-ਜਤਿੰਦਰ ਪਨੂੰ
ਬਹੁਤ ਸਾਰੇ ਲੋਕ ਨਵੀਂ ਸਰਕਾਰ ਨੂੰ ਭਾਰਤ ਦੀ ਨਾ ਕਹਿ ਕੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ’ ਹੀ ਕਹਿੰਦੇ ਹਨ, ਤੇ ਸ਼ਾਇਦ ਉਹ ਠੀਕ ਕਹਿੰਦੇ ਹਨ। ਲੋਕ ਸਭਾ ਵਿਚ ਤੀਹ ਸਾਲਾਂ ਬਾਅਦ ਪਹਿਲੀ ਵਾਰੀ ਇਕਲੌਤੀ ਪਾਰਟੀ ਦੀ ਬਹੁ-ਸੰਮਤੀ ਆਈ ਅਤੇ ਇੱਕ ਵਾਰੀ ਫਿਰ ਇਹ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਵਾਂਗ ਇੱਕੋ ਆਗੂ ਦੇ ਘੇਰੇ ਜੁੜੀ ਬਹੁ-ਸੰਮਤੀ ਹੋਣ ਕਰ ਕੇ ਪ੍ਰਭਾਵ ਵੀ ਦੇਸ਼ ਦੀ ਸਰਕਾਰ ਦੀ ਥਾਂ ਉਸ ਵਿਅਕਤੀ ਦੀ ਸਰਕਾਰ ਵਾਲਾ ਮਿਲ ਰਿਹਾ ਹੈ। ਇੰਦਰਾ ਗਾਂਧੀ ਨੂੰ ਜਿਹੜਾ ਆਗੂ ਪ੍ਰਵਾਨ ਨਹੀਂ ਸੀ ਹੁੰਦਾ, ਪਹਿਲਾਂ ਖੂੰਜੇ ਲਾਇਆ ਜਾਂਦਾ ਸੀ ਤੇ ਫਿਰ ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਸੀ ਕਿ ਉਹ ਚੁੱਪ ਕਰ ਜਾਵੇ ਜਾਂ ਦਰਵਾਜ਼ਿਓਂ ਬਾਹਰ ਨਿਕਲ ਜਾਣ ਲਈ ਤਿਆਰੀ ਕਰ ਲਵੇ। ਹੁਣ ਵੀ ਇਸੇ ਤਰ੍ਹਾਂ ਕੀਤੇ ਜਾਣ ਦਾ ਪ੍ਰਭਾਵ ਮਿਲ ਰਿਹਾ ਹੈ। ਪਾਰਟੀ ਦੀ ਜੜ੍ਹ ਲਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂ ਖੂੰਜੇ ਬਿਠਾ ਦਿੱਤੇ ਗਏ ਹਨ ਤੇ ਦੋ ਕੁ ਦਿਨਾਂ ਦੇ ਰੁਸੇਵੇਂ ਮਗਰੋਂ ਉਹ ਮੋਦੀ ਦੇ ਪੱਖ ਵਿਚ ਬੋਲਣ ਲੱਗ ਪਏ ਹਨ। ਇਸ ਤੋਂ ਫਿਰ ਇੰਦਰਾ ਗਾਂਧੀ ਦਾ ਵਕਤ ਯਾਦ ਆ ਜਾਂਦਾ ਹੈ, ਜਿਸ ਵਿਚ ਬਜ਼ੁਰਗ ਆਗੂ ਵੀ ਉਸ ਦਾ ਚਾਲੀਸਾ ਪੜ੍ਹਨ ਲਈ ਮਜਬੂਰ ਹੋ ਜਾਂਦੇ ਸਨ। ਇੰਦਰਾ ਗਾਂਧੀ ਤੋਂ ਬਾਰਾਂ ਸਾਲ ਵੱਡਾ ਇੱਕ ਆਗੂ ਪਹਿਲਾਂ ਰੁੱਸ ਕੇ ਘਰ ਬੈਠ ਗਿਆ ਤੇ ਜਦੋਂ ਇੱਕੋ ਫੋਨ ਕੀਤਾ ਗਿਆ ਤਾਂ ਨਾ ਸਿਰਫ ਆ ਗਿਆ, ਸਗੋਂ ਅਗਲੇ ਜਲਸੇ ਵਿਚ ਆਪਣੇ ਤੋਂ ਬਾਰਾਂ ਸਾਲ ਛੋਟੀ ਇੰਦਰਾ ਗਾਂਧੀ ਨੂੰ ‘ਇੰਦਰਾ ਅੰਮਾ’ ਕਹਿੰਦਾ ਸੁਣਿਆ ਗਿਆ ਸੀ। ਭਾਰਤੀ ਰਾਜਨੀਤੀ ਵਿਚ ਇਸ ਤਰ੍ਹਾਂ ਦੇ ਦੌਰ ਕਈ ਵਾਰੀ ਆਏ ਹਨ ਤੇ ਹੁਣ ਦਾ ਦੌਰ ਉਨ੍ਹਾਂ ਦੌਰਾਂ ਦਾ ਦੁਹਰਾਓ ਹੋ ਸਕਦਾ ਹੈ, ਕਿਉਂਕਿ ਇਤਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਪਰ ਦੁਹਰਾਉਂਦਾ ਥੋੜ੍ਹਾ ਕੁ ਬਦਲ ਕੇ ਹੈ।
ਪਿਛਲੇ ਦਿਨੀਂ ਇਸ ਸਰਕਾਰ ਨੇ ਕੁਝ ਕਦਮ ਚੁੱਕੇ ਹਨ, ਜਿਨ੍ਹਾਂ ਦਾ ਕੁਝ ਲੋਕਾਂ ਨੇ ਰਵਾਇਤੀ ਵਿਰੋਧ ਕੀਤਾ ਤੇ ਕੁਝ ਹੋਰਨਾਂ ਨੇ ਰਵਾਇਤੀ ਹਾਮੀ ਭਰ ਦਿੱਤੀ, ਅਰਥ ਦੋਵੇਂ ਤਰ੍ਹਾਂ ਦੇ ਨਿਕਲਦੇ ਸਨ। ਸਰਕਾਰ ਵਿਚ ਵਜ਼ੀਰਾਂ ਵਿਚੋਂ ਸਭ ਤੋਂ ਵੱਡਾ ਕਿਸ ਨੂੰ ਮੰਨਿਆ ਜਾਵੇ, ਇਸ ਬਾਰੇ ਚੋਖੀ ਖਿੱਚੋਤਾਣ ਚੱਲੀ ਹੈ। ਰਾਜਨਾਥ ਸਿੰਘ ਗ੍ਰਹਿ ਮੰਤਰੀ ਹੋਣ ਦੇ ਨਾਲ ਸੱਤਾ ਵਿਚ ਆਉਣ ਤੱਕ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸੀ, ਇਸ ਆਧਾਰ ਉਤੇ ਹੋਰਨਾਂ ਲੋਕਾਂ ਤੋਂ ਉਸ ਨੂੰ ਸੀਨੀਅਰ ਮੰਨਣ ਦੀ ਮਜਬੂਰੀ ਨਾ ਬਣ ਜਾਵੇ, ਇਸ ਲਈ ਉਸ ਦੇ ਪੁੱਤਰ ਦੇ ਦਾਗੀ ਹੋਣ ਅਤੇ ਪ੍ਰਧਾਨ ਮੰਤਰੀ ਵੱਲੋਂ ਉਸ ਮੁੰਡੇ ਨੂੰ ਝਿੜਕਣ ਦਾ ਕਿੱਸਾ ਵੀ ਮੀਡੀਏ ਨੂੰ ਉਚੇਚ ਨਾਲ ਪੁਚਾਇਆ ਗਿਆ ਹੈ। ਉਂਜ ਵੱਡੇ ਲੀਡਰਾਂ ਵਿਚੋਂ ਕਿਸੇ ਵਿਰਲੇ ਦਾ ਪੁੱਤਰ ਹੀ ਰਾਜਨੀਤੀ ਦੀ ਖੁਰਲੀ ਵਿਚ ਮੂੰਹ ਮਾਰਨ ਤੋਂ ਰਹਿੰਦਾ ਹੈ, ਬਾਕੀ ਸਾਰਿਆਂ ਨੂੰ ਦੁੱਧ ਦੇ ਦੰਦ ਟੁੱਟ ਕੇ ਨਵੇਂ ਉੱਗਣ ਤੱਕ ਇਸ ਚਾਟ ਦਾ ਇਹੋ ਜਿਹਾ ਚਸਕਾ ਲੱਗ ਜਾਂਦਾ ਹੈ ਕਿ ਸਾਰੀ ਉਮਰ ਟੁੱਟਦਾ ਨਹੀਂ।
ਅਸੀਂ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਛੋਹ ਸਕਦੇ ਹਾਂ, ਪਰ ਇਸ ਵੇਲੇ ਇਸ ਦੀ ਥਾਂ ਭਾਰਤ ਵਿਚ ਵਧ ਰਹੇ ਉਸ ਜਨੂੰਨ ਦੀ ਚਰਚਾ ਨੂੰ ਪਹਿਲ ਦੇਣਾ ਚਾਹੁੰਦੇ ਹਾਂ, ਜਿਹੜਾ ਦੋਵਾਂ ਵੱਡੇ ਧਰਮਾਂ ਦੇ ਪੈਰੋਕਾਰਾਂ ਵਿਚ ਕੁੜੱਤਣਾਂ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਇਸ ਬਹਿਸ ਬਾਰੇ ਅਜੇ ਤੱਕ ਚੁੱਪ ਹੈ ਤੇ ਉਸ ਦੀ ਚੁੱਪ ਦੇ ਵੀ ਕਈ ਅਰਥ ਕੱਢੇ ਜਾ ਰਹੇ ਹਨ, ਪਰ ਗੱਲ ਇੱਕ ਵਿਅਕਤੀ ਤੋਂ ਵੱਧ ਸਮਾਜ ਦੀ ਹੈ, ਜਿਹੜਾ ਵੰਡਿਆ ਜਾ ਰਿਹਾ ਹੈ।
ਪਿਛਲੇ ਦਿਨਾਂ ਵਿਚ ਇਸ ਪੱਖ ਤੋਂ ਆਏ ਉਬਾਲੇ ਦੀਆਂ ਦੋ ਧਾਰਾਵਾਂ ਹਨ। ਇੱਕ ਧਾਰਾ ਹਿੰਦੂ ਸਮਾਜ ਵਿਚੋਂ ਸਾਰੇ ਭਾਰਤੀਆਂ ਨੂੰ ਹਿੰਦੂਤਵ ਦੀ ਗੁੜ੍ਹਤੀ ਦੇਣ ਲਈ ਕਮਰ ਕੱਸ ਰਹੀ ਹੈ। ਦੂਸਰੀ ਧਾਰਾ ਮੁਸਲਿਮ ਸਮਾਜ ਦੇ ਅੰਦਰ ਪੈਦਾ ਹੋਏ ਉਸ ਕੱਟੜਪੰਥੀਪੁਣੇ ਦੀ ਹੈ, ਜਿਹੜਾ ਜਵਾਨੀ ਨੂੰ ਜਹਾਦ ਦੇ ਰਾਹ ਪਾਉਂਦਾ ਹੈ। ਅਮਰੀਕਾ, ਆਸਟਰੇਲੀਆ ਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਇਸ ਦੀ ਅੱਗ ਆਪਣੇ ਵਿਹੜੇ ਵਿਚ ਲੱਗੀ ਵੇਖਣ ਲੱਗੀਆਂ ਹਨ। ਹੁਣ ਮੁਸਲਿਮ ਪਰਿਵਾਰਾਂ ਦੇ ਪੁੱਤਰ ਹੀ ਨਹੀਂ, ਕਈ ਗੈਰ-ਮੁਸਲਿਮ ਪਰਿਵਾਰਾਂ ਦੇ ਜੰਮੇ ਹੋਏ ਵੀ ਓਧਰ ਜਾਣ ਲੱਗੇ ਹਨ। ਅਮਰੀਕਾ ਤੋਂ ਇਸ ਤਰ੍ਹਾਂ ਦੇ ਤਿੰਨ ਕੇਸ ਸਾਹਮਣੇ ਆ ਚੁੱਕੇ ਹਨ, ਜਿੱਥੇ ਖਾਨਦਾਨੀ ਅਮਰੀਕੀ ਈਸਾਈ ਪਰਿਵਾਰਾਂ ਦੇ ਬੱਚੇ ਧਰਮ ਤਬਦੀਲੀ ਕਰ ਕੇ ਪਹਿਲਾਂ ਮੁਸਲਮਾਨ ਬਣੇ ਤੇ ਫਿਰ ਦਹਿਸ਼ਤਗਰਦੀ ਦੇ ਰਾਹੇ ਪੈ ਗਏ ਸਨ। ਬ੍ਰਿਟੇਨ ਵਿਚ ਵੀ ਇਸ ਤਰ੍ਹਾਂ ਦੇ ਕੁਝ ਕੇਸ ਸਾਹਮਣੇ ਆਏ ਹਨ। ਆਪਣੇ ਧਰਮ ਨੂੰ ਮੰਨਦੇ ਰਹਿਣਾ ਜਾਂ ਧਰਮ ਬਦਲੀ ਕਰਨਾ ਕਿਸੇ ਇਨਸਾਨ ਦਾ ਹੱਕ ਹੈ, ਪਰ ਇਸ ਤਬਦੀਲੀ ਦੇ ਬਾਅਦ ਕੁਝ ਲੋਕਾਂ ਦਾ ਜਨੂੰਨੀ ਬਣਦੇ ਜਾਣਾ ਕਿਸੇ ਵੀ ਸਮਾਜ ਲਈ ਫਿਕਰ ਦਾ ਮੁੱਦਾ ਹੋਣਾ ਚਾਹੀਦਾ ਹੈ। ਜਦੋਂ ਦੂਸਰੇ ਦੇਸ਼ਾਂ ਵਿਚੋਂ ਇਸ ਵਰਤਾਰੇ ਵਿਰੁਧ ਮੁਸਲਿਮ ਭਾਈਚਾਰਾ ਆਮ ਕਰ ਕੇ ਚੁੱਪ ਰਿਹਾ, ਉਦੋਂ ਭਾਰਤ ਦੇ ਕਈ ਮੁਸਲਿਮ ਧਾਰਮਿਕ ਆਗੂਆਂ ਨੇ ਖੁੱਲ੍ਹ ਕੇ ਕਿਹਾ ਹੈ ਕਿ ਉਹ ਇਸ ਰੁਝਾਨ ਨੂੰ ਸਹਿਮਤੀ ਨਹੀਂ ਦੇ ਸਕਦੇ। ਉਨ੍ਹਾਂ ਨੇ ਸਰਬ-ਸਾਂਝੀਵਾਲਤਾ ਦਾ ਹੋਕਾ ਦਿੱਤਾ ਹੈ ਤਾਂ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।
ਦੂਸਰੇ ਪਾਸੇ ਹਿੰਦੂ ਸਮਾਜ ਦੇ ਕਈ ਲੋਕਾਂ ਨੇ ਕੇਂਦਰ ਵਿਚ ਬਣੀ ਸਰਕਾਰ ਨੂੰ ‘ਆਪਣੀ ਸਰਕਾਰ’ ਮੰਨ ਲਿਆ ਤੇ ਉਹ ਦੂਸਰੇ ਭਾਈਚਾਰਿਆਂ ਵੱਲ ਟੀਰੀ ਅੱਖ ਨਾਲ ਵੇਖਦੇ ਹੋਏ ਇਸ ਤਰ੍ਹਾਂ ਦੀਆਂ ਸੁਰਾਂ ਕੱਢਣ ਲੱਗ ਪਏ ਹਨ, ਜਿਨ੍ਹਾਂ ਨਾਲ ਨੇੜਤਾ ਹੋਣ ਦੀ ਥਾਂ ਦਰਾੜ ਵਧਣ ਦੇ ਹਾਲਾਤ ਬਣ ਸਕਦੇ ਹਨ। ਸਭ ਤੋਂ ਵੱਡਾ ਮਾਮਲਾ ਇਸ ਬਹਿਸ ਦਾ ਬਣੀ ਜਾ ਰਿਹਾ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੂ ਕਹਿਣਾ ਚਾਹੀਦਾ ਹੈ ਕਿ ਨਹੀਂ? ਭਾਰਤੀ ਜਨਤਾ ਪਾਰਟੀ ਨਾਲ ਜੁੜੇ ਕੁਝ ਗੈਰ-ਹਿੰਦੂ ਰਾਜਸੀ ਆਗੂ ਚਾਪਲੂਸੀ ਕਰ ਕੇ ਭਾਜਪਾ ਦੇ ਮਾਈ-ਬਾਪ ਆਰ ਐਸ ਐਸ ਨੂੰ ਖੁਸ਼ ਕਰਨ ਲਈ ਆਪਣੇ ਆਪ ਨੂੰ ਹਿੰਦੂ ਵੀ ਕਹਿ ਦਿੰਦੇ ਤੇ ਫਿਰ ਪਾਸਾ ਵੱਟ ਜਾਂਦੇ ਹਨ। ਗੋਆ ਦੀ ਭਾਜਪਾ ਸਰਕਾਰ ਵਿਚੋਂ ਇੱਕ ਈਸਾਈ ਮੰਤਰੀ ਇਹ ਕਹਿਣ ਤੱਕ ਚਲਾ ਗਿਆ ਕਿ ‘ਮੈਂ ਹਿੰਦੂ ਈਸਾਈ ਹਾਂ।’ ਪਿੱਛੋਂ ਜਦੋਂ ਮਾਮਲਾ ਵਿਗੜ ਗਿਆ ਤਾਂ ਇਹ ਕਹਿਣ ਲੱਗ ਪਿਆ ਕਿ ਗੱਲ ਕਹੀ ਕੁਝ ਹੋਰ ਸੀ, ਉਸ ਦਾ ਭਾਵ ਕੁਝ ਹੋਰ ਸੀ ਤੇ ਕਿਉਂਕਿ ਇਸ ਨੂੰ ਰਾਜਨੀਤੀ ਦਾ ਰੰਗ ਦੇ ਦਿੱਤਾ ਗਿਆ ਹੈ, ਮੈਂ ਇਸ ਨੂੰ ਵਾਪਸ ਲੈਣ ਵਿਚ ਹਰਜ ਨਹੀਂ ਸਮਝਦਾ। ਇੱਕ ਬੀਬੀ ਕਦੀ ਦੇਸ਼ ਦੀ ਰਾਜ ਸਭਾ ਦੀ ਉਪ ਚੇਅਰਪਰਸਨ ਹੁੰਦੀ ਸੀ। ਫਿਰ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਚਲੀ ਗਈ। ਅੱਜ ਉਹ ਭਾਜਪਾ ਦੀ ਸਰਕਾਰ ਵਿਚ ਮੰਤਰੀ ਹੈ ਤੇ ਇਹ ਅਹੁਦਾ ਦੇਣ ਵਾਲਿਆਂ ਦੀ ਖੁਸ਼ੀ ਹਾਸਲ ਕਰਨ ਲਈ ਇੱਕ ਅੰਗਰੇਜ਼ੀ ਅਖਬਾਰ ਨੂੰ ਕਹਿ ਬੈਠੀ ਹੈ ਕਿ ਹਿੰਦੁਸਤਾਨ ਦਾ ਹਰ ਵਾਸੀ ਹਿੰਦੂ ਹੈ। ਗੱਲ ਵਿਗੜ ਗਈ ਤਾਂ ਉਹ ਵੀ ਲਫਜ਼ਾਂ ਨੂੰ ਤੋੜਦੀ-ਮਰੋੜਦੀ ਫਿਰਦੀ ਹੈ। ਵਿਚਾਰੀ ਨੇ ਜਿਨ੍ਹਾਂ ਨਾਲ ਰਾਜਨੀਤੀ ਕਰਨੀ ਹੈ, ਉਨ੍ਹਾਂ ਨਾਲ ਵੀ ਨਹੀਂ ਵਿਗਾੜ ਸਕਦੀ ਤੇ ਜਿਸ ਭਾਈਚਾਰੇ ਦਾ ਅੰਗ ਹੈ, ਉਸ ਨੂੰ ਵੀ ਉਮਰ ਦੀ ਢਲਦੀ ਸ਼ਾਮ ਦੇ ਪਹਿਰ ਵਿਚ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਇਸ ਨਾਲੋਂ ਵੱਡਾ ਮੁੱਦਾ ਇਸ ਵੇਲੇ ‘ਲਵ ਜਹਾਦ’ ਦਾ ਬਣੀ ਜਾ ਰਿਹਾ ਹੈ, ਜਾਂ ਫਿਰ ਬਣਾਇਆ ਜਾ ਰਿਹਾ ਹੈ। ਦੋਸ਼ ਇਹ ਲਾਇਆ ਜਾਂਦਾ ਹੈ ਕਿ ਗੈਰ-ਮੁਸਲਿਮ ਔਰਤਾਂ ਨੂੰ ਵਰਗਲਾ ਕੇ ਸ਼ਾਦੀ ਕਰਨ ਦੇ ਬਾਅਦ ਉਸ ਧਰਮ ਵਿਚ ਸ਼ਾਮਲ ਹੋਣ ਨੂੰ ਮਜਬੂਰ ਕੀਤਾ ਜਾਂਦਾ ਹੈ। ਪਾਕਿਸਤਾਨ ਵਿਚ ਇਸ ਤਰ੍ਹਾਂ ਹੋਵੇ ਤਾਂ ਇਸ ਦੇ ਵਿਰੁਧ ਆਵਾਜ਼ ਨੂੰ ਉਥੋਂ ਦਾ ਪ੍ਰਸ਼ਾਸਨ ਦਬਾ ਸਕਦਾ ਹੈ, ਪਰ ਭਾਰਤ ਵਿਚ ਜੇ ਕੋਈ ਔਰਤ ਇਹੋ ਜਿਹੀ ਗੱਲ ਮੰਨਣ ਤੋਂ ਨਾਂਹ ਕਰਨਾ ਚਾਹੇ ਤਾਂ ਇਥੇ ਕਾਨੂੰਨ ਦਾ ਰਾਜ ਹੈ, ਉਹ ਉਸ ਦੇ ਨਾਲ ਖੜਾ ਹੋ ਸਕਦਾ ਹੈ। ਇਹ ਗੱਲ ਰੱਦ ਨਹੀਂ ਕੀਤੀ ਜਾ ਸਕਦੀ ਕਿ ਇਹ ਕੰਮ ਕੁਝ ਲੋਕਾਂ ਨੇ ਕੀਤਾ ਹੈ ਤੇ ਇੱਕ ਜਨੂੰਨੀ ਸੋਚ ਦੇ ਅਧੀਨ ਇਸ ਤਰ੍ਹਾਂ ਕਰਨ ਨੂੰ ਉਹ ਇਸਲਾਮ ਦੀ ਸੇਵਾ ਕਰਨੀ ਸਮਝਦੇ ਹਨ, ਪਰ ਸਾਰੇ ਦੇ ਸਾਰੇ ਮੁਸਲਮਾਨ ਇਸ ਰਾਹੇ ਨਹੀਂ ਪੈ ਗਏ। ਕਿਸੇ ਵੀ ਕੁੜੀ ਤੇ ਮੁੰਡੇ ਨੂੰ ਆਪਣੀ ਮਰਜ਼ੀ ਦੇ ਇਨਸਾਨ ਨਾਲ ਵਿਆਹ ਕਰਨ ਦਾ ਹੱਕ ਹੈ ਤੇ ਉਹ ਧਰਮ ਦੀ ਵਲਗਣ ਤੋਂ ਬਾਹਰ ਨਿਕਲ ਕੇ ਕਰਵਾ ਸਕਦੇ ਹਨ। ਕਈ ਕੱਟੜਪੰਥੀਆਂ ਨੇ ਵੀ ਇਸ ਤਰ੍ਹਾਂ ਦੇ ਵਿਆਹ ਕੀਤੇ ਅਤੇ ਪਿੱਛੋਂ ਭੁਗਤੇ ਵੀ ਹੋਏ ਹਨ। ਮੁਹੰਮਦ ਅਲੀ ਜਿਨਾਹ ਨੇ ਇਸਲਾਮ ਨੂੰ ਛੱਡ ਕੇ ਇੱਕ ਗੈਰ-ਮੁਸਲਿਮ ਕੁੜੀ ਨਾਲ ਵਿਆਹ ਕੀਤਾ ਸੀ, ਪਰ ਉਸ ਵਿਆਹ ਤੋਂ ਪੈਦਾ ਹੋਈ ਧੀ ਨੇ ਵੀ ਇਸਲਾਮ ਛੱਡ ਕੇ ਇੱਕ ਪਾਰਸੀ ਮੁੰਡੇ ਨਾਲ ਵਿਆਹ ਕਰ ਲਿਆ ਸੀ। ਭਾਰਤ ਦੇ ਬੰਬੇ ਡਾਈਂਗ ਦਾ ਮਾਲਕ ਨੁਸਲੀ ਵਾਡੀਆ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਉਸੇ ਧੀ ਦਾ ਪੁੱਤਰ ਹੈ।
ਅਸੀਂ ਕੁਝ ਕੱਟੜਪੰਥੀ ਮੁਸਲਮਾਨਾਂ ਵੱਲੋਂ ‘ਲਵ ਜਹਾਦ’ ਵਰਗੀ ਕਿਸੇ ਸ਼ਰਾਰਤੀ ਖੇਡ ਤੋਂ ਪਾਸੇ ਹਟ ਕੇ ਦੇਖ ਲਈਏ ਤਾਂ ਜਿਹੜੇ ਲੋਕ ‘ਲਵ ਜਹਾਦ’ ਵਿਰੁਧ ਇਸ ਵਕਤ ਸਭ ਤੋਂ ਵੱਧ ਦੁਹਾਈ ਪਾ ਰਹੇ ਹਨ, ਉਨ੍ਹਾਂ ਦੇ ਘਰਾਂ ਵਿਚ ਵੀ ਦੂਸਰੀਆਂ ਮਿਸਾਲਾਂ ਮਿਲ ਜਾਣਗੀਆਂ। ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਦੋ ਕੇਂਦਰੀ ਆਗੂ ਇਹੋ ਜਿਹੇ ਹਨ, ਜਿਨ੍ਹਾਂ ਨੇ ਹਿੰਦੂ ਕੁੜੀਆਂ ਨਾਲ ਵਿਆਹ ਕਰਵਾਏ ਹੋਏ ਹਨ, ਪਰ ਉਨ੍ਹਾਂ ਦੇ ਵਿਰੋਧ ਦੀ ਸੁਰ ਕਦੇ ਕਿਸੇ ਹਿੰਦੂ ਆਗੂ ਨੇ ਨਹੀਂ ਕੱਢੀ। ਮੁਰਾਰਜੀ ਦੇਸਾਈ ਤੇ ਚੌਧਰੀ ਚਰਨ ਸਿੰਘ ਦੇ ਭੇੜ ਵਿਚ ਜਨਤਾ ਪਾਰਟੀ ਦੇ ਟੋਟੇ ਹੋਣ ਪਿੱਛੋਂ ਜਦੋਂ ਹਿੰਦੂ ਵਿਚਾਰਧਾਰਾ ਦੀ ਧਾਰਨੀ ਭਾਰਤੀ ਜਨਤਾ ਪਾਰਟੀ ਬਣਾਈ ਗਈ, ਇਸ ਦੇ ਮੋਢੀਆਂ ਵਿਚ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਭੈਰੋਂ ਸਿੰਘ ਸ਼ੇਖਾਵਤ ਨਾਲ ਸਿਕੰਦਰ ਬਖਤ ਵੀ ਸਨ। ਸਿਕੰਦਰ ਬਖਤ ਦੀ ਪਤਨੀ ਦਾ ਨਾਂ ਸ੍ਰੀਮਤੀ ਰਾਜ ਸ਼ਰਮਾ ਸੀ, ਪਰ ਕਿਸੇ ਵੀ ਸਮੇਂ ਕਿਸੇ ਨੇ ਸਿਕੰਦਰ ਦੇ ਹਿੰਦੂ ਔਰਤ ਨਾਲ ਵਿਆਹ ਦੀ ਗੱਲ ਇਸ ਤਰ੍ਹਾਂ ਨਹੀਂ ਸੀ ਛੇੜੀ, ਜਿਸ ਤਰ੍ਹਾਂ ਹੁਣ ‘ਲਵ ਜਹਾਦ’ ਦਾ ਕਿੱਸਾ ਪੇਸ਼ ਕੀਤਾ ਜਾਂਦਾ ਹੈ। ਅਦਾਲਤਾਂ ਵਿਚ ਪਟੀਸ਼ਨਾਂ ਦਾਇਰ ਕਰਨ ਲਈ ਪ੍ਰਸਿੱਧ ਇੱਕ ਭਾਜਪਾ ਆਗੂ ਦੀ ਧੀ ਨੇ ਵੀ ਇੱਕ ਮੁਸਲਮਾਨ ਨੌਜਵਾਨ ਨਾਲ ਵਿਆਹ ਕਰ ਲਿਆ ਸੀ, ਤੇ ਇਹ ਕੋਈ ਗਲਤ ਗੱਲ ਨਹੀਂ ਸੀ। ਕੱਟੜਪੰਥੀ ਇਸ ਵਿਆਹ ਦੇ ਵਿਰੁਧ ਵੀ ਕਦੇ ਨਹੀਂ ਬੋਲੇ। ਹੁਣ ਰਾਜਨੀਤੀ ਇਸ ਤੋਂ ਵੀ ਅਗਲੇ ਕਦਮ ਪੁੱਟਣ ਤੱਕ ਜਾਣ ਲਈ ਰਾਹ ਬਣਾਉਂਦੀ ਜਾਪਦੀ ਹੈ।
ਇਸ ਵਾਰੀ ਭਾਜਪਾ ਦੀ ਇੱਕ ਰਾਜ ਪੱਧਰ ਦੀ ਮੀਟਿੰਗ ਵਿਚ ‘ਲਵ ਜਹਾਦ’ ਦੇ ਵਿਰੋਧ ਦਾ ਮਤਾ ਉਸ ਬੀਬੀ ਵੱਲੋਂ ਪੇਸ਼ ਕੀਤਾ ਗਿਆ, ਜਿਹੜੀ ਫਿਲਮਾਂ ਤੋਂ ਆਈ ਤੇ ਹੁਣ ਪਾਰਲੀਮੈਂਟ ਦੀ ਮੈਂਬਰ ਹੈ। ਉਸ ਨੇ ਜਦੋਂ ਖੁਦ ਵਿਆਹ ਕਰਵਾਉਣਾ ਸੀ, ਉਸ ਦੀ ਪਸੰਦ ਦੇ ਐਕਟਰ ਦੀ ਪਹਿਲੀ ਪਤਨੀ ਤਲਾਕ ਦੇਣ ਨੂੰ ਰਾਜ਼ੀ ਨਹੀਂ ਸੀ ਤੇ ਦੂਸਰੇ ਵਿਆਹ ਦੀ ਹਾਮੀ ਭਰਨਾ ਵੀ ਨਹੀਂ ਸੀ ਮੰਨੀ। ਹਿੰਦੂ ਮੈਰਿਜ ਐਕਟ ਮੁਤਾਬਕ ਪਹਿਲੀ ਪਤਨੀ ਤੋਂ ਤਲਾਕ ਲੈਣ ਜਾਂ ਉਸ ਦੀ ਸਹਿਮਤੀ ਦੇ ਬਗੈਰ ਉਹ ਐਕਟਰ ਦੂਸਰਾ ਵਿਆਹ ਨਹੀਂ ਸੀ ਕਰ ਸਕਦਾ। ਇਸ ਅੜਾਉਣੀ ਦਾ ਹੱਲ ਕੱਢਣ ਵਾਸਤੇ ਇਹ ਫਿਲਮਾਂ ਵਾਲੀ ਹੀਰੋਇਨ ਤੇ ਇਸ ਦਾ ਪਸੰਦੀਦਾ ਐਕਟਰ ਦੋਵੇਂ ਜਣੇ ਮੁਸਲਮਾਨ ਬਣ ਗਏ ਤੇ ਮੁਸਲਮਾਨ ਹੋਣ ਕਰ ਕੇ ਪਹਿਲੀ ਪਤਨੀ ਦੀ ਸਹਿਮਤੀ ਦੇ ਨੁਕਤੇ ਉਤੇ ਕਾਟਾ ਮਾਰਨ ਮਗਰੋਂ ਦੋਵਾਂ ਨੇ ਨਿਕਾਹ ਕਰ ਲਿਆ ਸੀ। ਪਿੱਛੋਂ ਉਨ੍ਹਾਂ ਦੋਵਾਂ ਨੂੰ ਉਸ ਭਾਜਪਾ ਨੇ ਪਾਰਲੀਮੈਂਟ ਮੈਂਬਰ ਬਣਾ ਦਿੱਤਾ, ਜਿਹੜੀ ਇਸ ਤਰ੍ਹਾਂ ਦੀ ਤਿਕੜਮਬਾਜ਼ੀ ਦਾ ਵਿਰੋਧ ਕਰਦੀ ਹੈ, ਪਰ ਇਸ ਜੋੜੇ ਵੱਲੋਂ ਕੀਤੀ ਇਸ ਕਾਰਸਤਾਨੀ ਬਾਰੇ ਪਾਰਟੀ ਨੇ ਅੱਜ ਤੱਕ ਚੁੱਪ ਵੱਟ ਰੱਖੀ ਹੈ ਤੇ ਉਸ ਦੇ ਨਾਲ ਜੁੜ ਕੇ ਚੱਲਦੇ ਕੱਟੜਪੰਥੀ ਸੰਗਠਨਾਂ ਨੇ ਵੀ ਕਦੀ ਇਸ ਦੀ ਚਰਚਾ ਤੱਕ ਨਹੀਂ ਸੀ ਕੀਤੀ।
ਲੋਕਾਂ ਨੂੰ ਇਹ ਪੁੱਛਣ ਦਾ ਹੱਕ ਹੈ ਕਿ ਜਦੋਂ ਭਾਜਪਾ ਨਾਲ ਜੁੜੇ ਹੋਏ ਲੋਕ ਧਰਮ ਦੀ ਰੇਖਾ ਉਲੰਘ ਕੇ ਵਿਆਹ ਕਰਦੇ ਹਨ, ਕਦੀ ਕੋਈ ਧਰਮ ਅਪਨਾਉਂਦੇ ਤੇ ਕਦੀ ਵਾਪਸ ਮੁੜ ਆਉਂਦੇ ਹਨ, ਦੂਸਰੇ ਲੋਕਾਂ ਲਈ ਲਛਮਣ-ਰੇਖਾਵਾਂ ਖਿੱਚਣ ਵਾਲੇ ਕੱਟੜਪੰਥੀ ਲੋਕ ਉਦੋਂ ਕਿਉਂ ਨਹੀਂ ਬੋਲਦੇ? ਜੇ ਉਨ੍ਹਾਂ ਲਈ ਇਹ ਅਸੂਲ ਦਾ ਸਵਾਲ ਹੈ ਤਾਂ ਅਸੂਲ ਵਿਚ ਆਪਣੇ-ਪਰਾਏ ਦਾ ਫਰਕ ਕਰ ਕੇ ਇੱਕ ਨੂੰ ਛੱਡਿਆ ਤੇ ਦੂਸਰੇ ਨੂੰ ਨੌਲਿਆ ਕਿਉਂ ਜਾਂਦਾ ਹੈ?
ਅਸੀਂ ਫਿਰ ਇਹ ਕਹਿ ਦੇਈਏ ਕਿ ਕੁਝ ਜਨੂੰਨੀ ਕਿਸਮ ਦੇ ਲੋਕ ਜੇ ਵਿਆਹ ਨੂੰ ਜਹਾਦ ਲਈ ਵਰਤਦੇ ਹਨ ਤਾਂ ਇਸ ਦੇ ਵਿਰੁਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਧਰਮ ਦੀ ਵਲਗਣ ਵਿਚੋਂ ਨਿਕਲ ਕੇ ਕੀਤੇ ਜਾ ਰਹੇ ਹਰ ਵਿਆਹ ਨੂੰ ਲਵ-ਜਹਾਦ ਦੇ ਖਾਤੇ ਵਿਚ ਪਾ ਕੇ ਖੌਰੂ ਪਾਉਣਾ ਠੀਕ ਨਹੀਂ। ਭਾਰਤ ਨੇ ਅੱਗੇ ਵਧਣਾ ਹੈ ਤਾਂ ਦੋਵਾਂ ਰੰਗਾਂ ਦੇ ਕੱਟੜਪੰਥੀਪੁਣੇ ਦੇ ਖਿਲਾਫ ਖੜੋਣਾ ਹੋਵੇਗਾ, ਇਸ ਮਾਮਲੇ ਵਿਚ ਲਿਹਾਜ਼ਦਾਰੀ ਨਹੀਂ ਚੱਲ ਸਕਦੀ।
Leave a Reply