ਬਲਜੀਤ ਬਾਸੀ
ਅਮਰੀਕਾ ਦੇਸ਼ ਦੇ ਇੱਕ ਵੱਡੇ ਸ਼ਹਿਰ ਵਿਚ ਰਹਿੰਦਿਆਂ ਅੱਜ ਪਿੰਡ ਦੀ ਨਿਮਾਣੀ ਹੱਟੀ ਚੇਤੇ ਆ ਗਈ ਹੈ। ਵਿਗੋਚਾ ਇਸ ਗੱਲੋਂ ਵੀ ਹੈ ਕਿ ਸੌਦਾ ਨਾ ਵੀ ਲੈਣਾ ਹੋਵੇ, ਜਦ ਚਿੱਤ ਕੀਤਾ, ਬੜੀ ਬੇਤੁਕੱਲਫੀ ਨਾਲ ਗਲੀ ਦੇ ਸਿਰੇ ‘ਤੇ ਪਾਈ ਹੋਈ ਹੱਟੀ ਵਿਚ ਜਾ ਵੜੀਦਾ ਸੀ। ਹੋਰ ਨਹੀਂ ਤਾਂ ਆਪਣੇ ਬੇਲੀ ਹਟਵਾਣੀਏ ਨਾਲ ਚਾਰ ਤਾਸ਼ ਦੀਆਂ ਬਾਜ਼ੀਆਂ ਹੀ ਲਾ ਲਈਦੀਆਂ ਸਨ। ਉਹ ਤਾਂ ਅਕਸਰ ਚਾਹ ਵੀ ਪਿਲਾ ਦਿੰਦਾ ਸੀ ਤੇ ਮੂੰਗਫਲੀ, ਰਿਉੜੀਆਂ ਵੀ ਛਕਾ ਦਿੰਦਾ ਸੀ। ਪਰ ਆਪਾਂ ਰਹੇ ਜਮਾਂਦਰੂ ਨੀਅਤ ਦੇ ਭੁਖੇ, ਚੋਰ ਅੱਖ ਨਾਲ ਪੀਪੇ ਵਿਚੋਂ ਮੁਰੱਬਾ ਜਾਂ ਗੁਲਕੰਦ ਕੱਢ ਕੇ ਘਾਊ-ਘੱਪ ਕਰ ਲਈਦਾ ਸੀ। ਫੁੱਲੀਆਂ ਜਾਂ ਮਖਾਣਿਆਂ ਦੇ ਫੱਕੇ ਤਾਂ ਮਾਰਦੇ ਹੀ ਰਹੀਦਾ ਸੀ। ਬੇਤੁਕੱਲਫੀ ਤਾਂ ਇਥੇ ਵੱਡੇ ਵੱਡੇ ਸਟੋਰਾਂ ਵਿਚ ਵੀ ਘੱਟ ਨਹੀਂ ਤੇ ਭਾਵੇਂ ਜੋ ਮਰਜ਼ੀ ਚੋਰੀ ਛੁਪੇ ਖਾਣ ਦਾ ਹੌਸਲਾ ਕਰ ਲਵੋ, ਕਦੇ ਕੋਈ ਨਹੀਂ ਦੇਖਦਾ ਪਰ ਇਥੇ ਪਰਮਾਤਮਾ ਵਾਂਗ ਸਰਬਵਿਆਪਕ ਤੇ ਅਦਿੱਖ ਕੈਮਰਾ ਤੁਹਾਡੀ ਹਰ ਹਰਕਤ ‘ਤੇ ਨਜ਼ਰ ਰੱਖਦਾ ਹੈ। ਕਿਆ ਸਿਤਮਜ਼ਰੀਫੀ ਹੈ ਕਿ ਪਿੰਡ ਵਿਚ ਭਾਵੇਂ ਕਿੰਨੀ ਵੱਡੀ ਦੁਕਾਨ ਹੋਵੇ, ਵਿਚਾਰੀ ਕਹਾਉਂਦੀ ਹੱਟੀ ਹੀ ਹੈ ਤੇ ਸ਼ਹਿਰ ਵਿਚ ਜਿੰਨੀ ਮਰਜ਼ੀ ਛੋਟੀ ਹੱਟੀ ਹੋਵੇ, ਕਹਾਉਂਦੀ ਦੁਕਾਨ ਹੀ ਹੈ। ਤੇ ਏਧਰ, ਹਰ ਹੱਟੀ ਜਾਂ ਦੁਕਾਨ ਸਟੋਰ ਹੀ ਹੈ। ਪਿੰਡ ਦੇ ਕਈ ਹੱਟੀ ਵਾਲੇ ਕਈ ਵਾਰੀ ਵੱਧ ਤੋਂ ਵੱਧ ਆਪਣੀ ਹੱਟੀ ਨੂੰ ਹੱਟ ਕਹਿ ਲੈਣ ਵਿਚ ਤਸੱਲੀ ਕਰ ਲੈਂਦੇ ਹਨ। ਮੇਰੇ ਪਿੰਡ ਦੇ ਇਕ ਅਜਿਹੇ ਹਟਵਾਣੀਏ ਨੇ ਆਪਣੀ ਹੱਟੀ ਉਪਰ ਲਿਖ ਕੇ ਲਾਇਆ ਸੀ, “ਲੋਕਾਂ ਪਾਈਆਂ ਹੱਟੀਆਂ ਤੇ ਅਸਾਂ ਪਾਇਆ ਹੱਟ ਜੀ, ਚੀਜ਼ਾਂ ਦਿੰਦੇ ਮਹਿੰਗੀਆਂ ਤੇ ਪੈਸੇ ਲੈਂਦੇ ਘੱਟ ਜੀ।” ਭਾਈ ਵੀਰ ਸਿੰਘ ਨੇ ਗੁਲਾਬ ਦੇ ਫੁੱਲ ਨੂੰ ਹੀ ‘ਹੱਟ ਮਹਿਕ ਦੀ’ ਲਾਉਣ ਵਾਲਾ ਕਹਿ ਦਿੱਤਾ ਸੀ। ਉਂਜ ਹੱਟ ਸ਼ਬਦ ਵਧੇਰੇ ਕਰਕੇ ਬਹੁਤੀਆਂ ਹੱਟੀਆਂ ਜਾਂ ਮਾਰਕਿਟ ਲਈ ਸਮੂਹਵਾਚਕ ਸ਼ਬਦ ਹੈ। ਖੁੱਲ੍ਹੇ ਸੁਭਾਅ ਤੇ ਨਖਰੇਬਾਜ਼ ਕੁੜੀਆਂ/ਤੀਵੀਆਂ ਪਿੰਡ ਦੀਆਂ ਹੱਟੀਆਂ ਤੋਂ ਬਥੇਰਾ ਲਾਹਾ ਖੱਟ ਲੈਂਦੀਆਂ ਹਨ। ਨਜਾਬਤ ਦੇ ਸ਼ਬਦਾਂ ਵਿਚ,
ਤੈਨੂੰ ਚਸਕਾ ਬਹੁਤ ਜ਼ਬਾਨ ਦਾ, ਲੇਖਾ ਹਰ ਹੱਟੀ।
ਮੈਥੋਂ ਨਾਹੀਂ ਭਰੀਂਦੀ, ਇਹ ਤੇਰੀ ਚੱਟੀ।
ਜਾਹ ਟੁਰ ਜਾ ਪੇਕੇ ਆਪਣੇ, ਘਤ ਕੇਰੀ ਪੱਟੀæææ।
ਪਿੰਡ ਦੇ ਹਟਵਾਣੀਏ ਤਾਂ ਵਿਚਾਰੇ ਪੀਲੂ ਦੇ ਜ਼ਮਾਨੇ ਤੋਂ ਹੀ ਇਨ੍ਹਾਂ ਪੱਟਣਹਾਰੀਆਂ ਤੋਂ ਪੱਟੇ ਜਾਂਦੇ ਰਹਿੰਦੇ ਹਨ,
ਸਾਹਿਬਾਂ ਗਈ ਤੇਲ ਨੂੰ, ਗਈ ਪੰਸਾਰੀ ਦੀ ਹੱਟ।
ਤੇਲ ਭੁਲਾਵੇ ਭੁੱਲਾ ਬਾਣੀਆ, ਦਿੱਤਾ ਸ਼ਾਹਿਦ ਉਲੱਟ।
ਪਰ ਇਸ਼ਕ ਦੇ ਬਾਜ਼ਾਰ ਵਿਚ ਮਰਦ ਤਾਂ ਘਾਟੇਵੰਦ ਸੌਦਾ ਹੀ ਕਰਦੇ ਹਨ। ਰਾਂਝੇ ਦੀ ਮੰਦਹਾਲੀ ਬਾਰੇ ਵਾਰਿਸ ਦੀ ਟਿੱਪਣੀ ਸੁਣੋ, “ਉਹ ਇਸ਼ਕ ਦੇ ਹੱਟ ਵਿਕਾਇ ਰਹਿਆ, ਮਹੀਂ ਕਿਸੇ ਦੀਆ ਚਾਰਦਾ ਪਿਆ ਸੀ।” ਬੁਲ੍ਹੇ ਸ਼ਾਹ ਦੇ ਸ਼ਬਦਾਂ ਵਿਚ ਇਸ਼ਕ ਨੇ ‘ਯੂਸਫ ਹੱਟੋ ਹੱਟ ਵਿਕਾਇਉ।’
ਖੈਰ ਜੀ, ਹੱਟੀ ਕਹਿ ਲਵੋ ਜਾਂ ਹੱਟ, ਹੈ ਤਾਂ ਵਿਚੋਂ ਝੁੱਗਾ ਹੀ। ਉਂਜ ਇਸ ਝੁੱਗੇ ਵਿਚ ਵੀ ਵਿਕ ਕੇ ਸੌਦਾ ਪੱਤਾ ਅਖਵਾਉਂਦੀਆਂ ਚੀਜ਼ਾਂ ਵਸਤਾਂ ਦੇ ਅੰਬਾਰ ਲੱਗੇ ਹੁੰਦੇ ਹਨ। ਕਿਧਰੇ ਖਲ, ਵੜੇਵਿਆਂ, ਗੁੜ, ਖੰਡ ਦੀਆਂ ਬੋਰੀਆਂ ਦੀਆਂ ਧਾਕਾਂ, ਕਿਧਰੇ ਪੰਸਾਰ ਦੇ ਭਰੇ ਡੱਬਿਆਂ ਦੀ ਟਾਂਡ, ਕਿਧਰੇ ਖੁੱਲ੍ਹੇ ਘਿਉ, ਤੇਲ, ਦੁੱਧ ਦੇ ਟੀਨ ਤੇ ਕਿਧਰੇ ਭਾਂਤ ਸੁਭਾਂਤੀਆਂ ਦਾਲਾਂ, ਸਾਬਣ, ਸੋਡੇ ਦੇ ਕੱਟੇ। ਹੱਟੀ ਵਿਚ ਤੁਰਦਿਆਂ ਫਿਰਦਿਆਂ ਲੱਟੜ ਪੱਟੜ ਪੈਰਾਂ ਵਿਚ ਲਗਦਾ ਹੀ ਰਹਿੰਦਾ ਹੈ। ਪਿਛਵਾੜੇ ਚੂਹਿਆਂ ਨੇ ਆਪਣਾ ਤੋਰੀ ਫੁਲਕਾ ਚਲਾਇਆ ਹੁੰਦਾ ਹੈ। ਦਰਅਸਲ ਹੱਟੀ ਦਾ ਇਹ ਭੰਡਾਰਾ ਤੇ ਪਸਾਰਾ ਹੀ ਇਸ ਦੀ ਬੁਲੰਦੀ ਹੈ। ਚਲੋ ਜ਼ਰਾ ਹੱਟੀ ਸ਼ਬਦ ਤੋਂ ਇਸ ਦਾਅਵੇ ਦੀ ਤਸਦੀਕ ਕਰੀਏ। ਇਹ ਸ਼ਬਦ ਬਣਿਆ ਹੈ ‘ਅੱਟ’ ਧਾਤੂ ਤੋਂ ਜਿਸ ਵਿਚ ਹੱਦੋਂ ਬਾਹਰ ਜਾਣ, ਉਚਾ ਉਠਣ, ਲਗਾਤਾਰਤਾ ਆਦਿ ਦੇ ਭਾਵ ਹਨ। ਜਿਵੇਂ ਅਸੀਂ ਦੇਖਿਆ ਹੈ, ਹੱਟੀ ਦਾ ਸਾਰਾ ਮਾਲ ਉਪਰ ਤੱਕ ਲੱਦਿਆ ਤੇ ਚਾਰ ਚੁਫੇਰੇ ਤੂੜਿਆ ਹੁੰਦਾ ਹੈ। ਇਸ ਤਰ੍ਹਾਂ ਸ਼ਹਿਰ ਦੀ ਦੁਕਾਨ ਭਾਵੇਂ ਜਿੰਨੀ ਮਰਜ਼ੀ ਲੰਬੀ ਚੌੜੀ ਹੋਵੇ, ਉਸ ਉਤੇ “ਉਚੀ ਦੁਕਾਨ ਫਿੱਕਾ ਪਕਵਾਨ” ਕਹਾਵਤ ਢੁਕਾਈ ਜਾ ਸਕਦੀ ਹੈ ਪਰ ਨਿਮਾਣੀ ਹੱਟੀ ਬਾਰੇ ਘਟੋ ਘਟ ਮੁਢਲੇ ਅਰਥਾਂ ਪੱਖੋਂ ਇਹ ਗੱਲ ਬੇਥਵ੍ਹੀ ਹੈ। ਅਸਲ ਵਿਚ ਹੱਟੀ ਸ਼ਬਦ ਪੰਜਾਬੀ ਤੇ ਕੁਝ ਉਤਰ-ਪੱਛਮੀ ਭਾਰਤੀ ਬੋਲੀਆਂ ਵਿਚ ਹੀ ਪ੍ਰਚਲਿਤ ਹੈ, ਬਾਕੀਆਂ ਵਿਚ ਹੱਟ ਜਾਂ ਹਾਟ ਹੀ ਹੈ। ਹਾਂ, ਕਵਿਤਾ ਜਾਂ ਪੁਰਾਣੀ ਪੰਜਾਬੀ ਵਿਚ ਹੱਟ/ਹਾਟ ਸ਼ਬਦ ਚਲਦੇ ਹਨ, “ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰ ਕਰੀਵੇ॥” (ਗੁਰੂ ਰਾਮ ਦਾਸ); “ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ॥” (ਗੁਰੂ ਨਾਨਕ ਦੇਵ)।
ਦਿਲਚਸਪ ਗੱਲ ਹੈ ਕਿ ਮਹਾਨ ਕੋਸ਼ ਵਿਚ ਅੱਟ ਸ਼ਬਦ ਦਾ ਅਰਥ “ਅਟਾਰੀ, ਉਪਰਲੀ ਮੰਜ਼ਿਲ ਦਾ ਹਵਾਦਾਰ ਚੁਬਾਰਾ, ਦੇਖੋ ਅੰਗਰੇਜ਼ੀ ਅਟਟਚਿ” ਦਿੱਤਾ ਹੋਇਆ ਹੈ। ਭਾਵੇਂ ਅੱਟ ਦਾ ਅਰਥ ਅੰਗਰੇਜ਼ੀ ਐਟਿਕ ਜਿਹਾ ਹੀ ਹੈ ਪਰ ਨਿਰੁਕਤ-ਦ੍ਰਿਸ਼ਟੀ ਤੋਂ ਦੋਵਾਂ ਸ਼ਬਦਾਂ ਵਿਚਕਾਰ ਕੋਈ ਸੁਜਾਤੀ ਸਾਂਝ ਨਹੀਂ, ਇਥੇ ਧੁਨੀ ਸਮਾਨਤਾ ਤੇ ਅਰਥ ਸਮਾਨਤਾ ਭੁਲੇਖਾ ਪਾ ਰਹੀ ਹੈ। ਅੰਗਰੇਜ਼ੀ ਐਟਿਕ ਲਾਤੀਨੀ ਥਾਣੀਂ ਗਰੀਕ ਤੋਂ ਆਇਆ ਹੈ। ਪ੍ਰਾਚੀਨ ਗਰੀਸ ਵਿਚ ਇਥੋਂ ਦੇ ਸ਼ਹਿਰ ਏਥਨਜ਼ ਦੇ ਆਲੇ-ਦੁਆਲੇ ਐਟਿਕ ਵਾਲੀਆਂ ਇਮਾਰਤਾਂ ਬਣਾਈਆਂ ਜਾਂਦੀਆਂ ਸਨ। ਐਟਿਕ ਸ਼ਬਦ ਏਥਨਜ਼ ਨਾਲ ਸਬੰਧ ਰੱਖਦਾ ਹੈ। ਪ੍ਰਾਚੀਨ ਲਾਤੀਨੀ ਵਿਚ ਅਟਟਕੋਸ ਦਾ ਮਤਲਬ ਏਥਨਜ਼ ਸਬੰਧੀ ਹੁੰਦਾ ਹੈ। ਹੱਟ ਸ਼ਬਦ ਕੁਝ ਸਥਾਨ ਨਾਂਵਾਂ ਵਿਚ ਵੀ ਆਇਆ ਹੈ ਜਿਵੇਂ ਅਸਾਮ ਦੇ ਸ਼ਹਿਰ ਗੁਹਾਟੀ ਵਿਚ। ਇਸ ਦਾ ਅਸਲੀ ਨਾਂ ਗੁਵਾਹਾਟੀ ਹੈ ਜਿਸ ਦਾ ਮਤਲਬ ਬਣਦਾ ਹੈ, ਗੁਵਾ ਦੀ ਹੱਟੀ। ਅਸਾਮੀ ਭਾਸ਼ਾ ਵਿਚ ਗੁਵਾ ਸਪਾਰੀ ਨੂੰ ਆਖਿਆ ਜਾਂਦਾ ਹੈ। ਅਸਾਮ ਵਿਚ ਸੁਪਾਰੀ ਬਹੁਤ ਹੁੰਦੀ ਹੈ। ਆਸਾਮ ਦਾ ਹੀ ਸ਼ਹਿਰ ਜੋਰਹਟ ਹੈ ਜਿਸ ਵਿਚ ਹਟ ਬੋਲਦਾ ਹੈ। ਇਹ ਬੋਗਦੋਈ ਨਦੀ ਦੇ ਦੋਨਾਂ ਕਿਨਾਰਿਆਂ ਤੇ ਸਥਿਤ ਦੋ “ਹੱਟਾਂ” ਮਚਰਹੱਟ ਅਤੇ ਚੌਕੀਹੱਟ ਦਾ (ਜੋਰ) ਜੋੜ ਹੈ। ਸੋਲਨ ਲਾਗੇ ਇਕ ਕਸਬੇ ਦਾ ਨਾਂ ਕੁਮਾਰਹੱਟੀ ਹੈ। ਐਮæਡੀæਐਚæ ਮਸਾਲੇ ਦਾ ਨਾਂ ਤਾਂ ਸਭ ਨੇ ਸੁਣਿਆ ਹੋਵੇਗਾ। ਕਈਆਂ ਨੇ ਇਹ ਮਸਾਲੇ ਚਖੇ ਵੀ ਹੋਣਗੇ। ਇਸ ਸੰਖੇਪ ਸ਼ਬਦ ਦਾ ਪੂਰਾ ਰੂਪ ਹੈ ਮਹਾਸ਼ਿਆਂ ਦੀ ਹੱਟੀ। ਮਹਾਸ਼ੇ ਚੂਨੀ ਲਾਲ ਨੇ ਇਹ ਕੰਪਨੀ 1919 ਵਿਚ ਸਿਆਲਕੋਟ ਤੋਂ ਸ਼ੁਰੂ ਕੀਤੀ ਸੀ।
ਸੰਸਕ੍ਰਿਤ ਵਿਚ ਅੱਟ ਸ਼ਬਦ ਦੇ ਹੱਟ ਵਾਲੇ ਹੀ ਅਰਥ ਹਨ- ਦੁਕਾਨ, ਮੰਡੀ, ਬਾਜ਼ਾਰ ਆਦਿ, ਯਾਨਿ ਜਿਥੇ ਉਰਾ-ਪਰਾ ਵਿਕਦਾ ਤੇ ਖਰੀਦਿਆ ਜਾਂਦਾ ਹੈ। ਅੱਟ ਦੇ ਮੁਢਲੇ ਅਰਥ ਉਚਾ ਹੋਣ ਤੋਂ ਹੀ ਇਸ ਦਾ ਇਕ ਅਰਥ ਹੈ ਸਿਖਰਲੀ ਛੱਤ ਤੇ ਬਣਿਆ ਕਮਰਾ, ਚੁਬਾਰਾ ਆਦਿ। ਅਸੀਂ ਇਸ ਨੂੰ ਰੌਂਟੀ ਵੀ ਕਹਿੰਦੇ ਹਾਂ ਪਰ ਬਹੁਤ ਪ੍ਰਚਲਿਤ ਸ਼ਬਦ ਹੈ ਅਟਾਰੀ। ਗੱਲ ਇਥੇ ਲਿਆਉਣੀ ਸੀ ਕਿ ਇਹ ਅਟਾਰੀ ਸ਼ਬਦ ਵੀ ਇਸੇ ਧਾਤੂ ਤੋਂ ਬਣਿਆ ਹੈ ਕਿਉਂਕਿ ਇਹ ਉਚਾਈ ਵਾਲੀ ਹੁੰਦੀ ਹੈ। ਇਸ ਸ਼ਬਦ ਦਾ ਪੂਰਬਲਾ ਰੂਪ ਅਟਾਲਿਕਾ ਹੈ ਜੋ ਅੱਗੋਂ ਅਟਾਲਿਆ ਤੋਂ ਬਣਿਆ ਹੈ। ‘ਆਲਿਆ’ ਦਾ ਅਰਥ ਹੁੰਦਾ ਹੈ ਆਸਰਾ, ਨਿਵਾਸ, ਰਿਹਾਇਸ਼। ਅਮੀਰਾਂ ਮਹਾਰਾਜਿਆਂ ਦੀ ਰਿਹਾਇਸ਼ ਲੰਮੀ ਚੌੜੀ ਹੁੰਦੀ ਸੀ ਇਸ ਲਈ ਅਟਾਰੀ ਦਾ ਅਰਥ ਮਹੱਲ, ਮਾੜੀ, ਬੁਰਜ, ਮੀਨਾਰ ਆਦਿ ਵੀ ਹੈ। ਸਰਹੱਦੀ ਕਸਬਾ ਅਟਾਰੀ ਵੀ ਇਥੇ ਥਾਂ ਸਿਰ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਇਸ ਪਿੰਡ ਦੇ ਇਕ ਮਹਾਨ ਜੋਧੇ ਸ਼ਾਮ ਸਿੰਘ ਨੇ ਸਭਰਾਵਾਂ ਦੀ ਲੜਾਈ ਵਿਚ ਸ਼ਹੀਦੀ ਪਾਈ ਸੀ। ਇਸ ਦੀ ਸਪੁਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਸਿੰਘ ਨਾਲ ਹੋਈ ਸੀ।
ਅੱਟ ਧਾਤੂ ਵਿਚ ਉਚਾਈ, ਬੁਲੰਦੀ ਦੇ ਭਾਵ ਹੋਣ ਕਾਰਨ ਇਸ ਤੋਂ ਇਕ ਹੋਰ ਸ਼ਬਦ ਬਣਿਆ ਹੈ ਜਿਸ ਦਾ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ। ਚਲੋ ਬੁਝਾਰਤ ਕੀ ਰੱਖਣੀ ਹੈ, ਸ਼ਬਦ ਹੈ ਅਟਾਲ, ਜਿਸ ਨੂੰ ਅਸੀਂ ਬੋਲਚਾਲ ਵਿਚ ਟਾਲ ਆਖ ਦਿੰਦੇ ਹਾਂ। ਅਟਾਲ ਆਪਣੇ ਤੌਰ ‘ਤੇ ਉਕਤ ਅਟਾਲਿਆ ਦਾ ਹੀ ਬਦਲਿਆ ਰੁਪਾਂਤਰ ਹੈ। ਲੱਕੜੀਆਂ ਦਾ ਟਾਲ ਕਿਸ ਨੇ ਨਹੀਂ ਦੇਖਿਆ ਤੇ ਅਨੁਭਵ ਕੀਤਾ ਹੋਵੇਗਾ ਕਿ ਇਹ ਲੱਕੜੀ ਦੇ ਭਾਂਤ-ਸੁਭਾਂਤੇ ਟੁਕੜਿਆਂ ਦਾ ਇਕ ਲੰਬਾ ਚੌੜਾ ਅਤੇ ਉਚਾ ਅੰਬਾਰ ਹੀ ਹੁੰਦਾ ਹੈ। ਲੱਕੜੀ ਸਾਡੇ ਜੀਵਨ ਦੀ ਅਹਿਮ ਲੋੜ ਹੁੰਦੀ ਹੈ, ਮਰਨ ਸਮੇਂ ਤਾਂ ਇਸ ਦੀ ਲੋੜ ਜੀਵਨ ਨਾਲੋਂ ਵੀ ਵੱਧ ਹੁੰਦੀ ਹੈ। ਅਟਾਲ ਨਾਂ ਦੇ ਕੁਝ ਪਿੰਡ ਵੀ ਹਨ ਜਿਵੇਂ ਅਟਾਲ ਮਾਜਰਾ। ਮੇਰੇ ਪਿੰਡ ਦੇ ਲਾਗੇ ਇਕ ਪਿੰਡ ਦਾ ਨਾਂ ਹੈ ਅੱਟਾ। ਪਿੰਡ ਦੇ ਵਸਨੀਕ ਦੱਸਦੇ ਹਨ ਕਿ ਇਥੇ ਕਿਸੇ ਵੇਲੇ ਲੱਕੜਾਂ ਦਾ ਭਾਰੀ ਟਾਲ ਹੁੰਦਾ ਸੀ। ਇਥੋਂ ਦੇ ਕੁਝ ਲੋਕਾਂ ਨੇ ਅੱਟਾ ਪਿੰਡ ਛੱਡ ਕੇ ਜੂਹ ਤੋਂ ਥੋੜ੍ਹਾ ਪਰਾਂਹ ਜ਼ਮੀਨ ਲੈ ਲਈ ਤੇ ਪੱਕਾ ਬਸੇਰਾ ਬਣਾ ਲਿਆ। ਇਹ ਰਿਹਾਇਸ਼ੀ ਥਾਂ ਮੁਢਲੇ ਅੱਟੇ ਨਾਲੋਂ ਛੋਟੀ ਹੋਣ ਕਰਕੇ ਅੱਟੀ ਕਹਾਈ। ਕਈ ਨਵੇਂ ਵਸੇ ਪਿੰਡਾਂ ਦੇ ਨਾਂ ਇਸੇ ਤਰ੍ਹਾਂ ਪੈਂਦੇ ਹਨ। ਪਾਸਲਾ ਦੇ ਨਾਲ ਇਕ ਪਾਸਲੀ ਵੀ ਹੈ। ਪੰਜਾਬ ਵਿਚ ਅੱਟਾ ਨਾਂ ਦੇ ਦਰਜਨਾਂ ਪਿੰਡ ਹਨ।
ਆਪਟੇ ਦੇ ਸੰਸਕ੍ਰਿਤ ਕੋਸ਼ ਵਿਚ ਅੱਟ ਧਾਤੂ ਦਾ ਇਕ ਅਰਥ ਵਸਤੂ ਜਾਂ ਇਮਾਰਤ ਦੀ ਉਚਾਈ ਦੇ ਨਾਲ ਨਾਲ ਆਵਾਜ਼ ਦੀ ਉਚਾਈ ਵੀ ਦੱਸਿਆ ਗਿਆ ਹੈ। ਕੋਸ਼ ਵਿਚ ਇਸ ਤੋਂ ਬਣੇ ਇਕ ਸ਼ਬਦ ‘ਅੱਟਹਾਸ’ ਦਾ ਵੀ ਉਲੇਖ ਹੈ ਜਿਸ ਦਾ ਅਰਥ ਬਹੁਤ ਉਚਾ ਹਾਸਾ ਦੱਸਿਆ ਗਿਆ ਹੈ। ਇਸ ਨੂੰ ਅਸੀਂ ਪੰਜਾਬੀ ਵਿਚ ਠਹਾਕਾ ਕਹਿ ਸਕਦੇ ਹਾਂ। ਮਲੂਮ ਹੁੰਦਾ ਹੈ ਕਿ ਠਹਾਕਾ ਸ਼ਬਦ ਇਸ ਅੱਟਹਾਸ ਦਾ ਹੀ ਵਿਉਤਪਤ ਰੂਪ ਹੈ। ਅਜੀਤ ਵਡਨੇਰਕਰ ਅਨੁਸਾਰ ਇਸ ਦਾ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਹੋਵੇਗਾ : ਅੱਟਹਾਸ> ਅਠਹਾਸ> ਠਹਾਸ> ਠਹਾਕ> ਠਹਾਕਾ। ਆਪਟੇ ਅਨੁਸਾਰ ਹੜਤਾਲ ਸ਼ਬਦ ਵਿਚ ਵੀ ਹੱਟ ਬੋਲਦਾ ਹੈ। ਹੜਤਾਲ ਦਾ ਮੁਢਲਾ ਅਰਥ ਰੋਸ ਆਦਿ ਵਜੋਂ ਹੱਟੀਆਂ ਬੰਦ ਕਰਨਾ ਹੁੰਦਾ ਸੀ। ਸੋ, ਇਸ ਦਾ ਮੁਢਲਾ ਰੂਪ ਹਟਤਾਲ (ਹੱਟੀਆਂ ਨੂੰ ਤਾਲਾ) ਹੋਵੇਗਾ। ਟਰਨਰ ਨੇ ਚਹੁਟੇ (= ਚਾਰ ਹੱਟੀਆਂ) ਸ਼ਬਦ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਚਹੁਟਾ ਇਕ ਤਰ੍ਹਾਂ ਮਾਰਕਿਟ ਹੋਇਆ ਜਿਸ ਨੂੰ ਅਜੋਕੀ ਭਾਸ਼ਾ ਵਿਚ ਪਲਾਜ਼ਾ ਵੀ ਕਿਹਾ ਜਾਂਦਾ ਹੈ। ਸ਼ਾਇਦ ‘ਚਹੁੰਟੇ ਚੁੱਕਣਾ’ ਮੁਹਾਵਰਾ ਇਥੋਂ ਬਣਿਆ ਅਰਥਾਤ ਹੱਟੀਆਂ ਦੇ ਦਰਵਾਜ਼ੇ ਬੰਦ ਕਰਵਾਉਣੇ। ਇਹ ਸਮੂਹਕ ਕਾਰਵਾਈ ਵੀ ਕਿਸੇ ਰੋਸ ਵਜੋਂ ਹੀ ਕੀਤੀ ਜਾਂਦੀ ਸੀ।
Leave a Reply