ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਜਪਾਨ ਦੌਰੇ ਦੌਰਾਨ ਕਈ ਵਿਵਾਦਗ੍ਰਸਤ ਬਿਆਨ ਦਾਗ ਕੇ ਸਾਰੇ ਸੰਸਾਰ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਹੈ। ਉਨ੍ਹਾਂ ਆਪਣੇ ਇਨ੍ਹਾਂ ਬਿਆਨਾਂ ਵਿਚ ਚੀਨ ਦੇ ਮੁਕਾਬਲੇ ਜਪਾਨ ਨੂੰ ਵਜ਼ਨ ਦੇਣ ਦੇ ਸੰਕੇਤ ਦਿੰਦਿਆਂ ਅਸਿੱਧੇ ਢੰਗ ਨਾਲ ਚੀਨ ਦੀ ਨੁਕਤਾਚੀਨੀ ਵੀ ਕੀਤੀ। ਇਸ ਦੌਰੇ ਦੌਰਾਨ ਉਨ੍ਹਾਂ ਏਸ਼ੀਅਨ ਮੁਲਕਾਂ ਵਿਚਾਲੇ ਸਹਿਯੋਗ ਵਧਾ ਕੇ ਪੱਛਮ ਦੀ ਚੌਧਰ ਦਾ ਪ੍ਰਭਾਵ ਘਟਾਉਣ ਦਾ ਵੀ ਸੰਕੇਤ ਦਿੱਤਾ। ਸ੍ਰੀ ਮੋਦੀ ਦੇ ਇਸ ਦੌਰੇ ‘ਤੇ ਵਿਸ਼ਵ ਭਰ ਦੇ ਮੀਡੀਆ ਦੀਆਂ ਨਜ਼ਰਾਂ ਰਹੀਆਂ ਤੇ ਉਨ੍ਹਾਂ ਵੀ ਮੀਡੀਆ ਦੀ ਨਜ਼ਰ ਆਪਣੇ ਵੱਲ ਖਿੱਚਣ ਦਾ ਕੋਈ ਮੌਕਾ ਨਾ ਜਾਣ ਦਿੱਤਾ।
ਇਸ ਦੌਰੇ ਦੌਰਾਨ ਜਪਾਨ ਨੇ ਭਾਰਤ ਵਿਚ ਆਪਣਾ ਜਨਤਕ ਅਤੇ ਨਿੱਜੀ ਨਿਵੇਸ਼ ਅਗਲੇ ਪੰਜ ਸਾਲਾਂ ਦੌਰਾਨ ਵਧਾ ਕੇ ਦੁੱਗਣਾ ਕਰਦਿਆਂ ਕਰੀਬ 35 ਅਰਬ ਡਾਲਰ ਤੱਕ ਲੈ ਜਾਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦੋਵੇਂ ਮੁਲਕਾਂ ਨੇ ਆਪਣੇ ਸਬੰਧਾਂ ਨੂੰ ਨਵੀਂ ਬੁਲੰਦੀ ਦਿੰਦਿਆਂ ਵਿਸ਼ੇਸ਼ ਰਣਨੀਤਕ ਆਲਮੀ ਭਾਈਵਾਲੀ ਵਿਚ ਬਦਲਣ ਦਾ ਫੈਸਲਾ ਕੀਤਾ ਹੈ। ਦੋਵੇਂ ਮੁਲਕ ਗੈਰ-ਫੌਜੀ ਪਰਮਾਣੂ ਸਮਝੌਤਾ ਸਿਰੇ ਚਾੜ੍ਹਨ ਵਿਚ ਨਾਕਾਮਯਾਬ ਰਹੇ, ਪਰ ਇਸ ਬਾਰੇ ਗੱਲਬਾਤ ਅੱਗੇ ਵਧੀ ਹੈ।
ਮੋਦੀ ਦੇ ਇਸ ਦੌਰੇ ਦੇ ਕੂਟਨੀਤਕ ਤੇ ਰਣਨੀਤਕ ਮਹੱਤਤਾ ਜ਼ਿਆਦਾ ਹੈ। ਮੋਦੀ ਨੇ ਜਾਪਾਨ ਵਿਚੋਂ ਚੀਨ ਉਤੇ ਅਸਿੱਧਾ ਵਾਰ ਕਰਦਿਆਂ ਅਜਿਹੇ ਮੁਲਕਾਂ ਦੀਆਂ ‘ਵਿਸਤਾਰਵਾਦੀ’ ਨੀਤੀਆਂ ਦੀ ਨਿਖੇਧੀ ਕੀਤੀ। ਮੋਦੀ ਨੇ ਉਸ ਦੇਸ਼ ਵੱਲ ਇਸ਼ਾਰਾ ਕੀਤਾ ਜਿਹੜਾ ਦੂਜਿਆਂ ਦੇ ਸਮੁੰਦਰਾਂ ‘ਤੇ ਨਾਜਾਇਜ਼ ਕਬਜ਼ਾ ਕਰਦਾ ਹੈ। ਗੌਰਤਲਬ ਹੈ ਕਿ ਚੀਨ ਤੇ ਜਾਪਾਨ ਦਾ ਸਮੁੰਦਰੀ ਇਲਾਕੇ ਸਬੰਧੀ ਵਿਵਾਦ ਚੱਲਦਾ ਹੈ। ਇਸ ਤੋਂ ਬਿਨਾਂ ਚੀਨ ਦੇ ਭਾਰਤ ਸਮੇਤ ਕਈ ਗੁਆਂਢੀਆਂ ਨਾਲ ਸਰਹੱਦੀ ਝਗੜੇ ਵੀ ਚੱਲਦੇ ਹਨ। ਇਸ ਮੌਕੇ ਉਨ੍ਹਾਂ ਜਾਪਾਨੀ ਕਾਰੋਬਾਰੀਆਂ ਨੂੰ ਭਾਰਤ ਵਿਚ ਖੁੱਲ੍ਹ ਕੇ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਰੇਲਵੇ ਵਿਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਦੀ ਛੋਟ ਦੇ ਚੁੱਕਾ ਹੈ ਤੇ ਰੱਖਿਆ ਤੇ ਬੀਮਾ ਖੇਤਰ ਵਿਚ ਵੀ ਐਫ਼ਡੀæਆਈæ ਦੀ ਹੱਦ ਵਧਾ ਦਿੱਤੀ ਗਈ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਭਾਰਤ ਵਿਚ ਸਮਾਂ ਬਦਲ ਚੁੱਕਿਆ ਹੈ, ਉਥੇ ਹੁਣ ‘ਲਾਲ ਫੀਤਾਸ਼ਾਹੀ’ ਬੀਤੇ ਦੀ ਗੱਲ ਹੋ ਚੁੱਕੀ ਹੈ ਤੇ ਨਿਵੇਸ਼ਕਾਂ ਲਈ ‘ਲਾਲ ਕਾਲੀਨ’ (ਸ਼ਾਹੀ ਸੁਆਗਤ) ਦਾ ਸਮਾਂ ਆ ਚੁੱਕਿਆ ਹੈ। ਇਸ ਲਈ ਉਹ ਖੁੱਲ੍ਹ ਕੇ ਤੇ ਸੌਖੇ ਢੰਗ ਨਾਲ ਨਿਵੇਸ਼ ਕਰ ਸਕਦੇ ਹਨ। ਉਨ੍ਹਾਂ ਜਪਾਨ ਦੇ ਦੌਰੇ ਨੂੰ ਸਫਲ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਮੁਲਕਾਂ ਵਿਚ ਆਪਸੀ ਭਰੋਸਾ ਹੈ ਅਤੇ ਇਹ ਫੈਵੀਕੋਲ ਤੋਂ ਵੀ ਮਜ਼ਬੂਤ ਜੋੜ ਹੈ।
Leave a Reply