ਜਤਿੰਦਰ ਮੌਹਰ
ਫੋਨ: 91-97799-34747
‘ਇਨ ਦਿ ਨੇਮ ਆਫ ਦਿ ਫਾਦਰ’ ਫਿਲਮ ਬਰਤਾਨਵੀ ਅਦਾਕਾਰ ਡੈਨੀਅਲ ਡੇ-ਲੂਈਸ ਦੀ ਜਾਨਦਾਰ ਅਦਾਕਾਰੀ ਲਈ ਵੀ ਜਾਣੀ ਜਾਂਦੀ ਹੈ। ਫਿਲਮ ਵਿਚ ਉਹਨੇ ਉਸ ਆਇਰਸ਼ ਨੌਜਵਾਨ ਜੈਰੀ ਕੌਲਨ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ 1970ਵਿਆਂ ਵਿਚ ਬਰਤਾਨਵੀ ਹਕੂਮਤ ਝੂਠੇ ਕੇਸ ਵਿਚ ਫਸਾ ਕੇ ਜੇਲ੍ਹ ਵਿਚ ਸੜਨ ਲਈ ਮਜਬੂਰ ਕਰ ਦਿੰਦੀ ਹੈ। ਬੰਬ ਧਮਾਕੇ ਦੇ ਕੇਸ ਵਿਚ ਆਪਣਾ ਪਿੱਛਾ ਛੁਡਾਉਣ ਲਈ ਸਰਕਾਰ ਨੇ ਜੈਰੀ ਨਾਲ ਤਿੰਨ ਹੋਰ ਜੀਆਂ ਨੂੰ ਝੂਠੇ ਕੇਸ ਵਿਚ ਨਰੜ ਲਿਆ ਸੀ। ਇਹ ਚਾਰੇ ‘ਦਿ ਗਿਲਡਫੋਰਡ ਫੋਰ’ ਦੇ ਨਾਮ ਨਾਲ ਮਸ਼ਹੂਰ ਹੋਏ। ਚਾਰਾਂ ਨੇ ਪੁਲਿਸ ਤਸ਼ੱਦਦ ਦੇ ਦਬਾਅ ਹੇਠ ਜੁਰਮ ਕਬੂਲ ਕਰ ਲਿਆ। ਅਦਾਲਤ ਨੇ ਪੁਲਿਸ ਦੀ ਝੂਠੀ ਕਹਾਣੀ ਦੇ ਆਧਾਰ ਉਤੇ ਹੀ ਚਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।
ਇਸ ਮੁਕੱਦਮੇ ਦੀ ਰੌਸ਼ਨੀ ਵਿਚ ਕੌਮਾਂਤਰੀ ਸੰਸਥਾ ਐਮਨੈਸਟੀ ਨੇ ਆਇਰਸ਼ ਲੋਕਾਂ ਨਾਲ ਬਰਤਾਨੀਆਂ ਦੇ ਵਰਤਾਉ ਨੂੰ ਲਗਾਤਾਰ ਨਿੰਦਿਆ ਅਤੇ ਬਰਤਾਨੀਆ ਨੂੰ ਮਨੁੱਖੀ ਹਕੂਕ ਦੀ ਉਲੰਘਣਾ ਕਰਨ ਵਾਲਾ ਯੂਰਪ ਦਾ ਸਭ ਤੋਂ ਵੱਡਾ ਜੱਲਾਦ ਕਰਾਰ ਦਿੱਤਾ ਸੀ।
ਜੈਰੀ ਹੋਰਾਂ ਦੀ ਮਦਦ ਉਤੇ ਆਏ ਉਹਦੇ ਪਿਉ ਨੂੰ ਵੀ ਗ਼੍ਰਿਫ਼ਤਾਰ ਕਰ ਲਿਆ ਗਿਆ। ਬੇਕਸੂਰ ਪਿਉ ਤੋਂ ਬਿਨਾਂ ਜੈਰੀ ਦੀ ਰਿਸ਼ਤੇਦਾਰ ਬੀਬੀ ਅਤੇ ਉਹਦੇ 14 ਸਾਲ ਦੇ ਜੁਆਕ ਨੂੰ ਵੀ ਸਜ਼ਾ ਸੁਣਾਈ ਗਈ। ਉਹਦਾ ਬਚਪਨ ਅਤੇ ਚੜ੍ਹਦੀ ਜਵਾਨੀ ਸੀਖਾਂ ਪਿੱਛੇ ਗੁਜ਼ਰਦੀ ਹੈ। ਬੰਬ ਧਮਾਕੇ ਦਾ ਅਸਲੀ ਦੋਸ਼ੀ ਜੇਲ੍ਹ ਵਿਚ ਆ ਕੇ ਆਪਣਾ ਦੋਸ਼ ਕਬੂਲ ਕਰ ਲੈਂਦਾ ਹੈ ਪਰ ਹਕੂਮਤ ਦੇ ਕੰਨ ਉਤੇ ਜੂੰਅ ਨਹੀਂ ਸਰਕੀ। ਫਿਲਮ ਆਇਰਸ਼ ਰਿਪਬਲਿਕਨ ਆਰਮੀ ਦੇ ਕਾਰਕੁਨਾਂ ਵਲੋਂ ਢਾਬਿਆਂ ਅਤੇ ਹੋਟਲਾਂ ਨੂੰ ਉਡਾਉਣ ਦੀਆਂ ਕਾਰਵਾਈਆਂ ਨੂੰ ਵੀ ਸ਼ੱਕ ਦੇ ਘੇਰੇ ਵਿਚ ਲੈ ਕੇ ਆਉਂਦੀ ਹੈ। ਇਹ ਸਵਾਲ ਫਿਲਮ ਦੇ ਕੇਂਦਰ ਵਿਚ ਨਹੀਂ ਹੈ। ਫਿਲਮ ਦੇ ਹਦਾਇਤਕਾਰ ਜਿਮ ਸ਼ੇਰੀਡਨ ਫਿਲਮ ਦੇ ਮੂਲ ਵਿਚਾਰ ਬਾਰੇ ਕਹਿੰਦੇ ਹਨ, “ਮੈਂ ਮੁੱਖ ਰੂਪ ਵਿਚ ਪਿਉ ਦੀ ਕਹਾਣੀ ਦੱਸਣਾ ਚਾਹੁੰਦਾ ਸੀ। ਕਿਤੇ ਨਾ ਕਿਤੇ ਮੈਂ ਬੇਇਨਸਾਫ਼ੀ ਦੀ ਕਹਾਣੀ ਨੂੰ ਕੇਂਦਰ ਵਿਚ ਨਹੀਂ ਲਿਆਉਣਾ ਚਾਹੁੰਦਾ ਸੀ। ਮੈਂ ਜਾਣਦਾ ਸੀ ਕਿ ਪਿਉ-ਪੁੱਤ ਦੀ ਕਹਾਣੀ ਆਲਮੀ ਦਿਲਚਸਪੀ ਦਾ ਸਬੱਬ ਹੋ ਸਕਦੀ ਹੈ।”
ਪਿਉ-ਪੁੱਤ ਦੋਵੇਂ ਬਿਲਕੁਲ ਵੱਖਰੇ ਸੁਭਾਅ ਦੇ ਸਨ। ਇਸ ਕਰ ਕੇ ਪੁੱਤ ਦੀ ਕਦੇ ਪਿਉ ਨਾਲ ਨਹੀਂ ਬਣੀ। ਪਿਉ ਸਿਰੇ ਦਾ ਧਾਰਮਿਕ ਅਤੇ ਅਹਿੰਸਕ ਬੰਦਾ ਹੈ, ਪਰ ਹਕੂਮਤ ਉਹਦੀ ਕੀਤੀ ਕਮਾਈ ਨੂੰ ਖੂਹ ਵਿਚ ਪਾ ਦਿੰਦੀ ਹੈ। ਉਹਨੂੰ ਨਫ਼ਰਤ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਜੇਲ੍ਹ ਦੀ ਤਸ਼ੱਦਦੀ ਕੋਠੜੀ ਵਿਚ ਪਿਉ-ਪੁੱਤ ਇੱਕ-ਦੂਜੇ ਦੀ ਥਾਹ ਪਾਉਂਦੇ ਹਨ। ਇੱਥੇ ਉਨ੍ਹਾਂ ਦੇ ਰਿਸ਼ਤੇ ਦੀ ਬਹਾਲੀ ਹੁੰਦੀ ਹੈ। ਜੇਲ੍ਹ ਵਿਚ ਪਿਉ ਦੀ ਸਿਹਤ ਲਗਾਤਾਰ ਵਿਗੜਦੀ ਹੈ, ਤੇ ਇੱਕ ਦਿਨ ਉਹ ਜੇਲ੍ਹ ਵਿਚ ਹੀ ਦਮ ਤੋੜ ਦਿੰਦਾ ਹੈ। ਹਕੂਮਤ ਲੋਕਾਂ ਨੂੰ ਸਿਰਫ਼ ਗੋਲੀਆਂ ਅਤੇ ਫ਼ਾਂਸੀਆਂ ਨਾਲ ਹੀ ਨਹੀਂ ਮਾਰਦੀ। ਉਹ ਬੰਦੇ ਨੂੰ ਪਾਬੰਦੀਆਂ ਅਤੇ ਉਹਦਾ ਖੂਨ ਸੁਕਾ ਕੇ ਵੀ ਮਾਰਦੀ ਹੈ। ਉਹ ਬੰਦੇ ਨੂੰ ਭੈੜੇ ਹਾਲਾਤ ਵਿਚ ਜਿਉਣ ਲਈ ਮਜਬੂਰ ਕਰ ਕੇ ਵੀ ਮਾਰਦੀ ਹੈ।
ਜੈਰੀ ਆਪਣੇ ਪਿਉ ਦੀ ਗੁਆਚੀ ਸ਼ਾਨ ਵਾਪਸ ਲਿਆਉਣ ਦਾ ਬੀੜਾ ਚੁੱਕ ਲੈਂਦਾ ਹੈ। ਉਹ ਇੱਕ ਸੁਹਿਰਦ ਵਕੀਲ ਬੀਬੀ ਦੀ ਮਦਦ ਨਾਲ ਸੱਚ ਲੋਕਾਂ ਸਾਹਮਣੇ ਲਿਆਉਣ ਵਿਚ ਕਾਮਯਾਬ ਹੋ ਜਾਂਦਾ ਹੈ। ਸਾਰੇ ਸਿਆਸੀ ਕੈਦੀ ਇੰਨੀ ਕਿਸਮਤ ਵਾਲੇ ਨਹੀਂ ਹੁੰਦੇ। ਅੱਜ ਕੱਲ੍ਹ ਰਾਜਤੰਤਰ ਨੇ ਲੋਕਾਂ ਨੂੰ ਫਸਾਉਣ ਦੇ ਬੇਅੰਤ ਨਵੇਂ ਢੰਗ ਖੋਜ ਲਏ ਹਨ। ਪੰਜਾਬ ਦਾ ਮਸ਼ਹੂਰ ਕਵੀ ਲਾਲ ਸਿੰਘ ਦਿਲ ਆਪਣੀ ਇਕ ਕਵਿਤਾ ਵਿਚ ਕਹਿੰਦਾ ਹੈ- ਅਸੀਂ ਬਹੁਤ ਢਿੱਲੇ ਹਾਂ, ਹਨੇਰਾ ਰਾਕਟ ਦੀ ਚਾਲ ਤੁਰਦਾ ਹੈ। ਹੁਣ ਲੋਕ ਜੈਰੀ ਜਿੰਨੇ ਭਾਗਾਂ ਵਾਲੇ ਨਹੀਂ ਰਹੇ। ਹੁਣ ਅਜੋਕੇ ਹਥਿਆਰਾਂ ਨਾਲ ਲੈਸ ਮੀਡੀਆ ਅਤੇ ਸਰਕਾਰੀ ਮਸ਼ੀਨਰੀ ਦੇ ਪ੍ਰਚਾਰ ਸਦਕਾ ਕਿਸੇ ਨੂੰ ਵੀ ਖਲਨਾਇਕ ਬਣਾ ਕੇ ਸੂਲੀ ਟੰਗਿਆ ਜਾ ਸਕਦਾ ਹੈ।
ਲੋਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਜਗ੍ਹਾ ਜਾਬਰ ਸੱਤਾ, ਲੋਕਾਂ ਨੂੰ ਦਬਾਉਣ ਦੇ ਹੱਥਕੰਡੇ ਵਰਤਦੀ ਹੈ। ਆਵਾਮ ਨੂੰ ਵੱਖਰੇ-ਵੱਖਰੇ ਤਰੀਕਿਆਂ ਨਾਲ ਵੰਡਣ ਦੇ ਮਨਸੂਬੇ ਘੜਦੀ ਅਤੇ ਲਾਗੂ ਕਰਦੀ ਹੈ। ਲੋਕ ਲਹਿਰਾਂ ਅਤੇ ਸਿਆਸੀ ਲਹਿਰਾਂ ਨੂੰ ਮੁੱਖ ਤੌਰ ਉਤੇ ਨਿਸ਼ਾਨਾ ਬਣਾਉਂਦੀ ਹੋਈ ਆਵਾਮ ਦੇ ਅੱਖਾਂ ਵਿਚ ਘੱਟਾ ਪਾਈ ਰੱਖਦੀ ਹੈ। ਇਹ ਫਿਲਮ ਦੇਖਦੇ ਹੋਏ ਉਹ ਅਣਗਿਣਤ ਮੁਕੱਦਮੇ ਯਾਦ ਆਉਂਦੇ ਹਨ ਜਿੱਥੇ ਬੇਕਸੂਰ ਲੋਕਾਂ ਨੂੰ ਝੂਠੇ ਮੁਕੱਦਮਿਆਂ ਵਿਚ ਅੜੁੰਗ ਕੇ ਸਜ਼ਾਵਾਂ ਦਿੱਤੀਆਂ ਗਈਆਂ। ਸਰਕਾਰੀ ਕੂੜ-ਪ੍ਰਚਾਰ ਰਾਹੀਂ ਬਹੁ-ਗਿਣਤੀ ਨੂੰ ਵਰਗਲਾਉਂਦਿਆਂ ਮਜ਼ਲੂਮਾਂ ਦੀ ਸਜ਼ਾ ਨੂੰ ਸਹੀ ਸਿੱਧ ਕੀਤਾ ਗਿਆ। ਇਹ ਪਾਪ ਬਹੁ-ਗਿਣਤੀ ਦੀਆਂ ਸਮੂਹਕ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਦੇ ਨਾਮ ਹੇਠ ਕੀਤਾ ਜਾਂਦਾ ਹੈ। ਅਫ਼ਜ਼ਲ ਗੁਰੂ ਦਾ ਮੁਕੱਦਮਾ ਇਹਦੀ ਉਘੜਵੀਂ ਮਿਸਾਲ ਹੈ। ਇਸੇ ਕੜੀ ਵਿਚ ਦਵਿੰਦਰ ਪਾਲ ਭੁੱਲਰ ਦਾ ਮਾਮਲਾ ਆਉਂਦਾ ਹੈ। ਬੰਦੇ ਨੂੰ ਫ਼ਾਂਸੀ ਲਾਉਣ ਲਈ ਕੌਮਾਂਤਰੀ ਹਾਲਾਤ ਦਾ ਡਰਾਵਾ ਦਿੱਤਾ ਜਾ ਸਕਦਾ ਹੈ ਪਰ ਇਨਸਾਫ਼ ਨਹੀਂ ਦਿੱਤਾ ਜਾ ਸਕਦਾ।
ਕਿਰਨਜੀਤ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਸੁਣਾਈ ਗਈ ਸਜ਼ਾ ਅਤੇ ਜੱਜ ਦੀਆਂ ਟਿੱਪਣੀਆਂ ਲੋਕ ਲਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਉਘੜਵੀਂ ਮਿਸਾਲ ਹਨ। ਬੀਬੀ ਕਿਰਨਜੀਤ ਨੂੰ ਪਿੰਡ ਦੇ ਗੁੰਡੇ ਚੌਧਰੀਆਂ ਨੇ ਅਗਵਾ ਕਰ ਕੇ ਬਲਾਤਕਾਰ ਕੀਤਾ ਅਤੇ ਮਾਰ ਕੇ ਦੱਬ ਦਿੱਤਾ। ਇਨ੍ਹਾਂ ਗੁੰਡਿਆਂ ਨੂੰ ਸਿਆਸੀ ਅਤੇ ਪੁਲਿਸ ਪ੍ਰਸ਼ਾਸਨ ਦੀ ਹਮਾਇਤ ਹਾਸਲ ਸੀ। ਕਿਰਨਜੀਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਲੜੇ ਗਏ ਸੰਘਰਸ਼ ਦੇ ਮੋਹਰੀ ਆਗੂਆਂ ਨੂੰ ਜਾਣ ਬੁੱਝ ਕੇ ਝੂਠੇ ਕਤਲ ਕੇਸ ਵਿਚ ਫਸਾ ਦਿੱਤਾ ਗਿਆ। ਇਨ੍ਹਾਂ ਆਗੂਆਂ ਦੇ ਮੁਕੱਦਮੇ ਵਿਚ ਜੱਜ ਦੁਆਰਾ ਕੀਤੀਆਂ ਟਿੱਪਣੀਆਂ ਵਿਚਾਰਨਯੋਗ ਹਨ। ਜੱਜ ‘ਮੁਲਜ਼ਮਾਂ’ ਦੀ ਸਿਆਸੀ ਵਿਚਾਰਧਾਰਾ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਕਿਸੇ ਸਿਆਸੀ ਜੱਜ ਦੇ ਵਿਚਾਰ ਹੀ ਹੋ ਸਕਦੇ ਹਨ, ਜਿੱਥੇ ਕਿਸੇ ਨੂੰ ਬਿਨਾਂ ਜੁਰਮ ਕੀਤੇ, ਸਿਰਫ਼ ਖਾਸ ਵਿਚਾਰ ਰੱਖਣ ਲਈ ਸਜ਼ਾ ਦਿੱਤੀ ਜਾ ਸਕਦੀ ਹੈ। ਇਹ ਮਸਲਾ ਹਕੂਕ ਲਈ ਲੜਦੇ ਲੋਕਾਂ ਨੂੰ ਡਰਾਉਣ ਅਤੇ ਦਾਬਾ ਪਾਉਣ ਦੀ ਧਮਕੀ ਨਾਲ ਜੁੜਿਆ ਹੋਇਆ ਹੈ। ‘ਇਨ ਦਿ ਨੇਮ ਆਫ ਦਿ ਫਾਦਰ’ ਉਪਰਲੇ ਸਾਰੇ ਰੁਝਾਨ ਉਤੇ ਦੁਬਾਰਾ ਝਾਤ ਮਾਰਨ ਦਾ ਸਬੱਬ ਬਣਦੀ ਹੈ।
Leave a Reply