ਡਾæ ਗੁਰਨਾਮ ਕੌਰ, ਕੈਨੇਡਾ
19ਵੀਂ ਪਉੜੀ ਤੱਕ ਗੁਰੂ ਰਾਮਦਾਸ ਰਚਿਤ ਗਉੜੀ ਦੀ ਵਾਰ ਵਿਚ ਜਿੰਨੇ ਵੀ ਸਲੋਕ ਆਏ ਹਨ, ਉਹ ਗੁਰੂ ਰਾਮਦਾਸ ਸਾਹਿਬ ਦੇ ਹੀ ਰਚੇ ਹੋਏ ਸਨ। 19ਵੀਂ ਪਉੜੀ ਤੋਂ ਬਾਅਦ ਇਹ Ḕਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇḔ ਪਹਿਲਾ ਸਲੋਕ ਤੀਸਰੀ ਨਾਨਕ ਜੋਤਿ ਗੁਰੂ ਅਮਰਦਾਸ ਸਾਹਿਬ ਦਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਹੋ ਚੁੱਕਾ ਹੈ ਕਿ ਬਾਣੀ ਵਿਚ ਪਰਮਾਤਮ-ਪ੍ਰੇਮ ਦੇ ਅਨੁਭਵ ਨੂੰ ਦੱਸਣ ਲਈ ਅਤੇ ਜੀਵ ਨੂੰ ਸਮਝਾਉਣ ਲਈ ਆਮ ਜੀਵਨ ਵਿਚੋਂ ਬਿੰਬਾਂ, ਪ੍ਰਤੀਕਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਪਰਮਾਤਮਾ ਲਈ ਪੁਰਸ਼-ਪਤੀ ਅਤੇ ਮਨੁੱਖ ਜਾਂ ਜੀਵ ਲਈ ਇਸਤਰੀ-ਪਤਨੀ ਸ਼ਬਦ ਬਹੁਤ ਵਾਰ ਵਰਤੇ ਗਏ ਹਨ। ਇਸੇ ਤਰ੍ਹਾਂ ਗੁਰਮੁਖ ਲਈ ਸੁਲੱਖਣੀ ਜਾਂ ਸੁਹਾਗਣ ਇਸਤਰੀ ਦਾ ਪ੍ਰਤੀਕ ਅਤੇ ਮਨਮੁਖ ਲਈ ਦੁਹਾਗਣ ਜਾਂ ਕੁਲੱਖਣੀ ਇਸਤਰੀ ਦਾ ਪ੍ਰਤੀਕ ਵਰਤਿਆ ਗਿਆ ਹੈ। ਇਸ ਸਲੋਕ ਵਿਚ ਵੀ ਗੁਰੂ ਅਮਰਦਾਸ ਸਾਹਿਬ ਗਉੜੀ ਰਾਗ ਦੀ ਮਹੱਤਤਾ ਵੱਲ ਇਸ਼ਾਰਾ ਕਰਦੇ ਹਨ ਅਤੇ ਨਾਲ ਹੀ ਮਨੁੱਖ ਨੂੰ ਸਮਝਾਇਆ ਹੈ ਕਿ ਗਉੜੀ ਰਾਗ ਦੁਆਰਾ ਤਾਂ ਹੀ ਜੀਵ-ਰੂਪੀ ਇਸਤਰੀ ਸੁਲੱਖਣੀ ਹੋ ਸਕਦੀ ਹੈ ਅਰਥਾਤ ਮਨੁੱਖ ਗੁਰਮੁਖ ਲੱਛਣਾਂ ਵਾਲਾ ਤਾਂ ਹੀ ਹੋ ਸਕਦਾ ਹੈ ਜੇ ਕਰ ਉਸ ਦਾ ਮਨ ਪਰਮਾਤਮਾ ਵੱਲ ਲੱਗਿਆ ਹੋਇਆ ਹੈ, ਜੇ ਉਸ ਨੇ ਆਪਣੇ ਪਰਮੇਸ਼ਰ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ। ਸੁਹਾਗਣ ਆਮ ਤੌਰ ‘ਤੇ ਆਪਣੇ ਪਤੀ ਦੀ ਖੁਸ਼ੀ ਵਾਸਤੇ, ਉਸ ਨੂੰ ਚੰਗੀ ਲੱਗਣ ਲਈ ਹਾਰ-ਸ਼ਿੰਗਾਰ ਕਰਦੀ ਹੈ। ਇਥੇ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ ਕਿ ਸਤਿਗੁਰ ਦੇ ਭਾਣੇ ਵਿਚ ਚੱਲਣਾ ਗੁਰਮੁਖਿ ਇਸਤਰੀ ਦਾ ਸ਼ਿੰਗਾਰ ਹੈ ਭਾਵ ਸਤਿਗੁਰੁ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਇਥੇ ਗੁਰੂ ਸਾਹਿਬ ਨੇ ਸ਼ਬਦ ਨੂੰ ਪਤੀ ਕਿਹਾ ਹੈ ਅਤੇ ਉਪਦੇਸ਼ ਦਿੱਤਾ ਹੈ ਕਿ ਗੁਰਮੁਖਿ ਇਸਤਰੀ ਸ਼ਬਦ-ਰੂਪ ਪਤੀ ਦਾ ਸਦਾ ਅਨੰਦ ਮਾਣੇ ਅਰਥਾਤ ਆਪਣੇ ਆਪ ਨੂੰ ਸ਼ਬਦ ਨਾਲ ਓਤ-ਪੋਤ ਕਰੇ।
ਬਾਣੀ ਵਿਚ ਬਹੁਤ ਥਾਂਵਾਂ ‘ਤੇ ਪਰਮਾਤਮਾ ਨਾਲ ਸੱਚੇ ਪ੍ਰੇਮ ਦੇ ਰੰਗ ਲਈ ḔਮਜੀਠḔ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਮਜੀਠ ਦਾ ਰੰਗ ਲਾਲ ਅਤੇ ਪੱਕਾ ਹੁੰਦਾ ਹੈ ਜੋ ਉਤਰਦਾ ਨਹੀਂ ਪਰ ਕਸੁੰਭੜੇ ਦਾ ਰੰਗ ਵੀ ਭਾਵੇਂ ਲਾਲ ਹੁੰਦਾ ਹੈ ਪਰ ਉਹ ਕੱਚਾ ਹੁੰਦਾ ਹੈ ਜੋ ਪਾਣੀ ਲੱਗਣ ਨਾਲ ਉਤਰ ਜਾਂਦਾ ਹੈ। ਇਸ ਲਈ ਜਿੱਥੇ ਸੱਚੇ ਪ੍ਰੇਮ ਲਈ Ḕਰੰਗ ਮਜੀਠḔ ਸ਼ਬਦ ਵਰਤਿਆ ਗਿਆ ਹੈ, ਉਥੇ ਝੂਠੇ ਜਾਂ ਮਾਇਆ ਦੇ ਪ੍ਰੇਮ ਲਈ Ḕਰੰਗ ਕਸੁੰਭੜਾḔ ਸ਼ਬਦ ਵਰਤਿਆ ਗਿਆ ਹੈ। ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਮਜੀਠ ਨੂੰ ਜਿਵੇਂ ਜਿਵੇਂ ਪਾਣੀ ਵਿਚ ਉਬਾਲੀਦਾ ਹੈ ਤਿਵੇਂ ਤਿਵੇਂ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਇਸੇ ਤਰ੍ਹਾਂ ਜੀਵ ਭਾਵ ਮਨੁੱਖ ਅਕਾਲ ਪੁਰਖ ਤੋਂ ਸਦਕੇ ਜਾਵੇ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਰੱਬ ਨੂੰ ਸਮਰਪਣ ਕਰ ਦੇਵੇ ਤਾਂ ਉਸ ਨੂੰ ਸੱਚੇ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਉਹ ਰੱਬੀ ਪ੍ਰੇਮ ਵਿਚ ਗੂੜ੍ਹੀ ਤਰ੍ਹਾਂ ਰੰਗਿਆ ਜਾਂਦਾ ਹੈ, ਉਸ ਦਾ ਅਕਾਲ ਪੁਰਖ ਨਾਲ ਪ੍ਰੇਮ ਬਹੁਤ ਗਹਿਰਾ ਹੋ ਜਾਂਦਾ ਹੈ,
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ॥
ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ॥
ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ॥
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ॥
ਇਸ ਦੇ ਬਿਲਕੁਲ ਉਲਟ ਝੂਠ ਦਾ ਰੰਗ ਹੈ ਜੋ ਮੁਲੱਮਾ ਹੈ, ਕੱਚਾ ਹੈ, ਖੋਟਾ ਹੈ। ਗੁਰੂ ਅਮਰਦਾਸ ਸਾਹਿਬ ਦੱਸਦੇ ਹਨ ਕਿ ਕੂੜ ਅਤੇ ਠੱਗੀ ਛੁਪੇ ਹੋਏ ਨਹੀਂ ਰਹਿ ਸਕਦੇ ਭਾਵੇਂ ਇਨ੍ਹਾਂ ਨੂੰ ਛੁਪਾਉਣ ਲਈ ਜਿੰਨਾ ਮਰਜ਼ੀ ਲਪੇਟ ਕੇ ਰੱਖੀਏ। ਆਪਣੇ ਅੰਦਰ ਠੱਗੀ ਅਰਥਾਤ ਖੋਟ ਰੱਖਣ ਵਾਲੇ ਵਿਅਕਤੀ ਝੂਠੀ ਤਾਰੀਫ ਕਰਦੇ ਹਨ, ਵਡਿਆਈ ਕਰਦੇ ਹਨ ਅਤੇ ਉਨ੍ਹਾਂ ਦਾ ਪ੍ਰੇਮ ਝੂਠ ਨਾਲ ਹੁੰਦਾ ਹੈ ਅਤੇ ਉਨ੍ਹਾਂ ਦਾ ਇਹ ਝੂਠ ਨਾਲ ਪਿਆਰ ਲੁਕਿਆ ਨਹੀਂ ਰਹਿੰਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਜੋ ਆਪ ਸੱਚਾ ਹੈ, ਉਹ ਹੀ ਮਿਹਰ ਕਰਦਾ ਹੈ ਤਾਂ ਮਨੁੱਖ ਦਾ ਮਨ ਝੂਠ ਨੂੰ ਛੱਡ ਕੇ ਸੱਚੇ ਪਾਸੇ ਲੱਗ ਜਾਂਦਾ ਹੈ,
ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੂ॥
ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ॥
ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ॥੧॥ (ਪੰਨਾ ੩੧੧)
ਇਸ ਤੋਂ ਅਗਲਾ ਸਲੋਕ ਗੁਰੂ ਰਾਮਦਾਸ ਸਾਹਿਬ ਦਾ ਹੈ। ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਪ੍ਰੇਮ-ਰੰਗ ਵਿਚ ਰੰਗੇ ਜਾਣ ਦੀ ਗੱਲ ਕੀਤੀ ਹੈ, ਜਿਸ ਪ੍ਰੇਮ ਦਾ ਰੰਗ ਮਜੀਠ ਦੇ ਰੰਗ ਵਾਂਗ ਪੱਕਾ ਹੈ, ਜੋ ਖੁਰਦਾ ਨਹੀਂ। ਇਸ ਰੰਗ ਵਿਚ ਰੰਗੇ ਜਾਣ ਲਈ ਸਭ ਤੋਂ ਸਮਰੱਥ ਸਾਧਨ ਸੰਗਤ ਨੂੰ ਮੰਨਿਆ ਹੈ, ਜਿੱਥੇ ਪ੍ਰੇਮ ਦਾ ਰੰਗ, ਨਾਮ ਦਾ ਰੰਗ ਚੜ੍ਹਦਾ ਹੈ। ਇਸ ਸਲੋਕ ਵਿਚ ਗੁਰੂ ਰਾਮਦਾਸ ਸਤਿ-ਸੰਗਤ ਦੀ ਗੱਲ ਕਰਦੇ ਹਨ ਕਿ ਇਹ ਅਜਿਹਾ ਸਥਾਨ ਹੈ, ਜਿੱਥੇ ਅਕਾਲ ਪੁਰਖ ਦੀ ਉਸਤਤਿ ਕੀਤੀ ਜਾਂਦੀ ਹੈ, ਵਡਿਆਈ ਕੀਤੀ ਜਾਂਦੀ ਹੈ, ਨਾਮ ਦੀ ਗੱਲ ਕੀਤੀ ਜਾਂਦੀ ਹੈ ਅਤੇ ਇਥੇ ਸਤਿਗੁਰੁ ਨਾਲ, ਗੁਰੂ ਨਾਲ ਗੁਰਸਿੱਖ, ਸੰਤ ਜਨ ਮਿਲਦੇ ਹਨ ਅਰਥਾਤ ਇਹ ਗੁਰੂ ਨੂੰ ਮਿਲਣ ਦਾ ਸਾਧਨ ਅਤੇ ਸਥਾਨ ਹੈ। ਇੱਥੇ ਸਤਿਗੁਰ ਨੂੰ ਮਿਲ ਕੇ ਮਨੁੱਖ ਪਰਉਪਕਾਰ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਦਾ ਹੈ ਅਤੇ ਹੋਰਾਂ ਨੂੰ ਵੀ ਅਜਿਹੇ ਗੁਣਾਂ ਦਾ ਉਪਦੇਸ਼ ਦਿੰਦਾ ਹੈ। ਅਜਿਹੇ ਮਨੁੱਖ ਧੰਨ ਹਨ ਜਿਹੜੇ ਦੂਸਰਿਆਂ ਨੂੰ ਵੀ ਪਰਉਪਕਾਰ ਲਈ ਉਪਦੇਸ਼ ਦਿੰਦੇ ਹਨ। ਉਹ ਆਪ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹਨ, ਦੂਸਰਿਆਂ ਅੰਦਰ ਅਕਾਲ ਪੁਰਖ ਦੇ ਨਾਮ ਨੂੰ ਦ੍ਰਿੜ ਕਰਵਾਉਂਦੇ ਹਨ, ਨਾਮ ਸਰਵਣ ਕਰਾਉਂਦੇ ਹਨ ਅਤੇ ਅਕਾਲ ਪੁਰਖ ਦੇ ਨਾਮ ਰਾਹੀਂ ਦੁਨੀਆਂ ਨੂੰ ਤਾਰਦੇ ਹਨ। ਇਹ ਸਭ ਕੁਝ ਸਤਿ-ਸੰਗਤ ਵਿਚ ਜਾਣ ਸਦਕਾ ਹੀ ਸੰਭਵ ਹੈ ਕਿਉਂਕਿ ਗੁਰੂ ਦੀ ਸੰਗਤ ਵਿਚ ਮਨੁੱਖ ਚੰਗੇ ਗੁਣਾਂ ਦਾ ਧਾਰਨੀ ਹੁੰਦਾ ਹੈ। ਗੁਰੂ ਦੇ ਦਰਸ਼ਨ ਕਰਨ ਦੀ ਹਰ ਕੋਈ ਰੀਝ ਰੱਖਦਾ ਹੈ ਅਤੇ ਜਗਤ ਵਿਚ ਨੌਂ ਖੰਡਾਂ ਦੇ ਜੀਵ ਸਤਿਗੁਰ ਦੇ ਚਰਨਾਂ ਵਿਚ ਆਪਣਾ ਸਿਰ ਨਿਵਾਉਂਦੇ ਹਨ। ਜਿਸ ਅਕਾਲ ਪੁਰਖ ਨੇ ਸਤਿਗੁਰ ਨੂੰ ਪੈਦਾ ਕੀਤਾ ਹੈ, ਉਸ ਨੇ ਆਪਣਾ ਆਪ ਸਤਿਗੁਰ ਵਿਚ ਲੁਕਾ ਰੱਖਿਆ ਹੈ ਅਤੇ ਉਸ ਨੇ ਆਪ ਹੀ ਗੁਰੂ ਨੂੰ ਸਵਾਰਿਆ ਹੈ ਅਰਥਾਤ ਸੁੰਦਰ ਬਣਾਇਆ ਹੈ। ਉਹ ਸਿਰਜਣਹਾਰ ਆਪ ਹੀ ਸਤਿਗੁਰੁ ਨੂੰ ਵਡਿਆਈ ਬਖਸ਼ਿਸ ਕਰਦਾ ਹੈ ਅਤੇ ਆਪ ਹੀ ਹੋਰਨਾਂ ਕੋਲੋਂ ਗੁਰੂ ਦੀ ਵਡਿਆਈ ਕਰਵਾਉਂਦਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਸਭ ਪ੍ਰਾਪਤੀ ਪਰਵਰਦਗਾਰ ਦੀ ਮਿਹਰ ਸਦਕਾ ਹੁੰਦੀ ਹੈ,
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ॥
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ॥
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ॥
ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵਖੰਡ ਜਗਤਿ ਨਮਸਕਾਰਿਆ॥
ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ॥
ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ॥
ਅੱਗੇ ਦੱਸਿਆ ਹੈ ਕਿ ਜੋ ਮਨੁੱਖ ਸਤਿਗੁਰੁ ਤੋਂ ਬੇਮੁੱਖ ਹੋ ਜਾਂਦੇ ਹਨ ਅਤੇ ਗੁਰੂ ਤੋਂ ਵਿਛੜ ਜਾਂਦੇ ਹਨ ਉਨ੍ਹਾਂ ਦਾ ਮੂੰਹ ਕਾਲਾ ਹੋ ਜਾਂਦਾ ਹੈ ਅਤੇ ਅੱਗੇ ਜਾ ਕੇ ਜਮਾਂ ਦੀ ਮਾਰ ਪੈਂਦੀ ਹੈ। ਕਹਿਣ ਤੋਂ ਭਾਵ ਹੈ ਕਿ ਅਜਿਹਾ ਮਨੁੱਖ ਇੱਕ ਪਾਸੇ ਤਾਂ ਦੁਨੀਆਂ ਵਿਚ ਸ਼ਰਮਿੰਦਗੀ ਖੱਟਦਾ ਹੈ, ਦੂਸਰੇ ਪਾਸੇ ਸਦਾ ਹੀ ਮੌਤ ਦੇ ਭੈ ਵਿਚ ਜੀਵਨ ਬਸਰ ਕਰਦਾ ਹੈ। ਸਭ ਗੁਰਸਿੱਖਾਂ ਨੇ ਮਨ ਵਿਚ ਇਹ ਵਿਚਾਰ ਕੀਤੀ ਹੈ ਕਿ ਅਜਿਹੇ ਮਨੁੱਖ ਨੂੰ ਲੋਕ-ਪਰਲੋਕ ਵਿਚ ਕੋਈ ਆਸਰਾ ਨਹੀਂ ਮਿਲਦਾ। ਜਿਹੜੇ ਮਨੁੱਖ ਸਤਿਗੁਰੁ ਨੂੰ ਆ ਕੇ ਮਿਲਦੇ ਹਨ ਅਤੇ ਸੰਗਤ ਸਦਕਾ ਆਪਣੇ ਅੰਦਰ ਨਾਮ ਨੂੰ ਸੰਭਾਲ ਕੇ ਰੱਖਦੇ ਹਨ, ਉਹ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਗੁਰੂ ਸਾਹਿਬ ਗੁਰਸਿੱਖਾਂ ਨੁੰ ਉਪਦੇਸ਼ ਦਿੰਦੇ ਹਨ, ਹੇ ਅਕਾਲ ਪੁਰਖ ਦੇ ਦਾਸ ਗੁਰੂ ਦੇ ਸਿੱਖ ਪੁੱਤਰੋ ਤੁਸੀਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਜੋ ਇਸ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ,
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ॥
ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ॥
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ॥
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ॥੨॥ (ਪੰਨਾ ੩੧੧-੧੨)
ਇਸ ਕੜੀ ਦਾ ਤੀਸਰਾ ਸਲੋਕ ਫਿਰ ਗੁਰੂ ਅਮਰਦਾਸ ਸਾਹਿਬ ਦਾ ਹੈ। ਬਾਣੀ ਵਿਚ ਹਉਮੈ ਨੂੰ ਮਨੁੱਖ ਦੇ ਗੁਰੂ ਅਤੇ ਅਕਾਲ ਪੁਰਖ ਨਾਲੋਂ ਵਿਛੋੜੇ ਦਾ ਕਾਰਨ ਮੰਨਿਆ ਹੈ। ਹਉਮੈ ਹੀ ਹੈ ਜੋ ਮਨੁੱਖ ਦੀ ਗੁਰੂ ਅਤੇ ਅਕਾਲ ਪੁਰਖ ਨਾਲੋਂ ਵਿੱਥ ਦਾ ਕਾਰਨ ਬਣਦੀ ਹੈ, ਮੇਲ ਨਹੀਂ ਹੋਣ ਦਿੰਦੀ। ਗੁਰੂ ਅਮਰਦਾਸ ਸਾਹਿਬ ਇਸੇ ਤੱਥ ਨੂੰ ਸਮਝਾਉਂਦੇ ਹਨ ਕਿ ਹਉਮੈ ਨੇ ਸੰਸਾਰ ਨੁੰ ਔਝੜੀਂ ਪਾਇਆ ਹੋਇਆ ਹੈ, ਕੁਰਾਹੇ ਪਾਇਆ ਹੋਇਆ ਹੈ ਜਿਸ ਕਰਕੇ ਖੋਟੀ ਬੁੱਧੀ ਕਾਰਨ ਮਨੁੱਖ ਮਾਇਆ ਵਿਚ ਫਸ ਕੇ ਵਿਕਾਰਾਂ ਵਿਚ ਲੱਗਾ ਹੋਇਆ ਹੈ। ਜਿਸ ਮਨੁੱਖ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਸ ਦਾ ਗੁਰੂ ਨਾਲ ਮੇਲ ਹੋ ਜਾਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲਾ ਮਨੁੱਖ ਅਕਲ ਦਾ ਅੰਨ੍ਹਾ ਹੁੰਦਾ ਹੈ ਅਤੇ ਅੰਧੇਰੇ ਵਿਚ ਰਹਿੰਦਾ ਹੈ (ਬਾਣੀ ਵਿਚ ਅਗਿਆਨ ਨੂੰ ਹਨੇਰਾ ਅਤੇ ਗਿਆਨ ਨੂੰ ਚਾਨਣ ਕਿਹਾ ਹੈ। ਹਉਮੈ ਅਗਿਆਨ ਹੈ)। ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਹਨ ਕਿ ਜਿਸ ਮਨੁੱਖ ‘ਤੇ ਅਕਾਲ ਪੁਰਖ ਆਪਣੀ ਮਿਹਰ ਕਰਦਾ ਹੈ, ਉਸ ਨੂੰ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ,
ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ॥
ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ॥
ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ॥੩॥ (ਪੰਨਾ ੩੧੨)
ਅੱਗੇ ਪਉੜੀ ਵਿਚ ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਸਾਹਿਬ ਉਸ ਅਕਾਲ ਪੁਰਖ ਦੀ ਸਿਫਤ-ਸਾਲਾਹ ਦਾ ਜ਼ਿਕਰ ਕਰਦੇ ਹਨ ਕਿ ਉਸ ਸਦਾ ਕਾਇਮ ਰਹਿਣ ਵਾਲੇ ਪਰਵਰਦਗਾਰ ਦੀ ਸਿਫਤ-ਸਾਲਾਹ ਵੀ ਸਦਾ ਕਾਇਮ ਰਹਿਣ ਵਾਲੀ ਹੈ, ਸੱਚੀ ਹੈ ਪਰ ਉਹ ਜਨ ਹੀ ਸਿਫਤ-ਸਾਲਾਹ ਕਰ ਸਕਦੇ ਹਨ, ਜਿਨ੍ਹਾਂ ਦਾ ਮਨ ਉਸ ਦੀ ਸਿਫਤ-ਸਾਲਾਹ ਵਿਚ ਲੱਗਾ ਹੋਇਆ ਹੋਵੇ, ਪਰਵਰਦਗਾਰ ਦੀ ਵਡਿਆਈ ਵਿਚ ਹਿਰਦਾ ਭਿੱਜਿਆ ਹੋਇਆ ਹੋਵੇ। ਜੋ ਮਨੁੱਖ ਮਨ ਦੀ ਇਕਸੁਰਤਾ ਨਾਲ, ਇਕਾਗਰ-ਚਿੱਤ ਹੋ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦਾ ਸਰੀਰ ਕਦੀ ਵਿਕਾਰਾਂ ਵਿਚ ਛਿੱਜਦਾ ਨਹੀਂ ਅਤੇ ਉਹ ਤੰਦਰੁਸਤ ਰਹਿੰਦੇ ਹਨ। ਅਜਿਹੇ ਮਨੁੱਖ ਧੰਨ ਹਨ, ਧੰਨਤਾ ਦੇ ਹੱਕਦਾਰ ਹਨ ਜੋ ਆਪਣੀ ਜੀਭ ਨਾਲ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀਂਦੇ ਹਨ। ਜੋ ਮਨੁੱਖ ਸੱਚੇ ਮਨ ਨਾਲ ਅਕਾਲ ਪੁਰਖ ਦੇ ਪ੍ਰੇਮ ਵਿਚ ਲੱਗੇ ਹੋਏ ਹਨ, ਜਿਨ੍ਹਾਂ ਦੇ ਮਨ ਵਿਚ ਰੱਬ ਦਾ ਸੱਚਾ ਪਿਆਰ ਹੈ, ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿਚ ਸਤਿਕਾਰ ਮਿਲਦਾ ਹੈ। ਸੱਚ ਦੇ ਵਪਾਰ ਵਿਚ ਲੱਗੇ ਹੋਏ ਮਨੁੱਖਾਂ ਦਾ ਜਨਮ ਸਫਲ ਹੋ ਜਾਂਦਾ ਹੈ ਅਤੇ ਉਹ ਉਜਲ ਮੁੱਖ ਨਾਲ ਇਸ ਸੰਸਾਰ ਤੋਂ ਜਾਂਦੇ ਹਨ, ਅਕਾਲ ਪੁਰਖ ਉਨ੍ਹਾਂ ਨੁੰ ਸੁਰਖਰੂ ਕਰ ਦਿੰਦਾ ਹੈ,
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ॥
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ॥
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ॥
ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ॥
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ॥੨੦॥ (ਪੰਨਾ ੩੧੨)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਇਸ ਤੱਥ ਦਾ ਵਰਣਨ ਕਰਦੇ ਹਨ ਕਿ ਮਾਇਆਧਾਰੀ ਮਨੁੱਖ ਭਾਵੇਂ ਗੁਰੂ ਅੱਗੇ ਸਿਰ ਵੀ ਨਿਵਾਉਣ ਪਰ ਉਨ੍ਹਾਂ ਦੇ ਮਨ ਅੰਦਰੋਂ ਖੋਟ ਨਹੀਂ ਜਾਂਦੀ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਸਾਕਤ ਮਨੁੱਖ ਗੁਰੂ ਅੱਗੇ ਜਾ ਕੇ ਸਿਰ ਨਿਵਾਉਂਦੇ ਹਨ ਪਰ ਅੰਦਰ ਖੋਟ ਹੋਣ ਕਰਕੇ ਉਹ ਕੂੜ ਦੇ ਵਪਾਰੀ ਹੀ ਰਹਿੰਦੇ ਹਨ ਅਤੇ ਮਨ ਦੇ ਖੋਟੇ ਹੁੰਦੇ ਹਨ। ਜਦੋਂ ਸਤਿਗੁਰੁ ਸਿੱਖਾਂ ਨੂੰ ਸੁਚੇਤ ਹੋਣ ਦਾ ਅਦੇਸ਼ ਕਰਦੇ ਹਨ ਕਿ ਭਰਾਵੋ ਉਠੋ! ਤਾਂ ਉਹ ਵੀ ਗੁਰੂ ਦੇ ਸਿੱਖਾਂ ਵਿਚ ਰਲ ਕੇ ਬੈਠ ਜਾਂਦੇ ਹਨ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਗੁਰੂ ਦੇ ਸਿੱਖਾਂ ਦੇ ਹਿਰਦੇ ਵਿਚ ਤਾਂ ਸਤਿਗੁਰ ਵੱਸਦਾ ਹੈ ਪਰ ਸਾਕਤਾਂ ਦੇ ਮਨ ਵਿਚ ਕੂੜ ਹੁੰਦਾ ਹੈ। ਇਸ ਲਈ ਭਾਵੇਂ ਉਹ ਸਿੱਖਾਂ ਵਿਚ ਰਲ ਕੇ ਵੀ ਬੈਠ ਜਾਣ ਪਰ ਉਨ੍ਹਾਂ ਨੂੰ ਪਛਾਣ ਕੇ ਕੱਢ ਲਿਆ ਜਾਂਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰੁ ਕੰਮ ਕਰ ਰਿਹਾ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਉਹ ਇਨ੍ਹਾਂ ਉਪਰ ਦੱਸੇ ਪਖੰਡੀਆਂ ਨੂੰ ਚੁਣ ਕੇ ਵੱਖ ਕਰ ਲੈਂਦੇ ਹਨ। ਜਿਸ ਤਰ੍ਹਾਂ ਖੋਟਾ ਸਿੱਕਾ ਖਰੇ ਸਿੱਕਿਆਂ ਵਿਚ ਲੁਕ ਨਹੀਂ ਸਕਦਾ, ਇਸੇ ਤਰ੍ਹਾਂ ਇਹ ਸਾਕਤ ਵੀ ਭਾਵੇਂ ਅੱਗੇ ਪਿੱਛੇ ਹੋ ਕੇ ਆਪਣੇ ਆਪ ਨੂੰ ਛੁਪਾਉਂਦੇ ਹਨ ਪਰ ਪਛਾਣੇ ਜਾਂਦੇ ਹਨ,
ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ॥
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ॥
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ॥
ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ॥
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਮਾਇਆਧਾਰੀਆਂ ਦਾ ਖਾਣਾ ਗੁਰਸਿੱਖਾਂ ਦੇ ਸੰਗ ਵਿਚ ਨਹੀਂ ਹੁੰਦਾ, ਇਸ ਲਈ ਉਹ ਭੇਡਾਂ ਦੀ ਤਰ੍ਹਾਂ ਕਿਧਰੇ ਹੋਰ ਜਾ ਕੇ ਕੂੜ ਨੂੰ ਲੱਭਦੇ ਹਨ (ਗੁਰਸਿੱਖਾਂ ਦੀ ਆਤਮਕ ਖੁਰਾਕ ਨਾਮ-ਸਿਮਰਨ ਹੈ ਅਤੇ ਸਾਕਤਾਂ ਦੀ ਮਾਇਆਵੀ ਹੈ ਕਿਉਂਕਿ ਉਨ੍ਹਾਂ ਦਾ ਮਨ ਵਿਕਾਰਾਂ ਵਿਚ ਲੱਗਾ ਹੁੰਦਾ ਹੈ, ਇਸ ਲਈ ਕੋਈ ਮੇਲ ਨਹੀਂ)। ਇਸੇ ਲਈ ਜੇਕਰ ਸਾਕਤ ਮਨੁੱਖਾਂ ਨੂੰ ਕੋਈ ਅਧਿਆਤਮਕ ਖੁਰਾਕ ਅਰਥਾਤ ਨਾਮ-ਸਿਮਰਨ ਦਾ ਭੋਜਨ ਦੇਣ ਦੀ ਇੱਛਾ ਵੀ ਰੱਖੇ ਤਾਂ ਵੀ ਉਹ ਆਪਣੇ ਮੁੱਖ ਤੋਂ ਨਿੰਦਾ-ਰੂਪੀ ਜ਼ਹਿਰ ਹੀ ਉਗਲ ਕੇ ਕੱਢਦਾ ਹੈ। ਗੁਰੂ ਸਾਹਿਬ ਰੱਬ ਦੇ ਭਗਤਾਂ ਨੂੰ ਉਪਦੇਸ਼ ਦਿੰਦੇ ਹਨ ਕਿ ਸਾਕਤਾਂ ਦੀ ਸੰਗਤ ਨਹੀਂ ਕਰਨੀ, ਉਨ੍ਹਾਂ ਤੋਂ ਦੂਰ ਹੀ ਰਹਿਣਾ ਹੈ ਕਿਉਂਕਿ ਕਰਤਾ ਪੁਰਖ ਨੇ ਆਪ ਹੀ ਉਨ੍ਹਾਂ ਨੁੰ ਪਰਮਾਤਮਾ ਦੇ ਨਾਮ ਵੱਲੋਂ ਮੁਰਦਾ ਕੀਤਾ ਹੋਇਆ ਹੈ। ਜਿਸ ਅਕਾਲ ਪੁਰਖ ਦਾ ਇਹ ਖੇਲ ਹੈ, ਉਹ ਆਪ ਹੀ ਇਸ ਦੀ ਰਚਨਾ ਕਰਕੇ ਇਸ ਨੂੰ ਦੇਖ ਰਿਹਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਲਈ ਉਪਦੇਸ਼ਦੇ ਹਨ,
ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ॥
ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ॥
ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ॥
ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ॥੧॥ (ਪੰਨਾ ੩੧੨)
Leave a Reply