-ਪਿੰ੍ਰæ ਸਰਵਣ ਸਿੰਘ
ਭੌਰਾ ਭੌਰਾ ਹੀ ਹੈ। ਜੰਗਲ ਬੇਲਿਆਂ ਤੇ ਫੁੱਲਾਂ ਕਲੀਆਂ ‘ਤੇ ਮੰਡਰਾਉਣ ਵਾਲਾ ਭੌਰਾ। ਰੰਗ ਮਾਣਨ, ਮਹਿਕ ਸੁੰਘਣ, ਰਸ ਲੈਣ ਤੇ ਲੇਖਕ ਬਣ ਕੇ ਪਾਠਕਾਂ ਨੂੰ ਰਸ ਪਾਨ ਕਰਾਉਣ ਵਾਲਾ ਰਸੀਆ। ਉਹਦੀ ਲਿਖਣ ਸ਼ੈਲੀ ਨਿਆਰੀ ਤੇ ਨਖ਼ਰੀਲੀ ਹੈ। ਵਰਿਆਮ ਸੰਧੂ ਦੇ ਸ਼ਬਦਾਂ ਵਿਚ ਭੌਰਵੀ ਅੰਦਾਜ਼ ਵਾਲੀ। ਉਹਦੀ ਲਿਖਤ ਉਤੇ ਭੌਰੇ ਦਾ ਨਾਮ ਨਾ ਵੀ ਲਿਖਿਆ ਹੋਵੇ ਤਦ ਵੀ ਪੰਜ ਸੱਤ ਸਤਰਾਂ ਪੜ੍ਹ ਕੇ ਪਤਾ ਲੱਗ ਜਾਂਦੈ ਕਿ ਇਹ ਅਸ਼ੋਕ ਭੌਰੇ ਦੀ ਹੈ। ਇਹ ਉਸ ਦੀ ਵੱਖਰੀ ‘ਪਛਾਣ’ ਹੈ ਜੋ ਉਸ ਨੇ ਲਗਾਤਾਰ ਸੈਂਤੀ ਸਾਲ ਲਿਖਦਿਆਂ ਬਣਾਈ ਹੈ। ਉਸ ਨੇ ਕਈ ਕਾਲਮ, ਸੈਂਕੜੇ ਆਰਟੀਕਲ, ਹਜ਼ਾਰਾਂ ਪੰਨੇ ਤੇ ਲੱਖਾਂ ਲਫ਼ਜ਼ ਲਿਖੇ ਹਨ। ਦਰਜਨ ਦੇ ਕਰੀਬ ਕਿਤਾਬਾਂ ਛਪਵਾਈਆਂ ਤੇ ਉਹ ਵੀ ਵੰਨ-ਸੁਵੰਨੀਆਂ। ਸ਼ੌਂਕ ਸ਼ੌਂਕ ਵਿਚ ਗਾਉਣ ਮੇਲੇ ਲਾਏ, ਮੀਡੀਆਕਾਰੀ ਕੀਤੀ, ਟੀæਵੀæ ਪ੍ਰੋਗਰਾਮ ਚਲਾਏ ਤੇ ਰੇਡੀਓਕਾਰੀ ਹੁਣ ਵੀ ਕਰੀ ਜਾ ਰਿਹੈ। ਰੋਟੀਆਂ ਉਸ ਨੇ ਸਾਇੰਸ ਮਾਸਟਰ ਬਣਨ ਦੀਆਂ ਖਾਧੀਆਂ ਪਰ ਸ਼ੌਂਕ ਪਾਲਿਆ ਗਾਉਣ ਵਜਾਉਣ ਵਾਲਿਆਂ ਬਾਰੇ ਲਿਖਣ ਦਾ। ਸਲਾਮ ਹੈ ਉਹਦੀ ਲਗਨ ਨੂੰ ਤੇ ਸ਼ਾਬਾਸ਼ੇ ਉਹਦੇ ਸਿਰੜ ਦੇ। ਕੋਈ ਲਿਖਣ ਦੀ ਸਾਧਨਾ ਕਰੇ ਤਾਂ ਭੌਰੇ ਵਰਗੀ ਕਰੇ। ਭੌਰਾ ਸਾਡੀ ਪੰਜਾਬੀ ਕਲਮਕਾਰੀ ਦਾ ਮਾਣ ਹੈ। ਉਹ ਸਾਡੇ ਪਿੱਛੋਂ ਤੁਰ ਕੇ ਅੱਗੇ ਲੰਘ ਗਿਆ ਹੈ।
ਵੇਖਣ ਨੂੰ ਉਹ ਕੋਈ ਖ਼ਾਸ ਖਿੱਚ ਵਾਲਾ ਸ਼ਖ਼ਸ ਨਹੀਂ ਲੱਗਦਾ। ਬੱਸ ਅਮਲੀ ਜਿਹਾ ਹੀ ਲੱਗਦੈ। ਮੇਰੇ ‘ਪਿੰਡ ਦੀ ਸੱਥ’ ਵਿਚਲੇ ਜਾਗਰ ਅਮਲੀ ਵਰਗਾ। ਜਾਗਰ ਅਮਲੀ ਹੁਣ ਵੀ ਭੌਰੇ ਦੀਆਂ ਲਿਖਤਾਂ ‘ਚ ਹਾਜ਼ਰੀ ਲੁਆ ਜਾਂਦੈ। ਉਹਦਾ ਸਰੀਰਕ ਵਜ਼ਨ ਮਸਾਂ ਡੇਢ ਮਣ ਹੋਵੇਗਾ। ਕੱਦ ਵੀ ਭਗਵੰਤ ਮਾਨ ਜਿੰਨਾ ਹੀ ਹੈ। ਰੰਗ ਰੂਪ ਵੀ ਸੂਤ ਈ ਐ। ਨੈਣ ਨਕਸ਼ ਜ਼ਰੂਰ ਤਿੱਖੇ ਹਨ। ਕਦੇ ਦਾੜ੍ਹੀ ਰੱਖ ਲੈਂਦਾ ਕਦੇ ਮੁਨਾ ਦਿੰਦੈ। ਆਵਾਜ਼ ਵੀ ਠੀਕ ਹੀ ਹੈ। ਧੌਣ ਵੀ ਟੇਢੀ ਜਿਹੀ ਰੱਖਦੈ ਜਿਵੇਂ ਕਿਤੇ ਡਿੱਗ ਕੇ ਮੁਚੀ ਹੋਵੇ। ਮੱਥੇ ਉਪਰਲੇ ਵਾਲ ਵੀ ਉਪਰ ਨੂੰ ਜਾ ਰਹੇ ਨੇ ਤੇ ਗੰਜ ਵੀ ਪੈਣਾ ਸ਼ੁਰੂ ਹੋ ਗਿਐ। ਪਰ ਪਤੰਦਰ ਧਰਤੀ ਤੋਂ ਜਿੰਨਾ ਉਪਰ ਹੈ, ਧਰਤੀ ‘ਚ ਉਸ ਤੋਂ ਕਿਤੇ ਵੱਧ ਹੈ। ਜਿਧਰ ਜਾਂਦੈ ਪੈੜਾਂ ਕਰੀ ਜਾਂਦੈ। ਪੁਸਤਕ ‘ਮੇਰੇ ਸਮਿਆਂ ਦੀ ਪੰਜਾਬੀ ਗਾਇਕੀ’ ਪੰਜਾਬੀ ਗੀਤਕਾਰੀ, ਗਾਇਕੀ ਤੇ ਗਾਇਕਾਂ ਦੇ ਵਰਤ ਵਰਤਾਵੇ ਦੀ ਇਤਿਹਾਸਕ ਪੈੜ ਹੀ ਤਾਂ ਹੈ। ਇਹ ਉਸ ਨੇ ਗਾਇਕੀ ਦੇ ਮੋਹ ਤੇ ਦਿਲ ਦੇ ਲਹੂ ਨਾਲ ਲਿਖੀ ਹੈ। ਦਿਲਚਸਪ ਹੈ, ਪੜ੍ਹਨਯੋਗ ਹੈ ਤੇ ਪੜ੍ਹਨੀ ਵੀ ਚਾਹੀਦੀ ਹੈ। ਇਕ ਵਾਰ ਸ਼ੁਰੂ ਕਰ ਲਓ ਮੁੱਕ ਆਪੇ ਜਾਵੇਗੀ। ਏਨੀ ਖਿੱਚ ਹੈ ਭੌਰੇ ਦੀ ਸ਼ੈਲੀ ਵਿਚ!
2012 ‘ਚ ਉਹ ਸਖ਼ਤ ਬਿਮਾਰ ਹੋ ਗਿਆ ਸੀ। ਏਨਾ ਬਿਮਾਰ ਕਿ ਮਰਨੋਂ ਮਸਾਂ ਬਚਿਆ। ਫੇਫੜਿਆਂ ‘ਚ ਪਾਣੀ ਭਰ ਗਿਆ ਸੀ ਜਿਸ ਨਾਲ ਸਾਹ ਰੁਕਣ ਲੱਗ ਪਿਆ ਸੀ। ਉਦੋਂ ਉਹਦਾ ਕਾਲਮ ਵੀ ਕੁਝ ਸਮੇਂ ਲਈ ਰੁਕ ਗਿਆ ਸੀ। ਪਾਠਕ ਹਰਾਸੇ ਗਏ ਸਨ। ਏਨਾ ਸ਼ੁਕਰ ਸੀ ਕਿ ਸੀਗਾ ਅਮਰੀਕਾ ਵਿਚ। ਫਰਿਜ਼ਨੋ ਦੇ ਸੇਂਟ ਐਗਨਸ ਹਸਪਤਾਲ ਨੇ ਆਖ਼ਰੀ ਘੜੀਆਂ ਗਿਣਦੇ ਨੂੰ ਬਚਾ ਲਿਆ। ਉਂਜ ਅਮਰੀਕਾ ਦਾ ਇਲਾਜ ਮਾੜੇ ਧੀੜਿਆਂ ਦੀਆਂ ਜੁੱਲੀਆਂ ਵਿਕਾ ਦਿੰਦੈ ਪਰ ਉਹਦੀ ਲਿਖਤ ਦਾ ਜਾਦੂ ਸੀ ਕਿ ਉਹਦਾ ਮੁਫ਼ਤ ਵਿਚ ਇਲਾਜ ਹੋ ਗਿਆ। ਉਹਦਾ ਇਲਾਜ ਕਰਨ ਵਾਲਾ ਡਾਕਟਰ ਆਪ ਤਾਂ ਉਹਦਾ ਪਾਠਕ ਨਹੀਂ ਸੀ ਪਰ ਉਸ ਦਾ ਬਿਰਧ ਬਾਪੂ ਭੌਰੇ ਦਾ ਪਾਠਕ ਸੀ। ਡਾਕਟਰ ਵੈਸੇ ਹੀ ਘਰੇ ਗੱਲ ਕਰ ਬੈਠਾ ਸੀ। ਜਦੋਂ ਪਿਉ ਨੂੰ ਪਤਾ ਲੱਗਾ ਕਿ ਉਹਦੇ ਪੁੱਤਰ ਦਾ ਮਰੀਜ਼ ਅਸ਼ੋਕ ਉਹੀ ਐਸ਼ ਅਸ਼ੋਕ ਭੌਰਾ ਹੈ ਜੀਹਦਾ ਕਾਲਮ ਉਹ ਹਰ ਹਫ਼ਤੇ ‘ਪੰਜਾਬ ਟਾਈਮਜ਼’ ਵਿਚ ਪੜ੍ਹਦਾ ਹੈ ਤਾਂ ਹਸਪਤਾਲ ਦਾ ਡੇਢ ਲੱਖ ਡਾਲਰ ਦਾ ਬਿੱਲ ਤਾਰਨ ਲਈ ਕੋਈ ਹੋਰ ਰਾਹ ਕੱਢਿਆ ਗਿਆ ਯਾਨਿ ਪੰਜਾਬੀ ਜੁਗਾੜ ਕੀਤਾ ਗਿਆ। ਭੌਰੇ ਨੂੰ ਫਾਰਮਾਂ ਉਤੇ ਦਸਖ਼ਤ ਹੀ ਕਰਨੇ ਪਏ ਸਨ। ਜਿਹੋ ਜਿਹੀਆਂ ਹੈਰਾਨਕੁਨ ਕਹਾਣੀਆਂ ਉਹ ਹੋਰਨਾਂ ਦੀਆਂ ਲਿਖਦਾ ਸੀ ਉਹੋ ਜਿਹੀ ਉਹਦੇ ਨਾਲ ਵਾਪਰ ਗਈ। ਉਹਦੇ ਖ਼ਾਬ ਖਿਆਲ ‘ਚ ਵੀ ਨਹੀਂ ਸੀ ਕਿ ਕੋਈ ਮਸੀਹਾ ਛੱਤ ਪਾੜ ਕੇ ਬਹੁੜੇਗਾ।
ਹਸਪਤਾਲੋਂ ਰੁਖ਼ਸਤ ਹੋ ਕੇ ਉਹ ਆਪਣੇ ਦਿਆਲੂ ਪਾਠਕ ਦਾ ਧੰਨਵਾਦ ਕਰਨ ਗਿਆ। ਬਜ਼ੁਰਗ ਨਿਰੰਜਣ ਸਿੰਘ ਨੇ ਉਹਨੂੰ ਸੀਨੇ ਨਾਲ ਲਾਇਆ ਤੇ ਆਪਣੀ ਵੀ ਉਮਰ ਉਹਨੂੰ ਲੱਗ ਜਾਣ ਦੀ ਅਸ਼ੀਰਵਾਦ ਦਿੱਤੀ। ਜੀਂਦਾ ਰਹਿ ਪੁੱਤਰਾ! ਜੁਆਨੀਆਂ ਮਾਣ! ਫਿਰ ਨਾ ਸਿਰਫ ਉਹਦੀ ਲੇਖਕ ਵਜੋਂ ਪ੍ਰਸ਼ੰਸਾ ਕੀਤੀ ਸਗੋਂ ਝੱਗੇ ਚੁੰਨੀ ਨਾਲ ਪੰਜ ਸੌ ਡਾਲਰ ਦਾ ਪਿਆਰ ਦੇ ਕੇ ਤੋਰਿਆ। ਕੌਣ ਕਹਿੰਦੈ ਪੰਜਾਬੀ ਵਿਚ ਲਿਖਣ ਵਾਲਿਆਂ ਦੀ ਕਦਰ ਨਹੀਂ!
ਜਿਵੇਂ ਉਹਦੀ ਪੱਤਰਕਾਰੀ/ਸਾਹਿਤਕਾਰੀ ਨਿਆਰੀ ਹੈ ਉਵੇਂ ਉਹਦਾ ਨਾਂ ਵੀ ਨਿਆਰਾ ਹੈ। ਅਸ਼ੋਕ ਕੁਮਾਰ ਤਾਂ ਕਈਆਂ ਦਾ ਨਾਂ ਹੋਵੇਗਾ ਪਰ ਐਸ਼ ਅਸ਼ੋਕ ਭੌਰਾ ਨਿਰਾ ਗੋਰਖਧੰਦਾ ਹੈ। ਪੁੱਛਿਆ ਤਾਂ ਕਹਿਣ ਲੱਗਾ, “ਮਾਪਿਆਂ ਨੇ ਮੇਰਾ ਨਾਂ ਸਰਬਜੀਤ ਰੱਖਿਆ ਸੀ। ਸਕੂਲ ਦਾਖਲ ਹੋਣ ਵੇਲੇ ਅਸ਼ੋਕ ਕੁਮਾਰ ਲਿਖਿਆ ਗਿਆ। ਬੋਰਡ ਦਾ ਇਮਤਿਹਾਨ ਦੇਣ ਵੇਲੇ ਫਾਰਮ ਉਤੇ ਅਸ਼ੋਕ ਭੌਰਾ ਭਰ ਦਿੱਤਾ। ਪਾਸਪੋਰਟ ਉਤੇ ਵੀ ਇਹੋ ਨਾਂ ਚੜ੍ਹਿਆ। ਇਹਦੇ ਮੂਹਰੇ ਐਸ਼ ਮੈਂ ਲੇਖਕ ਬਣਨ ਵੇਲੇ ਲਾਇਆ।” ਉਦੋਂ ਉਹਦੀ ਉਮਰ ਸਿਰਫ ਚੌਦਾਂ ਸਾਲ ਦੀ ਸੀ। ਭੌਰਾ ਤਾਂ ਖ਼ੈਰ ਉਹਦੇ ਪਿੰਡ ਦਾ ਨਾਂ ਹੈ ਜੋ ਬੰਗੇ ਕੋਲ ਨੌਰੇ ਨਾਲ ਹੈ। ਐਸ਼ ਲਾਉਣ ਦਾ ਕਾਰਨ ਪੁੱਛਿਆ ਤਾਂ ਕਹਿੰਦਾ, “ਕਾਰਨ ਤਾਂ ਕੋਈ ਹੈਨੀ। ਬੱਸ ਸਾਰਾ ਕੁਛ ਗੰਧਲਾ ਜਿਹਾ ਹੀ ਹੈ। ਇਸ ਭੇਤ ਨੂੰ ਭੇਤ ਈ ਬਣੇ ਰਹਿਣ ਦਿਓ।” ਇਸ ਨੂੰ ਗੋਰਖਧੰਦਾ ਨਾ ਕਹੀਏ ਤਾਂ ਹੋਰ ਕੀ ਕਹੀਏ?
2011 ਵਿਚ ਉਹਦੀ 520 ਪੰਨਿਆਂ ਦੀ ਵੱਡਅਕਾਰੀ ਕਿਤਾਬ ਛਪੀ ਸੀ Ḕਗੱਲੀਂ-ਬਾਤੀਂ।Ḕ ਕਿਤਾਬ ਕਾਹਦੀ ਗੱਲਾਂ-ਬਾਤਾਂ ਦਾ ਮਾਡਰਨ ਗ੍ਰੰਥ ਸੀ। ਮੈਂ ਕਾਫੀ ਦੇਰ ਉਹਨੂੰ ਸਿਰਹਾਣੇ ਰੱਖੀ ਰੱਖਿਆ ਤੇ ਜਦੋਂ ਜਾਗ ਆਉਂਦੀ ਉਹਦੇ ‘ਚੋਂ ਵਾਕ ਲੈ ਲੈਂਦਾ। ਮੈਨੂੰ ਕੁਝ ਨਾ ਕੁਝ ਨਵਾਂ ਸੁੱਝ ਜਾਂਦਾ ਜੋ ਮੇਰੇ ਲਿਖਣ ਦੇ ਕੰਮ ਆਉਂਦਾ। ਉਹਦੇ ‘ਚ ਲੋਹੜੇ ਦਾ ਮਸਾਲਾ ਭਰਿਆ ਹੋਇਆ ਸੀ। ਵਿਚੇ ਨਿਬੰਧ, ਵਿਚੇ ਕਥਾ ਵਾਰਤਾ, ਰੇਖਾ ਚਿੱਤਰ, ਸਫਰਨਾਮਾ, ਜੀਵਨੀ ਤੇ ਸਵੈਜੀਵਨੀ ਦੇ ਅੰਸ਼, ਇਤਿਹਾਸ ਮਿਥਿਹਾਸ, ਕਵਿਤਾ, ਗੀਤਕਾਰੀ ਤੇ ਵਿਚੇ ਜਾਸੂਸੀ ਨਾਵਲਾਂ ਵਾਲੇ ਕਾਰੇ। ਵਿਚੇ ਅਟੱਲ ਕਥਨ। ਸਮਝੋ ਕੁੱਜੇ ਵਿਚ ਸਮੁੰਦਰ ਬੰਦ ਸੀ। ਵਿਚੇ ਹਾਸ ਵਿਅੰਗ ਸੀ:
-ਅਵਾਰਾ ਕੁੱਤਿਆਂ ਦਾ ਸੁਭਾਅ ਭੇਡਾਂ ਵਰਗਾ ਹੀ ਹੁੰਦਾ ਹੈ। ਜਿਧਰ ਨੂੰ ਇਕ ਤੁਰਦਾ ਹੈ, ਸਾਰੇ ਉਸੇ ਮਗਰ ਹੋ ਤੁਰਦੇ ਹਨ। ਇਸ ਸੰਦਰਭ ਵਿਚ ਮਜ਼ਾਕੀਆ ਲਹਿਜੇ ‘ਚ ਕਿਹਾ ਜਾਂਦੈ: ਇਕ ਕੁੱਤਾ ਤੁਰਿਆ ਜਾ ਰਿਹਾ ਸੀ, ਰਾਹ ‘ਚ ਇਕ ਹੋਰ ਕੁੱਤਾ ਟੱਕਰ ਗਿਆ। ਕਹਿਣ ਲੱਗਾ, ਕਿਧਰ ਮਹਾਰਾਜ? ਪੁੱਛ ਨਾ, ਆ ਜਾ ਮਗਰੇ। ਰਸਤੇ ਵਿਚ ਦੋ ਹੋਰ, ਚਾਰ ਹੋਰ ਕੁੱਤੇ ਰਲਦੇ ਗਏ ਤੇ ਲੰਮੀ ਲਾਈਨ ਬਣ ਗਈ। ਸਭ ਤੋਂ ਮਗਰ ਰਲਣ ਵਾਲਾ ਕੁੱਤਾ ਕੁਝ ਸਿਆਣਾ ਸੀ। ਉਹਨੇ ਆਪਣੇ ਤੋਂ ਮੂਹਰਲੇ ਨੂੰ ਪੁੱਛਿਆ, ‘ਭਰਾਵਾ ਚੱਲੇ ਕਿਥੇ ਓਂ?’ ‘ਪਤਾ ਮੈਨੂੰ ਵੀ ਨਹੀਂ, ਅਗਲੇ ਨੂੰ ਪੁੱਛਦਾਂ।’ ਗੱਲ ਸਭ ਤੋਂ ਮੂਹਰਲੇ ਕੁੱਤੇ ਤਕ ਪੁੱਜ ਗਈ, ‘ਭਰਾਵਾ ਚੱਲਿਆ ਕਿਥੇ ਐਂ? ਪਿੱਛੇ ਤਾਂ ਵੇਖ ਤੇਰੇ ਮਗਰ ਕਿੱਡੀ ਲਾਈਨ ਲੱਗੀ ਹੋਈ ਐ!’
ਆਗੂ ਦਾ ਜਵਾਬ ਸੁਣੋ, “ਜਾਣਾ ਕਿਤੇ ਨਾਨਕਿਆਂ ਨੂੰ ਏਂ। ਔਹ ਬਿਜਲੀ ਵਾਲਾ ਖੰਭਾ ਖਿੱਚੀ ਜਾਂਦੇ ਨੇ, ਜਿਥੇ ਗੱਡਣਗੇ ਆਪਾਂ ਪਿਸ਼ਾਬ ਕਰ ਕੇ ਆਉਣਾ!”
ਕੁੱਤੇ ਤਾਂ ਕੁੱਤੇ ਹੀ ਸਨ। ਉਹ ਭੇਡ ਚਾਲ ਵਜੋਂ ਬੰਦਿਆਂ ਦੇ ਬਦੇਸ਼ ਤੁਰੇ ਜਾਣ ਦੀ ਗੱਲ ਕਰਦਾ ਤਾਂ ਬੰਦਿਆਂ ਨੇ ਕੁੱਤਿਆਂ ਵਾਂਗ ਉਹਦੇ ਮਗਰ ਪੈ ਜਾਣਾ ਸੀ!
ਹੱਸਦਾ ਹਸਾਉਂਦਾ ਉਹ ਫਿਲਾਸਫੀ ਵੀ ਘੋਟੀ ਜਾਂਦਾ ਸੀ:
-ਸਾਰੀ ਰਾਤ ਜਾਗ ਕੇ, ਚੌਕੀਦਾਰੀ ਕਰ ਕੇ ਦਿਨ ਚੜ੍ਹਦੇ ਨੂੰ ਜਦੋਂ ਕੁੱਤਾ ਘੂਕ ਸੌਂਦਾ ਹੈ ਤਾਂ ਉਹ ਬੇਫਿਕਰ ਹੁੰਦਾ ਹੈ ਕਿ ਉਸ ਨੇ ਆਪਣਾ ਕੰਮ ਵਫਾਦਾਰੀ ਨਾਲ ਮੁਕਾਇਆ ਹੈ।
ਇਸ ਵਾਕ ਨੇ ਮੈਨੂੰ ‘ਬਾਜ਼ੀ ਲੈ ਗਏ ਕੁੱਤੇ’ ਵਾਲਾ ਪੂਰਾ ਲੇਖ ਪੜ੍ਹਨ ਲਈ ਬਹਾਲ ਲਿਆ ਸੀ। ਮੇਰੇ ਅੱਗੇ ਕੁੱਤਿਆਂ ਦੀ ਦੁਨੀਆਂ ਸਾਕਾਰ ਹੋ ਗਈ ਸੀ। ਨੋਬਲ ਪ੍ਰਾਈਜ਼ ਸ਼ੁਰੂ ਕਰਨ ਵਾਲੇ ਐਲਫਰੇਡ ਨੋਬੈਲ ਦੀ ਗੱਲ ਕਰ ਕੇ ਉਸ ਨੇ ਰਿੱਛਾਂ ਵਰਗੇ ਕੁੱਤਿਆਂ ਤੋਂ ਲੈ ਕੇ ਚੂਹੇ ਜਿੱਡੇ ਕੁੱਤਿਆਂ ਦੀ ਕਥਾ ਸ਼ੁਰੂ ਕਰ ਦਿੱਤੀ ਸੀ ਜੋ ਹੱਥ ਦੀ ਤਲੀ ‘ਤੇ ਟਿਕਾਏ ਜਾ ਸਕਦੇ ਸਨ। ਕੁੱਤਿਆਂ ਨਾਲ ਜੁੜੇ ਮੁਹਾਵਰੇ: ਸਾਲਾ ਕੁੱਤੇ ਵਾਂਗ ਭੌਂਕਦੈ, ਕੁੱਤੇ ਦਾ ਵੱਢਿਆ ਹੋਇਐ, ਬੰਦਾ ਬੜਾ ਕੁੱਤਾ, ਕੁੱਤੇ ਵਾਂਗ ਪੂਛ ਚੁੱਕੀ ਫਿਰਦਾ, ਕੁੱਤੇ ਦਾ ਪੁੱਤ, ਕੁੱਤੇ ਵਾਂਗ ਜੀਭ ਲਮਕਦੀæææ ਗਿਣਾ ਕੇ ਬੂਟਾ ਸਿੰਘ ਸ਼ਾਦ ਦੇ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਉਤੇ ਪਹੁੰਚ ਗਿਆ ਸੀ। ਕੁੱਤਿਆਂ ਦੀ ਵਫਾਦਾਰੀ, ਕੁੱਤਿਆਂ ਦੀਆਂ ਕਿਸਮਾਂ, ਭੌਂਕਣ ਦੀ ਕਲਾ, ਖਾਧ ਖੁਰਾਕ, ਪਾਲਣ-ਪੋਸਣ, ਸਹਿਣਸ਼ੀਲਤਾ ਤੇ ਵੱਢ ਖਾਣ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਦੀ ਸੁੰਘਣ ਸ਼ਕਤੀ ਉਸ ਨੇ ਇੰਜ ਬਿਆਨ ਕੀਤੀ ਸੀ:
-ਕੁੱਤੇ ਨੂੰ ਅੱਖ ਨਾਲੋਂ ਨੱਕ ਉਤੇ ਵਧੇਰੇ ਵਿਸ਼ਵਾਸ ਹੈ ਕਿਉਂਕਿ ਉਹਦੇ ਕੋਲ ਸੁੰਘਣ ਦੀ ਸ਼ਕਤੀ ਵਧੇਰੇ ਹੁੰਦੀ ਹੈ। ਤੁਸੀਂ ਕੁੱਤੇ ਦੇ ਸਾਹਮਣੇ ਸ਼ੀਸ਼ਾ ਰੱਖੋ ਤਾਂ ਉਹ ਆਪਣੀ ਸ਼ਕਲ ਵੇਖ ਕੇ ਭੌਂਕੇਗਾ ਨਹੀਂ। ਉਹਨੂੰ ਅੱਖਾਂ ਇਹ ਦੱਸਦੀਆਂ ਹਨ ਕਿ ਸਾਹਮਣੇ ਕੋਈ ਕੁੱਤਾ ਹੈ ਪਰ ਨੱਕ ਦੱਸੇਗਾ ਕਿ ਇਹ ਕੋਈ ਧੋਖਾ ਹੈ। ਤੁਸੀਂ ਆਪਣਾ ਚਿਹਰਾ ਬਦਲ ਕੇ ਆਪਣੇ ਕੁੱਤੇ ਕੋਲ ਜਾਓ, ਉਹ ਆਪਣੀ ਸੁੰਘਣ ਸ਼ਕਤੀ ਨਾਲ ਝੱਟ ਪਛਾਣ ਲਵੇਗਾ। ਬਿੱਲੀ ਨੂੰ ਮਨੁੱਖ ਨਾਲ ਨਹੀਂ ਉਸ ਥਾਂ ਨਾਲ ਪਿਆਰ ਹੁੰਦਾ ਹੈ ਜਿਥੇ ਉਹ ਰਹਿੰਦੀ ਹੈ ਤੇ ਉਸ ਦੀ ਚੋਰੀ ਦੀ ਆਦਤ ਕਦੇ ਨਹੀਂ ਜਾਂਦੀ। ਇਸ ਦੇ ਉਲਟ ਕੁੱਤੇ ਦਾ ਸਥਾਨ ਨਾਲ ਨਹੀਂ ਇਨਸਾਨ ਨਾਲ ਪਿਆਰ ਹੁੰਦਾ ਹੈæææ।
ਭੌਰਾ ਜੀਵਨ ਦੀਆਂ ਘਟਨਾਵਾਂ ਨੂੰ ਕਥਾ ਕਹਾਣੀ ਦੇ ਪਲਾਟ ਵਿਚ ਗੁੰਦ ਕੇ ਕਮਾਲ ਦੀ ਕਲਾ ਕੌਸ਼ਲਤਾ ਨਾਲ ਪੇਸ਼ ਕਰਦਾ ਹੈ। ਉਹਦੀਆਂ ਲਿਖਤਾਂ ਵਿਚ ਬਹੁਪੱਖੀ ਜਾਣਕਾਰੀ ਹੈ, ਰੌਚਿਕਤਾ ਹੈ, ਉਤਸੁਕਤਾ ਤੇ ਚਕਾਚੌਂਧ ਹੈ। ਮੁਹਾਵਰੇ ਹਨ, ਕਹਾਵਤਾਂ ਹਨ, ਕਾਵਿ-ਸਤਰਾਂ ਤੇ ਗੀਤਾਂ ਦੇ ਬੋਲ ਹਨ। ਉਸ ਨੇ ਅਲੰਕਾਰ ਵੀ ਵਰਤੇ ਹਨ ਤੇ ਰੰਗਾਂ-ਰਸਾਂ ਨਾਲ ਆਪਣੀ ਵਾਰਤਾ ਰੰਗੀਲੀ ਤੇ ਰਸੀਲੀ ਬਣਾਈ ਹੈ। ਉਸ ਵਿਚ ਨਾਟਕੀ ਅੰਸ਼ ਵੀ ਹੈ ਤੇ ਨਿੱਜੀ ਛੋਹਾਂ ਵੀ। ਇਹ ਉਹਦਾ ਨਖਰਾ ਹੀ ਹੈ ਜਦੋਂ ਲਿਖਦੈ, “ਨਖਰੇ ਬਿਨਾਂ ਔਰਤ ਸੋਹਣੀ ਨ੍ਹੀਂ ਲੱਗਦੀ ਤਾਂ ਯਕੀਨਨ ਇਹ ਔਰਤ ਦਾ ਗਹਿਣਾ ਤੇ ਗੁਣ ਹੈ ਪਰ ਇਹ ਨਖਰਾ ਮਰਦ ਦੀ ਕਮਜ਼ੋਰੀ ਹੁੰਦੀ ਆ ਕਿਉਂਕਿ ਕਈਆਂ ਦੇ ਵਸਦੇ ਘਰ ਨਖਰੇ ਕਰਕੇ ਹੀ ਉੱਜੜ ਗਏ।
ਗਾਇਕੀ ਬਾਰੇ ਲਿਖਿਆ ਉਹਦਾ ਇਕ ਪੈਰਾ ਹੀ ਗਾਗਰ ਵਿਚ ਸਾਗਰ ਹੈ:
-ਪਹਿਲਾਂ ਚਾਬੀ ਭਰ ਕੇ ਤਵੇ ਚਲਾਉਣ ਵਾਲੀਆਂ ਮਸ਼ੀਨਾਂ ਆਈਆਂ, ਫਿਰ ਰੀਲਾਂ ਚਲਾਉਣ ਵਾਲੀਆਂ ਟੇਪਾਂ ਬਰਾਸਤਾ ਅਰਬ ਮੁਲਕਾਂ ਧੜਾਧੜ ਪੰਜਾਬ ਦੇ ਵਿਹੜੇ ਆ ਵੜੀਆਂ। ਬਾਅਦ ਵਿਚ ਸੀæ ਡੀæ/ਡੀæ ਵੀæ ਡੀæ ਅਤੇ ਹੁਣ ਪੈਨ ਡਰਾਈਵ। ਜਾਪਾਨ ਇਸ ਵਰ੍ਹੇ ਦੇ ਅੰਤ ਤਕ ਇਹ ਕ੍ਰਿਸ਼ਮਾ ਵੀ ਕਰਨ ਵਾਲਾ ਹੈ ਕਿ ਦੁਨੀਆਂ ਦਾ ਹਰ ਬੰਦਾ ਜਾਂ ਔਰਤ ਬਿਨਾਂ ਸੁਰ ਤੇ ਤਾਲ ਦੇ ਗਿਆਨ ਤੋਂ, ਸੁਰੀਲਾ ਗਾਇਕ ਬਣ ਸਕਦਾ ਹੈ ਯਾਨਿ ਇਕ ਅਜਿਹਾ ਯੰਤਰ ਕਿ ਤੁਸੀਂ ਤਰੰਨੁਮ ਵਿਚ ਗੀਤ ਭਰੋ ਤੇ ਕੁਝ ਮਿੰਟਾਂ ਵਿਚ ਸਣੇ ਸੰਗੀਤ ਦੇ ਸੁਰੀਲੀ ਤੇ ਮਿਠਾਸ ਭਰੀ ਆਵਾਜ਼ ਸੁਣ ਸਕੋਗੇ। ਫਿਰ ਕੌਣ ਚੇਤੇ ਰੱਖੇਗਾ ਕਿ ਕੋਈ ਲਤਾ ਮੰਗੇਸ਼ਵਰ ਵੀ ਹੁੰਦੀ ਸੀ, ਸੁਰਿੰਦਰ ਕੌਰ ਵੀ, ਯਮਲਾ, ਮਾਣਕ ਤੇ ਗੁਰਦਾਸ ਮਾਨ ਵੀ। ਅਸਲ ਵਿਚ ਪੰਜਾਬੀ ਗਾਇਕੀ ਵਿਚ ਜਿੰਨੇ ਕ੍ਰਿਸ਼ਮੇ ਥੋੜ੍ਹੇ ਜਿਹੇ ਸਮੇਂ ਵਿਚ ਹੋਏ ਹਨ, ਉਨ੍ਹਾਂ ਦਾ ਜਵਾਬ ਨਹੀਂ। ਇਸ ਤਰ੍ਹਾਂ ਇਲੈਕਟ੍ਰਾਨਿਕਸ ਤੇ ਇੰਟਰਨੈਟ ਦੀ ਘੁਸਪੈਠ ਨੇ ਦੱਸ ਦਿੱਤਾ ਹੈ ਕਿ ਚੋਰੀ ਕਰਨਾ ਨਾ ਪਾਪ ਹੁੰਦਾ, ਨਾ ਮਹਾਂਪਾਪ ਕਿਉਂਕਿ ਸਮੁੱਚੀ ਗਾਇਕੀ ਦੀ ਹਾਲਤ ਇਹ ਬਣੀ ਹੋਈ ਹੈ ਜਿਵੇਂ ਕੋਈ ਮਰ ਰਹੇ ਬੰਦੇ ਨੂੰ ਕਹੇ, “ਜ਼ਰਾ ਨੱਚ ਕੇ ਵਿਖਾ!”
ਇਸ ਪੁਸਤਕ ਵਿਚ ਚਾਲੀ ਕੁ ਗਾਇਕਾਂ ਤੇ ਗਾਇਕਾਵਾਂ ਬਾਰੇ ਭੌਰੇ ਦਾ ਨਿੱਜੀ ਛੋਹਾਂ ਵਾਲਾ ਬਿਰਤਾਂਤ ਹੈ। ਜਦੋਂ ਕੋਈ ਲੇਖਕ ਆਪਣੇ ਨਿੱਜ ਨੂੰ ਕਿਸੇ ਪਾਤਰ ਨਾਲ ਜੋੜ ਕੇ ਗੱਲ ਕਰਦਾ ਹੈ ਤਾਂ ਉਹਦੀ ਗੱਲ ਵਧੇਰੇ ਭਰੋਸੇਯੋਗ ਲੱਗਦੀ ਹੈ। ਪਾਠਕਾਂ ਨੂੰ ਪਤਾ ਲੱਗਦਾ ਹੈ ਕਿ ਯਮਲਾ ਜੱਟ ਜਾਂ ਸੁਰਿੰਦਰ ਕੌਰ, ਹੰਸ ਜਾਂ ਮਾਨ, ਮਾਣਕ ਜਾਂ ਚਮਕੀਲਾ, ਸਦੀਕ ਜਾਂ ਸ਼ਿੰਦਾ, ਦੀਦਾਰ ਸੰਧੂ ਜਾਂ ਦਿਲਬਰ ਕਿਹੋ ਜਿਹੇ ਗਾਇਕ, ਗੀਤਕਾਰ ਜਾਂ ਢਾਡੀ ਸਨ? ਉਨ੍ਹਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ, ਆਦਤਾਂ ਬਹਿਵਤਾਂ, ਲੱਛਣ-ਕੁਲੱਛਣ, ਗੁਣ-ਔਗਣ ਅਤੇ ਲੇਖਕ ਖ਼ੁਦ ਉਨ੍ਹਾਂ ਨਾਲ ਕਿਵੇਂ ਨਿਭਿਆ? ਮੇਲ-ਮੁਲਕਾਤਾਂ ਕਿਹੋ ਜਿਹੀਆਂ ਰਹੀਆਂ? ਅਜਿਹੀਆਂ ਦਿਲਚਸਪ ਗੱਲਾਂ ਨਾਲ ਇਸ ਕਿਤਾਬ ਦਾ ਹਰ ਪੰਨਾ ਮੂੰਹੋਂ ਬੋਲਦਾ ਨਵੀਂ ਤੋਂ ਨਵੀਂ ਬਾਤ ਪਾਉਂਦਾ ਜਾਂਦਾ ਹੈ। ਇਹ ਚੰਗੀ ਗੱਲ ਹੈ ਕਿ ਲੇਖਕ ਨੇ ਲੇਖ ਲਿਖਣ ਦੀ ਤਰੀਕ ਵੀ ਨਾਲ ਹੀ ਛਾਪ ਦਿੱਤੀ ਹੈ। ਇਓਂ ਅਸੀਂ ਭੌਰੇ ਦੀ ਲਿਖਣ ਸ਼ੈਲੀ ਨੂੰ ਉਸਰਦੀ ਵਿਗਸਦੀ ਵੇਖ ਸਕਦੇ ਹਾਂ।
ਭੌਰਾ ਬੁਨਿਆਦੀ ਤੌਰ ‘ਤੇ ਕਾਲਮਨਵੀਸ ਹੈ। ਕਦੇ ਉਹ ਗਾਇਕਾਂ ਦਾ ਕਾਲਮ ਲਿਖਣ ਲੱਗਾ, ਕਦੇ ਗੀਤਕਾਰਾਂ ਦਾ, ਕਦੇ ਢਾਡੀਆਂ ਦਾ, ਕਦੇ ਲੋਕ ਸਾਜ਼ਾਂ ਦਾ, ਕਦੇ ਸੰਗੀਤਕਾਰਾਂ ਦਾ, ਕਦੇ ਅਮਰੀਕਾ ਦੇ ਰਾਸ਼ਟਰਪਤੀਆਂ ਦਾ, ਕਦੇ ਗੱਲਾਂ-ਬਾਤਾਂ ਦਾ ਤੇ ਕਦੇ ਨੈਣ-ਨਕਸ਼ਾਂ ਦਾ। ਵਿਚੇ ਉਹ ‘ਕਰਾਰਾ ਪੂਦਨਾ’ ਘੋਟੀ ਜਾਂਦਾ ਹੈ ਤੇ ਸੱਥਾਂ ਦੀ ਖੁੰਢ ਚਰਚਾ ਵਰਗਾ ਹਾਸ ਵਿਅੰਗ ਲਿਖੀ ਜਾਂਦਾ ਹੈ। ਉਸ ਦੇ ਦੱਸਣ ਮੂਜਬ ਉਸ ਦੀ ਪੁਸਤਕ ‘ਅਮਰੀਕੀ ਰਾਸ਼ਟਰਪਤੀ: ਉਬਾਮਾ ਤੱਕ’ ਅਮਰੀਕਾ ਦੇ ਸਕੂਲਾਂ ਵਿਚ ਪੰਜਾਬੀ ਦੀ ਪਾਠ ਪੁਸਤਕ ਬਣ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸ਼ੋਕ ਭੌਰੇ ਦਾ ਲਿਖਣ ਘੇਰਾ ਜਾਗਰ ਅਮਲੀ ਤੋਂ ਪ੍ਰੈਜ਼ੀਡੈਂਟ ਬਰਾਕ ਉਬਾਮਾ ਤੱਕ ਹੈ।
ਜੇ ਉਹਦੇ ਲਿਖਣ ਉਦੇਸ਼ ਵੱਲ ਨਿਗ੍ਹਾ ਮਾਰੀਏ ਤਾਂ ਮਾਲੂਮ ਹੁੰਦਾ ਹੈ ਕਿ ਉਸ ਦੇ ਮਨ ‘ਚ ਲੋਕਾਈ ਦਾ ਦਰਦ ਹੂੰਗੇ ਮਾਰਦਾ ਹੈ। ਉਹ ਇਹ ਦਰਦ ਹਰ ਲੈਣਾ ਚਾਹੁੰਦਾ ਹੈ। ਚਾਹੁੰਦਾ ਹੈ ਕਿ ਪੰਜਾਬੀਆਂ ਦੇ ਸਾਰੇ ਕਸ਼ਟ ਕੱਟੇ ਜਾਣ ਤੇ ਉਹ ਮਾਣਮੱਤਾ ਜੀਵਨ ਜਿਊਂ ਸਕਣ। ਉਹ ਬੁਰਾਈ ਨੂੰ ਭੰਡਦਾ ਤੇ ਚੰਗਿਆਈ ਨੂੰ ਸਲਾਹੁੰਦਾ ਹੈ। ਪੰਜਾਬ ਬਾਰੇ ਉਹਦਾ ਤਬਸਰਾ ਪੜ੍ਹੋ:
-ਪੰਜਾਬ ਜੀਹਨੂੰ ਹੁਣ ਆਪਣਾ ਘੱਟ, ਬਾਦਲ ਜਾਂ ਅਮਰਿੰਦਰ ਦਾ ਕਹਿਣ ਨੂੰ ਵੱਧ ਜੀਅ ਕਰਦੈ; ਉਥੇ ਮਿਲਣ ਵਾਲਾ ਵਧੇਰੇ ਦੁੱਧ ਟੀਕਿਆਂ ਨਾਲ ਚੋਇਆ ਜਾਂਦਾ ਹੈ। ਗੱਲ ਇਥੇ ਮੁੱਕ ਜਾਂਦੀ ਤਾਂ ਸ਼ਾਇਦ ਕੁਝ ਬਚਿਆ ਰਹਿੰਦਾ, ਗੱਲ ਤਾਂ ਬੁਰੇ ਦੇ ਘਰ ਤਕ ਅੱਪੜ ਗਈ ਹੈ। ਜਿਹੜੀਆਂ ਸਬਜ਼ੀਆਂ ਖਾਣ ਨੂੰ ਨਸੀਬ ਹੋ ਰਹੀਆਂ ਨੇ, ਉਨ੍ਹਾਂ ਵਿਚ ਵੀ ਇਸੇ ਐਕਸੀਟੋਸਿਨ ਟੀਕੇ ਦਾ ਜ਼ਹਿਰ ਹੈ। ਬੈਂਗਣਾਂ ਦੇ ਬੂਟੇ ਵਿਚ ਆਥਣੇ ਜਦੋਂ ਜ਼ਿਮੀਂਦਾਰ ਇਹ ਟੀਕਾ ਲਗਾਉਂਦਾ ਹੈ ਤਾਂ ਉਹ ਬੈਂਗਣ ਸਵੇਰ ਨੂੰ ਖਰਬੂਜ਼ਿਆਂ ਜਿੱਡੇ ਹੋ ਜਾਂਦੇ ਹਨæææ। ਨਕਲੀ ਜਾਂ ਅਸਲੀ ਸ਼ਰਾਬ ਦੀ ਮਿਕਦਾਰ ਵਧਾਉਣ ਲਈ ਵੀ ਇਸ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ।
-ਜੇ ਸਭਿਆਚਾਰ ਅਤੇ ਵਿਰਾਸਤ ਦੀਆਂ ਦੁਹਾਈਆਂ ਦੇਣ ਵਾਲੇ ਪੰਜਾਬ ਵਿਚੋਂ ਸਮਲਿੰਗੀਆਂ ਦੇ ਵਿਆਹ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ; ਜੇ ਨਿਆਣੀ ਉਮਰੇ ਬਾਲੜੀਆਂ ਦੇ ਕੁਰਾਹੇ ਪੈਣ ਦੀ ਗੱਲ ਹੋ ਰਹੀ ਹੈ; ਜੇ ਖੇਡਣ ਮੱਲ੍ਹਣ ਦੀ ਉਮਰੇ ਬੱਚੀ, ਬੱਚੇ ਪੈਦਾ ਕਰਨ ਲੱਗ ਪਈ ਹੈ ਜਾਂ ਪੰਜਾਬ ਵਿਚ ਮੁੰਡਿਆਂ ਨਾਲੋਂ ਕੁੜੀਆਂ ਜੰਮਣ ਦੀ ਦਰ ਵੱਧ ਹੈ ਅਤੇ ਗੱਭਰੂਆਂ ਦੇ ਚਿਹਰੇ ਝੁਲਸੇ ਹੋਏ ਹਨ ਜਾਂ ਨਿੱਕੀ ਉਮਰੇ ਬੱਚੀਆਂ ਮੁਟਿਆਰਾਂ ਹੋ ਰਹੀਆਂ ਹਨ ਤਾਂ ਯਕੀਨ ਕਰ ਲਵੋ ਕਿ ਇਹ ਸਾਰੇ ਪੁਆੜੇ ਇਸ ਟੀਕੇ ਦੇ ਹੀ ਹਨ।
ਉਹ ਰਹਿੰਦਾ ਭਾਵੇਂ ਅਮਰੀਕਾ ਵਿਚ ਹੈ ਪਰ ਫਿਕਰ ਪੰਜਾਬ ਦਾ ਹੀ ਕਰਦੈ।
—
ਭੌਰੇ ਦਾ ਪਿਛੋਕੜ ਨਾ ਪੜ੍ਹੇ ਲਿਖਿਆਂ ਵਾਲਾ ਸੀ ਤੇ ਨਾ ਕਿਸੇ ਹੋਰ ਤਰ੍ਹਾਂ ਦੀ ਕਲਾਕਾਰੀ ਵਾਲਾ। ਉਹ 25 ਅਪਰੈਲ 1963 ਨੂੰ ਰਾਮ ਦਿੱਤੇ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਪਿੰਡ ਭੌਰੇ ਵਿਚ ਜੰਮਿਆ। ਉਹ ਸਾਧਾਰਨ ਪਰਿਵਾਰ ਦਾ ਸਾਧਾਰਨ ਬਾਲਕ ਸੀ ਜੋ ਆਪਣੀ ਹਿੰਮਤ ਤੇ ਮਿਹਨਤ ਨਾਲ ਬੱਤੀ ਮੁਲਕ ਘੁੰਮਿਆ ਅਤੇ ਥਾਂ ਥਾਂ ਭੌਰਾ ਭੌਰਾ ਕਰਵਾਈ। ਉਹ ਵੱਡੇ ਕਲਾਕਾਰਾਂ, ਗਾਇਕਾਂ, ਗੀਤਕਾਰਾਂ, ਸਿਆਸੀ ਨੇਤਾਵਾਂ, ਅਫਸਰਾਂ ਤੇ ਅਖਬਾਰਾਂ/ਰਸਾਲਿਆਂ ਦੇ ਐਡੀਟਰਾਂ ਅਤੇ ਰੇਡੀਓ/ਟੀæਵੀæ ਵਾਲਿਆਂ ਦੇ ਨਾ ਸਿਰਫ ਸੰਪਰਕ ਵਿਚ ਰਿਹਾ ਬਲਕਿ ਯਾਰ ਜੁੱਟ ਵੀ ਰਿਹਾ। ਉਨ੍ਹਾਂ ਨਾਲ ਖਾਂਦਾ-ਪੀਂਦਾ ਵੀ ਰਿਹਾ ਪਰ ਉਨ੍ਹਾਂ ਦੀ ਨੇੜਤਾ ਨੂੰ ਨਿੱਜੀ ਮੁਫਾਦ ਲਈ ਕਦੇ ਨਹੀਂ ਵਰਤਿਆ। ਉਹ ਘੁੰਮਦਾ ਘੁੰਮਾਉਂਦਾ ਅਮਰੀਕਾ ਤਾਂ ਪੁੱਜ ਗਿਆ ਤੇ ਪਰਿਵਾਰ ਵੀ ਸੱਦ ਲਿਆ ਪਰ ਹੈ ਉਹਦਾ ਡਾਂਗ ‘ਤੇ ਡੇਰਾ। ਉਹਦੀਆਂ ਕਿਤਾਬਾਂ ਉਹਦੇ ਸੱਜਣਾਂ-ਮਿੱਤਰਾਂ ਦੇ ਸਹਿਯੋਗ ਨਾਲ ਛਪਦੀਆਂ ਤੇ ਦੇਸ਼-ਬਦੇਸ਼ ਪੁੱਜਦੀਆਂ। ਇਹ ਕਿਤਾਬ ਵੀ ਇਸੇ ਤਰ੍ਹਾਂ ਹੱਥੋਹੱਥ ਥਾਓਂ ਥਾਂ ਪੁੱਜਣੀ ਹੈ।
ਮੈਂ ਉਸ ਦੀ ਨਵੀਂ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਆਪਣੇ ਛੋਟੇ ਵੀਰ ਨੂੰ ਵਧਾਈ ਦਿੰਦਾ ਹਾਂ। ਨਾਲ ਇਹ ਵੀ ਕਹਿੰਦਾ ਹਾਂ ਕਿ ਆਪਣੀ ਸਿਹਤ ਦਾ ਖਿਆਲ ਰੱਖੇ ਤੇ ਲਿਖਣ ਦਾ ਕਾਰਜ ਵੀ ਜਾਰੀ ਰੱਖੇ। ਗੁਰਦਾਸ ਮਾਨ ਦਾ ਗੀਤ ਜ਼ਰੂਰ ਯਾਦ ਰੱਖੇ-ਬਾਕੀ ਦੇ ਕੰਮ ਛੱਡੋ ਪਹਿਲਾਂ ਸਿਹਤ ਜ਼ਰੂਰੀ ਐ। ਸਿਫਤਾਂ ਤਾਂ ਉਹਦੀਆਂ ਹੋਰ ਵੀ ਕਈ ਕਰਨ ਵਾਲੀਆਂ ਰਹਿ ਗਈਆਂ ਪਰ ਹੁਣ ਇਥੇ ਹੀ ਬੱਸ ਕਰਦਾਂ। ਹੋਰ ਨਾ ਕਿਤੇ ਨਜ਼ਰ ਈ ਲੱਗ’ਜੇ!
Leave a Reply