ਐਸ਼ ਅਸ਼ੋਕ ਭੌਰਾ
ਮਕਾਨ ਭਾਵੇਂ ਕਈ ਮੰਜ਼ਿਲਾ ਹੋਵੇ, ਬੂਹਾ ਭਾਵੇਂ ਕਿੱਡਾ ਮਰਜ਼ੀ ਵੱਡਾ ਹੋਵੇ, ਸਭ ਤੋਂ ਪਹਿਲਾਂ ਤਾਲਾ ਹੀ ਦਿਸੇਗਾ। ਵਿਆਹ ਕਰਵਾ ਕੇ ਪਤੀ-ਪਤਨੀ ਕੱਢ ਤਾਂ ਸਾਰੀ ਉਮਰ ਲੈਂਦੇ ਹਨ, ਪਰ ਚੇਤਾ ਦੋਹਾਂ ਨੂੰ ਮਕਲਾਵੇ ਵਾਂਗ ਕੁਝ ਦਿਨਾਂ ਦਾ ਹੀ ਹੁੰਦਾ ਹੈ। ਅਸਲ ਵਿਚ ਬੰਦਾ ਜਦੋਂ ਆਪ ਆਪਣੀ ਜ਼ਿੰਦਗੀ ਨਾਲ ਆਹਮੋ-ਸਾਹਮਣੇ ਹੋਵੇ, ਫਿਰ ਪਤਾ ਲਗਦਾ ਹੈ ਕਿ ਤਿੰਨ ਦੂਣੀ ਪੰਜ ਵੀ ਹੋ ਸਕਦੇ ਹਨ।
ਪੰਜਾਬੀਆਂ ਬਾਰੇ ਕਹਾਵਤ ਹੈ ਕਿ ਇਨ੍ਹਾਂ ਨੇ ਜਿੱਧਰ ਨੂੰ ਵੀ ਮੂੰਹ ਸਿੱਧਾ ਕੀਤਾ, ਰਾਹਾਂ ਦੀਆਂ ਜਰਨੈਲੀ ਸੜਕਾਂ ਹੀ ਬਣਾ ਦਿੱਤੀਆਂ। ਇਸ ਲਈ ਦੁਨੀਆਂ ਵਿਚ ਸਭ ਤੋਂ ਵੱਧ ਪੰਜਾਬੀ ਇਕੋ ਥਾਂ ਇਕੱਠੇ ਮਿਲਣਗੇ ਤਾਂ ਉਹ ਮੁਲਕ ਇੰਗਲੈਂਡ ਹੀ ਹੋ ਸਕਦਾ ਹੈ, ਤੇ ਸਾਡੇ ਪੇਂਡੂ ਲੋਕਾਂ ਲਈ ਕਿਸੇ ਵਕਤ ਪੈਸਾ ਕਮਾਉਣ ਜਾਂ ਰੰਗ ਰੂਪ ਪੱਖੋਂ ਸੋਹਣੇ ਹੋਣ ਦਾ ਸਭ ਤੋਂ ਵੱਡਾ ਬਿਊਟੀ ਪਾਰਲਰ ਵਲੈਤ ਹੀ ਰਿਹਾ ਹੈ। ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿਚੋਂ ਵੀ ਹਾਂ ਜਿਨ੍ਹਾਂ ਨੇ ਮਾਨਚੈਸਟਰ ਤੋਂ ਗਲਾਸਗੋ ਤੱਕ ਵੀ ਇਹ ਮੁਲਕ ਵੇਖ ਲਿਆ ਹੈ, ਤੇ ਸਾਊਥਾਲ ਤੇ ਬਰਮਿੰਘਮ ਦੀਆਂ ਭੀੜ-ਭੜੱਕੇ ਵਾਲੀਆਂ ਥਾਂਵਾਂ ‘ਤੇ ਮੋਢੇ ਮਾਰੇ ਤਾਂ ਨਹੀਂ ਹੋਣੇ, ਮੋਢੇ ਵੱਜਦੇ ਜ਼ਰੂਰ ਦੇਖੇ ਹਨ। ਉਂਜ ਚੇਤੇ ਵਿਚ ਜੇ ਉਥੋਂ ਦਾ ਬਹੁਤਾ ਕੁਝ ਵਸਿਆ ਹੋਇਆ ਹੈ ਤਾਂ ਉਹ ਇਹੋ ਕਿ ਇੰਨਾ ਮੈਂ ਪੰਜਾਬ ਵਿਚਲੇ ਗਾਇਕਾਂ-ਪੱਤਰਕਾਰਾਂ ਵਿਚ ਨਹੀਂ ਵਿਚਰਿਆ, ਜਿੰਨਾ ਵਲੈਤੀ ਗਵੱਈਆਂ ਨਾਲ ਗਹਿਗੱਚ ਹੁੰਦਾ ਰਿਹਾ ਹਾਂ। ਮਹਿੰਗੀ ਕਮੀਜ਼ ਦੇ ਬਟਨ ਵੀ ਜੇ ਬੇਤਰਤੀਬੇ ਲੱਗ ਜਾਣ ਤਾਂ ਲੋਕ ਖਿੜ ਕੇ ਹੱਸਣ ਦਾ ਅਨੰਦ ਲੈਂਦੇ ਹਨ। ਇਸੇ ਲਈ ਵਲੈਤ ਦੀਆਂ ਸੰਗੀਤਕ ਘੜੀਆਂ ਦਾ ਸਤਿਸੰਗ ਕਰਨ ਤੋਂ ਪਹਿਲਾਂ ਇਹ ਦੱਸਣਾ ਠੀਕ ਰਹੇਗਾ ਕਿ ਜਿਸ ਇੰਗਲੈਂਡ ਵਿਚ ਮੈਂ ਦੋ ਦਰਜਨ ਤੋਂ ਵੱਧ ਵਾਰ ਰਿਹਾਂ, ਉਹਦੇ ਜਾਣ ਦਾ ਕਾਰਨ ਕੀ ਸੀ?
ਬੋਲੀ ਜਾਂ ਤਾਅਨਾ ਭਾਵੇਂ ਅਮੀਰ, ਗਰੀਬ ਨੂੰ ਮਾਰੇ; ਸੀਨਾ ਸਾਰਿਆਂ ਦਾ ਹੀ ਸੜ ਕੇ ਸੁਆਹ ਹੁੰਦਾ ਹੈ। ਆਪਣੇ ਪਿੰਡ ਦੀ ਸਹਿਕਾਰੀ ਸਭਾ ਵਿਚ ਮੈਂ ਇਮਤਿਹਾਨ ਤੇ ਕਲਾਸਾਂ ਸ਼ੁਰੂ ਹੋਣ ਦਰਮਿਆਨ ਬਚਦੇ ਸਮੇਂ ਦੌਰਾਨ ਹਿਸਾਬ-ਕਿਤਾਬ ਕਰਨ ਦੀ ਨੌਕਰੀ ਕਰਨ ਲੱਗ ਪਿਆ। ਸਾਡੇ ਪਿੰਡ ਦਾ ਲਾਲਾ ਪਿਆਰੇ ਲਾਲ ਉਥੇ ਪੈਸੇ ਜਮ੍ਹਾਂ ਕਰਵਾਉਣ ਆਇਆ। ਜਦੋਂ ਉਹਨੇ ਮੈਨੂੰ ਪੈਸੇ ਜਮ੍ਹਾਂ ਕਰਨ ਲਈ ਦਿੱਤੇ ਤਾਂ ਪੂਰਾ ਲੱਖ ਰੁਪਿਆ। ਲੱਖ ਰੁਪਿਆ ਮੈਂ ਵੇਖਿਆ ਵੀ ਪਹਿਲੀ ਵਾਰ ਸੀ, ਤੇ ਉਹ ਵੀ ਤਿੰਨ ਸੌ ਰੁਪਏ ਮਹੀਨਾ ਨੌਕਰੀ ਕਰਨ ਵਾਲੇ ਲਈ ਇਹ ਕਾਰੂੰ ਬਾਦਸ਼ਾਹ ਦਾ ਹੀ ਖਜ਼ਾਨਾ ਸੀ। ਲਾਲਾ ਕਿਉਂਕਿ ਗਰੀਬ ਗੁਰਬਿਆਂ ਦੇ ਗਹਿਣੇ, ਵਾਲੀਆਂ, ਕਾਂਟੇ ਰੱਖ ਕੇ ਵਿਆਜ ਦੀ ਕਮਾਈ ਕਰਦਾ ਸੀ, ਪਰ ਉਹਦਾ ਰੰਗ ਹੋਰ ਗੋਰਾ ਹੋਇਆ ਵੇਖ ਕੇ ਮੈਂ ਪੁੱਛਿਆ, “ਲਾਲਾ ਜੀ, ਬੜੇ ਚਿੱਟੇ ਹੋ ਗਏ ਓਂ।”
ਰੁਤਬੇ ਦਾ ਅਹਿਸਾਸ ਕਰਵਾਉਂਦਿਆਂ ਕਹਿਣ ਲੱਗਾ, “ਵਲੈਤੋਂ ਆਇਐਂ।”
ਸਹਿਜ-ਸੁਭਾਅ ਮੇਰੇ ਮੂੰਹੋਂ ਨਿਕਲ ਗਿਆ, “ਲਾਲਾ ਜੀ, ਮੈਂ ਵੀ ਕਿਤੇ ਜਾਣੈ ਵਲੈਤ ਨੂੰ।”
ਉਹਦੀ ਪੂਛ ਨੂੰ ਤਾਂ ਆਏਂ ਅੱਗ ਪੈ ਗਈ ਜਿਵੇਂ ਪੈਟਰੋਲ ਛਿੜਕ’ਤਾ ਹੋਵੇ। ਉਹ ਬਹੁਤਾ ਇਸ ਕਰ ਕੇ ਵੀ ਭੁੜਕ ਗਿਆ ਸੀ ਕਿ ਪਿੰਡ ਦੇ ਸਾਡੇ ਸਮੇਤ ਦੋ-ਚਾਰ ਘਰ ਹੀ ਸਨ ਜਿਹੜੇ ਉਹਦੇ ਕਰਜ਼ੇ ਵਾਲੇ ਜਬਾੜੇ ਹੇਠ ਨਹੀਂ ਸਨ। ਕਹਿਣਾ ਲੱਗਾ, “ਓਹ ਚੱਕਿਆ ਵਲੈਤ ਦਿਆ! ਕਦੇ ਚੰਡੀਗੜ੍ਹ ਗਿਐਂ? ਪਿੰਡ ਦਾ ਸ਼ਹਿਰ ਤੱਕ ਟਾਂਗਾ ਮਿਲ ਜਾਂਦੈæææ ਇਹ ਥੋੜ੍ਹੈæææ ਜਹਾਜ਼ ਦੀਆਂ ਗੱਲਾਂ ਕਰਦੈ।”
ਏæਕੇæ ਸੰਤਾਲੀ ਤਾਂ ਕਿਤੇ ਬਾਅਦ ਵਿਚ ਆਈ, ਪਰ ਇਹਦੇ ਬੋਲਾਂ ਦੇ ਬਰਸਟ ਨਾਲ ਮੇਰੀ ਛਾਤੀ ਨਿੱਕੀ ਉਮਰੇ ਛਲਣੀ ਹੋ ਗਈ ਸੀ। ਰਾਂਝਾ ਤਖ਼ਤ ਹਜ਼ਾਰਾ ਛੱਡ ਕੇ ਹੀਰ ਲੱਭਣ ਸਿਆਲੀਂ ਨਾ ਜਾਂਦਾ, ਜੇ ਭਾਬੀਆਂ ਮਿਹਣਾ ਨਾ ਮਾਰਦੀਆਂ! ਮੇਰੀ ਵਿਦਿਅਕ ਯੋਗਤਾ ਕਰ ਕੇ ਕਈ ਰਿਸ਼ਤੇਦਾਰ ਕਹਿ ਦਿਆ ਕਰਦੇ ਸਨ ਕਿ ਓਵਰਸੀਅਰ ਲੱਗ ਕੇ ਪੈਸੇ ਵੱਢੂ, ਪਰ ਮੈਂ ਬਿਨਾਂ ਤੇਲ ਦੀ ਮਾਲਿਸ਼ ਦੇ ਸਾਰਿਆਂ ਦੇ ਹੱਥੋਂ ਨਿਕਲ ਕੇ ਆਪਣੇ ਰਾਹ ਤੁਰ ਪਿਆ।
ਇਸ ਤਾਅਨੇ ਨੇ ਮੇਰੀ ਜ਼ਿੰਦਗੀ ਵਿਚ ਤਬਦੀਲੀ ਲਿਆਂਦੀ। ਇੰਗਲੈਂਡ ਵਿਚ ਕੇਟਰਿੰਗ ਦਾ ਧਨਾਢ ਸੁਖਦੇਵ ਕੋਮਲ ਸੀ ਮੈਨੂੰ ਸਪਾਂਸਰ ਕਰਨ ਵਾਲਾ। ਦਿੱਲੀ ਨੂੰ ਆਇਆ ਜਦੋਂ ਮੈਂ ਇੰਗਲੈਂਡ ਪਹੁੰਚਿਆ ਤਾਂ ਗੁਆਂਢੀਆਂ ਦੇ ਦੋ ਡਿਜਟ (27) ਨੰਬਰ ‘ਤੇ ਬੇਬੇ ਨੂੰ ਦੱਸਿਆ, ਤਾਂ ਉਹ ਖੁਸ਼ ਹੋਣ ਦੀ ਥਾਂ ਗੁੱਸੇ ਵਿਚ ਬੋਲੀ, “ਵੇ ਚੱਕਿਆ ਵਲੈਤ ਦਿਆ! ਅਸੀਂ ਨਹੀਂ ਖਾਣੀ ਸੋਨੇ ਦੀ ਥਾਲੀ ਵਿਚ ਰੋਟੀ, ਸਾਡੇ ਲਈ ਹੱਥ ਹੀ ਰਿਜਕ ਐ ਤੇ ਹੱਥ ਹੀ ਥਾਲ। ਪੇ ਤੇਰਾ ਸਿਰ ‘ਤੇ ਨ੍ਹੀਂ, ਹਜਾਜ (ਜਹਾਜ਼) ਦਾ ਕਿਰਾਇਆ ਕੌਣ ਦਵੇਗਾ? ਮੁੜਿਆ ਘਰ ਨੂੰ ਆਪੇ ਲਾਹ ਕਰਜਾ।”
ਉਦੋਂ ਮੈਨੂੰ ਲੱਗਾ ਸੀ ਕਿ ਗਰੀਬ ਨੂੰ ਸੋਨਾ ਵੀ ਭਾਰਾ ਕਿਉਂ ਲਗਦਾ ਹੁੰਦਾ।
ਚਿੱਤ ਨੂੰ ਫਿਰ ਝੋਰਾ ਵੀ ਲੱਗ ਗਿਆ ਕਿ ਚਲੋ, ਲਾਲੇ ਦੀ ਹੇਂਅ ਤਾਂ ਪੁਗਾ’ਤੀ, ਪਰ ਜਿਹੜਾ ਵੀਹ ਹਜ਼ਾਰ ਜਹਾਜ਼ ਦੇ ਕਿਰਾਏ ਸਣੇ ਸਿਰ ਚੜ੍ਹਾ ਲਿਆ, ਉਹ ਕਿਹੜੀ ਭੂਆ ਦਊ। ਖੈਰ! ਗਾਇਕਾਂ ਵਿਚ ਰਹਿਣ ਦੀਆਂ ਦੋ ਘਟਨਾਵਾਂ ਮੈਨੂੰ ਇਨ੍ਹਾਂ ਨਾਲ ਲੱਖਾਂ ਗਿਲੇ-ਸ਼ਿਕਵੇ ਹੋਣ ਦੇ ਬਾਵਜੂਦ ਤਿਹੁ ਵਿਚ ਗੁੱਟ ਕਰ ਦਿੰਦੀਆਂ ਹਨ। ਇਕ ਤਾਂ ਇਹ ਕਿ ਗਾਇਕਾਂ ਨੇ ਕਾਰ ਭੇਟ ਕਰ ਕੇ ਸਟੇਅਰਿੰਗ ਮੇਰੇ ਹੱਥ ਦਿੱਤਾ, ਤੇ ਦੂਜਾ ਜਦੋਂ ਵਲੈਤ ਆਉਣ ਦੇ ਚਾਅ ਵਿਚ ਕਰਜ਼ਾ ਨਾਸਾਂ ਨੂੰ ਚੜ੍ਹਿਆ ਤਾਂ ਇਨ੍ਹਾਂ ਨੇ ਬਿੰਦ ਵਿਚ ਲਾਹ’ਤਾ।
ਇੰਗਲੈਂਡ ਆਉਣ ਵੇਲੇ ਲਿਖਣ ਦੇ ਖੇਤਰ ਵਿਚ ਮੇਰੇ ਪੈਰ ਟਿਕ ਗਏ ਸਨ, ਅਖ਼ਬਾਰਾਂ ਦੇ ਸੰਪਾਦਕ ਮੇਰੇ ਸ਼ਬਦਾਂ ਨਾਲ ਮੁਹੱਬਤ ਕਰਨ ਲੱਗ ਪਏ ਸਨ। ਗਾਉਣ ਵਾਲਿਆਂ ਬਾਰੇ ਸ਼ਮਸ਼ੇਰ ਸੰਧੂ ਤੋਂ ਬਾਅਦ, ਪਰ ਵੱਧ ਲਿਖਣ ਦੀ ਭਲਵਾਨਾਂ ਵਾਂਗ ਰੁਮਾਲੀ ਮੇਰੇ ਕੋਲ ਸੀ।
ਸੁਖਦੇਵ ਕੋਮਲ ਨੇ ਮੇਰੇ ਆਉਣ ਬਾਰੇ ਆਪਣੇ ਪੱਬ ਵਿਚ ਬੈਠਿਆਂ ਜਦੋਂ ਮਲਕੀਤ ਨਾਲ ਫੋਨ ‘ਤੇ ਗੱਲ ਕੀਤੀ, ਤਾਂ ਰੱਬ ਦੀ ਸਹੁੰ! ਉਸ ਗੱਲਬਾਤ ਨੂੰ ਇਨ-ਬਿਨ ਬਿਆਨ ਕਰਨ ਲੱਗਾ ਹਾਂæææ
“ਮਲਕੀਤ ਆਪਣੇ ਕੋਲ ਅਖ਼ਬਾਰ ਵਿਚ ਲਿਖਣ ਵਾਲਾ ਅਸ਼ੋਕ ਆਇਆ ਹੋਇਐ।” ਸੁਖਦੇਵ ਨੇ ਊਂ ਈ ਸੁਲ੍ਹਾ ਮਾਰੀ। ਉਦੋਂ ਹਾਲੇ ਮਲਕੀਤ ਦੀ ‘ਤੂਤਕ ਤੂਤੀਆਂ’ ਨਾਲ ਪੂਰੀ ਚੜ੍ਹਾਈ ਨਹੀਂ ਸੀ ਹੋਈ, ਤੇ ਗੋਲਡਨ ਸਟਾਰ ਟਾਈਟਲ ਉਹਦੇ ਰਿਸ਼ਤੇਦਾਰ ਤਰਲੋਚਨ ਬਿਲਗੇ ਦਾ ਸੀ, ਪਰ ਉਨ੍ਹਾਂ ਦਿਨਾਂ ਵਿਚ ਉਹ ਅਲੱਗ-ਅਲੱਗ ਜ਼ਰੂਰ ਹੋ ਗਏ ਸਨ।
ਫੋਨ ‘ਤੇ ਮਲਕੀਤ ਦਾ ਜੁਆਬ ਸੁਣੋ, “ਸੁਖਦੇਵ, ਅਸ਼ੋਕ ਭੌਰੇ ਦੀ ਗੱਲ ਕਰਦੈਂ?”
“ਹਾਂ।”
“ਬੁਲਾ ਸਾਰਿਆਂ ਨੂੰ, ਮਾਣ-ਸਨਮਾਨ ਕਰਦੇ ਆਂ ਉਹਦਾ।”
ਤੇ ਸਨਿਚਰਵਾਰ ਦੀ ਸ਼ਾਮ ਦਾ ਸਮਾਂ ਤੈਅ ਹੋ ਗਿਆ।
ਵੀਹ ਦਿਨ ਮੈਂ ਰਹਿਣਾ ਸੀ, ਸੁਖਦੇਵ ਨੇ ਚਲੋ ਪੱਬਾਂ ਵਿਚ ਬੀਅਰ ਦੇ ਗਲਾਬ ਭਰਨ ਤਾਂ ਰੱਖ ਲਿਆ ਸੀ, ਪਰ ਖਰਚਾ ਪੂਰਾ ਹੋਣ ਦੀ ਆਸ ਨਹੀਂ ਸੀ। ਫਿਰ ਸੋਚਿਆ, ਚਲੋ ਮਲਕੀਤ ਹੋਰੀਂ ਜਿਹੜੀ ਟਰਾਫ਼ੀ ਜਾਂ ਸ਼ਾਲ ਦੇਣਗੇ, ਉਹ ਤਾਂ ਮਾਂ ਨੂੰ ਜਾ ਕੇ ਵਿਖਾਵਾਂਗਾ, ‘ਵੇਖ ਮਾਂ! ਵਲੈਤੋਂ ਲੈ ਕੇ ਆਇਆਂ।’æææ ਨਾਲੇ ਲਾਲੇ ਦੇ ਮੂੰਹ ‘ਤੇ ਪੈਂਟ ਆਲੀ ਜਿੱਪ ਲੱਗ ਜੂ। ਉਂਜ ਮੈਨੂੰ ਲਗਦਾ ਸੀ ਵਿਆਜ ਸਮੇਤ ਸੁਲੱਖਣ ਤਾਂ ਮੂਲਧਨ ਵੀ ਵਾਪਸ ਨਹੀਂ ਲਿਜਾ ਸਕਾਂਗਾ।
ਇੰਗਲੈਂਡ ਵਿਚ ਮੇਰੀ ਜ਼ਿੰਦਗੀ ਦੀ ਇਸ ਪਹਿਲੀ ਮਹਿਫ਼ਿਲ ਵਿਚ ਉਦੋਂ ਮਲਕੀਤ ਤਾਂ ਆਇਆ ਸੀ, ਤਰਲੋਚਨ ਬਿਲਗਾ ਵੀ ਆਇਆ, ਭੁਝੰਗੀ ਗਰੁਪ ਵਾਲਾ ਰਾਮ ਕਿਸ਼ਨ ਵੀ, ‘ਅਪਨਾ ਸੰਗੀਤ’ ਵਾਲਾ ਕੁਲਵੰਤ ਭੰਵਰਾ ਵੀ, ਗੀਤਕਾਰ ਬੱਲ ਸਿੱਧੂ ਵੀ, ਗਾਇਕਾ ਰਾਣੀ ਵੀ, ਢੋਲੀ ਗੁਰਚਰਨ ਮੱਲ ਵੀ, ਉਨ੍ਹੀਂ ਦਿਨੀਂ ‘ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿਚ ਆ’ ਨਾਲ ਪੂਰੀ ਚੜ੍ਹਾਈ ‘ਤੇ ਬੈਠਾ ਏæਐਸ਼ ਕੰਗ ਵੀ, ਕਈ ਸਾਜ਼ੀ ਵੀ ਆ ਗਏ ਤੇ ਦੋ-ਚਾਰ ਗਾਇਕਾਂ ਦੇ ਮਿੱਤਰ। ਲਿਖਦਾ ਤਾਂ ਮੈਂ ਸ਼ਾਇਦ ਉਦੋਂ ਵੀ ਕੱਚਾ ਪਿੱਲਾ ਹੀ ਹੋਵਾਂਗਾ, ਪਰ ਜਿਹੜੀ ਵਡਿਆਈ ਮਿਲੀ, ਉਹ ਸੋਹਣੀ ਦੇ ਪੱਕੇ ਘੜੇ ਵਰਗੀ ਲੱਗੀ।
ਹਾਲਾਤ ਪੁੱਠੇ ਜਿਹੇ ਸਨ, ਮੈਨੂੰ ਲੱਗ ਰਿਹਾ ਸੀ ਕਿ ਸਿਆਣਿਆਂ ਵਿਚ ਨਿਆਣਾ ਮੁੱਖ ਮਹਿਮਾਨ ਬਣ ਗਿਆ ਸੀ। ਚੱਲੋ! ਉਹ ਰਵਾਇਤੀ ਪੰਜਾਬੀ ਸੁਭਾਅ ਮੂਜਬ ਸਿਫ਼ਤਾਂ ਵਾਲੀ ਚਰਚਾ ਦੀ ਬੂੰਦੀ, ਗਾਇਕੀ ਦੇ ਲੱਡੂ ਵੱਟਣ ਲਈ ਨਿਕਲਦੀ ਰਹੀ। ਗੀਤ-ਸੰਗੀਤ ਦਾ ਦੋ ਕੁ ਘੰਟੇ ਦੌਰ ਚੱਲਿਆ, ਸਥਾਨ ਦਾ ਚੇਤਾ ਹੀ ਨਹੀਂ ਰਿਹਾ। ਥਾਂ ਸੀ ਬਰਮਿੰਘਮ ਦਾ ਕੁਈਨਜ਼ ਰੈਸਟੋਰੈਂਟ। ਸ਼ਾਲ ਮਿਲੀ, ਕੋਟ ਪੈਂਟ ਵੀ ਤੇ ਨਾਲ ਚਿੱਟਾ ਲਫ਼ਾਫ਼ਾ ਵੀ। ਫਿਰ ਤੁਰਨ ਲੱਗਿਆਂ ਮੇਰੀ ਜੇਬ ਕੰਗ ਨੇ ਵੀ ਹੱਥ ਪਾਇਆ, ਬਿਲਗੇ ਨੇ ਵੀ, ਰਾਣੀ ਨੇ ਵੀ ਤੇ ਹੋਰਨਾਂ ਵੀ ਕਈਆਂ ਨੇ।
ਸੋਲਵੇਂ ਦਿਨ ਜਦੋਂ ਪਿੰਡ ਪਰਤਿਆਂ ਤਾਂ ਕਈ ਗੱਲਾਂ ਹੋਈਆਂ। ਕੁਆਰੇ ਨੂੰ ਵੀਜ਼ਾ ਕਿਵੇਂ ਮਿਲ ਗਿਆ? ਬੈਂਕ ਖਾਤਾ ਤਾਂ ਇਹਦਾ ਊਂ ਹੀ ਨ੍ਹੀਂ ਹੋਣਾ? ਇਸ ਮੁੰਡੇ ਨੇ ਸਿਰ ਕੱਢ ਜਾਣੈ, ਤੇ ਉਹ ਵੀ ਯਾਦ ਹੈ ਜਦੋਂ ਕੁਝ ਦਿਨਾਂ ਬਾਅਦ ਘਰ ਵਿਚ ਬੇਬੇ ਦੀ ਰੱਖੀ ਗਾਂ ਲਈ ਕਮਾਦ ਛਿੱਲਣ ਗਿਆ ਤਾਂ ਮਾਲਕ ਨੇ ਜਿਵੇਂ ਈਰਖਾ ਨਾਲ ਭਰੀ ਪੂਰੀ ਕੂਹਣੀ ਬੱਖੀ ਵਿਚ ਮਾਰ ਦਿੱਤੀ ਹੋਵੇ। ਕਹਿਣ ਲੱਗਾ, “ਯਾਰ ਤੁਸੀਂ ਗਧੇ ਵਾਂਗ ਪੈਸੇ ਦੇ ਦੁਲੱਤੇ ਮਾਰਦੇ ਹੋ। ਗਿਆ ਸੀ ਤਾਂ ਰਹਿ ਲੈਂਦਾ ਵਲੈਤ ਵਿਚ, ਕਮਾਉਂਦਾ ਪੌਂਡ। ਮੁੜ ਕੇ ਤੂੰ ਕਿਤੇ ਡੀæਸੀæ ਲੱਗਣਾ ਸੀ।” ਪਰ ਉਹਨੂੰ ਮੈਂ ਕੀ ਦੱਸਦਾ ਕਿ ਮਿੱਤਰਾ! ਪੰਦਰਾਂ ਦਿਨਾਂ ਲਈ ਗਿਆ ਸਾਂ; ਪੰਜ ਸੌ ਮਲਕੀਤ ਦੇ ਗਿਆ, ਦੋ ਸੌ ਬਿਲਗਾ, ਢਾਈ ਸੌ ਕੰਗ, ਸੌ ਸੁਖਦੇਵ ਤੇ ਪੰਜਾਹ-ਪੰਜਾਹ ਕਈ ਹੋਰ। ਪੰਤਾਲੀ ਰੁਪਿਆਂ ਦਾ ਉਦੋਂ ਇਕ ਪੌਂਡ ਸੀ, ਤੇ ਜਹਾਜ਼ ਤੋਂ ਉਤਰਦਿਆਂ ਹੀ ਹਲਕੀ ਜੇਬ ਭਾਰੀ ਹੋ ਗਈ। ਪੌਂਡ ਤੁੜਾ ਕੇ ਪੂਰਾ ਸਤਾਸੀ ਹਜ਼ਾਰ ਬਣਿਆ।
ਸਿਰ ‘ਤੇ ਕਰਜ਼ੇ ਦਾ ਭਾਰ ਚੜ੍ਹਨ ਦਾ ਝੋਰਾ ਕਰਨ ਵਾਲੀ ਮੇਰੀ ਮਾਂ ਨੇ ਉਦਣ ਮੈਨੂੰ ਘੁੱਟ ਕੇ ਜੱਫ਼ੀ ਪਾ ਲਈ ਸੀ, ਤੇ ਮੈਥੋਂ ਕੱਦ ਵਿਚ ਮਸਾਂ ਅੱਧਾ ਇੰਚ ਘੱਟ ਮਾਂ ਨੇ ਮੱਥਾ ਚੁੰਮ ਕੇ ਗੱਲ ਤਾਂ ਭਾਵੇਂ ਘੱਟ ਪੜ੍ਹੇ-ਲਿਖਿਆਂ ਹੋਣ ਵਾਲੀ ਕੀਤੀ ਹੋਵੇ, ਪਰ ਮਾਂ ਦੀ ਵਿਆਖਿਆ ਦੇ ਅਰਥ ਦੇਖੋæææ ਉਹ ਲਾਡ ਕਰਦੀ ਬੋਲੀ, “ਪੁੱਤ! ਅਸੀਂ ਤਾਂ ਤੈਨੂੰ ਪੜ੍ਹਾਉਂਦੇ ਰਹੇ ਆਂ, ਪਰ ਲੋਕ ਆਂਹਦੇ ਨੇ ਤੂੰ ਲਿਖਦਾਂ।” ਉਹਨੇ ਇਹ ਗੱਲ ਵੀ ਸਵੀਕਾਰ ਲਈ ਸੀ ਕਿ ਅੱਖਰਾਂ ਵਿਚ ਸਿਰਫ਼ ਗਿਆਨ ਹੀ ਨਹੀਂ ਹੁੰਦਾ, ਧਨ ਵੀ ਹੁੰਦਾ ਹੈ।
ਗਾਇਕਾਂ ਨਾਲ ਅਜਿਹੇ ਕਈ ਕਾਰਨ ਸਨ ਕਿ ਇਨ੍ਹਾਂ ਨਾਲ ਮੇਰੇ ਤਿਹੁ ਦੀ ਪੱਟੀ ਮੱਥੇ ‘ਤੇ ਘੁੱਟ ਕੇ ਬੱਝ ਗਈ ਸੀ। ਇੰਗਲੈਂਡ ਦੀ ਸਭ ਤੋਂ ਵੱਡੀ ਤੇ ਪਹਿਲੀ ਅਖ਼ਬਾਰ ‘ਦੇਸ ਪਰਦੇਸ’ ਦੇ ਸੰਪਾਦਕ ਤਰਸੇਮ ਪੁਰੇਵਾਲ ਨੂੰ ਮਿਲਣ ਗਿਆ ਤਾਂ ਉਹਨੇ ਗਾਇਕਾਂ ਬਾਰੇ ਦੋ ਕਿਸ਼ਤਾਂ ਵਿਚ ਲੰਮਾ ਲੇਖ ਮੈਥੋਂ ਲਿਖਾ ਕੇ ਛਾਪਿਆ, ਤੇ ਜੇਬ ਵਿਚ ਸੌ ਪੌਂਡ ਵੀ ਪਾਇਆ। ‘ਪੰਜਾਬ ਟਾਈਮਜ਼’ (ਯੂæਕੇæ) ਕੱਢਣ ਵਾਲੇ ਰਜਿੰਦਰ ਸਿੰਘ ਪੁਰੇਵਾਲ ਨੂੰ ਡਰਬੀ ਮਿਲਣ ਗਿਆ ਤਾਂ ਸਤਿਕਾਰ ਦਾ ਇਕ ਹੋਰ ਮਫ਼ਰਲ ਮੇਰੇ ਗੱਲ ਵਿਚ ਪਿਆ।
ਇੰਗਲੈਂਡ ਵਿਚਲੇ ਗਾਇਕਾਂ ਦੇ ਅੰਦਰ ਛੁਪਿਆ ਚਾਅ ਸੀ ਕਿ ਜਦੋਂ ਮੈਂ ਵਾਪਸ ਦੇਸ ਪਰਤਾਂਗਾ ਤਾਂ ਉਨ੍ਹਾਂ ਬਾਰੇ ਵਿਸਥਾਰ ਵਿਚ ਲਿਖਾਂਗਾ, ਤੇ ਇਉਂ ਇਹ ਚਾਅ ਮੈਂ ਭਾਜੀ ਬਰਜਿੰਦਰ ਸਿੰਘ ਦੀ ਪਿਆਰੀ ਤੇ ਮੁਹੱਬਤ ਭਰੀ ‘ਹਾਂ’ ਨਾਲ ‘ਅਜੀਤ’ ਦੇ ਐਤਵਾਰ ਅੰਕ ਵਿਚ ਲਿਖਿਆ ਤਾਂ ਇੰਗਲੈਂਡ ਦੇ ਪੰਜਾਬੀ ਸੰਗੀਤ ਵਿਚ ਮੇਰੀਆਂ ਡੂੰਘੀਆਂ ਜੜ੍ਹਾਂ ਲੱਗ ਗਈਆਂ। ਇਸੇ ਲਈ ਵਲੈਤ ਮੈਨੂੰ ਹਮੇਸ਼ਾ ਪੇਕਿਆਂ ਦੇ ਪਿੰਡ ਵਰਗਾ ਹੀ ਲਗਦਾ ਰਿਹਾ ਹੈ। ਉਥੇ ਹੀ ਸੂਫ਼ੀ ਤੇ ਦਮਦਾਰ ਕੱਵਾਲੀ ਗਾਇਨ ਦੇ ਸ਼ਾਹਸਵਾਰ ਨੁਸਰਤ ਫ਼ਤਿਹ ਅਲੀ ਖਾਨ ਨਾਲ ਮੇਰੀ ਪਹਿਲੀ ਤੇ ਆਖਰੀ ਗੱਲਬਾਤ ਹੋਈ।
ਇਸ ਲਿਖਤ ਵਿਚ ਲਾਲੇ ਦੇ ਮਿਹਣੇ ਜਾਂ ਤਾਅਨੇ ਦਾ ਅੰਤ ਵੀ ਕਰਨਾ ਚਾਹੁੰਨਾ। ਹੁਣ ਪਿਆਰੇ ਲਾਲ ਇਸ ਫ਼ਾਨੀ ਦੁਨੀਆਂ ਵਿਚ ਨਹੀਂ। ਗੁੱਸਾ ਭਾਵੇਂ ਮੇਰੇ ਪਿੰਡ ਵਾਲੇ ਵੀ ਕਰਨ, ਪਰ ਉਸ ਦੀ ਜਾਨ ਉਨੀ ਹੀ ਤੰਗ ਨਿਕਲੀ ਹੈ, ਜਿੰਨੀ ਵਿਆਜ ਲੈਣ ਵਾਲਿਆਂ ਦੀ ਨਿਕਲਦੀ ਹੁੰਦੀ ਐ। ਮੁੱਖ ਮੰਤਰੀ ਦੀ ਹੈਸੀਅਤ ਵੱਲੋਂ ਸਾਲ ਦੋ ਹਜ਼ਾਰ ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੇਰੇ ਘਰ ਆਇਆ ਤਾਂ ਲਾਲਾ ਜੀ ਵੀ ਕਿਸੇ ਕਾਗਜ਼ ‘ਤੇ ਦਸਤਖ਼ਤ ਕਰਵਾਉਣ ਲਈ ਕਈ ਘੰਟੇ ਬੈਠੇ ਰਹੇ। ਦਸਤਖ਼ਤ ਤਾਂ ਮੈਂ ਕਰਵਾ’ਤੇ, ਪਰ ਜਾਣ ਲੱਗਿਆ ਤਾਂ ਛਿੱਟ ਕੁ ਪੀ ਕੇ ਟੱਲੀ ਹੋਏ ਲਾਲੇ ਨੂੰ ਮੈਂ ਪੁੱਛਿਆ, “ਲਾਲਾ ਜੀ! ਕਿੰਨੀ ਵਾਰ ਇੰਗਲੈਂਡ ਜਾ ਆਏ ਹੋ?”
“ਦੋ ਵਾਰ ਹੀ ਸੱਦਿਆ ਸੀ ਪੁੱਤ ਨੇ?”
ਤਾਅਨੇ ਵਾਲੀ ਫ਼ਿਰਕੀ ਪੁੱਠੀ ਘੁਮਾ ਕੇ ਜਦੋਂ ਮੈਂ ਕਿਹਾ, “ਮੇਰਾ ਤਾਂ ਨਾ ਭਰਾ, ਤੇ ਨਾ ਪਿਉ ਵਲੈਤ ਸੀ, ਮੈਂ ਤੇਈ ਵਾਰ ਜਾ ਆਇਆਂ। ਕਈ ਵੇਲਾਂ ਨੂੰ ਪਾਣੀ ਤੋਂ ਬਿਨਾਂ ਵੀ ਫ਼ਲ ਲੱਗ ਜਾਂਦੇ।”
æææ ਤੇ ਉਹ ਬੁੱਲ੍ਹਾਂ ਵਿਚ ਘੁੱਟਾ-ਬਾਟੀ ਖਚਰੀ ਹਾਸੀ ਨਾਲ ਕਹਿਣਾ ਲੱਗਾ, “ਨਾ ਨਾ ਪੁੱਤਰਾæææ ਤੂੰ ਤਾਂ ਸਾਡੇ ਪਿੰਡ ਦਾ ਮਾਣ ਐਂ।”
ਮੰਨਣਾ ਪਵੇਗਾ ਕਿ ਅਣਬਣ ਹੋਣ ਦੀ ਸੂਰਤ ਵਿਚ ਅੱਗੇ ਦੀ ਸੋਚੋ, ਨਹੀਂ ਤਾਂ ਪਛੜ ਜਾਵੋਗੇ।
Leave a Reply