ਤਾਲਿਬਾਨ ਦੀ ਧਮਕੀ ਵੀ ਸਿੱਖ ਸ਼ਰਧਾਲੂਆਂ ਨੂੰ ਡੱਕ ਨਾ ਸਕੀ

ਅੰਮ੍ਰਿਤਸਰ: ਤਾਲਿਬਾਨ ਵੱਲੋਂ ਭਾਵੇਂ ਭਾਰਤੀਆਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ 2200 ਸਿੱਖ ਸ਼ਰਧਾਲੂਆਂ ਦਾ ਜਥਾ ਦੋ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦਾ 544ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਰਵਾਨਾ ਹੋਇਆ। ਇਥੇ ਭਾਰਤੀ ਰੇਲ ਵਿਭਾਗ ਵੱਲੋਂ ਪਾਕਿਸਤਾਨੀ ਵਿਸ਼ੇਸ਼ ਰੇਲ ਗੱਡੀ ਨੂੰ ਆਉਣ ਦੀ ਆਗਿਆ ਨਾ ਦਿੱਤੇ ਜਾਣ ‘ਤੇ ਸਿੱਖ ਸ਼ਰਧਾਲੂਆਂ ਵੱਲੋਂ ਅਟਾਰੀ ਰੇਲਵੇ ਸਟੇਸ਼ਨ ‘ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਪਾਕਿਸਤਾਨੀ ਸਫਾਰਤਖਾਨੇ ਤੇ ਭਾਰਤੀ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ। ਇਸ ਬਾਰੇ ਉਨ੍ਹਾਂ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਨਾਲ ਵੀ ਗੱਲਬਾਤ ਕੀਤੀ ਹੈ। ਤਾਲਿਬਾਨ ਦੀ ਧਮਕੀ ਦੇ ਬਾਵਜੂਦ ਜਥੇ ਵਿਚ ਰਵਾਨਾ ਹੋਏ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਸੀ।
ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਗਏ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਰਜ਼ਾ ਪਰਵੇਜ਼ ਆਸਿਫ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਕਿ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਸੀ।
ਭਾਵੇਂ ਚੇਅਰਮੈਨ ਨੇ ਦੱਸਿਆ ਕਿ ਪਾਕਿਸਤਾਨ ਵਿਖੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਿਆ ਹੈ। ਦਿੱਲੀ ਸਥਿਤ ਪਾਕਿਸਤਾਨੀ ਸਫਾਰਖਾਨੇ ਦੇ ਅਧਿਕਾਰੀਆਂ ਨੂੰ ਵੀ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ ਹੈ।
ਇਸ ਬਾਰੇ ਉਨ੍ਹਾਂ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਵੀ ਵੱਖਰਾ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਆਪਣੇ ਤੌਰ ‘ਤੇ ਪਾਕਿਸਤਾਨ ਸਰਕਾਰ ਨਾਲ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਹਿਣ।  ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅਤਿਵਾਦੀ ਅਜਮਲ ਕਸਾਬ ਨੂੰ ਮੁੰਬਈ ਹਮਲੇ ਦੇ ਦੋਸ਼ ਵਿਚ ਫਾਂਸੀ ਦਿੱਤੇ ਜਾਣ ਤੋਂ ਬਾਅਦ ਤਾਲਿਬਾਨ ਸੰਗਠਨ ਨੇ ਧਮਕੀ ਦਿੱਤੀ ਹੈ ਕਿ ਉਸ ਵੱਲੋਂ ਭਾਰਤੀ ਲੋਕਾਂ ‘ਤੇ ਹਮਲੇ ਕੀਤੇ ਜਾਣਗੇ। ਇਹ ਖ਼ਬਰਾਂ ਆਉਣ ਤੋਂ ਬਾਅਦ ਜਿੱਥੇ ਸ਼੍ਰੋਮਣੀ ਕਮੇਟੀ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ, ਉੱਥੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂ ਵੀ ਚਿੰਤਤ ਹਨ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਕਈ ਸ਼ਰਧਾਲੂਆਂ ਵੱਲੋਂ ਪੁੱਛ-ਗਿੱਛ ਕੀਤੀ ਗਈ ਹੈ।
_____________________________
ਪਾਕਿ ਦੇ ਜੰਮਪਲ ਭਾਰਤੀ ਨਹੀਂ ਦੇਖ ਸਕਣਗੇ ਜਨਮ ਸਥਾਨ
ਚੰਡੀਗੜ੍ਹ: ਪਾਕਿਸਤਾਨ ਵਿਚ ਜੰਮੇ ਲੋਕ ਹੁਣ ਪਾਕਿਸਤਾਨ ਨਹੀਂ ਜਾ ਸਕਣਗੇ ਕਿਉਂਕਿ ਹੁਣ ਉਨ੍ਹਾਂ ਦੇ ਪਾਸਪੋਰਟ ਦੇ ਨਵੀਨੀਕਰਨ ਕਰਨ ਵੇਲੇ ਪਾਸਪੋਰਟ ‘ਤੇ ਜਨਮ ਸਥਾਨ ਵਾਲੀ ਥਾਂ ‘ਤੇ ਪਾਕਿਸਤਾਨ ਦੀ ਥਾਂ ‘ਅਣਵੰਡਿਆ ਭਾਰਤ’ ਲਿਖਿਆ ਜਾਣ ਲੱਗਾ ਹੈ। ਪਾਕਿਸਤਾਨ ਨੇ ਪਹਿਲਾਂ ਹੀ ਉਨ੍ਹਾਂ ਲੋਕਾਂ ਨੂੰ ਪਾਕਿਸਤਾਨ ਦਾ ਵੀਜ਼ਾ ਦੇਣ ਤੋਂ ਨਾਂਹ ਕੀਤੀ ਹੋਈ ਹੈ ਜਿਨ੍ਹਾਂ ਦੇ ਪਾਸਪੋਰਟਾਂ ‘ਤੇ ਅਣਵੰਡਿਆ ਭਾਰਤ ਲਿਖਿਆ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿਚ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ ਤੇ ਉਹ ਦੇਸ਼ ਦੀ ਵੰਡ ਵੇਲੇ ਭਾਰਤੀ ਪੰਜਾਬ ਵਿਚ ਆ ਗਏ ਸਨ। ਉਨ੍ਹਾਂ ਲੋਕਾਂ ਦੇ ਰਿਸ਼ਤੇਦਾਰ ਪਾਕਿਸਤਾਨ ਵਿਚ ਰਹਿੰਦੇ ਹਨ। ਵਿਦੇਸ਼ ਮੰਤਰਾਲਾ ਪਹਿਲਾਂ ਪਾਕਿਸਤਾਨ ਵਿਚ ਜੰਮੇ ਲੋਕਾਂ ਦੇ ਪਾਸਪੋਰਟਾਂ ‘ਤੇ ਜਨਮ ਦਾ ਸਥਾਨ ਪਾਕਿਸਤਾਨ ਹੀ ਲਿਖਦਾ ਸੀ ਪਰ ਵਿਦੇਸ਼ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਹੁਣ ਉਨ੍ਹਾਂ ਲੋਕਾਂ ਦੇ ਪਾਸਪੋਰਟਾਂ ‘ਤੇ ਅਣਵੰਡਿਆ ਭਾਰਤ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਉਦੋਂ ਵਿਵਾਦ ਖੜ੍ਹਾ ਹੋ ਗਿਆ ਸੀ ਜਦੋਂ ਜਲੰਧਰ ਵਿਚ ਰਹਿੰਦੇ ਪਾਕਿਸਤਾਨ ਵਿਚ ਜੰਮੇ ਲੋਕਾਂ ਦੇ ਪਾਸਪੋਰਟ ‘ਤੇ ਅਣਵੰਡਿਆ ਭਾਰਤ ਲਿਖਿਆ ਗਿਆ ਸੀ। ਉਨ੍ਹਾਂ ਨੂੰ ਪਾਕਿ ਦੇ ਦੂਤਘਰ ਨੇ ਵੀਜ਼ਾ ਦੇਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ ਕਿ ਉਹ ਭਾਰਤੀ ਪਾਸਪੋਰਟ ‘ਤੇ ਅਣਵੰਡਿਆ ਭਾਰਤ ਨਹੀਂ ਮਨਜ਼ੂਰ ਕਰ ਸਕਦੇ ਕਿਉਂਕਿ ਅਣਵੰਡੇ ਭਾਰਤੀ ਹਿੱਸੇ ਦਾ ਨਾਂ ਹੁਣ ਪਾਕਿ ਹੈ। ਇਸ ਤੋਂ ਬਾਅਦ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਨੇ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨ ਲਈ ਕੇਸ ਭੇਜਿਆ ਸੀ। ਇਸ ਬਾਰੇ ਖੇਤਰੀ ਪਾਸਪੋਰਟ ਅਫ਼ਸਰ ਪ੍ਰਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਤਾਂ ਕੇਸ ਬਣਾ ਕੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਹੈ, ਉਨ੍ਹਾਂ ਦਾ ਜਵਾਬ ਆਉਣ ਤੋਂ ਬਾਅਦ ਇਸ ਬਾਰੇ ਹਾਲਤ ਸਪਸ਼ਟ ਹੋਵੇਗੀ।
_________________________
ਜਥੇ ਦਾ ਕੋਟਾ ਵਧਾਉਣ ਤੋਂ ਇਨਕਾਰ
ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਾਣ ਵਾਲੇ ਸਿੱਖ ਯਾਤਰੀਆਂ ਦੇ 50 ਫੀਸਦੀ ਵੀਜ਼ੇ ਕੱਟੇ ਗਏ ਹਨ। ਇਸ ਵਾਰ ਵੱਖ-ਵੱਖ ਸਿੱਖ ਜਥੇਬੰਦੀਆਂ ਰਾਹੀਂ ਛੇ ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਨਨਕਾਣਾ ਸਾਹਿਬ ਧਾਰਮਿਕ ਯਾਤਰਾ ‘ਤੇ ਜਾਣ ਦੀ ਇੱਛਾ ਜਤਾਈ ਸੀ ਪਰ ਸਰਕਾਰ ਵੱਲੋਂ ਸਿਰਫ ਤਿੰਨ ਹਜ਼ਾਰ ਯਾਤਰੀਆਂ ਨੂੰ ਹੀ ਵੀਜ਼ੇ ਦਿੱਤੇ ਹਨ। ਨਨਕਾਣਾ ਸਾਹਿਬ ਧਾਰਮਿਕ ਯਾਤਰਾ ਵੱਲ ਸਿੱਖ ਸੰਗਤ ਦੇ ਵਧ ਰਹੇ ਉਤਸ਼ਾਹ ਨੂੰ ਦੇਖਦਿਆਂ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ, ਸ੍ਰੀ ਨਨਕਾਣਾ ਸਾਹਿਬ ਯਾਤਰੀ ਜਥੇ, ਸਾਈਂ ਮੀਆਂ ਮੀਰ ਫਾਉਂਡੇਸ਼ਨ, ਖਾਲੜਾ ਮਿਸ਼ਨ ਕਮੇਟੀ ਤੋਂ ਹਰਿਆਣਾ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਸਿੱਖ ਯਾਤਰੀਆਂ ਦੇ 50 ਸਾਲ ਪਹਿਲਾਂ ਤੈਅ ਤਿੰਨ ਹਜ਼ਾਰ ਦੇ ਜਥੇ ਦਾ ਕੋਟਾ ਵਧਾ ਕੇ ਦਸ ਹਜ਼ਾਰ ਕੀਤਾ ਜਾਵੇ ਪਰ ਭਾਰਤ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਦੀ ਉਕਤ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ।

Be the first to comment

Leave a Reply

Your email address will not be published.