ਯਾਦਗਾਰੀ ਹਾਈ ਸਕੂਲ

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਨਾਟਕਕਾਰ ਗੁਰਦਿਆਲ ਸਿੰਘ ਫੁੱਲ ਦਾ ਪਿੰਡ ਨੰਗਲ ਸ਼ਾਮਾਂ ਸੀ/ਹੈ। ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ਆਪਣੀ ਸਵੈ-ਜੀਵਨੀ Ḕਤੇਰੀਆਂ ਗਲੀਆਂḔ ਵਿਚ Ḕਯਾਦਗਾਰੀ ਹਾਈ ਸਕੂਲḔ ਨਾਂ ਦੇ ਅਧਿਆਇ ਵਿਚ ਨਾਟਕਕਾਰ ਫੁੱਲ ਤੋਂ ਇਲਾਵਾ 1962 ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ਮੇਜਰ ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਹੈ। ਆਪਣੀ ਇਸ ਸਵੈ-ਜੀਵਨੀ ਵਿਚ ਦਲਬੀਰ Ḕਪੰਜਾਬੀ ਟ੍ਰਿਬਿਊਨḔ ਵਿਚ ਛਪਦੇ ਰਹੇ ਆਪਣੇ ਹਰਮਨਪਿਆਰੇ ਕਾਲਮ Ḕਜਗਤ ਤਮਾਸ਼ਾḔ ਵਾਂਗ ਨਿਵੇਕਲੇ ਰੰਗ ਨਾਲ ਹਾਜ਼ਰ ਹੈ। ਆਪਣੀ ਧੀ ਸੁਪਨੀਤ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਹਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਇਕੱਲੇ ਨੰਗਲ ਸ਼ਾਮਾ ਪਿੰਡ ਬਾਰੇ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਨ੍ਹਾਂ ਪਿੰਡਾਂ ਦੀ ਤਾਸੀਰ ਬਦਲ ਗਈ ਹੈ ਅਤੇ ਤੱਤ ਵੀ ਬਦਲ ਰਿਹਾ ਹੈ। ਦਲਬੀਰ ਨੇ ਇਹ ਰਚਨਾ ਧੜਕਦੇ ਦਿਲ ਨਾਲ ਕੀਤੀ ਹੈ, ਇਸੇ ਲਈ ਇਸ ਨੂੰ ਪੜ੍ਹਨ-ਸੁਣਨ ਵਾਲੇ ਦਾ ਦਿਲ ਵੀ ਉਸ ਰੌਂਅ ਵਿਚ ਧੜਕਣ ਲਗਦਾ ਹੈ। -ਸੰਪਾਦਕ

ਦਲਬੀਰ ਸਿੰਘ
ਦਰਸ਼ਨ ਸਿੰਘ ਸਾਡੇ ਪਿੰਡ ਦਾ ਪਹਿਲਾ ਐਸਾ ਫੌਜੀ ਅਫ਼ਸਰ ਸੀ ਜਿਹੜਾ 1962 ਦੀ ਲੜਾਈ ਵਿਚ ਨੀਫ਼ਾ ਬਾਰਡਰ ਉਤੇ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਫੌਜ ਵਿਚ ਭਾਵੇਂ ਸਾਡੇ ਪਿੰਡ ਦੇ ਹੋਰ ਵੀ ਕਈ ਲੋਕ ਸਨ ਪਰ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲਾ ਉਹ ਪਹਿਲਾ ਬੰਦਾ ਸੀ। ਇਸ ਲਈ ਸਾਡਾ ਪਿੰਡ ਇਕ ਪਾਸੇ ਬੱਬਰ ਅਕਾਲੀ ਲਹਿਰ ਵਾਲੇ ਅੰਗਰੇਜ਼-ਭਗਤ ਨੰਬਰਦਾਰ ਬੂਟਾ ਸਿੰਘ ਕਰ ਕੇ ਜਾਣਿਆ ਜਾਂਦਾ ਸੀ, ਤੇ ਦੂਜੇ ਪਾਸੇ 1962 ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ਮੇਜਰ ਦਰਸ਼ਨ ਸਿੰਘ ਕਾਰਨ।
ਨੰਬਰਦਾਰ ਬੂਟਾ ਸਿੰਘ ਦੀ ਅੰਗਰੇਜ਼-ਭਗਤੀ ਅਤੇ ਦੋਆਬੇ ਦੇ ਪਿੰਡਾਂ ਵਿਚ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਚੱਲੀ ਬੱਬਰ ਅਕਾਲੀ ਲਹਿਰ ਵਿਚ ਸ਼ਾਮਲ ਦੇਸ਼ ਭਗਤਾਂ ਦੀ ਉਸ ਵੱਲੋਂ ਮੁਖਬਰੀ ਕੀਤੇ ਜਾਣ ਕਰ ਕੇ ਸਾਡੇ ਪਿੰਡ ਦਾ ਨਾਂ ਸਦਾ ਹੀ ਦੇਸ਼ ਭਗਤੀ ਤੋਂ ਉਲਟ ਵਾਲੇ ਪਾਸੇ ਲਿਆ ਜਾਂਦਾ ਰਿਹਾ ਹੈ। ਦੇਸ਼ ਭਗਤੀ ਦੀਆਂ ਕਿਤਾਬਾਂ ਵਿਚ ਨੰਬਰਦਾਰ ਬੂਟਾ ਸਿੰਘ ਨੂੰ ਸਦਾ ਬੂਟਾ ਨੰਬਰਦਾਰ ਹੀ ਕਿਹਾ ਜਾ ਲਿਖਿਆ ਜਾਂਦਾ ਹੈ। ਇਸ ਬੂਟਾ ਸਿੰਘ ਨੂੰ ਬੱਬਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਅਤੇ ਉਸ ਦੇ ਇਕ ਪੁੱਤਰ ਦੀ ਬਾਂਹ ਵੱਢ ਦਿੱਤੀ ਸੀ।
ਕਹਿੰਦੇ ਹਨ ਕਿ ਬੱਬਰ ਪਹਿਲਾਂ ਉਸ ਦੇ ਹਵੇਲੀ ਵਰਗੇ ਮਕਾਨ ਦੇ ਬਾਹਰ ਹੱਥ ਲਿਖਤ ਨੋਟਿਸ ਲਾ ਗਏ ਸਨ ਕਿ ਉਹ ਉਸ ਨੂੰ ਮਾਰਨ ਆਉਣਗੇ, ਪਰ ਬੂਟਾ ਨੰਬਰਦਾਰ ਨੇ ਇਸ ਵੱਲ ਬਹੁਤਾ ਧਿਆਨ ਨਾ ਦਿੱਤਾ। ਉਸ ਦਾ ਖਿਆਲ ਹੋਣਾ ਹੈ ਕਿ ਉਸ ਦੀ ਦੋਨਾਲੀ ਰਫ਼ਲ ਸਾਹਮਣੇ ਕੋਈ ਬੱਬਰ ਟਿਕ ਨਹੀਂ ਸਕੇਗਾ, ਪਰ ਬੱਬਰਾਂ ਨੇ ਅੱਧੀ ਰਾਤ ਵੇਲੇ ਹਮਲਾ ਕੀਤਾ ਤਾਂ ਪਹਿਲਾ ਵਾਰ ਖਾਲੀ ਗਿਆ। ਬੂਟਾ ਸਿੰਘ ਪਿਛਲੀ ਕੰਧ ਟੱਪ ਕੇ ਮਗਰਲੀ ਭੀੜੀ ਬੀਹੀ ਵਿਚ ਜਾ ਵੜਿਆ। ਇਕ ਬੱਬਰ ਨੇ ਪਿੱਛਾ ਕਰ ਕੇ ਕਰੀਬ ਦਸ ਘਰ ਪਰ੍ਹੇ ਜਾ ਕੇ ਉਸ ਦੇ ਦੂਜੀ ਗੋਲੀ ਦਾਗ ਦਿੱਤੀ ਸੀ।
ਪਿੰਡ ਵਿਚ ਦੇਸ਼ ਦਾ ‘ਗੱਦਾਰ’ ਹੋਣ ਕਰ ਕੇ ਵਾਸੀਆਂ ਨੂੰ ਦੇਸ਼ ਭਗਤ ਸ਼ਹੀਦ ਦੀ ਬਹੁਤ ‘ਜ਼ਰੂਰਤ’ ਮਹਿਸੂਸ ਹੁੰਦੀ ਸੀ। ਇਹ ਸ਼ਹੀਦ ਉਨ੍ਹਾਂ ਨੂੰ ਦਰਸ਼ਨ ਸਿੰਘ ਦੇ ਰੂਪ ਵਿਚ ਮਿਲਿਆ ਸੀ। ਇਸ ਲਈ ਪਿੰਡ ਵਾਸੀ ਇਹ ਗੱਲ ਬਹੁਤ ਮਾਣ ਨਾਲ ਕਿਹਾ ਕਰਦੇ ਸਨ ਕਿ ਉਨ੍ਹਾਂ ਦਾ ਪਿੰਡ ਹੁਣ ਸ਼ਹੀਦਾਂ ਦਾ ਪਿੰਡ ਹੋ ਗਿਆ ਹੈ। ਉਸ ਸ਼ਹੀਦ ਦੀ ਯਾਦ ਵਿਚ ਕੋਈ ਨਾ ਕੋਈ ਯਾਦਗਾਰ ਉਸਾਰਨ ਲਈ 1962 ਤੋਂ ਹੀ ਯਤਨ ਕੀਤੇ ਜਾਂਦੇ ਰਹੇ ਹਨ, ਪਰ ਲੰਮੇ ਸਮੇਂ ਤੱਕ ਕੋਈ ਵੀ ਯਤਨ ਸਿਰੇ ਨਹੀਂ ਸੀ ਚੜ੍ਹ ਸਕਿਆ। ਇਸ ਦਾ ਕਾਰਨ ਖਬਰੇ ਇਹੀ ਸੀ ਕਿ ਸ਼ਹੀਦ ਦਰਸ਼ਨ ਸਿੰਘ ਦੇ ਪਰਿਵਾਰ ਦੇ ਬਹੁਤੇ ਮੈਂਬਰ ਹੁਣ ਪਿੰਡ ਨਹੀਂ ਸੀ ਰਹਿ ਗਏ, ਵਿਦੇਸ਼ ਚਲੇ ਗਏ ਸਨ। ਉਨ੍ਹਾਂ ਦੇ ਵਿਦੇਸ਼ ਚਲੇ ਜਾਣ ਕਰ ਕੇ ਇਸ ਯਾਦਗਾਰ ਲਈ ‘ਹੱਲਾ’ ਮਾਰਨ ਵਾਲਾ ਕੋਈ ਨਹੀਂ ਸੀ ਰਹਿ ਗਿਆ।
ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ ਕਿ ‘ਸ਼ਹੀਦ ਦਰਸ਼ਨ ਸਿੰਘ ਯਾਦਗਾਰੀ ਹਾਈ ਸਕੂਲ’ ਕਿਸ ਦੇ ਨਾਂ ਉਤੇ ਬਣਿਆ ਹੈ ਅਤੇ ਸ਼ਹੀਦ ਦਰਸ਼ਨ ਸਿੰਘ ਨੇ ਸ਼ਹੀਦੀ ਕਿਵੇਂ ਪ੍ਰਾਪਤ ਕੀਤੀ ਸੀ। ਜੰਗਾਂ ਦਾ ਉਸ ਨੂੰ ਕੋਈ ਤਜਰਬਾ ਨਹੀਂ ਸੀ। ਟੈਲੀਵਿਜ਼ਨ ਦੇ ਕੌਮਾਂਤਰੀ ਚੈਨਲਾਂ ਉਤੇ ਭਾਵੇਂ ਸੰਸਾਰ ਦੇ ਵੱਖ-ਵੱਖ ਖੇਤਰਾਂ ਬਾਰੇ ਖਬਰਾਂ ਆਉਂਦੀਆਂ ਰਹਿੰਦੀਆਂ ਸਨ, ਪਰ ਉਸ ਦੀ ਸੁਰਤ ਵਿਚ ਕੋਈ ਵੱਡੀ ਲੜਾਈ ਸੰਸਾਰ ਵਿਚ ਕਿਤੇ ਨਹੀਂ ਸੀ ਹੋਈ। ਮਗਰੋਂ ਜਾ ਕੇ ਸੰਨ 2003 ਵਿਚ ਅਮਰੀਕਾ ਵੱਲੋਂ ਇਰਾਕ ਉਤੇ ਕੀਤੇ ਗਏ ਹਮਲੇ ਤੋਂ ਉਸ ਨੂੰ ਜ਼ਰੂਰ ਜੰਗ ਬਾਰੇ ਪਤਾ ਲੱਗਾ ਸੀ।
ਉਦੋਂ ਤੱਕ ਉਹ ਸੰਸਾਰ ਦੀ ਸਿਆਸਤ ਬਾਰੇ ਸਮਝਣ ਦੀ ਕੋਸ਼ਿਸ਼ ਕਰਨ ਲੱਗ ਪਈ ਸੀ ਅਤੇ ਉਸ ਦੇ ਆਪਣੇ ਵਿਚਾਰ ਵੀ ਬਣ ਗਏ ਸਨ, ਪਰ ਜਦੋਂ ਦੀ ਇਹ ਗੱਲ ਹੈ, ਉਦੋਂ ਤੱਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਸ਼ਮਣੀ ਦਾ ਉਸ ਨੂੰ ਪਤਾ ਲੱਗ ਗਿਆ ਹੋਇਆ ਸੀ। ਇਹ ਵੀ ਪਤਾ ਸੀ ਕਿ ਭਾਰਤ ਅਤੇ ਪਾਕਿਤਸਾਨ ਵਿਚਕਾਰ 1947 ਤੋਂ ਲੈ ਕੇ ਤਿੰਨ ਲੜਾਈਆਂ ਹੋ ਚੁੱਕੀਆਂ ਹਨ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਭਾਰਤ ਅਤੇ ਚੀਨ ਵਿਚਾਲੇ ਵੀ 1962 ਵਿਚ ਲੜਾਈ ਹੋਈ ਸੀ।
ਉਸ ਨੂੰ ਮੈਂ 1962 ਦੀ ਲੜਾਈ ਦਾ ਸੰਖੇਪ ਵੇਰਵਾ ਦੱਸਦਾ ਹਾਂ ਕਿ ਕਿਵੇਂ ਚੀਨ ਨੇ ਨਵੇਂ ਆਜ਼ਾਦ ਹੋਏ ਦੇਸ਼ ਭਾਰਤ ਨਾਲ ਦੋਸਤੀ ਵਧਾਈ। ਫਿਰ ਕਿਵੇਂ ‘ਹਿੰਦੀ ਚੀਨੀ-ਭਾਈ ਭਾਈ’ ਦਾ ਨਾਅਰਾ ਲਾਇਆ। ਕਿਵੇਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਪੰਚਸ਼ੀਲ ਦੇ ਅਸੂਲਾਂ ਦਾ ਹਲਫ਼ਨਾਮਾ ਲਿਆ। ਚੀਨੀ ਪ੍ਰਧਾਨ ਮੰਤਰੀ ਚਓ ਇਨ ਲਾਈ ਭਾਰਤ ਆਇਆ ਤਾਂ ਭਾਰਤ ਵਾਸੀਆਂ ਨੇ ਉਸ ਦਾ ਕਿੰਨਾ ਸਵਾਗਤ ਕੀਤਾ।
ਭਾਰਤ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਹਜ਼ਾਰਾਂ ਮੀਲ ਲੰਮੀ ਸਰਹੱਦ ਉਤੇ ਚੀਨੀ ਫੌਜ ਨੇ 1962 ਵਿਚ ਅਚਨਚੇਤ ਹਮਲਾ ਬੋਲ ਦਿੱਤਾ। ਕਹਿ ਇਹ ਦਿੱਤਾ ਕਿ ਇਸ ਇਲਾਕੇ ਉਤੇ ਕਿਸੇ ਵੇਲੇ ਚੀਨੀ ਸਾਮਰਾਜ ਦਾ ਅਧਿਕਾਰ ਸੀ, ਇਸ ਲਈ ਇਹ ਇਲਾਕਾ ਚੀਨ ਦਾ ਹੈ। ਭਾਰਤ ਇਸ ਲੜਾਈ ਲਈ ਤਿਆਰ ਨਹੀਂ ਸੀ। ਦੂਜੇ ਪਾਸੇ ਸਖ਼ਤ ਸਰਦੀ ਦਾ ਮੌਸਮ ਸੀ। ਭਾਰਤੀ ਫੌਜੀਆਂ ਕੋਲ ਲੜਾਈ ਲਈ ਅਸਲਾ ਤਾਂ ਇਕ ਪਾਸੇ ਰਿਹਾ, ਸਰਦੀਆਂ ਵਿਚ ਪਾਉਣ ਲਈ ਕੱਪੜੇ ਤੱਕ ਨਹੀਂ ਸਨ। ਇਸ ਲਈ ਚੀਨੀ ਹਮਲੇ ਦੀ ਰੌਸ਼ਨੀ ਵਿਚ ਭਾਰਤੀ ਫੌਜੀ ਮਰਦੇ ਵੀ ਰਹੇ ਅਤੇ ਪਿਛਾਂਹ ਵੀ ਹਟਦੇ ਰਹੇ। ਉਧਰ ਚੀਨੀ ਹਮਲੇ ਉਤੇ ਹਮਲਾ ਕਰਦੇ ਰਹੇ। ਇਸੇ ਲਈ ਭਾਰਤ ਦੀ ਲੱਖਾਂ ਮੀਲ ਧਰਤੀ ਉਤੇ ਕਬਜ਼ਾ ਕਰ ਲਿਆ। ਆਖਰਕਾਰ ਭਾਰਤ ਨੂੰ ਹੀ ਕੌਮਾਂਤਰੀ ਭਾਈਚਾਰੇ ਕੋਲ ਅਪੀਲ ਕਰ ਕੇ ਜੰਗ ਬੰਦ ਕਰਾਉਣੀ ਪਈ।
ਇਸ ਲੜਾਈ ਵਿਚ ਹੀ ਮੇਜਰ ਦਰਸ਼ਨ ਸਿੰਘ ਦੀ ਨੀਫ਼ਾ ਬਾਰਡਰ ਉਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਸ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਇਸ ਤਰ੍ਹਾਂ ਨਾਲ ਨੰਗਲ ਸ਼ਾਮਾ ਨੂੰ ਹੁਣ ਤੱਕ ਨਾਦਾਰਦ, ‘ਸ਼ਹੀਦ’ ਮਿਲ ਗਿਆ ਸੀ।
ਮੈਨੂੰ ਹੁਣ ਚੇਤਾ ਨਹੀਂ ਸੀ ਕਿ ਸ਼ਹੀਦ ਦਰਸ਼ਨ ਸਿੰਘ ਦੇ ਧੀਆਂ ਪੁੱਤਰ ਕਿੰਨੇ ਸਨ, ਪਰ ਇੰਨਾ ਜ਼ਰੂਰ ਚੇਤੇ ਹੈ ਉਸ ਦੀ ਭਰ ਜੁਆਨ ਪਤਨੀ ਕੁਝ ਚਿਰ ਸਾਡੇ ਪਿੰਡ, ਭਾਵ ਆਪਣੇ ਸਹੁਰੇ ਪਿੰਡ ਰਹਿ ਕੇ ਫਿਰ ਕਿਤੇ ਚਲੀ ਗਈ ਸੀ। ਉਸ ਦੇ ਬੱਚੇ ਬਹੁਤ ਨਿੱਕੇ-ਨਿੱਕੇ ਹੀ ਸਨ। ਇੰਨੇ ਨਿੱਕੇ ਜਿੰਨੇ ਹੁੰਦਿਆਂ ਸ਼ਹੀਦੀ ਤਾਂ ਕੀ, ਮੌਤ ਬਾਰੇ ਵੀ ਕੁਝ ਪਤਾ ਨਹੀਂ ਹੁੰਦਾ। ਫਿਰ ਪਤਾ ਲੱਗਾ ਸੀ ਕਿ ਉਹ ਅਤੇ ਉਸ ਦੇ ਜੇਠ ਦਾ ਸਾਰਾ ਪਰਿਵਾਰ ਅਮਰੀਕਾ ਜਾਂ ਕੈਨੇਡਾ ਚਲੇ ਗਏ ਸਨ।
ਸ਼ਹੀਦ ਦਰਸ਼ਨ ਸਿੰਘ ਦਾ ਨਾਂ ਅਮਰ ਕਰਨ ਲਈ ਪਿੰਡ ਵਿਚ ਬਹੁਤ ਵਾਰੀ ਸਕੀਮਾਂ ਬਣੀਆਂ ਸਨ। ਇਕ ਵਾਰੀ ਪਿੰਡ ਦੀ ਨੌਜਵਾਨ ਸਭਾ ਨੇ ਫੈਸਲਾ ਕੀਤਾ ਸੀ ਕਿ ਜਲੰਧਰ ਛਾਉਣੀ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਉਤੇ ਪਿੰਡ ਦੇ ਰਸਤੇ ਉਤੇ ਸ਼ਹੀਦ ਦੇ ਨਾਂ ਉਤੇ ਗੇਟ ਦੀ ਉਸਾਰੀ ਕਰਵਾਈ ਜਾਵੇ, ਪਰ ਇਹ ਸਕੀਮ ਸਿਰੇ ਨਹੀਂ ਸੀ ਚੜ੍ਹ ਸਕੀ। ਇਕ ਵਾਰੀ ਸ਼ਹੀਦ ਦਰਸ਼ਨ ਸਿੰਘ ਦਾ ਬੁੱਤ ਲਾਉਣ ਦੀ ਚਰਚਾ ਵੀ ਛੇੜੀ ਗਈ, ਪਰ ਨਾ ਤਾਂ ਬੁੱਤ ਲਈ ਪੈਸੇ ਸਨ ਅਤੇ ਨਾ ਹੀ ਇਹ ਸਹਿਮਤੀ ਸੀ ਕਿ ਇਹ ਬੁੱਤ ਕਿਥੇ ਲੱਗੇਗਾ। ਇਕ ਵਾਰੀ ਇਹ ਚਰਚਾ ਵੀ ਚੱਲੀ ਸੀ ਕਿ ਪਿੰਡ ਦੀ ਡਿਓਢੀ ਦੇ ਬਾਹਰ ਸ਼ਹੀਦ ਦਰਸ਼ਨ ਸਿੰਘ ਦਾ ਨਾਂ ਉਕਰ ਦਿੱਤਾ ਜਾਵੇ, ਪਰ ਇਹ ਸਕੀਮ ਵੀ ਨਾ ਚੱਲ ਸਕੀ।
ਫਿਰ ਕੀ ਹੋਇਆ? ਬੇਟੀ ਦੇ ਇਸ ਸਵਾਲ ਦੇ ਜਵਾਬ ਵਿਚ ਮੈਂ ਦੱਸਿਆ ਕਿ ਫਿਰ ਮੈਂ ਪਿੰਡ ਛੱਡ ਕੇ ਜਲੰਧਰ ਸ਼ਹਿਰ ਜਾ ਵਸਿਆ ਜਿਥੇ ਰੇਲਵੇ ਵਿਚ ਹੋਣ ਕਾਰਨ ਮੇਰੇ ਪਿਤਾ ਜੀ ਨੂੰ ਸਰਕਾਰੀ ਕੁਆਰਟਰ ਮਿਲ ਗਿਆ ਸੀ। ਫਿਰ ਜਲੰਧਰ ਹੀ ਨੌਕਰੀ ਮਿਲ ਗਈ। ਜਲੰਧਰ ਨੌਕਰੀ ਕਰਦੇ ਸਮੇਂ ਪਿੰਡ ਨਾਲ ਥੋੜ੍ਹਾ ਜਿਹਾ ਵਾਹ-ਵਾਸਤਾ ਪੈਂਦਾ ਸੀ। ਮਗਰੋਂ ਲੁਧਿਆਣੇ ਅਤੇ ਫਿਰ ਚੰਡੀਗੜ੍ਹ ਜਾਣ ਕਾਰਨ ਇੰਨਾ ਵਾਸਤਾ ਵੀ ਨਾ ਰਿਹਾ।
ਬਹੁਤ ਦੇਰ ਪਹਿਲਾਂ ਤੋਂ ਹੀ, ਜਦੋਂ ਮੈਂ ਹਾਲੇ ਪਿੰਡ ਵਿਚ ਰਹਿੰਦਾ ਸਾਂ, ਪਿੰਡ ਵਾਲੇ ਇਹ ਮੰਗ ਕਰ ਰਹੇ ਸਨ ਕਿ ਜੇ ਹਾਈ ਸਕੂਲ ਨਹੀਂ ਤਾਂ ਘੱਟੋ-ਘੱਟ ਮਿਡਲ ਸਕੂਲ ਤਾਂ ਜ਼ਰੂਰ ਹੀ ਪਿੰਡ ਵਿਚ ਹੋਵੇ। ਇਸ ਤੋਂ ਪਹਿਲਾਂ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਸਨ- ਕੁੜੀਆਂ ਤੇ ਮੁੰਡਿਆਂ ਲਈ ਵੱਖਰੇ-ਵੱਖਰੇ। ਕੁੜੀਆਂ ਦੇ ਸਕੂਲ ਦੁਆਲੇ ਚਾਰ-ਦੀਵਾਰੀ ਸੀ ਅਤੇ ਦੋ ਦਰਵਾਜ਼ੇ ਲੱਗੇ ਹੋਏ ਸਨ। ਉਸ ਦੇ ਐਨ ਨਾਲ ਲਗਦਾ ਮੁੰਡਿਆ ਦਾ ਸਕੂਲ ਹੁੰਦਾ ਸੀ। ਇਸ ਦੁਆਲੇ ਤਾਂ ਚਾਰ-ਦੀਵਾਰੀ ਨਹੀਂ ਸੀ, ਇਸ ਲਈ ਕਿਸੇ ਦਰਵਾਜ਼ੇ ਦਾ ਸਵਾਲ ਹੀ ਨਹੀਂ ਸੀ। ਕੁੜੀਆਂ ਦਾ ਸਕੂਲ ਪੰਜਵੀਂ ਅਤੇ ਮੁੰਡਿਆਂ ਦਾ ਚੌਥੀ ਜਮਾਤ ਤੱਕ ਹੁੰਦਾ ਸੀ। ਚੌਥੀ ਤੋਂ ਬਾਅਦ ਮੁੰਡਿਆਂ ਨੂੰ ਹਜ਼ਾਰੇ ਜਾਂ ਜਲੰਧਰ ਛਾਉਣੀ ਜਾਂ ਜਲੰਧਰ ਸ਼ਹਿਰ ਦੇ ਕਿਸੇ ਸਕੂਲ ਵਿਚ ਦਾਖ਼ਲਾ ਲੈਣਾ ਪੈਂਦਾ ਸੀ। ਪੰਜਵੀਂ ਤੱਕ ਪਿੰਡ ਵਿਚ ਪੜ੍ਹਨ ਮਗਰੋਂ ਬਹੁਤੀਆਂ ਕੁੜੀਆਂ ਪੜ੍ਹਾਈ ਛੱਡ ਦਿੰਦੀਆਂ ਸਨ। ਥੋੜ੍ਹੀਆਂ ਜਿਹੀਆਂ ਹੀ ਵੱਡੇ ਸਕੂਲਾਂ ਵਿਚ ਪੜ੍ਹਨ ਜਾਂਦੀਆਂ ਸਨ।
ਇਸ ਲਈ ਕੋਸ਼ਿਸ਼ਾਂ ਸਨ ਕਿ ਸਕੂਲ ਅਪਗਰੇਡ ਹੋਵੇ ਤਾਂ ਕਿ ਬੱਚੇ ਦਸਵੀਂ ਤੱਕ ਹੀ ਪਿੰਡ ਵਿਚ ਪੜ੍ਹਾਈ ਕਰ ਸਕਣ, ਪਰ ਕਿਸੇ ਨੇ ਵੀ ਅੱਗੇ ਲੱਗ ਕੇ ਇਹ ਕੰਮ ਕਰਵਾਉਣ ਲਈ ਉਦਮ ਨਹੀਂ ਕੀਤੇ। ਇਹ ਹਾਈ ਸਕੂਲ ਉਸ ਵੇਲੇ ਬਣਿਆ ਜਿਸ ਵੇਲੇ ਪੰਜਾਬ ਵਿਚ ਕਾਂਗਰਸ ਦੀ ਹਕੂਮਤ ਆ ਗਈ ਅਤੇ ਗੁਰਦੇਵ ਸਿੰਘ ਦਾ ਪੁੱਤਰ ਕੰਵਲਜੀਤ ਸਿੰਘ ਲਾਲੀ ਪਿੰਡ ਦਾ ਸਰਪੰਚ ਬਣ ਗਿਆ। ਕੰਵਲਜੀਤ ਸਿੰਘ ਦੇ ਤਾਏ ਦਾ ਪੁੱਤ ਭਰਾ ਦਲਜੀਤ ਸਿੰਘ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੀ ਧੀ ਨੂੰ ਵਿਆਹਿਆ ਹੋਇਆ ਹੈ। ਇਨ੍ਹਾਂ ਦੇ ਯਤਨਾਂ ਸਦਕਾ ਹੀ ਪਿੰਡ ਵਿਚ ਹਾਈ ਸਕੂਲ ਬਣ ਸਕਿਆ ਹੈ।
ਇਹ ਚੰਗੀ ਗੱਲ ਹੈ ਕਿ ਆਖਰਕਾਰ ਪਿੰਡ ਵਾਸੀਆਂ ਨੇ ਸ਼ਹੀਦ ਦਰਸ਼ਨ ਸਿੰਘ ਦੀ ਸਦੀਵੀ ਯਾਦ ਕਾਇਮ ਕਰਨ ਦਿੱਤੀ ਸੀ, ਪਰ ਹਾਲੇ ਵੀ ਪਿੰਡ ਦੀ ਇਕ ਹੋਰ ਸ਼ਖਸੀਅਤ ਦੀ ਸਦੀਵੀ ਯਾਦ ਕਾਇਮ ਕਰਨ ਦੀ ਜ਼ਰੂਰਤ ਹੈ। ਉਹ ਵੀ ਪੰਜਾਬੀ ਸਾਹਿਤ ਵਿਚ ਬਹੁਤ ਉਚਾ ਨਾਂ ਬਣਾਉਣ ਵਾਲੇ ਸ੍ਰੀ ਗੁਰਦਿਆਲ ਸਿੰਘ ਫੁੱਲ ਜਿਨ੍ਹਾਂ ਨੇ ਨਾਵਲ, ਨਾਟਕ, ਕਹਾਣੀਆਂ ਹੀ ਨਹੀਂ, ਸਾਹਿਤ ਦੀਆਂ ਹੋਰ ਵਿਧਾਵਾਂ ਵਿਚ ਵੀ ਲਿਖਿਆ। ਉਹ ਲਗਭਗ ਸਾਰੀ ਉਮਰ ਅੰਮ੍ਰਿਤਸਰ ਸ਼ਹਿਰ ਜਾਂ ਅੰਮ੍ਰਿਤਸਰ ਦੇ ਇਲਾਕੇ ਵਿਚ ਪੜ੍ਹਾਉਂਦੇ ਰਹੇ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇਕ ਮੁਲਾਕਾਤ ਵਿਚ ਮੇਰੇ ਕੋਲ ਗਿਲਾ ਕੀਤਾ ਕਿ ਉਨ੍ਹਾਂ ਦੇ ਪਿੰਡ ਵਾਸੀ ਉਨ੍ਹਾਂ ਨੂੰ ਚੇਤੇ ਨਹੀਂ ਕਰਦੇ। ਉਨ੍ਹਾਂ ਦੀ ਬਹੁਤ ਸੱਧਰ ਸੀ ਕਿ ਇਕ ਵਾਰੀ ਪਿੰਡ ਵਿਚ ਉਨ੍ਹਾਂ ਦਾ ਸਨਮਾਨ ਹੋਵੇ, ਪਰ ਉਨ੍ਹਾਂ ਦੀ ਇਹ ਸੱਧਰ ਉਨ੍ਹਾਂ ਦੇ ਮਨ ਵਿਚ ਰਹਿ ਗਈ।
ਅੱਜ ਕੱਲ੍ਹ ਪਿੰਡ ਦੇ ਸਾਹਿਤਕ ਮੱਸ ਰੱਖਣ ਵਾਲੇ ਕੁਝ ਨੌਜਵਾਨਾਂ ਨੇ ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸਾਹਿਤ ਸਭਾ ਬਣਾਈ ਹੈ ਜਿਸ ਵੱਲੋਂ ਹਰ ਸਾਲ ਸਮਾਗਮ ਕੀਤਾ ਜਾਂਦਾ ਹੈ। ਚਲੋ, ਮਰਨ ਤੋਂ ਬਾਅਦ ਹੀ ਸਹੀ, ਪਿੰਡ ਦੇ ਲੋਕਾਂ ਨੇ ਤਸਲੀਮ ਤਾਂ ਕੀਤਾ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਬੰਦਾ ਇੰਨਾ ਵੱਡਾ ਸਾਹਿਤਕਾਰ ਹੁੰਦਾ ਸੀ। ਬੇਟੀ ਨੂੰ ਕਹਿੰਦਾ ਹਾਂ ਕਿ ਕਿਸੇ ਦਿਨ ਮੈਂ ਮਰਹੂਮ ਗੁਰਦਿਆਲ ਸਿੰਘ ਫੁੱਲ ਬਾਰੇ ਵੀ ਵੇਰਵੇ ਨਾਲ ਦੱਸਾਂਗਾ ਕਿਉਂਕਿ ਜੇ ਸ਼ਹੀਦ ਦਰਸ਼ਨ ਸਿੰਘ ਪਿੰਡ ਦਾ ਮਾਣ ਸੀ ਤਾਂ ਗੁਰਦਿਆਲ ਸਿੰਘ ਫੁੱਲ ਉਸ ਤੋਂ ਵੀ ਵੱਡਾ ਮਾਣ ਸੀ ਅਤੇ ਇਹ ਗੱਲ ਕਿੰਨੇ ਕਮਾਲ ਦੀ ਹੈ ਕਿ ਮਰਹੂਮ ਗੁਰਦਿਆਲ ਸਿੰਘ ਫੁੱਲ ਦੀ ਯਾਦ ਵਿਚ ਹਰ ਸਾਲ ਹੋਣ ਵਾਲਾ ਸਮਾਗਮ ਸ਼ਹੀਦ ਦਰਸ਼ਨ ਸਿੰਘ ਦੇ ਨਾਂ ਉਤੇ ਬਣੇ ਸਕੂਲ ਦੇ ਵਿਹੜੇ ਵਿਚ ਹੁੰਦਾ ਸੀ।
(ਚੱਲਦਾ)

Be the first to comment

Leave a Reply

Your email address will not be published.