ਬੋਲੀਆਂ ਮਰਦੀਆਂ ਵੀ ਹਨ

ਪੰਜਾਬੀ ਦਾ ਭਵਿੱਖ-2
ਗੁਰਬਚਨ ਸਿੰਘ ਭੁੱਲਰ
ਪੰਜਾਹ ਸਾਲਾਂ ਵਿਚ ਪੰਜਾਬੀ ਖ਼ਤਮ ਹੋ ਜਾਣ ਸਬੰਧੀ ਉਹਦੇ ਨਾਂ ਨਾਲ ਜੋੜੇ ਗਏ ਫ਼ਤਵੇ ਤੋਂ ਯੂਨੈਸਕੋ ਨੇ ਸਾਫ਼ ਇਨਕਾਰ ਕਰ ਦਿੱਤਾ। ਇਹ ਤੱਥ ਦਿੱਸਣਜੋਗ ਸਮੇਂ ਲਈ ਪੰਜਾਬੀ ਦੇ ਭਵਿੱਖ ਨੂੰ ਸਪੱਸ਼ਟ ਕਰ ਦਿੰਦਾ ਹੈ। ਪਰ ਇਹ ਭਾਸ਼ਾਈ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਸ਼ਾਵਾਂ ਮਰਦੀਆਂ ਵੀ ਹਨ। ਇਹ ਗੱਲ ਚੇਤੇ ਰੱਖਣੀ ਵੀ ਜ਼ਰੂਰੀ ਹੈ ਕਿ ਹੁਣ ਉਹ ਵਿਗਿਆਨਕ-ਤਕਨਾਲੋਜੀਕਲ ਤੇ ਮਾਇਆਮੁਖੀ ਵਿਸ਼ਵੀਕ੍ਰਿਤ ਜੁੱਗ ਵਿਚ ਪਹਿਲਾਂ ਨਾਲੋਂ ਬਹੁਤ ਵੱਧ ਤੇਜ਼ੀ ਨਾਲ ਮਰ ਰਹੀਆਂ ਹਨ। ਇਸ ਕਰਕੇ ਇਸ ਸਮੇਂ ਭਾਸ਼ਾ-ਹਿਤੈਸ਼ੀ ਸਿਆਣਿਆਂ ਦੀ ਚਿੰਤਾ ਇਹ ਨਹੀਂ ਕਿ ਭਾਸ਼ਾਵਾਂ ਮਰ ਰਹੀਆਂ ਹਨ ਸਗੋਂ ਇਹ ਹੈ ਕਿ ਖ਼ੁਦ ਭਾਸ਼ਾ ਹੀ ਮਰ ਰਹੀ ਹੈ! ਬਿਨਾਂ ਬੋਲਿਆਂ ਗੱਲ ਦੂਜੇ ਤੱਕ ਪੁਜਦੀ ਕਰਨ ਦੀ ਕੰਪਿਊਟਰ-ਕਾਲ ਦੀ ਸਹੂਲਤ ਦੀ ਵਧੇਰੇ ਹੀ ਵਧੇਰੇ ਵਰਤੋਂ ਹੋਣ ਲੱਗੀ ਹੈ। ਇਉਂ ਬੋਲਣ ਨਾਲ ਬੋਲੀ ਵਿਚ ਲਗਾਤਾਰ ਆਉਂਦਾ ਰਹਿੰਦਾ ਸੱਜਰਾਪਨ ਖ਼ਤਮ ਹੁੰਦਾ ਜਾਵੇਗਾ ਅਤੇ ਉਹਦੇ ਵਿਕਾਸ ਵਿਚ ਖੜੋਤ ਆਵੇਗੀ। ਇਸੇ ਤਰ੍ਹਾਂ ਗੱਲ ਦੂਜੇ ਤੱਕ ਪੁਜਦੀ ਕਰਨ ਲਈ ਵਰਤੀਆਂ ਜਾਂਦੀਆਂ ਸੰਕੇਤਕ ਤੇ ਸੰਖੇਪ ਜੁਗਤਾਂ ਨੇ ਲਿਪੀ ਨੂੰ ਵੱਡੀ ਸੱਟ ਮਾਰਨੀ ਸ਼ੁਰੂ ਕਰ ਦਿੱਤੀ ਹੈ।
ਜੇ ਭਾਸ਼ਾ ਦੇ ਮਰ ਰਹੀ ਹੋਣ ਦੀ ਲੰਮੀ-ਚੌੜੀ ਗੱਲ ਨੂੰ ਅਜੇ ਲਾਂਭੇ ਰਹਿਣ ਦੇਈਏ, ਭਾਸ਼ਾਵਾਂ ਦੇ ਮਰਨ ਦਾ ਅਮਲ ਤਾਂ ਸਾਡੇ ਅੱਖਾਂ ਸਾਹਮਣੇ ਵਾਪਰ ਰਿਹਾ ਹੈ। ਵੱਡੀਆਂ ਭਾਸ਼ਾਵਾਂ ਦੇ ਸਾਮਰਾਜ ਛੋਟੀਆਂ ਭਾਸ਼ਾਵਾਂ ਨੂੰ ਆਪਣੇ ਅੰਦਰ ਖੋਰ ਰਹੇ ਹਨ। ਉਪ-ਭਾਸ਼ਾਵਾਂ ਕਿਸੇ ਹਿਲਜੁਲ ਜਾਂ ਰੌਲੇ ਤੋਂ ਬਿਨਾਂ ਭਾਸ਼ਾਵਾਂ ਵਿਚ ਲੀਨ ਹੋ ਰਹੀਆਂ ਹਨ। ਸਾਡੇ ਬਚਪਨ ਵਿਚ ਉਨ੍ਹਾਂ ਦੇ ਬੋਲਣ ਦੇ ਉਪਭਾਸ਼ਾਈ ਰੰਗ ਸਦਕਾ ਮਲਵਈਆਂ, ਮਝੈਲਾਂ, ਦੁਆਬੀਆਂ, ਪੁਆਧੀਆਂ ਆਦਿ ਦੀ ਪਛਾਣ ਸੌਖਿਆਂ ਹੀ ਹੋ ਜਾਂਦੀ ਸੀ। ਹੁਣ ਪੰਜਾਬ ਦੇ ਇਨ੍ਹਾਂ ਹਿੱਸਿਆਂ ਵਿਚਕਾਰ ਤਾਂ ਕੀ, ਦੇਸ਼ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿਚ ਆਵਾਜਾਈ ਸੌਖੀ ਤੇ ਆਮ ਹੋ ਗਈ ਹੈ। ਸਾਂਝੀਆਂ ਪਾਠ-ਪੁਸਤਕਾਂ ਰਾਹੀਂ ਫੈਲੀ ਵਿੱਦਿਆ ਇਕੋ ਸ਼ਬਦਾਵਲੀ ਤੇ ਇਕੋ ਉਚਾਰਨ ਦਾ ਆਧਾਰ ਬਣ ਗਈ ਹੈ। ਰੇਡੀਓ-ਟੀæਵੀæ ਦੀ ਵੀ ਉਪ-ਭਾਸ਼ਾਵਾਂ ਨੂੰ ਭਾਸ਼ਾ ਵਿਚ ਖੋਰਨ ਵਿਚ ਵੱਡੀ ਭੂਮਿਕਾ ਰਹੀ ਹੈ। ਮੁਲਾਜ਼ਮਾਂ ਦੀ ਅਦਲਾ-ਬਦਲੀ ਇਕ ਉਪ-ਭਾਸ਼ਾ ਬੋਲਦੇ ਲੋਕਾਂ ਨੂੰ ਦੂਜੀ ਉਪ-ਭਾਸ਼ਾ ਵਾਲਿਆਂ ਵਿਚਕਾਰ ਜਾ ਵਸਾਉਂਦੀ ਹੈ। ਇਹੋ ਜਿਹੇ ਕਾਰਨਾਂ ਨੇ ਉਪ-ਭਾਸ਼ਾਈ ਰੰਗ ਬਹੁਤ ਫਿੱਕੇ ਪਾ ਦਿੱਤੇ ਹਨ ਅਤੇ ਪਛਾਣ ਬਹੁਤ ਪਤਲੀ ਪਾ ਦਿੱਤੀ ਹੈ।
ਬਾਰਾਂ ਕੋਹ ਪਿਛੋਂ ਬੋਲੀ ਬਦਲਣ ਵਾਲੀ ਪੰਜਾਬੀ ਕਹਾਵਤ ਦੁਰੇਡੇ ਹੋਏ-ਬੀਤੇ ਦੀ ਗੱਲ ਬਣ ਕੇ ਰਹਿ ਗਈ ਹੈ। ਵੱਡੇ ਪੈਮਾਨੇ ਉਤੇ ਇਹੋ ਭਾਣਾ ਛੋਟੀਆਂ, ਖਾਸ ਕਰਕੇ ਕਾਨੂੰਨੀ ਰਾਖੀ ਤੋਂ ਵਿਰਵੀਆਂ ਬੋਲੀਆਂ ਨਾਲ ਵਾਪਰ ਰਿਹਾ ਹੈ। ਇਹਦੀ ਇਕ ਉਜਾਗਰ ਮਿਸਾਲ ਸਾਡੀ ਗੁਆਂਢੀ ਬੋਲੀ ਹਰਿਆਣਵੀ ਹੈ। ਆਪਣਾ ਇਲਾਕਾ ਹੋਣ ਦੇ ਬਾਵਜੂਦ, ਲਿਪੀ-ਵਿਹੂਣੀ ਅਤੇ ਗ਼ੈਰ-ਸੂਚੀਬੱਧ ਹੋਣ ਕਰਕੇ, ਉਹ ਹਿੰਦੀ ਐਲਾਨੇ ਜਾਣ ਕਾਰਨ ਸਕੂਲੀ-ਕਾਲਜੀ ਅਤੇ ਦਫ਼ਤਰੀ-ਸਰਕਾਰੀ ਹਿੰਦੀ ਵਿਚ ਤੇਜ਼ੀ ਨਾਲ ਖੁਰਦੀ ਜਾ ਰਹੀ ਹੈ।
ਆਇਰਿਸ਼ ਭਾਸ਼ਾ-ਵਿਗਿਆਨੀ ਜਾਰਜ ਐਬਰਾਹਮ ਗਰੀਅਰਸਨ ਨੇ ਤਿੰਨ ਸਾਲਾਂ ਦੀ ਮਿਹਨਤ ਨਾਲ ਹਿੰਦੁਸਤਾਨ ਦਾ ਪਹਿਲਾ ਭਾਸ਼ਾਈ ਸਰਵੇ 1898 ਵਿਚ ਨੇਪਰੇ ਚਾੜ੍ਹਿਆ ਸੀ। ਉਸ ਸਮੇਂ ਉਹਨੇ ਦੇਸ਼ ਵਿਚ 179 ਭਾਸ਼ਾਵਾਂ ਅਤੇ ਅਨੇਕ ਉਪ-ਭਾਸ਼ਾਵਾਂ ਦੀ ਪਛਾਣ ਕੀਤੀ ਸੀ। ਸਾਧਨਾਂ ਤੇ ਸਹੂਲਤਾਂ ਦੀ ਬੇਹੱਦ ਤਰੱਕੀ ਦੇ ਬਾਵਜੂਦ ਉਸ ਪਿੱਛੋਂ ਲੰਮੇ ਸਮੇਂ ਤੱਕ ਭਾਰਤੀ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦੀ ਗਿਣਤੀ ਜਾਣਨ ਦਾ ਕੋਈ ਭਰੋਸੇਜੋਗ ਉਪਰਾਲਾ ਨਾ ਕੀਤਾ ਗਿਆ। ਭਾਵੇਂ ਮਰਦਮਸ਼ੁਮਾਰੀ ਸਮੇਂ ਭਾਸ਼ਾਵਾਂ ਬਾਰੇ ਕੁਝ ਵੇਰਵਾ ਇਕੱਠਾ ਕੀਤਾ ਜਾਂਦਾ ਹੈ, ਪਰ ਉਹ ਸਰਬਪੱਖੀ ਨਹੀਂ ਹੁੰਦਾ। ਮਿਸਾਲ ਵਜੋਂ 2001 ਦੀ ਮਰਦਮਸ਼ੁਮਾਰੀ ਨੇ ਦੇਸ਼ ਦੀਆਂ ਬੋਲੀਆਂ ਦੀ ਗਿਣਤੀ 122 ਦੱਸੀ ਸੀ। ਇਸ ਵਿਚ ਵੱਡੀ ਘਾਟ ਇਹ ਸੀ ਕਿ ਦਸ ਹਜ਼ਾਰ ਤੋਂ ਘੱਟ ਲੋਕਾਂ ਦੀਆਂ ਬੋਲੀਆਂ ਨੂੰ ਗਿਣਤੀ ਵਿਚ ਨਹੀਂ ਸੀ ਲਿਆ ਗਿਆ। ਭਾਰਤ ਸਰਕਾਰ ਨੇ 2005 ਵਿਚ ‘ਭਾਰਤ ਭਾਸ਼ਾ ਵਿਕਾਸ ਯੋਜਨਾ’ ਦੇ ਨਾਂ ਨਾਲ ਅਤੇ ਫੇਰ 2007 ਵਿਚ ‘ਨਿਊ ਲਿੰਗੂਇਸਟਿਕ ਸਰਵੇ ਆਫ਼ ਇੰਡੀਆ’ ਦੇ ਨਾਂ ਨਾਲ ਭਾਸ਼ਾਈ ਵੇਰਵਾ ਇਕੱਤਰ ਕਰਨ ਦੇ ਯਤਨ ਕੀਤੇ। ਦੋਵੇਂ ਵਾਰ ਇਹ ਯਤਨ ਤਕਨੀਕੀ ਅਤੇ ਆਕਾਰੀ ਕਾਰਨਾਂ ਕਰਕੇ ਤਿਆਗਣੇ ਪਏ।
2009 ਵਿਚ ਬੜੋਦਰਾ ਦੀ ਇਕ ਗ਼ੈਰ-ਸਰਕਾਰੀ ਸੰਸਥਾ ‘ਭਾਸ਼ਾ ਰੀਸਰਚ ਐਂਡ ਪਬਲੀਕੇਸ਼ਨ ਸੈਂਟਰ’ ਨੇ ਇਹ ਕਾਰਜ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਆਪਣੇ ਹੱਥ ਲਿਆ। ਉਹਨੇ 85 ਸੰਸਥਾਵਾਂ ਅਤੇ ਤਿੰਨ ਹਜ਼ਾਰ ਵਾਲੰਟੀਅਰਾਂ ਦੀ ਮਦਦ ਜੁਟਾਈ। ਆਪਣੇ ਹੀ ਯਤਨਾਂ ਨਾਲ ਉਹ ਇਕ ਕਰੋੜ ਰੁਪਏ ਇਕੱਠੇ ਕਰਨ ਵਿਚ ਵੀ ਸਫਲ ਰਹੀ। ਆਖ਼ਰ ਚਾਰ ਸਾਲਾਂ ਦੀ ਸਖ਼ਤ ਘਾਲਨਾ ਤੇ ਵੱਡੇ ਖਰਚ ਨਾਲ ਰਿਪੋਰਟ ਤਿਆਰ ਹੋ ਗਈ। ਕੁੱਲ 35,000 ਪੰਨੇ ਦੀ ਇਸ ਰਿਪੋਰਟ ਦਾ ਨਾਂ ‘ਪੀਪਲਜ਼ ਲਿੰਗੂਇਸਟਿਕ ਸਰਵੇ ਆਫ਼ ਇੰਡੀਆ’ ਰੱਖਿਆ ਗਿਆ। ਇਹ 2013 ਦੇ ਅਧਿਆਪਕ ਦਿਵਸ ਸਮੇਂ 5 ਸਤੰਬਰ ਨੂੰ ਜਨਤਕ ਕਰ ਦਿੱਤੀ ਗਈ ਸੀ। ਇਸ ਰਿਪੋਰਟ ਨੇ ਕਈ ਦਿਲਚਸਪ ਭਾਸ਼ਾਈ ਤੱਥ ਪੇਸ਼ ਕੀਤੇ ਜੋ ਪੰਜਾਬੀ ਦੇ ਪ੍ਰਸੰਗ ਵਿਚ ਸਾਡਾ ਧਿਆਨ ਲੋੜਦੇ ਹਨ।
ਸੰਸਾਰ ਦੇ ਸਭ ਤੋਂ ਵੱਡੇ ਇਸ ਪੀਪਲਜ਼ ਸਰਵੇ ਨੇ ਕੁੱਲ 780 ਬੋਲੀਆਂ ਪਛਾਣੀਆਂ ਹਨ। ਇਨ੍ਹਾਂ ਵਿਚ 40 ਕਰੋੜ ਲੋਕਾਂ ਦੀ ਬੋਲੀ ਹਿੰਦੀ ਤੋਂ ਲੈ ਕੇ ਸਿਕਮ ਦੀ ਇਕ ਬੋਲੀ ਮਾਝੀ ਤੱਕ ਸ਼ਾਮਲ ਹਨ। ਮਾਝੀ ਸਿਰਫ਼ ਚਾਰ ਬੰਦਿਆਂ ਤੱਕ ਸੀਮਤ ਹੋ ਗਈ ਹੈ ਅਤੇ ਹੌਲੀ ਹੌਲੀ ਨਿਪਾਲੀ ਵਿਚ ਖੁਰ ਗਈ ਹੈ। ਇਨ੍ਹਾਂ ਵਿਚੋਂ 400 ਤੋਂ ਵੱਧ ਬੋਲੀਆਂ ਆਦਿਵਾਸੀ ਕਬੀਲਿਆਂ ਅਤੇ ਟਪਰੀਵਾਸਾਂ ਦੀਆਂ ਹਨ। ਸਰਵੇ ਦਾ ਇਹ ਵੀ ਕਹਿਣਾ ਹੈ ਕਿ ਸੌ ਦੇ ਕਰੀਬ ਬੋਲੀਆਂ ਅਜੇ ਵੀ ਉਨ੍ਹਾਂ ਦੀ ਨਜ਼ਰੋਂ ਓਹਲੇ ਰਹਿ ਗਈਆਂ ਹੋ ਸਕਦੀਆਂ ਹਨ।
ਇਸ ਸਰਵੇ ਸਮੇਂ ਲੋਕ-ਗੀਤਾਂ, ਕਥਾਵਾਂ, ਰਿਸ਼ਤਿਆਂ, ਰੀਤੀ-ਰਿਵਾਜਾਂ, ਕਿਰਤ ਦੇ ਸੰਦਾਂ, ਘਰੇਲੂ ਵਸਤਾਂ, ਗਿਣਤੀ-ਮਿਣਤੀ, ਦਿਨਾਂ-ਮਹੀਨਿਆਂ, ਰੰਗਾਂ, ਬ੍ਰਿਛ-ਬੂਟਿਆਂ, ਆਦਿ ਦੇ ਨਾਂਵਾਂ ਵਾਸਤੇ ਵਰਤੇ ਜਾਂਦੇ ਸ਼ਬਦਾਂ ਦੇ ਫ਼ਰਕ ਨੂੰ ਵੱਖਰੀ ਬੋਲੀ ਮਿਥਣ ਵਾਸਤੇ ਆਧਾਰ ਬਣਾਇਆ ਗਿਆ। (ਇਸ ਕਸਵੱਟੀ ਅਨੁਸਾਰ ਪੰਜਾਬੀ ਦੀ ਘਟਦੀ ਮੌਲਿਕਤਾ ਅਤੇ ਨਿਵੇਕਲਤਾ ਦਾ ਅੰਦਾਜ਼ਾ ਕਰੀਬੀ ਰਿਸ਼ਤਿਆਂ ਤੇ ਘਰੇਲੂ ਵਸਤਾਂ ਦੇ ਸੈਂਕੜੇ ਗ਼ੈਰ-ਪੰਜਾਬੀ ਨਾਂਵਾਂ ਤੋਂ ਲਾਇਆ ਜਾ ਸਕਦਾ ਹੈ। ਮਾਂ-ਪਿਓ ਦਾ ਮੰਮੀ-ਡੈਡੀ, ਬਿਸਤਰੇ ਦਾ ਬੈਡ, ਮੇਜ਼-ਕੁਰਸੀ ਦਾ ਟੇਬਲ-ਚੇਅਰ, ਚਮਚੇ ਦਾ ਸਪੂਨ ਬਣਨਾ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਅਨੇਕ ਪੰਜਾਬੀ ਬੱਚੇ ਹੁਣ ਦਿਨਾਂ, ਰੁੱਤਾਂ, ਗਿਣਤੀਆਂ ਆਦਿ ਦੇ ਨਾਂ ਤਾਂ ਪੰਜਾਬੀ ਵਿਚ ਸਮਝਦੇ ਹੀ ਨਹੀਂ। ਉਨ੍ਹਾਂ ਲਈ ਐਤ-ਸੋਮ ਸੰਡੇ-ਮੰਡੇ, ਹੁਨਾਲ-ਸਿਆਲ ਸਮਰ-ਵਿੰਟਰ, ਛੁੱਟੀ ਵੈਕੇਸ਼ਨ ਅਤੇ ਪੰਦਰਾਂ-ਸੋਲਾਂ ਫਿਫਟੀਨ-ਸਿਕਸਟੀਨ ਹੋ ਗਏ ਹਨ।)
ਧਿਆਨਜੋਗ ਗੱਲ ਹੈ ਕਿ ਇਨ੍ਹਾਂ ਵਿਚੋਂ 96 ਫ਼ੀਸਦੀ ਬੋਲੀਆਂ ਦਾ ਸਰਕਾਰੇ-ਦਰਬਾਰੇ ਤਾਂ ਛੱਡੋ, ਭਾਸ਼ਾਈ-ਸਾਹਿਤਕ ਚਰਚਾ ਸਮੇਂ ਵੀ ਕਦੀ ਕਿਤੇ ਕੋਈ ਜ਼ਿਕਰ ਤੱਕ ਨਹੀਂ ਹੁੰਦਾ। ਸਰਵੇ ਨੇ ਪਿਛਲੇ ਪੰਜਾਹ ਸਾਲਾਂ ਵਿਚ ਕੋਈ ਪੱਚੀ ਫ਼ੀਸਦੀ ਬੋਲੀਆਂ ਦੇ ਖ਼ਾਤਮੇ ਬਾਰੇ ਚਿੰਤਾ ਪਰਗਟ ਕੀਤੀ ਹੈ। ਦੱਸਿਆ ਗਿਆ ਹੈ ਕਿ ਸੂਚੀਬੱਧ ਅਤੇ ਲਿਪੀਬੱਧ ਬੋਲੀਆਂ ਛੋਟੀਆਂ ਬੋਲੀਆਂ ਨੂੰ ਲਗਾਤਾਰ ਖਾ ਰਹੀਆਂ ਹਨ। ਇਸ ਦੇ ਨਾਲ ਹੀ ਇਹ ਤੱਥ ਵੀ ਧਿਆਨ ਮੰਗਦਾ ਹੈ ਕਿ ਬਹੁਤੀਆਂ ਸੂਚੀਬੱਧ ਤੇ ਲਿਪੀਬੱਧ ਜਾਂ ਸਾਹਿਤ ਅਕਾਦਮੀ ਦੀਆਂ ਪ੍ਰਵਾਨਿਤ ਭਾਸ਼ਾਵਾਂ ਦੀ ਆਪਣੀ ਹੈਸੀਅਤ ਵੀ ਕਈ ਕਾਰਨਾਂ ਕਰਕੇ ਕਮਜ਼ੋਰ ਪੈਂਦੀ ਜਾਂਦੀ ਹੈ।
ਸ਼ਿਮਲਾ ਦੀ ‘ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀ’ ਨੇ 11 ਤੋਂ 14 ਅਗਸਤ 2013 ਤੱਕ ਇਕ ਗੋਸ਼ਟੀ ਕਰਵਾਈ ਜਿਸ ਵਿਚ ਦੇਸ਼ ਦੀਆਂ ਲਗਭਗ ਸਾਰੀਆਂ ਮਾਨਤਾ-ਪ੍ਰਾਪਤ ਭਾਸ਼ਾਵਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਉਥੇ ਕਈ ਮਹੱਤਵਪੂਰਨ ਗੱਲਾਂ ਉਭਰ ਕੇ ਸਾਹਮਣੇ ਆਈਆਂ। ਬੰਗਲਾ, ਮਲਿਆਲਮ, ਤਾਮਿਲ, ਤੈਲਗੂ ਜਿਹੀਆਂ ਭਾਸ਼ਾਵਾਂ ਨੂੰ ਸੁਭਾਗੀਆਂ ਕਿਹਾ ਗਿਆ। ਉਹ ਇਸ ਕਰਕੇ ਕਿ ਉਨ੍ਹਾਂ ਨੂੰ ਉਥੋਂ ਦੀਆਂ ਸਰਕਾਰਾਂ ਦਾ ਸਮਰਥਨ ਵੀ ਹਾਸਲ ਹੈ ਅਤੇ ਬੋਲਣ ਵਾਲਿਆਂ ਦਾ ਪਿਆਰ ਵੀ ਪ੍ਰਾਪਤ ਹੈ। ਉਨ੍ਹਾਂ ਤੋਂ ਬਿਨਾਂ ਬਾਕੀ ਸਭ ਭਾਸ਼ਾਵਾਂ ਸਰਕਾਰੀ ਮਦਦ ਦੀ ਘਾਟ, ਬੋਲਣ ਵਾਲਿਆਂ ਦੀ ਬੇਰੁਖ਼ੀ ਅਤੇ ਪਾਠਕਾਂ ਦੀ ਥੁੜ੍ਹ ਜਿਹੇ ਪੰਜਾਬੀ ਵਾਲੇ ਰੋਣੇ ਹੀ ਰੋ ਰਹੀਆਂ ਸਨ।
ਜਿਥੋਂ ਤੱਕ ਅੰਗਰੇਜ਼ੀ ਦੇ ਰੇਲੇ ਦਾ ਸਬੰਧ ਹੈ, ਉਸ ਤੋਂ ਤਾਂ ਜਿਨ੍ਹਾਂ ਨੂੰ ਅਸੀਂ ਸੁਭਾਗੀਆਂ ਭਾਸ਼ਾਵਾਂ ਕਿਹਾ ਹੈ, ਉਹ ਵੀ ਉਸ ਗੋਸ਼ਟੀ ਵਿਚ ਦੂਜੀਆਂ ਜਿੰਨੀਆਂ ਹੀ ਭੈਭੀਤ ਸਨ। ਡੋਗਰੀ, ਕੋਂਕਨੀ ਆਦਿ ਭਾਸ਼ਾਵਾਂ ਦੇ ਪ੍ਰਤੀਨਿਧਾਂ ਦਾ ਤਾਂ ਕਹਿਣਾ ਸੀ ਕਿ ਉਨ੍ਹਾਂ ਖੇਤਰਾਂ ਦੀਆਂ ਵੱਡੀਆਂ ਭਾਸ਼ਾਵਾਂ ਵਿਚ ਲਿਖਣ ਵਾਲੇ ਲੇਖਕ ਇਨਾਮ ਲੈਣ ਦੀ ਮਨਸ਼ਾ ਨਾਲ ਹੀ ਇਨ੍ਹਾਂ ਭਾਸ਼ਾਵਾਂ ਵਿਚ ਕੁਝ ਪੁਸਤਕਾਂ ਛਪਵਾਉਂਦੇ ਹਨ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਅਨੇਕ ਭਾਸ਼ਾਵਾਂ ਦੇ ਹੌਲੀ ਹੌਲੀ ਕਮਜ਼ੋਰ ਪੈਂਦੇ ਜਾਣ ਦੇ ਅਤੇ ਅੰਤ ਨੂੰ ਮਰ ਜਾਣ ਦੇ ਕਈ ਕਾਰਨ ਹਨ। ਉਪ-ਭਾਸ਼ਾਵਾਂ ਦਾ ਭਾਸ਼ਾਵਾਂ ਵਿਚ ਲੀਨ ਹੋਣਾ ਇਕ ਕੁਦਰਤੀ ਅਮਲ ਬਣ ਗਿਆ ਹੈ। ਲਿਪੀ ਤੋਂ ਵਿਰਵੀਆਂ ਭਾਸ਼ਾਵਾਂ ਗੁਆਂਢੀ ਲਿਪੀਦਾਰ ਭਾਸ਼ਾਵਾਂ ਸਾਹਮਣੇ ਮੈਦਾਨ ਛੱਡ ਰਹੀਆਂ ਹਨ। ਸੰਵਿਧਾਨ ਦੀ ਸੂਚੀ ਤੋਂ ਬਾਹਰਲੀਆਂ ਭਾਸ਼ਾਵਾਂ ਕੋਈ ਸਰਕਾਰੀ ਸਰਪ੍ਰਸਤੀ ਪ੍ਰਾਪਤ ਨਾ ਹੋਣ ਕਾਰਨ ਪਿੱਛੇ ਰਹਿੰਦੀਆਂ ਜਾਂਦੀਆਂ ਹਨ। ਛੋਟੀਆਂ ਭਾਸ਼ਾਵਾਂ ਉਤੇ ਵੱਡੀਆਂ ਦਾ ਪਰਛਾਵਾਂ ਪੈਂਦਾ ਰਹਿੰਦਾ ਹੈ ਅਤੇ ਉਨ੍ਹਾਂ ਸਭਨਾਂ ਉਤੇ ਅੰਗਰੇਜ਼ੀ ਦੀ ਸੰਘਣੀ ਕਾਲੀ ਛਾਂ ਪੈਂਦੀ ਰਹਿੰਦੀ ਹੈ।
ਇਸ ਸੂਰਤ ਵਿਚ ਜੇ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਉਹਦੇ ਬਚਾਅ ਅਤੇ ਵਿਕਾਸ ਵਾਸਤੇ ਸਚੇਤ ਤੇ ਜਾਗ੍ਰਿਤ ਨਹੀਂ ਹੋਣਗੇ, ਨੇੜੇ ਦੇ ਭਵਿੱਖ ਵਿਚ ਹੀ ਉਹਦੇ ਲਈ ਹਾਲਾਤ ਕੋਈ ਸੁਖਾਵੇਂ ਨਹੀਂ ਰਹਿਣ ਲੱਗੇ।
(ਚਲਦਾ)

Be the first to comment

Leave a Reply

Your email address will not be published.