ਭਾਜਪਾ ਆਗੂ ਤੇ ਆਰæਐਸ਼ਐਸ਼ ਦੇ ਪੁਰਾਣੇ ਪ੍ਰਚਾਰਕ ਨਰੇਂਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਹਿੰਦੂਤਵੀ ਸੋਚ ਨੂੰ ਸਮਰਪਿਤ ਜਥੇਬੰਦੀ ਆਰæਐਸ਼ਐਸ਼ ਦੇ ਹੌਸਲੇ ਬੁਲੰਦ ਹਨ। ਇਸ ਦਾ ਪ੍ਰਚਾਰ ਤੰਤਰ ਤਾਂ ਪਹਿਲਾਂ ਹੀ ਬੜੇ ਜਥੇਬੰਦ ਰੂਪ ਵਿਚ ਕਾਰਗਰ ਢੰਗ-ਤਰੀਕਿਆਂ ਨਾਲ ਚਲਾਇਆ ਜਾਂਦਾ ਰਿਹਾ ਹੈ, ਹੁਣ ਇਸ ਪ੍ਰਚਾਰ ਤੰਤਰ ਵਿਚ ਤੇਜ਼ੀ ਆ ਗਈ ਹੈ। ਸਰਕਾਰ ਵੱਲੋਂ ਇਸ ਨੂੰ ਪੂਰੀ ਖੁੱਲ੍ਹ ਮਿਲੀ ਹੋਈ ਹੈ। ਪੈਸੇ ਦੀ ਇਸ ਕੋਲ ਪਹਿਲਾਂ ਹੀ ਕੋਈ ਤੋਟ ਨਹੀਂ ਸੀ। ਹੁਣ ਸਗੋਂ ਇਸ ਨੇ ਪਹਿਲਾਂ ਨਾਲੋਂ ਕਿਤੇ ਵਧੇਰੇ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਪਿੱਛੇ ਜਿਹੇ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਸਾਰੇ ਹਿੰਦੁਸਤਾਨੀਆਂ ਨੂੰ ਹਿੰਦੂ ਆਖ ਦਿੱਤਾ। ਇਸ ਮਸਲੇ ਬਾਰੇ ਸ਼ ਮਹੀਪ ਸਿੰਘ ਨੇ ਖਾਸ ਟਿੱਪਣੀ ਕੀਤੀ ਹੈ ਜੋ ਇਥੇ ਛਾਪੀ ਜਾ ਰਹੀ ਹੈ। -ਸੰਪਾਦਕ
ਡਾæ ਮਹੀਪ ਸਿੰਘ
ਫੋਨ: 91-93139-32888
ਰਾਸ਼ਟਰੀ ਸੋਇਮ ਸੇਵਕ ਸੰਘ (ਆਰæਐਸ਼ਐਸ਼) ਦੇ ਸਰ ਸੰਘ ਚਾਲਕ ਮੋਹਨ ਭਾਗਵਤ ਨੇ ਹਿੰਦੂ ਸ਼ਬਦ ਦੀ ਪਰਿਭਾਸ਼ਾ ਕਰਦੇ ਹੋਏ ਜਿਹੜੀ ਗੱਲ ਕਹੀ ਸੀ, ਉਸ ਨਾਲ ਮੁੜ ਇਹ ਚਰਚਾ ਛਿੜ ਗਈ ਹੈ ਕਿ ਹਿੰਦੂ ਸ਼ਬਦ ਰਾਸ਼ਟਰੀਅਤਾ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਹੈ; ਜਿਵੇਂ ਜਰਮਨ ਜਾਂ ਜਾਪਾਨੀ ਹੋਣਾ, ਫਰਾਂਸੀਸੀ ਜਾਂ ਯਹੂਦੀ ਹੋਣਾ ਹੈ। ਸ੍ਰੀ ਭਾਗਵਤ ਦਾ ਕਹਿਣਾ ਹੈ ਕਿ ਹਿੰਦੂ ਹੋਣਾ ਰਾਸ਼ਟਰੀਅਤਾ ਦਾ ਸੂਚਕ ਸ਼ਬਦ ਹੈ, ਜਿਵੇਂ ਇੰਗਲੈਂਡ ਦਾ ਰਹਿਣ ਵਾਲਾ ਇੰਗਲਿਸ਼ ਹੈ, ਅਮਰੀਕਾ ਦਾ ਰਹਿਣ ਵਾਲਾ ਅਮਰੀਕੀ ਹੈ, ਜਾਪਾਨ ਦਾ ਬੰਦਾ ਜਾਪਾਨੀ ਹੈ, ਉਵੇਂ ਹੀ ਹਿੰਦੁਸਤਾਨ ਦਾ ਹਰ ਰਹਿਣ ਵਾਲਾ ਹਿੰਦੂ ਹੈ।
ਮੋਹਨ ਭਾਗਵਤ ਜਿਸ ਜਥੇਬੰਦੀ ਦੇ ਪ੍ਰਧਾਨ ਹਨ, ਉਹ ਆਪਣੇ ਜਨਮ ਤੋਂ ਹੀ ਮੰਨਦੀ ਹੈ ਕਿ ਹਿੰਦੂ, ਰਾਸ਼ਟਰੀਅਤਾ ਪ੍ਰਗਟਾਉਣ ਵਾਲਾ ਸ਼ਬਦ ਹੈ। ਭਾਰਤ ਦੇਸ਼ ਇਕ ਹਿੰਦੂ ਰਾਸ਼ਟਰ ਹੈ, ਹਿੰਦੂ ਹੋਣਾ ਹੀ ਰਾਸ਼ਟਰੀ ਹੋਣਾ ਹੈ।
ਸੁਆਮੀ ਵਿਵੇਕਾਨੰਦ ਨੇ 19ਵੀਂ ਸਦੀ ਦੇ ਅੰਤ ਵਿਚ ਸ਼ਿਕਾਗੋ (ਅਮਰੀਕਾ) ਵਿਚ ਹੋਈ ਵਿਸ਼ਵ ਧਰਮ ਸੰਸਦ ਵਿਚ ਹਿੰਦੂ ਧਰਮ ਦੀ ਪ੍ਰਤੀਨਿਧਤਾ ਕੀਤੀ ਸੀ ਅਤੇ ਇਸ ਨੂੰ ਵੇਦਾਂ ਤੋਂ ਸ਼ੁਰੂ ਹੋਇਆ ਹਿੰਦੂ ਧਰਮ ਕਿਹਾ ਸੀ। ਉਨ੍ਹਾਂ ਨੇ ਹਿੰਦੂ ਸ਼ਬਦ ਦੀ ਉਸੇ ਅਰਥ ਵਿਚ ਵਿਆਖਿਆ ਕੀਤੀ ਸੀ ਜਿਸ ਅਰਥ ਵਿਚ ਇਹ ਅੱਜ ਵਰਤਿਆ ਜਾਂਦਾ ਹੈ। ਉਸ ਸਭਾ ਵਿਚ ਉਨ੍ਹਾਂ ਨੇ ਬੜੇ ਫ਼ਖ਼ਰ ਨਾਲ ਕਿਹਾ ਸੀ, ‘ਮੈਨੂੰ ਇਕ ਅਜਿਹੇ ਧਰਮ ਦਾ ਅਨੁਯਾਈ ਹੋਣ ਦਾ ਮਾਣ ਹੈ ਜਿਸ ਵਿਚ ਸਹਿਣਸ਼ੀਲਤਾ ਹੈ ਅਤੇ ਸਾਰੇ ਵਿਸ਼ਵ ਦੇ ਲੋਕਾਂ ਨੂੰ ਆਪਣੇ ਭਰਾ ਮੰਨਣ ਦੀ ਮਾਨਤਾ ਹੈ।’ ਉਨ੍ਹਾਂ ਨੇ ਹਿੰਦੂਵਾਦ ਨੂੰ ਧਰਮ ਮੰਨ ਕੇ ਸੰਸਾਰ ਦੇ ਦੋ ਵੱਡੇ ਧਰਮਾਂ- ਈਸਾਈਅਤ ਅਤੇ ਇਸਲਾਮ ਦੀ ਤੁਲਨਾ ਕੀਤੀ ਸੀ।
ਡਾæ ਕੇਸ਼ਵ ਬਲੀ ਰਾਮ ਹੈਡਗੇਵਾਰ ਨੇ ਸੰਨ 1925 ਵਿਚ ਨਾਗਪੁਰ ਵਿਚ ਆਰæਐਸ਼ਐਸ਼ ਦੀ ਨੀਂਹ ਰੱਖੀ ਸੀ। ਸੰਘ ਦਾ ਸੋਇਮ ਸੇਵਕ ਬਣਨ ਲਈ ਬੰਦੇ ਨੂੰ ਇਕ ਸਹੁੰ ਚੁੱਕਣੀ ਪੈਂਦੀ ਸੀ- ‘ਸਰਬ-ਸ਼ਕਤੀਮਾਨ ਪਰਮੇਸ਼ਵਰ ਅਤੇ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹੋਏ ਮੈਂ ਸਹੁੰ ਚੁੱਕਦਾ ਹਾਂ ਕਿ ਪਵਿੱਤਰ ਹਿੰਦੂ ਧਰਮ, ਹਿੰਦੂ ਸੰਸਕ੍ਰਿਤੀ ਦੀ ਰੱਖਿਆ ਕਰਨ ਲਈ ਅਤੇ ਹਿੰਦੂ ਰਾਸ਼ਟਰ ਨੂੰ ਆਜ਼ਾਦ ਕਰਾਉਣ ਲਈ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਹਿੱਸਾ ਬਣ ਰਿਹਾ ਹਾਂ। ਸੰਘ ਦਾ ਕੰਮ ਮੈਂ ਇਮਾਨਦਾਰੀ, ਨਿਰਸੁਆਰਥ ਬੁੱਧੀ, ਤਨ, ਮਨ ਅਤੇ ਧਨ ਨਾਲ ਕਰਾਂਗਾ ਅਤੇ ਇਸ ਵਰਤ ਨੂੰ ਮੈਂ ਸਾਰਾ ਜੀਵਨ ਪੂਰੀ ਨਿਸ਼ਠਾ ਦੇ ਨਾਲ ਨਿਭਾਵਾਂਗਾ।’ ਇਸ ਸਹੁੰ ਵਿਚ ਹਿੰਦੂ ਧਰਮ ਅਤੇ ਹਿੰਦੂ ਸੰਸਕ੍ਰਿਤੀ ਦੇ ਨਾਲ ਹੀ ਹਿੰਦੂ ਰਾਸ਼ਟਰ ਨੂੰ ਆਜ਼ਾਦ ਕਰਾਉਣ ਦੀ ਗੱਲ ਕਹੀ ਗਈ ਸੀ। 15 ਅਗਸਤ ਨੂੰ ਦੇਸ਼ ਆਜ਼ਾਦ ਹੋ ਗਿਆ। ਜੇ ਹਿੰਦੂ ਹੋਣਾ ਹੀ ਰਾਸ਼ਟਰੀ ਹੋਣਾ ਹੈ ਤਾਂ ਹਿੰਦੂ ਰਾਸ਼ਟਰ ਨੂੰ ਆਜ਼ਾਦ ਕਰਾਉਣ ਦਾ ਸੰਕਲਪ ਤਾਂ ਪੂਰਾ ਹੋ ਗਿਆ, ਪਰ ਸੰਘ ਅਜੇ ਵੀ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਦੇ ਨਿਸ਼ਚੈ ਨੂੰ ਦੁਹਰਾਉਂਦਾ ਰਹਿੰਦਾ ਹੈ। ਕੀ ਇਸ ਦਾ ਅਰਥ ਇਹ ਹੈ ਕਿ ਭਾਰਤ ਰਾਸ਼ਟਰ ਤਾਂ ਆਜ਼ਾਦ ਹੋ ਗਿਆ ਹੈ, ਪਰ ਹਿੰਦੂ ਰਾਸ਼ਟਰ ਆਜ਼ਾਦ ਨਹੀਂ ਹੈ।
ਆਰæਐਸ਼ਐਸ਼ ਦੀ ਸਥਾਪਨਾ ਦੇ ਕੁਝ ਚਿਰ ਪਿੱਛੋਂ (1931 ਵਿਚ) ਅਲਾਹਾਬਾਦ ਵਿਚ ਮੁਸਲਿਮ ਲੀਗ ਦਾ ਸਾਲਾਨਾ ਜਲਸਾ ਹੋਇਆ ਸੀ ਜਿਸ ਦੀ ਪ੍ਰਧਾਨਗੀ ਡਾæ ਮੁਹੰਮਦ ਇਕਬਾਲ ਨੇ ਕੀਤੀ ਸੀ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਇਥੇ ਇਕ ਹਿੰਦੂ ਭਾਰਤ ਹੈ ਅਤੇ ਇਕ ਮੁਸਲਿਮ ਭਾਰਤ ਹੈ। ਇਸੇ ਮਾਨਤਾ ਉਤੇ ਮੁਹੰਮਦ ਅਲੀ ਜਿਨਾਹ ਨੇ ਦੋ ਰਾਸ਼ਟਰਾਂ ਦੇ ਸਿਧਾਂਤ ਦਾ ਵਿਚਾਰ ਅੱਗੇ ਵਧਾਇਆ ਅਤੇ ਦੇਸ਼ ਵੰਡਿਆ ਗਿਆ। ਪਾਕਿਸਤਾਨ ਨੇ ਆਪਣੇ ਆਪ ਨੂੰ ਇਸਲਾਮੀ ਰਾਸ਼ਟਰ ਐਲਾਨਿਆ, ਪਰ ਭਾਰਤ ਨੇ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਨਹੀਂ ਕਿਹਾ। ਆਜ਼ਾਦ ਭਾਰਤ ਦਾ ਜਿਹੜਾ ਸੰਵਿਧਾਨ ਬਣਿਆ, ਉਸ ਵਿਚ ਇਸ ਦੇਸ਼ ਵਿਚ ਵਸਣ ਵਾਲੇ ਸਾਰੇ ਸ਼ਹਿਰੀਆਂ ਨੂੰ ਉਨ੍ਹਾਂ ਦਾ ਧਰਮ, ਮਜ਼ਹਬ, ਪੰਥ, ਜਾਤੀ, ਨਸਲ, ਲਿੰਗ ਕੁਝ ਵੀ ਹੋਵੇ, ਬਰਾਬਰ ਦੇ ਅਧਿਕਾਰ ਦਿੱਤੇ ਗਏ।
ਅਜੋਕੇ ਸੰਸਾਰ ਵਿਚ ਰਾਸ਼ਟਰੀਅਤਾ ਦਾ ਵਿਚਾਰ ਲਗਾਤਾਰ ਬਦਲਿਆ ਹੈ। ਕੁਝ ਇਸਲਾਮੀ ਦੇਸ਼ਾਂ ਨੂੰ ਛੱਡ ਕੇ ਅੱਜ ਸੰਸਾਰ ਵਿਚ ਬਹੁਤੇ ਦੇਸ਼ ਬਹੁ-ਧਰਮੀ ਹਨ ਅਤੇ ਸਾਰੇ ਧਰਮ ਬਹੁ-ਦੇਸ਼ੀ ਹੋ ਗਏ ਹਨ। ਹਿੰਦੂ ਧਰਮ ਨੂੰ ਮੰਨਣ ਵਾਲੇ ਵੱਡੀ ਗਿਣਤੀ ਵਿਚ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ, ਜਿਥੇ ਈਸਾਈ ਧਰਮ ਨੂੰ ਮੰਨਣ ਵਾਲੇ ਬਹੁ-ਗਿਣਤੀ ਵਿਚ ਹਨ। ਇੰਡੋਨੇਸ਼ੀਆ ਜਿਹੇ ਬਹੁ-ਗਿਣਤੀ ਮੁਸਲਿਮ ਦੇਸ਼ ਵਿਚ ਵੱਡੀ ਗਿਣਤੀ ਵਿਚ ਹਿੰਦੂ ਰਹਿੰਦੇ ਹਨ। ਉਹ ਧਰਮ ਦੇ ਨਜ਼ਰੀਏ ਨਾਲ ਹਿੰਦੂ ਹਨ, ਪਰ ਰਾਸ਼ਟਰੀਅਤਾ ਦੇ ਨਜ਼ਰੀਏ ਨਾਲ ਇੰਡੋਨੇਸ਼ੀਆਈ ਹਨ।
ਕੁਝ ਸਮਾਂ ਪਹਿਲਾਂ ਮੈਂ ਕੁਝ ਚਿਰ ਲਈ ਕੈਨੇਡਾ ਗਿਆ ਸੀ। ਉਥੇ ਗੁਰਪੁਰਬ ਮੌਕੇ ਸਿੱਖਾਂ ਨੇ ਨਗਰ ਕੀਰਤਨ ਸਜਾਇਆ। ਰਵਾਇਤ ਮੁਤਾਬਿਕ ਪੰਜ ਪਿਆਰੇ ਖਾਲਸਾਈ ਨਿਸ਼ਾਨ ਲੈ ਕੇ ਅੱਗੇ-ਅੱਗੇ ਤੁਰ ਰਹੇ ਸਨ, ਪਰ ਉਨ੍ਹਾਂ ਤੋਂ ਵੀ ਅੱਗੇ ਇਕ ਹੋਰ ਸਿੰਘ ਉਨ੍ਹਾਂ ਜਿਹੇ ਲਿਬਾਸ ਵਿਚ ਕੈਨੇਡਾ ਦਾ ਰਾਸ਼ਟਰੀ ਝੰਡਾ ਲੈ ਕੇ ਤੁਰ ਰਿਹਾ ਸੀ। ਇਸ ਦਾ ਅਰਥ ਸਾਫ਼ ਸੀ- ਧਰਮ ਪੱਖੋਂ ਅਸੀਂ ਸਿੱਖ ਹਾਂ, ਪਰ ਰਾਸ਼ਟਰੀਅਤਾ ਪੱਖੋਂ ਅਸੀਂ ਕੈਨੇਡੀਅਨ ਹਾਂ।
1950 ਵਿਚ ਭਾਰਤੀ ਜਨ ਸੰਘ ਦੀ ਸਥਾਪਨਾ ਹੋਈ ਸੀ। ਉਸ ਪਿੱਛੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਪ੍ਰੇਰਨਾ ਸੀ, ਪਰ ਭਾਰਤੀ ਜਨ ਸੰਘ ਦੇ ਮਨੋਰਥ ਪੱਤਰ ਵਿਚ ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਕੋਈ ਗੱਲ ਨਹੀਂ ਸੀ। ਭਾਰਤੀ ਜਨ ਸੰਘ ਇਕ ਸਿਆਸੀ ਦਲ ਸੀ। ਇਸ ਨੇ ਚੋਣਾਂ ਲੜਨੀਆਂ ਸਨ। ਇਸ ਲਈ ਉਸ ਨੇ ਆਪਣੇ ਬੂਹੇ ਸਾਰਿਆਂ ਧਰਮਾਂ ਲਈ ਖੁੱਲ੍ਹੇ ਰੱਖੇ ਸਨ।
1970 ਵਿਚ ਜਦੋਂ ਜੈ ਪ੍ਰਕਾਸ਼ ਨਾਰਾਇਣ ਦੇ ਯਤਨਾਂ ਨਾਲ ਬਹੁਤ ਸਾਰੇ ਗ਼ੈਰ-ਕਾਂਗਰਸੀ ਅਤੇ ਗ਼ੈਰ-ਖੱਬੇ ਪੱਖੀ ਇਕ ਮੰਚ ‘ਤੇ ਆਏ, ਉਨ੍ਹਾਂ ਵਿਚ ਭਾਰਤੀ ਜਨ ਸੰਘ ਵੀ ਸੀ। ਇਹ ਸਾਰੀਆਂ ਪਾਰਟੀਆਂ ਇੰਦਰਾ ਗਾਂਧੀ ਦੇ ਤਾਨਾਸ਼ਾਹੀ ਰਵੱਈਏ ਕਾਰਨ ਇਕੱਠੀਆਂ ਹੋਈਆਂ ਸਨ। ਇਨ੍ਹਾਂ ਨੇ ਮਿਲ ਕੇ ਜਨਤਾ ਪਾਰਟੀ ਬਣਾਈ ਸੀ। ਆਮ ਚੋਣਾਂ ਵਿਚ ਜਿੱਤ ਪ੍ਰਾਪਤ ਕਰ ਕੇ ਜਨਤਾ ਪਾਰਟੀ ਸੱਤਾ ਵਿਚ ਆਈ। ਸ੍ਰੀ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ। ਅਟਲ ਬਿਹਾਰੀ ਵਾਜਪਾਈ ਨੂੰ ਵਿਦੇਸ਼ ਮੰਤਰੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੂਚਨਾ ਤੇ ਪ੍ਰਸਾਰਨ ਮੰਤਰੀ ਬਣਾਇਆ ਗਿਆ ਸੀ। 1980 ਵਿਚ ਆਪਣੇ ਅਨੇਕਾਂ ਅੰਤਰ-ਵਿਰੋਧਾਂ ਕਰ ਕੇ ਜਨਤਾ ਪਾਰਟੀ ਟੁੱਟਣ ਲੱਗ ਪਈ। ਭਾਰਤੀ ਜਨ ਸੰਘ ਨੇ ਜਨਤਾ ਪਾਰਟੀ ਤੋਂ ਨਿਕਲ ਕੇ ਆਪਣੇ ਆਪ ਨੂੰ ਪੁਨਰਗਠਿਤ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਨਾਂ ਹੇਠ ਨਵੀਂ ਪਾਰਟੀ ਬਣਾ ਲਈ। ਹਿੰਦੂਤਵ ਬਾਰੇ ਵੀ ਉਸ ਦਾ ਨਜ਼ਰੀਆ ਵਧੇਰੇ ਲਚਕੀਲਾ ਹੋ ਗਿਆ। ਅਟਲ ਬਿਹਾਰੀ ਵਾਜਪਾਈ ਨੇ ਭਾਰਤੀ ਜਨਤਾ ਪਾਰਟੀ ਨੂੰ ਸਹੀ ਅਰਥਾਂ ਵਿਚ ਲੋਕਤੰਤਰੀ ਤੇ ਉਦਾਰ ਰੂਪ ਦੇਣ ਦਾ ਯਤਨ ਕੀਤਾ, ਪਰ ਲਾਲ ਕ੍ਰਿਸ਼ਨ ਅਡਵਾਨੀ ਇਸ ਨੂੰ ਹਿੰਦੂਵਾਦੀ ਬਣਾ ਕੇ ਰੱਖਣਾ ਚਾਹੁੰਦੇ ਸਨ।
ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਦੇ ਮੁੱਦੇ ‘ਤੇ ਅਡਵਾਨੀ ਨੇ ਜਿਹੜੀ ਰਥ ਯਾਤਰਾ ਕੱਢੀ ਸੀ, ਵਾਜਪਾਈ ਨੇ ਉਸ ਦੀ ਹਮਾਇਤ ਨਹੀਂ ਸੀ ਕੀਤੀ। ਅਯੁੱਧਿਆ ਵਿਚ ਬਣੀ ਬਾਬਰੀ ਮਸਜਿਦ ਨੂੰ ਢਾਹੁਣ ਵੇਲੇ ਭਾਜਪਾ ਦੇ ਵੱਡੇ ਲੀਡਰ ਉਥੇ ਮੌਜੂਦ ਸਨ ਪਰ ਵਾਜਪਾਈ ਉਥੇ ਨਹੀਂ ਸਨ। ਉਨ੍ਹਾਂ ਨੇ ਇਸ ਕੰਮ ਨੂੰ ਠੀਕ ਨਹੀਂ ਸੀ ਸਮਝਿਆ। ਕੁਝ ਵਰ੍ਹੇ ਪਹਿਲਾਂ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ, ਉਨ੍ਹਾਂ ਨੇ ਆਪਣੇ ਘਰ ਵਿਚ ਸ੍ਰੀ ਮਲਕਾਨੀ (ਹੁਣ ਜੀਵਤ ਨਹੀਂ) ਦੀ ਪੁਸਤਕ ‘ਇੰਡੀਆ ਫਸਟ’ ਰਿਲੀਜ਼ ਕੀਤੀ ਸੀ। ਉਸ ਮੌਕੇ ਵਾਜਪਾਈ ਨੇ ਹਿੰਦੂਤਵ ਦੀ ਗੱਲ ਵੀ ਛੇੜੀ ਸੀ। ਉਨ੍ਹਾਂ ਕਿਹਾ ਸੀ, ਜਦੋਂ ਸੁਆਮੀ ਵਿਵੇਕਾਨੰਦ ਹਿੰਦੂ ਹੋਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਕੋਈ ਫਿਰਕਾਪ੍ਰਸਤ ਨਹੀਂ ਆਖਦਾ; ਪਰ ਅੱਜ ਕਲ੍ਹ ਕੁਝ ਲੋਕੀ ਹਿੰਦੂਤਵ ਦੀ ਜੋ ਪਰਿਭਾਸ਼ਾ ਕਰਦੇ ਹਨ, ਮੈਂ ਉਸ ਤੋਂ ਲਾਂਭੇ ਹੀ ਰਹਿਣਾ ਚਾਹੁੰਦਾ ਹਾਂ। ਸ੍ਰੀ ਵਾਜਪਾਈ ਦੀ ਸਿਆਣਪ ਅਤੇ ਦੂਰਦ੍ਰਿਸ਼ਟੀ ਕਰ ਕੇ ਹੀ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨæਡੀæਏæ) ਬਣਿਆ ਸੀ। ਉਸ ਗਠਜੋੜ ਵਿਚ ਅਜਿਹੀਆਂ ਪਾਰਟੀਆਂ ਤੇ ਉਘੇ ਬੰਦੇ ਵੀ ਸ਼ਾਮਿਲ ਹੋਏ ਸਨ ਜਿਹੜੇ ਭਾਜਪਾ ਨੂੰ ਫਿਰਕੂ ਜਮਾਤ ਸਮਝਦੇ ਸਨ। ਇਸ ਗਠਜੋੜ ਦੀ ਸਰਕਾਰ 6 ਵਰ੍ਹਿਆਂ ਤੱਕ ਕੇਂਦਰ ਵਿਚ ਰਹੀ।
ਇਤਿਹਾਸਕ ਦ੍ਰਿਸ਼ਟੀ ਨਾਲ ਭਾਰਤ ਵਿਚ ਹਿੰਦੂ ਸ਼ਬਦ ਸਦਾ ਇਕ ਧਰਮ ਨਾਲ ਜੋੜ ਕੇ ਵੇਖਿਆ ਗਿਆ ਹੈ। ਮੱਧ ਯੁੱਗ ਦੇ ਸਾਰੇ ਸੰਤਾਂ, ਭਗਤਾਂ ਨੇ ਹਿੰਦੂ ਅਤੇ ਮੁਸਲਮਾਨ (ਜਾਂ ਤੁਰਕ) ਦੋ ਲਫ਼ਜ਼ਾਂ ਦੀ ਵਰਤੋਂ ਦੋ ਤਬਕਿਆਂ ਨੂੰ ਦਰਸਾਉਣ ਲਈ ਕੀਤੀ ਹੈ। ਭਗਤ ਨਾਮਦੇਵ ਨੇ ਤੇਰ੍ਹਵੀਂ ਸਦੀ ਵਿਚ ਲਿਖਿਆ ਸੀ-
ਹਿੰਦੂ ਪ੍ਰਜੈ ਦੇਹੁਰਾ ਮੁਸਲਮਾਣੁ ਮਸੀਤ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ॥
ਭਾਰਤ ਦਾ ਸੰਵਿਧਾਨ ਵੀ ਹਿੰਦੂ ਲਫ਼ਜ਼ ਨੂੰ ਧਰਮ ਦੇ ਰੂਪ ਵਿਚ ਵੇਖਦਾ ਹੈ। ਇਸ ਲਈ ਹਿੰਦੂ ਸਿਵਲ ਕੋਡ ਮੁਸਲਮਾਨਾਂ, ਈਸਾਈਆਂ, ਪਾਰਸੀਆਂ ਉਤੇ ਲਾਗੂ ਨਹੀਂ ਹੁੰਦਾ, ਸੰਵਿਧਾਨ ਵਿਚ ਇਸ ਦੇਸ਼ ਲਈ ਦੋ ਸ਼ਬਦ ਵਰਤੇ ਗਏ ਹਨ- ਇੰਡੀਆ ਅਤੇ ਭਾਰਤ। ਦੇਸ਼ ਦੇ ਸਾਰੇ ਨਿਵਾਸੀ ਇੰਡੀਅਨ ਹਨ, ਭਾਰਤੀ ਹਨ। ਜਿਥੇ ਹਿੰਦੁਸਤਾਨ ਲਫ਼ਜ਼ ਵਰਤਿਆ ਗਿਆ ਹੈ, ਉਥੇ ਉਹ ਹਿੰਦੁਸਤਾਨੀ ਹਨ, ਹਿੰਦੂ ਨਹੀਂ। ਡਾæ ਮੁਹੰਮਦ ਇਕਬਾਲ ਨੇ ਜਦੋਂ 1905 ਵਿਚ ਇਹ ਗੀਤ ਲਿਖਿਆ ਸੀ- ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਤਾਂ ਇਥੇ ਦੇ ਰਹਿਣ ਵਾਲਿਆਂ ਲਈ ‘ਹਿੰਦੀ’ ਲਫ਼ਜ਼ ਵਰਤਿਆ ਸੀ। ਹਿੰਦੁਸਤਾਨੀਆਂ ਲਈ ‘ਹਿੰਦੀ’ ਲਫ਼ਜ਼ ਦੀ ਵਰਤੋਂ ਹੁੰਦੀ ਰਹੀ ਹੈ- ‘ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ।’ ਸ੍ਰੀ ਮੋਹਨ ਭਾਗਵਤ ਨੇ ਹਿੰਦੁਸਤਾਨੀ ਦੀ ਥਾਂ ਸਭ ਨੂੰ ਹਿੰਦੂ ਆਖਣ ਦੀ ਵਕਾਲਤ ਕਰ ਕੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੂੰ ਹਿੰਦੂ, ਹਿੰਦੀ, ਹਿੰਦੁਸਤਾਨੀ ਲਫ਼ਜ਼ਾਂ ਦਾ ਫਰਕ ਸਮਝਣਾ ਚਾਹੀਦਾ ਹੈ।
Leave a Reply