ਪੰਜਾਬ ਵਿਚ ਆਪਸੀ ਫੁੱਟ ਨੇ ਪਤਨ ਦੇ ਰਾਹ ਤੋਰੀ ‘ਆਪ’

ਚੰਡੀਗੜ੍ਹ: ਪੰਜਾਬ ਵਿਚ ਹਾਲ ਹੀ ਵਿਚ ਪਟਿਆਲਾ ਤੇ ਤਲਬੰਡੀ ਸਾਬੋ ਵਿਖੇ ਹੋਈਆਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ Ḕਆਪ’ ਨੂੰ ਮਿਲੀ ਹਾਰ ਨੇ ਸੂਬੇ ਵਿਚ ਪਾਰਟੀ ਦਾ ਭਵਿੱਖ ਖ਼ਤਰੇ ਵਿਚ ਪਾ ਦਿੱਤਾ ਹੈ। ਲੋਕ ਸਭਾ ਚੋਣਾਂ ਵਿਚ ਦੋਵਾਂ ਪ੍ਰਮੁੱਖ ਸਿਆਸੀ ਧਿਰਾਂ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇ ਕੇ ਚਾਰ ਸੀਟਾਂ ਹਾਸਲ ਕਰਨ ਵਾਲੀ Ḕਆਪ’ ਦੇ ਉਮੀਦਵਾਰ ਦੋਹਾਂ ਹਲਕਿਆਂ ਤੋਂ ਆਪਣੀਆਂ ਜਮਾਨਤਾਂ ਵੀ ਨਹੀਂ ਬਚਾ ਸਕੇ। ਇਸ ਸ਼ਰਮਨਾਕ ਹਾਰ ਤੋਂ ਸਬਕ ਲੈਣ ਦੀ ਥਾਂ ਆਪ ਦੀ ਸੂਬਾਈ ਲੀਡਰਸ਼ਿੱਪ ਵਿਚ ਆਪਸੀ ਕਲੇਸ਼ ਵਿਚ ਉਲਝ ਗਈ ਹੈ।
Ḕਆਪ’ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਖ਼ੁਦ ਮੰਨਿਆ ਹੈ ਕਿ ਆਪਸੀ ਫੁੱਟ ਨੇ ਸੂਬੇ ਵਿਚ ਪਾਰਟੀ ਦਾ ਸਭਾ ਤੋਂ ਵੱਧ ਨੁਕਸਾਨ ਕੀਤਾ ਹੈ। ਡਾæ ਗਾਂਧੀ ਨੇ ਇਸ ਮੌਕੇ ਦਾਅਵਾ ਕੀਤਾ ਕਿ ਪਟਿਆਲਾ ਵਿਚ ਸਿਰਫ 59 ਪ੍ਰਤੀਸ਼ਤ ਵੋਟ ਪਈ ਤੇ 41 ਪ੍ਰਤੀਸ਼ਤ ਵੋਟ ਉਕਤ ਦੋਵਾਂ ਪਾਰਟੀਆਂ ਦੀ ਦਹਿਸ਼ਤ ਕਾਰਨ ਨਹੀਂ ਪਈ ਜੋ Ḕਆਪ’ ਪਾਰਟੀ ਨੂੰ ਨੁਕਸਾਨ ਹੋਇਆ। ਇਥੇ ਬੂਥਾਂ ‘ਤੇ ਕਬਜ਼ੇ ਵੀ ਕੀਤੇ ਗਏ।
ਉਨ੍ਹਾਂ ਤਲਵੰਡੀ ਸਾਬੋ ਜ਼ਿਮਨੀ ਚੋਣ ਦੀ ਗੱਲ ਕਰਦਿਆਂ ਆਖਿਆ ਕਿ ਇੱਥੋਂ ਪਹਿਲਾਂ ਆਪ ਨੇ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਸੀ ਤੇ ਬਾਅਦ ਵਿਚ ਉਮੀਦਵਾਰ ਬਦਲਣ ‘ਤੇ Ḕਆਪ’ ਪਾਰਟੀ ਆਪਸੀ ਫੁੱਟ ਦਾ ਸ਼ਿਕਾਰ ਹੋਈ, ਜਿਸ ਦਾ ਸਿੱਧਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹੋਇਆ। ਉਧਰ ਵੱਡੀ ਗਿਣਤੀ ਪਾਰਟੀ ਵਰਕਰ ਇਸ ਹਾਰ ਦੀ ਜ਼ਿੰਮੇਵਾਰੀ ਡਾæ ਧਰਮਵੀਰ ਗਾਂਧੀ ‘ਤੇ ਪਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਵਰਕਰਾਂ ਦੀ ਸਲਾਹ ਤੋਂ ਬਿਨਾਂ ਹੀ ਉਮੀਦਵਾਰ ਚੁਣਿਆ ਸੀ। ਹਾਲਾਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਹੈ ਕਿ ਜੋ ਲੋਕ ਡਾæ ਧਰਮਵੀਰ ਗਾਂਧੀ ਨੂੰ ਅਸਤੀਫ਼ਾ ਦੇਣ ਤੇ ਉਨ੍ਹਾਂ ਦਾ ਘਿਰਾਉ ਕਰ ਰਹੇ ਹਨ, ਉਹ ਪਾਰਟੀ ਵਿਚੋਂ ਕੱਢੇ ਹੋਏ ਹਨ। ਦੂਜੇ ਪਾਸੇ ਡਾæ ਗਾਂਧੀ ਦੀ ਵਿਰੋਧਤਾ ਕਰ ਰਹੇ ਆਗੂਆਂ ਨੇ ਕਿਹਾ ਹੈ ਕਿ ਜਰਨੈਲ ਸਿੰਘ ਨੂੰ ਸਾਨੂੰ ਪਾਰਟੀ ਵਿਚੋਂ ਕੱਢਣ ਦਾ ਕੋਈ ਅਧਿਕਾਰ ਨਹੀਂ ਹੈ।
ਇਨ੍ਹਾਂ ਆਗੂਆਂ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿਸ਼ੇਸ਼ ਤੌਰ ‘ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਇਕ ਤਰ੍ਹਾਂ ਨਾਲ ਬਗਾਵਤ ਦਾ ਝੰਡਾ ਬੁਲੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਹੈ। ਪਾਰਟੀ ਨਾਲ ਸਬੰਧਤ ਕਈ ਜ਼ਿਲ੍ਹਿਆਂ ਦੇ ਵਰਕਰਾਂ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਉਕਤ ਦੋ ਜ਼ਿਮਨੀ ਚੋਣਾਂ ਵਿਚ ਪਾਰਟੀ ਦੇ ਦੋਹਾਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣ ਦੀ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ।
ਕਈ ਵਰਕਰ ਮਹਿਸੂਸ ਕਰਦੇ ਹਨ ਕਿ ਇਸ ਸਾਲ ਮਈ ਮਹੀਨੇ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਦੇਸ਼ ਭਰ ਵਿਚੋਂ ਪੰਜਾਬ ਹੀ ਇਕੋ ਇਕ ਸੂਬਾ ਸੀ ਜਿਥੇ ਚਾਰ ਸੀਟਾਂ ਜਿੱਤ ਕੇ Ḕਆਪ’ ਦਾ ਝੰਡਾ ਪਹਿਲੀ ਵਾਰ ਝੁਲਾਇਆ ਗਿਆ ਸੀ। ਇਨ੍ਹਾਂ ਦਾ ਗਿਲਾ ਇਹ ਹੈ ਕਿ ਜਿਥੇ ਦੇਸ਼ ਭਰ ਵਿਚ Ḕਆਪ’ ਨੂੰ ਬੁਰੀ ਤਰ੍ਹਾਂ ਜਨਤਾ ਨੇ ਰੱਦ ਕਰ ਦਿੱਤਾ ਸੀ ਉਥੇ ਪੰਜਾਬ ਵਿਚ ਚਾਰ ਸੀਟਾਂ ਜਿੱਤਾ ਕੇ ਦੇਸ਼ ਦੀ ਰਾਜਨੀਤੀ ਵਿਚ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ, ਪਰ ਉਪ ਚੋਣਾਂ ਦੇ ਨਤੀਜਿਆਂ ਨੇ ਸਭ ਕੁਝ ਮਿੱਟੀ ਵਿਚ ਮਿਲਾ ਦਿੱਤਾ।
______________________________________________
ਪੈਸੇ ਦੇ ਜ਼ੋਰ ਜਿੱਤੀਆਂ ਦੋਵੇਂ ਪਾਰਟੀਆਂ: ਗਾਂਧੀ
ਪਟਿਆਲਾ ਤੋਂ ḔਆਪḔ ਦੇ ਲੋਕ ਸਭਾ ਮੈਂਬਰ ਡਾæ ਧਰਮਵੀਰ ਗਾਂਧੀ ਦਾ ਦੋਸ਼ ਹੈ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਵਿਚਕਾਰ ਇਹ ਗੁਪਤ ਸਮਝੌਤਾ ਹੋਇਆ ਸੀ ਕਿ ਪਟਿਆਲਾ ਸੀਟ ਕਾਂਗਰਸ ਅਤੇ ਤਲਵੰਡੀ ਸਾਬੋ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਈ ਜਾਵੇ। ਇਹ ਦੋਵੇਂ ਸੀਟਾਂ ਇਨ੍ਹਾਂ ਦੋਹਾਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਵੀ ਸਨ। ਲੋਕ ਸਭਾ ਚੋਣਾਂ ਵਿਚ ਪਟਿਆਲਾ ਤੋਂ ਆਪਣੀ ਜਿੱਤ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕਾ ਕਾਫੀ ਲੰਮਾ-ਚੌੜਾ ਸੀ, ਜਿਥੇ ਦੋਵਾਂ ਪਾਰਟੀਆ ਵੱਲੋਂ ਵੋਟਰਾਂ ਨੂੰ ਪੈਸੇ, ਸ਼ਰਾਬ ਤੇ ਹੋਰ ਨਸ਼ੇ ਵੰਡਣਾ ਵੱਸ ਦੀ ਗੱਲ ਨਹੀਂ ਸੀ, ਇਸ ਲਈ ਸਚਾਈ ਦੀ ਜਿੱਤ ਹੋਈ। ਉਨ੍ਹਾਂ ਦਾਅਵਾ ਕੀਤਾ ਕਿ 2017 ਵਿਚ ਪੰਜਾਬ ਵਿਚ ḔਆਪḔ ਦੀ ਸਰਕਾਰ ਬਣਨੀ ਯਕੀਨੀ ਹੈ। ḔਆਪḔ ਪਿੰਡਾਂ, ਸ਼ਹਿਰਾਂ ਤੇ ਪੰਜਾਬ ਪੱਧਰ ‘ਤੇ ਮਸਲੇ ਜਿਵੇਂ ਇੰਡਸਟਰੀ ਤੇ ਡਰੱਗਸ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ ।

Be the first to comment

Leave a Reply

Your email address will not be published.