ਪਿੰ੍ਰæ ਸਰਵਣ ਸਿੰਘ
ਇਹ ਗਿੰਨੀਜ਼ ਬੁੱਕ ਵਿਚ ਆਉਣ ਵਾਲਾ ਰਿਕਾਰਡ ਹੈ। ਪਹਿਲਵਾਨ ਕਰਤਾਰ ਸਿੰਘ ਨੇ ਬੈਲਗਰੇਡ ਵਿਚ ਹੋਈ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸ਼ਿਪ 18ਵੀਂ ਵਾਰ ਜਿੱਤ ਲਈ ਹੈ। ਉਸ ਨੇ 55 ਤੋਂ 60 ਸਾਲ ਦੀ ਉਮਰ ਦੇ 90 ਤੋਂ 100 ਕਿੱਲੋ ਵਜ਼ਨ ਵਰਗ ਵਿਚ ਭਾਗ ਲਿਆ। ਕੁਆਟਰ ਫਾਈਨਲ ਵਿਚ ਕਜ਼ਾਕਿਸਤਾਨ ਦੇ ਬੈਕਲਿਚ ਅੰਤਲੇ, ਸੈਮੀ ਫਾਈਨਲ ਵਿਚ ਇਰਾਨ ਦੇ ਸ਼ਰੀਫ ਸਸਹਿਰ ਤੇ ਫਾਈਨਲ ਵਿਚ ਤੁਰਕੀ ਦੇ ਬਾਗੀ ਇਸਮਤ ਨੂੰ ਹਰਾ ਕੇ ਲਗਾਤਾਰ 18ਵਾਂ ਗੋਲਡ ਮੈਡਲ ਜਿੱਤਿਆ। ਉਸ ਨੇ ਤਿੰਨ ਓਲੰਪਿਕ ਖੇਡਾਂ, ਤਿੰਨ ਏਸ਼ਿਆਈ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ, ਤਿੰਨ ਕਾਮਨਵੈਲਥ ਖੇਡਾਂ ਤੇ ਉਨੀ ਵਿਸ਼ਵ ਵੈਟਰਨ ਚੈਂਪੀਅਨਸ਼ਿਪਾਂ ਵਿਚ ਭਾਗ ਲਿਆ ਹੈ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚੋਂ ਸੋਨੇ, ਚਾਂਦੀ ਤੇ ਤਾਂਬੇ ਦੇ 29 ਤਮਗੇ ਜਿੱਤੇ ਹਨ। ਉਸ ਨੇ ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤਕ ਸਾਰੇ ਖਿਤਾਬ ਹਾਸਲ ਕੀਤੇ ਹੋਏ ਹਨ।
ਉਹ ਸਕੂਲਾਂ-ਕਾਲਜਾਂ ਤੋਂ ਲੈ ਕੇ ਏਸ਼ੀਆ ਤੇ ਕਾਮਨਵੈਲਥ ਖੇਡਾਂ ਅਤੇ ਵਿਸ਼ਵ ਵੈਟਰਨ ਕੁਸ਼ਤੀ ਮੁਕਾਬਲਿਆਂ ਤਕ ਦੀਆਂ ਅਨੇਕਾਂ ਗੁਰਜਾਂ ਸਾਂਭੀ ਬੈਠਾ ਹੈ। ਬੈਠਾ ਕਿਥੇ! ਪੰਜਾਬ ਪੁਲਿਸ ਦਾ ਆਈæ ਜੀæ ਬਣ ਕੇ ਤੇ ਹੁਣ ਰਿਟਾਇਰ ਹੋ ਕੇ ਵੀ ਰੋਜ਼ਾਨਾ ਜ਼ੋਰ ਕਰਦਾ ਹੈ। ਬਹੁਤੇ ਖਿਡਾਰੀ ਤਾਂ ਹਵਾਲਦਾਰ ਜਾਂ ਠਾਣੇਦਾਰ ਦੀ ਨੌਕਰੀ ਲੈਣ ਸਾਰ ਹੀ ਆਪਣੀ ਖੇਡ ਨੂੰ ਅਲਵਿਦਾ ਕਹਿ ਦਿੰਦੇ ਹਨ!
ਉਹਦਾ ਜਨਮ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਵਿਚ ਸਾਧਾਰਨ ਕਿਸਾਨ ਕਰਨੈਲ ਸਿੰਘ ਢਿੱਲੋਂ ਦੇ ਘਰ ਹੋਇਆ ਸੀ। ਉਹਦੀਆਂ ਕੁਸ਼ਤੀਆਂ ਦਾ ਦੌਰ 1968 ਤੋਂ ਸ਼ੁਰੂ ਹੋਇਆ ਜੋ ਦਹਾਕਿਆਂ ਤਕ ਚੱਲਿਆ। 1970-71 ਵਿਚ ਉਹ ਆਲ ਇੰਡੀਆ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣਿਆ। ਫਿਰ ਯੂਨੀਵਰਸਿਟੀ ਤੇ ਇੰਟਰਵਰਸਿਟੀ ਜਿੱਤਣ ਪਿੱਛੋਂ 1974 ‘ਚ ਮਾਸਕੋ ਦੇ ਵਿਸ਼ਵ ਯੂਨੀਵਰਸਿਟੀਜ਼ ਕੁਸ਼ਤੀ ਮੁਕਾਬਲਿਆਂ ਵਿਚ ਗਿਆ। 1978 ਤੇ 82 ਵਿਚ ਏਸ਼ਿਆਈ ਤੇ ਕਾਮਨਵੈਲਥ ਖੇਡਾਂ ‘ਚੋਂ ਮੈਡਲ ਜਿਤੇ। 1986 ‘ਚ ਸਿਓਲ ਦੀਆਂ ਏਸ਼ਿਆਈ ਖੇਡਾਂ ‘ਚੋਂ ਸੋਨ-ਤਮਗਾ ਜਿਤਣ ਵਾਲਾ ਉਹ ਇਕੱਲਾ ਭਾਰਤੀ ਮਰਦ ਸੀ।
1978 ‘ਚ ਉਹ ਬੀæ ਐਸ਼ ਐਫ਼ ਵਿਚ ਭਰਤੀ ਹੋਇਆ ਸੀ। ਪਹਿਲਾਂ ਉਸ ਨੇ ਪਹਿਲਵਾਨ ਦਾਰਾ ਸਿੰਘ ਨੂੰ ਉਸਤਾਦ ਧਾਰਿਆ ਸੀ ਜਿਸ ਨੇ ਉਸ ਨੂੰ ਗੁਰੂ ਹਨੂਮਾਨ ਜੀ ਦੇ ਲੜ ਲਾ ਦਿੱਤਾ। ਗੁਰੂ ਹਨੂਮਾਨ ਦੇ ਅਖਾੜੇ ਵਿਚ ਉਸ ਨੇ ਕਈ ਸਾਲ ਮਿਹਨਤ ਕੀਤੀ। ਉਥੇ ਮੈਂ ਉਹਨੂੰ ਪਹਿਲੀ ਵਾਰ ਮਿਲਿਆ ਸਾਂ। ਅਖਾੜੇ ਦਾ ਤੰਗ ਜਿਹਾ ਹਾਤਾ ਭਲਵਾਨਾਂ ਨਾਲ ਭਰਿਆ ਪਿਆ ਸੀ। ਅਲੂੰਏਂ ਪੱਠੇ ਸ਼ਰਦਾਈਆਂ ਰਗੜ ਰਹੇ ਸਨ ਤੇ ਕਈ ਰੱਸਿਆਂ ਨਾਲ ਝੂਟ ਰਹੇ ਸਨ। ਕਿਧਰੇ ਡੰਡ ਬੈਠਕਾਂ ਲੱਗ ਰਹੀਆਂ ਸਨ ਤੇ ਕਿਧਰੇ ਮੱਲਾਂ ਦੇ ਜੋੜ ਅਖਾੜੇ ਦੀ ਮਿੱਟੀ ਵਿਚ ਮਿੱਟੀ ਹੋਏ ਪਏ ਸਨ। ਸਾਰਾ ਅਖਾੜਾ ਮੁੜ੍ਹਕੇ ਵਿਚ ਭਿੱਜਿਆ ਪਿਆ ਸੀ ਜਿਸ ‘ਚੋਂ ਤੇਲੀਆ ਮਹਿਕ ਆ ਰਹੀ ਸੀ। ਗੁਰੂ ਹਨੂਮਾਨ ਦੀ ਉਹ ਅਨੋਖੀ ਟਕਸਾਲ ਸੀ ਜਿਥੇ ਹੱਡ ਮਾਸ ਦੇ ਜੁੱਸੇ ਫੌਲਾਦੀ ਬਣਾਏ ਜਾ ਰਹੇ ਸਨ। ਅੰਦਰ ਗੱਦੇ ਉਤੇ ਪ੍ਰੈਕਟਿਸ ਕਰਨ ਤੋਂ ਵਿਹਲਾ ਹੋ ਕੇ ਕਰਤਾਰ ਸਿੰਘ ਮਿਲਿਆ ਤਾਂ ਉਹਦਾ ਗੋਰਾ ਬਦਨ ਪਸੀਨੇ ਵਿਚ ਤਰ ਸੀ ਤੇ ਭਖਿਆ ਹੋਇਆ ਸੂਹੀ ਭਾਅ ਮਾਰ ਰਿਹਾ ਸੀ। ਉਦਣ ਸਾਰਾ ਦਿਨ ਮੈਂ ਕਰਤਾਰ ਹੋਰਾਂ ਕੋਲ ਰਿਹਾ।
ਉਹਦਾ ਬਚਪਨ ਆਮ ਕਿਸਾਨ ਮੁੰਡਿਆਂ ਵਾਂਗ ਸਕੂਲੇ ਜਾਂਦਿਆਂ ਤੇ ਡੰਗਰ ਚਾਰਦਿਆਂ ਲੰਘਿਆ ਸੀ। ਉਹਦੇ ਅੰਦਰ ਛੁਪੇ ਬੈਠੇ ਰੁਸਤਮ ਦਾ ਉਦੋਂ ਕਿਸੇ ਨੂੰ ਖਾਬ ਖਿਆਲ ਵੀ ਨਹੀਂ ਸੀ। ਸਾਡੇ ਬੱਚਿਆਂ ਅੰਦਰ ਕੀ ਕੁਝ ਛੁਪਿਆ ਹੋਇਆ ਹੈ- ਇਹਦਾ ਵੀ ਸਾਨੂੰ ਕਿੰਨਾ ਕੁ ਪਤਾ ਹੈ? ਕਰਤਾਰ ਸਿੰਘ ਨੇ ਪਿੰਡੋਂ ਦਸ ਪੜ੍ਹ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ। ਫਿਰ ਪੜ੍ਹਾਈ ਵਿਚੇ ਛੱਡ ਕੇ ਕੁਲਵਕਤੀ ਪਹਿਲਵਾਨ ਬਣ ਗਿਆ ਤੇ ਪਹਿਲਵਾਨੀ ਦੇ ਸਿਰ ‘ਤੇ ਨੌਕਰੀ ਲੈਣ ਪਿਛੋਂ ਤਰੱਕੀਆਂ ਕਰਦਾ ਪੰਜਾਬ ਪੁਲਿਸ ਦਾ ਆਈæ ਜੀæ ਬਣਿਆ। ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਉਹ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਤੇ ਭਾਰਤੀ ਕੁਸ਼ਤੀ ਸੰਘ ਦਾ ਜਨਰਲ ਸਕੱਤਰ ਵੀ ਰਿਹਾ। ਉਸ ਨੇ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਕੁਸ਼ਤੀ ਦੇ ਅੰਤਰਰਾਸ਼ਟਰੀ ਦੰਗਲ ਕਰਵਾਏ। ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਭਾਰਤ ਸਰਕਾਰ ਨੇ ਪਦਮਸ੍ਰੀ ਤੇ ਅਰਜਨਾ ਐਵਾਰਡ ਨਾਲ ਸਨਮਾਨਿਆ। ਉਸ ਦਾ ਵਿਆਹ 1985 ਵਿਚ ਬੀਬੀ ਗੁਰਿੰਦਰ ਕੌਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਇਕ ਬੇਟਾ ਤੇ ਦੋ ਬੇਟੀਆਂ ਹਨ। ਉਨ੍ਹਾਂ ਦਾ ਪੱਕਾ ਟਿਕਾਣਾ ਜਲੰਧਰ ਹੈ।
ਉਹ ਮਿੱਟੀ ਦੇ ਅਖਾੜੇ ਤੇ ਗੱਦੇ ਦੀਆਂ ਕੁਸ਼ਤੀਆਂ ਦਾ ਮਾਹਿਰ ਹੈ। ਉਸ ਨੇ ਪਿੰਡਾਂ ਦੀਆਂ ਛਿੰਝਾਂ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਕੀਤੇ ਸਨ ਤੇ ਰਵਾਇਤੀ ਦਾਅ ਢਾਕ ਮਾਰਨਾ, ਹਫਤਾ ਚਾੜ੍ਹਨਾ, ਧੋਬੀ ਪਾਟ, ਨਕਾਲ, ਬਗਲ ਡੁੱਬ, ਗਾਧਾਲੋਟ, ਪੁਠੀ ਸਿਧੀ ਸਾਲਤੋ ਤੇ ਮੋੜਾ ਮਾਰਨ ਦੀ ਮੁਹਾਰਤ ਹਾਸਲ ਕੀਤੀ ਸੀ। ਬਾਅਦ ਵਿਚ ਉਸ ਨੇ ਗੱਦੇ ਦੇ ਦਾਅ ਭਾਰਨਦਾਜ, ਪੱਟ ਖਿਚਣਾ, ਫਿਤਲੇ ਤੇ ਟੰਗੀ ਆਦਿ ਵੀ ਸਿੱਖੇ ਤੇ ਰਵਾਂ ਕੀਤੇ।
ਉਸ ਨੇ 1968 ਤੋਂ 2014 ਤਕ ਹਜ਼ਾਰਾਂ ਕੁਸ਼ਤੀਆਂ ਲੜੀਆਂ ਹਨ। ਕਿਸੇ ਪਹਿਲਵਾਨ ਵੱਲੋਂ ਏਨਾ ਲੰਮਾ ਸਮਾਂ ਸਰਗਰਮ ਪਹਿਲਵਾਨ ਰਹਿਣ ਦਾ ਇਹ ਅਨੋਖਾ ਰਿਕਾਰਡ ਹੈ। ਉਹਦੇ ਗਰਾਂਈਂ ਵਰਿਆਮ ਸਿੰਘ ਸੰਧੂ ਨੇ ਉਹਦੀ ਜੀਵਨੀ ਲਿਖੀ ਹੈ-ਕੁਸ਼ਤੀ ਦਾ ਧਰੂ ਤਾਰਾ। ਉਹਨੂੰ ਪੜ੍ਹਨ ਨਾਲ ਪਹਿਲਵਾਨ ਦੇ ਪਿਛੋਕੜ, ਪਰਿਵਾਰ, ਜੁੱਸੇ ਤੇ ਮਨ ਦੀਆਂ ਅਨੇਕਾਂ ਪਰਤਾਂ ਦੇ ਦਰਸ਼ਨ ਹੁੰਦੇ ਹਨ। ਉਹ ਪੰਜਾਬੀਆਂ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ।
Leave a Reply