ਨਰੇਂਦਰ ਮੋਦੀ ਸਰਕਾਰ ਦੇ 100 ਦਿਨਾਂ ਨੂੰ ਕਾਮਯਾਬੀ ਦੇ ਦਿਨ ਅਤੇ ਕੁਸ਼ਲ ਸਰਕਾਰ ਵਜੋਂ ਸਾਬਤ ਕਰਨ ਲਈ ਹਿੰਦੂਤਵੀ ਤਾਕਤਾਂ ਦਾ ਟਿੱਲ ਲੱਗਿਆ ਪਿਆ ਹੈ। ਇਸ ਮਾਮਲੇ ਵਿਚ ਮੀਡੀਆ ਵੀ ਪਿਛੇ ਨਹੀਂ ਰਿਹਾ। ਅਖਬਾਰਾਂ ਦੇ ਸਫਿਆਂ ਦੇ ਸਫੇ ਮੋਦੀ ਬਾਰੇ ਭਰੇ ਮਿਲਦੇ ਹਨ। ਟੀæਵੀæ ਚੈਨਲਾਂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਨਸ਼ਰ ਕੀਤੇ ਜਾ ਰਹੇ ਹਨ। ਚੋਣਾਂ ਦੌਰਾਨ ਵੀ ਮੀਡੀਆ ਦੇ ਵੱਡੇ ਹਿੱਸੇ ਨੇ ਮਿਥ ਕੇ ਮੋਦੀ ਦੇ ਹੱਕ ਵਿਚ ਹਵਾ ਬਣਾਉਣ ਵਿਚ ਯੋਗਦਾਨ ਪਾਇਆ ਸੀ। ਕਾਰਪੋਰੇਟ ਲਾਣਾ ਤਾਂ ਪਹਿਲਾਂ ਹੀ ਮੋਦੀ ਦੇ ਨਾਲ ਹੈ। ਇਸ ਲਾਣੇ ਨੂੰ ਸਿਰਫ ਤੇ ਸਿਰਫ ਆਪਣੇ ਕਾਰੋਬਾਰ ਨਾਲ ਹੀ ਸਰੋਕਾਰ ਹੈ ਅਤੇ ਇਨ੍ਹਾਂ ਸਰੋਕਾਰਾਂ ਲਈ ਮੋਦੀ ਵਧੀਆ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਉਂਜ ਕੋਈ ਵੀ ਇਹ ਦੱਸਣ ਵਿਚ ਨਾਕਾਮ ਰਿਹਾ ਹੈ ਕਿ ਮੋਦੀ ਸਰਕਾਰ ਨੇ ਪਿਛਲੀ ਮਨਮੋਹਨ ਸਿੰਘ ਸਰਕਾਰ ਨਾਲੋਂ ਐਸਾ ਕਿਹੜਾ ਵੱਖਰਾ ਤੀਰ ਮਾਰਿਆ ਹੈ ਜੋ ਆਮ ਲੋਕਾਂ ਨੂੰ ਨਜ਼ਰ ਹੀ ਨਹੀਂ ਆ ਰਿਹਾ। ਹਾਂ, ਅਜਿਹੀਆਂ ਬਥੇਰੀਆਂ ਗੱਲਾਂ/ਘਟਨਾਵਾਂ ਜ਼ਰੂਰ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਜ਼ਾਹਿਰ ਹੋ ਗਿਆ ਹੈ ਕਿ ਮੋਦੀ ਸਰਕਾਰ ਕਿਸ ਤਰ੍ਹਾਂ ਫਿਰਕੂ ਪਾੜਾ ਵਧਾਉਣ ਵਾਲੀ ਮਸ਼ੀਨਰੀ ਨੂੰ ਵਾਹਵਾ ਤੇਲ ਦੇ ਰਹੀ ਹੈ। ਸਭ ਤੋਂ ਪਹਿਲਾਂ ਤਾਂ ਬਤੌਰ ਪ੍ਰਧਾਨ ਮੰਤਰੀ, ਆਰæਐਸ਼ਐਸ਼ ਆਗੂਆਂ ਨਾਲ ਕੀਤੀ ਭੋਜ-ਮੀਟਿੰਗ ਨੇ ਹੀ ਕਾਫੀ ਕੁਝ ਸਪਸ਼ਟ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਕਮਾਨ ਅਮਿਤ ਸ਼ਾਹ ਵਰਗੇ ਬੰਦੇ ਨੂੰ ਸੌਂਪ ਕੇ ਸਾਫ ਕਰ ਦਿੱਤਾ ਗਿਆ ਕਿ ਸਰਕਾਰ ਅਤੇ ਪਾਰਟੀ ਦਾ ਰੁਖ ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਦਾ ਹੋਵੇਗਾ। ਇਸ ਦੇ ਨਾਲ ਹੀ ਆਰæਐਸ਼ਐਸ਼ ਨੇ ਅਜਿਹਾ ਤਿੱਖਾ ਅਤੇ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ ਕਿ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਕਿਸ ਤਰ੍ਹਾਂ ਦੇ ‘ਅੱਛੇ ਦਿਨਾਂ’ ਦੇ ਸਪੁਰਦ ਕਰਨਾ ਹੈ।
ਦਰਅਸਲ ਇਹ ਤਾਕਤਾਂ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਏਜੰਡੇ ਦੇ ਹਿਸਾਬ ਨਾਲ ਤਿਆਰੀ ਵਿਚ ਜੁਟੀਆਂ ਹੋਈਆਂ ਸਨ। ਇਸ ਬਾਰੇ ਸੂਹ ਇਨ੍ਹਾਂ ਤਾਕਤਾਂ ਨਾਲ ਸਬੰਧਤ ਸੰਸਥਾਵਾਂ, ਜਥੇਬੰਦੀਆਂ ਅਤੇ ਬੰਦਿਆਂ ਤੋਂ ਵੀ ਮਿਲ ਜਾਂਦੀ ਹੈ। ਚੁੱਪ-ਚੁਪੀਤੇ ਆਪਣੀ ਧੁਨ ਵਿਚ ਲੱਗੇ ਰਹਿਣਾ ਇਨ੍ਹਾਂ ਤਾਕਤਾਂ ਦੀ ਖਾਸੀਅਤ ਹੈ ਅਤੇ ਜਦੋਂ ਕੋਈ ਮੌਕਾ ਬਣਦਾ ਹੈ ਤਾਂ ਇਹ ਪੂਰੇ ਜ਼ੋਰ-ਸ਼ੋਰ ਨਾਲ ਸਾਹਮਣੇ ਪ੍ਰਗਟ ਹੋ ਜਾਂਦੀਆਂ ਹਨ। ਪੰਜਾਬ ਵਿਚ ਬਜਰੰਗ ਦਲੀਏ ‘ਰਾਸ਼ਟਰੀ ਸਿੱਖ ਸੰਗਤ’ ਦੀ ਅਗਵਾਈ ਹੇਠ ਚਿਰਾਂ ਤੋਂ ਆਪਣੇ ਪਾਠੀ ਤਿਆਰ ਕਰ ਰਹੇ ਹਨ। ਇਸ ਬਾਰੇ ਇਨ੍ਹਾਂ ਨੇ ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਆਉਣ ਵਾਲੇ ਵਕਤ ਦੌਰਾਨ ਇਨ੍ਹਾਂ ਪਾਠੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਿਸ ਤਰ੍ਹਾਂ ਵਿਆਖਿਆ ਕਰਨੀ ਹੈ, ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਆਪਣੀਆਂ ਸਿਆਸੀ ਲੋੜਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕੱਲ੍ਹ ਦੇ ਕਰਤਾ-ਧਰਤਾ ਇਨ੍ਹਾਂ ਤਾਕਤਾਂ ਲਈ ਅੱਖਾਂ ਵਿਛਾਈ ਖੜ੍ਹੇ ਨਜ਼ਰ ਆ ਰਹੇ ਹਨ। ਇਹੀ ਨਹੀਂ, ਇਹ ਤਾਕਤਾਂ ਬਹੁਤ ਵੱਡੇ ਪੱਧਰ ‘ਤੇ ਆਪਣੀ ਸੋਚ ਦਾ ਘੇਰਾ ਵਗਲ ਰਹੀਆਂ ਹਨ। ਇਸ ਘੇਰੇ ਵਿਚ ਗੁਆਂਢੀ ਮੁਲਕ ਪਾਕਿਸਤਾਨ ਨੂੰ ਵੀ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਪੈਰ ਵਧਾਉਣ ਸਾਰ ਹੀ ਨਰੇਂਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕਸੂਤੀ ਹਾਲਤ ਵਿਚ ਫਸਾ ਦਿੱਤਾ ਸੀ। ਆਪਣੇ ਦੇਸ਼ ਦੀ ਸਿਆਸਤ ਕਾਰਨ ਕਮਜ਼ੋਰ ਪੈ ਰਹੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਮੋਦੀ ਦੇ ਹਲਫਦਾਰੀ ਸਮਾਗਮ ਵਿਚ ਆਉਣਾ ਪਿਆ। ਮਗਰੋਂ ਨਿੱਕੀ ਜਿਹੀ ਗੱਲ ਨੂੰ ਬਹਾਨਾ ਬਣਾ ਕੇ ਦੋਹਾਂ ਦੇਸ਼ਾਂ ਵਿਚਕਾਰ ਚਿਰਾਂ ਪਿਛੋਂ ਹੋ ਰਹੀ ਦੁਵੱਲੀ ਗੱਲਬਾਤ ਮੁਲਤਵੀ ਕਰ ਦਿੱਤੀ ਗਈ। ਇਸ ਤਰ੍ਹਾਂ ਦੇ ਜਲਵੇ ਅਚਾਨਕ ਨਹੀਂ ਹੋ ਰਹੇ, ਸਗੋਂ ਇਹ ਇਨ੍ਹਾਂ ਤਾਕਤਾਂ ਦੇ ਏਜੰਡੇ ਦਾ ਬਾਕਾਇਦਾ ਹਿੱਸਾ ਹਨ ਜਿਸ ਤਹਿਤ ਸਭ ਕੁਝ ਸੋਚ-ਸਮਝ ਕੇ ਹੀ ਅਗਲੇ ਕਦਮ ਉਠਾਏ ਜਾ ਰਹੇ ਹਨ।
ਹੁਣ ਸਵਾਲ ਇਹ ਹੈ ਕਿ ਇਨ੍ਹਾਂ ਤਾਕਤਾਂ ਦਾ ਟਾਕਰਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਇਸ ਸਵਾਲ ਤੋਂ ਪਹਿਲਾਂ ਵਿਚਾਰਨ ਵਾਲਾ ਤੱਥ ਇਹ ਹੈ ਕਿ ਇਨ੍ਹਾਂ ਤਾਕਤਾਂ ਦਾ ਸਿੱਧਾ ਨਿਸ਼ਾਨਾ ਭਾਰਤ ਵਿਚ ਵੱਸਦੇ ਘੱਟ-ਗਿਣਤੀ ਫਿਰਕੇ ਹਨ। ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਸਾਫ ਹੀ ਕਹਿ ਦਿੱਤਾ ਹੈ ਕਿ ਭਾਰਤ/ਹਿੰਦੁਸਤਾਨ ਵਿਚ ਵੱਸਣ ਵਾਲਾ ਹਰ ਬਾਸ਼ਿੰਦਾ ਹਿੰਦੂ ਹੈ। ਹਰ ਭਾਰਤੀ ਦੀ ਪਛਾਣ ਹਿੰਦੂ ਹੈ। ਇਸੇ ਨੂੰ ਆਧਾਰ ਬਣਾ ਕੇ ਉਹ ਹਿੰਦੂਤਵ ਦੀ ਵਿਆਖਿਆ ਕਰਦੇ ਹਨ। ਇਹ ਵਿਆਖਿਆ ਨਿਰੋਲ ਆਰæਐਸ਼ਐਸ਼ ਦੀ ਹੈ। ਸਭ ਨੂੰ ਯਾਦ ਹੈ ਕਿ ਅਮਰੀਕਾ ਦੀ ਧਰਤੀ ਉਤੇ ਪੁੱਜੇ ਪੰਜਾਬੀ ਜਦੋਂ ਰੋਜ਼-ਮੱਰਾ ਦੀ ਜ਼ਿੰਦਗੀ ਨਾਲ ਦੋ-ਦੋ ਹੱਥ ਕਰ ਰਹੇ ਸਨ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਹਿੰਦੀ ਹੋਣ ਦੀ ਪਛਾਣ ਹੀ ਪੀਡੀ ਕੀਤੀ ਸੀ। ਉਨ੍ਹਾਂ ਉਸ ਵੇਲੇ ਜਦੋਂ ਖੁਦ ਨੂੰ ਹਿੰਦੀ ਆਖਿਆ ਸੀ ਤਾਂ ਉਨ੍ਹਾਂ ਦੇ ਸਾਹਮਣੇ ਸਮੁੱਚੇ ਹਿੰਦੁਸਤਾਨ ਦੇ ਨੈਣ-ਨਕਸ਼ ਸਨ, ਕੋਈ ਇਕ ਧਰਮ ਜਾਂ ਨਸਲ ਨਹੀਂ। ਉਂਜ ਵੀ ਇਨ੍ਹਾਂ ਪੰਜਾਬੀਆਂ ਦਾ ਕੌਮਾਂਤਰੀਵਾਦ ਕਾਬਲੇ-ਗੌਰ ਹੈ। ਪਿਛੋਂ ਇਹ ਪੰਜਾਬੀ, ਗਦਰੀਆਂ ਵਜੋਂ ਮਸ਼ਹੂਰ ਹੋਏ ਅਤੇ ਇਨ੍ਹਾਂ ਦੇ ਕਿੱਸੇ ਅੱਜ ਹਰ ਜੁਝਾਰੂ ਸ਼ਖਸ ਦੀ ਜ਼ੁਬਾਨ ‘ਤੇ ਹਨ। ਇਨ੍ਹਾਂ ਗਦਰੀਆਂ ਨੇ ਇਕ ਸਦੀ ਪਹਿਲਾਂ ਉਸ ਸਾਮਰਾਜ ਨਾਲ ਟੱਕਰ ਲੈਣ ਬਾਰੇ ਸੋਚਿਆ ਸੀ ਅਤੇ ਇਸ ਸੋਚ ਉਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਵਿਸ਼ਾਲ ਰਾਜ ਬਾਰੇ ਮਸ਼ਹੂਰ ਸੀ ਕਿ ‘ਇਸ ਰਾਜ ਵਿਚ ਤਾਂ ਸੂਰਜ ਵੀ ਨਹੀਂ ਛੁਪਦਾ।’ ਗਦਰੀਆਂ ਦੀ ਕੌਮਾਂਤਰੀਵਾਦ ਵਾਲੀ ਇਹ ਪਹੁੰਚ ਹੁਣ ਵੀ ਹਿੰਦੂਤਵੀ ਤਾਕਤਾਂ ਨਾਲ ਲੜਾਈ ਦਾ ਮੁੱਢ ਬਣ ਸਕਦੀ ਹੈ। ਅੱਜ ਗਦਰੀਆਂ ਵਾਂਗ ਇਕਸੁਰ ਤੇ ਇਕਜੁਟ ਲਾਮਬੰਦੀ ਦੀ ਲੋੜ ਹੈ ਤਾਂ ਕਿ ਸਿਰ ਉਤੇ ਚੜ੍ਹੀ ਆ ਰਹੀ ਭਾਰੂ ਧਿਰ, ਮੁਲਕ ਦੇ ਲੋਕਾਂ ਨੂੰ ਨਸਲ, ਜਾਤ, ਧਰਮ ਤੇ ਹੋਰ ਵਖਰੇਵਿਆਂ ਦੇ ਨਾਂ ਉਤੇ ਪਾੜ ਨਾ ਸਕੇ। ਉਂਜ ਵੀ ਇਤਿਹਾਸ ਨੇ ਦਰਸਾ ਦਿੱਤਾ ਹੈ ਕਿ ਅਜਿਹੀਆਂ ਲੜਾਈਆਂ ਇਕੱਲਿਆਂ ਜਿੱਤੀਆਂ ਨਹੀਂ ਜਾ ਸਕਦੀਆਂ। ਇਸ ਲੜਾਈ ਲਈ ਇਕੱਲੇ-ਇਕੱਲੇ ਹੱਥ ਦੀ ਹਮਾਇਤ ਦਰਕਾਰ ਹੈ। ਇਸ ਤੋਂ ਬਿਨਾਂ ਹੁਣ ਕੋਈ ਚਾਰਾ ਨਹੀਂ।
Leave a Reply