ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੰਦਰੂਨੀ ਕਲੇਸ਼ ਸ਼ਾਂਤ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਮੀਟਿੰਗ ਕਰਕੇ ਸਾਰੇ ਫੈਸਲਿਆਂ ਦੀ ਸਾਂਝੀ ਜ਼ਿੰਮੇਵਾਰੀ ਲੈਣ ਦੀ ਸਮਝ ਬਣਾਉਣ ਦਾ ਯਤਨ ਕੀਤਾ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਵੱਲੋਂ ਸਰਕਾਰ ਦੇ ਕੁਝ ਫੈਸਲਿਆਂ ਉਪਰ ਨਜ਼ਰਸਾਨੀ ਕਰਨ ਬਾਰੇ ਸਹਿਮਤੀ ਦੇਣ ਨਾਲ ਦੋਵਾਂ ਧਿਰਾਂ ਵਿਚ ਪੈਦਾ ਹੋਇਆ ਕਲੇਸ਼ ਕੁਝ ਠੰਡਾ ਪੈਣ ਦੀ ਆਸ ਬੱਝੀ ਹੈ। ਇਸ ਤੋਂ ਇਲਾਵਾ ਦੋਵਾਂ ਭਾਈਵਾਲਾਂ ਦਰਮਿਆਨ ਪੈਦਾ ਹੋ ਰਹੇ ਸ਼ੰਕਿਆਂ ਨੂੰ ਦੂਰ ਕਰਨ ਤੇ ਵੋਟਰਾਂ ਵਿਚ ਵੱਖ-ਵੱਖ ਮੁੱਦਿਆਂ ਉਪਰ ਸਰਕਾਰ ਪ੍ਰਤੀ ਪੈਦਾ ਹੋ ਰਹੇ ਰੋਹ ਨੂੰ ਠੱਲ੍ਹਣ ਦੀਆਂ ਸੰਭਾਵਨਾਵਾਂ ਉਪਰ ਵੀ ਗੌਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਗੱਠਜੋੜ ਦੀ ਮਾੜੀ ਕਾਰਗੁਜਾਰੀ ਦਾ ਸਾਰਾ ਭਾਂਡਾ ਅਕਾਲੀਆਂ ਸਿਰ ਭੰਨਿਆਂ ਸੀ। ਇਸ ਤੋਂ ਇਲਾਵਾ ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਭਾਜਪਾ ਦੇ ਸੀਨੀਅਰ ਸੂਬਾਈ ਆਗੂਆਂ ਨੇ ਅਕਾਲੀਆਂ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਕਾਰਨ ਦੋਵਾਂ ਧਿਰਾਂ ਵਿਚ ਕਲੇਸ਼ ਕਾਫੀ ਵਧ ਗਿਆ ਸੀ। ਹੁਣ ਤਾਜ਼ਾ ਘਟਨਾ ਵਿਚ ਸੀਨੀਅਰ ਅਕਾਲੀ ਆਗੂ ਪੀæਐਸ਼ ਗਿੱਲ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਅਕਾਲੀ ਦਲ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਸੀ ਤੇ ਕਿਹਾ ਕਿ ਦੋਹਾਂ ਪਾਰਟੀਆਂ ਨੂੰ ਇਕ-ਦੂਜੀ ਪਾਰਟੀ ਦੇ ਆਗੂਆਂ ਹਥਿਆਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਗਠਜੋੜ ਧਰਮ ਦੀ ਉਲੰਘਣਾ ਹੋਵੇਗੀ।
ਇਸ ਸਭ ਨੂੰ ਦੇਖਦੇ ਹੋਏ ਦੋਵਾਂ ਧਿਰ ਦੇ ਆਗੂਆਂ ਨੇ ਕੁਝ ਨਰਮੀ ਦਿਖਾਉਂਦੇ ਹੋਏ ਆਪਸੀ ਸਾਂਝ ਨੂੰ ਲੀਹ ‘ਤੇ ਲਿਆਉਣ ਦਾ ਯਤਨ ਕੀਤਾ ਹੈ। ਸੂਤਰਾਂ ਮੁਤਾਬਕ ਸੱਤਾਧਾਰੀ ਗੱਠਜੋੜ ਸੰਭਾਵੀ ਤੌਰ ‘ਤੇ ਦਸੰਬਰ ਵਿਚ ਹੋਣ ਵਾਲੀਆਂ ਮਿਉਂਸਿਪਲ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਕੁਝ ਮਸਲਿਆਂ ਨੂੰ ਹੱਲ ਕਰਨ ਦੇ ਰੌਂਅ ਵਿਚ ਹੈ। ਇਨ੍ਹਾਂ ਮੁੱਦਿਆਂ ਉਪਰ ਸਬੰਧਤ ਵਿਭਾਗਾਂ ਤੋਂ ਤੁਰੰਤ ਰਾਇ ਲਈ ਜਾਵੇਗੀ ਤੇ ਮਗਰੋਂ ਆਮ ਲੋਕਾਂ ਦੇ ਵਿਚਾਰ ਲੈ ਕੇ ਪਹਿਲੇ ਫੈਸਲਿਆਂ ਦੀ ਨਜ਼ਰਸਾਨੀ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਤਿੰਨ ਮੈਂਬਰਾਂ ਨੇ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਜਿਥੇ ਪ੍ਰਾਪਰਟੀ ਟੈਕਸ ਲਾਗੂ ਕਰਨ ਵੇਲੇ ਪੈਦਾ ਹੋਈਆਂ ਤਰੁੱਟੀਆਂ ਦੂਰ ਕਰਨ ਦੀ ਗੱਲ ਕੀਤੀ, ਉਥੇ ਵਪਾਰੀ ਤਬਕੇ ਦੇ ਰੋਹ ਨੂੰ ਦੇਖਦਿਆਂ ਕਰ ਪ੍ਰਣਾਲੀ ਨੂੰ ਸਰਲ ਕਰਨ ਦੀ ਗੱਲ ਵੀ ਕੀਤੀ। ਭਾਜਪਾ ਨੇ ਪੰਜ ਮਰਲੇ ਤੋਂ ਛੋਟੇ ਮਕਾਨਾਂ ਤੇ ਖਾਲੀ ਪਲਾਟਾਂ ਤੋਂ ਪ੍ਰਾਪਰਟੀ ਟੈਕਸ ਖਤਮ ਕਰਨ ਦਾ ਸੁਝਾਅ ਦਿੱਤਾ ਹੈ। ਉਧਰ ਅਕਾਲੀ ਦਲ ਦੇ ਮੈਂਬਰਾਂ ਨੇ ਰਾਜ ਦੀ ਵਿੱਤੀ ਸਥਿਤੀ ਅਨੁਸਾਰ ਇਹ ਮੁੱਦੇ ਹੱਲ ਕਰਨ ਦਾ ਹੁੰਗਾਰਾ ਭਰਿਆ। ਮੀਟਿੰਗ ਵਿਚ ਖਾਸ ਕਰਕੇ ਸ਼ਹਿਰੀ ਆਬਾਦੀ ਵਿਚ ਪਿਛਲੇ ਸਮੇਂ ਲਾਏ ਗਏ ਵੱਖ-ਵੱਖ ਟੈਕਸਾਂ ਕਾਰਨ ਪੈਦਾ ਹੋਈ ਬੇਚੈਨੀ ਨੂੰ ਦੂਰ ਕਰਨ ਉਪਰ ਵੀ ਚਰਚਾ ਹੋਈ। ਤਾਲਮੇਲ ਕਮੇਟੀ ਦੇ ਦੋਵਾਂ ਧਿਰਾਂ ਦੇ ਮੈਂਬਰਾਂ ਨੇ ਕੁਝ ਮੁੱਦਿਆਂ ਉਪਰ ਨਜ਼ਰਸਾਨੀ ਕਰਨ ਉਪਰ ਸਾਂਝੀ ਸਹਿਮਤੀ ਬਣਾਈ ਹੈ।
___________________
ਸਾਬਕਾ ਡੀæਜੀæਪੀæ ਗਿੱਲ ਦਾ ਭਾਜਪਾ ‘ਚ ਆਉਣਾ ਗੱਠਜੋੜ ਧਰਮ ਦੇ ਵਿਰੁਧ: ਸ਼ਾਂਤਾ
ਜਲੰਧਰ: ਸਾਬਕਾ ਡੀæਜੀæਪੀæ ਪਰਮਦੀਪ ਸਿੰਘ ਗਿੱਲ ਨੂੰ ਭਾਜਪਾ ਵਿਚ ਲਏ ਜਾਣ ਉਤੇ ਪਹਿਲਾਂ ਹੀ ਸਖ਼ਤ ਇਤਰਾਜ਼ ਪ੍ਰਗਟਾ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਟੈਂਡ ਦੀ ਵਕਾਲਤ ਕਰਦਿਆਂ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਕਿਹਾ ਕਿ ਅਜਿਹਾ ਕਰਨਾ ਗੱਠਜੋੜ ਧਰਮ ਦੇ ਵਿਰੁੱਧ ਹੈ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੂੰ ਹਦਾਇਤ ਕੀਤੀ ਕਿ ਭਵਿੱਖ ਵਿਚ ਅਜਿਹਾ ਕੁਝ ਨਹੀਂ ਵਾਪਰਨਾ ਚਾਹੀਦਾ ਜੋ ਗੱਠਜੋੜ ਧਰਮ ਦੇ ਵਿਰੁੱਧ ਹੋਵੇ। ਜ਼ਿਕਰਯੋਗ ਹੈ ਕਿ ਸਾਬਕਾ ਡੀæਜੀæਪੀæ ਪਰਮਦੀਪ ਸਿੰਘ ਗਿੱਲ 25 ਅਗਸਤ ਨੂੰ ਜੰਮੂ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਇਕ ਰੈਲੀ ਦੌਰਾਨ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸ੍ਰੀ ਗਿੱਲ ਦੇ ਭਾਜਪਾ ਵਿਚ ਸ਼ਾਮਲ ਹੋਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ ਤੇ ਇਸ ਨੂੰ ਗੱਠਜੋੜ ਧਰਮ ਦੇ ਵਿਰੁੱਧ ਦੱਸਿਆ ਸੀ। ਸ੍ਰੀ ਕੁਮਾਰ ਨੇ ਭਾਜਪਾ ਦੇ ਮੰਤਰੀਆਂ ਬਾਰੇ ਕੀਤੇ ਜਾਣ ਵਾਲੇ ਕਿਸੇ ਵੀ ਫੇਰਬਦਲ ਤੋਂ ਇਨਕਾਰ ਕਰਦਿਆਂ ਕਿਹਾ ਭਵਿੱਖ ਵਿਚ ਅਜਿਹੇ ਕਿਸੇ ਵੀ ਫੇਰਬਦਲ ਦੀ ਕੋਈ ਸੰਭਾਵਨਾ ਨਹੀਂ ਹੈ।
ਪੰਜਾਬ ਭਾਜਪਾ ਦੇ ਮੁਖੀ ਕਮਲ ਸ਼ਰਮਾ ਨੇ ਇਸ ਦੌਰਾਨ ਕਿਹਾ ਕਿ ਪੁਲਿਸ ਅਫ਼ਸਰ ਵਜੋਂ ਅਪਣੇ ਕਾਰਜਕਾਲ ਦੌਰਾਨ ਜ਼ਿਆਦਾਤਰ ਸਮਾਂ ਗਿੱਲ ਜੰਮੂ-ਕਸ਼ਮੀਰ ਵਿਚ ਰਹੇ ਸਨ ਤੇ ਉਹ ਜੰਮੂ ਤੇ ਕਸ਼ਮੀਰ ਦੇ ਲੋਕਾਂ ਬਾਰੇ ਜ਼ਿਆਦਾ ਜਾਣਦੇ ਹਨ।ਇਸ ਲਈ ਉਹ ਉਥੇ ਹੀ ਭਾਜਪਾ ਵਿਚ ਸ਼ਾਮਲ ਹੋਣਗੇ। ਗਿੱਲ 1974 ਬੈਚ ਦੇ ਜੰਮੂ-ਕਸ਼ਮੀਰ ਕੈਡਰ ਦੇ ਆਈæਪੀæਐਸ਼ ਅਫ਼ਸਰ ਹਨ ਤੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਵੀ ਹਨ।
Leave a Reply