦਿੰਦੇ ਹੋਣ ਕਿ ਅੱਲਾਹ ਫਿਰ ਪ੍ਰਗਟ ਹੋਵੇਗਾ ਅਤੇ ਮੋਇਆਂ ਅੰਦਰ ਜਾਨ ਪਾਉਣ ਦਾ ਅਵਸਰ ਲੈ ਕੇ ਆਵੇਗਾ।
ਖ਼ੈਰ! ‘ਮਿਸਰ ਤੇ ਮੱਮੀਜ਼’ ਵਿਸ਼ੇ ‘ਤੇ ਕਾਫੀ ਵਿਸਥਾਰ ਵਿਚ ਇਤਿਹਾਸਕ ਵਾਰਤਾ ਕੀਤੀ ਜਾ ਸਕਦੀ ਹੈ ਪਰ ਇਜਿਪਟ (ਮਿਸਰ) ਨਾਂ ਕਈ ਰਾਜਨੀਤਕ ਗੱਲਾਂ ਕਰ ਕੇ ਵਿਸ਼ਵ ਦੇ ਨਕਸ਼ੇ ‘ਤੇ ਰਿਹਾ ਹੈ, ਤੇ ਮਿਸਰ ਜਾਣ ਦਾ ਮੈਨੂੰ ਇਕ ਵਾਰ ਹੀ ਮੌਕਾ ਮਿਲਿਆ ਹੈ। ਕਿਉਂ? ਇਸ ਬਾਰੇ ਤਾਂ ਕਿਤੇ ਵੱਖਰੇ ਤੌਰ ‘ਤੇ ਗੱਲ ਕਰਗਾਂ ਪਰ ਜੋ ਯਾਦ ਇਸ ਨਾਲ ਜੁੜੀ ਹੋਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ।
ਬੜੀ ਦੇਰ ਪਹਿਲਾਂ ਜਦੋਂ ਇਸ ਗੱਲ ਨੂੰ ਮੈਂ ਆਪਣੇ ਇਕ ਤਰਕਸ਼ੀਲ ਮਿੱਤਰ ਨਾਲ ਭੇਤ ਬਣਾ ਕੇ ਖੋਲ੍ਹਿਆ ਕਿ ਮੈਂ ਮਿਸਰ ਜਾ ਰਿਹਾ ਹਾਂ, ਤਾਂ ਰੱਬ ਦੀ ਕਰਾਮਾਤ ਵਾਲੀ ਤਹਿ ਲਾਹੁਣ ਵਾਲਾ ਉਹ ਸ਼ੇਅਰ:
ਫੇਰ ਪਤਾ ਲੱਗ ਜਾਂਦਾ
ਤੇਰੀਆਂ ਸ਼ੈਤਾਨੀਆਂ ਦਾ
ਮਰੇ ਹੋਏ ਬੰਦੇ
ਇਕ ਵਾਰ ਤਾਂ ਮਿਲਾਉਣੇ ਸੀæææ
ਤਾਂ ਮੇਰੇ ਚੇਤੇ ਵਿਚ ਰਹਿੰਦਾ ਹੈ, ਪਰ ਉਸ ਤਰਕਸ਼ੀਲ ਮਿੱਤਰ ਦੇ ਦੋ ਸੁਆਲ ਵੀ ਕੁੰਡੇ ਤੇ ਜਿੰਦਰੇ ਵਾਂਗ ਦਿਲ ਤੇ ਦਿਮਾਗ ਵਿਚ ਅੜੇ ਹੋਏ ਨੇ। ਪਹਿਲੀ ਗੱਲ ਉਹਦੀ ਇਹ ਸੀ ਕਿ ਤੈਨੂੰ ਪਤੈ ਕਿ ਉਥੇ ਲਾਸ਼ਾਂ ਬਹੁਤ ਸੰਭਾਲ ਕੇ ਰੱਖੀਆਂ ਹੋਈਆਂ ਹਨ; ਤੇ ਦੂਜਾ, ਜੇ ਨਿੱਡਰ ਤੇ ਤਰਕ ਸੋਚ ਹੈ ਤਾਂ ਫਿਰ ਫਰਹੂਨ ਦੇ ਮਕਬਰੇ ਵਿਚ ਲੱਤ ਮਾਰ ਕੇ ਆਵੀਂ; ਪਰ ਉਹਨੇ ਮਕਬਰੇ ਵਿਚ ਲੱਤ ਮਾਰਨ ਦਾ ਭੇਤ ਪੁੱਛਣ ‘ਤੇ ਵੀ ਨਾ ਦੱਸਿਆ।
ਆਪਣੀ ਪੰਜ ਦਿਨ ਦੀ ਯਾਤਰਾ ਵਿਚ ਪਹਿਲੇ ਤਿੰਨ ਦਿਨ ਤਾਂ ਆਪਣੇ ਮਿਥੇ ਮਿਸ਼ਨ ਵਿਚ ਲਗਾ ਲਏ। ਚੌਥੇ ਦਿਨ ਮਿੱਤਰ ਦੀ ਗੱਲ ਅਤੇ ਫਰਹੂਨ ਦਾ ਮਕਬਰਾ ਯਾਦ ਆ ਗਿਆ। ਜਿਹੜੇ ਮਿਸਰ ਗਏ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਥੋਂ ਦਾ ਪੁਰਾਤੱਤਵ ਵਿਭਾਗ ਆਪਣੀ ਵਿਰਾਸਤ ਕਿਵੇਂ ਦਸਤਾਵੇਜ਼ੀ ਰੂਪ ਵਿਚ ਸੰਭਾਲ ਕੇ ਰੱਖਦਾ ਹੈ।
ਨਿਆਣ-ਉਮਰ ਵਿਚ ਵੀ ਮੈਂ ਆਪਣੀ ਅਕਲ ਜਾਂ ਬੁੱਧੀ ਵਰਤਣ ਵਿਚ ਕਾਮਯਾਬ ਹੋ ਗਿਆ। ਪੁਰਾਤੱਤਵ ਵਿਭਾਗ ਦੇ ਇਕ ਦਫ਼ਤਰ ਵਿਚ ਜਦੋਂ ਮੈਂ ਫਰਹੂਨ ਦੇ ਮਕਬਰੇ ‘ਤੇ ਜਾਣ ਦੀ ਇੱਛਾ ਜ਼ਾਹਿਰ ਕੀਤੀ, ਤਾਂ ਦਫ਼ਤਰੀ ਬਾਬੂ ਦਾ ਪਹਿਲਾ ਸਵਾਲ ਸੀ, “ਤੂੰ ਮੁਸਲਮਾਨ ਏਂ?”
“ਨਹੀਂ।”
“ਫਿਰ ਤੂੰ ਕਿਉਂ ਜਾਣਾ ਚਾਹੁੰਨਾ ਏਂ?”
“ਮਨ ਦੀ ਇੱਛਾ ਹੈ।”
“ਤਾਂ ਫਿਰ ਆਹ ਫਿਲਮ ਧਿਆਨ ਨਾਲ ਵੇਖ।”
ਤੇ ਇਸ ਦਸਤਾਵੇਜ਼ੀ ਫਿਲਮ ਦਾ ਸਾਰ-ਅੰਸ਼ ਤੁਸੀਂ ਵੀ ਪੜ੍ਹੋਗੇ ਤਾਂ ਮੇਰੇ ਕੀਤੇ ਫੈਸਲੇ ‘ਤੇ ਸਹੀ ਜ਼ਰੂਰ ਪਾਉਗੇ। ਕਹਾਣੀ ਇਉਂ ਸੀ: ਸੈਂਕੜੇ ਵਰ੍ਹਿਆਂ ਤੋਂ ਮਿਸਰ ਸਬੰਧੀ ਅਜੀਬ ਕਿਸਮ ਦੀਆਂ ਕਹਾਣੀਆਂ ਪ੍ਰਸਿੱਧ ਹਨ। ਇਨ੍ਹਾਂ ਹੀ ਭੇਤ ਭਰੀਆਂ ਕਹਾਣੀਆਂ ਵਿਚ ਤੋਮਰ ਖਾਮਨ ਮਕਬਰੇ ਦੀ ਖੋਜ ਨੇ ਨਵੀਂ ਭੇਤ ਭਰੀ ਕਹਾਣੀ ਨੂੰ ਜਨਮ ਦਿਤਾ ਹੈ। ਕਿਹਾ ਜਾਂਦਾ ਹੈ ਕਿ ਸੈਂਕੜੇ ਵਿਅਕਤੀ ਫਰਹੂਨ ਦੇ ਕਹਿਰ ਦਾ ਸ਼ਿਕਾਰ ਹੋ ਚੁੱਕੇ ਹਨ। 1923 ਵਿਚ ਲਾਰਡ ਸੀਰਨਾਰੋਫ ਨੇ ਮਿਸਰ ਦੇ ਪ੍ਰਸਿੱਧ ਤੋਮਰ ਖਾਮਨ ਮਕਬਰੇ ਦੀ ਖੋਜ ਤੋਂ ਬਾਅਦ ਪਹਿਲੀ ਵਾਰ ਆਪਣੀ ਟੀਮ ਸਮੇਤ ਮਕਬਰੇ ਵਿਚ ਦਾਖਲ ਹੋਣ ਦੀ ਮੁਹਿੰਮ ਫਤਿਹ ਕੀਤੀ ਸੀ, ਤੇ ਤੁਰੰਤ ਬਾਅਦ ਸੀਰਨਾਰੋਫ ਕਿਸੇ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਕੇ ਚੱਲ ਵਸਿਆ। ਇਸ ਘਟਨਾ ਨੇ ਫਰਹੂਨ ਦੇ ਕਹਿਰ ਅਤੇ ਜਲਾਲ ਦੀਆਂ ਭੇਤ ਭਰੀਆਂ ਕਹਾਣੀਆਂ ਵਿਚ ਜਾਨ ਪਾ ਦਿੱਤੀ। ਲਾਰਡ ਸੀਰਨਾਰੋਫ ਨੇ ਜਦੋਂ ਮਕਬਰੇ ਦਾ ਦਰਵਾਜ਼ਾ ਤੋੜਿਆ ਅਤੇ ਟੀਮ ਸਮੇਤ ਅੰਦਰ ਗਿਆ ਤਾਂ ਸਭ ਤੋਂ ਪਹਿਲਾਂ ਉਸ ਦੀ ਨਜ਼ਰ ਉਸ ਭੇਤ ਭਰੀ ਲਿਖਤ ਉਤੇ ਪਈ ਜੋ ਮਕਬਰੇ ਦੀ ਦੀਵਾਰ ਉਤੇ ਉਕਰੀ ਹੋਈ ਸੀ- ‘ਮਕਬਰੇ ਅੰਦਰ ਦਾਖਲ ਹੋਣ ਦੀ ਸਜ਼ਾ ਮੌਤ ਹੈ।’ ਤੇ ਦੂਜੀ ਦੀਵਾਰ ਉਤੇ ਵੀ ਇਸੇ ਕਿਸਮ ਦੀ ਲਿਖਤ ਸੀ- ‘ਫਰਹੂਨ ਨੂੰ ਬੇਆਰਾਮ ਕਰਨ ਵਾਲਾ ਉਸ ਦੇ ਕਹਿਰ ਦਾ ਭਾਗੀ ਹੈ।’ ਸ਼ਾਇਦ ਇਸੇ ਮਾਨਸਿਕ ਝਟਕੇ ਕਾਰਨ ਲਾਰਡ ਕੁਝ ਚਿਰ ਬਾਅਦ ਚੱਲ ਵਸਿਆ।
ਇਸ ਤੋਂ ਬਾਅਦ ਇਕ ਕਰੋੜਪਤੀ ਅਮਰੀਕਨ ਨੇ ਇਸ ਮਕਬਰੇ ਵਿਚ ਦਿਲਚਸਪੀ ਲਈ, ਤੇ ਉਹ ਮਕਬਰੇ ਨੂੰ ਵੇਖਣ ਤੋਂ ਬਾਅਦ ਨਮੂਨੀਏ ਦਾ ਸ਼ਿਕਾਰ ਹੋ ਕੇ ਚੱਲ ਵਸਿਆ। ਸ਼ਹਿਜ਼ਾਦਾ ਅਲੀ ਰਹਮੀ ਨੇ ਫਰਹੂਨ ਦੇ ਪੁੱਤਰ ਦੇ ਮਕਬਰੇ ਦਾ ਦੌਰਾ ਕੀਤਾ ਤੇ 1924 ਵਿਚ ਲੰਡਨ ਵਿਚ ਆਪਣੀ ਬੀਵੀ ਹੱਥੋਂ ਮੌਤ ਦਾ ਸ਼ਿਕਾਰ ਹੋ ਗਿਆ। ਇਸੇ ਸਾਲ ਸਰਲੀ ਇਸਟਾਕ ਮਕਬਰਾ ਦੇਖਣ ਆਇਆ। ਮਕਬਰਾ ਦੇਖਣ ਦੀ ਰੀਝ ਤਾਂ ਪੂਰੀ ਕਰ ਲਈ, ਪਰ ਵਾਪਿਸ ਲੰਡਨ ਨਾ ਜਾ ਸਕਿਆ, ਤੇ ਕਿਸੇ ਅਗਿਆਤ ਆਦਮੀ ਨੇ ਕਾਹਿਰਾ ਵਿਚ ਹੀ ਉਸ ਨੂੰ ਗੋਲੀ ਮਾਰ ਦਿੱਤੀ।
ਕੁਝ ਅਰਸੇ ਬਾਅਦ ਮਿਸਰੀ ਪੁਰਾਤੱਤਵੇਤਾ ਪ੍ਰੋਫੈਸਰ ਬੀ ਸਈਦ ਅਤੇ ਅਮੀਰ ਅਮਰੀਕਨ ਔਰਤ ਨੇ ਮਕਬਰਾ ਵੇਖਿਆ ਜਿਸ ਤੋਂ ਪਿੱਛੋਂ ਦੋਹਾਂ ਨੇ ਇਹ ਕਹਿੰਦਿਆਂ ਆਤਮਾ ਹੱਤਿਆ ਕਰ ਲਈ ਕਿ ਉਨ੍ਹਾਂ ਉਤੇ ਫਰਹੂਨ ਦਾ ਕਹਿਰ ਢੱਠਾ ਹੈ ਤੇ ਉਹ ਮੌਤ ਦੇ ਹੱਕਦਾਰ ਹਨ।
ਇਸ ਮਕਬਰੇ ਦੀ ਖੋਜ ਕਰਨ ਵਾਲੀ ਟੀਮ ਵਿਚ ਵੀਹ ਮੈਂਬਰ ਸਨ ਜਿਨ੍ਹਾਂ ਵਿਚੋਂ ਬਾਰਾਂ ਆਦਮੀ ਤਾਂ ਇਕ ਸਾਲ ਦੇ ਅੰਦਰ ਹੀ ਪੂਰੇ ਹੋ ਗਏ, ਤੇ ਬਾਕੀ ਕਰੀਬ ਛੇ ਸਾਲ ਦੇ ਅਰਸੇ ਵਿਚ ਮੌਤ ਦੀਆਂ ਬੁਰਕੀਆਂ ਬਣ ਗਏ। ਇਨ੍ਹਾਂ ਘਟਨਾਵਾਂ ਤੋਂ ਕਰੀਬ ਪੰਜਾਹ ਸਾਲ ਬਾਅਦ 1972 ਵਿਚ ਲੰਡਨ ਮਿਊਜ਼ੀਅਮ ਅੰਦਰ ਇਕ ਨੁਮਾਇਸ਼ ਲਈ ਫਰਹੂਨ ਦੇ ਹੀਰੇ ਜਵਾਹਰਾਤ, ਰਾਇਲ ਏਅਰ ਫੋਰਸ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਕਾਹਿਰਾ ਤੋਂ ਲੰਡਨ ਲਿਆਂਦੇ ਗਏ। ਲੰਡਨ ਪੁੱਜਣ ਤੋਂ ਬਾਅਦ ਜਹਾਜ਼ ਦਾ ਪਾਇਲਟ ਅਜੀਬ ਹਾਲਤ ਵਿਚ ਮੌਤ ਦਾ ਸ਼ਿਕਾਰ ਹੋ ਗਿਆ, ਫਲਾਈਟ ਇੰਜੀਨੀਅਰ ਵੀ ਮੌਤ ਤੋਂ ਬਚ ਨਾ ਸਕਿਆ। ਜਹਾਜ਼ ਵਿਚ ਸਵਾਰ ਇਕੋ-ਇਕ ਔਰਤ ਨੂੰ ਪੇਟ ਦਾ ਗੁੰਝਲਦਾਰ ਅਪ੍ਰੇਸ਼ਨ ਕਰਵਾਉਣਾ ਪਿਆ। ਜਹਾਜ਼ ਦੇ ਨੇਵੀਗੇਟਰ ਦਾ ਮਕਾਨ ਵੀ ਅਚਾਨਕ ਡਿੱਗ ਪਿਆ। ਜਿਸ ਸੰਦੂਕ ਵਿਚ ਸਾਮਾਨ ਕਾਹਿਰਾ ਤੋਂ ਲੰਡਨ ਲਿਆਂਦਾ ਗਿਆ ਸੀ, ਉਸ ਨਾਲ ਪੈਰ ਦੀ ਥੋੜ੍ਹੀ ਜਿਹੀ ਟੱਕਰ ਹੋਣ ਨਾਲ ਇਕ ਅਫਸਰ ਦੀ ਮੌਤ ਹੋ ਗਈ। ਫਲਾਈਟ ਇੰਜੀਨੀਅਰ ਦੀ ਵਿਧਵਾ ਪਤਨੀ ਦਾ ਬਿਆਨ ਸੀ ਕਿ ਉਸ ਦੇ ਪਤੀ ਨੂੰ ਉਡਾਣ ਦੇ ਉਸੇ ਮਹੀਨੇ ਦਿਲ ਦੇ ਗੰਭੀਰ ਦੌਰੇ ਕਾਰਨ ਜਾਨ ਤੋਂ ਹੱਥ ਧੋਣੇ ਪਏ, ਜਦੋਂ ਕਿ ਪਹਿਲਾਂ ਉਸ ਨੂੰ ਕੋਈ ਅਜਿਹੀ ਬਿਮਾਰੀ ਨਹੀਂ ਸੀ।
ਇਸੇ ਦੇ ਉਲਟ ਹਾਲਾਂਕਿ ਕਾਹਿਰਾ ਮਿਊਜ਼ੀਅਮ ਦੇ ਨਿਰਦੇਸ਼ਕ ਜਨਰਲ ਜਮਾਲ ਨੂੰ ਮੁਸਕਰਾਉਂਦਿਆਂ ਹੋਇਆਂ ਤੇ ਇਹ ਕਹਿੰਦਿਆਂ ਦਿਖਾਇਆ ਗਿਆ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਤੇ ਭੇਤ ਭਰੀਆਂ ਮੌਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਹਰ ਚੇਤੰਨ ਮਨੁੱਖ ਦੇ ਦਿਮਾਗ ਵਿਚ ਇਹ ਸਵਾਲ ਉਠਦਾ ਹੈ ਕਿ ਤਿੰਨ ਹਜ਼ਾਰ ਸਾਲ ਪਹਿਲਾਂ ਦੱਬੀਆਂ ਲਾਸ਼ਾਂ ਕਿਸੇ ਤੋਂ ਕੀ ਬਦਲਾ ਲੈ ਸਕਦੀਆਂ ਹਨ? ਜੇ ਵਾਕਿਆ ਹੀ ਅਜਿਹਾ ਹੈ ਤਾਂ ਮੈਂ ਇਨ੍ਹਾਂ ਲਾਸ਼ਾਂ ਵਿਚ ਜਿਉਂਦੀ ਜਾਗਦੀ ਮਿਸਾਲ ਹਾਂ, ਖਤਰਾ ਮੈਨੂੰ ਵੀ ਹੋਣਾ ਚਾਹੀਦਾ ਸੀ। ਮੈਂ ਫਰਹੂਨੀ ਲਾਸ਼ਾਂ ਦਰਮਿਆਨ ਇਕ ਸਬੂਤ ਹਾਂ। ਕਿਸੇ ਲਾਸ਼ ਨੇ ਮੈਥੋਂ ਬਦਲਾ ਕਿਉਂ ਨਹੀਂ ਲਿਆ?
ਫਿਲਮ ਵੇਖ ਕੇ ਮਕਬਰੇ ਵਿਚ ਲੱਤ ਮਾਰਨ ਦੀ ਗੱਲ ਤਾਂ ਬਹੁਤ ਦੂਰ, ਮਕਬਰਾ ਬਾਹਰੋਂ ਦੇਖਣ ਦੀ ਰੀਝ ਵੀ ਮੈਂ ਤਿਆਗ ਦਿੱਤੀ ਸੀ। ਮਿਸਰ ਦੀਆਂ ਇਕ ਫੁੱਟ ਲੰਮੀ ਗਰਦਨ ਵਾਲੀਆਂ ਔਰਤਾਂ ਨੂੰ ਅੱਖਾਂ ਨਾਲ ਵੇਖਣ ਤੇ ਗਰਦਨ ਦੇ ਲੰਮੀ ਹੋਣ ਦਾ ਰਾਜ਼ ਤਾਂ ਜਾਣ ਆਇਆ ਸਾਂ, ਪਰ ਫਰਹੂਨ ਦੀਆਂ ਕਹਾਣੀਆਂ ਨੇ ਮੁੜ ਕੇ ਮਿਸਰ ਤੇ ਕਾਹਿਰਾ ਜਾਣ ਦਾ ਹੌਸਲਾ ਤਰਕ ਸੋਚ ਹੋਣ ਦੇ ਬਾਵਜੂਦ ਨਹੀਂ ਪਿਆ ਸੀ ਕਿ ਮਕਬਰੇ ਵਿਚ ਲੱਤ ਮਾਰਨ ਦੀ ਸਲਾਹ ਦੇਣ ਵਾਲਾ ਸਾਡਾ ਤਰਕਸ਼ੀਲ ਮਿੱਤਰ ਵੀ ਦੋ ਕੁ ਮਹੀਨੇ ਬਾਅਦ ਦੁਰਘਟਨਾ ਵਿਚ ਮੌਤ ਦੇ ਗਲੇ ਜਾ ਲੱਗਾ ਸੀ।
ਲਗਦਾ ਨਹੀਂ, ਬੰਦਾ ਕਈ ਵਾਰ ਵਹਿਮੀ ਹੁੰਦਾ ਨਹੀਂ, ਕਰ ਦਿੱਤਾ ਜਾਂਦਾ ਹੈ; ਜਾਂ ਜਿਹੜੇ ਮੱਖੀ ਨੂੰ ਨੱਕ ‘ਤੇ ਨਹੀਂ ਬਹਿਣ ਦਿੰਦੇ, ਮੱਖੀਆਂ ਉਨ੍ਹਾਂ ਦੇ ਮੂੰਹ ਤੇ ਅੱਖਾਂ ‘ਤੇ ਭਿਣਕਣ ਲੱਗ ਪੈਂਦੀਆਂ ਹਨ।
___________________________
ਗੱਲ ਬਣੀ ਕਿ ਨਹੀਂ
ਯੁੱਗ ਬਦਲ ਗਏ ਨਹੀਂ ਬਦਲਿਆ ਕਾਂ ਦਾ ਕਦੇ ਸੁਭਾਅ।
ਗੰਦ ਫਰੋਲ ਕੇ ਗੰਦ ਖਾਣ ਦੇ ਕਰਦਾ ਪੂਰੇ ਚਾਅ।
ਪਰ ਹੁਣ ਕਾਟੋ ਫੁੱਲਾਂ ਉਤੇ ਨਹੀਂ ਖੇਡਦੀ ਮਿੱਤਰੋ,
ਚੱਕੀਰਾਹੇ ਦੁਨੀਆਂ ਉਤੇ ਨਿੱਤ ਜਾਂਦੇ ਨੇ ਛਾਅ।
ਕਿਸ ਯਾਰੀ ਤੇ ਯਾਰਾਂ ਦੀ ਗੱਲ ਕਰੀਏ ਠੋਕ-ਵਜਾ ਕੇ,
ਕੁੱਤੇ ਵਾਗੂੰ ਕੰਧ ‘ਤੇ ਬਹਿ ਕੇ ਲਾਂਬੂੰ ਰਹੇ ਜੋ ਲਾ।
ਚਿੱਟੇ, ਨੀਲੇ, ਭਗਵੇਂ ਸਾਰੇ ਰੋਜ਼ ਦਾਗੀ ਹੋ ਜਾਂਦੇ,
ਨਕਲੀ ਜੁੜਦੇ ਹੱਥਾਂ ਦਾ ਕੋਈ ਕਿੱਦਾਂ ਕਰੇ ਵਿਸਾਹ।
ਪਸ਼ੂਆਂ ਵਾਂਗਰ ਪਾੜ੍ਹਿਆਂ ਤਾਈਂ ਅਨਪੜ੍ਹ ਹੱਕੀ ਜਾਂਦੇ,
ਬੰਦਿਆਂ ਨੂੰ ਹੁਣ ਬਾਂਦਰ ਰਹੇ ਨੇ ਬੁਰਕੀਆਂ ਨਾ’ ਭਰਮਾ।
ਹੱਥੀਂ ਬਾਗ ਉਜਾੜਨ ਦਾ ਕੰਮ ਨਿੱਤ ਹੀ ਕਰਦਾ ਮਾਲੀ,
ਤੇ ਗਾਲੜ ਪਟਵਾਰੀ ਬਣ ਕੇ ਕਰਦੇ ਨੇ ਵਾਹ-ਵਾਹ।
ਬੱਕਰੇ ਦੀ ਮਾਂ ਬੜੇ ਚਿਰਾਂ ਤੋਂ ਨਹੀਂ ਸੀ ਸੁੱਖ ਮਨਾਉਂਦੀ,
ਵੈਲੀ ਪੁੱਤ ਨੂੰ ਵੇਖ ਕੇ ਮਾਂ ਹੁਣ ਲੈਂਦੀ ਔਖੇ ਸਾਹ।
ਬੜਾ ਸਿਆਣਾ ਬਣਿਆ ਫਿਰਦਾ ਲੀੜੇ ਪਾ ਕੇ ‘ਭੌਰੇ’,
ਬੰਦਾ ਕੂੜ ਖਿਲਾਰਨ ਦਾ ਨਿੱਤ ਪਾਈ ਜਾਂਦਾ ਗਾਹ।
– ਐਸ਼ ਅਸ਼ੋਕ ਭੌਰਾ
Leave a Reply