ਇਤਿਹਾਸ ਦੀ ਅੱਖ ਵਿਚੋਂ ‘ਲਵ ਜਹਾਦ’

ਅੱਜ ਕੱਲ੍ਹ ‘ਲਵ ਜਹਾਦ’ ਨੂੰ ਹਿੰਦੂਤਵੀਆਂ ਨੇ ਪ੍ਰਚਾਰ ਦਾ ਮੁੱਦਾ ਬਣਾਇਆ ਹੋਇਆ ਹੈ। ਕੌਮੀ ਪੱਧਰ ਦੀ ਸ਼ੂਟਰ ਤਾਰਾ ਸ਼ਾਹਦਿਓ ਵਲੋਂ ਲਗਾਇਆ ਇਲਜ਼ਾਮ ਹਿੰਦੂਤਵੀਆਂ ਨੇ ਫਟਾਫਟ ਬੋਚ ਲਿਆ। ਤਾਰਾ ਦਾ ਕਹਿਣਾ ਸੀ ਕਿ ਉਸ ਨੂੰ ਰਣਜੀਤ ਕੁਮਾਰ ਕੋਹਲੀ ਨਾਂ ਦੇ ਬੰਦੇ ਨੇ ਵਰਗਲਾ ਕੇ ਆਪਣੇ ਪ੍ਰੇਮ ਜਾਲ ਵਿਚ ਫਸਾਇਆ ਤੇ ਵਿਆਹ ਕਰਵਾਇਆ। ਪਿੱਛੋਂ ਪਤਾ ਲੱਗਿਆ ਕਿ ਉਹ ਤਾਂ ਮੁਸਲਮਾਨ ਹੈ। ਤਾਰਾ ਅਨੁਸਾਰ ਉਸ ਦਾ ਧਰਮ ਜਬਰੀ ਬਦਲਿਆ ਗਿਆ। ਇਹ ਕਹਾਣੀ ਸੱਚੀ ਹੈ ਜਾਂ ਘੜੀ ਹੋਈ, ਇਸ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ। ਉਂਜ, ਸੱਚਾਈ ਕੁਝ ਵੀ ਹੋਵੇ, ਪੂਰੇ ਮੁਲਕ ਨੂੰ ਭਗਵੇਂ ਰੰਗ ਵਿਚ ਰੰਗਣ ਲਈ ਤਰਲੋਮੱਛੀ ਹੋ ਰਹੇ ਹਿੰਦੂਤਵੀ ਹਮੇਸ਼ਾ ਅਜਿਹੇ ਮਾਮਲਿਆਂ ਦੀ ਤਲਾਸ਼ ਵਿਚ ਰਹੇ ਹਨ ਕਿ ਕਿਸੇ ਮੁਸਲਮਾਨ ਦੀ ਗ਼ਲਤੀ ਸਾਹਮਣੇ ਆਵੇ ਅਤੇ ਇਸ ਦੇ ਬਹਾਨੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਇਸੇ ਲਈ ਉਨ੍ਹਾਂ ਨੇ ਮੁਸਲਮਾਨਾਂ ਦੀ ‘ਲਵ ਜਹਾਦ’ ਦੀ ਸਾਜ਼ਿਸ਼ ‘ਖੋਜ’ ਲਈ ਹੈ। ਮਈ 2013 ਵਿਚ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ-ਆਰæਐਸ਼ਐਸ਼ ਨੇ ‘ਲਵ ਜਹਾਦ’ ਨੂੰ ਮੁੱਖ ਮੁੱਦਾ ਬਣਾਇਆ ਸੀ, ਪਰ ਉਹ ਫਿਰਕੂ ਪਾੜਾ ਪਾ ਕੇ ਵੋਟ ਵੱਟਤ ਨਾ ਕਰ ਸਕੇ। ਹੁਣ ਸੰਘ ਪਰਿਵਾਰ ਪੂਰੇ ਮੁਲਕ ਦੀ ਸੱਤਾ ‘ਤੇ ਕਾਬਜ਼ ਹੈ। ਮੁੱਖਧਾਰਾ ਮੀਡੀਆ ਉਨ੍ਹਾਂ ਦੇ ਪੱਖ ‘ਚ ਹੈ। ਉਨ੍ਹਾਂ ਨੇ ਤੁਰੰਤ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਕਿ ਮੁਸਲਮਾਨ ਸਦੀਆਂ ਤੋਂ ਹਿੰਦੂ ਔਰਤਾਂ ਨੂੰ ਵਰਗਾ ਕੇ ਉਨ੍ਹਾਂ ਨੂੰ ਬੱਚੇ ਜੰਮਣ ਲਈ ਵਰਤਦੇ ਆ ਰਹੇ ਹਨ ਤਾਂ ਜੋ ਮੁਸਲਿਮ ਆਬਾਦੀ ਨੂੰ ਜ਼ਰਬਾਂ ਦਿੱਤੀਆਂ ਜਾ ਸਕਣ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੁਲਾਰੇ ਵਿਨੋਦ ਬਾਂਸਲ ਨੇ ਝੱਟ ਦਾਅਵਾ ਕਰ ਦਿੱਤਾ ਕਿ ‘ਲਵ ਜਹਾਦ ਇਕ ਹਕੀਕਤ ਹੈ, ਇਸ ਤੋਂ ਮੁਕਰਿਆ ਨਹੀਂ ਜਾ ਸਕਦਾ।’ ਭਾਜਪਾ ਦਾ ਐਮæਪੀæ ਯੋਗੀ ਅਦਿਤਿਯਨਾਥ ਤਾਂ ਇੱਥੋਂ ਤਾਈਂ ਧਮਕੀ ਦੇ ਗਿਆ ਕਿ ਜੇ ‘ਉਹ ਇਕ ਹਿੰਦੂ ਔਰਤ ਲੈ ਕੇ ਜਾਣਗੇ, ਅਸੀਂ ਉਨ੍ਹਾਂ ਦੀਆਂ ਸੌ ਲਿਜਾਂਵਾਗੇ।’ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਚਾਰੂ ਗੁਪਤਾ ਨੇ ਇਸ ਵਰਤਾਰੇ ਦੀ ਇਤਿਹਾਸਕ ਤੌਰ ‘ਤੇ ਚੀਰ-ਫਾੜ ਕੀਤੀ ਹੈ। ਇਸ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਚਾਰੂ ਗੁਪਤਾ
ਅਨੁਵਾਦ: ਬੂਟਾ ਸਿੰਘ
ਹਿੰਦੂਤਵੀਆਂ ਦਾ ‘ਲਵ ਜਹਾਦ’ ਅੰਦੋਲਨ ਔਰਤਾਂ ਦੇ ਨਾਂ ‘ਤੇ ਫਿਰਕੂ ਲਾਮਬੰਦੀ ਦਾ ਤਾਜ਼ਾ ਯਤਨ ਹੈ। ਬਤੌਰ ਇਤਿਹਾਸਕਾਰ ਮੈਂ ਇਸ ਦੀਆਂ ਜੜ੍ਹਾਂ ਬਸਤੀਵਾਦੀ ਅਤੀਤ ਵਿਚ ਦੇਖਦੀ ਹਾਂ। ਜਦੋਂ ਵੀ ਫਿਰਕੂ ਤਣਾਅ ਅਤੇ ਫ਼ਸਾਦਾਂ ਦਾ ਮਾਹੌਲ ਮਜ਼ਬੂਤ ਹੋਇਆ ਹੈ, ਉਦੋਂ ਹੀ ਇਸ ਤਰ੍ਹਾਂ ਦੀਆਂ ਮਿੱਥਾਂ ਘੜੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਚਾਰ-ਚੁਫੇਰੇ ਪ੍ਰਚਾਰ ਸਾਡੇ ਅੱਗੇ ਪਰੋਸੇ ਜਾਂਦੇ ਰਹੇ ਹਨ। ਇਸ ਤਰ੍ਹਾਂ ਦੇ ਪ੍ਰਚਾਰ ਵਿਚ ਮੁਸਲਮਾਨ ਮਰਦਾਂ ਨੂੰ ਖ਼ਾਸ ਤੌਰ ‘ਤੇ ਉਧਾਲਣ ਵਾਲੇ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਉਸ ਦੀ ਤਸਵੀਰ ‘ਕਾਮੀ’ ਮੁਸਲਮਾਨ ਦੀ ਘੜ ਦਿੱਤੀ ਗਈ ਹੈ।
ਮੈਂ 1920-30 ਦੇ ਦਹਾਕਿਆਂ ਵਿਚ ਉਤਰ ਪ੍ਰਦੇਸ਼ ਵਿਚ ਫਿਰਕਾਪ੍ਰਸਤੀ ਅਤੇ ਲਿੰਗਕ-ਹਸਤੀ ਦਰਮਿਆਨ ਉਭਰ ਰਹੇ ਰਿਸ਼ਤੇ ਉਪਰ ਖੋਜ ਦਾ ਕੰਮ ਕੀਤਾ ਹੈ। ਉਸ ਦੌਰ ਵਿਚ ‘ਲਵ ਜਹਾਦ’ ਲਫ਼ਜ਼ ਦਾ ਇਸਤੇਮਾਲ ਨਹੀਂ ਹੋਇਆ ਸੀ, ਪਰ ਉਸ ਵਕਤ ਵੀ ਹਿੰਦੂ ਜਥੇਬੰਦੀਆਂ- ਆਰੀਆ ਸਮਾਜ, ਹਿੰਦੂ ਮਹਾ ਸਭਾ ਆਦਿ, ਦੇ ਵੱਡੇ ਹਿੱਸੇ ਨੇ ‘ਮੁਸਲਮਾਨ ਗੁੰਡਿਆਂ’ ਵਲੋਂ ਹਿੰਦੂ ਔਰਤਾਂ ਨੂੰ ਕੱਢ ਕੇ ਲਿਜਾਣ, ਤੇ ਧਰਮ ਬਦਲਣ ਦੀਆਂ ਕਈ ਕਹਾਣੀਆਂ ਪ੍ਰਚਾਰੀਆਂ। ਉਨ੍ਹਾਂ ਨੇ ਕਈ ਤਰ੍ਹਾਂ ਦੇ ਭੜਕਾਊ ਅਤੇ ਚਤੁਰਾਈ ਵਾਲੇ ਬਿਆਨ ਦਿੱਤੇ ਜਿਨ੍ਹਾਂ ਵਿਚ ਮੁਸਲਮਾਨਾਂ ਵਲੋਂ ਹਿੰਦੂ ਔਰਤਾਂ ਉਪਰ ਜ਼ੁਲਮ ਅਤੇ ਵਿਭਚਾਰ ਦੀਆਂ ਅਨੇਕਾਂ ਕਹਾਣੀਆਂ ਘੜੀਆਂ ਗਈਆਂ। ਇਨ੍ਹਾਂ ਬਿਆਨਾਂ ਦਾ ਇਸ ਤਰ੍ਹਾਂ ਦਾ ਹੜ੍ਹ ਆ ਗਿਆ ਕਿ ਮੁਸਲਮਾਨਾਂ ਵਲੋਂ ਹਿੰਦੂ ਔਰਤਾਂ ਨਾਲ ਜਬਰ ਜਨਾਹ, ਮੁਸਲਮਾਨਾਂ ਦਾ ਹਮਲਾਵਰ ਵਤੀਰਾ, ਹਿੰਦੂ ਔਰਤਾਂ ਨੂੰ ਕੱਢ ਲਿਜਾਣ, ਭਰਮਾਉਣ-ਫੁਸਲਾਉਣ, ਧਰਮ ਬਦਲ ਦੇਣ ਅਤੇ ਧੱਕੇ ਨਾਲ ਮੁਸਲਮਾਨ ਮਰਦਾਂ ਦੇ ਹਿੰਦੂ ਔਰਤਾਂ ਨਾਲ ਵਿਆਹਾਂ ਦੀਆਂ ਕਹਾਣੀਆਂ ਦੀ ਲੰਮੀ ਸੂਚੀ ਬਣਦੀ ਗਈ। ਅੰਤਰ-ਮਜ਼੍ਹਬੀ ਵਿਆਹ, ਮੁਹੱਬਤ, ਔਰਤ ਦੇ ਆਪਣੀ ਮਰਜ਼ੀ ਨਾਲ ਜਿਸਮਾਨੀ ਰਿਸ਼ਤਾ ਜੋੜਨ ਅਤੇ ਧਰਮ ਬਦਲਣ ਨੂੰ ਵੀ ਸਮੂਹਿਕ ਤੌਰ ‘ਤੇ ਇਕ ਫਿਰਕੇ ਵਲੋਂ ਉਧਾਲੇ ਅਤੇ ਧੱਕੇ ਨਾਲ ਧਰਮ ਬਦਲਣ ਦੇ ਜੁਮਰੇ ਵਿਚ ਰੱਖ ਦਿੱਤਾ ਗਿਆ।
ਉਸ ਦੌਰ ਵਿਚ ਉਭਰੀ ਅਗਵਾ ਦੀ ਪ੍ਰਚਾਰ ਮੁਹਿੰਮ ਅਤੇ ਅੱਜ ਦੇ ‘ਲਵ ਜਹਾਦ’ ਦਰਮਿਆਨ ਮੈਨੂੰ ਕਈ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਦੋਵੇਂ ਦੌਰਾਂ ਦੇ ਪ੍ਰਚਾਰ ਵਿਚ ਮੁਸਲਮਾਨਾਂ ਵਲੋਂ ਹਿੰਦੂ ਔਰਤਾਂ ਦੀ ਅਖੌਤੀ ਜਬਰੀ ਧਰਮ ਬਦਲੀ ਦੀਆਂ ਕਹਾਣੀਆਂ ਨੇ ਹਿੰਦੂਆਂ ਦੇ ਇਕ ਖ਼ਾਸੇ ਹਿੱਸੇ ਨੂੰ ਹਿੰਦੂ ਪਛਾਣ ਅਤੇ ਚੇਤਨਾ ਲਈ ਲਾਮਬੰਦੀ ਦਾ ਮੁੱਖ ਕਾਰਕ ਮੁਹੱਈਆ ਕਰ ਦਿੱਤਾ। ਇਸ ਨੇ ਹਿੰਦੂ ਪ੍ਰਚਾਰਕਾਂ ਨੂੰ ਅਹਿਮ ਹਵਾਲਾ ਨੁਕਤਾ ਅਤੇ ਇਕਜੁੱਟਤਾ ਬਣਾਉਣ ਲਈ ਭਾਵਨਾਤਮਕ ਤੰਦ ਮੁਹੱਈਆ ਕੀਤੀ। ਨਾਲ ਹੀ, ਇਸ ਤਰ੍ਹਾਂ ਦੀਆਂ ਮੁਹਿੰਮਾਂ ਮੁਸਲਮਾਨ ਮਰਦਾਂ ਤੋਂ ਭੈਅ ਅਤੇ ਉਨ੍ਹਾਂ ਖ਼ਿਲਾਫ਼ ਗੁੱਸੇ ਨੂੰ ਜ਼ਰਬਾਂ ਦਿੰਦੀਆਂ ਹਨ। ਹਿੰਦੂਤਵੀ ਤਾਕਤਾਂ ਨੇ ‘ਲਵ ਜਹਾਦ’ ਨੂੰ ਮੁਸਲਮਾਨਾਂ ਦੀ ਸੋਚੀ-ਸਮਝੀ ਸਰਗਰਮੀ ਬਣਾ ਪੇਸ਼ ਕਰ ਦਿੱਤਾ। ਨਾਲ ਹੀ ਇਸ ਤਰ੍ਹਾਂ ਦੀਆਂ ਮਿੱਥਾਂ ਹਿੰਦੂ ਔਰਤਾਂ ਦੀ ਬੇਵਸੀ, ਉਨ੍ਹਾਂ ਦਾ ਇਖ਼ਲਾਕ ਦਾਗ਼ੀ ਹੋਣ ਅਤੇ ਉਨ੍ਹਾਂ ਦੀ ਪੀੜਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੂੰ ਅਕਸਰ ਹੀ ਮੁਸਲਮਾਨਾਂ ਦੇ ਹੱਥੋਂ ਬੇਹਰਕਤ ਸ਼ਿਕਾਰ ਬਣਾ ਕੇ ਪੇਸ਼ ਕਰਦੀਆਂ ਹਨ। ਧਰਮ ਬਦਲ ਚੁੱਕੀ ਹਿੰਦੂ ਔਰਤ ਪਵਿੱਤਰਤਾ ਅਤੇ ਅਪਮਾਨ, ਦੋਨਾਂ ਦਾ ਪ੍ਰਤੀਕ ਬਣਾ ਦਿੱਤੀ ਗਈ ਹੈ।
ਉਦੋਂ ਤੇ ਅੱਜ ਦੀ ਮੁਹਿੰਮ ਨਾਲ ਕਈ ਹੋਰ ਮੁੱਦੇ ਵੀ ਜੁੜੇ ਹੋਏ ਹਨ। ਹਿੰਦੂ ਪ੍ਰਚਾਰਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਅਸੀਂ ਸਮਾਜ ਵਿਚ ਮੌਜੂਦ ਜਾਤਪਾਤੀ ਵਿਤਕਰੇ ਪਾਸੇ ਕਰ ਕੇ ਹਿੰਦੂਆਂ ਨੂੰ ਇਕ ਸਮੂਹ ਵਜੋਂ ਇਨ੍ਹਾਂ ਖ਼ਾਸ ਸਵਾਲਾਂ ਉਪਰ ਇਕਜੁੱਟ ਕਰ ਸਕਦੇ ਹਾਂ। ਜੇ ਉਹ ਗਊ ਰੱਖਿਆ ਦਾ ਮੁੱਦਾ ਚੁੱਕਦੇ ਹਨ ਤਾਂ ਇਹ ਦਲਿਤਾਂ ਨੂੰ ਧੂਹ ਨਹੀਂ ਪਾਵੇਗਾ, ਪਰ ਔਰਤਾਂ ਦਾ ਮੁੱਦਾ ਐਸਾ ਹੈ ਜਿਸ ਨਾਲ ਜਾਤਪਾਤ ਨੂੰ ਦਰਕਿਨਾਰ ਕਰ ਕੇ ਸਾਰੇ ਹਿੰਦੂਆਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ। ਔਰਤ ਦਾ ਜਿਸਮ ਹਿੰਦੂ ਪ੍ਰਚਾਰਕਾਂ ਲਈ ਕੇਂਦਰੀ ਚਿੰਨ੍ਹ ਬਣ ਜਾਂਦਾ ਹੈ। ‘ਲਵ ਜਹਾਦ’ ਅਤੇ ਉਧਾਲਾ ਅੰਦੋਲਨ, ਦੋਨੋਂ ਹੀ ਹਿੰਦੂਆਂ ਦੀ ਗਿਣਤੀ ਦੇ ਸਵਾਲ ਨਾਲ ਵੀ ਜੋੜਿਆ ਜਾਂਦਾ ਹੈ। ਵਾਰ-ਵਾਰ ਕਿਹਾ ਜਾਂਦਾ ਹੈ ਕਿ ਹਿੰਦੂ ਔਰਤਾਂ ਮੁਸਲਮਾਨ ਮਰਦਾਂ ਨਾਲ ਵਿਆਹ ਕਰ ਰਹੀਆਂ ਹਨ, ਲਿਹਾਜ਼ਾ ਮੁਸਲਮਾਨਾਂ ਦੀ ਤਾਦਾਦ ਵਧ ਰਹੀ ਹੈ, ਪਰ ਤਰ੍ਹਾਂ-ਤਰ੍ਹਾਂ ਦੇ ਸਰਵੇਖਣ ਇਸ ਪ੍ਰਚਾਰ ਨੂੰ ਪੂਰੀ ਤਰ੍ਹਾਂ ਰੱਦ ਕਰ ਚੁੱਕੇ ਹਨ। ਦਰਅਸਲ ਹਿੰਦੂ ਪ੍ਰਚਾਰਕ ਇਸ ਤਰ੍ਹਾਂ ਦੀਆਂ ਮੁਹਿੰਮਾਂ ਜ਼ਰੀਏ ਹਿੰਦੂ ਔਰਤ ਦੀ ਜਣਨ-ਸਮਰੱਥਾ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਹਨ।
ਮੇਰਾ ਸਾਫ਼ ਮੰਨਣਾ ਹੈ ਕਿ ਹਰ ਜਬਰ ਜਨਾਹ ਅਤੇ ਜਬਰੀ ਧਰਮ ਬਦਲੀ ਦੇ ਮਾਮਲੇ ਦੀ ਛਾਣਬੀਣ ਹੋਣੀ ਚਾਹੀਦੀ ਹੈ ਅਤੇ ਮੁਜਰਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਵੱਖੋ-ਵੱਖਰੀਆਂ ਘਟਨਾਵਾਂ ਨੂੰ ਇਕ ਹੀ ਐਨਕ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ।
ਅਸੀਂ ਮੁਹੱਬਤ, ਰੋਮਾਂਸ ਅਤੇ ਹਰ ਅੰਤਰ-ਮਜ਼੍ਹਬੀ ਵਿਆਹ ਨੂੰ ਜਬਰੀ ਧਰਮ ਬਦਲੀ ਦੇ ਨਜ਼ਰੀਏ ਨਾਲ ਜਾਂਚਣ-ਪਰਖਣ ਲੱਗ ਜਾਂਦੇ ਹਾਂ। ਇਹ ਗ਼ੌਰਤਲਬ ਹੈ ਕਿ 1920-30 ਦੇ ਦਹਾਕਿਆਂ ਵਿਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚ ਔਰਤਾਂ ਵਲੋਂ ਆਪਣੀ ਮਰਜ਼ੀ ਨਾਲ ਮੁਸਲਮਾਨ ਮਰਦਾਂ ਨਾਲ ਵਿਆਹ ਕਰਾਏ ਗਏ। ਇਨ੍ਹਾਂ ਵਿਚ ਖ਼ਾਸ ਤੌਰ ‘ਤੇ ਉਹ ਔਰਤਾਂ ਸ਼ਾਮਲ ਸਨ ਜੋ ਹਿੰਦੂ ਸਮਾਜ ਦੇ ਹਾਸ਼ੀਏ ਉਪਰ ਧੱਕੀਆਂ ਹੋਈਆਂ ਸਨ; ਜਿਵੇਂ ਵਿਧਵਾਵਾਂ, ਦਲਿਤ ਔਰਤਾਂ ਅਤੇ ਕੁਝ ਵੇਸਵਾਵਾਂ ਵੀ।
ਉਦੋਂ ਹਿੰਦੂਆਂ ਵਿਚ ਵਿਧਵਾ ਵਿਆਹ ਨਾ-ਮਾਤਰ ਹੀ ਹੁੰਦੇ ਸਨ। ਐਸੀ ਹਾਲਤ ਵਿਚ ਕਈ ਵਿਧਵਾਵਾਂ ਨੇ ਮੁਸਲਮਾਨਾਂ ਨਾਲ ਵਿਆਹ ਕਰਵਾ ਲਿਆ। ਇਸ ਦੀ ਜਾਣਕਾਰੀ ਸਾਨੂੰ ਉਸ ਵਕਤ ਦੀਆਂ ਕਈ ਪੁਲਿਸ ਅਤੇ ਸੀæਆਈæਡੀæ ਰਿਪੋਰਟਾਂ ਤੋਂ ਵੀ ਮਿਲਦੀ ਹੈ।
ਇਹ ਵੀ ਕਿੰਨਾ ਵਿਰੋਧਾਭਾਸੀ ਹੈ ਕਿ ਹਿੰਦੂਤਵੀ ਪ੍ਰਚਾਰ ਵਿਚ ਜਦੋਂ ਹਿੰਦੂ ਔਰਤ ਮੁਸਲਮਾਨ ਮਰਦ ਨਾਲ ਵਿਆਹ ਕਰਵਾਉਂਦੀ ਹੈ, ਤਾਂ ਮੁਸਲਮਾਨ ਨੂੰ ਹਮੇਸ਼ਾ ਕੱਢ ਕੇ ਲੈ ਜਾਣ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਜਦੋਂ ਮੁਸਲਮਾਨ ਔਰਤ, ਕਿਸੇ ਹਿੰਦੂ ਮਰਦ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਮੁਹੱਬਤ ਦਾ ਨਾਂ ਦਿੱਤਾ ਜਾਂਦਾ ਹੈ। ਬਸਤੀਵਾਦੀ ਦੌਰ ਦੇ ਉਤਰ ਪ੍ਰਦੇਸ਼ ਵਿਚ ਵੀ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਅਤੇ ਨਾਵਲ ਲਿਖੇ ਗਏ ਜਿਨ੍ਹਾਂ ਵਿਚ ਹਿੰਦੂ ਮਰਦ, ਜੋ ਕਿਸੇ ਮੁਸਲਮਾਨ ਔਰਤ ਨਾਲ ਮੁਹੱਬਤ ਕਰਨ ‘ਚ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਅਦਭੁੱਤ ਨਾਇਕ ਵਜੋਂ ਪੇਸ਼ ਕੀਤਾ ਜਾਂਦਾ ਸੀ। ਇਕ ਮਸ਼ਹੂਰ ਨਾਵਲ ‘ਸ਼ਿਵਾਜੀ ਅਤੇ ਰੋਸ਼ਨਆਰਾ’ ਉਸ ਵਕਤ ਛਪਿਆ ਜਿਸ ਨੂੰ ਗ਼ੈਰ-ਪ੍ਰਮਾਣਿਕ ਸੋਮਿਆਂ ਦੇ ਹਵਾਲੇ ਨਾਲ ਇਤਿਹਾਸਕ ਦੱਸਿਆ ਗਿਆ। ਇਸ ਵਿਚ ਮਰਾਠਾ ਪਰੰਪਰਾ ਦਾ ਰੰਗ ਭਰ ਕੇ ਦਰਸਾਇਆ ਗਿਆ ਕਿ ਸ਼ਿਵਾਜੀ ਨੇ ਔਰੰਗਜ਼ੇਬ ਦੀ ਧੀ ਰੋਸ਼ਨਆਰਾ ਦਾ ਦਿਲ ਜਿੱਤਿਆ ਅਤੇ ਉਸ ਨਾਲ ਵਿਆਹ ਕਰ ਲਿਆ ਸੀ ਜੋ ਇਤਿਹਾਸਕ ਤੱਥ ਨਹੀਂ।
‘ਲਵ ਜਹਾਦ’ ਵਰਗੇ ਅੰਦੋਲਨ ਹਿੰਦੂ ਔਰਤ ਦੀ ਸੁਰੱਖਿਆ ਦੇ ਨਾਂ ਹੇਠ ਦਰਅਸਲ ਉਸ ਦੀ ਨਾਰੀ-ਦੇਹੀ, ਉਸ ਦੀ ਇੱਛਾ ਅਤੇ ਉਸ ਦੀ ਆਜ਼ਾਦ ਪਛਾਣ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਨਾਲ ਹੀ ਉਹ ਅਕਸਰ ਹੀ ਹਿੰਦੂ ਔਰਤ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਉਸ ਨੂੰ ਆਸਾਨੀ ਨਾਲ ਹੀ ਵਰਗਲਾਇਆ ਜਾ ਸਕਦਾ ਹੈ। ਉਸ ਦੀ ਆਪਣੀ ਹੋਂਦ, ਆਪਣੀ ਕੋਈ ਇੱਛਾ ਹੋ ਸਕਦੀ ਹੈ, ਜਾਂ ਉਹ ਖ਼ੁਦ ਅੰਤਰ-ਮਜ਼੍ਹਬੀ ਮੁਹੱਬਤ ਅਤੇ ਵਿਆਹ ਕਰਨ ਦਾ ਕਦਮ ਚੁੱਕ ਸਕਦੀ ਹੈ- ਇਸ ਸੋਚ ਨੂੰ ਹੀ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਮੈਨੂੰ ਇਸ ਦੇ ਪਿੱਛੇ ਇਕ ਡਰ ਵੀ ਨਜ਼ਰ ਆਉਂਦਾ ਹੈ, ਕਿਉਂਕਿ ਔਰਤਾਂ ਹੁਣ ਆਪਣੇ ਫ਼ੈਸਲੇ ਆਪ ਕਰ ਰਹੀਆਂ ਹਨ।
ਨਫ਼ਰਤ ਫੈਲਾਊ ਮੁਹਿੰਮਾਂ ਦੀ ਇਕ ਹੋਰ ਖ਼ਾਸੀਅਤ ਹੁੰਦੀ ਹੈ- ਇਕ ਹੀ ਗੱਲ ਨੂੰ ਵਾਰ-ਵਾਰ ਦੁਹਰਾਉਂਦੇ ਰਹਿਣ ਦੀ, ਜਿਸ ਨਾਲ ਉਹ ਲੋਕਾਂ ਦੇ ਆਮ ਗਿਆਨ ‘ਚ ਸ਼ੁਮਾਰ ਹੋ ਜਾਵੇ। ‘ਲਵ ਜਹਾਦ’ ਅੰਦੋਲਨ ਵਿਚ ਅਜਿਹੇ ਝੂਠ ਦਾ ਦੁਹਰਾਓ ਕਾਫ਼ੀ ਨਜ਼ਰ ਆਉਂਦਾ ਹੈ ਜਿਸ ਨਾਲ ਫਿਰਕਾਪ੍ਰਸਤੀ ਪੱਕੇ ਪੈਰੀਂ ਹੁੰਦੀ ਹੈ। ਇਸ ਤੋਂ ਇਲਾਵਾ ‘ਲਵ ਜਹਾਦ’ ਵਿਚ ਕਈ ਨਵੀਆਂ ਚੀਜ਼ਾਂ ਵੀ ਸ਼ੁਮਾਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਮੁਸਲਮਾਨਾਂ ਦੇ ਖ਼ਿਲਾਫ਼ ਪ੍ਰਚਾਰ ਭੱਥੇ ਵਿਚ ਕੁਝ ਨਵੀਆਂ ਆਮਦਾਂ ਵੀ ਹਨ- ਦਹਿਸ਼ਤਵਾਦ ਅਤੇ ਦਹਿਸ਼ਤਗਰਦ ਮੁਸਲਮਾਨ, ਮੁਸਲਿਮ ਫਿਰਕਾਪ੍ਰਸਤੀ, ਹਮਲਾਵਰ ਮੁਸਲਿਮ ਨੌਜਵਾਨ, ਵਿਦੇਸ਼ੀ ਫੰਡ ਅਤੇ ਕੌਮਾਂਤਰੀ ਸਾਜ਼ਿਸ਼ ਵਗੈਰਾ।
ਇਸ ਤਰ੍ਹਾਂ ਦੇ ਕੂੜ ਪ੍ਰਚਾਰ ਨਾਲ ਫਿਰਕੂ ਮਾਹੌਲ ਵਿਚ ਇਜ਼ਾਫ਼ਾ ਤਾਂ ਹੋਇਆ ਹੀ ਹੈ, ਪਰ ਇਹ ਵੀ ਸੱਚ ਹੈ ਕਿ ਔਰਤਾਂ ਨੇ ਅੰਤਰ-ਮਜ਼੍ਹਬੀ ਮੁਹੱਬਤ ਅਤੇ ਵਿਆਹ ਦੇ ਜ਼ਰੀਏ ਇਸ ਫਿਰਕਾਪ੍ਰਸਤ ਲਾਮਬੰਦੀ ਦੇ ਯਤਨਾਂ ਵਿਚ ਪਾੜ ਵੀ ਪਾਇਆ ਹੈ। ਡਾæ ਅੰਬੇਡਕਰ ਨੇ ਕਿਹਾ ਸੀ ਕਿ ਅੰਤਰ-ਜਾਤੀ ਵਿਆਹ ਜਾਤਪਾਤ ਨੂੰ ਖ਼ਤਮ ਕਰ ਸਕਦਾ ਹੈ। ਮੇਰਾ ਮੰਨਣਾ ਹੈ ਕਿ ਅੰਤਰ-ਮਜ਼੍ਹਬੀ ਵਿਆਹ ਮਜ਼੍ਹਬੀ ਪਛਾਣ ਨੂੰ ਕਮਜ਼ੋਰ ਕਰ ਸਕਦਾ ਹੈ।
ਔਰਤਾਂ ਨੇ ਆਪਣੇ ਪੱਧਰ ‘ਤੇ ਇਸ ਤਰ੍ਹਾਂ ਦੇ ਫਿਰਕੂ ਕੂੜ ਪ੍ਰਚਾਰ ਵੱਲ ਕੋਈ ਤਵੱਜੋਂ ਨਹੀਂ ਦਿੱਤੀ। ਜਿਹੜੀਆਂ ਔਰਤਾਂ ਅੰਤਰ-ਮਜ਼੍ਹਬੀ ਵਿਆਹ ਕਰਵਾਉਂਦੀਆਂ ਹਨ, ਉਹ ਕਿਤੇ ਨਾ ਕਿਤੇ ਭਾਈਚਾਰਕ ਅਤੇ ਫਿਰਕਾਪ੍ਰਸਤ ਕਿਲ੍ਹੇਬੰਦੀ ਵਿਚ ਪਾੜ ਲਗਾਉਂਦੀਆਂ ਹਨ। ਮੁਹੱਬਤ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਦਾ ਮੂੰਹ-ਤੋੜ ਜਵਾਬ ਦੇ ਸਕਦੀ ਹੈ।

Be the first to comment

Leave a Reply

Your email address will not be published.