ਬੰਦੇ ਕਰਮ ਤੋਂ ਪਛਾਣਿਆ ਕਰ ਬੰਦਿਆ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਜਦ ਪਤਾ ਲੱਗਾ ਕਿ ਸੰਪੂਰਨ ਸਿੰਘ ਇਸ ਦੁਨੀਆਂ ਤੋਂ ਚਲਿਆ ਗਿਆ ਹੈ, ਮੇਰੀਆਂ ਅੱਖਾਂ ਸੁੱਕੇ ਅੰਬਰੀਂ ਮੀਂਹ ਵਾਂਗ ਵਗ ਤੁਰੀਆਂ। ਉਹ ਮੇਰਾ ਕੋਈ ਸਕਾ ਚਾਚਾ-ਤਾਇਆ ਭਾਵੇਂ ਨਹੀਂ ਸੀ, ਪਰ ਇਨਸਾਨੀਅਤ ਦੇ ਤੌਰ ‘ਤੇ ਉਸ ਦੇ ਜੀਵਨ ‘ਤੇ ਝਾਤ ਮਾਰਦਿਆਂ ਮਨ ਬੇਕਾਬੂ ਹੋ ਗਿਆ। ਸੰਪੂਰਨ ਸਿੰਘ ਵਰਗੇ ਬੰਦੇ ਘੱਟ ਹੀ ਜਹਾਨ ‘ਤੇ ਮਿਲਦੇ ਨੇ। ਉਹਨੂੰ ਬੇਸ਼ੱਕ ਆਪਣਾ ਬਚਪਨ ਜ਼ਾਲਮ ਤਾਈ ਹੇਠ ਬਿਤਾਉਣਾ ਪਿਆ ਸੀ, ਪਰ ਜਵਾਨੀ ਵਿਚ ਪੈਰ ਰੱਖਦਿਆਂ ਹੀ ਉਹ ਆਪਣੇ ਪੈਰੀਂ ਖੜ੍ਹਾ ਹੋ ਗਿਆ ਸੀ।
ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹਦੀ ਮਾਂ ਉਹਨੂੰ ਜਨਮ ਦੇਣ ਤੋਂ ਬਾਅਦ ਰੱਬ ਨੂੰ ਪਿਆਰੀ ਹੋ ਗਈ। ਮਾਂ ਦੇ ਹਿੱਸੇ ਦੀਆਂ ਲੋਰੀਆਂ ਪਿਉ ਨੇ ਦਿੱਤੀਆਂ। ਪਿਉ ਆਪਣੇ ਭਰਾ ਨਾਲ ਖੇਤੀਂ ਕੰਮ ਵੀ ਕਰਵਾਉਂਦਾ, ਤੇ ਉਹਨੂੰ ਵੀ ਸਾਂਭਦਾ। ਤਾਈ ਦੇ ਆਪਣੇ ਚਾਰ ਧੀਆਂ ਸਨ, ਪੁੱਤ ਕੋਈ ਨਾ ਹੋਇਆ। ਫਿਰ ਵੀ ਉਹਨੇ ਸੰਪੂਰਨ ਸਿੰਘ ਨੂੰ ਹਿੱਕ ਨਾਲ ਨਹੀਂ ਲਾਇਆ। ਉਹ ਵਾਹਣਾਂ ਵਿਚ ਹੀ ਖੇਡਦਾ ਵੱਡਾ ਹੋਇਆ ਸੀ। ਉਹਨੂੰ ਪੜ੍ਹਨੇ ਨਹੀਂ ਪਾਇਆ ਗਿਆ, ਸਗੋਂ ਪਿਉ ਵਾਂਗ ਹਲ ਦੀ ਹੱਥੀ ਫੜਾ ਦਿੱਤੀ ਗਈ। ਉਸ ‘ਤੇ ਜਵਾਨੀ ਨਿਖਰ ਕੇ ਆਈ। ਤਾਏ ਦੀਆਂ ਧੀਆਂ ਦਾ ਤਾਂ ਉਹ ਸੋਹਣਾ ਵੀਰਾ ਸੀ, ਪਰ ਤਾਈ ਦੀ ਅੱਖ ਵਿਚ ਰੜਕਦਾ ਰਹਿੰਦਾ ਸੀ। ਥੋੜ੍ਹੇ ਚਿਰ ਪਿਛੋਂ ਉਹਦਾ ਪਿਉ ਵੀ ਸਦਾ ਲਈ ਤੁਰ ਗਿਆ। ਜਿਹੜੀ ਤਿੰਨ ਕਿੱਲੇ ਜ਼ਮੀਨ ਸੀ, ਉਹ ਸੰਪੂਰਨ ਸਿੰਘ ਦੇ ਨਾਂ ਚੜ੍ਹ ਗਈ। ਤਾਈ ਦੇ ਜ਼ੁਲਮ ਤੋਂ ਬਚਣ ਲਈ ਉਹਨੇ ਆਪਣਾ ਰੋਟੀ-ਟੁੱਕ ਵੱਖ ਕਰ ਲਿਆ। ਜ਼ਮੀਨ ਮਾਮਲੇ ‘ਤੇ ਦੇ ਦਿੱਤੀ, ਤੇ ਆਪ ਲੋਕ ਭਲਾਈ ਦੇ ਕੰਮਾਂ ਵਿਚ ਦਿਨ ਬਤੀਤ ਕਰ ਦਿੰਦਾ। ਉਹਨੂੰ ਦੇਖ ਕੇ ਮਹਿਸੂਸ ਹੁੰਦਾ ਸੀ ਕਿ ਉਹ ਨਿਰਾ ਰੱਬ ਦਾ ਭਗਤ ਹੈ। ਜੇ ਉਹ ਗਲੀ ਵਿਚ ਜਾ ਰਿਹਾ ਹੁੰਦਾ ਤਾਂ ਪਿਛਿਓਂ ਆਵਾਜ਼ ਆਉਂਦੀ, “ਵੇ ਸੰਪੂਰਨਾ! ਪੁੱਤ ਗੱਲ ਸੁਣੀਂæææ ਆਹ ਰੋਟੀ ਆਪਣੇ ਚਾਚੇ ਨੂੰ ਖੇਤ ਫੜਾ ਦੇ, ਘਰ ਕੋਈ ਨਹੀਂ, ਤੇ ਮੱਝ ਸੂਣ ਵਾਲੀ ਐ। ਜਾਹ ਮੇਰਾ ਪੁੱਤ ਸ਼ੇਰ ਬਣ ਕੇ ਜਾਈਂ।” ਸ਼ਰੀਕੇ ਵਿਚੋਂ ਲਗਦੀ ਕੋਈ ਚਾਚੀ ਬੋਲਦੀ। ਸੰਪੂਰਨ ਸਿੰਘ ਝੱਟ ਰੋਟੀ ਫੜਦਾ ਤੇ ਡਾਕੀਏ ਵਾਂਗ ਖੇਤ ਜਾ ਖੜ੍ਹਦਾ। ਫਿਰ ਖੇਤ ਗਿਆ, ਉਥੇ ਹੀ ਕੰਮ ਕਰਵਾਉਣ ਲੱਗ ਪੈਂਦਾ।
ਉਨ੍ਹਾਂ ਦਿਨਾਂ ਵਿਚ ਸਾਈਕਲ ਦੀ ਬਹੁਤ ਚੜ੍ਹਾਈ ਹੁੰਦੀ ਸੀ। ਸਭ ਤੋਂ ਪਹਿਲਾਂ ਉਸ ਨੇ ਸਾਈਕਲ ਖਰੀਦਿਆ। ਉਂਜ ਉਹਦੀ ਇਕ ਗੱਲ ਪੱਕੀ ਸੀ ਕਿ ਉਹ ਆਪਣਾ ਸਾਈਕਲ ਕਿਸੇ ਨੂੰ ਨਹੀਂ ਸੀ ਫੜਾਉਂਦਾ। ਜੇ ਕਿਸੇ ਨੂੰ ਸਾਈਕਲ ਦੀ ਜ਼ਰੂਰਤ ਹੁੰਦੀ ਤਾਂ ਅੱਗਿਉਂ ਪੁੱਛਦਾ, “ਕਿੱਥੇ ਜਾਣਾ?” ਅਗਲਾ ਜਵਾਬ ਦਿੰਦਾ, “ਯਾਰ ਜਗਰਾਉਂ ਜਾਣਾ ਸੀ ਆੜ੍ਹਤੀਏ ਤੋਂ ਪੈਸੇ ਲੈਣ।” ਉਹ ਕਹਿੰਦਾ, “ਬੈਠ ਸਾਈਕਲ ਪਿੱਛੇ, ਆਪਾਂ ਹੁਣੇ ਚੱਲਦੇ ਆਂ।” ਅਗਲੇ ਨੂੰ ਖਿੱਚ ਕੇ ਜਗਰਾਉਂ ਲੈ ਜਾਂਦਾ। ਉਹਦੀ ਇਸ ਲੋਕ ਸੇਵਾ ਨੂੰ ਲੋਕ ਮੂਰਖਤਾ ਦਾ ਖਿਤਾਬ ਦਿੰਦੇ। ਇਕ ਵਾਰ ਨਕਲੀਆਂ ਦੀ ਬੁੜ੍ਹੀ ਕਹਿੰਦੀ, “ਵੇ ਪੁੱਤ ਸੰਪੂਰਨਾ, ਆਹ ਆਪਣੀ ਭੈਣ ਨੂੰ ਸੁਧਾਰ ਪ੍ਰੇਮਜੀਤ ਹਸਪਤਾਲ ਦਿਖਾ ਲਿਆ। ਬੱਚਾ ਹੋਣ ਵਾਲਾ। ਮੈਂ ਸੂਏ-ਸੂਏ ਤੁਰ ਕੇ ਆਉਂਦੀ ਆਂ।” ਸੰਪੂਰਨ ਸਿੰਘ ਨੇ ਸਾਈਕਲ ਦੇ ਪਿੱਛੇ ਖੇਸੀ ਦੀ ਤਹਿ ਲਾ ਕੇ ਕੁੜੀ ਨੂੰ ਬਿਠਾ ਲਿਆ ਤੇ ਸਾਈਕਲ ਤੋਰ ਦਿੱਤਾ। ਵਾਟ ਤਾਂ ਜ਼ਿਆਦਾ ਨਹੀਂ ਸੀ, ਪਰ ਸੁਧਾਰ ਪਹੁੰਚਣ ਤੋਂ ਪਹਿਲਾਂ ਹੀ ਕੁੜੀ ਨੂੰ ਦਰਦਾਂ ਉਠ ਖੜ੍ਹੀਆਂ। ਉਹ ਸਾਈਕਲ ਤੋਂ ਉਤਰ ਕੇ ਪਟੜੀ ‘ਤੇ ਸੱਪ ਵਾਂਗ ਮੇਹਲਣ ਲੱਗ ਪਈ। ਸੰਪੂਰਨ ਸਿੰਘ ਇਸ ਕਾਰਜ ਤੋਂ ਅਣਜਾਣ ਸੀ। ਰੱਬ ਦੀ ਮਿਹਰ, ਉਹਨੂੰ ਕਪਾਹ ਚੁਗਦੀਆਂ ਜਨਾਨੀਆਂ ਦਿਖਾਈ ਦਿੱਤੀਆਂ। ਉਹ ਉਨ੍ਹਾਂ ਨੂੰ ਸੱਦ ਲਿਆਇਆ। ਜਨਾਨੀਆਂ ਨੇ ਪਰਦਾ ਕਰ ਕੇ ਨਿਆਣਾ ਪਟੜੀ ‘ਤੇ ਹੀ ਜਮਾ ਲਿਆ।
ਉਦੋਂ ਤੱਕ ਕੁੜੀ ਦੀ ਮਾਂ ਪਹੁੰਚ ਗਈ। ਉਹ ਦੋਹਤਾ ਦੇਖ ਕੇ ਖੁਸ਼ੀ ਵਿਚ ਖੀਵੀ ਹੋ ਹੋ ਜਾਵੇ। ਸਾਰੀਆਂ ਜਨਾਨੀਆਂ ਨੇ ਇਕੱਠੀਆਂ ਹੋ ਕੇ ਕੁੜੀ ਦੀ ਦੇਖ-ਭਾਲ ਕੀਤੀ। ਖੇਤ ਵਾਲਾ ਕਿਸਾਨ ਆਪਣੀ ਰੇੜ੍ਹੀ ਜੋੜ ਕੇ ਕੁੜੀ ਤੇ ਮਾਂ ਨੂੰ ਘਰ ਉਤਾਰ ਗਿਆ। ਸੰਪੂਰਨ ਸਿੰਘ ਵੀ ਪਿੰਡ ਪਹੁੰਚ ਗਿਆ। ਬੁੜ੍ਹੀ ਉਹਨੂੰ ਕਹਿੰਦੀ, “ਸਾਈਕਲ ਹੌਲੀ ਚਲਾਇਆ ਕਰ, ਜੇ ਮੇਰੀ ਕੁੜੀ ਦੀ ਜਾਨ ਨਿਕਲ ਜਾਂਦੀ, ਕੌਣ ਜ਼ਿੰਮੇਵਾਰ ਸੀ ਫਿਰ? ਇਹ ਤਾਂ ਸ਼ੁਕਰ ਕਿ ਉਥੇ ਤੀਵੀਆਂ ਕਪਾਹ ਚੁਗਦੀਆਂ ਸੀ, ਉਨ੍ਹਾਂ ਨੇ ਕੁੜੀ ਸਾਂਭ ਲਈ।” ਬੁੜ੍ਹੀ ਦੀਆਂ ਗੱਲਾਂ ਸੁਣ ਕੇ ਉਹਨੂੰ ਲੱਗਿਆ, ‘ਨੇਕੀ ਕਰ ਕੂਏਂ ਮੇਂ ਡਾਲ।’ ਫਿਰ ਉਹ ਕਦੇ ਉਸ ਬੁੜ੍ਹੀ ਦੇ ਕੰਮ ਨਾ ਆਇਆ। ਉਂਜ, ਸਿਰੜੀ ਪੱਕਾ ਸੀ। ਜੇ ਕੋਈ ਬੁੜ੍ਹੀ ਕਹਿੰਦੀ, ‘ਵੇ ਸੰਪੂਰਨਾ, ਜਾਹ ਆਪਣੀ ਭੈਣ ਨੂੰ ਸੁਧਾਰੋਂ ਦਵਾਈ ਦਿਵਾ ਲਿਆ’, ਤਾਂ ਅੱਗਿਉਂ ਸੰਪੂਰਨ ਸਿੰਘ ਪੁੱਛ ਲੈਂਦਾ, ‘ਤਾਈ ਨਿੱਕਾ ਨਿਆਣਾ ਤਾਂ ਨਹੀਂ ਹੋਣ ਵਾਲਾ।’ ਅੱਗਿਉਂ ਬੁੜ੍ਹੀ ਵਿਚਕਾਰਲਾ ਜਿਹਾ ਮੂੰਹ ਬਣਾ ਲੈਂਦੀ, ਨਾ ਹਾਸਾ ਤੇ ਨਾ ਗੁੱਸਾ।
ਕਈ ਸੰਪੂਰਨ ਸਿੰਘ ਦੀਆਂ ਭਾਬੀਆਂ ਦੀ ਥਾਂ ਲੱਗਦੀਆਂ ਉਹਨੂੰ ਗੱਲਾਂ ਦਾ ਕੜਾਹ ਬਣਾ ਦਿੰਦੀਆਂ। ਕੋਈ ਕਹਿੰਦੀ, ‘ਮੇਰੀ ਭੈਣ ਐ।’ ਕੋਈ ਆਖਦੀ, ‘ਮਾਮੇ ਦੀ ਧੀ ਐ’æææ ਤੇ ਕੋਈ ਭੂਆ ਦੀ ਧੀ ਦੀ ਦੱਸ ਪਾਉਂਦੀ, ਪਰ ਸਾਰੇ ਪਿੰਡ ਨੇ ਉਸ ਤੋਂ ਆਪਣੇ ਕੰਮ ਤਾਂ ਕਰਵਾ ਲਏ ਪਰ ਉਹਨੂੰ ਰਿਸ਼ਤਾ ਨਹੀਂ ਕਰਵਾਇਆ।
ਮੱਕੀ ਖਾਣੇ ਦੇਬੂ ਦੀ ਘਰ ਵਾਲੀ ਨੂੰ ਦੋ ਵਾਰੀ ਨਿਆਣੇ ਹੋਏ, ਹੋਣ ਸਾਰ ਹੀ ਮਰ ਜਾਂਦੇ ਰਹੇ। ਤੀਜੇ ਨਿਆਣੇ ਵਾਰੀ ਮੁੰਡ੍ਹੀਰ ਨੇ ਟਿੱਚਰ ਕੀਤੀ, ‘ਦੇਖ ਬਾਈ ਦੇਬੂ! ਔਲਾਦ ਨਾਲੋਂ ਕਿਹੜੀ ਚੀਜ਼ ਚੰਗੀ ਐ, ਤੂੰ ਸੰਪੂਰਨ ਸਿੰਘ ਦੀ ਮਿੰਨਤ ਕਰ ਲੈ। ਜਦੋਂ ਐਤਕੀਂ ਭਰਜਾਈ ਨੂੰ ਨਿਆਣਾ ਹੋਣ ਵਾਲਾ ਹੋਊ, ਤਾਂ ਸੰਪੂਰਨ ਸਿੰਘ ਦੇ ਸਾਈਕਲ ‘ਤੇ ਬਿਠਾ ਕੇ ਸੁਧਾਰ ਨੂੰ ਤੋਰ ਦੇਈਂ। ਦੇਖੀਂ ਬਾਈ ਸੀਂਖ ਦੀ ਪੁਲੀ ਨ੍ਹੀਂ ਟੱਪਣ ਦਿੰਦਾ, ਝੱਟ ਨਿਆਣਾ ਹੋ ਜਾਊ।’
ਦੇਬੂ ਨਾ ਗੁੱਸੇ ਹੋਇਆ, ਨਾ ਹੱਸਿਆ। ਉਹਨੇ ਵੀ ਸੰਪੂਰਨ ਸਿੰਘ ਨੂੰ ਪੁੱਛ ਲਿਆ। ਸੰਪੂਰਨ ਸਿੰਘ ਪਹਿਲਾਂ ਤਾਂ ਮੰਨਿਆ ਨਹੀਂ, ਫਿਰ ਤਿਆਰ ਹੋ ਗਿਆ। ਦੇਬੂ ਦੀ ਘਰ ਵਾਲੀ ਨੂੰ ਬਿਠਾ ਕੇ ਉਹ ਤੁਰ ਪਿਆ, ਸੁਧਾਰ ਪਹੁੰਚ ਗਏ, ਤੇ ਉਥੇ ਜਾ ਕੇ ਮੁੰਡਾ ਹੋ ਗਿਆ। ਦੇਬੂ ਤਾਂ ਸੰਪੂਰਨ ਸਿੰਘ ਦਾ ਸਾਈਕਲ ਚੁੰਮਦਾ ਫਿਰੇ, ਅਖੇæææ ਇਹਦੇ ਵਿਚ ਹੀ ਕੋਈ ਕਰਾਮਾਤ ਐ।
ਸੰਪੂਰਨ ਸਿੰਘ ਇੱਜ਼ਤ ਪੱਖੋਂ ਪੂਰਾ ਕੱਟੜ ਸੀ। ਸਾਰੀ ਉਮਰ ਉਸ ਦਾ ਕੋਈ ਉਲਾਂਭਾ ਨਹੀਂ ਸੀ ਮਿਲਿਆ। ਉਹਨੇ ਕਦੇ ਕਿਸੇ ਤੋਂ ਰੁਪਏ ਨਹੀਂ ਲਿਆ ਸੀ, ਨਾ ਕਿਸੇ ਤੋਂ ਕੁਝ ਹੋਰ। ਜ਼ਮੀਨ ਦਾ ਮਾਮਲਾ ਜੋੜ ਕੇ ਉਹਨੇ ਘਰ ਵਧੀਆ ਬਣਾ ਲਿਆ। ਘਰ-ਬਾਰ ਬਣਿਆ ਦੇਖ ਦੇਬੂ ਦੀ ਘਰ ਵਾਲੀ ਕਹਿੰਦੀ, “ਮੈਂ ਤਾਂ ਕਹਿੰਦੀ ਆਂ ਮੇਰੇ ਨਾਲੋਂ ਛੋਟੀ ਸ਼ਿੰਦੀ ਦਾ ਰਿਸ਼ਤਾ ਸੰਪੂਰਨ ਸਿੰਘ ਨੂੰ ਕਰਵਾ ਦਿੰਨੇ ਆਂ। ਨਾ ਕੋਈ ਨਸ਼ਾ-ਪੱਤਾ, ਨਾ ਕੋਈ ਐਬ। ਸ਼ਿੰਦੀ ਮੌਜ ਕਰੂਗੀ।” ਅੱਗਿਉਂ ਦੇਬੂ ਮਤਲਬੀ ਯਾਰ ਕਹਿੰਦਾ, “ਤੂੰ ਪਾਗਲ ਤਾਂ ਨਹੀਂ ਹੋ ਗਈ। ਸ਼ਿੰਦੀ ਘਰੇ ਉਡੀਕਿਆ ਕਰੂ, ਤੇ ਇਹ ਕਿਸੇ ਦੀ ਮੱਝ ਵਿਕਾਉਣ ਮੰਡੀ ਤੁਰਿਆ ਫਿਰੂ।”
“ਨਹੀਂ ਜੀ, ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਬੰਦੇ ਦੇ ਘਰ ਜਨਾਨੀ ਹੁੰਦੀ ਹੈ, ਫਿਰ ਉਹ ਬਾਹਰ ਨੂੰ ਤੁਰਿਆ ਨਹੀਂ ਰਹਿੰਦਾ, ਸਗੋਂ ਆਪਣੇ ਘਰ-ਗ੍ਰਹਿਸਥੀ ਜੀਵਨ ਵਿਚ ਢਲ ਜਾਂਦਾ ਹੈ।” ਦੇਬੂ ਦੀ ਘਰ ਵਾਲੀ ਸਿਆਣਾ ਉਤਰ ਦੇ ਗਈ, ਪਰ ਦੇਬੂ ਫਿਰ ਵੀ ਨਾ ਮੰਨਿਆ। ਸੰਪੂਰਨ ਸਿੰਘ ਦਾ ਤਾਇਆ ਵੀ ਜਹਾਨੋਂ ਚਲਿਆ ਗਿਆ। ਤਾਈ ਦੀ ਅੱਖਾਂ ਦੀ ਰੋਸ਼ਨੀ ਤਾਂ ਚਲੀ ਗਈ, ਪਰ ਆਕੜ ਵਾਲਾ ਵੱਟ ਨਾ ਮਰਿਆ। ਉਹਨੇ ਸੰਪੂਰਨ ਸਿੰਘ ਨੂੰ ਇਕ ਦਿਨ ਵੀ ‘ਪੁੱਤ’ ਕਹਿ ਨਾ ਬੁਲਾਇਆ। ਉਹਦੀ ਉਮਰ ਵਧਦੀ ਗਈ, ਪਰ ਕਿਸੇ ਨੇ ਛੁਹਾਰਾ ਮੂੰਹ ਨਾ ਪਾਇਆ। ਉਹਨੇ ਆਪ ਵੀ ਕਿਸੇ ਨੂੰ ਰਿਸ਼ਤੇ ਬਾਰੇ ਨਹੀਂ ਕਿਹਾ। ਉਹ ਕਹਿ ਛੱਡਦਾ, ‘ਜੇ ਸਾਡੇ ਕਰਮਾਂ ਵਿਚ ਲਿਖੀ ਹੋਊ, ਤਾਂ ਜ਼ਰੂਰ ਮਿਲ ਜਾਊ’ ਪਰ ਸ਼ਾਇਦ ਨਹੀਂ ਸੀ ਲਿਖੀ।
ਕਹਿੰਦੇæææ ਇਕ ਵਾਰ ਹੜ੍ਹ ਆ ਗਏ। ਸਾਉਣੀ ਦੀ ਫਸਲ ਤਬਾਹ ਹੋ ਗਈ। ਜਿਸ ਬੰਦੇ ਨੇ ਸੰਪੂਰਨ ਸਿੰਘ ਦੀ ਜ਼ਮੀਨ ਮਾਮਲੇ ‘ਤੇ ਲਈ ਹੋਈ ਸੀ, ਉਹ ਕਹਿੰਦਾ ਕਿ ਸੰਪੂਰਨ ਸਿਆਂ! ਐਤਕੀਂ ਮੈਂ ਸਾਉਣ ਦਾ ਮਾਮਲਾ ਨਹੀਂ ਦੇਣਾ, ਸਾਰੀ ਫਸਲ ਤਾਂ ਤਬਾਹ ਹੋ ਗਈ ਐ। ਅੱਗਿਉਂ ਸੰਪੂਰਨ ਸਿੰਘ ਕਹਿੰਦਾ, “ਤਾਇਆ ਤੂੰ ਹਾੜ੍ਹੀ ਦਾ ਮਾਮਲਾ ਵੀ ਨਾ ਦੇਈਂ, ਸਾਰਾ ਸਾਲ ਤੈਨੂੰ ਮੁਆਫ਼।” ਉਹ ਬੰਦਾ ਸੰਪੂਰਨ ਸਿੰਘ ਦੇ ਪੈਰੀਂ ਹੱਥ ਲਾਉਣ ਲਈ ਅਹੁਲਿਆ ਤਾਂ ਸੰਪੂਰਨ ਸਿੰਘ ਨੇ ਉਸ ਦੀਆਂ ਬਾਹਾਂ ਫੜ ਲਈਆਂ, “ਤਾਇਆ, ਇਹ ਕੀ ਕਰਦਾਂ।” ਉਸ ਸਾਲ ਬਾਕੀ ਕਿਸੇ ਨੇ ਵੀ ਕਿਸੇ ਨੂੰ ਮਾਮਲਾ ਨਹੀਂ ਸੀ ਛੱਡਿਆ।
ਫਿਰ ਸੰਪੂਰਨ ਸਿੰਘ ਦੀ ਜ਼ਿੰਦਗੀ ਵਿਚ ਨਵਾਂ ਮੋੜ ਆ ਗਿਆ। ਜਦੋਂ ਸਿੱਖ ਕੌਮ ਆਪਣਾ ਤਿੰਨ ਸੌ ਸਾਲਾ ਖਾਲਸਾ ਸਾਜਨਾ ਦਿਵਸ ਮਨਾ ਰਹੀ ਸੀ, ਉਹਨੂੰ ਕਿਸੇ ਮਹਾਂਪੁਰਸ਼ ਨੇ ਕਿਹਾ ਕਿ ਅੱਜ ਦੇ ਦਿਨ ਖਾਲਸਾ ਸਾਜਿਆ ਸੀ, ਤੂੰ ਵੀ ਖਾਲਸਾ ਸਜ ਜਾ, ਗੁਰੂ ਵਾਲਾ ਬਣ ਜਾ, ਤੇਰਾ ਜੀਵਨ ਸਫ਼ਲਾ ਹੋ ਜਾਊ। ਸੰਪੂਰਨ ਸਿੰਘ ਦੇ ਗੱਲ ਖਾਨੇ ਪੈ ਗਈ, ਤੇ ਉਹ ਸਿੰਘ ਸਜ ਗਿਆ। ਹੌਲੀ-ਹੌਲੀ ਉਹਨੇ ਗੁਰਬਾਣੀ ਦੀ ਸਿੱਖਿਆ ਲੈ ਲਈ ਤੇ ਪਾਠੀ ਬਣ ਗਿਆ। ਨਾ ਤਾਂ ਉਹ ਸਹਿਜ ਪਾਠ ਦੀ ਭੇਟਾ ਲੈਂਦਾ ਸੀ, ਨਾ ਅਖੰਡ ਪਾਠ ਦੀਆਂ ਰੌਲਾਂ ਦੀ ਭੇਟਾ ਘਰ ਲਿਆਉਂਦਾ ਸੀ। ਚੌਦਾਂ ਸਾਲ ਉਹਨੇ ਨਿਸ਼ਕਾਮ ਸੇਵਾ ਕੀਤੀ। ਉਹ ਲੋਕ ਭਲਾਈ ਵੀ ਕਰਦਾ ਰਿਹਾ; ਜਿਥੇ ਉਹਦੀ ਲੋੜ ਹੁੰਦੀ, ਖੜ੍ਹਦਾ ਰਿਹਾ। ਹੁਣ ਉਹਨੂੰ ਸਾਰੇ ਬਾਬਾ ਜੀ ਕਹਿਣ ਲੱਗ ਗਏ ਸਨ। ਉਹਦਾ ਬਿਰਧ ਹੋ ਰਿਹਾ ਸਰੀਰ ਹੋਰ ਵੀ ਸੋਹਣਾ ਲੱਗਦਾ। ਚਿੱਟਾ ਦਾੜ੍ਹਾ, ਸੰਤਰੀ ਪੱਗ, ਗਲ ਨੀਲਾ ਹਜ਼ੂਰੀਆ ਤੇ ਚਿੱਟਾ ਚੋਲਾ। ਮੁੱਖ ‘ਤੇ ਨੂਰ ਚਮਕਦਾ। ਮਨ ਨਾਲ ਪੜ੍ਹੀ ਹੋਈ ਗੁਰਬਾਣੀ ਮੁੱਖ ਤੋਂ ਸਾਫ਼ ਪੜ੍ਹੀ ਜਾਂਦੀ ਸੀ।
ਇਕ ਦਿਨ ਸੰਪੂਰਨ ਸਿੰਘ ਗੁਰਦੁਆਰਿਉਂ ਆ ਰਿਹਾ ਸੀ। ਦੇਬੂ ਨੇ ਫਤਿਹ ਬੁਲਾ ਕੇ ਅੰਦਰ ਆਉਣ ਲਈ ਕਿਹਾ। ਸੰਪੂਰਨ ਸਿੰਘ ਅੰਦਰ ਚਲਿਆ ਗਿਆ। ਬੈਠਦਿਆਂ ਹੀ ਦੇਬੂ ਨੇ ਕਿਹਾ, “ਬਾਬਾ ਜੀ, ਆਪਣੀ ਭਰਜਾਈ ਨੂੰ ਸਮਝਾਓ, ਮੈਂ ਆਪਣੀ ਧੀ ਦਾ ਰਿਸ਼ਤਾ ਮੜ੍ਹੀ ਵਾਲੇ ਸੰਤ ਨਾਲ ਕਰਨ ਲੱਗਿਆਂ, ਪਰ ਇਹ ਮੰਨਦੀ ਨਹੀਂ। ਕਹਿੰਦੀ, ਮੈਂ ਉਸ ਲੁੱਚੜ ਸੰਤ ਨਾਲ ਆਪਣੀ ਧੀ ਨਹੀਂ ਵਿਆਹੁਣੀ। ਕੋਈ ਦਾਜ-ਦਹੇਜ ਨਹੀਂ, ਸਿਰਫ਼ ਤਿੰਨ ਕੱਪੜਿਆਂ ਵਿਚ ਧੀ ਤੋਰਨੀ ਐ।” ਦੇਬੂ ਨੇ ਗੱਲ ਮੁਕਾਈ।
“ਕਿਉਂ ਭਾਈ ਬੀਬਾ, ਕੀ ਗੱਲ ਐ?” ਸੰਪੂਰਨ ਸਿੰਘ ਨੇ ਪੁੱਛਿਆ।
“ਬਾਬਾ ਜੀ ਉਹ ਸੰਤ ਨਹੀਂ, ਨਿਰਾ ਗੰਦਾ ਹੈ। ਮੈਨੂੰ ਪਤਾ ਹੈ, ਉਥੇ ਕੀ ਹੁੰਦਾ ਹੈ। ਇਹ ਤਾਂ ਸ਼ਰਾਬ ਪੀ ਕੇ ਧੌਣ ਸੁੱਟ ਜਾਂਦਾ ਹੈ, ਸਾਰਾ ਪਿੰਡ ਕਹਿੰਦਾ ਹੈ ਕਿ ਉਹ ਹਰ ਸੋਹਣੀ ਕੁੜੀ ਦੇ ਘਰਦਿਆਂ ਨੂੰ ਵਿਆਹ ਦਾ ਲਾਲਚ ਦੇ ਕੇ ਕੁੜੀਆਂ ਨਾਲ ਹੱਦ ਟੱਪ ਜਾਂਦਾ। ਜੇ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ, ਤਾਂ ਸਰਕਾਰ-ਦਰਬਾਰ ਦਾ ਡਰਾਵਾ ਦੇ ਦਿੰਦਾ। ਆਪਣੇ ਆਪ ਨੂੰ ਤਾਂ ਉਹ ਸੰਤ ਅਖਵਾਉਂਦਾ ਹੈ, ਪਰ ਹੈ ਉਹ ਬਲਾਤਕਾਰੀ। ਮੈਂ ਆਪਣੀ ਧੀ ਉਸ ਨਾਲ ਨਹੀਂ ਤੋਰਨੀ।” ਨਾਲ ਹੀ ਉਹ ਬੋਲੀ, “ਮੈਨੂੰ ਦੱਸੋ ਬਾਬਾ ਜੀ, ਤੁਹਾਡੇ ਵਿਚ ਕਿਹੜੀ ਕਮੀ-ਪੇਸ਼ੀ ਸੀ। ਤੁਹਾਨੂੰ ਮੈਂ ਆਪਣੀ ਭੈਣ ਸ਼ਿੰਦੀ ਦਾ ਰਿਸ਼ਤਾ ਕਰਵਾਉਂਦੀ ਸੀ ਪਰ ਆਹ ਤੁਹਾਡਾ ਭਰਾ ਨਹੀਂ ਮੰਨਿਆ। ਕਹਿੰਦਾ, ਵਿਹਲੜ ਐ, ਸ਼ਿੰਦੀ ਭੁੱਖੀ ਮਾਰਨੀ ਐ। ਲੋਕਾਂ ਦੇ ਧੰਦੇ ਸੰਵਾਰਦਾ ਫਿਰਦਾ।æææ ਪੁੱਛੋ ਇਹਨੂੰ, ਉਸ ਵਕਤ ਤਾਂ ਇਸ ਨੂੰ ਅਸਲੀ ਦੇਵਤਾ ਦਿਖਾਈ ਨਹੀਂ ਦਿੱਤਾ, ਤੇ ਅੱਜ ਇਹਨੂੰ ਨਕਲੀ ਸੰਤ ਰੱਬ ਦਿਖਾਈ ਦਿੰਦੇ ਆ। ਡੇਰਿਆਂ ਵੱਲ ਤੀਵੀਆਂ ਆਪ ਨਹੀਂ ਡਾਰਾਂ ਬੰਨ੍ਹ ਕੇ ਜਾਂਦੀਆਂ, ਇਸ ਵਰਗੇ ਧੱਕੇ ਨਾਲ ਤੋਰਦੇ ਆ। ਆਪਣੀਆਂ ਕਮੀਆਂ ਤੀਵੀਆਂ ਗਲ ਮੜ੍ਹਦੇ ਆ।”
ਦੇਬੂ ਆਪਣੀ ਘਰ ਵਾਲੀ ਦੀਆਂ ਸੱਚੀਆਂ ਸੁਣ ਕੇ ਸੰਪੂਰਨ ਸਿੰਘ ਦੇ ਪੈਰੀਂ ਡਿੱਗ ਪਿਆ। ਉਹਨੇ ਉਠ ਕੇ ਹਿੱਕ ਨਾਲ ਲਾਇਆ, ਆਖਿਆ, “ਜੋ ਬੀਤ ਗਿਆ, ਸੋ ਬੀਤ ਗਿਆ। ਅਗਾਂਹ ਵਾਸਤੇ ਸੋਚੋ।”
ਆਪਣੀ ਸਾਦੀ ਤੇ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰਦਾ ਹੋਇਆ ਸੰਪੂਰਨ ਸਿੰਘ ਗੁਰ ਚਰਨਾਂ ਵਿਚ ਜਾ ਬਿਰਾਜਿਆ ਤੇ ਆਪਣੀ ਜ਼ਮੀਨ ਗੁਰਦੁਆਰੇ ਨਾਂ ਕਰਵਾ ਗਿਆ। ਘਰ ਕਿਸੇ ਗਰੀਬ ਨੂੰ ਦੇ ਗਿਆ। ਮੈਂ ਰੋਂਦਾ ਹੋਇਆ ਸੰਪੂਰਨ ਸਿੰਘ ਦੀ ਜ਼ਿੰਦਗੀ ਵਿਚੋਂ ਬਹੁਤ ਕੁਝ ਲੱਭਿਆ। ਜੋ ਕੁਝ ਲੱਭਿਆ, ਉਹ ਅੱਜ ਦੇ ਸੰਤਾਂ ਵਿਚੋਂ ਗਾਇਬ ਹੈ। ਕਈ ਵਾਰ ਅੱਕਾਂ ਦਾ ਦੁੱਧ ਵੀ ਕੰਮ ਆ ਜਾਂਦਾ ਹੈ, ਤੇ ਕਈ ਵਾਰ ਦੁੱਧ ਅੱਕਾਂ ਨਾਲੋਂ ਵੀ ਭੈੜਾ ਨਿਕਲ ਜਾਂਦਾ ਹੈ।

Be the first to comment

Leave a Reply

Your email address will not be published.