ਗਰਮਖਿਆਲੀਏ ਪੰਜਾਬ ਦੇ ਚੋਣ ਪਿੜ ‘ਚੋਂ ਬਾਹਰ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੀ ਚੋਣ ਸਿਆਸਤ ਦੇ ਪਿੜ ਵਿਚੋਂ ਗਰਮਖਿਆਲੀ ਬਾਹਰ ਹੋ ਗਏ ਹਨ। ਦੋ ਦਹਾਕਿਆਂ ਤੱਕ ਲੋਕਾਂ ਦਾ ਧਿਆਨ ਖਿੱਚਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ‘ਚ ਬੇਹੱਦ ਮਾੜੀ ਕਾਰਗੁਜ਼ਾਰੀ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੋਣ ਅਮਲ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਹੋਰ ਗਰਮਖਿਆਲੀ ਧੜੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਚੋਣ ਸਿਆਸਤ ਤੋਂ ਲਾਂਭੇ ਹੋਣ ਦੇ ਸੰਕੇਤ ਦਿੱਤੇ ਸਨ।
ਅਸਲ ਵਿਚ ਗਰਮਖਿਆਲੀ ਜਥੇਬੰਦੀਆਂ ਪੰਜਾਬ ‘ਤੇ ਵਾਰੋ-ਵਾਰੀ ਰਾਜ ਕਰਨ ਵਾਲੀਆਂ ਦੋ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਦੀ ਮੁਖਾਲਫ਼ਤ ਤਾਂ ਜ਼ੋਰ-ਸ਼ੋਰ ਨਾਲ ਕਰਦੀਆਂ ਰਹੀਆਂ ਪਰ ਉਨ੍ਹਾਂ ਦੇ ਮੁਕਾਬਲੇ ਲੋਕਾਂ ਨੂੰ ਕੋਈ ਵੀ ਠੋਸ ਪ੍ਰੋਗਰਾਮ ਨਾ ਦੇ ਸਕੀਆਂ। ਦੋ ਦਹਾਕਿਆਂ ਦੌਰਾਨ ਇਨ੍ਹਾਂ ਨੇ ਦਫਤਰਾਂ ਵਿਚ ਬੈਠ ਕੇ ਧਾਰਮਿਕ ਮਾਮਲਿਆਂ ਨੂੰ ਆਧਾਰ ਬਣਾ ਕੇ ਹੀ ਸਿਆਸਤ ਕਰਨ ‘ਤੇ ਜ਼ੋਰ ਦਿੱਤਾ ਅਤੇ ਹੇਠਲੇ ਪੱਧਰ ‘ਤੇ ਆਮ ਲੋਕਾਂ ਤੱਕ ਕੋਈ ਪਹੁੰਚ ਨਾ ਕੀਤੀ। ਹੋਰ ਤਾਂ ਹੋਰ ਧਾਰਮਿਕ ਮਸਲਿਆਂ ‘ਤੇ ਵੀ ਉਹ ਸਿੱਖਾਂ ਦੀ ਸਹੀ ਨੁਮਾਇੰਦਗੀ ਨਾ ਕਰ ਸਕੇ।
ਉਂਜ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਰਮਖਿਆਲੀਆਂ ਜਿਨ੍ਹਾਂ ਵਿਚ ਦਲਜੀਤ ਸਿੰਘ ਬਿੱਟੂ ਮੁੱਖ ਹਨ, ਨੂੰ ਜੇਲ੍ਹਾਂ ਵਿਚ ਡੱਕੀ ਰੱਖਣ ਦੀ ਅਪਨਾਈ ਰਣਨੀਤੀ ਨੇ ਇਨ੍ਹਾਂ ਦੀਆਂ ਸਰਗਰਮੀਆਂ ਠੱਪ ਕਰ ਕੇ ਰੱਖ ਦਿੱਤੀਆਂ। ਸੁਖਬੀਰ ਬਾਦਲ ਨੇ ਕਿਸੇ ਨਾ ਕਿਸੇ ਕੇਸ ‘ਚ ਉਲਝਾ ਕੇ ਗਰਮਖਿਆਲੀ ਆਗੂਆਂ ਨੂੰ ਜੇਲ੍ਹ ਵਿਚੋਂ ਬਾਹਰ ਹੀ ਨਹੀਂ ਆਉਣ ਦਿੱਤਾ ਜਿਸ ਕਰ ਕੇ ਇਨ੍ਹਾਂ ਦਾ ਰਹਿੰਦਾ-ਖੂੰਹਦਾ ਤਾਣਾਬਾਣਾ ਵੀ ਟੁੱਟ ਗਿਆ। ਹੁਣ ਹਾਲਾਤ ਇਹ ਬਣ ਗਏ ਸਨ ਕਿ ਗਰਮਖਿਆਲੀ ਧਿਰਾਂ ਨੂੰ ਚੋਣ ਲੜਾਉਣ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ ਸਨ ਤੇ ਜੇ ਕੋਈ ਉਮੀਦਵਾਰ ਖੜ੍ਹਾ ਹੋ ਵੀ ਜਾਂਦਾ ਸੀ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਅਤੇ ਨਾਲ ਹੀ ਉਹ ਚੋਣ ਲੜਨ ਤੋਂ ਬਾਅਦ ਕੰਗਾਲ ਹੋ ਜਾਂਦਾ।
ਅਜਿਹੇ ਹਾਲਾਤ ਨੂੰ ਵੇਖਦਿਆਂ ਹੀ ਗਰਮਖਿਆਲੀਆਂ ਨੇ ਮਹਿਸੂਸ ਕੀਤਾ ਹੈ ਕਿ ਚੋਣ ਸਿਆਸਤ ‘ਚ ਉਨ੍ਹਾਂ ਦੀ ਦਾਲ ਨਹੀਂ ਗਲਣੀ। ਅਕਾਲੀ ਦਲ (ਪੰਚ ਪ੍ਰਧਾਨੀ) ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਚੋਣ ਪਿੜ ਛੱਡਣ ਤੋਂ ਬਾਅਦ ਹੁਣ ਚੋਣ ਸਿਆਸਤ ਵਿਚ ਗਰਮਖਿਆਲੀਆਂ ਦਾ ਸਫਾਇਆ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਭਵਿੱਖ ਵਿਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਨਹੀਂ ਲੜੇਗੀ। ਸ਼ ਮਾਨ ਦਾ ਕਹਿਣਾ ਹੈ ਕਿ ਚੋਣਾਂ ਲੜਨ ਲਈ ਪਾਰਟੀ ਕੋਲ ਮੋਟਾ ਪੈਸਾ ਨਹੀਂ ਹੈ। ਇਸ ਕਰਕੇ ਪਾਰਟੀ ਨੇ ਚੋਣ ਅਮਲ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਲੜੀਆਂ ਚੋਣਾਂ ਦੇ ਤਜਰਬੇ ਤੋਂ ਉਹ ਇਸ ਸਿੱਟੇ ‘ਤੇ ਪੁੱਜੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਕਰੋੜਾਂ ਰੁਪਏ ਕੋਲ ਨਾ ਹੋਣ ਕਰ ਕੇ ਹਾਰਦੇ ਰਹੇ ਹਨ। ਉਂਜ ਉਨ੍ਹਾਂ ਕਿਹਾ ਹੈ ਕਿ ਉਹ ਭਵਿੱਖ ਵਿਚ ਸੰਸਦ ਜਾਂ ਵਿਧਾਨ ਸਭਾ ਵਿਚ ਆਪਣੀ ਗੱਲ ਕਹਿਣ ਦੀ ਥਾਂ ਸੜਕਾਂ ‘ਤੇ ਨਾਅਰੇ ਮਾਰ ਕੇ ਸਰਕਾਰਾਂ ਦੇ ਕੰਨ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੀ ਉਹ ਚੋਣ ਅਮਲ ਵਿਚ ਮੁੜ ਤੋਂ ਹਿੱਸਾ ਲੈਣ ਬਾਰੇ ਦੁਚਿੱਤੀ ਵਿਚ ਪੈ ਗਏ ਸਨ ਪਰ ਹੁਣ ਉਨ੍ਹਾਂ ਪੱਕਾ ਮਨ ਬਣਾ ਲਿਆ ਹੈ। ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਟਕਸਾਲੀ ਪਾਰਟੀਆਂ ਦੇ ਚੋਣ ਅਮਲ ਵਿਚੋਂ ਬਾਹਰ ਹੋਣ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੋ ਸਕਦੇ ਹਨ। ਗਰਮਖ਼ਿਆਲੀ ਆਗੂ ਸ਼ ਮਾਨ ਨੇ ਪਹਿਲੀ ਵਾਰ 1989 ਵਿਚ ਹਲਕਾ ਤਰਨ ਤਾਰਨ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਇਸ ਤੋਂ ਬਾਅਦ 1999 ਵਿਚ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਜਿੱਤਣ ਵਿਚ ਸਫਲ ਹੋਏ ਸਨ। ਪਿਛਲੀ ਵਾਰ ਦੀ ਲੋਕ ਸਭਾ ਚੋਣ ਵੀ ਉਨ੍ਹਾਂ ਨੇ ਇਸੇ ਹਲਕੇ ਤੋਂ ਲੜੀ ਸੀ ਪਰ ਸਫਲ ਨਾ ਹੋ ਸਕੇ। ਉਨ੍ਹਾਂ ਦੇ ਥੋੜ੍ਹੀ ਗਿਣਤੀ ਵਿਚ ਉਮੀਦਵਾਰਾਂ ਨੂੰ ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਨੁਮਾਇੰਦਗੀ ਮਿਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮੰਜ਼ਲ ਦੀ ਪ੍ਰਾਪਤੀ ਲਈ ਸੰਘਰਸ਼ ਨਹੀਂ ਛੱਡਣਗੇ ਤੇ ਸਿਰਫ ਰਸਤਾ ਹੀ ਬਦਲ ਰਹੇ ਹਨ।
_______________________________
ਪੰਥਕ ਮੋਰਚਾ ਵੀ ਖੇਰੂੰ-ਖੇਰੂੰ?
ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਇਸ ਵਾਰ ਪੰਥਕ ਮੋਰਚੇ ਦਾ ਸਾਥ ਦੇਣ ਦੇ ਰੌਂਅ ਵਿਚ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿਆਸੀ ਬਦਲਾਅ ਲਿਆਉਣ ਲਈ ਮਿਹਨਤ ਕਰਨੀ ਪੈਂਦੀ ਹੈ ਜਦੋਂਕਿ ਪੰਥਕ ਮੋਰਚਾ ਚੋਣਾਂ ਦੇ ਨੇੜੇ ਆ ਕੇ ਜਾਗ ਪੈਂਦਾ ਹੈ ਅਤੇ ਉਹ ਮੋਰਚੇ ਦੀ ਇਸ ਰਾਜਨੀਤੀ ਨਾਲ ਸਹਿਮਤ ਨਹੀਂ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਪਰਮਜੀਤ ਸਿੰਘ ਸਰਨੇ ਨੇ ਪੰਥਕ ਮੋਰਚੇ ਦੀ ਹਮਾਇਤ ਕੀਤੀ ਸੀ। ਉਸ ਵੇਲੇ ਹਰਿਆਣੇ ਦੇ ਸਿੱਖਾਂ ਦਾ ਇਕ ਧੜਾ ਵੀ ਪੰਥਕ ਮੋਰਚੇ ਨਾਲ ਆ ਰਲਿਆ ਸੀ। ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਪੰਥਕ ਜਥੇਬੰਦੀਆਂ ਦੇ ਮੁੜ ਇੱਕਠੇ ਹੋਣ ਦੇ ਯਤਨ ਕਰ ਰਹੀਆਂ ਹਨ। ਇਨ੍ਹਾਂ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਪੰਥਕ ਮੋਰਚੇ ਦੇ ਝੰਡੇ ਥੱਲੇ ਲੜੀ ਸੀ। ਅਕਾਲੀ ਦਲ 1920 ਵੱਲੋਂ ਇਨ੍ਹਾਂ ਜਥੇਬੰਦੀਆਂ ਨਾਲ ਗੱਲ ਚਲਾਉਣ ਲਈ ਪਹਿਲ ਕੀਤੀ ਜਾ ਰਹੀ ਹੈ। ਦਲ ਵੱਲੋਂ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਤਾਲਮੇਲ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦਲ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਬਡਹੇੜੀ ਦਾ ਕਹਿਣਾ ਹੈ ਕਿ ਪੰਚ ਪ੍ਰਧਾਨੀ, ਦਲ ਖਾਲਸਾ, ਖਾਲਸਾ ਪੰਚਾਇਤ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਗੱਲਬਾਤ ਕੀਤੀ ਜਾਵੇਗੀ।

Be the first to comment

Leave a Reply

Your email address will not be published.