ਜਰਨੈਲ ਹਰੀ ਸਿੰਘ ਨਲੂਆ

ਸ਼ ਹਰੀ ਸਿੰਘ ਨਲੂਏ ਦਾ ਨਾਂ ਅਣਖ, ਇਜ਼ਤ, ਸਤਿਕਾਰ, ਬਹਾਦਰੀ ਅਤੇ ਸੂਰਮਤਾਈ ਦਾ ਪ੍ਰਤੀਕ ਹੈ। ਮਹਾਰਾਜਾ ਰਣਜੀਤ ਸਿਘ ਦੇ ਰਾਜਪਾਟ ਨੂੰ ਵਿਸ਼ਾਲਤਾ, ਸਥਿਰਤਾ ਅਤੇ ਵਡਿਆਈ ਸ਼ ਨਲੂਏ ਵਰਗੇ ਜਰਨੈਲਾਂ ਨੇ ਹੀ ਬਖ਼ਸ਼ੀ ਸੀ। ਉਹ ਨਿਰਾ ਨਿਡਰ, ਤਲਵਾਰ ਵਾਹਣ ਵਾਲਾ ਜਰਨੈਲ ਨਹੀਂ ਸੀ, ਸਗੋਂ ਉਹ ਜੋਸ਼ ਦੇ ਨਾਲ-ਨਾਲ ਬੇਮਿਸਾਲ ਹੋਸ਼-ਹਵਾਸ ਦਾ ਵੀ ਮਾਲਕ ਸੀ। ਲੰਮਾ ਚਿਰ ਪਹਿਲਾਂ ਇਸ ਮਹਾਨ ਜਰਨੈਲ ਦੀ ਦੂਰਅੰਦੇਸ਼ੀ, ਅਕਲ, ਜ਼ਿੰਮੇਵਾਰੀ ਅਤੇ ਵਫਾਦਾਰੀ ਬਾਰੇ ਇਕ ਪੜ੍ਹੀ/ਸੁਣੀ ਘਟਨਾ ਯਾਦ ਆ ਗਈ ਹੈ,
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਕੋਈ ਅੰਗਰੇਜ਼ ਮਹਿਮਾਨ ਪਧਾਰਿਆ। ਮਹਿਮਾਨ-ਨਿਵਾਜ਼ੀ ਤੋਂ ਬਾਅਦ ਉਸ ਨੇ ਮਹਾਰਾਜੇ ਕੋਲ ਉਹ ਵੱਡਾ ਕਿਲ੍ਹਾ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਜਿਸ ਦੀ ਵਾਗਡੋਰ ਸ਼ ਨਲੂਏ ਦੇ ਹੱਥ ਸੀ। ਸ਼ਾਹੀ ਮਹਿਮਾਨ ਦੀ ਇੱਛਾ ਪੂਰਤੀ ਵਾਸਤੇ ਮਹਾਰਾਜੇ ਨੇ ਕਿਲ੍ਹੇ ਦੇ ਇੰਚਾਰਜ ਸ਼ ਨਲੂਆ ਵੱਲ ਚਿੱਠੀ ਲਿਖ ਕੇ ਮਹਿਮਾਨ ਨੂੰ ਤੋਰ ਦਿੱਤਾ। ਸ਼ਾਹੀ ਮਹਿਮਾਨ ਨੇ ਜਰਨੈਲ ਕੋਲੋਂ ਆਪਣੀ ਰਸਮੀ ਟਹਿਲ ਸੇਵਾ ਕਰਵਾਉਣ ਤੋਂ ਬਾਅਦ ਮਹਾਰਾਜੇ ਦੀ ਲਿਖੀ ਚਿੱਠੀ ਫੜਾ ਦਿਤੀ। ਚਿੱਠੀ ਦੀ ਇਬਾਰਤ ਸੀ ਕਿ ‘ਇਹ ਅੰਗਰੇਜ਼ ਸਾਡਾ ਸ਼ਾਹੀ ਮਹਿਮਾਨ ਹੈ, ਇਸ ਦੀ ਇੱਛਾ ਅਨੁਸਾਰ ਇਸ ਨੂੰ ਕਿਲ੍ਹਾ ਵਿਖਾਇਆ ਜਾਵੇ।’ ਸ਼ ਨਲੂਆ ਨੇ ਚਿੱਠੀ ਪੜ੍ਹ ਕੇ ਉਸ ਸ਼ਾਹੀ ਮਹਿਮਾਨ ਨੂੰ ਕਿਲ੍ਹਾ ਵਿਖਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸ਼ਾਹੀ ਮਹਿਮਾਨ ਨੇ ਵਾਪਸ ਲਾਹੌਰ ਦਰਬਾਰ ਪਹੁੰਚ ਕੇ ਮਹਾਰਾਜੇ ਨੂੰ ਹਰੀ ਸਿੰਘ ਨਲੂਏ ਦੀ ਇਸ ਹੁਕਮ-ਅਦੂਲੀ ਵਾਲੀ ਕਾਰਵਾਈ ਬਾਰੇ ਦੱਸਿਆ। ਮਹਾਰਾਜੇ ਨੇ ਆਪਣੇ ਜਰਨੈਲ ਨੂੰ ਇਸ ਹੁਕਮ-ਅਦੂਲੀ ਬਾਰੇ ਪੁੱਛਿਆ ਤਾਂ ਜਰਨੈਲ ਦਾ ਜਵਾਬ ਸੀ- ਜਦ ਤੱਕ ਮੈਂ ਇਸ ਕਿਲ੍ਹੇ ਦਾ ਕਿਲ੍ਹੇਦਾਰ ਹਾਂ, ਤਦ ਤੱਕ ਤੁਹਾਡਾ ਇਹ ਹੁਕਮ ਕਦੇ ਨਹੀਂ ਮੰਨਾਂਗਾ। ਬਤੌਰ ਸੈਨਾਪਤੀ ਤੁਹਾਡੇ ਰਾਜ ਨੂੰ ਕਾਇਮ ਰੱਖਣ ਲਈ ਇਹ ਕਿਲ੍ਹਾ ਬਚਾਅ ਕੇ ਰੱਖਣਾ ਮੇਰੀ ਜ਼ਿੰਮੇਵਾਰੀ ਹੈ। ਜਿਸ ਨੂੰ ਤੁਸੀਂ ਸ਼ਾਹੀ ਮਹਿਮਾਨ ਦੱਸ ਕੇ ਕਿਲ੍ਹਾ ਵੇਖਣ/ਪਰਖਣ ਦੀ ਇਜਾਜ਼ਤ ਦੇ ਰਹੇ ਹੋ, ਇਹ ਸ਼ਾਹੀ ਮਹਿਮਾਨ ਨਹੀਂ, ਵਿਦੇਸ਼ੀ ਹਕੂਮਤ ਦਾ ਸੂਹੀਆ ਹੈ।
ਇਕ ਹੋਰ ਘਟਨਾ ਸ਼ ਨਲੂਆ ਬਾਰੇ ਹੈ। ਜਦੋਂ ਉਹ ਅਫ਼ਗਾਨ ਪਠਾਣਾਂ ਉਪਰ ਜਿੱਤਾਂ ਪ੍ਰਾਪਤ ਕਰ ਰਹੇ ਸਨ ਤਾਂ ਪਠਾਣ ਸੋਚਣ ਵਿਚਾਰਨ ਲੱਗੇ ਕਿ ਸਿੰਘਾਂ ਨਾਲੋਂ ਉਹ ਕਿਸੇ ਪਾਸਿਉਂ ਵੀ ਘੱਟ ਨਹੀਂ, ਪਰ ਸਿੰਘਾਂ ਨੂੰ ਜਿੱਤਿਆ ਕਿਉਂ ਨਹੀਂ ਜਾ ਰਿਹਾ? ਸਿੰਘਾਂ ਨਾਲੋਂ ਤਕੜੇ ਸਰੀਰ, ਯੁੱਧ ਕਲਾ, ਹਥਿਆਰਬਾਜ਼ੀ, ਜੋਸ਼, ਬਹਾਦਰੀ ਸਭ ਕੁਝ ਉਨ੍ਹਾਂ ਦੇ ਕੋਲ ਹੈ, ਫਿਰ ਵੀ ਉਹ ਕਿਉਂ ਹਾਰ ਰਹੇ ਹਨ? ਪਠਾਣਾਂ ਨੇ ਚਾਲ ਚੱਲੀ, ਰਾਤ ਸਮੇਂ ਉਨ੍ਹਾਂ ਇਕ ਖੂਬਸੂਰਤ ਮੁਟਿਆਰ ਸ਼ ਨਲੂਆ ਦੇ ਕੈਂਪ ਵਿਚ ਛੱਡ ਦਿੱਤੀ ਜਿਹੜੀ ਜਰਨੈਲ ਦੇ ਸਨਮੁਖ ਹੋ ਕੇ ਦੱਸਣ ਲੱਗੀ ਕਿ ਉਹ ਆਪਣੇ ਘਰ ਦਾ ਰਸਤਾ ਭੁੱਲ ਗਈ ਹੈ, ਮਦਦ ਕਰੋ। ਜਰਨੈਲ ਨੇ ਫ਼ਰਮਾਇਆ-, ‘ਤੂੰ ਸਾਡੀ ਧੀ-ਭੈਣ ਤੇ ਮਹਿਮਾਨ ਹੈਂ, ਅਸੀਂ ਤੈਨੂੰ ਬਾਇਜ਼ਤ ਤੇਰੇ ਘਰ ਪਹੁੰਚਾ ਦੇਵਾਂਗੇ, ਪਰ ਰਾਤ ਦੇ ਵਕਤ ਨਹੀਂ, ਦਿਨੇ ਸਵੇਰੇ।’ ਬੀਬੀ ਨੂੰ ਰਾਤ ਇਜ਼ਤ-ਮਾਣ ਨਾਲ ਸਖਤ ਪਹਿਰੇ ਹੇਠ ਆਪਣੀ ਹਿਫ਼ਾਜ਼ਤ ਵਿਚ ਰੱਖਿਆ ਅਤੇ ਸਵੇਰ ਵੇਲੇ ਧੀ-ਭੈਣ ਵਾਲੇ ਸ਼ਗਨ-ਵਿਹਾਰ ਕਰ ਕੇ ਘਰ ਪਹੁੰਚਾ ਦਿੱਤਾ। ਸਿੰਘਾਂ ਦਾ ਇਹ ਕੌਤਕ ਵੇਖ ਕੇ ਪਠਾਣ ਸਮਝ ਗਏ ਕਿ ਇਹੀ ਹੈ ਸਿੰਘਾਂ ਦੀਆਂ ਜਿੱਤਾਂ ਦਾ ਰਾਜ਼।
ਉਨ੍ਹਾਂ ਵੇਲਿਆਂ ਵਿਚ ਸਿੰਘਾਂ ਦਾ ਇਹ ਜੰਗੀ ਸਿਧਾਂਤ ਸੀ ਕਿ ਸਿੰਘ ਕਦੇ ਵੀ ਬਜ਼ੁਰਗ, ਬੱਚੇ, ਔਰਤ, ਨਿਰਦੋਸ਼, ਬੇਹਥਿਆਰੇ, ਸੁੱਤੇ ਪਏ ਤੇ ਭੱਜੇ ਜਾਂਦੇ ਦੁਸ਼ਮਣ ਦੇ ਪਿਛੋਂ ਵਾਰ ਨਹੀਂ ਸਨ ਕਰਦੇ ਅਤੇ ਸ਼ਰਨ ਵਿਚ ਆਏ ਦੁਸ਼ਮਣ ਦੀ ਵੀ ਸ਼ਰਮ ਕਰਦੇ ਸਨ। ਇਸੇ ਕਰ ਕੇ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀਆਂ ਧੁੰਮਾਂ ਚਹੁੰ-ਕੂੰਟੀ ਪੈ ਰਹੀਆਂ ਸਨ। ਇਹ ਸਨ ਜਰਨੈਲ ਹਰੀ ਸਿੰਘ ਨਲੂਆ ਜਿਹੜੇ ਆਪਣੇ ਉਚੇ ਸੁੱਚੇ ਗੁਣਾਂ ਕਰ ਕੇ ਤਾਂ ਮਹਾਨ ਹੈ ਹੀ ਸਨ, ਉਨ੍ਹਾਂ ਗੁਰੂ ਨਾਨਕ ਦੀ ਸਿੱਖੀ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਸੀ। ਐਵੇਂ ਨਹੀਂ ਦੁਨੀਆਂ ਚੋਟੀ ਦੇ 12 ਫੌਜੀ ਜਰਨੈਲਾਂ ਵਿਚੋਂ ਸ਼ ਨਲੂਆ ਨੂੰ ਪਹਿਲੇ ਨੰਬਰ ਦਾ ਜਰਨੈਲ ਮੰਨਦੀ।
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥
ਸ਼ ਹਰੀ ਸਿੰਘ ਨਲੂਏ ਵਰਗੇ ਉਤਮ ਇਨਸਾਨ ਰੋਜ਼-ਰੋਜ਼ ਅਤੇ ਘਰ-ਘਰ ਨਹੀਂ ਜੰਮਦੇ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਆਪ ਵੀ ਮਹਾਂਬਲੀ ਕਰ ਕੇ ਜਾਣਿਆ ਜਾਂਦਾ ਸੀ, ਪਰ ਉਹ ਵੀ ਆਪਣੇ ਇਸ ਲਾਸਾਨੀ ਅਤੇ ਅਦੁੱਤੀ ਜਰਨੈਲ ਦੇ ਬੇਮਿਸਾਲ ਅਤੇ ਸ਼ਕਤੀਸ਼ਾਲੀ ਸਰੀਰਕ, ਦਿਮਾਗੀ ਅਤੇ ਇਖਲਾਕੀ ਗੁਣਾਂ ਦੀ ਤਾਕਤ ਸਾਹਵੇਂ ਕੰਨ ਭੰਨਦਾ ਸੀ।
-ਦਲਵਿੰਦਰ ਸਿੰਘ ਬੇਕਰਜ਼ਫ਼ੀਲਡ
ਫੋਨ: 661-834-9770

Be the first to comment

Leave a Reply

Your email address will not be published.