ਯਾਦ ਪਟਾਰੀ: ਪ੍ਰੀਤੂ ਪੈਂਚਰਾਂ ਵਾਲਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸ਼ਹਿਦ ਜਾਂ ਡੂੰਮਣੇ ਦੀਆਂ ਮੱਖੀਆਂ ਸ਼ਾਂਤ ਚਿੱਤ, ਚੁੱਪ-ਚੁਪੀਤੀਆਂ ਆਹਰੇ ਲੱਗੀਆਂ ਹੋਈਆਂ, ਛੱਤੇ ਉਪਰ ਕੁਰਬਲ-ਕੁਰਬਲ ਕਰਦੀਆਂ ਰਹਿੰਦੀਆਂ ਹਨ। ਵੈਸੇ ਤਾਂ ਇਹ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਪਰ ਜਦ ਕੋਈ ਸ਼ਰਾਰਤ ਨਾਲ ਇਨ੍ਹਾਂ ‘ਤੇ ਰੋੜਾ/ਢੀਮ ਵਗਾਹ ਮਾਰੇ, ਫਿਰ ਨਹੀਂ ਕਿਸੇ ਨੂੰ ਬਖ਼ਸ਼ਦੀਆਂ। ਇੰਜ ਹੀ ਹਰ ਇਨਸਾਨ ਦੇ ਦਿਲ ਦਿਮਾਗ ਵਿਚ ਬੜਾ ਕੁਝ ਅਣਛੋਹਿਆ ਖ਼ਜ਼ਾਨਾ ਭਰਿਆ ਪਿਆ ਰਹਿੰਦਾ ਹੈ। ਇਸ ਦੱਬੇ ਖਜ਼ਾਨੇ ‘ਤੇ ਜਦੋਂ ਕੋਈ ਨਸ਼ਤਰ ਵੱਜ ਜਾਏ, ਫਿਰ ਸੁੱਤੀਆਂ ਕਲਾਂ ਜਾਗ ਪੈਂਦੀਆਂ ਨੇ। ਅਚਾਨਕ ਜਾਗੀਆਂ ਇਨ੍ਹਾਂ ਯਾਦਾਂ ਜਾਂ ਭਾਵਨਾਵਾਂ ਨੂੰ ਕਾਵਿ ਰੂਪ ਦੇਣ ਵਾਲੇ ਕਵੀ, ਗੱਦ ਰੂਪ ਵਿਚ ਵਰਣਨ ਕਰਨ ਵਾਲੇ ਵਾਰਤਕਕਾਰ ਆਖੇ ਜਾਂਦੇ ਨੇ। ਅੰਦਰਲੇ ਵੇਗ ਨੂੰ ਬੋਲ ਕੇ ਸੁਣਾਉਣ ਵਾਲੇ ਬੁਲਾਰੇ ਜਾਂ ‘ਵਕਤੇ’ ਸੱਦੀਂਦੇ ਹਨ। ਜਿਵੇਂ ਸੁਨਿਆਰ ਸੋਨੇ ਦੀ ਡਲੀ ਦੇ ਵੱਖ-ਵੱਖ ਆਕਾਰਾਂ ਦੇ ਗਹਿਣੇ ਬਣਾ ਦਿੰਦਾ ਹੈ, ਇਵੇਂ ਲਿਖਾਰੀ ਲੋਕ ਆਪਣੇ ਅੰਦਰਲੇ ਮਸੌਦੇ ਨੂੰ ਗੀਤਾਂ, ਕਵਿਤਾਵਾਂ, ਕਹਾਣੀਆਂ ਜਾਂ ਲੇਖਾਂ ਵਿਚ ਬਦਲ ਦਿੰਦੇ ਨੇ।
ਛੁੱਟੀ ਵਾਲੇ ਦਿਨ ਅਸੀਂ ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਦੀ ‘ਫੈਮਲੀ ਛੜਿਆਂ ਦੀ’ ਸੀæਡੀæ ਲਗਾਈ ਬੈਠੇ ਸਾਂ। ਹਸਾ-ਹਸਾ ਕੇ ਢਿੱਡ ਪਕਾ ਦੇਣ ਵਾਲੀ ਇਸ ਮੂਵੀ ਵਿਚ ਸ਼ੁੱਧ ਮਲਵਈ ਬੋਲੀ ਬੋਲਦੇ, ਸਾਈਕਲਾਂ ਨੂੰ ਪੰਕਚਰ ਲਾਉਣ ਵਾਲੇ ਪ੍ਰੀਤੂ ਨਾਂ ਦੇ ਕਲਾਕਾਰ ਨੂੰ ਦੇਖ ਕੇ, ਮੇਰੇ ਦਿਲ ਵਿਚ ਦੱਬੇ ਪਏ ਸਾਰੇ ਪ੍ਰੀਤੂ ਜਾਗ ਪਏ। ਮੂਵੀ ਤਾਂ ਦੇਖੀ ਸੋ ਦੇਖੀ, ਪਰ ਇਸ ਮੂਵੀ ਵਿਚਲੇ ਪ੍ਰੀਤੂ ਨੇ ਮੇਰਾ ਇਹ ਖਿਆਲ ਪੱਕੇ ਯਕੀਨ ਵਿਚ ਬਦਲ ਦਿੱਤਾ, ਕਿ ਜਿਵੇਂ ਘਰੇਲੂ ਨੌਕਰਾਂ ਦਾ ਨਾਂ ਰਾਮੂ, ਰਸੋਈਏ ਦਾ ਬਹਾਦਰ ਅਤੇ ਮਿੱਠੂ ਹਲਵਾਈਆਂ ਦਾ ਨਾਮ ਹੁੰਦਾ ਹੈ, ਇਵੇਂ ਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਸਾਰੇ ਦੁਕਾਨਦਾਰਾਂ/ਕਾਰੀਗਰਾਂ ਦਾ ਨਾਮ ਪ੍ਰੀਤੂ ਹੀ ਹੁੰਦਾ ਹੈ। ਇਹ ਦਾਅਵਾ ਮੈਂ ਕਿਸ ਬਿਆਨ ‘ਤੇ ਕਰ ਰਿਹਾ ਹਾਂ, ਲਓ ਸੁਣੋ ਜ਼ਰਾæææ
ਪਹਿਲਾ ਪ੍ਰੀਤੂ ਪੈਂਚਰਾਂ ਵਾਲਾ ਤਾਂ ਇਹੀ ਗੁਰਚੇਤ ਚਿੱਤਰਕਾਰ ਦੀ ਮੂਵੀ ਵਾਲਾ ਹੀ ਹੋ ਗਿਆ ਜੋ ਬਾਕਾਇਦਾ ਪਿੰਡ ਵਿਚ ਖੋਖਾ ਪਾ ਕੇ ਸਾਈਕਲਾਂ ਦੀ ਮੁਰੰਮਤ ਕਰ ਰਿਹਾ ਹੈ। ਦੂਜਾ ਪ੍ਰੀਤੂ ਤੁਸੀਂ ਦੇਖਿਆ ਹੋਵੇਗਾ ਭੋਟੂ ਸ਼ਾਹ ਦੀ ਇਕ ਹਾਸ ਫਿਲਮ ਵਿਚ। ਸ਼ਾਇਦ ‘ਭੋਟੂ ਸ਼ਾਹ ਜੀ ਫੜੇ ਗਏ’ ਮੂਵੀ ਵਿਚ ਸਾਈਕਲਾਂ ‘ਤੇ ਜਾਣ ਵਾਲੀ ਬਰਾਤ ਦਿਖਾਈ ਗਈ ਹੈ। ਉਸ ਮੂਵੀ ਵਿਚ ਬਰਾਤੀਆਂ ਦੇ ਸਾਈਕਲਾਂ ਦੀ ਦੇਖ ਭਾਲ ‘ਪ੍ਰੀਤੂ ਸਾਈਕਲਾਂ ਵਾਲੇ’ ਦੇ ਜ਼ਿੰਮੇ ਹੀ ਲਗਾਈ ਜਾਂਦੀ ਹੈ। ਭੋਟੂ ਸ਼ਾਹ ਜੀ ਗਾਉਂਦੇ ਹੋਏ ਬਰਾਤੀਆਂ ਨੂੰ ਸਾਈਕਲਾਂ ਦੀ ਕਿਸੇ ਖਰਾਬੀ ਤੋਂ ਬੇਫਿਕਰ ਰਹਿਣ ਦਾ ਹੋਕਾ ਦਿੰਦੇ ਨੇ,
“ਓ ਹਵਾ ਨਿਕਲੀ ਪ੍ਰੀਤੂ ਨੇ ਆਪੇ ਹੀ ਭਰਨੀ, ਆਪੇ ਹੀ ਭਰਨੀ!”
ਸੁਰਤਿ ਸੰਭਾਲ ਤੋਂ ਬਾਅਦ ‘ਕੈਂਚੀ ਸਾਈਕਲ’ ਤੋਂ ਸ਼ੁਰੂ ਕਰ ਕੇ 40-45 ਸਾਲ ਦੀ ਉਮਰ ਤੱਕ ਖੂਬ ਸਾਈਕਲ ‘ਤੇ ਘੁੰਮਣ ਸਦਕਾ, ਮੇਰਾ ‘ਪ੍ਰੀਤੂਆਂ’ ਨਾਲ ਬਹੁਤ ਵਾਹ ਪੈਂਦਾ ਰਿਹਾ ਹੈ। ਘਰੇਲੂ ਚੀਜ਼ਾਂ ਵਸਤਾਂ ਦੀ ਖਰੀਦੋ-ਫਰੋਖ਼ਤ ਵਾਸਤੇ ਅਸੀਂ ਜਾਡਲੇ ਜਾਂਦੇ ਹੁੰਦੇ ਸਾਂ। ਜਾਡਲਾ-ਉਟਾਲਾਂ ਰੋਡ ‘ਤੇ ਬੈਠੇ ਪੰਕਚਰ ਲਾਉਣ ਵਾਲੇ ਇਕ ਦੁਕਾਨਦਾਰ ਦਾ ਨਾਂ ਪ੍ਰੀਤੂ ਹੀ ਹੁੰਦਾ ਸੀ। ਅਨੰਦਪੁਰ ਸਾਹਿਬ ਨੂੰ ਜਾਂਦਿਆਂ ਗੜ੍ਹਸ਼ੰਕਰ ਤੋਂ ਅੱਗੇ ਪਿੰਡ ਕੁੱਕੜ ਮਜਾਰੇ ਪਹੁੰਚ ਕੇ ਇਕ ਵਾਰੀ ਮੇਰੇ ਸਾਈਕਲ ਨੂੰ ਪਟਾਕਾ ਹੋ ਗਿਆ। ਉਥੇ ਵੀ ਇਕ ਪ੍ਰੀਤੂ ਨੇ ਹੀ ਮੇਰੇ ਸਾਈਕਲ ਦੀ ਮੁਰੰਮਤ ਕੀਤੀ।
ਫਿਲੌਰ ਲਾਗੇ ਗੁਰਦੁਆਰਾ ਮੌ ਸਾਹਿਬ ਨੂੰ ਜਾਂਦਿਆਂ ਮੈਂ ਗੰਨਾ ਪਿੰਡ ਵਿਚੀਂ ਲੰਘਦਾ ਹੁੰਦਾ ਸਾਂ। ਇਕ ਦਫਾ ਮਿੰਨੀ ਬੱਸ ਵਿਚ ਬੈਠਿਆਂ ਮੈਨੂੰ ਉਦੋਂ ਇਕ ਦਮ ਹਾਸਾ ਆ ਗਿਆ, ਜਦੋਂ ਗੰਨੇ ਪਿੰਡ ਦੇ ਅੱਡੇ ਵਿਚ ਪਏ ਖੋਖੇ ਉਤੇ ਕਾਲੇ ਤੇਲ ਨਾਲ ਲਿਖਿਆ ਮੇਰੇ ਨਜ਼ਰੀਂ ਪਿਆ- ਪ੍ਰੀਤੂ ਸਾਈਕਲ ਵਰਕਸ।
ਸੋ, ਪੈਂਚਰਾਂ ਵਾਲਾ ਪ੍ਰੀਤੂ ਮੇਰੇ ਜ਼ਿਹਨ ‘ਚ ਇਸ ਕਦਰ ਖੁੱਭ ਗਆ ਸੀ ਕਿ ਇਕ ਵਾਰ ਨੌਰਾ ਪਿੰਡ ਦੇ ਬੱਸ ਅੱਡੇ ਵਿਚ ਦੁਕਾਨ ‘ਤੇ ਮੈਂ ਇਹ ਲਿਖਿਆ ਪੜ੍ਹਿਆ- ਪ੍ਰੀਤ ਸਾਈਕਲ ਸਟੋਰ। ਮੈਨੂੰ ਯਕੀਨ ਨਾ ਆਵੇ, ਮੈਂ ਸੋਚਾਂ ਕਿ ਹੋਣਾ ਤਾਂ ਇਹ ਵੀ ਪ੍ਰੀਤੂ ਹੀ ਹੈ, ਕਿਤੇ ਪੇਂਟਰ ਨੂੰ ਪ੍ਰੀਤ ਦੇ ‘ਤੱਤੇ’ ਹੇਠਾਂ ਦੁਲੈਂਕੜੇ ਪਾਉਣੇ ਭੁੱਲ ਗਏ ਹੋਣੇ ਨੇ।
ਪ੍ਰੀਤੂਆਂ ਦੀ ਇਸ ਲੜੀ ਦਾ ਸਿਰਮੌਰ ਮਣਕਾ ਸੀ ਮੇਰੇ ਇਲਾਕੇ ਦੇ ਪਿੰਡ ਅਸਮਾਨਪੁਰ ਦਾ ਪ੍ਰੀਤੂ ਸਾਈਕਲਾਂ ਵਾਲਾ। ਇਹਦੇ ਨਾਲ ਮੇਰਾ ਵਾਹ ਵਾਸਤਾ ਲਗਭਗ 5-7 ਸਾਲ ਪੈਂਦਾ ਰਿਹਾ। ਆਪਣੇ ਲਾਗੇ ਦੇ ਦੋ ਸ਼ਹਿਰਾਂ- ਰਾਹੋਂ ਅਤੇ ਨਵਾਂ ਸ਼ਹਿਰ ਜਾਣ ਲਈ, ਸਾਨੂੰ ਅਸਮਾਨਪੁਰ ਵਿਚੀਂ ਹੀ ਲੰਘਣਾ ਪੈਂਦਾ ਸੀ। ਉਦੋਂ ਮੇਰੇ ਕੋਲ ਸਿਰਫ਼ ਤੇ ਸਿਰਫ਼ ਸਾਈਕਲ ਦੀ ਹੀ ਸਵਾਰੀ ਹੋਣ ਕਰ ਕੇ, ਮੇਰਾ ਉਹਦੇ ਨਾਲ ਮੇਲ-ਮਿਲਾਪ ਅਕਸਰ ਹੁੰਦਾ ਰਹਿੰਦਾ ਸੀ। ਚੱਲਵੀਂ ਜਿਹੀ ਜਾਣ-ਪਛਾਣ ਤਾਂ ਭਾਵੇਂ ਮੇਰੀ ਪਹਿਲਾਂ ਵੀ ਸੀ ਪਰ ਜਦੋਂ ਮੈਂ ਪਿੰਡ ਵਾਲੇ ਸਕੂਲ ਤੋਂ ਅੱਠਵੀਂ ਪਾਸ ਕਰ ਕੇ ਨਵੇਂ ਸ਼ਹਿਰ ਦੁਆਬੇ ਸਕੂਲੇ ਦਾਖਲਾ ਲਿਆ, ਫਿਰ ਤਾਂ ਰੋਜ਼ਾਨਾ ਹੀ ਸਵੇਰੇ ਸ਼ਾਮ ਉਸ ਦੇ ਦਰਸ਼ਨ-ਦੀਦਾਰ ਹੋਣ ਲੱਗ ਪਏ। ਜਦੋਂ ਕਿਧਰੇ ਸਕੂਲੇ ਜਾਂਦਿਆਂ-ਆਉਂਦਿਆਂ ਸਾਈਕਲ ਨੂੰ ਕੋਈ ਨੁਕਸ ਪੈ ਜਾਣਾ, ਤਾਂ ਸਿੱਧੇ ਪ੍ਰੀਤੂ ਦੀ ਦੁਕਾਨ ‘ਤੇ ਆਉਣਾ ਪੈਂਦਾ ਹੁੰਦਾ ਸੀ।
ਜੇਬ ਖਰਚਾ ਦੇਣਾ, ਖਾਸ ਕਰ ਕੇ ਪੇਂਡੂ ਪਾੜ੍ਹਿਆਂ ਨੂੰ, ਸਾਡੇ ਸਮਿਆਂ ਵਿਚ ਫਜ਼ੂਲ ਖਰਚੀ ਹੀ ਸਮਝਿਆ ਜਾਂਦਾ ਸੀ। ਸੋ, ਮੈਨੂੰ ‘ਐਮਰਜੈਂਸੀ ਸਾਈਕਲ ਫੰਡ’ ਵਜੋਂ ਰੁਪਏ, ਦੋ ਰੁਪਏ ਜੇਬ ‘ਚ ਰੱਖਣ ਲਈ ਦੇਣ ਨਾਲੋਂ, ਮੇਰੇ ਬਾਪ ਨੇ ਅਗਾਊਂ ਪੱਕਾ ਪ੍ਰਬੰਧ ਕਰ ਦਿੱਤਾ ਸੀ। ਉਹ ਇਹ ਕਿ ਨਵਾਂ ਸ਼ਹਿਰ ਸਕੂਲੇ ਦਾਖਲ ਹੋਣ ਤੋਂ ਦੂਜੇ ਤੀਜੇ ਦਿਨ, ਮੇਰੇ ਬਾਪ ਨੇ ਪ੍ਰੀਤੂ ਨਾਲ ਮੇਰੀ ਜਾਣ-ਪਛਾਣ ਕਰਾਉਂਦਿਆਂ ਉਸ ਨੂੰ ਕਹਿ ਦਿੱਤਾ ਸੀ, ਕਿ ਜਦੋਂ ਵੀ ਮੇਰਾ ਮੁੰਡਾ ਸਾਈਕਲ ਸਰਵਾਉਣ ਆਵੇ, ਇਸ ਨੂੰ ਪੈਸੇ ਨਾ ਪੁੱਛੀਂ, ਮੈਂ ਆਪੇ ਦੇ ਦਿਆਂਗਾ। ਜਦੋਂ ਅਸੀਂ- ਮੈਂ ਤੇ ਮੇਰਾ ਬਾਪ, ਉਥੋਂ ਤੁਰਨ ਲੱਗੇ ਤਾਂ ਮੈਂ ਆਪਣਾ ਸਾਈਕਲ ਪ੍ਰੀਤੂ ਮੋਹਰੇ ਕਰਦਿਆਂ ਕਹਿ ਬੈਠਾ, “ਪ੍ਰੀਤੂ, ਮੇਰੇ ਸਾਈਕਲ ਦਾ ਹੈਂਡਲ ਤਾਂ ਸਿੱਧਾ ਕਰ ਦੇਹ?”
ਹਾਲੇ ਇਹ ਵਾਕ ਮੇਰੇ ਮੂੰਹ ਵਿਚ ਹੀ ਸੀ ਕਿ ਮੇਰੀ ਧੌਣ ‘ਚ ਲਫੇੜ ਵੱਜੀ।
“ਸਹੁਰਿਆ, ਇਹ ਮੇਰੀ ਉਮਰ ਦਾ ਹੈਗਾæææ ਤੂੰ ਨਾਂ ਕਿਉਂ ਲਿਆ ਇਹਦਾ?” ਮੇਰਾ ਬਾਪ ਦੂਜੀ ਚੁਪੇੜ ਚੁੱਕੀ ਖੜ੍ਹਾ ਮੈਨੂੰ ਨਸੀਹਤ ਦੇ ਰਿਹਾ ਸੀ, “ਆਹੀ ਕੁਛ ਸਿਖਾਲਦੇ ਆ ਤੁਹਾਨੂੰ ਸਕੂਲਾਂ ਦੇ ਮਾਹਟਰ?æææ ਕਹੁ ਚਾਚਾ ਜੀ।”
ਪ੍ਰੀਤੂ ਨੇ ਫੁਰਤੀ ਨਾਲ ਮੈਨੂੰ ਪਰੇ ਧੱਕ ਦਿੱਤਾ। ਉਹ ਮੁਸਕੜੀਏ ਹੱਸਦਾ ਹੋਇਆ ਕਹਿੰਦਾ, “ਤੇਰੇ ਭਾਪੇ ਨੇ ਤੇਰਾ ‘ਵਿੰਗ’ ਕੱਢ ਦਿੱਤਾ, ਮੈਂ ਤੇਰੇ ਸਾਈਕਲ ਦਾ ਹੈਂਡਲ ਸਿੱਧਾ ਕਰ ਦੇਣੈਂ।” ਕੋਲ ਖੜ੍ਹੇ ਕਈ ਜਣੇ ਖਿੜ-ਖਿੜਾ ਕੇ ਹੱਸ ਪਏ।
ਅਸਮਾਨਪੁਰੀਆ ਇਹ ਪ੍ਰੀਤੂ, ਗੱਠਵੇਂ ਮਧਰੇ ਕੱਦ ਦਾ ਬੜਾ ਹੀ ਫੁਰਤੀਲਾ ਅਤੇ ਸਿਰੇ ਦਾ ਹਾਜ਼ਰ ਜਵਾਬ ਸੀ। ਸ਼ੁਗਲੀ ਵੀ ਰੱਜ ਕੇ ਅਤੇ ਅੜਬੰਗ ਵੀ ਕਹਿਰਾਂ ਦਾ। ਲੰਮੇ ਲੜ ਵਾਲੀ ਪੱਗ ਅਤੇ ਤੇੜ ਧੋਤੀ- ਇਹ ਉਸ ਦੀ ਪੁਸ਼ਾਕ ਹੁੰਦੀ ਸੀ। ਸਾਈਕਲ ਦੀ ਮੁਰੰਮਤ ਕਰਵਾਉਣ ਆਏ ਹਰ ਗਾਹਕ ਨੂੰ ਉਹ ਕੁਰਸੀ ਜਾਂ ਬੈਂਚ ‘ਤੇ ਬਹਿ ਜਾਣ ਲਈ ਕਹਿੰਦਾ। ਕਾਹਲੀ ਨਾਲ ਕੰਮ ਕਰਦਿਆਂ ਉਹ ਸਾਈਕਲ ‘ਚ ਦੱਸਿਆ ਗਿਆ ਨੁਕਸ ਹੀ ਦੂਰ ਨਾ ਕਰਦਾ, ਸਗੋਂ ਸਾਰੇ ਨਟ-ਬੋਲਟ ਚੈਕ ਕਰ ਕੇ, ਟਾਇਰ ਟਿਊਬ ਵੀ ਦੇਖਦਾ। ਹਵਾ ਘੱਟ ਹੁੰਦੀ ਤਾਂ ਆਪੇ ਹੀ ਭਰ ਦਿੰਦਾ। ਆਪਣੀ ਕਿਸੇ ਚੀਜ਼ ਦੀ ਮੁਰੰਮਤ ਕਰਾਉਣ ਵੇਲੇ ਕਾਰੀਗਰ ਦੇ ਸਿਰ ‘ਤੇ ਖੜ੍ਹੇ ਰਹਿਣਾ ਸਾਡੇ ਪੰਜਾਬੀਆਂ ਦੀ ਪੱਕੀ ਆਦਤ ਹੈ, ਪਰ ਜੇ ਕੋਈ ਜਣਾ ਪ੍ਰੀਤੂ ਕੋਲ ਇੰਜ ਖੜ੍ਹ ਜਾਂਦਾ ਤਾਂ ਉਹ ਝੱਟ ਕਹਿ ਦਿੰਦਾ, “ਯਾਰਾ! ਅਹੁ ਸੌ ਰੁਪਈਏ ਦੀਆਂ ਕੁਰਸੀਆਂ ਨਾਲੇ ਬੈਂਚ, ਤੁਹਾਡੇ ਬੈਠਣ ਲਈ ਹੀ ਤਾਂ ਰੱਖੀਆਂ ਹੋਈਆਂæææ ਤੁਸੀਂ ਉਥੇ ‘ਚੇਅਰਮੈਨ’ ਬਣ ਕੇ ਬੈਠੋ।” ਫਿਰ ਵੀ ਸਿਰ ‘ਤੇ ਚੜ੍ਹੇ ਰਹਿਣ ਵਾਲੇ ਕਿਸੇ ਢੀਠ ਜਿਹੇ ਗਾਹਕ ਨੂੰ ਉਹ ਇੰਜ ਵੀ ਆਖ ਦਿੰਦਾ, “ਭਾਈ, ਐਦਾਂ ਕਰæææ ਅਹਿ ਦੋਏ ਕੁਰਸੀਆਂ ਮੂੰਧੀਆਂ ਮਾਰ ਦੇਹ। ਬੈਂਚ ਪੁੱਠਾ ਕਰ ਕੇ ਮੇਰੇ ਮੋਢਿਆਂ ‘ਤੇ ਬਹਿ ਜਾ।”
ਪ੍ਰੀਤੂ ਦੀ ਤਿੱਖੀ ਵਿਅੰਗ ਭਰੀ ਨੋਕ-ਝੋਕ ਅਤੇ ਉਸ ਦੀ ਹਾਜ਼ਰ ਜਵਾਬੀ ਦੇ ਬਹੁਤ ਸਾਰੇ ਟੋਟਕੇ ਫਿਲਮੀ ਦ੍ਰਿਸ਼ਾਂ ਵਾਂਗ ਮੈਨੂੰ ਯਾਦ ਹਨ। ਕੰਮ ਕਰਨ ਦੇ ਨਾਲ-ਨਾਲ ਉਹ ਕੋਈ ਮਨੋਰੰਜਕ ਜਿਹੀ ਗੱਲ ਵੀ ਛੋਹੀ ਰੱਖਦਾ। ਉਸ ਦੀ ਦੁਕਾਨ ‘ਤੇ ਸਦਾ ਹੀ ਢਾਣੀ ਜੁੜੀ ਰਹਿੰਦੀ ਸੀ। ਇਕ ਵਾਰ ਉਹ ਚਟਖਾਰੇ ਲਾ-ਲਾ ਕੇ ਆਪਣੀ ਕੋਈ ਹੱਡ ਬੀਤੀ ਸੁਣਾ ਰਿਹਾ ਸੀ,
“æææਲਉ ਜੀ, ਸਾਨੂੰ ਫਲਾਣੇ ਪਿੰਡੋਂ ਸਾਡੇ ਜਾਣੂ ਇਕ ਟੱਬਰ ਦਾ ਸੁਨੇਹਾ ਆ ਗਿਆ ਕਿ ਸਾਡੀ ਕੁੜੀ ਕਿਸੇ ਹੋਰ ਬਰਾਦਰੀ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੀ ਜ਼ਿਦ ਕਰ ਰਹੀ ਹੈ। ਉਸ ਵਿਗੜੀਓ ਛੋਕਰੀ ਨੇ ਵਿਆਹ ਦੀ ਪੱਕੀ ਠੱਕੀ ਵੀ ਆਪੇ ਈ ਕਰ ਲਈ। ਮਾਪੇ ਵਿਚਾਰੇ ਪਾਣੀ ‘ਚ ਮੁੱਠਾਂ ਵੱਟਣ!æææ ਲੈ ਜੀ, ਅਸੀਂ ਸੁਨੇਹਾ ਮਿਲਦਿਆਂ ਸਾਰ ਦੋ ਚਾਰ ਜਨਾਨੀਆਂ ਲਈਆਂ ਨਾਲ਼ææ ਸਕੀਮ ਬਣਾ ਕੇ ਅਸੀਂ ਜਾ ਪਹੁੰਚੇ।æææ ਉਧਰ ਵਿਆਹੁੰਦੜ ਮੁੰਡੇ ਨਾਲ ਵੀ 15-20 ਬਰਾਤੀ। ਅਸੀਂ ਲਾ ਲਿਆ ਸੀ ਸੰਮਾਂ ਵਾਲੀਆਂ ਡਾਂਗਾਂ ਨੂੰ ਤੇਲ! ਸਾਡੇ ਨਾਲ ਦੀਆਂ ਜਨਾਨੀਆਂ ਨੇ ਅੰਦਰ ਵੜ ਕੇ ਕੁੜੀ ਦਾ ਬੁਥਾੜਾ ਭੰਨ ਸੁੱਟਿਆ। ਅਸੀਂ ਮੋਹਰੇ ਧਰ ਲਏ ਬਰਾਤੀ!æææ ਦੇਹ ਜਿੱਧਰ ਡਾਂਗ ਪੈਂਦੀ ਆæææ ਛੱਲੀਆਂ ਵਾਂਗ ਕੁੱਟਦੇ ਅਸੀਂ ਸਾਲਿਆਂ ਨੂੰ ਦੂਜੇ ਪਿੰਡ ਦਾ ਵਸੀਮਾਂ ਟਪਾ ਕੇ ਮੁੜੇ।”
ਉਸ ਨੂੰ ਹਾਸੇ ਸ਼ੁਗਲ ਦੀਆਂ ਗੱਲਾਂ ਅਹੁੜਦੀਆਂ ਵੀ ਬਹੁਤ ਸਨ। ਇਕ ਵਾਰ ਇਕ ਬੰਦਾ ਸਾਈਕਲ ਖੜ੍ਹਾ ਕਰ ਕੇ ਬਦ-ਹਵਾਸੀ ਜਿਹੀ ‘ਚ ਬੋਲਿਆ, “ਪ੍ਰੀਤੂæææ ਆæææ ਦੂਆ ਤਾਂ ਦਈਂ?” ਅੱਗਿਉਂ ਪ੍ਰੀਤੂ ਕਹਿੰਦਾ, “ਵੀਹ ਸਾਲ ਹੋ ਚੱਲੇ ਮੈਨੂੰ ਸਾਈਕਲਾਂ ਦੀ ਦੁਕਾਨ ਕਰਦੇ ਨੂੰ, ਮੈਂ ਤਾਂ ਅੱਜ ਤੱਕ ਨ੍ਹੀਂ ‘ਦੂਆ’ ਦੇਖਿਆ।” ਉਹ ਬੰਦਾ ਅਸਲ ਵਿਚ ਪੰਪ ਮੰਗ ਰਿਹਾ ਸੀ, ਹਵਾ ਭਰਨ ਲਈ। ਪ੍ਰੀਤੂ ਦੇ ਮਨ੍ਹਾਂ ਕਰਦਿਆਂ ਵੀ ਇਕ ਫੇਰੀ ਵਾਲਾ ਆਪਣੇ ਸਾਈਕਲ ‘ਚ ਹਵਾ ਭਰੀ ਗਿਆ। ਸਾਈਕਲ ਚੁੱਕ ਕੇ ਹਾਲੇ ਉਹ ਥੋੜ੍ਹੀ ਦੂਰ ਹੀ ਗਿਆ ਸੀ ਕਿ ‘ਠਾਹ’ ਦੀ ਆਵਾਜ਼ ਗੂੰਜੀ। ਠਹਾਕਾ ਮਾਰ ਕੇ ਹੱਸਦਿਆਂ ਪ੍ਰੀਤੂ ਕਹਿੰਦਾ, “ਦੇਖਿਆ, ਉਹੀ ਗੱਲ ਹੋਈ ਨਾ! ਮੈਂ ਪਤੰਦਰ ਨੂੰ ਕਹੀ ਗਿਆ ਕਿ ਬਾਹਲੀ ਹਵਾ ਨਾ ਭਰ, ਇਹਨੂੰ ‘ਹਰਟ ਅਟੈਕ’ ਹੋ ਜਾਣੈ।”
ਸਾਡੇ ਬੈਠਿਆਂ ਇਕ ਬੰਦਾ ਸਾਈਕਲ ਖੜ੍ਹਾ ਕਰਦਿਆਂ ਪ੍ਰੀਤ ਨੂੰ ਮੁਖਾਤਬ ਹੋਇਆ, “ਮੇਰੇ ਸਾਈਕਲ ਨੂੰ ਤੇਲ ਤਾਂ ਦੇ ਦੇ ਯਾਰਾ।” ਪ੍ਰੀਤੂ ਨੇ ‘ਸਤਿ ਬਚਨ’ ਕਹਿ ਕੇ ਤੇਲ ਵਾਲੀ ਕੁੱਪੀ ਚੁੱਕ ਲਈ। ਹਾਲੇ ਉਸ ਨੇ ਇਕ-ਦੋ ਕੁ ਜਗ੍ਹਾ ਤੇਲ ਦੇ ਤੁਪਕੇ ਸੁੱਟੇ ਸਨ ਕਿ ਬੰਦਾ ਕਹਿੰਦਾ, ‘ਪ੍ਰੀਤੂ ਸਿੰਹਾਂ, ਤੇਲ ਸਾਰੇ ਈ ਦੇ ਦਈਂ ਯਾਰਾ।’ ਇਹ ਗੱਲ ਬੋਚਦਿਆਂ ਪ੍ਰੀਤੂ ਲੱਗ ਪਿਆ ਤੇਲ ਨਾਲ ਸਾਈਕਲ ਦੇ ਡੰਡੇ, ਕੈਰੀਅਰ ਵਗੈਰਾ ਲਬੇੜਨ। ਗਾਹਕ ਚੌਂਕ ਕੇ ਬੋਲਿਆ, “ਓ ਆਹ ਤੂੰ ਕੀ ਕਰਨ ਲੱਗ ਪਿਐਂ?”
“ਤੂੰ ਹੀ ਕਿਹਾ ਕਿ ਤੇਲ ਸਾਰੇ ਈ ਦੇ ਦੇਹ।” ਪ੍ਰੀਤੂ ਨੇ ਦੰਦੀਆਂ ਕੱਢਦਿਆਂ ਜਵਾਬ ਦਿੱਤਾ।
ਚਿੱਟੀ ਦਾੜ੍ਹੀ ਵਾਲਾ ਕੋਈ ਬਜ਼ੁਰਗ ਸਾਈਕਲ ਤੋਂ ਉਤਰ ਕੇ ਪ੍ਰੀਤੂ ਨੂੰ ਕਹਿੰਦਾ, “ਦੇਖੀਂ ਤਾਂ ਮਿਸਤਰੀ, ਸਾਈਕਲ ਕੁਝ ਭਾਰਾ-ਭਾਰਾ ਚਲਦਾ ਐæææ ਤੇਲ-ਤੂਲ ਦੇਹ ਇਹਦੀਆਂ ਚੂਲਾਂ ‘ਚ?”
“ਸਾਈਕਲ ਦੀਆਂ ਚੂਲਾਂ ਵਿਚ ਕੋਈ ਨੁਕਸ ਨ੍ਹੀਂ ਐ, ਤੇਰੇ ਗੋਡਿਆਂ ‘ਚੋਂ ਤੇਲ ਮੁੱਕਿਆ ਹੋਇਐ! ਗੋਡਿਆਂ ਵਾਲਾ ਤੇਲ ਪੁਆ ਜੇ ਕਿਤੋਂ ਪੈਂਦਾ ਐ!”
“ਤੂੰ ਨਾ ਕਦੇ ਸਿੱਧੀ ਗੱਲ ਕਰੀਂ ਪਿਉ ਦਿਆ ਪੁੱਤਾ।” ਬਜ਼ੁਰਗ ਵੀ ਮਿੰਨ੍ਹਾ-ਮਿੰਨ੍ਹਾ ਹੱਸਦਾ ਥਕਾਵਟ ਲਾਹੁਣ ਲਈ ਬੈਂਚ ‘ਤੇ ਬਹਿ ਗਿਆ।
ਹੁਣ ਤੱਕ ਮੈਂ ਤਾਂ ਇੰਨੇ ਕੁ ਪ੍ਰੀਤੂਆਂ ਨੂੰ ਜਾਣਦਾ ਹਾਂ। ਉਮੀਦ ਹੈ ਕਿ ਪੰਜਾਬ ‘ਚ ਕਿਸੇ ਵੇਲੇ ਸਾਈਕਲ ਚਲਾਉਣ ਵਾਲਿਆਂ ਦਾ ਕਿਸੇ ਨਾ ਕਿਸੇ ‘ਪ੍ਰੀਤੂ’ ਨਾਲ ਜ਼ਰੂਰ ਵਾਹ ਪਿਆ ਹੋਵੇਗਾ।

Be the first to comment

Leave a Reply

Your email address will not be published.