ਬੱਸ ਏਨੀ ਕੁ ਅੰਮ੍ਰਿਤਾ-2

ਕਾਨਾ ਸਿੰਘ ਨੇ ਆਪਣੇ ਚਿੱਤ-ਚੇਤੇ ਦੇ ਬੋਹੀਏ ਵਿਚੋਂ ਉਘੀ ਲੇਖਕਾ ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦੇ ਨਾਂ ਦੀ ਪੂਣੀ ਕੱਤੀ ਹੈ। ਲੇਖਕਾ ਨੇ ਅੰਮ੍ਰਿਤਾ ਦੀਆਂ ਕੁਝ ਕਾਵਿ-ਸਤਰਾਂ ਨੂੰ ਆਧਾਰ ਬਣਾ ਕੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਲੰਮੇ ਲੇਖ ‘ਬੱਸ ਏਨੀ ਕੁ ਅੰਮ੍ਰਿਤਾ’ ਵਿਚ ਕੀਤੀਆਂ ਹਨ। ਇਸ ਲੇਖ ਦੀ ਪਹਿਲੀ ਕਿਸ਼ਤ ਪਾਠਕ ਪਿਛਲੇ ਅੰਕ ਵਿਚ ਪੜ੍ਹ ਚੁੱਕੇ ਹਨ। ਐਤਕੀਂ ਲੇਖ ਦੀ ਦੂਜੀ ਕਿਸ਼ਤ ਪੇਸ਼ ਕੀਤੀ ਜਾ ਰਹੀ ਹੈ ਜਿਸ ਵਿਚ ਲੇਖਕਾ ਨੇ ਅੰਮ੍ਰਿਤਾ ਨਾਲ ਆਪਣੇ ਨਿੱਘੇ ਰਿਸ਼ਤੇ ਦੀਆਂ ਪਰਤਾਂ ਫਰੋਲੀਆਂ ਹਨ। ਇਨ੍ਹਾਂ ਪਰਤਾਂ ਵਿਚ ਸਹਿਜ ਦੀਆਂ ਲੜੀਆਂ ਇਕ-ਦੂਜੇ ਵਿਚ ਮਸ਼ੀਨ ਦੇ ਦੰਦਿਆਂ ਵਾਂਗ ਫਸੀਆਂ ਮਹਿਸੂਸ ਹੁੰਦੀਆਂ ਹਨ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਸੰਨ ਚੁਰਾਸੀ ਦੇ ਕਤਲੇਆਮ ਮਗਰੋਂ ਵਕਤੀ ਤੌਰ ‘ਤੇ ਪੰਜਾਬ ਪਰਵਾਸ ਕਰਨ ਦੇ ਮੁੱਦੇ ਨਾਲ ਘਰ ਲੱਭਣ ਲਈ ਮੈਂ ਆਪਣੀ ਪਟਿਆਲੇ ਵਾਲੀ ਭੈਣ ਦੇ ਘਰ ਚਾਰ ਦਿਨ ਠਹਿਰੀ। ਸਾਹਿਤਕ ਰੁਚੀਆਂ ਵਾਲਾ ਪਰਿਵਾਰ ਹੋਣ ਕਾਰਨ ਭੈਣ ਦੀ ਘਰੋਗੀ ਲਾਇਬਰੇਰੀ ਵਿਚ ਬੇਸ਼ੁਮਾਰ ਪੰਜਾਬੀ ਪੁਸਤਕਾਂ ਵੇਖਣ ਨੂੰ ਮਿਲੀਆਂ। ਉਤੇਜਿਤ ਹੋ ਕੇ ਵਰਕੇ ਫਰੋਲਾਂ। ਕਿਹੜੀ ਪੜ੍ਹਾਂ ਤੇ ਕਿਹੜੀ ਛੱਡਾਂ! ਅੰਮ੍ਰਿਤਾ ਪ੍ਰੀਤਮ ਦੀ ‘ਰਸੀਦੀ ਟਿਕਟ’ ਉਤੇ ਨਜ਼ਰ ਪਈ। ਇਕੋ ਸਾਹੇ ਪੜ੍ਹ ਗਈ। ਹੈਂ!æææ ਅੰਮ੍ਰਿਤਾ ਸਾਹਿਰ ਲੁਧਿਆਣਵੀ ਦੀ ਦੀਵਾਨੀ ਸੀ? ਉਹ ਸਾਹਿਰ ਜਿਸ ਦਾ ਸਾਰਾ ਦਿਨ ਐਨ ਮੇਰੇ ਘਰ ਦੇ ਥੱਲੇ ਅਸ਼ਕ ਦੀ ਬੈਠਕ ਵਿਚ ਗੁਜ਼ਰਦਾ ਸੀ, ਉਹੀ ਅੰਮ੍ਰਿਤਾ ਦਾ ਅਕਾਸ਼ ਸੀ।
ਸਾਹਿਰ ਜਿਸ ਦੇ ਸਿਗਰਟਾਂ ਦਾ ਧੂੰਆਂ ਮੇਰੀ ਖਿੜਕੀ ਨੂੰ ਛੂੰਹਦਾ ਸੀ, ਉਸੇ ਦੇ ਜੂਠੇ ਟੋਟੇ ਅੰਮ੍ਰਿਤਾæææ!
ਹੁਣ ਤਾਂ ਨਾ ਸਾਡਾ ਉਹ ਘਰ ਰਿਹਾ ਸੀ, ਨਾ ਓਮ ਪ੍ਰਕਾਸ਼ ਅਸ਼ਕ ਤੇ ਨਾ ਹੀ ਸਾਹਿਰ ਪਰ ਜਿਸ ਸਾਹਿਰ ਦੇ ਗੀਤਾਂ ਦੀ ਸਿਰਜਣ-ਪ੍ਰਕਿਰਿਆ ਦੌਰਾਨ ਮੈਂ ਆਪਣੇ ਘਰ ਵਿਚ ਸੂਈ ਡਿੱਗਣ ਦੀ ਆਵਾਜ਼ ਵੀ ਨਹੀਂ ਸਾਂ ਹੋਣ ਦਿੰਦੀ, ਅੰਮ੍ਰਿਤਾ ਦੀ ਸਿਰਜਣਾ ਦੇ ‘ਸੁਨੇਹੜੇ’ ਉਸੇ ਨੂੰ ਸਮਰਪਿਤ ਸਨ। ਕੀ ‘ਚਰਨ ਤੇਰੇ ਸੁੱਚੇæææ’ ਦੇ ਅਹਿਸਾਸ ਦਾ ਪ੍ਰੇਰਨਾ ਸਰੋਤ ਸਾਹਿਰ ਹੀ ਸੀ?æææ ਹਾਇ ਜੇ ਪਤਾ ਹੁੰਦਾ?æææ ਪਰ ਜੇ ਪਤਾ ਵੀ ਹੁੰਦਾ ਤਾਂ ਮੈਂ ਕੀ ਕਰ ਲੈਣਾ ਸੀ?
ਮੇਰੇ ਹੋਠਾਂ ‘ਤੇ ਅੰਮ੍ਰਿਤਾ ਦਾ ਨਾਂ ਆਉਣਾ ਗੁਨਾਹ ਸੀ। ਉਸ ਨੂੰ ਮੈਂ ਦਿੱਲੀ ਵਿਚ ਹੋਈ ਏਸ਼ਿਆਈ ਲੇਖਕ ਕਾਨਫਰੰਸ ਵਿਚ ਹੀ ਵੇਖਿਆ ਸੀ ਜਦੋਂ ਯੂਨੀਵਰਸਿਟੀ ਵਿਚ ਪੜ੍ਹਦੀ ਸਾਂ। ਬਸ! ਦੂਰੋਂ ਦੂਰੋਂ! ਝਾਲ ਨਹੀਂ ਸੀ ਝੱਲੀ ਗਈ ਮੈਥੋਂ ਉਸ ਦੇ ਨੂਰ ਦੀ। ਅੱਖਾਂ ਉਹਦੇ ਹੋਠਾਂ ਉਤੇ ਹੀ ਆ ਕੇ ਟਿਕ ਗਈਆਂ। ਮੈਂ ਜਦੋਂ ਵੀ ਅੰਮ੍ਰਿਤਾ ਦੀ ਕੋਈ ਤਸਵੀਰ ਵੇਖਦੀ, ਮੇਰੀ ਨਜ਼ਰ ਉਸ ਦੇ ਹੋਠਾਂ ‘ਤੇ ਆ ਕੇ ਰੁਕ ਜਾਂਦੀ। ਅੰਮ੍ਰਿਤਾ ਦੇ ਹੋਠ ਮੈਨੂੰ ਹਮੇਸ਼ਾ ਕੋਈ ਅਦਿੱਖ ਚਰਨਾਂ ਨੂੰ ਚੁੰਮਦੇ ਜਾਪਦੇ ਤੇ ਮਸਤੀ ਵਿਚ ਮੈਂ ਗੁਣਗੁਣਾ ਉਠਦੀ,
ਚਰਨ ਤੇਰੇ ਸੁੱਚੇ ਹੋਠ ਮੇਰੇ ਜੂਠੇæææ।

ਬਚਪਨ ਵਿਚ ਸਾਖੀ ਸੁਣੀ ਸੀ। ਕਿਸੇ ਕਥਾਕਾਰ ਤੋਂ, ਗੁਰਦੁਆਰੇ। ਸ਼ਾਇਦ ਸੁਥਰੇ ਜਾਂ ਕਿਸੇ ਹੋਰ ਗੁਰਸਿੱਖ ਨਾਲ ਸਬੰਧਤ। ਉਹ ਲੋਕਾਂ ਤੋਂ ਪੈਸੇ ਉਧਾਰ ਲੈ ਲੈ ਕੇ ਮੁੱਕਰ ਜਾਂਦਾ ਹੈ। ਵਾਪਸ ਮੋੜਦਾ ਹੀ ਨਹੀਂ। ਲੋਕੀਂ ਗੁਰੂ ਸਾਹਿਬ ਅੱਗੇ ਸ਼ਿਕਾਇਤਾਂ ਕਰਦੇ ਹਨ। ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਦਾ ਜੁਆਬ ਹੁੰਦਾ, “ਮਹਾਰਾਜ ਗੁਰਬਾਣੀ ਹੀ ਤਾਂ ਕਹਿੰਦੀ ਹੈ, ‘ਕੇਤੇ ਲੈ ਲੈ ਮੁਕਰੁ ਪਹਿ’, ਬਸ ਮੈਨੂੰ ਉਨ੍ਹਾਂ ਕੇਤਿਆਂ ਵਿਚੋਂ ਹੀ ਇਕ ਸਮਝ ਲਵੋ।”
“æææਤੇ ਤੂੰ ਅਗਲੀ ਤੁੱਕ ਨਹੀਂ ਪੜ੍ਹੀ, ਕੇਤੇ ਮੂਰਖ ਖਾਹੀ ਖਾਹਿ।” ਗੁਰੂ ਸਾਹਿਬ ਪੁੱਛਦੇ ਹਨ।
“ਮਹਾਰਾਜ, ਆਪ ਹੀ ਤਾਂ ਫਰਮਾਉਂਦੇ ਹੋ ਕਿ ਗੁਰਬਾਣੀ ਦੀ ਇਕ ਸਤਰ ਉਤੇ ਵੀ ਜੇ ਕੋਈ ਅਮਲ ਕਰਨ ਲੱਗੇ ਤਾਂ ਉਸ ਦਾ ਜਨਮ ਸਫ਼ਲਾ ਹੋ ਜਾਵੇ। ਫਿਰ ਜੇ ਵੰਡਣ ਲੱਗੋ ਤਾਂ ਆਪ ਦੇ ਅਣਗਿਣਤ ਗੁਰਸਿੱਖਾਂ ਵਿਚੋਂ ਮੇਰੇ ਹਿੱਸੇ ਵਿਚ ਤਾਂ ਮਸਾਂ ਇਹ ਇਕੋ ਤੁੱਕ ਹੀ ਆਏਗੀ ਨਾ।” ਸੁਥਰੇ ਦਾ ਉਤਰ ਸੀ।
ਬਹੁਤ ਲਿਖਿਆ ਅੰਮ੍ਰਿਤਾ ਨੇ। ਲਿਖਦੀ ਹੀ ਰਹੀ। ਨਿਰੰਤਰ। ਨਾਗਮਣੀ ਦੇ ਮੈਂ ਕੁਝ ਅੰਕ ਵੇਖੇ-ਪੜ੍ਹੇ। ਜਿਉਤਿਸ਼, ਤਾਰੇ, ਨਛੱਤਰ, ਜਨਮ-ਜਨਮਾਂਤਰਾਂ ਦੇ ਸੰਜੋਗਾਂ-ਵਿਜੋਗਾਂ ਦੀਆਂ ਗੱਲਾਂ। ਰਹੱਸਵਾਦੀ, ਮਹਾਂ ਪੰਡਿਤ, ਗੂੜ੍ਹ ਗਿਆਨੀ ਦਾਰਸ਼ਨਿਕ ਜਿਹੀ ਲੱਗੀ। ਸਾਹਿਤਕ ਖੇਤਰ ‘ਚੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਮੈਂ ਉਸ ਦੇ ਸਿਰੜ, ਅਧਿਐਨ, ਸਿਰਜਣਾ ਅਤੇ ਪ੍ਰਾਪਤੀਆਂ ਤੋਂ ਬਲ-ਬਲ ਜਾਵਾਂ। ਕੋਈ ਸਾਹ ਉਸ ਬਿਰਥਾ ਨਾ ਲੀਤਾ। ਆਪਣੇ ਅਕੀਦੇ ਅਤੇ ਕੀਮਤਾਂ ਮੁਤਾਬਕ ਹੀ ਜੀਵੀ ਉਹ, ਪਰ ਇਸ ਅੰਮ੍ਰਿਤਾ ਨਾਲ ਮੈਨੂੰ ਕੀ ਸਰੋਕਾਰ? ਮੇਰੇ ਅਨੁਭਵ ਵਿਚ ਘੁਲੀ-ਮਿਲੀ ਮੇਰੀ ਅੰਮ੍ਰਿਤਾ ਦਾ ਆਕਾਰ ਤਾਂ ਦੋ ਹੋਠਾਂ ਦੀ ਫਰਕਣ, ‘ਚਰਨ ਤੇਰੇ ਸੁੱਚੇæææ’ ਦੇ ਮੇਚ ਜੇਡਾ ਹੀ ਰਿਹਾ।
ਮੈਨੂੰ ਲਗਦਾ ਕਿ ਇਸ ਜਨਮ ਵਿਚ ਮੇਰੇ ਹਿੱਸੇ ਦੀ ਬੱਸ ਏਨੀ ਕੁ ਅੰਮ੍ਰਿਤਾ ਹੀ ਕਾਫੀ ਹੈ।
ਸੱਠਵਿਆਂ ਵਿਚ ਮੇਰੀ ਦਿੱਲੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਪਾਕਿਸਤਾਨੋਂ ਆਏ ਕਿਸੇ ਲੇਖਕ ਦੇ ਸਨਮਾਨ ਦੇ ਪ੍ਰਸੰਗ ਵਿਚ ਅੰਮ੍ਰਿਤਾ ਵੀ ਆਈ। ਬੈਠਕ ਸਾਡੇ ਕਲਾਸ ਰੂਮ ਵਿਚ ਹੀ ਲੱਗੀ ਸੀ। ਸ਼ਾਹ ਕਾਲੀਆਂ ਜ਼ੁਲਫਾਂ ਸਾਹਵੇਂ ਅੰਮ੍ਰਿਤਾ ਦੀ ਕਾਲੀ ਸ਼ਾਲ ਮੱਧਮ ਪੈ ਰਹੀ ਸੀ। ਬੋਲੀ ਕੁਝ ਨਾ। ਬੱਸ ਬੈਠੀ ਰਹੀ ਪ੍ਰਧਾਨਗੀ ਕਰਦੀ, ਮੁਸਕਰਾਂਦੀ।æææ ਆਈ ਤੇ ਗਈ। ਖੁਸ਼ਬੂ!
‘ਕਿਤਨੀ ਸੁਹਣੀ ਹੈ ਇਹ!’ ਮੈਂ ਨਾਲ ਬੈਠੇ ਆਪਣੇ ਜਮਾਤੀ ਗੁਰਸ਼ਰਨ ਨੂੰ ਕਿਹਾ।
‘ਚਾਲ੍ਹੀਆਂ ਤੋਂ ਉਪਰ ਤੇ ਇੰਨੀ ਜੁਆਨ, ਗਠੀਲੀ, ਉਫ।’ ਮੇਰੇ ਹੋਠ ਫੁਸਫੁਸਾਏ।
‘ਡਾæ ਹਰਿਭਜਨ ਸਿੰਘ ਕਹਿੰਦੇ ਹਨ ਕਿ ਇਹੋ ਜਿਹੀਆਂ ਖ਼ੂਬਸੂਰਤ ਤੇ ਸੰਵੇਦਨਸ਼ੀਲ ਇਸਤਰੀਆਂ ਕਦੇ ਬੁੱਢੀਆਂ ਨਹੀਂ ਹੁੰਦੀਆਂ।’ ਗੁਰਸ਼ਰਨ ਡਾæ ਹਰਿਭਜਨ ਸਿੰਘ ਦਾ ਚਹੇਤਾ ਸ਼ਿੱਸ਼ ਸੀ।
‘ਪਰ ਉਹ ਕਹਿੰਦੇ ਹਨ ਕਿ ਅਜਿਹੀਆਂ ਦੀ ਜੁਆਨੀ ਅਤੇ ਬੁਢਾਪੇ ਵਿਚ ਬੱਸ ਇਕ ਛਿਣ-ਮਾਤਰ ਦੀ ਹੀ ਵਿੱਥ ਹੁੰਦੀ ਹੈ।’
‘ਮਤਲਬ?’
ਨਾ ਉਹ ਦੱਸ ਸਕਿਆ ਤੇ ਨਾ ਮੈਂ ਸਮਝ ਸਕੀ।æææ ਵਕਤ ਪਾ ਕੇ ਮੈਂ ਫਿਲਮ ਵੇਖੀ, ਤਾਜਮਹੱਲ।æææ ਬੇਗ਼ਮ ਮੁਮਤਾਜ਼ ਦੀ ਮੌਤ ਮਗਰੋਂ ਬਾਦਸ਼ਾਹ ਸ਼ਾਹ ਜਹਾਨ (ਪ੍ਰਦੀਪ ਕੁਮਾਰ) ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਲੈਂਦਾ ਹੈ। ਚੰਦ ਦਿਨਾਂ ਮਗਰੋਂ ਵਾਰ-ਵਾਰ ਮਿੰਨਤਾਂ ਕਰ ਕੇ ਜਦੋਂ ਉਸ ਨੂੰ ਦਵਾਰ ਖੋਲ੍ਹਣ ਲਈ ਆਖਿਆ ਜਾਂਦਾ ਹੈ ਤਾਂ ਵੇਖਦੇ ਹਨ ਕਿ ਸ਼ਾਹ ਜਹਾਨ ਦਾ ਸਿਰ ਤੇ ਦਾੜ੍ਹੀ ਬਰਫ਼-ਚਿੱਟੇ! ਉਹ ਬਿਰਧ ਲੱਗਦਾ ਹੈ। ਉਸ ਦਾ ਪਿਆਰ ਜੋ ਮਰ ਗਿਆ ਸੀ!
ਉਮੀਦ ਹੀ ਜ਼ਿੰਦਗੀ ਹੈ। ਔਰਤ ਕੀ ਤੇ ਮਰਦ ਕੀ। ਸਾਥ ਵਿਛੁੰਨੇ ਹੋਏ ਨਹੀਂ ਕਿ ਕੁਮਲਾਏ ਨਹੀਂ। ਡਾæ ਹਰਿਭਜਨ ਸਿੰਘ ਦੀ ਕਹੀ ‘ਛਿਣ ਮਾਤਰ ਦੀ ਵਿੱਥ’ ਮੈਂ ਇਹੀ ਸਮਝ ਸਕੀ।
ਸੁੰਦਰ ਮਨ, ਸੁੰਦਰ ਵਿਚਾਰ ਤੇ ਸੁੰਦਰ ਰਹਿਣੀ, ਅੰਮ੍ਰਿਤਾ ਸਦਾ ਸੁੰਦਰ ਰਹੀ। ਉਸ ਆਪਣਾ ਪਿਆਰ ਸਰੋਤ ਕਦੇ ਨਾ ਮੁੱਕਣ ਦਿੱਤਾ। ਉਨ੍ਹਾਂ ਦਿਨਾਂ ਵਿਚ ਅੰਮ੍ਰਿਤਾ ਤੇ ਇੰਦਰਜੀਤ ਦੀਆਂ ਅਫਵਾਹਾਂ ਉਡ ਰਹੀਆਂ ਸਨ। ਉਹ ਉਸ ਨਾਲ ਮੁੰਬਈ ਚਲੀ ਗਈ ਸੀ, ਤੇ ਫਿਰ ਇਕੱਲੀ ਵਾਪਸ ਆ ਗਈ ਸੀ। ਉਸ ਤੋਂ ਮਗਰੋਂ ਕੀ ਹੋਇਆ, ਮੈਨੂੰ ਇਸ ਦੀ ਕੋਈ ਸਾਰ ਨਹੀਂ ਸੀ। ਮੈਂ ਫਰਵਰੀ 1962 ਵਿਚ ਜੀਵਨ ਬੀਮਾ ਨਿਗਮ ਦੀ ਨੌਕਰੀ ਦੇ ਸਬੱਬ ਮੁੰਬਈ ਗਈ ਕਿ ਉਥੇ ਦੀ ਹੀ ਹੋ ਕੇ ਰਹਿ ਗਈ। ਉਹ ਇੰਦਰਜੀਤ ਹੀ ਅੱਜ ਦਾ ਇਮਰੋਜ਼ ਹੈ, ਇਹ ਮੈਨੂੰ ਪੰਝੀ ਸਾਲਾਂ ਦੇ ਲੰਮੇ ਅਰਸੇ ਮਗਰੋਂ ਪੰਜਾਬ ਫੇਰੀ ਉਤੇ ਹੀ ਪਤਾ ਲੱਗਾ। ਤੇ ਫਿਰ ਵਕਤ ਪਾ ਕੇ ਇਥੇ ਹੀ ਰੱਬ ਸਬੱਬੀਂ ਦੂਰਦਰਸ਼ਨ ਤੋਂ ਅੰਮ੍ਰਿਤਾ ‘ਤੇ ਆਧਾਰਤ ਟੈਲੀਫਿਲਮ ਵੇਖੀ।
‘ਸਾਹਿਰ ਮੇਰਾ ਅਕਾਸ਼ ਹੈ ਤੇ ਇਮਰੋਜ਼ ਛੱਤæææ।’ ਅੰਮ੍ਰਿਤਾ ਕਹਿ ਰਹੀ ਸੀ।
ਇਮਰੋਜ਼ ਪਸਿੱਤਾ-ਪਸਿੱਤਾ ਬੈਕਗਰਾਊਂਡ ਵਿਚ ਹੀ ਰਹਿ ਕੇ ਸੰਤੁਸ਼ਟ, ਸਵੇਰੇ-ਸਵੇਰੇ ਸੌਣ-ਸੁਫ਼ੇ ਦੇ ਪਰਦੇ ਹਟਾ ਕੇ ਚਾਹ ਦੇ ਕੱਪ ਨਾਲ ਅੰਮ੍ਰਿਤਾ ਨੂੰ ਸ਼ੁਭ ਸਵੇਰ ਆਖਦਾ, ਉਸ ਦੇ ਸਰੀਰਕ ਸੁੱਖ ਅਤੇ ਸਾਹਿਤ ਸਿਰਜਣਾ ਲਈ ਵੱਧ ਤੋਂ ਵੱਧ ਅਰਾਮ ਦੇਣ ਦੇ ਆਹਰ ਵਿਚ ਦਰਸਾਇਆ ਗਿਆ। ਇਕ ਪਰਵਾਸੀ ਸਾਹਿਤਕਾਰ ਮੈਨੂੰ ਮਿਲਣ ਆਏ। ਉਹ ਦਿੱਲੀਓਂ ਅੰਮ੍ਰਿਤਾ ਵਲੋਂ ਹੁੰਦੇ ਆਏ ਸਨ। ‘ਕੀ ਹਾਲ ਏ ਅੰਮ੍ਰਿਤਾ ਦਾ?’ ਮੈਂ ਪੁੱਛਿਆ।
‘ਉਹ ਠੀਕ ਨਹੀਂ ਸੀ। ਕਾਫੀ ਬਿਮਾਰ ਸੀ ਤੇ ਫਿਰ ਵੀ ਉਸ ਆਪੇ ਮੇਰੇ ਲਈ ਚਾਹ ਦਾ ਕੱਪ ਬਣਾਇਆæææ।’
ਉਹ ਤੜਕੇ-ਤੜਕੇ ਹੀ ਗਏ ਸਨ ਅੰਮ੍ਰਿਤਾ ਨੂੰ ਮਿਲਣ।
‘ਤੇ ਇਮਰੋਜ਼?’
ਉਹ ਘਰ ਨਹੀਂ ਸੀ। ਦੁੱਧ ਲੈਣ ਗਿਆ ਹੋਇਆ ਸੀ।
‘ਦੁੱਧ ਲੈਣ?’
‘ਹਾਂ, ਉਹ ਆਪੇ ਦੁੱਧ ਲੈਣ ਜਾਂਦਾ ਹੈ। ਬਿਨਾ ਨਾਗਾ।’ ਉਨ੍ਹਾਂ ਦਾ ਉਤਰ ਸੀ।
ਕਿਸੇ ਅੰਮ੍ਰਿਤਾ ਦੇ ਚਾਹ ਦੇ ਕੱਪ ਲਈ ਕੋਈ ਇਮਰੋਜ਼ ਆਪੇ ਹੀ ਤਾਂ ਜਾਏਗਾ ਦੁੱਧ ਲੈਣ- ਗਰਮੀ ਸਰਦੀ, ਝੱਖੜ ਹਨੇਰੀ, ਵਾਵਰੋਲੇæææ।
ਨੇਹੁੰ ਸਿਦਕ ਦੇ ਤੈਰਾਕ ਅਜੇ ਵੀ ਹਨ। ਕੀ ਹੋਇਆ ਜੁ ਕੱਚੇ-ਪੱਕੇ ਘੜੇ ਨਹੀਂ ਰਹੇ ਤੇ ਨਾ ਹੀ ਉਹ ਦਰਿਆæææ ਮੈਂ ਸੋਚਦੀ ਰਹੀ।
‘ਤੁਸੀਂ ਹੋਰ ਲੇਖਕਾਵਾਂ ਵਾਂਗ ਅੰਮ੍ਰਿਤਾ ਨਾਲ ਰਸ਼ਕ ਨਹੀਂ ਕਰਦੇ? ਜੇ ਆਪਣਾ ਸਥਾਨ ਉਸ ਨਾਲ ਵਟਾ ਸਕੋæææ?’ ਕਿਸੇ ਮੁਲਾਕਾਤੀ ਨੇ ਮੈਨੂੰ ਸਵਾਲ ਕੀਤਾ।
‘ਬੇਸ਼ਕ ਮੇਰੇ ਮਨ ਵਿਚ ਅੰਮ੍ਰਿਤਾ ਲਈ ਅਥਾਹ ਸਤਿਕਾਰ ਹੈ ਪਰ ਰਸ਼ਕ ਮੈਨੂੰ ਇਮਰੋਜ਼ ਨਾਲ ਹੀ ਹੈ। ਜੇ ਕਿਸੇ ਅੰਮ੍ਰਿਤਾ ਦਾ ਮੈਨੂੰ ਇਮਰੋਜ਼ ਬਣਨਾ ਨਸੀਬ ਹੋਵੇ ਤਾਂ ਮੈਂ ਆਪਣੇ ਆਪ ਨੂੰ ਧੰਨ ਸਮਝਾਂæææ।’ ਮੇਰਾ ਸਹਿਜ ਸੁਭਾਅ ਉਤਰ ਸੀ।
ਮਨਭਾਉਂਦੇ ਲੇਖਕਾਂ, ਕਲਾਕਾਰਾਂ ਜਾਂ ਫਿਲਮ ਅਦਾਕਾਰਾਂ ਨਾਲ ਰੱਬ ਸਬੱਬੀ ਵੀ ਜੇ ਕਦੇ ਟਾਕਰਾ ਹੋਇਆ, ਮੈਂ ਮਿਲਣੋਂ ਸੰਗ ਜਾਂਦੀ। ਪਸਿੱਤੀ ਵੀ ਹੋ ਜਾਂਦੀ ਕਿ ਉਨ੍ਹਾਂ ਦੀ ਨਜ਼ਰ ਵੀ ਮੇਰੇ ‘ਤੇ ਨਾ ਪਏ। ਸੰਜੀਵ ਕੁਮਾਰ ਦੀ ਅਦਾਕਾਰੀ ਦੀ ਦੀਵਾਨੀ ਸਾਂ, ਤੇ ਫਿਲਮ ਸੰਸਾਰ ਦੇ ਚਹੇਤੇ ਮੇਰੇ ਡਾਕਟਰ ਪਤੀ ਰਾਹੀਂ ਮੌਕੇ ਵੀ ਬੜੇ ਮਿਲਦੇ ਸਨ, ਪਰ ਮੈਂ ਮਿਲਣ ਲਈ ਕਦੇ ਨਾ ਮੰਨੀ।

ਦਿੱਲੀ ਅਕਸਰ ਜਾਣਾ ਪੈ ਜਾਂਦਾ ਹੈ। ਕਦੇ-ਕਦੇ ਕਿਸੇ ਕੰਮ ਲਈ ਹਫਤਿਆਂ ਬੱਧੀ ਵੀ ਰੁਕੀ। ਸਾਊਥ ਐਕਸਟੈਂਸ਼ਨ ਸਥਿਤ ਮੇਰੇ ਪੇਕੇ ਘਰ ਤੋਂ ਚੰਦ ਮੀਲਾਂ ਅਤੇ ਕੁਝ ਫੋਨ ਘੰਟੀਆਂ ਦੀ ਵਿੱਥ ਉਤੇ ਹੀ ਤਾਂ ਹੁੰਦੀ ਸੀ ਅੰਮ੍ਰਿਤਾ; ਫਿਰ ਵੀ ਮਿਲਣ ਦਾ ਹੀਆ ਨਾ ਪਿਆ। ਕਵੀ ਜੋਗਾ ਸਿੰਘ ਦੀ ਮੈਂ ਮੁਲਾਕਾਤ ਕੀਤੀ, ਲਿਖੀ, ਛਪੀ- ‘ਐਤਵਾਰ ਵਾਲਾ ਜੋਗਾ।’ ਮੁਲਾਕਾਤ ਦੀਆਂ ਬੈਠਕਾਂ ਦੌਰਾਨ ਅੰਮ੍ਰਿਤਾ ਦਾ ਕਾਫ਼ੀ ਜ਼ਿਕਰ ਆਉਂਦਾ ਰਿਹਾ।
‘ਉਹ ਬੜੀ ਖੂਬਸੂਰਤ ਤੇ ਖੂਬ-ਸੀਰਤ ਔਰਤ ਹੈ। ਉਸ ਨੂੰ ਜ਼ਰੂਰ ਮਿਲੋ’ ਜੋਗਾ ਸਿੰਘ ਦਾ ਤਕੀਆ ਕਲਾਮ ਵਰਗਾ ਦੁਹਰਾਓ ਹੁੰਦਾ।
‘ਮੈਂ ਉਸ ਦਾ 1960 ਤੋਂ ਬਾਅਦ ਦਾ ਰਚਿਆ ਸਾਹਿਤ ਤਾਂ ਪੜ੍ਹਿਆ ਹੀ ਨਹੀਂ। ਬਗੈਰ ਪੜ੍ਹਿਆਂ ਮਿਲਣ ਜਾਣਾ ਤਾਂ ਮੱਥਾ ਟੇਕਣ ਵਾਲੀ ਗੱਲ ਹੈ।’ ਮੇਰਾ ਉਤਰ ਹੁੰਦਾ।

ਮਾਰਚ 1988 ਵਿਚ ਮੇਰਾ ਪਲੇਠਾ ਕਾਵਿ-ਸੰਗ੍ਰਹਿ ‘ਲੋਹਿਓਂ ਪਾਰਸ’ ਪ੍ਰਕਾਸ਼ਿਤ ਹੋਇਆ। ਬੜੇ ਚਾਅ ਨਾਲ ਕਰਤਾਰ ਸਿੰਘ ਦੁੱਗਲ, ਪ੍ਰੀਤਮ ਸਿੰਘ ਸਫ਼ੀਰ, ਬਲਵੰਤ ਗਾਰਗੀ, ਖੁਸ਼ਵੰਤ ਸਿੰਘ, ਡਾæ ਹਰਿਭਜਨ ਸਿੰਘ, ਸਤਿੰਦਰ ਸਿੰਘ ਨੂਰ ਅਤੇ ਹੋਰ ਵੀ ਸਿਖ਼ਰ ਦੇ ਕਈ ਚਿੰਤਕਾਂ, ਬੁੱਧੀਜੀਵੀਆਂ ਦੇ ਨਾਲ ਅੰਮ੍ਰਿਤਾ ਪ੍ਰੀਤਮ ਨੂੰ ਵੀ ਇਕ ਕਾਪੀ ਭੇਜੀ। ਬਾਕੀ ਤਾਂ ਲਗਭਗ ਸਾਰਿਆਂ ਵਲੋਂ ਹੀ ਪਹੁੰਚ ਰਸੀਦਾਂ ਨਾਲ ਚੰਦ ਬੋਲ ਜਾਂ ਹੁੰਗਾਰੇ ਮਿਲੇ ਪਰ ਅੰਮ੍ਰਿਤਾ ਵਲੋਂ ਕੋਈ ਉੱਘ-ਸੁੱਘ ਨਾ।
‘ਲੋਹਿਓਂ ਪਾਰਸ’ ਪਹੁੰਚੀ ਨਾ ਪਹੁੰਚੀ, ਜੇ ਸੂਚਿਤ ਕਰ ਸਕੋ- ਸ਼ਬਦਾਂ ਨਾਲ ਵਾਪਸੀ ਕਾਰਡ ਪਾਇਆ ਤਾਂ ਉਹ ਬਿਨਾਂ ਅੰਮ੍ਰਿਤਾ ਦੇ ਦਸਤਖ਼ਤ ਦੇ ਵੀ ਕੋਰਾ ਪਰਤ ਆਇਆ। ਮਨ ਨੂੰ ਥੋੜ੍ਹੀ ਤਕਲੀਫ਼ ਹੋਈ ਪਰ ਵਕਤੀ ਹੀ। ਸਾਹਿਤ ਖੇਤਰ ਵਿਚ ਮੈਂ ਮਸਾਂ ਪੈਰ ਹੀ ਪਾਇਆ ਸੀ। ਕਾਵਿ-ਸੰਗ੍ਰਹਿ ਤੋਂ ਇਲਾਵਾ ਜਦੋਂ ਕੁਝ ਵਿਅੰਗ, ਕਹਾਣੀਆਂ, ਮੁਲਾਕਾਤਾਂ ਤੇ ਰੇਖਾ ਚਿੱਤਰ ਵੀ ਮਾਸਿਕ ਪੱਤਰਾਂ ਵਿਚ ਛਪਣ ਲੱਗੇ ਤਾਂ ਪਾਠਕਾਂ ਪ੍ਰਸ਼ੰਸਕਾਂ ਦੇ ਇੰਨੇ ਪੱਤਰ ਆਉਣ ਲੱਗੇ ਕਿ ਹਰ ਖ਼ਤ ਦਾ ਤੱਤ-ਖੜੱਤ ਜਵਾਬ ਦੇਣਾ ਨਾਮੁਮਕਿਨ ਦੀ ਹੱਦ ਤੱਕ ਮੁਸ਼ਕਿਲ ਹੋ ਗਿਆ। ਮਾਸਿਕ ਪੱਤਰਾਂ ਵਿਚ ਲਏ ਮੇਰੇ ਚੰਦ ਮੁਲਾਕਾਤੀ ਲੇਖਾਂ ਤੋਂ ਕਈਆਂ ਨੂੰ ਤਾਂ ਮੇਰੇ ਆਲੋਚਕ ਹੋਣ ਦਾ ਵੀ ਭੁਲੇਖਾ ਪੈਣ ਲੱਗਾ ਤੇ ਆਏ ਦਿਨ ਡਾਕ ਵਿਚ ਕੋਈ ਨਾ ਕੋਈ ਕਿਤਾਬ ਹੁੰਦੀ। ਨਾਟਕ, ਨਾਵਲ, ਕਹਾਣੀ ਜਾਂ ਕਾਵਿ ਸੰਗ੍ਰਹਿ। ਮੈਂ ਜਿਸ ਨੂੰ ਪੰਜਾਬੀ ਸਾਹਿਤ ਦਾ ਕਦੇ ਇੰਨਾ ਤਰਸੇਵਾਂ ਸੀ, ਹੁਣ ਕਈ ਵਾਰ ਮਹੀਨਿਆਂ ਬੱਧੀ ਵੀ ਪੁਸਤਕ ਪੜ੍ਹ ਕੇ ਉਸ ਦੇ ਲੇਖਕ ਨਾਲ ਆਪਣੇ ਮਨ ਉਤੇ ਪਏ ਪ੍ਰਭਾਵ ਸਾਂਝੇ ਨਾ ਕਰ ਸਕਦੀ। ਫਿਰ ਅੰਮ੍ਰਿਤਾ ਵਰਗੀ ਅੰਤਰ-ਦੇਸ਼ੀ ਪ੍ਰਸਿੱਧੀ ਦੀ ਸਾਹਿਤਕਾਰ, ਰਾਜ ਸਭਾ ਦੀ ਮੈਂਬਰ, ਲੱਖਾਂ ਦੀ ਗਿਣਤੀ ਵਿਚ ਜਿਸ ਦੇ ਪਾਠਕ ਤੇ ਪ੍ਰਸ਼ੰਸਕ ਰਹੇ, ਸਿਰਜਣਾ, ਸੰਪਾਦਨ, ਅਨੁਵਾਦ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸਾਹਿਤਕ, ਸਮਾਜਕ ਅਤੇ ਨਿੱਜੀ ਰੁਝੇਵਿਆਂ ਵਿਚ ਖਲਤ-ਮਲਤ, ਸੂਖ਼ਮ ਸਰੀਰ ਤੇ ਵਡੇਰੀ ਉਮਰ, ਉਹ ਕਿਸ ਕਿਸ ਨੂੰ ਖ਼ਤ ਪਾਉਂਦੀ ਤੇ ਕਿਸ ਕਿਸ ਨੂੰ ਜੁਆਬ ਦਿੰਦੀ?
ਮੈਂ ਮਨ ਨੂੰ ਸਮਝਾ ਲਿਆ।

ਫਰਵਰੀ 1988 ਦੀ ਗੱਲ ਹੈ। ਕਾਵਿ-ਸੰਗ੍ਰਹਿ ‘ਲੋਹਿਓਂ ਪਾਰਸ’ ਦੇ ਟਾਈਟਲ ਲਈ ਫੋਟੋ ਖਿਚਵਾਣੀ ਪਈ। ਫੋਟੋਗ੍ਰਾਫ਼ਰ ਨੇ ਦੋ ਪੋਜ਼ ਲਏ। ਇਕ ਵਿਚ ਬਿਨਾਂ ਐਨਕ ਦੇ ਮੈਂ ਵਰਤਮਾਨ ਦੀ ਉਮਰ ਤੋਂ ਦਸ ਸਾਲ ਛੋਟੀ ਦਿਸਦੀ ਸਾਂ, ਤੇ ਇਕ ਵਿਚ ਸਣੇ ਐਨਕ ਦੇ ਪ੍ਰੌੜ ਅਤੇ ਦਸ ਸਾਲ ਵਡੇਰੀ। ਸੁਚੇਤ ਤੌਰ ‘ਤੇ ਮੈਂ ਆਪਣੀ ਉਮਰ ਲੁਕਾਉਣ ਦਾ ਕਦੇ ਯਤਨ ਨਾ ਕੀਤਾ। ਆਸਕਰ ਵਾਈਲਡ ਇਕ ਥਾਂ ਕਹਿੰਦਾ ਹੈ ਕਿ ਜਿਹੜੀ ਔਰਤ ਆਪਣੀ ਸਹੀ ਉਮਰ ਦੱਸ ਸਕਦੀ ਹੈ, ਉਹ ਕੁਝ ਵੀ ਸਹੀ ਦੱਸ ਸਕਦੀ ਹੈ। ਕਿਸੇ ਹੋਰ ਔਰਤ ਬਾਰੇ ਤਾਂ ਪਤਾ ਨਹੀਂ, ਪਰ ਮੇਰੇ ਉਪਰ ਇਹ ਸ਼ਬਦ ਪੂਰੇ ਢੁਕਦੇ ਹਨ।
ਮੈਂ ਜੁਆਨ ਦਿੱਖ ਵਾਲੀ ਛੱਡ ਕੇ ਪ੍ਰਕਾਸ਼ਕ ਨੂੰ ਵਡੇਰੀ ਉਮਰ ਵਾਲੀ ਤਸਵੀਰ ਭੇਜ ਦਿੱਤੀ। ਛਪਣ ਉਪਰੰਤ ਬਹੁਤੇ ਪਾਠਕਾਂ ਦਾ ਪਹਿਲਾ ਪ੍ਰਤੀਕਰਮ ਸੀ ਕਿ ਇਹ ਤਸਵੀਰ ਅੰਮ੍ਰਿਤਾ ਦਾ ਭੁਲੇਖਾ ਪਾਉਂਦੀ ਹੈ। ਆਪਣੀ ਉਮਰ ਲੁਕਾਵਾਂ ਬੇਸ਼ਕ, ਇਹ ਮੈਂ ਕਦੇ ਨਹੀਂ ਸੋਚਿਆ ਪਰ ਅੰਮ੍ਰਿਤਾ ਵਰਗੀ ਦਿਸਾਂ, ਇਹ ਤਾਂ ਅਸਲੋਂ ਹੀ ਨਹੀਂ। ਮੈਂ ਫ਼ੌਰਨ ਹੀ ਵਕਤੀ ਤੌਰ ‘ਤੇ ਕਿਤਾਬ ਦੀ ਵਿਕਰੀ ਰੋਕ ਕੇ ਆਪਣੇ ਖਰਚੇ ਉਪਰ ਪੁਸਤਕ ਦਾ ਲਿਬਾਸ ਬਦਲ ਦਿੱਤਾ, ਤੇ ਨਾਲ ਹੀ ਆਪਣੀ ਤਸਵੀਰ ਵੀ।
ਹੁਣ ਜਦੋਂ ਵੀ ਉਸ ਫੋਟੋ ਨੂੰ ਗਹੁ ਨਾਲ ਵੇਖਦੀ ਹਾਂ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਸਮਰੂਪਤਾ ਜ਼ਰੂਰ ਹੈ ਕੁਝ ਪਰ ਇਹ ਸਮਰੂਪਤਾ ਨਕਸ਼ਾਂ ਜਾਂ ਮੁਹਾਂਦਰੇ ਦੀ ਨਹੀਂ ਸਗੋਂ ਇਹ ਹੈ ਸ਼ਿੱਦਤ ਦੀ ਸ਼ਿੱਦਤ ਨਾਲ, ਦਰਦ ਦੀ ਦਰਦ ਨਾਲ, ਸਾਹਸ ਦੀ ਸਾਹਸ ਨਾਲ, ਤਸ਼ੱਦਦ ਅਤੇ ਜੁਝਾਰੂ ਅਨੁਭਵ ਕਾਰਨ ਆਪਣੇ ਅੰਦਰ ਦੇ ਬਲਵਾਨ ਪੁਰਸ਼ ਪੱਖ ਦੇ ਵਿਕਸਿਤ ਹੁੰਦਿਆਂ-ਸੁੰਦਿਆਂ ਵੀ ਇਸਤਰੀਅਤ ਨੂੰ ਕਾਇਮ ਰੱਖਣ ਦੇ ਅਨੁਭਵ ਦੀ ਸਾਂਝ ਦੇ ਕਾਰਨ ਕਮਾਈ ਹੋਈ ਸਵੈ-ਭਰੋਸੇ ਦੀ ਮੁਸਕਰਾਹਟ ਦੀ ਮੁਸਕਰਾਹਟ ਨਾਲ!
ਸੰਘਣੇ ਬਦਲਾਂ ਵਿਚੋਂ ਝਾਤ ਮਾਰਦੇ ਏਕਮ ਦੇ ਚੰਨ ਵਾਂਗ ਸਭ ਤੋਂ ਵੱਧ ਦਿਲਕਸ਼ ਮੁਸਕਾਣ ਉਦਾਸ ਲੋਕਾਂ ਦੀ ਹੁੰਦੀ ਹੈ। ਫਿਲਮ ਅਭਿਨੇਤਰੀ ਮੀਨਾ ਕੁਮਾਰੀ ਦੀ ਲਕੀਰ ਜਿਹੀ ਮੁਸਕੜੀ ਇਸ ਦੀ ਲਾਜਵਾਬ ਮਿਸਾਲ ਹੈ ਜਿਸ ਦਾ ਝਾਉਲਾ ਕਦੇ-ਕਦੇ, ਕਿਸੇ-ਕਿਸੇ ਉਦਾਸ ਸੁੰਦਰੀ ਦੀਆਂ ਬੁੱਲ੍ਹੀਆਂ ਉਤੇ ਵੀ ਝਲਕ ਪੈਂਦਾ ਹੈ।
ਕੀ ਇਹ ਸੱਚ ਨਹੀਂ ਕਿ ਹਮਖ਼ਿਆਲ ਮਿੱਤਰਾਂ ਦੇ ਨਕਸ਼ਾਂ, ਚਿਹਨ-ਚੱਕਰਾਂ ਅਤੇ ਹਾਵ-ਭਾਵਾਂ ਵਿਚ ਸਹਿਜ ਸੁਭਾਅ ਹੀ ਸਮਰੂਪਤਾ ਝਲਕਣ ਲੱਗ ਪੈਂਦੀ ਹੈ? ਬੇਸ਼ਕ ਵਕਤ ਪਾ ਕੇ ਉਹ ਸਥਾਨ ਦੀ ਵਿੱਥ ਜਾਂ ਕਿਸੇ ਹੋਰ ਕਾਰਨ-ਵੱਸ ਅੱਡ ਹੀ ਹੋ ਜਾਣ, ਉਨ੍ਹਾਂ ਦਾ ਲਹਿਜ਼ਾ, ਬੋਲ-ਚਾਲ ਤੇ ਸਲੀਕਾ ਸੁੱਤੇ-ਸਿਧ ਹੀ ਇਕ-ਦੂਜੇ ਦੀ ਯਾਦ ਕਰਾਉਂਦਾ ਹੈ।
ਫਿਲਮ ਨਿਰਦੇਸ਼ਕ, ਗੁਲਜ਼ਾਰ, ਸਾਗਰ ਸਰਹੱਦੀ, ਐਸ਼ ਸਵਰਨ (ਚੇਤਨਾ), ਪ੍ਰੀਤਮ ਬੇਲੀ, ਕੇਵਲ ਸੂਰੀ, ਗੁਰਵੇਲ ਪੰਨੂੰ ਇਹ ਸਾਰੇ ਹੀ ਮੈਨੂੰ ਵੱਖ-ਵੱਖ ਪ੍ਰਸੰਗ ਵਿਚ ਅੱਡ-ਅੱਡ ਥਾਂਵਾਂ ਅਤੇ ਵਕਤ ਦੇ ਵਕਫੇ ਨਾਲ ਮਿਲੇ ਪਰ ਜਿਸ ਨੂੰ ਵੀ ਮਿਲਾਂ, ਦੂਜੇ ਦੇ ਨਕਸ਼, ਅਵਾਜ਼ ਤੇ ਅੰਦਾਜ਼ ਦਾ ਚੇਤਾ ਆਵੇ। ਜ਼ਿਕਰ ਕਰਨ ‘ਤੇ ਪਤਾ ਲੱਗਾ ਕਿ ਇਹ ਸਾਰੇ ਇਕ ਚੰਗੇ ਚੌਖੇ ਅਰਸੇ ਤੱਕ, ਜੁਆਨ ਉਮਰੇ, ਜੋਬਨ ਰੁੱਤੇ, ਮੁੰਬਈ ਸ਼ਹਿਰ ਵਿਚ ਇਕੱਠੇ ਰਹੇ, ਵਿਕਸੇ ਅਤੇ ਵਿਗਸੇ। ਗਹਿਰੇ ਮਿੱਤਰ। ਸਾਂਝੀ ਸੋਚ। ਸਾਂਝੇ ਅਨੁਭਵ।
ਅਕਸਰ ਵੇਖਣ ਵਿਚ ਆਇਆ ਹੈ ਕਿ ਅੱਡੋ-ਅੱਡ ਸੂਰਤ ਅਤੇ ਦਿੱਖ ਵਾਲੇ ਪਤੀ ਪਤਨੀ ਵੀ ਜੇ ਹਮਖ਼ਿਆਲ ਹੋਣ ਅਤੇ ਉਨ੍ਹਾਂ ਦੇ ਰਿਸ਼ਤੇ ਵਿਚ ਸੁਖਾਵਾਂ ਤਾਲਮੇਲ ਹੋਵੇ ਤਾਂ ਵਕਤ ਪਾ ਕੇ ਉਨ੍ਹਾਂ ਦੀਆਂ ਸ਼ਖਸੀਅਤਾਂ ਸਮਰੂਪ ਲੱਗਣ ਲੱਗ ਪੈਂਦੀਆਂ ਹਨ। ਜੇ ਵਿਸ਼ਾ ਵਸਤੂ ਨੂੰ ਰੂਪ ਦਿੰਦਾ ਹੈ ਤਾਂ ਕੀ ਰੂਹ ਕਲਬੂਤ ਨੂੰ ਨਹੀਂ?
ਅੰਮ੍ਰਿਤਾ ਨਾਲੋਂ ਵੱਖਰੀ ਰਹਿਣ-ਥੀਣ ਨਾਲ ਸੰਤੁਸ਼ਟ ਹੁੰਦਿਆਂ ਹੋਇਆਂ ਵੀ ਉਸ ਨਾਲ ਮੁਸਕਰਾਹਟ ਦੀ ਸਮਾਨਤਾ ਉਪਰ ਮੈਨੂੰ ਹਮੇਸ਼ਾਂ ਫ਼ਖ਼ਰ ਰਿਹਾ।
ਮੈਂ ਅੰਮ੍ਰਿਤਾ ਪ੍ਰੀਤਮ ਨੂੰ ਆਪਣੀ ਸਾਹਿਤਕ ਪਛਾਣ ਦੇ ਆਧਾਰ ‘ਤੇ ਹੀ ਮਿਲਣਾ ਚਾਹੁੰਦੀ ਸਾਂ, ਭਾਵੇਂ ਇਹ ਪਛਾਣ ਸੂਰਜ ਸਾਹਵੇਂ ਦੀਵਾ ਹੀ ਕਿਉਂ ਨਾ ਹੋਵੇ। ‘ਲੋਹਿਓਂ ਪਾਰਸ’ ਦਾ ਉਸ ਕੋਈ ਹੁੰਗਾਰਾ ਨਾ ਭਰਿਆ। ਕੀ ਪਤਾ ਬਿਨ-ਪੜ੍ਹਿਆਂ ਹੀ ਰੱਦੀ ਵਿਚ ਕੱਢ ਦਿੱਤੀ ਹੋਵੇ, ਨਿਰੂਪਮਾ ਦੱਤ ਵਾਂਗ।
ਨਵੀਂ-ਨਵੀਂ ਪੰਜਾਬ ਵਿਚ ਆਉਣ ਟਿਕਣ ਕਾਰਨ ਪੰਜਾਬੀ ਸਾਹਿਤਕਾਰਾਂ ਦੀਆਂ ਕਿਰਤਾਂ ਤਾਂ ਕੀ, ਬਾਹਲਿਆਂ ਦੇ ਨਾਂਵਾਂ ਤੋਂ ਵੀ ਅਨਜਾਣ ਸਾਂ। ਪਹਿਲੀ ਪੁਸਤਕ ਦਾ ਬੜਾ ਚਾਅ ਹੁੰਦਾ ਹੈ, ਤੇ ਉਹ ਵੀ ਜ਼ਿੰਦਗੀ ਦੇ ਤੀਜੇ ਪੜਾਅ ਵਿਚ। ਇਹ ਤਾਂ ਚਿੱਟੇ ਸਿਰ ਨਾਲ ਔਲਾਦ ਦਾ ਮੂੰਹ ਵੇਖਣ ਵਾਲਾ ਅਨੁਭਵ ਹੈ। ਇਹ ਮੇਰਾ ਨਵਾਂ ਜਨਮ ਸੀ।
ਸਾਥੀਆਂ ਮਿੱਤਰਾਂ ਤੋਂ ਪ੍ਰਾਪਤ ਸੂਚੀ ਦੇ ਆਧਾਰ ‘ਤੇ ਮੈਂ ਪੁਸਤਕਾਂ ਭੇਜ ਦਿੱਤੀਆਂ। ਇਨ੍ਹਾਂ ਵਿਚੋਂ ਇਕ ਨਾਂ ਨਿਰੂਪਮਾ ਦੱਤ ਦਾ ਵੀ ਸੀ। ਸਾਲ ਕੁ ਮਗਰੋਂ ਨਿਰੂਪਮਾ ਨੂੰ ਭੇਟਾ ਕੀਤੀ ਪੁਸਤਕ ਇਕ ਸਾਹਿਤਕਾਰ ਨੇ ਪਟੜੀ ਤੋਂ ਦਸ ਰੁਪਏ ਦੀ ਖਰੀਦ ਕੇ ਮੈਨੂੰ ਲਿਆ ਵਿਖਾਈ। ਮੈਂ ਸਾਹਿਤਕ ਰਸਮਾਂ ਤੋਂ ਨਾਵਾਕਫ਼ ਸਾਂ। ਨਾ ਤਾਂ ਮੈਨੂੰ ਇਹ ਕੋਈ ਵੱਡੀ ਗੱਲ ਲੱਗੀ, ਤੇ ਨਾ ਹੀ ਮੈਂ ਇਸ ਦਾ ਜ਼ਿਕਰ ਕਿਸੇ ਹੋਰ ਅੱਗੇ ਕੀਤਾ, ਪਰ ਇਕ ਨਿੱਕੀ ਜਿਹੀ ਲਾਪ੍ਰਵਾਹੀ ਕਾਰਨ ਸਾਹਿਤਕ ਖੇਤਰ ਵਿਚ ਨਿਰੂਪਮਾ ਨੂੰ ਕਿੱਥੇ-ਕਿੱਥੇ ਤੇ ਕੀ-ਕੀ ਸੁਣਨਾ ਪਿਆ, ਬਾਅਦ ਵਿਚ ਚੰਗੀ ਵਾਕਫ਼ ਹੋ ਜਾਣ ਉਤੇ ਨਿਰੂਪਮਾ ਨੇ ਆਪ ਹੀ ਮੈਨੂੰ ਦੱਸਿਆ।
ਲੇਖਕ ਬਾਹਲੇ ਹਨ ਤੇ ਪਾਠਕ ਥੋੜ੍ਹੇ। ਧੜਾਧੜ ਕਿਤਾਬਾਂ ਛਪਦੀਆਂ ਹਨ, ਉਤਮ ਘਟ ਤੇ ਹਲਕੀਆਂ ਵੱਧ। ਕੋਈ ਕਿਸ ਨੂੰ ਪੜ੍ਹੇ ਤੇ ਕਿਸ ਨੂੰ ਛੱਡੇ ਜਿਸ ਲੇਖਕ ਨਾਲ ਆਲੋਚਕ ਦਾ ਵੀ ਤਮਗਾ ਲੱਗ ਜਾਵੇ, ਉਸ ਦਾ ਤਾਂ ਰੱਬ ਹੀ ਰਾਖਾ। ਉਸ ਕੋਲ ਇੰਨਾ ਕੁਝ ਪੜ੍ਹਨ ਨੂੰ ਇਕੱਠਾ ਹੋ ਜਾਂਦਾ ਹੈ ਕਿ ਉਹ ਕੁਝ ਵੀ ਨਹੀਂ ਪੜ੍ਹ ਸਕਦਾ। ਇੱਦਾਂ ਉਤਮ ਸਾਹਿਤ ਵੀ ਹਲਕੇ ਸਾਹਿਤ ਦੇ ਅੰਬਾਰਾਂ ਹੇਠ ਦੱਬ ਜਾਂਦਾ ਹੈ। ਅਸਾਧਾਰਨ ਅਨੁਭਵ ਵਾਲੇ ਚੋਟੀ ਦੇ ਬੁੱਧੀਜੀਵੀਆਂ ਲਈ ਸਾਧਾਰਨ ਅਤੇ ਪੇਤਲੀ ਪੁਸਤਕ ਨੂੰ ਪੜ੍ਹਨਾ ਉਤਨਾ ਹੀ ਕਠਿਨ ਹੈ ਜਿੰਨਾ ਮਿੱਠੇ ਦੇ ਮਾਰੂ ਲਈ ਚਰਾਇਤੇ-ਕਰਾਇਤੇ ਦਾ ਘੁੱਟ ਭਰਨਾ।
ਅਤੀਤ ਵਿਚ ਡੁੱਬੀ ਹੋਈ ਕੋਲੋਂ ਵਾਰਤਕ ਦੀ ਪਹਿਲੀ ਰਚਨਾ, ਇਕ ਰੇਖਾ ਚਿੱਤਰ ਲਿਖ ਹੋ ਗਿਆ। ਇਹ ਸਾਹਿਰ ਲੁਧਿਆਣਵੀ ਨਾਲ ਸਬੰਧਤ ਸੀ, ਚਿੱਤ ਚੇਤਾ। ਮੈਂ ਆਰਸੀ ਵਿਚ ਛਪਣ ਲਈ ਭੇਜ ਦਿੱਤਾ। ਤਿੰਨ ਚਾਰ ਮਹੀਨੇ ਲੰਘ ਗਏ ਪ੍ਰਵਾਨਗੀ-ਅਪ੍ਰਵਾਨਗੀ ਦੀ ਕੋਈ ਖ਼ਬਰ ਨਾ ਆਈ। ਮੈਂ ਲੇਖ ਦੀ ਦੂਜੀ ਕਾਪੀ ਅੰਮ੍ਰਿਤਾ ਨੂੰ ਭੇਜ ਦਿੱਤੀ। ਨਾਲ ਹੀ ਸਬੰਧਤ ਨੋਟ ਸੀ- ‘ਲੇਖ ਭੇਜ ਰਹੀ ਹਾਂ, ਜੇ ਆਪ ‘ਸਮਦਰਸ਼ੀ’ ਜਾਂ ‘ਨਾਗਮਣੀ’ ਵਿਚ ਸਥਾਨ ਦੇ ਸਕੋ। ਜੇ ਨਾਮਨਜ਼ੂਰ ਹੋਵੇ ਤਾਂ ਕਿਰਪਾ ਕਰ ਕੇ ਸੂਚਿਤ ਜ਼ਰੂਰ ਕਰ ਦੇਣਾ।’ ਡੇਢ-ਦੋ ਮਹੀਨੇ ਲੰਘ ਗਏ। ਉਧਰੋਂ ਵੀ ਕੋਈ ਖ਼ਬਰ ਨਾ ਆਈ।
ਹੁਣ ਕੀ ਆਉਣੀ, ਸੋਚ ਹੀ ਰਹੀ ਸਾਂ ਕਿ ਡਾਕ ਵਿਚ ਲਿਫ਼ਾਫਾ ਮਿਲਿਆ। ਚਿੱਟਾ ਦੁੱਧ ਨਾਗਮਣੀ ਦੇ ਛਾਪੇ ਵਾਲਾ ਤੇ ਉਪਰ ਅੰਗਰੇਜ਼ੀ ਖੁਸ਼ਖ਼ਤ ਵਿਚ ਮੇਰਾ ਨਾਂ। ਲਿਫ਼ਾਫ਼ੇ ਉਪਰ ਲੱਗੇ ਇਕ ਰੁਪਏ ਦੇ ਟਿਕਟ ਉਪਰ ਡਾਕ ਵਿਭਾਗ ਦੀ ਮੋਹਰ ਨਹੀਂ ਸੀ। ਇਸ ਤੋਂ ਤਿੰਨ-ਚਾਰ ਸਾਲ ਪਹਿਲਾਂ ਦੀ ਗੱਲ ਹੈ। ਇਕ ਨਾਮਵਰ ਸਰਬਾਂਗੀ ਸਾਹਿਤਕਾਰ ਮੇਰੇ ਇਲਾਜ ਹੇਠਾਂ ਸਨ। ਹਰ ਹਫ਼ਤੇ ਦੁਆਈ ਲੈਣ ਆਉਂਦੇ। ਉਨ੍ਹਾਂ ਦੇ ਬੈਠਿਆਂ ਹੀ ਇਕ ਵੇਰਾਂ ਡਾਕ ਆਈ। ਅਣਖੋਲ੍ਹੀ ਹੀ ਮੇਜ਼ ਉਤੇ ਰੱਖ ਮੈਂ ਉਨ੍ਹਾਂ ਦੀ ਦਵਾਈ ਬਣਾਉਣ ਅੰਦਰ ਚਲੀ ਗਈ। ਹੱਥ ਵਿਚ ਸ਼ੀਸ਼ੀ ਫੜੀ ਜਦੋਂ ਪਰਤੀ ਤਾਂ ਉਨ੍ਹਾਂ ਨੇ ਹੱਸਦਿਆਂ-ਹੱਸਦਿਆਂ ਇਕ ਟਿਕਟ ਫੜਾਉਂਦਿਆਂ ਮੈਨੂੰ ਆਖਿਆ: ‘ਐਹ ਲਓ ਕਾਨਾ ਜੀ, ਇਹ ਟਿਕਟ ਤੁਸੀਂ ਮੁੜ ਵਰਤ ਸਕਦੇ ਹੋ। ਇਸ ਉਪਰ ਡਾਕ ਦੀ ਮੋਹਰ ਨਹੀਂ ਲੱਗੀ ਹੋਈ।’
ਪਹਿਲਾਂ ਵੀ ਇੰਜ ਹੁੰਦਾ ਹੋਵੇਗਾ ਪਰ ਮੇਰਾ ਇਸ ਪਾਸੇ ਕਦੇ ਧਿਆਨ ਨਹੀਂ ਸੀ ਗਿਆ। ਉਸ ਦਿਨ ਤੋਂ ਮਗਰੋਂ ਮੈਂ ਲੈਟਰ ਬਾਕਸ ‘ਚੋਂ ਡਾਕ ਕੱਢਦਿਆਂ ਸਭ ਤੋਂ ਪਹਿਲਾਂ ਲਿਫ਼ਾਫ਼ਿਆਂ ਦੀਆਂ ਟਿਕਟਾਂ ਵਲ ਹੀ ਵੇਖਦੀ ਕਿ ਉਹ ਮੁਹਰ-ਬੱਧ ਹਨ ਜਾਂ ਨਹੀਂ, ਤੇ ਬੇਮੋਹਰੀਆਂ ਟਿਕਟਾਂ ਇਕਦਮ ਲਾਹ ਲੈਂਦੀ। ਇਹ ਸਾਰੀਆਂ ਟਿਕਟਾਂ ਇਕ ਲਿਫ਼ਾਫ਼ੇ ਵਿਚ ਸੰਭਾਲ ਲੈਂਦੀ, ਵੇਲੇ ਕੁਵੇਲੇ ਲਈ। ਜਿਸ ਦਿਨ ਚਵੰਨੀ, ਅਠੰਨੀ ਜਾਂ ਰੁਪਏ ਦੋ ਦੀ ਵਾਧੂ ਕਮਾਈ ਹੋ ਜਾਂਦੀ, ਮਨ ਖੁਸ਼ ਹੁੰਦਾ। ਮੁਫ਼ਤ ਦੀ ਕਮਾਈ ਦਾ ਆਪਣਾ ਹੀ ਨਸ਼ਾ ਹੈ, ਬਚਪਨ ਵਿਚ ਪੁੱਠੇ ਹੱਥ ਉਤੇ ਲਏ ਕੁਲਫ਼ੀ ਦੇ ਝੂੰਗੇ ਵਰਗਾ ਮਜ਼ਾ।
ਹਰ ਟਿਕਟ ਲਾਹੁਣ ਵੇਲੇ ਉਸ ਸਤਿਕਾਰਤ ਸਾਹਿਤਕਾਰ ਦੀ ਯਾਦ ਵੀ ਉਸੇ ਤਰ੍ਹਾਂ ਹੀ ਆਉਂਦੀ ਰਹੀ ਹੈ ਜਿਸ ਤਰ੍ਹਾਂ ਹਰ ਚਰਨ-ਚੁੰਮਣ ਵੇਲੇ ਅੰਮ੍ਰਿਤਾ ਦੀ। æææ ਤੇ ਮੈਂ ਮਨ ਹੀ ਮਨ ਮੁਸਕਰਾ ਪੈਂਦੀ ਹਾਂ।
ਲੇਖਕ, ਕਵੀ ਜਾਂ ਕਲਾਕਾਰ ਕਿੱਥੇ-ਕਿੱਥੇ, ਕਿਸ-ਕਿਸ ਦੇ ਅੰਦਰ ਜੀ ਰਹੇ ਹੁੰਦੇ ਹਨ, ਸਾਹੋ-ਸਾਹ, ਘੁੱਟੋ-ਘੁੱਟ, ਘੜੀਓ-ਘੜੀ। ਪ੍ਰੇਤ ਜਾਂ ਦੇਵ-ਰੂਪ ਉਹ ਕੀ ਜਾਣਨ। ਉਨ੍ਹਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਉਨ੍ਹਾਂ ਦਾ ‘ਚੱਪਾ ਚੰਨ ਤੇ ਮੁੱਠ ਕੁ ਤਾਰੇ’ ਕਿਸ-ਕਿਸ ਦਾ ਅਸਮਾਨ ਮਲ ਬੈਠੇ ਹੁੰਦੇ ਨੇ।
ਲੇਖਕ ਲਿਖਦੇ ਹਨ ਤੇ ਬਸ ਲਿਖਦੇ ਹਨ- ਆਪਣੀਆਂ, ਇਕ ਦੂਜੇ ਦੀਆਂ ਜੀਵਨੀਆਂ, ਰੇਖਾ-ਚਿੱਤਰ, ਸ਼ਰਧਾਂਜਲੀਆਂ। ਇਹ ਸਭ ਕੁਝ ਕਿਸ ਹੱਦ ਤੱਕ ਸਹੀ ਹੁੰਦਾ ਹੈ ਤੇ ਕਿਸ ਹੱਦ ਤੱਕ ਭਾਜੀਆਂ ਦਾ ਆਦਾਨ-ਪ੍ਰਦਾਨ, ਕੌਣ ਜਾਣੇ। ਅਸਲੀ ਸ਼ਲਾਘਾ ਗੁੰਗੀ ਹੀ ਹੁੰਦੀ ਹੈ, ਪਾਠਕ ਮਨਾਂ ਵਿਚ। ਅਬੋਲ! ਅਸ਼ਬਦ, ਅਥਾਹ! ਸਦੀਵੀ ਸਹਿਕ!
ਅੰਮ੍ਰਿਤਾ ਵਾਲੇ ਲਿਫ਼ਾਫ਼ੇ ਦੇ ਟਿਕਟ ਉਪਰ ਵੀ ਡਾਕ-ਮੋਹਰ ਨਹੀਂ ਸੀ ਲੱਗੀ ਹੋਈ ਪਰ ਉਹ ਮੈਂ ਲਾਹ ਨਾ ਸਕੀ। ਉਹ ਉਸੇ ਤਰ੍ਹਾਂ ਹੀ ਮੇਰੇ ਅਨਮੋਲ ਪੱਤਰਾਂ ਦੀ ਫਾਈਲ ਵਿਚ ਉਸ ਦੇ ਖ਼ਤ ਨਾਲ ਨੱਥੀ ਕੀਤਾ ਹੋਇਆ ਸਾਂਭਿਆ ਪਿਆ ਹੈ। ਅੰਮ੍ਰਿਤਾ ਨੇ ਲਿਖਿਆ ਸੀ, ‘ਪਿਆਰੀ ਕਾਨਾ, ਚਿੱਤ ਚੇਤਾ ਸਿਲਸਿਲੇ ਦੀ ਕੜੀ ਵਿਚ ਤੇਰਾ ਲੇਖ ਮਿਲਿਆ। ਬੜੇ ਅਹਿਸਾਸ ਨਾਲ ਲਿਖਿਆ ਹੈ। ਛਾਪ ਰਹੀ ਹਾਂ- ਅੰਮ੍ਰਿਤਾ ਪ੍ਰੀਤਮ।
ਉਸ ਆਪਣੀ ਕਲਮ ਦੀ ਚੁੰਝ ਨਾਲ ਮੇਰਾ ਨਾਂ ਫੜਿਆ! ਉਹ ਮੈਨੂੰ ਜਾਣ ਗਈ ਸੀ, ਮੇਰੀ ਰਚਨਾ ਰਾਹੀਂ! ‘ਪਿਆਰੀ ਕਾਨਾ’ ਆਖ ਕੇ ਮੇਰੇ ਨਾਂ ਨਾਲੋਂ ਸਿੰਘ ਲਾਹ ਕੇ ਉਸ ਮੈਨੂੰ ਅਪਣੱਤ ਦਾ ਅਹਿਸਾਸ ਦਿਵਾਇਆ ਸੀ। ਮੈਂ ਗਦਗਦ ਹੋ ਗਈ।
‘ਤੁਸੀਂ ਆਪ ਖ਼ਤ ਲਿਖੋਗੇ ਤੇ ਉਹ ਵੀ ਇੰਨੇ ਨਿੱਘੇ ਸੰਬੋਧਨ ਨਾਲ? ਇਸ ਦੀ ਤਾਂ ਮੈਂ ਕਲਪਨਾ ਵੀ ਨਹੀਂ ਸਾਂ ਕਰ ਸਕਦੀ। ਮੈਨੂੰ ਤਾਂ ਕਿਸੇ ਕਲਰਕ ਦੀ ਹੱਥ-ਲਿਖਤ ਜਾਂ ਟਾਈਪ ਕੀਤੀ ਹੋਈ ਰਸਮੀ ਜਿਹੀ ਪ੍ਰਵਾਨਗੀ/ਅਪ੍ਰਵਾਨਗੀ ਦੀ ਸੂਚਨਾ ਮਾਤਰ ਦੀ ਹੀ ਉਡੀਕ ਸੀ।’ ਮੇਰੇ ਧੰਨਵਾਦੀ ਜੁਆਬ ਪੱਤਰ ਦਾ ਇਹ ਮਜ਼ਮੂਨ ਸ਼ਾਇਦ ਅੰਮ੍ਰਿਤਾ ਤੱਕ ਹਾਲੇ ਅੱਪੜਿਆ ਵੀ ਨਹੀਂ ਹੋਣਾ ਕਿ ਇਧਰੋਂ ਆਰਸੀ ਵਲੋਂ ਵੀ ਆਉਂਦੇ ਪਰਚੇ ਵਿਚ ਲੇਖ ਛਪਣ ਦੀ ਸੂਚਨਾ ਆ ਗਈ। ਰੱਬ ਸਬੱਬੀਂ ਉਸੇ ਦਿਨ ਮਿਲਣ ਆਏ ਇਕ-ਦੋ ਲੇਖਕਾਂ ਨਾਲ ਮੈਂ ਇਸ ਦਾ ਜ਼ਿਕਰ ਕੀਤਾ।
‘ਉਹ ਬੜੀ ਟੱਚੀ ਹੈ, ਹੁਣ ਸਾਰੀ ਉਮਰ ਨਾਰਾਜ਼ ਰਹੇਗੀ ਤੇਰੇ ਨਾਲ।’ ਉਨ੍ਹਾਂ ਕਿਹਾ।
‘ਕਿਹੜੀ ਉਮਰ?’æææ ਕੀ ਅੰਮ੍ਰਿਤਾ ਕਿਸੇ ਉਮਰ ਦੀ ਹੱਦ ਤੱਕ ਸੀਮਿਤ ਹੈ? ਮੈਂ ਸੋਚ ਰਹੀ ਸਾਂ।
‘ਝੱਲੀਏ, ਇਕੋ ਰਚਨਾ ਦੋ ਪਰਚਿਆਂ ਵਿਚ ਨਹੀਂ ਭੇਜੀਦੀæææ ਪ੍ਰੈਸ ਵਿਚ ਭੇਜ ਦਿੱਤਾ ਸੀ। ਵਾਪਸ ਮੰਗਾ ਲਿਆ ਹੈ।’ ਰਾਜ ਸਭਾ ਦੇ ਪੈਡ ਵਾਲੇ ਇਸ ਦੂਜੇ ਪੱਤਰ ਵਿਚ ਅੰਮ੍ਰਿਤਾ ਵੱਲੋਂ ਮਿੱਠੀ ਜਿਹੀ ਤਾੜਨਾ ਜ਼ਰੂਰ ਸੀ, ਪਰ ਗੁੱਸਾ ਨਹੀਂ। ਸਾਹਿਤਕ ਖੇਤਰ ਵਿਚ ਅੰਮ੍ਰਿਤਾ ਪ੍ਰਤੀ ਇਕ ਰੋਸ ਅਕਸਰ ਹੀ ਸੁਣਦੀ ਰਹੀ ਮੈਂ, ਕਿ ਪੰਜਾਬ ਦੀ ਤ੍ਰਾਸਦੀ ਉਪਰ ਉਸ ਇਕ ਸਤਰ ਨਾ ਲਿਖੀ। ‘ਅੱਜ ਆਖਾਂ ਵਾਰਿਸ ਸ਼ਾਹ ਨੂੰæææ’ ਦੀ ਵੰਗਾਰ ਵਾਲੀ ਅੰਮ੍ਰਿਤਾ ਖ਼ਾਮੋਸ਼ ਰਹੀ। ਇਹ ਕਿੱਥੋਂ ਤੱਕ ਸੱਚ ਹੈ?æææ ਮੈਂ ਸੋਚਦੀ।
ਇੰਨੀ ਹਸਾਸ ਔਰਤ ਕਿਵੇਂ ਬੇਲਾਗ ਰਹਿ ਸਕੀ? ਜੇ ਰਹਿ ਸਕੀ ਤਾਂ ਕੀ ਅਥਾਹ ਸਦਮੇ ਦੀ ਹਾਲਤ ਵਿਚ ਸੁੰਨ ਅਵਸਥਾ ਕਾਰਨ? ਜਿੰਨਾ ਵੀ ਸਾਹਿਤ ਉਸ ਤ੍ਰਾਸਦੀ ਦੌਰਾਨ ਲਿਖਿਆ ਗਿਆ, ਕੀ ਉਸ ਵਿਚੋਂ ਬਹੁਤਾ ਪੇਤਲਾ, ਉਪਭਾਵਕ, ਰਿਵਾਜੀ ਜਾਂ ਬਦੋਬਦੀ ਦਾ ਨਹੀਂ ਸੀ? ਕੌਣ ਤੇ ਕਿੰਨਾ ਕੁਝ ਸਮਝ ਸਕਿਆ ਹੈ, ਪੰਜਾਬ ਦੀ ਸਮੱਸਿਆ ਤੇ ਉਸ ਦੀ ਤ੍ਰਾਸਦੀ ਨੂੰ?
ਕਹਾਵਤ ਹੈ, ਭੈੜੇ ਰੋਣੇ ਤੋਂ ਚੁੱਪ ਭਲੀæææ।

ਮੈਂ ਅੰਮ੍ਰਿਤਾ ਨੂੰ ਇਹ ਵੀ ਲਿਖਿਆ ਸੀ ਕਿ ਮੈਂ ਅਗਲੇ ਮਹੀਨੇ ਦੀ ਫੇਰੀ ਦੌਰਾਨ ਉਸ ਨੂੰ ਮਿਲਣ ਜਾਵਾਂਗੀ। ਜੁਲਾਈ ਤੇ ਅਗਸਤ ਦੇ ਪੂਰੇ ਦੋ ਮਹੀਨੇ ਮੈਂ ਨੋਇਡਾ ਦੇ ਮਕਾਨ ਦੀ ਮੁੱਢਲੀ ਉਸਾਰੀ ਕਾਰਨ ਉਥੇ ਹੀ ਸਾਂ, ਪਰ ਨਾ ਮਿਲੀ। ਇੰਨੀ ਤਪਸ਼ ਨਾਲ ਝੁਲਸਦੇ ਮੌਸਮ ਵਿਚ ਅੰਮ੍ਰਿਤਾ ਨੂੰ ਮਿਲਾਂ? ਨਾ! ਨਾ! ਕੰਧਾਂ ਦੀ ਚਿਣਾਈ, ਮਿੱਟੀ ਘੱਟਾ, ਸੀਮਿੰਟ ਸਰੀਆ, ਇੱਟਾਂ ਰੋੜੇ ਤੇ ਚਿੱਕੜ ਗਾਰਿਆਂ ਦੀ ਦਲਦਲ ਵਿਚ ਫਸੀ ਹੋਈ ਹਾਲੋਂ-ਬੇਹਾਲ ਤੇ ਅੰਮ੍ਰਿਤਾ ਨੂੰ ਮਿਲਾਂ? ਨਹੀਂ! ਨਹੀਂ!
ਇਕ ਖਾਲਮਖ਼ਾਲੀ ਇਮਾਰਤ ਦੀ ਬਰਸਾਤੀ ਵਿਚ ਰਹਿੰਦੀ, ਸਟੋਵ ਉਤੇ ਰੋਟੀਆਂ ਲੂੰਹਦੀ, ਕਦੇ ਢਾਬਿਆਂ ‘ਤੇ ਖਾਂਦੀ, ਤੇ ਕਦੇ ਫ਼ਾਕੇ ਕੱਟਦੀ, ਪਾਟੀਆਂ ਖਰ੍ਹਵੀਆਂ ਅੱਡੀਆਂ ਤੇ ਘਸੀਆਂ ਘਸਮੈਲੀਆਂ ਚੱਪਲਾਂ ਧਰੀਕਦੀ ਮੈਂ ਅੰਮ੍ਰਿਤਾ ਨੂੰ ਮਿਲਣ ਜਾਵਾਂ? ਛੀ! ਛੀ!

ਇਕ ਬਜ਼ੁਰਗ ਸਾਹਿਤਕਾਰ ਕੋਲ ਬੈਠੀ ਸਾਂ, ਨੋਇਡਾ। ਉਨ੍ਹਾਂ ਅੰਮ੍ਰਿਤਾ ਦਾ ਨੰਬਰ ਘੁਮਾਇਆ।
‘ਗੱਲ ਕਰੇਂਗੀ?’ ਉਨ੍ਹਾਂ ਪੁੱਛਿਆ।
ਕੀਕੂੰ ਦੱਸਦੀ ਕਿ ਜਦ ਤਕ ਮੈਂ ਸੁਹਣੀ ਤਰ੍ਹਾਂ ਵਾਲ ਨਾ ਵਾਹੇ ਹੋਣ, ਸਾਫ਼-ਸੁਥਰੀ ਫੱਬਵੀਂ ਪੁਸ਼ਾਕ ਨਾ ਪਾਈ ਹੋਵੇ, ਮੇਰੇ ਹੋਠਾਂ ਉਤੇ ਗੁਲਾਬੀ ਭਾਅ ਨਾ ਹੋਵੇ, ਭਿੰਨੀ-ਭਿੰਨੀ, ਤਾਜ਼ੀ-ਤਾਜ਼ੀ ਮੇਰੀ ਸੁਗੰਧ ਨਾ ਹੋਵੇ ਅਤੇ ਸ਼ੀਸ਼ਾ ਮੈਨੂੰ ਪਿਆਰ ਦਾ ਹੁੰਗਾਰਾ ਨਾ ਭਰੇ, ਮੈਂ ਤਾਂ ਕਿਸੇ ਵੀ ਸਨੇਹੀ ਮਿੱਤਰ ਨੂੰ ਫੋਨ ਨਹੀਂ ਕਰ ਸਕਦੀ, ਖ਼ਤ ਨਹੀਂ ਲਿਖ ਸਕਦੀ ਤੇ ਫਿਰ ਅੰਮ੍ਰਿਤਾ ਨੂੰ? ਅਸੰਭਵ!
ਚੰਗਿਆਂ ਪਿਆਰਿਆਂ ਨਾਲ ਗੁਫ਼ਤਗੂ ਕਰਨੀ ਜਾਂ ਖ਼ਤ ਲਿਖਣਾ ਮੇਰੇ ਲਈ ਇਬਾਦਤ ਦਾ ਆਲਮ ਹੈ। ਘਰ, ਆਲਾ-ਦੁਆਲਾ, ਆਪਣੀ ਸਗਲੀ ਹੋਂਦ ਨੂੰ ਸਮੇਟ-ਸੁਆਰ, ਸਜਾ ਕੇ ਹੀ ਮੈਂ ਦੀਦਾਰ ਕਰ ਸਕਦੀ ਹਾਂ ਉਨ੍ਹਾਂ ਦੇ। ਫ਼ੋਨ ਕਰਾਂ ਜਾਂ ਚਿੱਠੀ ਪਾਵਾਂ, ਉਹ ਮੇਰੇ ਸਾਹਮਣੇ ਹੁੰਦੇ ਹਨ। ਕੋਲ, ਨਾਲ, ਸਾਹਵੇਂ, ਸਾਕਾਰ ਤੇ ਸ਼ਾਇਦ ਇਸੇ ਲਈ ਬਿਨਾਂ ਫੱਬੇ-ਸੰਵਰੇ ਮੈਥੋਂ ਸਾਹਿਤ ਸਿਰਜਣਾ ਹੋਣੀ ਵੀ ਅਸੰਭਵ ਹੈ।
ਹਿੱਸੇ ਬੁਝੇ ਸਾਡੇ ਨਕਸ਼ਾਂ ਉਪਰ
ਚੁੰਮਣ-ਰਸ ਵਰਸਾਇਓ ਨਾ
ਪ੍ਰਭ ਜੀ ਅੰਗ ਲਗਾਇਓ ਨਾ
æææ
ਜਦੂੰ ਨਵਾਂ ਫਿਰ ਜਨਮ ਹੋਵਸੀ
ਸੱਜਰਾ ਸੁੱਚੜਾ ਰੂਪ ਥੀਵਸੀ
ਹਰ ਇਕ ਅੰਗ ਸਾਡਾ
ਬੁਲ੍ਹ ਬੁਲ੍ਹ ਹੋਸੀ
ਹਰ ਇਕ ਬੁਲ੍ਹ ਫਿਰ
ਡੁਲ੍ਹ ਡੁਲ੍ਹ ਪਉਸੀ
ਰੁੱਤ ਬਸੰਤੀ ਰੁੱਤ ਬਹਾਰ
ਚੜ੍ਹਸੀ ਜੋਬਨ ਬੇਸ਼ੁਮਾਰ
ਫੁੱਟ ਫੁੱਟ ਪੈਣਾ ਅੰਗ ਰਸ ਓਦਣ
ਪੀਨਿਆਂ ਹੋਠ ਹਟਾਇਓ ਨਾ
ਫਿਰ ਆਇਓ ਤੈ ਜਾਇਓ ਨਾæææ
ਰੁੱਤ ਆਪਣਾ ਭੇਸ ਵਟਾ ਰਹੀ ਸੀ। ਮੌਸਮ ਠੰਢਾ-ਕੋਸਾ, ਚੰਗਾ ਚੰਗੇਰਾ।
“ਛੇਤੀ ਹੀ ਮਕਾਨ ‘ਘਰ’ ਬਣ ਜਾਵੇਗਾ, ਤੇ ਉਸ ਵਿਚ ਕੁਝ ਦਿਨ ਰਹਿ ਕੇ ਮੈਂ ਸੁਸਤਾਵਾਂਗੀ, ਅਲਸਾਵਾਂਗੀ, ਨਿਖਰਾਂਗੀ”æææ ਮੈਂ ਸੋਚਦੀ:
ਫਗਣੇ ਚੇਤਰੇ ਨੀ ਬਹਾਰ ਹੋਸੀ ਖਿੜੀ ਖਿੜੀ ਅਰ ਰੂਹ ਅਲਾਸੀ।
ਚਰਨ ਤੇਰੇ ਸੁੱਚੇ/ਹੋਠ ਮੇਰੇ ਜੂਠੇæææ
ਤੇ ਮੈਂ ਮਿਲਣ ਵੈਸਾਂ ਅੰਮ੍ਰਿਤਾ ਨੂੰæææ
ਰੱਬ ਖੈਰ ਕਰੇ/ਰੱਬ ਖੈਰ ਕਰੇæææ
ਮੈਂ ਗੁਣਗੁਣਾਉਂਦੀ ਰਹੀ! æææ
(ਸਮਾਪਤ)

Be the first to comment

Leave a Reply

Your email address will not be published.