ਬਠਿੰਡਾ: ਪੰਜਾਬ ਦੀਆਂ ਜੇਲ੍ਹਾਂ ਨੂੰ ਉਧਾਰ ਮਿਲਣਾ ਬੰਦ ਹੋ ਗਿਆ ਹੈ ਕਿਉਂਕਿ ਜੇਲ੍ਹ ਪ੍ਰਬੰਧਕਾਂ ਨੇ ਫਰਮਾਂ ਤੋਂ ਸਾਮਾਨ ਤਾਂ ਖਰੀਦ ਲਿਆ ਪਰ ਅਦਾਇਗੀ ਕੀਤੀ ਨਹੀਂ। ਜੇਲ੍ਹ ਪ੍ਰਬੰਧਕ ਸਰਕਾਰ ਨੂੰ ਪੱਤਰ ਭੇਜ ਕੇ ਥੱਕ ਗਏ ਹਨ ਪਰ ਸਰਕਾਰ ਨੇ ਬਕਾਏ ਤਾਰਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਹੈ। ਇਸ ਕਾਰਨ ਜੇਲ੍ਹਾਂ ਸਿਰ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਤੇ ਹੁਣ ਕਈ ਜੇਲ੍ਹਾਂ ਨੂੰ ਤਾਂ ਕੋਈ ਉਧਾਰ ਸਾਮਾਨ ਦੇਣ ਨੂੰ ਵੀ ਤਿਆਰ ਨਹੀਂ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਵੇਰਵਿਆਂ ਮੁਤਾਬਕ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਨੂੰ ਹੁਣ ਫਰਮਾਂ ਨੇ ਉਧਾਰ ਸਾਮਾਨ ਦੇਣ ਤੋਂ ਟਾਲਮਟੋਲ ਸ਼ੁਰੂ ਕਰ ਦਿੱਤੀ ਹੈ।
ਨਾਭਾ ਦੀ ਰਜਿੰਦਰਾ ਗੈਸ ਏਜੰਸੀ ਨੇ ਤਾਂ ਉਧਾਰ ਦੇਣ ਤੋਂ ਟਾਲਾ ਵੱਟ ਲਿਆ ਹੈ। ਇਸ ਜੇਲ੍ਹ ਨੇ ਤਕਰੀਬਨ 63 ਲੱਖ ਰੁਪਏ ਦਾ ਉਧਾਰ ਸਾਮਾਨ ਚੁੱਕਿਆ ਹੋਇਆ ਹੈ ਤੇ ਤਕਰੀਬਨ 2011 ਤੋਂ ਕਈ ਫਰਮਾਂ ਦੇ ਬਕਾਏ ਦੇਣੇ ਹਨ। ਇਸ ਜੇਲ੍ਹ ਨੇ ਗੈਸ ਏਜੰਸੀਆਂ ਤੋਂ 7æ07 ਲੱਖ ਰੁਪਏ ਦੀ ਗੈਸ ਉਧਾਰੀ ਲੈ ਕੇ ਵਰਤ ਲਈ ਹੈ ਪਰ ਜੇਲ੍ਹ ਪ੍ਰਬੰਧਕਾਂ ਕੋਲ ਬਜਟ ਨਹੀਂ ਹੈ। ਢਾਈ ਲੱਖ ਰੁਪਏ ਲੋਕਲ ਦੁਕਾਨਦਾਰਾਂ ਦੇ ਦੇਣੇ ਹਨ।
ਨਵੀਂ ਜੇਲ੍ਹ ਨੇ ਖੁੱਲ੍ਹੀ ਜੇਲ੍ਹ ਨਾਭਾ ਦੇ 36æ90 ਲੱਖ ਰੁਪਏ ਤੇ ਕੇਂਦਰੀ ਜੇਲ੍ਹ ਪਟਿਆਲਾ ਦੇ 17æ48 ਲੱਖ ਰੁਪਏ ਦੇਣੇ ਹਨ। ਨਾਭਾ ਦੀ ਖੁੱਲ੍ਹੀ ਖੇਤੀਬਾੜੀ ਜੇਲ੍ਹ ਨੇ 15 ਫਰਮਾਂ ਦੇ 23æ24 ਲੱਖ ਰੁਪਏ ਦੇ ਬਕਾਏ ਦੇਣੇ ਹਨ। ਖੁੱਲ੍ਹੀ ਖੇਤੀਬਾੜੀ ਜੇਲ੍ਹ ਤੋਂ ਬੋੜਾ ਕਲਾਂ ਦੇ ਸਤਨਾਮ ਸਿੰਘ ਤੇ ਮਨਜੀਤ ਸਿੰਘ ਨੇ 4æ44 ਲੱਖ ਰੁਪਏ ਲੈਣੇ ਹਨ ਤੇ ਇਸੇ ਤਰ੍ਹਾਂ ਪਾਲ ਖਾਦ ਸਟੋਰ ਦੇ 1æ80 ਲੱਖ ਰੁਪਏ ਦੇ ਬਕਾਏ ਖੜ੍ਹੇ ਹਨ। ਜੁਨੇਜਾ ਪੈਟਰੋਲ ਪੰਪ ਬੋੜਾ ਕਲਾਂ ਨੇ ਵੀ ਇਸ ਜੇਲ੍ਹ ਤੋਂ 1æ12 ਲੱਖ ਰੁਪਏ ਦੇ ਬਕਾਏ ਲੈਣੇ ਹਨ। ਇਸ ਜੇਲ੍ਹ ਦੇ ਪ੍ਰਬੰਧਕਾਂ ਵੱਲੋਂ 16 ਜੂਨ 2013 ਤੋਂ ਹੁਣ ਤੱਕ ਅੱਧੀ ਦਰਜਨ ਪੱਤਰ ਡੀæਜੀæਪੀ (ਜੇਲ੍ਹਾਂ) ਨੂੰ ਭੇਜੇ ਗਏ ਹਨ ਪਰ ਕੋਈ ਪੈਸਾ ਨਹੀਂ ਮਿਲਿਆ ਹੈ। ਸਭ ਤੋਂ ਵੱਡੀ ਦੇਣਦਾਰੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੀ ਹੈ ਜਿਸ ਨੇ ਤਕਰੀਬਨ 35 ਫਰਮਾਂ ਦੇ 2æ41 ਕਰੋੜ ਰੁਪਏ ਦੇਣੇ ਹਨ, ਜਿਸ ਵਿਚ 12 ਮੈਡੀਕਲ ਫਰਮਾਂ ਦੇ 27æ74 ਲੱਖ ਰੁਪਏ ਸ਼ਾਮਲ ਹਨ।
ਸੂਤਰਾਂ ਨੇ ਦੱਸਿਆ ਕਿ ਪੁਰਾਣੇ ਬਕਾਏ ਕਲੀਅਰ ਨਾ ਕੀਤੇ ਜਾਣ ਕਰਕੇ ਕਈ ਫਰਮਾਂ ਨੇ ਜੇਲ੍ਹ ਨੂੰ ਹੋਰ ਸਾਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਧੂਰੀ ਦੀ ਫਰਮ ਅਮਰ ਟਰੇਡਰਜ਼ ਦੀ 68,800 ਰੁਪਏ ਦੀ ਰਕਮ ਤੇ ਲੁਧਿਆਣਾ ਦੀ ਖੱਪਲ ਇੰਡਸਟਰੀਜ਼ ਦੇ 1æ35 ਲੱਖ ਰੁਪਏ ਦੀ ਅਦਾਇਗੀ ਦੋ ਵਰ੍ਹਿਆਂ ਤੋਂ ਨਹੀਂ ਕੀਤੀ ਗਈ ਹੈ। ਲੋਕਲ ਦੁਕਾਨਦਾਰਾਂ ਦੇ 1æ20 ਲੱਖ ਰੁਪਏ ਦੇ ਬਕਾਏ ਵੀ ਖੜ੍ਹੇ ਹਨ। ਬਠਿੰਡਾ ਜੇਲ੍ਹ ਨੇ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਬਕਾਏ ਕਲੀਅਰ ਕੀਤੇ ਹਨ। ਜੇਲ੍ਹ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਹੁਣ ਸਾਰੇ ਬਕਾਏ ਦੇ ਦਿੱਤੇ ਗਏ ਹਨ ਤੇ ਕੋਈ ਦੇਣਦਾਰੀ ਨਹੀਂ ਹੈ।
ਸਰਕਾਰ ਦੀ ਮਾਲੀ ਹਾਲਤ ਪਤਲੀ ਹੋਣ ਕਰਕੇ ਕੈਦੀਆਂ ਦੀ ਕਿਰਤ ਕਮਾਈ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਪੈਸਕੋ ਦੇ ਮੁਲਾਜ਼ਮਾਂ ਨੂੰ ਵੀ 26æ14 ਲੱਖ ਰੁਪਏ ਦੀ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਕੇਂਦਰੀ ਜੇਲ੍ਹ ਪਟਿਆਲਾ ਵੱਲ ਡੇਢ ਦਰਜਨ ਫਰਮਾਂ ਦੇ 17æ64 ਲੱਖ ਰੁਪਏ ਦੇ ਬਕਾਏ ਸਾਲ 2012 ਤੋਂ ਖੜ੍ਹੇ ਹਨ। ਸਰਕਾਰੀ ਸੂਚਨਾ ਮੁਤਾਬਕ ਅੰਮ੍ਰਿਤਸਰ ਜੇਲ੍ਹ ਨੇ ਤਾਂ ਮ੍ਰਿਤਕ ਬੰਦੀਆਂ ਦੇ ਪੋਸਟਮਾਰਟਮ ‘ਤੇ ਆਈ 45,198 ਰੁਪਏ ਦੇ ਖਰਚ ਦੀ ਅਦਾਇਗੀ ਵੀ ਹਾਲੇ ਤੱਕ ਨਹੀਂ ਕੀਤੀ ਹੈ। ਪਾਕਿ ਇਨਟਰਨੀ ਦਾ 67,400 ਰੁਪਏ ਦਾ ਮੁਆਵਜ਼ਾ ਵੀ ਖੜ੍ਹਾ ਹੈ। ਗਾਰਦ ਦੀਆਂ ਵਰਦੀਆਂ ਦੀ ਸਵਾ ਦੋ ਲੱਖ ਰੁਪਏ ਦੀ ਰਕਮ ਵੀ ਹਾਲੇ ਜੇਲ੍ਹ ਸਿਰ ਖੜ੍ਹੀ ਹੈ।
ਫ਼ਿਰੋਜ਼ਪੁਰ ਜੇਲ੍ਹ ਵੱਲ ਫਰਮਾਂ ਦੇ 21æ77 ਲੱਖ ਰੁਪਏ ਬਕਾਇਆ ਖੜ੍ਹੇ ਹਨ। ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਕੁਝ ਬਕਾਏ ਕਲੀਅਰ ਕਰਨ ਵਾਸਤੇ ਬਜਟ ਆ ਗਿਆ ਹੈ ਤੇ ਖ਼ਜ਼ਾਨੇ ਵਿਚੋਂ ਕਢਵਾਉਣ ਵਾਲਾ ਹੈ। ਸੰਗਰੂਰ ਜੇਲ੍ਹ ਨੇ ਅੰਬਾਲਾ ਦੀ ਵੀæਐਸ਼ਐਮæ ਇੰਡਸਟਰੀਜ਼ ਦੇ 70,600 ਰੁਪਏ ਤੇ ਲੁਧਿਆਣਾ ਦੀ ਕਮਲ ਇੰਡਸਟਰੀਜ਼ ਦੇ 61,734 ਰੁਪਏ ਦੇ ਬਿੱਲ ਹਾਲੇ ਤੱਕ ਕਲੀਅਰ ਨਹੀਂ ਕੀਤੇ ਹਨ।
ਇਸੇ ਤਰ੍ਹਾਂ ਹੀ ਲੁਧਿਆਣਾ ਦੀ ਬੋਰਸਟਲ ਜੇਲ੍ਹ ਨੇ ਪ੍ਰਾਈਵੇਟ ਅਦਾਰਿਆਂ ਦੇ 8æ80 ਲੱਖ ਰੁਪਏ ਦੇਣੇ ਹਨ। ਇਸ ਜੇਲ੍ਹ ਨੇ ਕਮਲ ਇੰਡਸਟਰੀਜ਼ ਦੇ 2æ90 ਲੱਖ ਰੁਪਏ, ਅੰਬਾਲਾ ਦੀ ਵੀæਐਸ਼ਐਮ ਦੇ 1æ41 ਲੱਖ ਰੁਪਏ ਤੇ ਗੁਹਾਣਾ ਦੀ ਗੁਪਤਾ ਟੈਕਸਟਾਈਲ ਦੇ 4æ40 ਲੱਖ ਰੁਪਏ ਦੇ ਬਕਾਏ ਹਾਲੇ ਤੱਕ ਤਾਰੇ ਨਹੀਂ ਹਨ। ਇਸ ਜੇਲ੍ਹ ਦੇ ਪ੍ਰਬੰਧਕਾਂ ਨੇ ਬਕਾਏ ਕਲੀਅਰ ਕਰਨ ਵਾਸਤੇ ਜੇਲ੍ਹ ਵਿਭਾਗ ਨੂੰ ਸੱਤ ਜੁਲਾਈ 2011 ਤੋਂ ਹੁਣ ਤੱਕ 10 ਪੱਤਰ ਭੇਜੇ ਹਨ ਪਰ ਜੇਲ੍ਹ ਨੂੰ ਕੋਈ ਪੈਸਾ ਨਹੀਂ ਮਿਲਿਆ ਹੈ।
_____________________________________________________________
ਇਕ-ਦੂਜੀ ਜੇਲ੍ਹ ਤੋਂ ਉਧਾਰ ਲੈ ਕੇ ਚਲਾਇਆ ਜਾ ਰਿਹਾ ਹੈ ਕੰਮ
ਜ਼ਿਆਦਾਤਰ ਜੇਲ੍ਹਾਂ ਦਾ ਕੰਮ ਇਕ-ਦੂਜੇ ਤੋਂ ਉਧਾਰ ਲੈ ਕੇ ਚਲਾਇਆ ਜਾ ਰਿਹਾ ਹੈ। ਬਰਨਾਲਾ ਦੀ ਸਬ-ਜੇਲ੍ਹ ਸਿਰ ਬਠਿੰਡਾ ਜੇਲ੍ਹ ਦੀ 8æ98 ਲੱਖ ਰੁਪਏ, ਖੁੱਲ੍ਹੀ ਖੇਤੀ ਜੇਲ੍ਹ ਨਾਭਾ ਦੀ 95æ91 ਲੱਖ, ਸੰਗਰੂਰ ਜੇਲ੍ਹ ਦੀ 1æ82 ਲੱਖ ਰੁਪਏ ਦੀ ਦੇਣਦਾਰੀ ਹੈ। ਕਾਫੀ ਬਕਾਏ ਤਾਂ ਸਾਲ 2002 ਤੋਂ ਖੜ੍ਹੇ ਹਨ। ਇਹੀ ਹਾਲ ਪੰਜਾਬ ਦੀਆਂ ਬਾਕੀ ਜੇਲ੍ਹਾਂ ਦਾ ਹੈ।
ਵੱਡੀ ਦਿੱਕਤ ਜੇਲ੍ਹ ਪ੍ਰਬੰਧਕਾਂ ਨੂੰ ਆਉਂਦੀ ਹੈ ਜਿਨ੍ਹਾਂ ਨੂੰ ਐਮਰਜੈਂਸੀ ਵੇਲੇ ਸਥਾਨਕ ਮਾਰਕੀਟ ਵਿਚੋਂ ਉਧਾਰ ਚੁੱਕਣਾ ਪੈਂਦਾ ਹੈ। ਆਈæਜੀæ ਜੇਲ੍ਹਾਂ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਜੇਲ੍ਹਾਂ ਵੱਲੋਂ ਬਕਾਏ ਕਲੀਅਰ ਕਰਨ ਵਾਸਤੇ ਬਜਟ ਮੰਗਿਆ ਜਾਂਦਾ ਹੈ ਤੇ ਸਮੇਂ-ਸਮੇਂ ‘ਤੇ ਭੇਜ ਵੀ ਦਿੱਤਾ ਜਾਂਦਾ ਹੈ। ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਦਾ ਕਹਿਣਾ ਹੈ ਕਿ ਜਦੋਂ ਵੀ ਹਰ ਮਹੀਨੇ ਜੇਲ੍ਹਾਂ ਤੋਂ ਬਿੱਲ ਆਉਂਦੇ ਹਨ, ਉਹ ਨਾਲ ਦੀ ਨਾਲ ਰਕਮ ਭੇਜ ਦਿੰਦੇ ਹਨ। ਉਨ੍ਹਾਂ ਆਖਿਆ ਕਿ ਜੇਲ੍ਹਾਂ ਦੀਆਂ ਸਥਾਨਕ ਦੇਣਦਾਰੀਆਂ ਕਲੀਅਰ ਕਰਨ ਵਾਸਤੇ ਉਨ੍ਹਾਂ ਨੇ ਦੋ ਕਿਸ਼ਤਾਂ ਵਿਚ 1æ20 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ। ਜੋ ਪੁਰਾਣੇ ਬਕਾਏ ਹਨ, ਉਹ ਧਿਆਨ ਵਿਚ ਨਹੀਂ ਹਨ।
Leave a Reply