ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਵਿਚ ਬਾਦਲਾਂ ਦੀ ਚੌਟਾਲਿਆਂ ਨਾਲ ਯਾਰੀ ਤੋਂ ਭਾਜਪਾ ਖਾਸੀ ਔਖੀ ਹੈ। ਮੁੱਖ ਮੰਤਰੀ ਬਾਦਲ ਹੁਣ ਧਰਮ ਸੰਕਟ ਵਿਚ ਫਸ ਗਏ ਹਨ ਕਿ ਉਹ ਦੋਸਤੀ ਜਾਂ ਫਿਰ ਗੱਠਜੋੜ ਵਿਚੋਂ ਕਿਸ ਨੂੰ ਚੁਣਨ।
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਅਤੇ ਹਰਿਆਣਾ ਵਿਚ ਬਾਦਲਾਂ ਦਾ ਚੌਟਾਲਿਆਂ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗੱਠਜੋੜ ਹੈ। ਇਨੈਲੋ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਦਿੱਤੀਆਂ ਹਨ ਤੇ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਐਲਾਨਿਆ ਹੈ।
ਹਰਿਆਣਾ ਦੇ ਭਾਜਪਾ ਆਗੂਆਂ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਤੇ ਹਾਈ ਕਮਾਨ ਕੋਲ ਸ਼ਿਕਾਇਤ ਕੀਤੀ ਹੈ ਕਿ ਸ਼ ਬਾਦਲ ਨੂੰ ਹਰਿਆਣਾ ਵਿਚ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸ਼ ਬਾਦਲ ਇਨੈਲੋ ਦੀ ਥਾਂ ਭਾਜਪਾ ਲਈ ਚੋਣ ਪ੍ਰਚਾਰ ਕਰਨ, ਕਿਉਂਕਿ ਇਸ ਵਾਰ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਆਸਾਰ ਹਨ। ਹਰਿਆਣਾ ਵਿਚ 20 ਲੱਖ ਤੋਂ ਉਪਰ ਸਿੱਖ ਵੋਟਰ ਹਨ ਤੇ 25 ਤੋਂ 30 ਹਲਕਿਆਂ ਵਿਚ ਇਹ ਹਾਰ-ਜਿੱਤ ਦਾ ਫੈਸਲਾ ਕਰਨ ਦੀ ਸਮਰਥਾ ਰੱਖਦੇ ਹਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਇਨੈਲੋ ਦੀ ਹਮਾਇਤ ਨੂੰ ਸਿਆਸੀ ਤੌਰ ‘ਤੇ ਦਰੁਸਤ ਕਰਾਰ ਦਿੰਦਿਆਂ ਕਿਹਾ ਕਿ ਇਨੈਲੋ ਨਾਲ ਅਕਾਲੀ ਦਲ ਦੀ ਪੁਰਾਣੀ ਸਾਂਝ ਹੈ ਜਿਸ ਬਾਰੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਪੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੀ ਪੁਰਾਣੀ ਸਾਂਝ ਮੁਤਾਬਕ ਆਗਾਮੀ ਚੋਣਾਂ ਦੌਰਾਨ ਇਨੈਲੋ ਦੀ ਹਮਾਇਤ ਕਰੇਗੀ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਗੁਆਂਢੀ ਸੂਬੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦਾ ਮੁੱਖ ਮਕਸਦ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਨੂੰ ਹਰਾਉਣਾ ਹੈ। ਹਰਿਆਣਾ ਵਿਚ ਇਨੈਲੋ ਨਾਲ ਖੜ੍ਹਨ ਬਾਰੇ ਭਾਜਪਾ ਹਾਈ ਕਮਾਨ ਨੂੰ ਪਹਿਲਾਂ ਦੀ ਦੱਸਿਆ ਜਾ ਚੁੱਕਿਆ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ‘ਤੇ ਕੋਈ ਅਸਰ ਨਹੀਂ ਹੋਵੇਗਾ। ਉਹ ਆਪਣੇ ਯਾਰ ਮਰਹੂਮ ਦੇਵੀ ਲਾਲ ਚੌਟਾਲਾ ਦੇ ਪਰਿਵਾਰ ਨਾਲ ਆਪਣੀ ਮਿੱਤਰਤਾ ਨਿਭਾਉਣਗੇ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ, ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰਦਾ ਆਇਆ ਹੈ ਪਰ ਉਸ ਵੇਲੇ ਭਾਜਪਾ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੀ ਰਹੀ ਪਰ ਇਸ ਵਾਰ ਲੋਕ ਸਭਾ ਚੋਣਾਂ ਵਿਚ ਰਿਕਾਰਡ ਜਿੱਤ ਮਗਰੋਂ ਭਾਜਪਾ ਦਾ ਰੁਖ ਬਦਲਿਆ ਹੋਇਆ ਹੈ। ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮੁੱਦਾ ਭਖਿਆ ਹੋਣ ਕਾਰਨ ਵੀ ਭਾਜਪਾ ਇਸ ਨੂੰ ਚੋਣਾਂ ਵਿਚ ਆਪਣੇ ਹਿੱਤ ਵਿਚ ਵਰਤਣਾ ਚਾਹੁੰਦੀ ਹੈ। ਦਰਅਸਲ ਇਹ ਮਾਮਲਾ ਉਸ ਵੇਲੇ ਭਖ ਪਿਆ ਜਦੋਂ ਇਨੈਲੋ ਦੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਐਲਾਨ ਕਰ ਦਿੱਤਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨੈਲੋ ਲਈ ਸਟਾਰ ਪ੍ਰਚਾਰਕ ਹੋਣਗੇ।
ਜਲੰਧਰ ਵਿਚ ਉਨ੍ਹਾਂ ਕਿਹਾ ਕਿ ਸ਼ ਬਾਦਲ ਹਮੇਸ਼ਾ ਹੀ ਉਨ੍ਹਾਂ ਦੀ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਆ ਰਹੇ ਹਨ ਅਤੇ ਇਸ ਵਾਰ ਉਹ ਸਮੁੱਚੇ ਹਰਿਆਣਾ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ ਕਰਨਗੇ। ਇਸ ਤੋਂ ਬਾਅਦ ਅਕਾਲੀ ਅਤੇ ਭਾਜਪਾ ਆਗੂਆਂ ਵਿਚਕਾਰ ਕਸ਼ਮਕਸ਼ ਆਰੰਭ ਹੋ ਗਈ।
___________________________________________________
ਅਕਾਲੀ-ਭਾਜਪਾ ਵਿਚਕਾਰ ਕਲੇਸ਼ ਵਧਿਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਅੰਦਰੂਨੀ ਕਲੇਸ਼ ਵਧਣ ਲੱਗਾ ਹੈ। ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਗੱਠਜੋੜ ਦੀ ਮਾੜੀ ਕਾਰਗੁਜ਼ਾਰੀ ਦਾ ਸਾਰਾ ਭਾਂਡਾ ਅਕਾਲੀਆਂ ਸਿਰ ਭੰਨਿਆ ਸੀ। ਇਸ ਤੋਂ ਇਲਾਵਾ ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਭਾਜਪਾ ਦੇ ਸੀਨੀਅਰ ਸੂਬਾਈ ਆਗੂਆਂ ਨੇ ਅਕਾਲੀਆਂ ਨੂੰ ਅੱਖਾਂ
ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਕਾਰਨ ਦੋਵਾਂ ਧਿਰਾਂ ਵਿਚ ਕਲੇਸ਼ ਕਾਫੀ ਵਧ ਗਿਆ ਸੀ। ਹੁਣ ਤਾਜ਼ਾ ਘਟਨਾ ਵਿਚ ਅਕਾਲੀ ਆਗੂ ਤੇ ਸਾਬਕਾ ਪੁਲਿਸ ਮੁਖੀ ਪੀæਐਸ਼ ਗਿੱਲ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਅਕਾਲੀ ਦਲ ਨੇ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਸੀ ਤੇ ਕਿਹਾ ਕਿ ਦੋਹਾਂ ਪਾਰਟੀਆਂ ਨੂੰ ਇਕ-ਦੂਜੀ ਪਾਰਟੀ ਦੇ ਆਗੂਆਂ ਹਥਿਆਉਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਗਠਜੋੜ ਧਰਮ ਦੀ ਉਲੰਘਣਾ ਹੋਵੇਗੀ। ਇਸ ਸਭ ਨੂੰ ਦੇਖਦੇ ਹੋਏ ਦੋਵਾਂ ਧਿਰ ਦੇ ਆਗੂਆਂ ਨੇ ਕੁਝ ਨਰਮੀ ਦਿਖਾਉਂਦੇ ਹੋਏ ਆਪਸੀ ਸਾਂਝ ਨੂੰ ਲੀਹ ‘ਤੇ ਲਿਆਉਣ ਦਾ ਯਤਨ ਵੀ ਕੀਤਾ ਹੈ।
Leave a Reply