ਬਿਸਮਿਲ ਦੀ ਆਤਮ ਕਥਾ: ਉਸ ਦੀ ਮਾਂ ਤੇ ਅਸ਼ਫਾਕ ਉਲਾ

ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਸ਼ਹੀਦ ਰਾਮ ਪ੍ਰਸ਼ਾਦ ਬਿਸਮਿਲ ਦੀ ਆਤਮ ਕਥਾ (ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ) ਦਾ ਤੀਜਾ ਐਡੀਸ਼ਨ ਪਿਆ ਹੈ। ਪਹਿਲਾ ਐਡੀਸ਼ਨ 1998 ਵਿਚ ਛਪਿਆ ਸੀ ਤੇ ਦੂਜਾ 2005 ਵਿਚ। ਪੰਜਾਬੀ ਵਿਚ ਕਿਸੇ ਪੁਸਤਕ ਦਾ ਇਸ ਪ੍ਰਕਾਰ ਧੜਾ-ਧੜ ਵਿਕਣਾ ਆਮ ਗੱਲ ਨਹੀਂ। ਬਿਸਮਿਲ ਦੇ ਪੁਰਖੇ ਚੰਬਲ ਵਾਦੀ ਦੇ ਉਸ ਖੇਤਰ ਤੋਂ ਸਨ ਜਿਹੜੇ ਸਮੇਂ ਦੀਆਂ ਸਰਕਾਰਾਂ ਨੂੰ ਲਗਾਨ ਵੀ ਨਹੀਂ ਸਨ ਦਿੰਦੇ। ਸਰਕਾਰੀ ਛਾਪੇ ਦੀ ਸੂਰਤ ਵਿਚ ਬੀਹੜ ਨਾਂ ਦੇ ਡਰਾਉਣੇ ਜੰਗਲ ਵਿਚ ਮਹੀਨਿਆਂ ਬੱਧੀ ਵੜੇ ਰਹਿੰਦੇ। ਮਾਲ ਡੰਗਰ ਵੀ ਨਾਲ ਲੈ ਜਾਂਦੇ। ਪਿੱਛੇ ਕੋਈ ਅਜਿਹੀ ਵਸਤ ਨਹੀਂ ਸਨ ਛਡਦੇ ਜਿਸ ਨੂੰ ਨੀਲਾਮ ਕਰਕੇ ਲਗਾਨ ਦੇ ਪੈਸੇ ਪੂਰੇ ਹੁੰਦੇ।
ਰਾਮ ਪ੍ਰਸ਼ਾਦ ਵੀ ਘਟ ਵਿਗੜਿਆ ਹੋਇਆ ਨੌਜਵਾਨ ਨਹੀਂ ਸੀ। ਚੋਰੀ-ਚੱਕਾਰੀ, ਮਾਰ-ਕੁਟਾਈ ਤੇ ਗੁਰਪਬਾਜ਼ੀ ਜਾਂ ਅਸਲਾ ਜਮ੍ਹਾ ਕਰਨ ਦੀ ਬਿਰਤੀ ਤੋਂ ਬਾਜ਼ ਨਹੀਂ ਸੀ ਆਉਂਦਾ। ਦਾਦਾ-ਦਾਦੀ ਤੇ ਪਿਤਾ ਦੀ ਗੱਲ ਨਾ ਮੰਨਦਾ। ਕੇਵਲ ਮਾਂ ਹੀ ਸੀ ਜੋ ਉਸ ਨੂੰ ਖੁੱਲ੍ਹਾਂ ਦਿੰਦੀ। ਉਹ ਆਪਣੀ ਮਾਂ ਮੂਲਮਤੀ ਦੇਵੀ ਦਾ ਪੁੱਤ ਸੀ। ਮਾਂ ਜਿਹੜੀ ਪਤੀ ਕੋਲੋਂ ਝਿੜਕਾਂ ਤੇ ਮਾਰ ਖਾ ਕੇ ਵੀ ਪੁੱਤ ਨੂੰ ਹੱਲਾ ਸ਼ੇਰੀ ਤੇ ਪੈਸੇ ਦਿੰਦੀ ਰਹਿੰਦੀ, ਇਹ ਕਹਿ ਕੇ “ਜੋ ਤੈਨੂੰ ਚੰਗੇ ਲੱਗੇ ਕਰ ਪਰ ਇਹ ਕਰਨਾ ਠੀਕ ਨਹੀਂ। ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ।” ਪੁੱਤਰ ਮਾਂ ਤੋਂ ਕਦੀ ਵੀ ਨਾ ਡੋਲਣ ਦਾ ਵਰ ਮੰਗਦੇ ਸਮੇਂ ਇਹ ਭਰੋਸਾ ਦਿੰਦਾ, “ਤੁਹਾਡਾ ਪੁੱਤਰ ਮਾਂਵਾਂ ਦੀ ਮਾਂ- ਭਾਰਤ ਮਾਂ ਦੀ ਸੇਵਾ ਵਿਚ ਬਲੀਦਾਨ ਦੇਵੇਗਾ ਤੇ ਕਿਸੇ ਹਾਲਤ ਵਿਚ ਵੀ ਤੁਹਾਡੀ ਕੁੱਖ ਨੂੰ ਦਾਗ ਨਹੀਂ ਲੱਗਣ ਦਿੰਦਾ!” ਗਿਆਰਾਂ ਵਰ੍ਹੇ ਦੀ ਉਮਰ ਵਿਚ ਵਿਆਹੀ ਉਸ ਦੀ ਮਾਂ ਨੇ ਘਰ ਦਾ ਸਾਰਾ ਕੰਮ ਹੀ ਨਹੀਂ ਸਾਂਭਿਆ, ਆਪਣੇ ਪਿੰਡ ਦੀਆਂ ਪੜ੍ਹੀਆਂ ਲਿਖੀਆਂ ਮਹਿਲਾਵਾਂ ਤੋਂ ਵਿਦਿਆ ਵੀ ਪ੍ਰਾਪਤ ਕੀਤੀ। ਉਹ ਪੁੱਤ ਨੂੰ ਭਗਵਤ ਗੀਤਾ ਦੇ ਉਪਦੇਸ਼ਾਂ ਤੋਂ ਬਿਨਾ ਸ਼ਿਵਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦੇ ਅੰਸ਼ ਵੀ ਦੱਸਦੀ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਾਰੇ ਸਾਹਿਬਜ਼ਾਦਿਆਂ ਦੀ ਦਾਸਤਾਨ।
ਇਸ ਆਤਮ ਕਥਾ ਦੇ ਸਾਰੇ ਵੇਰਵੇ ਦੇਣੇ ਤਾਂ ਸੌਖੇ ਨਹੀਂ ਪਰ ਰਾਮ ਪ੍ਰਸ਼ਾਦ ਦੀ ਜੀਵਨ ਘਾਲਣਾ ਦੇ ਕੁਝ ਅੰਸ਼ ਹਾਜ਼ਰ ਹਨ। ਸਵੇਰੇ ਉਠ ਪਾਠ ਕਰਨਾ, ਸਕੂਲ ਦਾ ਨਿਤਨੇਮ ਪਾਲਣਾ, ਰੋਜ਼ਾਨਾ ਵਰਜਿਸ਼ ਕਰਨਾ, ਰਾਤ ਨੂੰ ਘੱਟ ਖਾਣਾ ਤੇ ਜਲਦੀ ਸੌਣਾ ਉਸ ਨੇ ਮਾਂ ਕੋਲੋਂ ਹੀ ਸਿੱਖਿਆ ਸੀ। ਮਾਂ ਨੇ ਉਸ ਨੂੰ ਆਰੀਆ ਕੁਮਾਰ (ਨੌਜਵਾਨ) ਸਭਾ ਦਾ ਮੈਂਬਰ ਬਣਨੋਂ ਤਾਂ ਕੀ ਰੋਕਣਾ ਸੀ, ਜਦੋਂ ਉਸ ਦਾ ਪੁੱਤ ਪਿਤਾ ਵਲੋਂ ਵਰਜੇ ਜਾਣ ਦੇ ਬਾਵਜੂਦ ਲਖਨਾਊ ਵਿਖੇ ਲੋਕਮਾਨੀਆ ਬਾਲ ਗੰਗਾਧਰ ਤਿਲਕ ਦੇ ਸਵਾਗਤ ਸਮੇਂ ਨਰਮ ਦਲੀਏ ਕਾਂਗਰਸੀਆਂ ਨੂੰ ਪਛਾੜ ਕੇ ਆਪਣੀ ਕ੍ਰਾਂਤੀਕਾਰੀ ਜਥੇਬੰਦੀ ਵਲੋਂ ਸਵਾਗਤ ਕਰਾਉਣ ਵਿਚ ਸਫਲ ਹੋ ਕੇ ਪਰਤਿਆ ਤਾਂ ਮਾਂ ਨੇ ਉਸ ਦਾ ਮੱਥਾ ਚੁੰਮਿਆ। ਉਹ ਜਦੋਂ ਵੀ ਹਥਿਆਰ ਖਰੀਦ ਕੇ ਲਿਆਉਂਦਾ ਤੇ ਕੇਵਲ ਏਨਾ ਹੀ ਕਹਿੰਦੀ ਕਿ ਕੁਝ ਵੀ ਹੋ ਜਾਏ ਕਿਸੇ ਦੀ ਜਾਨ ਨਹੀਂ ਲੈਣੀ।
ਸ਼ਾਇਦ ਇਹੀਓ ਕਾਰਨ ਸੀ ਕਿ ਕਾਕੋਰੀ ਰੇਲਵੇ ਡਕੈਤੀ ਦੀ ਸਾਜ਼ਿਸ਼ ਸਮੇਂ ਪੂਰੀ ਜਥੇਬੰਦੀ ਨੂੰ ਇਹ ਪੱਕੀ ਹਦਾਇਤ ਸੀ ਕਿ ਪੈਸੇ ਹੀ ਲੁੱਟੇ ਜਾਣ ਤੇ ਕਿਸੇ ਨੂੰ ਗੋਲੀ ਨਾ ਮਾਰੀ ਜਾਵੇ। ਉਨ੍ਹਾਂ ਨੂੰ ਇਹ ਪੈਸੇ ਐਸ਼ ਕਰਨ ਲਈ ਨਹੀਂ ਹਥਿਆਰ ਖਰੀਦਣ ਲਈ ਚਾਹੀਦੇ ਸਨ। ਭਾਵੇਂ ਬਿਸਮਿਲ ਕਵਿਤਾ ਲਿਖਣ ਦਾ ਸ਼ੌਕ ਰਖਦਾ ਸੀ ਪਰ ਪੈਸੇ ਲਈ ਉਸ ਨੇ ਕੁਝ ਪੁਸਤਕਾਂ ਅਨੁਵਾਦ ਵੀ ਕੀਤੀਆਂ ਤੇ Ḕਮਨ ਦੀ ਲਹਿਰḔ, Ḕਬਾਲਸ਼ੇਵਿਕਾਂ ਦੀ ਕਰਤੂਤḔ Ḕਕ੍ਰਾਂਤੀਕਾਰੀ ਜੀਵਨḔ ਤੇ ਰੂਸੀ ਕ੍ਰਾਂਤੀ ਦੀ ਨਕੜ ਦਾਦੀ ḔਕੈਥਰਾਈਨਾḔ ਆਦਿ ਪੁਸਤਕਾਂ ਵੀ ਲਿਖੀਆਂ। ਇਸ ਤੋਂ ਬਿਨਾਂ ਉਸ ਨੇ ਇਕ ਰੇਸ਼ਮੀ ਕਪੜੇ ਬਣਾਉਣ ਦਾ ਕਾਰਖਾਨਾ ਵੀ ਖੋਲ੍ਹਿਆ ਜਿਹੜਾ ਉਸ ਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਸੀ। ਪਰ ਉਤਰ ਪ੍ਰਦੇਸ਼ ਦੇ ਕ੍ਰਾਂਤੀਕਾਰੀਆਂ ਵੱਲੋਂ ਮੁੜ ਨਵੀਂ ਜਥੇਬੰਦੀ ਸ਼ੁਰੂ ਕਰਨ ਦਾ ਸੱਦਾ ਮਿਲਣ ‘ਤੇ ਕਾਰਖਾਨਾ ਆਪਣੇ ਸਾਂਝੀ ਨੂੰ ਸੌਂਪ ਕੇ ਉਧਰ ਨੂੰ ਤੁਰ ਪਿਆ। ਇਹ ਉਹ ਸਮਾਂ ਸੀ ਜਦੋਂ ਰੂਸ ਵਿਚ ਕ੍ਰਾਂਤੀ ਆ ਚੁੱਕੀ ਸੀ ਤੇ ਅਮਰੀਕਾ ਤੋਂ ਗਦਰ ਲਹਿਰ ਦਾ ਅਰੰਭ ਹੋ ਚੁੱਕਾ ਸੀ। ਦਸ ਕੁ ਸਾਥੀਆਂ ਨੇ ਮਿਲ ਕੇ ਸਹਾਰਨਪੁਰ ਤੋਂ ਲਖਨਊ ਨੂੰ ਜਾਣ ਵਾਲੀ ਗੱਡੀ ਦਾ ਕਾਕੋਰੀ ਸਟੇਸ਼ਨ ‘ਤੇ ਗੱਡੀ ਵਿਚੋਂ ਪੈਸੇ ਵਾਲਾ ਸੰਦੂਕ ਲਾਹ ਕੇ ਤੋੜਿਆ। ਪਰ ਕੁਝ ਭੁੱਲਾਂ ਕਾਰਨ ਸਾਰੇ ਦੋਸ਼ੀ ਫੜੇ ਗਏ। ਜਿੱਥੇ ਬਨਵਾਰੀ ਲਾਲ ਨਾਂ ਦੇ ਸਾਥੀ ਨੇ ਪੁਲਿਸ ਨਾਲ ਰਲ ਕੇ ਅਤਿਅੰਤ ਨਾਂਹ ਪੱਖੀ ਰੋਲ ਅਦਾ ਕੀਤਾ। ਅਸ਼ਫਾਕ ਉਲਾ ਨੇ ਮੱਲੋ-ਮਲੀ ਜਥੇਬੰਦੀ ਵਿਚ ਘੁਸ ਕੇ ਅਜਿਹੀ ਦਲੇਰੀ ਨਾਲ ਕ੍ਰਾਂਤੀਕਾਰੀਆਂ ਦਾ ਸਾਥ ਦਿੱਤਾ ਕਿ ਰਾਮ ਪ੍ਰਸ਼ਾਦ ਬਿਸਮਿਲ ਵੀ ਹੈਰਾਨ ਰਹਿ ਗਿਆ। ਗੋਰਖਪੁਰ ਦੀ ਜੇਲ੍ਹ ਵਿਚ 19 ਦਸੰਬਰ 1929 ਨੂੰ ਫਾਂਸੀ ਉਤੇ ਲਟਕਾਏ ਜਾਣ ਵਾਲਿਆਂ ਵਿਚ ਅਸ਼ਫਾਕ ਉਲਾ ਰਾਮ ਪ੍ਰਸ਼ਾਦ ਦਾ ਮੱਦਾਹ ਹੀ ਨਹੀਂ ਉਸ ਨਾਲੋਂ ਉਮਰ ਵਿਚ ਵੀ ਛੋਟਾ ਸੀ। ਬਿਸਮਿਲ ਨੇ ਆਪਣੀ ਆਤਮ ਕਥਾ ਵਿਚ ਇਸ ਗੱਲ ਦਾ ਜ਼ਿਕਰ ਉਚੇਚੇ ਤੌਰ ਉਤੇ ਕੀਤਾ ਹੈ ਕਿ ਜੇ ਅਸ਼ਫਾਕ ਉਲਾ ਖਾਂ ਵਰਗਾ ਕੱਟੜ ਮੁਸਲਮਾਨ ਕ੍ਰਾਂਤੀ ਦਾ ਮਾਰਗ ਅਪਨਾਉਣ ਵਿਚ ਕੱਟੜ ਆਰੀਆ ਸਮਾਜੀ ਰਾਮ ਪ੍ਰਸ਼ਾਦ ਦੀ ਸੱਜੀ ਬਾਂਹ ਬਣ ਸਕਦਾ ਸੀ ਤਾਂ ਉਨ੍ਹਾਂ ਦੇ ਦੇਸ਼ ਨੇ ਹਰ ਹੀਲੇ ਸੁਤੰਤਰ ਹੋਣਾ ਸੀ। ਉਸ ਵੇਲੇ ਦੇ ਹਿੰਦੂ ਮੁਸਲਮਾਨਾਂ ਵਿਚ ਸੁਤੰਤਰਤਾ ਦੀ ਭਾਵਨਾ ਏਨੀ ਪ੍ਰਬਲ ਸੀ ਕਿ ਉਹ ਹਰ ਤਰ੍ਹਾਂ ਦੇ ਭੇਦ ਮਿਟਾ ਕੇ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿਚੋਂ ਕੱਢਣਾ ਚਾਹੁੰਦੇ ਸਨ। ਪੁਸਤਕ ਵਿਚ ਪੰਡਤ ਚੰਪਾ ਲਾਲ ਜੇਲ੍ਹਰ ਦਾ ਵੀ ਚੰਗਾ ਜ਼ਿਕਰ ਹੈ ਜਿਹੜਾ ਅੰਗਰੇਜ਼ਾਂ ਦਾ ਨੌਕਰ ਹੋਣ ਦੇ ਬਾਵਜੂਦ ਕਾਕੋਰੀ ਸਾਜ਼ਿਸ਼ ਕੇਸ ਦਾ ਸਾਰੇ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਆਪਣੇ ਬੱਚਿਆਂ ਵਰਗਾ ਪਿਆਰ ਜਤਾਉਂਦਾ ਸੀ।
ਏਨੇ ਥੋੜ੍ਹੇ ਸਮੇਂ ਵਿਚ ਤੀਜਾ ਐਡੀਸ਼ਨ ਹੋਣ ਵਾਲੀ ਇਸ ਪੁਸਤਕ ਦੇ ਸੰਪਾਦਕ ਮਲਵਿੰਦਰਜੀਤ ਸਿੰਘ ਵੜੈਚ ਤੇ ਬਲਬੀਰ ਲੌਂਗੋਵਾਲ ਹਨ। ਸੰਪਾਦਕਾਂ ਨੇ ਅੰਤਿਕਾ ਵਜੋਂ ਮਾਂ-ਬਾਪ ਦੀ ਆਖਰੀ ਮੁਲਾਕਾਤ ਦਾ ਦ੍ਰਿਸ਼ ਵੀ ਦਰਜ ਕੀਤਾ ਹੈ ਜਿਹੜਾ ਉਨ੍ਹਾਂ ਨੇ ਰਮੇਸ਼ ਵਿਦਰੋਹੀ ਦੀ Ḕਅਮਰ ਸ਼ਹੀਦ ਭਗਤ ਸਿੰਘ ਕੇ ਸਾਥੀ ਮਹਾਨ ਕ੍ਰਾਂਤੀਕਾਰੀ ਸ਼ਿਵ ਵਰਮਾḔ ਪੁਸਤਕ ਵਿਚੋਂ ਲਿਆ ਹੈ। ਮੁਲਾਕਾਤ ਸਮੇਂ ਸ਼ਿਵ ਵਰਮਾ ਨੇ ਵੀ ਬਿਸਮਿਲ ਨੂੰ ਮਿਲਣਾ ਚਾਹਿਆ ਤਾਂ ਪਿਤਾ ਜੀ ਤਾਂ ਨਾਲ ਲਿਜਾਣਾ ਨਾ ਮੰਨੇ ਪਰ ਮਾਂ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਕੇ ਲੈ ਤੁਰੀ ਤੇ ਪੁਛਣ ‘ਤੇ ਕਿਹਾ ਕਿ ਮੇਰਾ ਭਾਣਜਾ ਹੈ। ਦੋਵੇਂ ਅੰਦਰ ਗਏ ਤਾਂ ਮਾਂ ਨੂੰ ਦੇਖ ਕੇ ਰਾਮ ਪ੍ਰਸ਼ਾਦ ਰੋ ਪਿਆ। ਮਾਂ ਦੇ ਮੂੰਹੋਂ Ḕਮੈਨੂੰ ਨਹੀਂ ਸੀ ਪਤਾ ਕਿ ਜੀਹਦੇ ਨਾਂ ਤੋਂ ਅੰਗਰੇਜ਼ ਸਰਕਾਰ ਡਰਦੀ ਹੈ ਉਹ ਮੌਤ ਤੋਂ ਏਨਾ ਡਰਦਾ ਹੈḔ ਸੁਣ ਕੇ ਪੁੱਤਰ ਬੋਲਿਆ, Ḕਇਹ ਅੱਥਰੂ ਮੌਤ ਦੇ ਡਰ ਕਾਰਨ ਨਹੀਂ, ਉਸ ਮਾਂ ਲਈ ਮੋਹ ਦੇ ਹਨ ਜਿਸ ਲਈ ਮੈਂ ਅਰਦਾਸ ਕਰਦਾ ਰਿਹਾ ਹਾਂ ਕਿ ਅਗਲੇ ਜਨਮ ਵਿਚ ਵੀ ਉਸੇ ਦੀ ਕੁੱਖ ਤੋਂ ਜਨਮ ਲਵਾਂ।Ḕ
ਅੰਤਿਕਾ:
ਹਮ ਸ਼ਹੀਦਾਨੇ ਵਤਨ ਕਾ ਦੀਨੋ ਈਮਾਂ ਔਰ ਹੈ,
ਸਜਦੇ ਕਰਤੇ ਹੈਂ ਹਮੇਸ਼ਾ ਪਾਂਵ ਪਰ ਜੱਲਾਦ ਕੇ।

Be the first to comment

Leave a Reply

Your email address will not be published.