ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਦਾ ਇਹ ਲੇਖ ‘ਬਾਬੇ ਦਾਦੇ ਰੱਬ ਰਜਾ ਦੇæææ’ ਸੁਧੇ ਅਨੁਭਵ ਵਿਚੋਂ ਨਿਕਲਿਆ ਹੈ। ਇਸੇ ਕਰ ਕੇ ਇਹ ਦਿਲਚਸਪ ਵੀ ਬਹੁਤ ਹੈ ਅਤੇ ਬਜ਼ੁਰਗਾਂ ਬਾਰੇ ਬੜੀਆਂ ਸੱਚੀਆਂ-ਸੁੱਚੀਆਂ ਗੱਲਾਂ ਇਸ ਲੇਖ ਦਾ ਹਿੱਸਾ ਬਣੀਆਂ ਹਨ। ਫਿਰ ਵੀ ਸਾਨੂੰ ਜਾਪਦਾ ਹੈ ਕਿ ਬੀਬੀਆਂ ਦੇ ਪੱਖ ਬਾਝੋਂ ਇਹ ਲੇਖ ਅਧੂਰਾ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਬੀਬੀ ਪਿੜ ਵਿਚ ਨਿੱਤਰੇ ਅਤੇ ਇਸ ਲੇਖ ਨੂੰ ਸੰਪੂਰਨ ਕਰੇ। -ਸੰਪਾਦਕ
ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਮਾਈਆਂ ਨੂੰ ਤਾਂ ਪਹਿਲਾਂ ਤੋਂ ਹੀ ਰੱਬ ਰਜਾਈਆਂ ਕਿਹਾ ਜਾਂਦਾ ਹੈ। ਇਹ ਕਹਿਣਾ ਠੀਕ ਵੀ ਹੈ। ਸਾਰੀ ਉਮਰ ਆਪ ਘੱਟ ਖਾ ਕੇ ਇਹ ਟੱਬਰ ਨੂੰ ਰਜਾਉਂਦੀਆਂ ਹਨ। ਬੁਢਾਪੇ ਵਿਚ ਵੀ ਘਰ ਦੇ ਕੰਮ ਤੋਂ ਰਿਟਾਇਰ ਨਹੀਂ ਹੁੰਦੀਆਂ। ਮੈਂ ਕਈ ਬੀਬੀਆਂ ਨੂੰ ਜਾਣਦਾ ਹਾਂ ਜਿਹੜੀਆਂ ਬਹੁਤ ਉਚੀ ਪੁਜ਼ੀਸ਼ਨ ਤੋਂ ਸੇਵਾ ਮੁਕਤ ਹੋ ਕੇ ਵੀ ਬੁੱਢੀ ਅਵਸਥਾ ਵਿਚ ਰੋਟੀ ਪਕਾਉਣ ਅਤੇ ਭਾਂਡੇ ਸਾਫ਼ ਕਰਨ ਨੂੰ ਬੁਰਾ ਨਹੀਂ ਸਮਝਦੀਆਂ। ਸ਼ਾਇਦ ਇਹੀ ਕਾਰਨ ਹੈ ਕਿ ਬਾਬਿਆਂ ਨਾਲੋਂ ਇਨ੍ਹਾਂ ਦੀ ਪੁੱਛ-ਪ੍ਰਤੀਤ ਜ਼ਿਆਦਾ ਹੈ। ਇਕ ਗੱਲ ਹੋਰ ਵੀ ਹੈ। ਬਾਬੇ/ਦਾਦੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣ ਲਈ ਜ਼ੋਰ ਦਿੰਦੇ ਰਹਿੰਦੇ ਹਨ, ਦਾਦੀਆਂ ਪਿਆਰ ਵਿਚ ਬੱਚਿਆਂ ਨੂੰ ਵਿਗਾੜਨ ਤੱਕ ਜਾਂਦੀਆਂ ਹਨ। ਬੱਚਿਆਂ ਨੂੰ ਦਾਦੀਆਂ ਕੋਲ ਮੌਜਾਂ ਹੀ ਮੌਜਾਂ ਹਨ। ਇਸ ਲਈ ਇਹ ਬਾਬਿਆਂ ਤੋਂ ਦੂਰ ਰਹਿ ਕੇ ਹੀ ਰਾਜ਼ੀ ਹਨ। ਵੈਸੇ ਵੀ ਸਿਹਤ ਪੱਖੋਂ ਬਾਬੇ ਬਣਨ ਤੱਕ ਆਦਮੀ, ਔਰਤ ਨਾਲੋਂ ਕਮਜ਼ੋਰ ਹੋ ਜਾਂਦਾ ਹੈ। ਬਹੁਤੇ ਬਾਬਿਆਂ ਨੂੰ ਉਚਾ ਸੁਣਨ ਲੱਗਾ ਜਾਂਦਾ ਹੈ। ਪਰੌਸਟੇਟ ਦਾ ਚੱਕਰ ਬੁੱਢਿਆਂ ਦੇ ਹਿੱਸੇ ਹੀ ਆਇਆ ਹੈ। ਗੰਜਾਪਣ ਵੀ ਆਦਮੀਆਂ ਨੂੰ ਹੀ ਭੁਗਤਣਾ ਪੈਂਦਾ ਹੈ। ਯਾਦਾਸ਼ਤ ਵੀ ਡਗਮਗਾ ਜਾਂਦੀ ਹੈ। ਸਟਰੋਕ ਅਤੇ ਦਿਲ ਦਾ ਦੌਰਾ ਵੀ ਔਰਤਾਂ ਦੇ ਮੁਕਾਬਲੇ ਆਦਮੀਆਂ ਨੂੰ ਜ਼ਿਆਦਾ ਹੁੰਦਾ ਹੈ। ਬਾਬਿਆਂ ਦੀ ਇਕ ਨਵੀਂ ਤਕਲੀਫ਼ ਜੋ ਮੈਨੂੰ ਪਿਛਲੇ ਦਿਨਾਂ ਵਿਚ ਹੋਈ, ਉਸ ਦਾ ਨਾਂ ਹੈ- ਡਿਊਪੈਟਰਨ ਕਨਟਰੈਕਟਰ (ਦੁਪੇਟਰeਨ ਚੋਨਟਰਅਚਟੁਰe), ਭਾਵ ਹਥੇਲੀ ਅਤੇ ਛੋਟੀਆਂ ਦੋ ਉਂਗਲੀਆਂ ਦਾ ਖਿੱਚੇ ਜਾਣਾ। ਮੁੱਠੀ ਬੰਦ ਨਹੀਂ ਹੁੰਦੀ। ਸਰਜਰੀ ਪਿਛੋਂ ਮੇਰੀ ਸਰਜਨ ਨੇ ਦੱਸਿਆ ਕਿ ਇਹ ਔਖਿਆਈ ਬਹੁਤ ਹੱਦ ਤੱਕ ਆਦਮੀਆਂ ਦੇ ਹਿੱਸੇ ਹੀ ਆਈ ਹੈ।
ਇਨ੍ਹਾਂ ਊਣਤਾਈਆਂ ਅਤੇ ਬਾਹਰ ਕੰਮ ਕਰ ਕੇ ਕੋਈ ਕਮਾਈ ਨਾ ਲਿਆਉਣ ਦੀ ਹਾਲਤ ਵਿਚ ਬਾਬੇ/ਦਾਦੇ ਬੋਝ ਲੱਗਣ ਲੱਗ ਪੈਂਦੇ ਹਨ। ਇਸ ਦੇ ਨਾਲ-ਨਾਲ ਇਕ ਹੋਰ ਗੱਲ ਬਾਬਿਆਂ ਨੂੰ ਆਮ ਸੁਣਨੀ ਪੈਂਦੀ ਹੈ। ਉਹ ਹੈ, ‘ਬਾਬਿਆਂ ਨੇ ਸਾਡਾ ਕੁਝ ਨਹੀਂ ਬਣਾਇਆ।Ḕ ਜਦੋਂ ਵੀ ਮੈਂ ਪਿੰਡ ਜਾਂਦਾ ਹਾਂ, ਨਵੀਂ ਪੀੜ੍ਹੀ ਦਾ ਇਹੀ ਸ਼ਿਕਵਾ ਹੈ। ਵਿਚਾਰੇ ਬਾਬੇ ਅਖਰੀਲੇ ਦਿਨ ਤੱਕ ਪਰਿਵਾਰ ਦੇ ਭਲੇ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ, ਫਿਰ ਵੀ ਪੋਤੇ-ਪੋਤੀਆਂ ਔਖੇ ਹੀ ਰਹਿੰਦੇ ਹਨ। ਇਨ੍ਹਾਂ ਸਭ ਮੁਸ਼ਕਿਲਾਂ ਦੇ ਬਾਵਜੂਦ ਮੇਰੀ ਜਾਣ-ਪਛਾਣ ਵਾਲੇ ਬਾਬੇ ਬਹੁਤ ਬਹਾਦਰ ਹਨ, ਚੜ੍ਹਦੀ ਕਲਾ ਵਿਚ ਹਨ, ਇਹ ਮੇਰਾ ਅਨੁਭਵ ਹੈ। ਬਹੁਤ ਸਾਰਿਆਂ ਨੂੰ ਸ਼ਾਇਦ ਇਹ ਨਜ਼ਰੀਆ ਠੀਕ ਨਾ ਲੱਗੇ, ਇਹ ਉਨ੍ਹਾਂ ਦੀ ਮਰਜ਼ੀ। ਸਾਡਾ ਸਾਰਿਆਂ ਦਾ ਆਪਾ ਇਕੋ ਜਿਹਾ ਵਿਸ਼ਾਲ ਨਹੀਂ ਹੁੰਦਾ। ਚਿੰਤਕਾਂ ਅਤੇ ਸ਼ੇਕਸਪੀਅਰ, ਵਾਰਿਸ ਸ਼ਾਹ ਵਰਗੇ ਲੇਖਕਾਂ/ਵਿਦਵਾਨਾਂ ਦਾ ਆਪਾ ਬਹੁਤ ਵਿਸ਼ਾਲ ਹੁੰਦਾ ਹੈ, ਉਤਨਾ ਹੀ ਵਿਸ਼ਾਲ ਉਨ੍ਹਾਂ ਦਾ ਅਨੁਭਵ ਹੋ ਜਾਂਦਾ ਹੈ। ਇਨਸਾਨੀ ਫ਼ਿਤਰਤ ਹੈ ਕਿ ਸਾਡਾ ਅਨੁਭਵ ਆਪੇ ਤੋਂ ਬਾਹਰ ਨਹੀਂ ਨਿਕਲ ਸਕਦਾ। ਇਸੇ ਕਰ ਕੇ ਜੀਵਨ ਅਤੇ ਸਾਡੇ ਨਜ਼ਰੀਏ ਇਕੋ ਜਿਹੇ ਨਹੀਂ ਹੁੰਦੇ।
ਮੈਂ ਤਾਂ ਇਹੀ ਦੇਖਿਆ ਹੈ ਕਿ ਬਹੁਤੇ ਬਾਬੇ ਔਲਾਦ ਤੋਂ ਕੇਵਲ ਪਿਆਰ ਅਤੇ ਇੱਜ਼ਤ ਮੰਗਦੇ ਹਨ, ਜਾਂ ਬਿਨ ਮੰਗਿਆਂ ਨਸੀਹਤ ਦੇਣਾ ਚਾਹੁੰਦੇ ਹਨ। ਬੱਚਿਆਂ ਨੂੰ ਇਹ ਗੱਲ ਮਨਜ਼ੂਰ ਨਹੀਂ। ਇਹੀ ਪੁਆੜੇ ਦੀ ਜੜ੍ਹ ਹੈ। ਕੁਝ ਸਾਲ ਪਹਿਲਾਂ ਮੈਥੋਂ ਕਈ ਸਾਲ ਵੱਡੀ ਬੀਬੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਗਰੀਨ ਕਾਰਡ ਲੈ ਕੇ ਆਏ ਸਨ। ਬੀਬੀ ਨੂੰ ਤਾਂ ਖੁਸ਼ੀ-ਖੁਸ਼ੀ ‘ਜੀ ਆਇਆਂ’ ਕਿਹਾ ਗਿਆ ਪਰ ਬਾਬੇ ਨੂੰ ਵਾਧੂ ਬੋਝ ਸਮਝ ਕੇ ਵਾਪਸ ਭੇਜਣਾ ਹੀ ਬਿਹਤਰ ਸਮਝਿਆ ਗਿਆ। ਵਡਭਾਗੇ ਬਾਬਾ ਜੀ ਅਸਲੀਅਤ ਸਮਝ ਗਏ ਅਤੇ ਬੜੇ ਪਿਆਰ ਨਾਲ ਘਰ ਵਾਲੀ ਨੂੰ ਸਮਝਾਉਂਦਿਆਂ ਕਹਿਣ ਲੱਗੇ, “ਭਾਗਵਾਨੇ! ਤੂੰ ਇਥੇ ਰਹਿ ਕੇ ਪੋਤੇ-ਪੋਤੀਆਂ ਨੂੰ ਪਾਲਣ-ਪੋਸਣ ਵਿਚ ਨੂੰਹ-ਪੁੱਤ ਦੀ ਸਹਾਇਤਾ ਕਰ, ਮੇਰਾ ਫ਼ਿਕਰ ਨਾ ਕਰੀਂ। ਰੁੱਖੇ-ਸੁੱਕੇ ਦੋ ਪ੍ਰਸ਼ਾਦੇ ਖਾ ਕੇ ਮੇਰਾ ਪਿੰਡ ਹੀ ਰਹਿਣਾ ਠੀਕ ਹੈ।” ਉਹ ਬੀਬੀ ਦਸ-ਗਿਆਰਾਂ ਸਾਲ ਆਪਣੀ ਡਿਊਟੀ ਨਿਭਾਅ ਗਈ। ਮੈਂ ਅਤੇ ਮੇਰੀ ਪਤਨੀ ਉਨ੍ਹਾਂ ਬਜ਼ੁਰਗਾਂ ਨੂੰ ਪਿਛੇ ਜਿਹੇ ਮਿਲ ਕੇ ਆਏ। ਬਾਬਾ ਜੀ ਬਹੁਤ ਕਮਜ਼ੋਰ ਹੋ ਗਏ ਸਨ। ਤਿਆਗ ਦੀ ਉਸ ਮੂਰਤੀ ਨੂੰ ਦੇਖ ਕੇ ਸਾਡਾ ਦਿਲ ਬਾਗੋ-ਬਾਗ ਹੋ ਗਿਆ ਅਤੇ ਮੱਲੋ-ਮੱਲੀ ਸਾਡੇ ਕੋਲੋਂ ਕਿਹਾ ਗਿਆ- ਬਾਬੇ ਦਾਦੇ ਰੱਬ ਰਜਾ ਦੇ।
ਇਕ ਦੋਸਤ ਜਿਸ ਦੇ ਜ਼ਿਕਰ ਬਗੈਰ ਇਹ ਲੇਖ ਅਧੂਰਾ ਰਹਿ ਜਾਵੇਗਾ, ਬਹੁਤ ਪਿਆਰਾ ਅਤੇ ਦਿਲਚਸਪ ਆਦਮੀ ਹੈ। ਉਸ ਦੀ ਨਜ਼ਰ ਮੱਧਮ ਹੁੰਦੀ-ਹੁੰਦੀ ਖਤਮ ਹੋ ਗਈ ਹੈ। ਉਹ ਸਦਾ ਕਹਿੰਦਾ ਹੈ, ਏਹਿ ਭੀ ਦਾਤਿ ਤੇਰੀ ਦਾਤਾਰ। ਉਹ ਦੋਹਤਿਆਂ, ਦੋਹਤੀਆਂ ਅਤੇ ਪੋਤੇ ਨਾਲ ਚਟਖਾਰੀਆਂ ਲਾਉਂਦਾ ਹੈ। ਰੱਬ ਦਾ ਹਰ ਵੇਲੇ ਸ਼ੁਕਰ ਕਰਦਾ ਹੈ। ਸਹਿਜ ਵਿਚ ਰਹਿਣ ਵਾਲੀ, ਸ਼ਾਂਤੀ ਦੀ ਪੁੰਜ, ਉਸ ਦਾ ਧਿਆਨ ਰੱਖਣ ਵਾਲੀ ਉਸ ਦੀ ਪਤਨੀ ਨੂੰ ਸਦਾ ਇਹ ਹੀ ਸ਼ਬਦ ਸ਼ੁਕਰਗਜ਼ਾਰੀ ਵਿਚ ਕਹਿੰਦਾ ਰਹਿੰਦਾ ਹੈ,
ਮੁਝ ਮੇਂ ਕਿਆ ਦੇਖਾ ਜੋ ਉਲ਼ਫਤ ਦਾ ਦਮ ਭਰਨੇ ਲਗੀ,
ਮੈਂ ਤੋਂ ਖੁਦ ਅਪਨੇ ਭੀ ਕਾਮ ਆ ਸਕਤਾ ਨਹੀਂ,
ਮੈਂ ਤੋਂ ਅਪਨਾ ਭੀ ਬੋਝ ਉਠਾ ਸਕਤਾ ਨਹੀਂ।
æææ ਪਤੀ-ਪਤਨੀ ਆਪਣੇ ਘਰ ਵਿਚ ਰਹਿੰਦੇ ਹਨ। ਖੁਸ਼ ਹਨ, ਕਿਸੇ ਉਪਰ ਬੋਝ ਨਹੀਂ।
ਉਮਰ ਅਨੁਸਾਰ ਮੇਰੀ ਜਾਣ-ਪਛਾਣ ਦਾ ਦਾਇਰਾ ਬਹੁਤਾ ਵਿਸ਼ਾਲ ਤਾਂ ਨਹੀਂ, ਫਿਰ ਵੀ ਨਜ਼ਦੀਕ ਤੋਂ ਤੱਕਣ ਦਾ ਸੁਭਾਗ ਕਾਫੀ ਲੋਕਾਂ ਕੋਲੋਂ ਮਿਲਿਆ ਹੈ। ਉਨ੍ਹਾਂ ਬਾਬਤ ਲਿਖਣਾ ਕੁਥਾਂ ਨਹੀਂ ਹੋਵੇਗਾ। ਬਿਆਸੀ-ਤਰਾਸੀ ਸਾਲ ਦੀ ਉਮਰ ਵਾਲੇ ਇਕ ਪ੍ਰੇਮੀ ਨੇ ਦੱਸਿਆ ਕਿ ਜਦੋਂ ਉਹ ਅੱਠਵੀਂ ਜਾਂ ਨੌਵੀਂ ਜਮਾਤ ਵਿਚ ਪੜ੍ਹਦਾ ਸੀ, ਛੁੱਟੀ ਦੇ ਇਕ ਦਿਨ ਉਹ ਦਸ ਕੁ ਵਜੇ ਘਰ ਤੋਂ ਖੇਤਾਂ ਵੱਲ ਗਿਆ। ਗਲੀ ਵਿਚੋਂ ਨਿਕਲਦਿਆਂ ਸਾਰ ਉਸ ਨੂੰ ਇਕ ਮਾਈ ਨੇ ਕਿਹਾ, “ਵੇ ਪਾੜ੍ਹਿਆ, ਸੱਥ ਵਿਚ ਬੈਠੇ ਆਪਣੇ ਬਾਬੇ ਨੂੰ ਕਹੀਂ, ਮੱਝਾਂ ਤਿਹਾਈਆਂ ਰਿੰਗ ਰਹੀਆਂ, ਉਨ੍ਹਾਂ ਨੂੰ ਪਾਣੀ ਉਹਦਾ ਪਿਉ ਪਿਆਊਗਾ?” ਨਿਆਣੀ ਮੱਤ ਹੋਣ ਕਰ ਕੇ ਉਸ ਨੇ ਉਸੇ ਤਰ੍ਹਾਂ ਬਾਬੇ ਨੂੰ ਕਹਿ ਦਿੱਤਾ। ਹੱਸਦਾ-ਹੱਸਦਾ ਬਾਬਾ ਉਠ ਖੜੋਤਾ ਅਤੇ ਕਹਿਣ ਲੱਗਾ, “ਪਾੜ੍ਹਿਆ ਪੁੱਤਰਾ, ਕੋਈ ਗੱਲ ਨਹੀਂæææ ਜਦੋਂ ਤੇਰਾ ਕਿਸੇ ਕੰਨ-ਪਾਟੀ ਨਾਲ ਵਾਹ ਪਿਆ, ਫਿਰ ਬਾਬੇ ਨੂੰ ਯਾਦ ਕਰਿਆ ਕਰੇਂਗਾ।” ਹੁਣ ਬੁੱਢੀ ਅਵਸਥਾ ਵਿਚ ਉਸ ਪਾੜ੍ਹੇ ਦੀ ਘਰ ਵਾਲੀ ਉਸ ਨੂੰ ਬਹੁਤ ਰੁੱਖਾ ਬੋਲਦੀ ਹੈ। ਉਸ ਨੂੰ ਪਿੰਡ ਵਾਲਾ ਬਾਬਾ ਬਹੁਤ ਯਾਦ ਆਉਂਦਾ ਹੈ। ਮੈਨੂੰ ਉਸ ਨੇ ਇਹ ਗੱਲ ਕਈ ਵਾਰ ਸੁਣਾਈ ਹੈ, ਪਰ ਉਹ ਦੋਹਤਿਆਂ-ਪੋਤਿਆਂ ਵਾਲਾ ਅਤਿ ਨੇਕ ਅਤੇ ਨਰਮ ਦਿਲ ਇਨਸਾਨ ਅਗਲੇ ਸਾਹ ਵਿਚ ਹੀ ਕਹਿ ਦਿੰਦਾ ਹੈ, “ਬਾਈ ਜੀ, ਮੇਰੀ ਘਰ ਵਾਲੀ ਬੋਲ-ਚਾਲ ਵਿਚ ਹੀ ਰੁੱਖੀ ਹੈ, ਦਿਲ ਦੀ ਬਹੁਤ ਸਾਫ਼ ਹੈ। ਸਾਰਾ ਦਿਨ ਪਾਠ ਕਰਦੀ ਰਹਿੰਦੀ ਹੈ। ਗਰੀਬਾਂ ਦਾ ਬਹੁਤ ਧਿਆਨ ਕਰਦੀ ਹੈ।” ਬਲਿਹਾਰੇ ਜਾਂਦਾ ਹਾਂ ਇਹੋ ਜਿਹੇ ਭਲੇ ਬਾਬਿਆਂ ਦੇ!
ਕੁਦਰਤ ਦੀ ਖੇਡ ਨਿਰਾਲੀ ਹੈ। ਇਕ ਬਹੁਤ ਖੁਬਸੂਰਤ, ਸੋਹਣੇ ਰੰਗ-ਰੂਪ ਅਤੇ ਬਹੁਤ ਪੜ੍ਹੇ-ਲਿਖੇ ਵਾਕਫ਼ ਦਾ ਵਿਆਹ ਕੁਝ ਸਾਂਵਲੇ ਰੰਗ ਵਾਲੀ ਪੜ੍ਹੀ-ਲਿਖੀ, ਪਰ ਸਾਧਾਰਨ ਜਿਹੀ ਲੜਕੀ ਨਾਲ ਹੋ ਗਿਆ। ਕਾਫ਼ੀ ਚੰਚਲ ਮਿਜ਼ਾਜ ਜ਼ਨਾਨੀਆਂ ਨੇ ਬੇਝਿਜਕ ਹੀ ਉਸ ਆਦਮੀ ਨੂੰ ਕਹਿ ਦੇਣਾ, “ਤੁਹਾਡਾ ਬੇਵਕੂਫ਼ ਵਿਚੋਲਾ ਕੌਣ ਸੀ?” ਉਸ ਨੇ ਮੁਸਕਰਾਉਂਦੇ ਹੋਏ ਜਵਾਬ ਦੇ ਦੇਣਾ, “ਭੈਣ ਜੀ, ਕੋਈ ਹੋਰ ਗੱਲ ਕਰੋ, ਇਹ ਗੱਲ ਤਾਂ ਮੈਂ ਬਹੁਤ ਵਾਰ ਸੁਣ ਚੁੱਕਾ ਹਾਂ।” ਕੁਝ ਸਾਲ ਪਹਿਲਾਂ ਕਿਸੇ ਦੁਰਘਟਨਾ ਵਿਚ ਉਸ ਦਾ ਖੂਬਸੂਰਤ ਚਿਹਰਾ ਸਦਾ ਲਈ ਹੋਰ ਦਾ ਹੋਰ ਹੋ ਗਿਆ। ਇਕ ਅੱਖ ਦੀ ਰੋਸ਼ਨੀ ਵੀ ਜਾਂਦੀ ਰਹੀ। ਖੁਸ਼ਕਿਸਤੀ ਹੀ ਸਮਝੋ ਕਿ ਉਸ ਦੀ ਘਰ ਵਾਲੀ ਦੀ ਸਿਹਤ ਠੀਕ ਹੈ। ਉਸ ਦੇ ਮਨ ਦੀ ਕਾਟੋ ਫੁੱਲਾਂ ਵਿਚ ਖੇਡ ਰਹੀ ਹੈ, ਗਾਣੇ ਗਾਉਂਦੀ। ਉਸ ਦੇ ਅਚੇਤ ਮਨ ਵਿਚੋਂ ਜਿਵੇਂ ਆਵਾਜ਼ ਆਉਂਦੀ ਹੈ, “ਅੱਜ ਮੈਨੂੰ ਜ਼ਨਾਨੀਆਂ ਕਹਿਣæææ ਕੁੜੇ ਤੁਹਾਡਾ ਵਿਚੋਲਾ ਕਿਹੜਾ ਸੀ ਟੁੱਟ ਪੈਣਾ? ਕਿਥੇ ਤੂੰ ਹੱਸਦੀ-ਖੇਡਦੀ, ਕਿਥੇ ਇਹ ਵਿਚਾਰਾ।”æææ ਬਹੁਤ ਉਚੇ ਰੁਤਬੇ ਤੋਂ ਸੇਵਾ ਮੁਕਤ ਹੋਇਆ ਇਹ ਪਿਆਰਾ ਅਤੇ ਮਨਮੋਹਣਾ ਬੇਲੀ ਇਕਾਸੀ ਸਾਲ ਦਾ ਹੈ। ਇਸ ਦੇ ਦੋਹਤੇ-ਦੋਹਤੀਆਂ ਬਹੁਤ ਲਾਇਕ ਹਨ। ਉਹ ਇਹੀ ਕਹਿੰਦਾ ਹੈ ਕਿ ਪਤਨੀ ਤੋਂ ਚੰਗਾ ਸਹਾਰਾ ਹੋਰ ਕਿਸੇ ਤੋਂ ਨਹੀਂ ਮਿਲ ਸਕਦਾ। ਕੁਦਰਤ ਦੇ ਭਾਣੇ ਅੰਦਰ ਰਹਿੰਦਾ ਹੋਇਆ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕਰਦਾ। ਇਸ ਨੂੰ ਸ਼ਾਬਾਸ਼, ਨਮਸਕਾਰ!
ਅਮਰੀਕਾ ਵਿਚ ਇਕ ਬਜ਼ੁਰਗ ਜੋੜਾ ਬਹੁਤ ਵਰ੍ਹਿਆਂ ਤੋਂ ਪੋਤੇ-ਪੋਤੀ ਦੀ ਪਾਲਣਾ ਵਿਚ ਹੱਥ ਵਟਾ ਰਿਹਾ ਸੀ। ਹੁਣ ਇਹ ਬੱਚੇ ਉਡਾਰ ਹੋ ਗਏ ਹਨ। ਆਪਣੀਆਂ ਕਾਰਾਂ ਆਪ ਚਲਾਉਂਦੇ ਹਨ ਅਤੇ ਬਾਬੇ ਕੁੱਤਿਆਂ ਨੂੰ ਸੈਰ ਕਰਾਉਂਦੇ ਹਨ। ਇਕ ਦਿਨ ਹਾਸਾ-ਮਜ਼ਾਕ ਹੀ ਸਮਝੋ, ਸਾਹਮਣੇ ਤੋਂ ਆਉਣ ਵਾਲੇ ਕਿਸੇ ਨੇ ਕਹਿ ਦਿੱਤਾ, “ਗੁਰਮੁਖੋ, ਹੁਣ ਕੁੱਤਿਆਂ ਜੋਗੇ ਹੀ ਰਹਿ ਗਏ।” ‘ਬਾਬੇ ਰੱਬ ਰਜਾ ਦੇ’ ਕਹਿਣ ਲੱਗੇ, “ਤੁਹਾਨੂੰ ਪਤਾ ਹੈ ਮਹਾਂਭਰਤ ਦੇ ਨਾਇਕ ਯੁਧਿਸ਼ਟਰ ਦਾ ਸਾਥ ਅਖੀਰ ਤੱਕ ਕੁੱਤੇ ਨੇ ਹੀ ਦਿੱਤਾ ਸੀ। ਇਸ ਵਫਾਦਾਰ ਜਾਨਵਰ ਦੀ ਸੇਵਾ ਦਾ ਮੌਕਾ ਕਰਮਾਂ ਨਾਲ ਹੀ ਮਿਲਦਾ ਹੈ। ਅਸੀਂ ਬਹੁਤ ਖੁਸ਼ ਹਾਂ।” ਬਾਬੇ ਵਡਭਾਗੇ ਕਮਾਲ ਦੀ ਗੱਲ ਕਹਿ ਗਏ।
ਕਈ ਬਾਬੇ ਬੁੱਢੀ ਉਮਰ ਵਿਚ ਉਦਾਸ ਰਹਿਣ ਲੱਗ ਜਾਂਦੇ ਹਨ। ਜੇ ਉਨ੍ਹਾਂ ਨੂੰ ਕੋਈ ਪੁੱਛੇ, ‘ਕੀ ਹਾਲ ਐ’, ਤਾਂ ਉਹ ਜਵਾਬ ਦਿੰਦੇ ਹਨ, ‘ਵਕਤ ਕਟੀ ਹੋ ਰਹੀ ਹੈ।’ ਮੈਂ ਮੰਨਦਾ ਹਾਂ, ਵਕਤ ਬਹੁਤ ਬਲਵਾਨ ਹੈ, ਪਰ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਵਕਤ ‘ਤੇ ਵੀ ਅਹਿਸਾਨ ਕਰ ਜਾਂਦੇ ਹਨ; ਜਿਵੇਂ ਬੇਗਮ ਅਖਤਰ ਦੇ ਅਖੀਰਲੇ ਸ਼ਬਦ ਜਿਨ੍ਹਾਂ ਪਿਛੋਂ ਉਸ ਦੀ ਆਵਾਜ਼ ਸਦਾ ਲਈ ਬੰਦ ਹੋ ਗਈ ਸੀ, ਇਸ ਤਰ੍ਹਾਂ ਸਨ,
ਜ਼ਿੰਦਗੀ ਕੁਝ ਭੀ ਨਹੀਂ ਫਿਰ ਭੀ ਜੀਏ ਜਾਤੇ ਹੈਂ।
ਤੁਝ ਪੇ ਐ ਵਕਤ ਅਹਿਸਾਨ ਕੀਏ ਜਾਤੇ ਹੈਂ।
ਇਸ ਮਹਾਨ ਗ਼ਜ਼ਲ ਗਾਇਕਾ ਦੇ ਕੋਈ ਬੱਚਾ ਨਹੀਂ ਸੀ। ਸ਼ਾਦੀ ਵੀ ਖੁਸ਼ਗਵਾਰ ਮੰਜ਼ਰ ਦਾ ਅਮਕਾਨ ਨਹੀਂ ਸੀ। ਫ਼ਿਰ ਵੀ ਉਸ ਨੇ ਆਖਰੀ ਦਮ ਤੱਕ ਜ਼ਿੰਦਗੀ ਨੂੰ ਵਕਤ ਕਟੀ ਨਹੀਂ ਕਿਹਾ। ਉਦਾਸ ਰਹਿਣ ਵਾਲੇ ਬਾਬਿਆਂ ਨੂੰ ਪ੍ਰਣਾਮ, ਜੇ ਅੱਗੇ ਤੋਂ ਜੀਵਨ ਨੂੰ ਵਕਤ ਕਟੀ ਨਾ ਕਹਿਣ।
ਮੈਂ ਤਾਂ ਇਹੀ ਕਹਾਂਗਾ ਬਾਬਿਓ!
ਕਿਸੇ ਜੀਅ ਨਾਲ ਬਹੁਤ ਪਿਆਰ ਹੋਵੇ
ਕੁਝ ਕਰਨ ਲਈ ਆਹਾਰ ਹੋਵੇ
ਕਿਸੇ ਚੰਗੀ ਘਟਨਾ ਦਾ ਇੰਤਜ਼ਾਰ ਹੋਵੇ
ਹਰ ਵੇਲੇ ਮਨ ਵਿਚ ਚੰਗਾ ਵਿਚਾਰ ਹੋਵੇ
ਕਦੀ-ਕਦੀ ਕਿਸੇ ਨਾਲ ਹਲਕਾ ਜਿਹਾ ਤਕਰਾਰ ਹੋਵੇ
ਫ਼ਿਰ ਮੌਜਾਂ ਹੀ ਮੌਜਾਂæææ।
ਅੰਤਿਕਾ: ਪਿਛਲੇ ਸਾਲ ਚੰਡੀਗੜ੍ਹ ਗਿਆ ਤਾਂ ਪਤਾ ਲੱਗਿਆ ਕਿ ਮੋਗੇ ਨੇੜਲੇ ਪਿੰਡ ਦੇ ਇਕ ਸਿੱਧੇ-ਸਾਦੇ ਜ਼ਿਮੀਂਦਾਰ ਨੇ ਚਾਲੀ ਕੁ ਸਾਲ ਪਹਿਲਾਂ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਰਾਜਧਾਨੀ ਵਿਚ ਮਕਾਨ ਬਣਾ ਲਿਆ। ਉਸ ਦਾ ਖਿਆਲ ਸੀ ਕਿ ਪੁੱਤ-ਪੋਤਿਆਂ ਲਈ ਉਥੇ ਚੰਗੇ ਕਾਲਜ ਅਤੇ ਸਕੂਲ ਹਨ, ਪੜ੍ਹ-ਲਿਖ ਕੇ ਚੰਗੇ ਅਫ਼ਸਰ ਬਣ ਜਾਣਗੇ। ਅੱਜ ਕੱਲ੍ਹ ਬੱਚੇ ਮਨ ਮਰਜ਼ੀ ਦੇ ਮਾਲਕ ਹਨ। ਪੜ੍ਹਨ-ਲਿਖਣ ਦਾ ਰੁਝਾਨ ਘਟ ਗਿਆ ਹੈ। ਸੋ, ਬਾਬੇ ਨੂੰ ਕੋਸਣ ਲੱਗ ਪਏ। ਕਿਹਾ ਕਰਨ, ‘ਬਾਬੇ ਨੇ ਚੰਗੀ ਖੇਤੀ ਵਾਲੀ ਜ਼ਮੀਨ ਇੱਟਾਂ ਪੱਥਰਾਂ ਦੇ ਸ਼ਹਿਰ ਵਿਚ ਲਾ ਕੇ ਬਰਬਾਦ ਕਰ ਦਿੱਤੀ।’ ਹੁਣ ਜਦੋਂ ਰਾਜਧਾਨੀ ਵਿਚ ਮਕਾਨਾਂ ਦੀ ਕੀਮਤ ਕਰੋੜਾਂ ਦੀ ਹੋ ਗਈ ਹੈ, ਤਾਂ ਉਹੀ ਪੋਤੇ-ਪੜੋਤੇ ਪੈਂਤੜਾ ਬਦਲ ਕੇ ਨਵੇਂ ਅੰਦਾਜ਼ ਵਿਚ ਕੋਸਣ ਲੱਗ ਪਏ, ‘ਇਕ ਹੀ ਮਕਾਨ ਕਿਉਂ ਬਣਾਇਆ? ਜੇ ਦੋ ਕੁ ਹੋਰ ਬਣਾ ਲੈਂਦਾ ਤਾਂ ਅੱਜ ਮੌਜਾਂ ਕਰਦੇ!’æææ ਮਤਲਬ ਇਸ ਬਾਬੇ ਨੇ ਸਾਡੇ ਲਈ ਕੁਝ ਨਹੀਂ ਬਣਾਇਆ! ਬਾਬਾ ਖੁਸ਼ ਹੈ, ਅਡੋਲ ਹੈ, ਤੇ ਕਹਿੰਦਾ ਹੈ, ਭੋਲੇ ਬੱਚਿਓ! ਜੋ ਮਰਜ਼ੀ ਕਰੋ, ਮੈਂ ਤਾਂ ਮੌਕੇ ਅਨੁਸਾਰ ਜੋ ਠੀਕ ਸਮਝਿਆ, ਕਰ ਦਿੱਤਾ।
Leave a Reply