ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਿਰਸਾ ਵਿਚ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਾਲੇ ਹੋਏ ਟਕਰਾਅ ਦੌਰਾਨ ਇਕ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਡੇਰਾ ਪ੍ਰੇਮੀ ਹੁਣ ਚੁੱਪਚਾਪ ਆਪਣੇ ਰਾਹ ਤੁਰਨ ਦੀ ਬਜਾਏ ਵਿਰੋਧ ਕਰਨ ਵਾਲਿਆਂ ਨੂੰ ਟੱਕਰ ਦੇਣ ਲਈ ਤਿਆਰ ਹੋ ਗਏ ਹਨ। ਇਸ ਵਾਰ ਹੋਏ ਟਕਰਾਅ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਸਮੇਤ ਛੇ ਜਣੇ ਫੱਟੜ ਹੋ ਗਏ।
ਅਸਲ ਵਿਚ ਡੇਰਾ ਮੁਖੀ ਰਾਮ ਰਹੀਮ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮਾਮਲੇ ‘ਤੇ ਸਿੱਖ ਜਥੇਬੰਦੀਆਂ ਨੇ ਉਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਡੇਰਿਆਂ ਵਿਚ ਹੁੰਦੇ ਐਤਵਾਰ ਦੇ ਸਮਾਗਮ ਵੀ ਬੰਦ ਕਰਵਾ ਦਿੱਤੇ ਸਨ। ਇਸ ਨਾਲ ਡੇਰੇ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ ਸਨ। ਵਿਧਾਨ ਸਭਾ ਚੋਣਾਂ ਵਿਚ ਡੇਰਾ ਮੁਖੀ ਵੱਲੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਨੇੜਤਾ ਬਣਾ ਕੇ ਆਪਣੇ ‘ਕਾਰੋਬਾਰ’ ਨੂੰ ਮੁੜ ਰੇੜ੍ਹਨ ਦਾ ਰਾਹ ਮੋਕਲਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਬੜੀ ਵਿਉਂਤਬੰਦੀ ਨਾਲ ਐਤਵਾਰ ਦੇ ਸਮਾਗਮ ਹੋਣ ਲੱਗੇ ਤੇ ਵਿਰੋਧ ਕਰਨ ਵਾਲਿਆਂ ਨਾਲ ਵੀ ਡੇਰਾ ਪ੍ਰੇਮੀਆਂ ਨੇ ਸ਼ਰ੍ਹੇਆਮ ਵੰਗਾਰਿਆ ਤੇ ਲਗਾਤਾਰ ਟਕਰਾਅ ਹੰਦੇ ਰਹੇ।
ਤਾਜ਼ਾ ਘਟਨਾ ਵਿਚ ਡੇਰਾ ਪ੍ਰੇਮੀਆਂ ਵੱਲੋਂ ਜੀਵਨ ਸਿੰਘ ਵਾਲਾ ਵਿਚ ਨਾਮ ਚਰਚਾ ਦਾ ਵਿਰੋਧ ਕਰਦੇ ਸਿੱਖਾਂ ਦੀ ਕੁੱਟਮਾਰ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਜ਼ਖ਼ਮੀ ਹੋਏ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਕਰ ਕੇ ਸਿਰਸਾ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਦੀ ਅਗਵਾਈ ਵਿਚ ਮੀਟਿੰਗ ਰੱਖੀ ਗਈ। ਸਿੱਖ ਜਥੇਬੰਦੀਆਂ ਨੂੰ ਟੱਕਰ ਦੇਣ ਲਈ ਇਸ ਦੇ ਬਰਾਬਰ ਹੀ ਡੇਰਾ ਪ੍ਰੇਮੀਆਂ ਨੇ ਵੀ ਸਿਰਸਾ ਦੇ ਬਾਲਮੀਕੀ ਚੌਕ ਨੇੜੇ ਐਫ਼ ਬਲਾਕ ‘ਚ ਨਾਮ ਚਰਚਾ ਰੱਖ ਲਈ ਜਿਸ ਵਿਚ ਵੱਡੀ ਗਿਣਤੀ ਡੇਰਾ ਪ੍ਰੇਮੀ ਸ਼ਰੀਕ ਹੋਏ।
ਹਾਲਾਤ ਵਿਗੜਦੇ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਰੋਸ ਮਾਰਚ ਨਾ ਕੱਢਿਆ ਜਾਵੇ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਗਿਆ ਤੇ ਸਿਰਸਾ ਦੇ ਡਿਪਟੀ ਤੇ ਐਸ਼ਪੀæ ਨੇ ਯਕੀਨ ਦਿਵਾਇਆ ਕਿ ਡੇਢ ਮਹੀਨੇ ਅੰਦਰ ਜਾਂਚ ਕਰ ਕੇ ਕੁੱਟਮਾਰ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਰੋਸ ਮਾਰਚ ਕਰਨ ਆਏ ਲੋਕ ਵਾਪਸ ਘਰਾਂ ਨੂੰ ਜਾ ਰਹੇ ਸਨ ਕਿ ਇਸ ਦੌਰਾਨ ਹੀ ਗੁਰਦੁਆਰੇ ਦੇ ਨੇੜੇ ਹੀ ਡੇਰਾ ਪ੍ਰੇਮੀਆਂ ਨੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ‘ਤੇ ਹਮਲਾ ਬੋਲ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਫੱਟੜ ਹੋ ਗਏ।
ਇਸ ਤੋਂ ਇਲਾਵਾ ਡੇਰਾ ਪ੍ਰੇਮੀਆਂ ਨੇ ਸ਼ ਤਿਲੋਕੇਵਾਲਾ ਦੇ ਸਮਰਥਕਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਅਤੇ 2 ਗੱਡੀਆਂ ਤੇ 7 ਮੋਟਰਸਾਈਕਲ ਸਾੜ ਦਿੱਤੇ। ਸਿੱਖ ਜਥੇਬੰਦੀਆਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਪੱਥਰਾਅ ਵੀ ਹੋਇਆ ਜਿਸ ਵਿਚ ਦਰਜਨਾਂ ਨੂੰ ਸੱਟਾਂ ਲੱਗੀਆਂ। ਇਸ ਟਕਰਾਅ ਵਿਚ ਜ਼ਖ਼ਮੀ ਛੇ ਸਿੱਖਾਂ ਨੂੰ ਸਿਰਸਾ ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚ ਸ਼ ਤਿਲੋਕੇਵਾਲਾ, ਗੁਰਲਾਜ ਸਿੰਘ ਤਿਲੋਕੇਵਾਲਾ, ਰਣਦੀਪ ਸਿੰਘ ਫ਼ਰੀਦਕੋਟ, ਸੁਖਮੰਦਰ ਸਿੰਘ ਪਟਿਆਲਾ, ਮਿਤੇਸ਼ ਬਰੇਟਾ ਤੇ ਇਕ ਹੋਰ ਵਿਅਕਤੀ ਸ਼ਾਮਲ ਹੈ।
ਇਸ ਘਟਨਾਕ੍ਰਮ ਤੋਂ ਬਾਅਦ ਸਿਰਸਾ ਸ਼ਹਿਰ ਵਿਚ ਹਾਲਾਤ ਤਣਾਅਪੂਰਨ ਬਣ ਗਏ ਤੇ ਇਥੋਂ ਦੇ ਦੋਵਾਂ ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੇ ਗੁਰਦੁਆਰਾ ਚਿੱਲਾ ਸਾਹਿਬ ਦੇ ਚਾਰੇ ਪਾਸੇ ਹੋਰ ਪੁਲਿਸ ਫੋਰਸ ਤਾਇਨਾਤ ਕਰਕੇ ਸੁਰੱਖਿਆ ਵਧਾ ਦਿੱਤੀ ਗਈ। ਸਿਰਸਾ ਦੇ ਸਾਰੇ ਬਾਜ਼ਾਰ ਬੰਦ ਹੋ ਗਏ ਤੇ ਸਹਿਮੇ ਹੋਏ ਲੋਕ ਬਾਜ਼ਾਰਾਂ ਵਿਚੋਂ ਆਪਣੇ ਘਰਾਂ ਵੱਲ ਦੌੜ ਗਏ। ਹਾਲਾਤ ਇੰਨੇ ਵਿਗੜ ਗਏ ਕਿ ਹਫ਼ਤਾ ਭਰ ਸਿਰਸਾ ਪੁਲਿਸ ਛਾਉਣੀ ‘ਚ ਤਬਦੀਲ ਰਿਹਾ ਤੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਵੀ ਬੰਦ ਰਹੇ।
ਉਧਰ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਰਸਾ ਨੇੜੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਡੇਰਾ ਵਿਰੋਧੀਆਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਹੋਏ ਝਗੜੇ ਬਾਰੇ ਹਰਿਆਣਾ ਸਰਕਾਰ ਨੂੰ ਆਖਿਆ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਦਲ ਖਾਲਸਾ ਨੇ ਹਰਿਆਣਾ ਦੀ ਕਾਂਗਰਸ ਸਰਕਾਰ ‘ਤੇ ਡੇਰਾ ਸਿਰਸਾ ਦੀ ਪੁਸ਼ਤਪਨਾਹੀ ਕਰਕੇ ਸਿੱਖ ਸੰਗਤ ਉਤੇ ਹਮਲੇ ਕਰਵਾਉਣ ਦਾ ਦੋਸ਼ ਲਾਇਆ ਹੈ। ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ। ਉਨ੍ਹਾਂ ਸਿੱਖ ਭਾਈਚਾਰੇ ਨੂੰ ਆਖਿਆ ਕਿ ਉਹ ਸੰਜਮ ਤੋਂ ਕੰਮ ਲੈਣ। ਇਸ ਦੌਰਾਨ ਦਲ ਖਾਲਸਾ ਜਥੇਬੰਦੀ ਦੇ ਆਗੂਆਂ ਕੰਵਰਪਾਲ ਸਿੰਘ, ਡਾæ ਮਨਜਿੰਦਰ ਸਿੰਘ ਤੇ ਸਰਬਜੀਤ ਸਿੰਘ ਘੁਮਾਣ ਨੇ ਆਖਿਆ ਕਿ ਜੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਸਿੱਖਾਂ ‘ਤੇ ਹਮਲੇ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਹੁੰਦੀ ਤਾਂ ਡੇਰਾ ਸਿਰਸਾ ਦੇ ਸਮਰਥਕ ਸਿੱਖਾਂ ‘ਤੇ ਹਮਲਾ ਕਰਨ ਦੀ ਹਿੰਮਤ ਨਾ ਕਰਦੇ। ਉਨ੍ਹਾਂ ਆਖਿਆ ਕਿ ਜਿਸ ਢੰਗ ਨਾਲ ਡੇਰਾ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ ਜ਼ੈਡ ਸੁਰੱਖਿਆ ਤੇ ਬੁਲਿਟ ਪਰੂਫ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਡੇਰਾ ਮੁਖੀ ਨੂੰ ਸਰਕਾਰੀ ਪੁਸ਼ਤਪਨਾਹੀ ਹਾਸਲ ਹੈ।
ਡੇਰਾ ਸਿਰਸਾ ਵੱਲੋਂ ਕੀਤੇ ਹਮਲੇ ਦੌਰਾਨ ਫੱਟੜ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਤੇ ਹੋਰ ਜ਼ਖ਼ਮੀ ਸਿੱਖਾਂ ਦੇ ਹੱਕ ਵਿਚ ਡਟਦਿਆਂ ਉਨ੍ਹਾਂ ਆਖਿਆ ਕੇਂਦਰ ਤੇ ਹਰਿਆਣਾ ਸਰਕਾਰ ਡੇਰੇ ਦੀ ਪੁਸ਼ਤਪਨਾਹੀ ਬੰਦ ਕਰੇ ਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰੇ।
Leave a Reply