ਸੱਤੇ ਹੀ ਕੁਆਰੀਆਂ

‘ਸੱਤੇ ਹੀ ਕੁਆਰੀਆਂ’ ਵਰਗੀ ਕਹਾਣੀ ਕੋਈ ਔਰਤ ਹੀ ਲਿਖ ਸਕਦੀ ਹੈ। ਇਸ ਕਹਾਣੀ ਵਿਚ ਲੇਖਕਾ ਰਾਜਿੰਦਰ ਕੌਰ ਨੇ ਧੀਮੀ ਸੁਰ ਵਿਚ ਹੀ ਸਹੀ, ਔਰਤ-ਮਨ ਨੂੰ ਆਵਾਜ਼ ਤੇ ਕੁਝ ਬੋਲ ਬਖਸ਼ੇ ਹਨ। ਇਸ ਆਵਾਜ਼ ਵਿਚ ਅੰਤਾਂ ਦੀ ਪੀੜ ਅਤੇ ਉਸ ਤੋਂ ਵੀ ਕਿਤੇ ਵੱਧ ਆਸ ਦੀਆਂ ਕਿਰਨਾਂ ਸਮੋਈਆਂ ਹੋਈਆਂ ਹਨ। ਕੁੜੀਆਂ ਦੀ ਮਾਨਸਿਕ ਅਵੱਸਥਾ ਨੂੰ ਉਹਨੇ ਆਪਣੇ ਨਜ਼ਰੀਏ ਨਾਲ ਫੜਨ ਤੇ ਵਿਚਾਰਨ ਦਾ ਯਤਨ ਕੀਤਾ ਹੈ ਅਤੇ ਇਸ ਵਿਚ ਕੋਈ ਅਤਿ-ਕਥਨੀ ਵੀ ਨਹੀਂ ਹੈ। -ਸੰਪਾਦਕ

ਰਾਜਿੰਦਰ ਕੌਰ
ਉਹ ਸੱਤ ਸਨ, ਸੱਤੇ ਹੀ ਕੁਆਰੀਆਂ, ਤੇ ਸੱਤੇ ਹੀ ਜੁਆਨ। ਉਨ੍ਹਾਂ ਸੱਤਾਂ ਨੂੰ ਹਾਲੀ ਤੱਕ ਪ੍ਰਾਹੁਣੇ ਨਸੀਬ ਨਹੀਂ ਸਨ ਹੋਏ।
ਉਹ ਸਕੀਆਂ ਭੈਣਾਂ ਨਹੀਂ ਸਨ। ਸਹੇਲੀਆਂ? ਨਹੀਂ, ਉਹ ਸਹੇਲੀਆਂ ਵੀ ਨਹੀਂ ਸਨ। ਉਹ ਤਾਂ ਬੱਸ ਸੱਤ ਕੁੜੀਆਂ ਸਨ। ਰਹਿੰਦੀਆਂ ਤਾਂ ਇਕੱਠੀਆਂ ਹੀ ਸਨ, ਪਰ ਆਮ ਤੌਰ ‘ਤੇ ਉਹ ਸ਼ਾਮ ਨੂੰ ਹੀ ਇਕੱਠੀਆਂ ਹੁੰਦੀਆਂ, ਜਾਂ ਫਿਰ ਐਤਵਾਰ ਜਾਂ ਛੁੱਟੀ ਵਾਲੇ ਕਿਸੇ ਹੋਰ ਦਿਨ ਉਨ੍ਹਾਂ ਦਾ ਸਾਰਾ ਦਿਨ ਇਕੱਠੇ ਹੀ ਗੁਜ਼ਰਦਾ। ਸਾਰਾ ਦਿਨ ਉਨ੍ਹਾਂ ਨੂੰ ਕੰਮ ਕਰਨਾ ਪੈਂਦਾ ਤੇ ਸ਼ਾਮ ਨੂੰ ਵਿਹਲੀਆਂ ਹੋ ਕੇ ਉਹ ਆਪਣੀ ਮਜਲਸ ਲਾ ਬਹਿੰਦੀਆਂ। ਤਾਸ਼ ਦੀਆਂ ਬਾਜ਼ੀਆਂ ਸ਼ੁਰੂ ਹੋ ਜਾਂਦੀਆਂ- ਸੀਪ, ਰੰਮੀ, ਭਾਬੋ ਆਦਿ। ਵਾਰੀ-ਵਾਰੀ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ। ਫਿਰ ਜਿਹੜੀ ਭਾਬੋ ਬਣ ਜਾਂਦੀ, ਉਹਨੂੰ ਆਪਣੀ ਜੇਬ ਹਲਕੀ ਕਰਨੀ ਪੈਂਦੀ। ਗੁਲਸ਼ੱਰੇ ਉਡਦੇ। ਜਿਹੜੀ ਭਾਬੋ ਬਣਦੀ, ਉਹਨੂੰ ਪੀੜ੍ਹੀ ਉਤੇ ਬਿਠਾ, ਮੋਟੇ ਦੁਪੱਟੇ ਦੀ ਬੁਕਲ ਮਰਵਾ, ਘੁੰਡ ਕਢਵਾ ਕੇ ਪੂਰੀ ਭਾਬੋ ਬਣਾ ਛੱਡਦੀਆਂ। ਹੱਸ-ਹੱਸ ਉਹ ਲੋਟ-ਪੋਟ ਹੋ ਜਾਂਦੀਆਂ। ਕਈ ਵਾਰ ‘ਭਾਬੋ’ ਰੋਣਹਾਕੀ ਹੋ ਜਾਂਦੀ।
ਜਦੋਂ ਖੇਡ ਤੋਂ ਤੰਗ ਆਉਂਦੀਆਂ ਤਾਂ ਸਭ ਗਾਉਣ ਲੱਗ ਪੈਂਦੀਆਂ। ਸੁਰ ਚਾਹੇ ਮਿਲੇ ਨਾ ਮਿਲੇ। ਸਭ ਆਪਣਾ-ਆਪਣਾ ਰਾਗ ਅਲਾਪਦੀਆਂ ਰਹਿੰਦੀਆਂ।
ਈਸ਼ ਆਪਣੀ ਦਰਦ ਭਰੀ ਆਵਾਜ਼ ਵਿਚ ਆਪਣਾ ਪਿਆਰਾ ਗਾਣਾ ‘ਜਾਏਂ ਤੋਂ ਜਾਏਂ ਕਹਾਂ’ ਸ਼ੁਰੂ ਕਰ ਦਿੰਦੀ। ਸਭ ਦੇ ਦਿਲਾਂ ਉਤੇ ਉਦਾਸੀ ਛਾ ਜਾਂਦੀ। ਸਭ ਸੋਚਣਾ ਸ਼ੁਰੂ ਕਰ ਦਿੰਦੀਆਂ, ‘ਆਖਿਰ ਜਾਈਏ ਤਾਂ ਕਿਥੇ ਜਾਈਏ?’ ਉਨ੍ਹਾਂ ਨੂੰ ਹਾਲੇ ਇਸ ਸੁਆਲ ਦਾ ਜਵਾਬ ਮਿਲਿਆ ਹੀ ਨਾ ਹੁੰਦਾ, ਉਨ੍ਹਾਂ ਦੇ ਖਿਆਲਾਂ ਦੀ ਲੜੀ ਰੱਜੀ ਦੀ ਜੋਸ਼ ਭਰੀ ਆਵਾਜ਼ ਆ ਤੋੜਦੀ, ਤੇ ਸਾਰੀਆਂ ਕੋਸ਼ਿਸ਼ ਕਰਦੀਆਂ ਉਹਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਦੀ। ਈਸ਼ ਮੇਜ਼ ਉਤੇ ਹੱਥਾਂ ਨਾਲ ਤਬਲਾ ਵਜਾਉਂਦੀ। ਦੇਵੀ ਆਪਣੇ ਦੋਹਾਂ ਹੱਥਾਂ ਦੀਆਂ ਤਾਲੀਆਂ ਵਜਾ ਕੇ ਕਈ ਤਰ੍ਹਾਂ ਦੇ ਤਾਲ ਕੱਢਦੀ। ਜੀਤੀ ਆਪਣੇ ਦੋਹਾਂ ਹੱਥਾਂ ਦੇ ਅੰਗੂਠਿਆਂ ਤੇ ਵੱਡੀਆਂ-ਵੱਡੀਆਂ ਉਂਗਲਾਂ ਨਾਲ ਸੁਰ ਪੈਦਾ ਕਰ ਕੇ ਨਾਲ-ਨਾਲ ਸਿਰ ਹਿਲਾਉਂਦੀ, ਜਿਵੇਂ ਕੋਈ ‘ਦੇਵੀ’ ਛੜੀ ਲੱਗਣ ‘ਤੇ ਖੁੱਲ੍ਹੇ ਸਿਰ ਖੇਡਦੀ ਹੈ। ਗੁਣੀ ਦੀਆਂ ਸਿੱਪੀਆਂ ਵਰਗੀਆਂ ਅੱਖਾਂ ਚਮਕ ਪੈਂਦੀਆਂ। ਈਸ਼ ਦੇ ਮੋਟੇ ਠੁੱਲ੍ਹੜ ਬੁੱਲ੍ਹ ਫ਼ਰਕਣ ਲੱਗਦੇ। ਉਮੀ ਦੇ ਹੇਠਾਂ ਨੂੰ ਲਮਕਦੇ ਲੰਮੇ-ਲੰਮੇ ਕੰਨ ਜਿਵੇਂ ਖੋਤੇ ਦੇ ਹੋਣ, ਲਾਲ ਸੂਹੇ ਹੋ ਜਾਂਦੇ। ਪਤਲੀ ਪਤੰਗ ਇੰਦਰ ਸਾਰੀ ਦੀ ਸਾਰੀ ਕੰਬਣ ਲੱਗਦੀ। ਰੱਜੀ ਦਾ ਮੂੰਹ ਗਾਉਂਦਿਆਂ-ਗਾਉਂਦਿਆਂ ਲੋਹੇ ਵਰਗਾ ਸਖਤ ਹੋਣਾ ਸ਼ੁਰੂ ਹੋ ਜਾਂਦਾ। ਦੇਵੀ ਲਈ ਬੈਠਣਾ ਮੁਸ਼ਕਿਲ ਹੋ ਜਾਂਦਾ ਤੇ ਉਹਨੂੰ ਉਚੜ-ਪੈੜੇ ਲੱਗ ਜਾਂਦੇ। ਉਹ ਖੜ੍ਹੀ ਹੋ ਕੇ ਗੇਂਦ ਵਰਗੇ ਸਰੀਰ ਨੂੰ ਬੁੜ੍ਹਕਾਣ ਲੱਗਦੀ, ਇਸ ਉਮੀਦ ‘ਤੇ ਕਿ ਸ਼ਾਇਦ ਇਸੇ ਬਹਾਨੇ ਪਤਲੀ ਹੋ ਜਾਵੇ। ਇਸ ਜੋਸ਼ ਵਿਚ ਸਭ ਨੂੰ ਆਪਣਾ-ਆਪ ਭੁੱਲ ਜਾਂਦਾ। ਇਕ ਗੀਤ ਬਾਅਦ ਦੂਜਾ, ਦੂਜੇ ਬਾਅਦ ਤੀਜਾ, ਲਗਾਤਾਰ ਕਈ ਗੀਤਾਂ ਦੀ ਲੜੀ ਚਲਦੀ ਰਹਿੰਦੀ। ਆਸ-ਪਾਸ ਦੀਆਂ ਕਈ ਕੁੜੀਆਂ-ਚਿੜੀਆਂ, ਅਧਖੜ੍ਹ ਬੁੱਢੀਆਂ ਇਕੱਠੀਆਂ ਹੁੰਦੀਆਂ ਤੇ ਸਾਹ ਰੋਕੀ ਖੜ੍ਹੀਆਂ ਰਹਿੰਦੀਆਂ। ਮੋਟੀਆਂ, ਪਤਲੀਆਂ, ਖੁਬਸੂਰਤ, ਬਦਸੂਰਤ, ਚੁੰਨ੍ਹੀਆਂ, ਠੁੱਲ੍ਹੀਆਂ- ਹਰ ਤਰ੍ਹਾਂ ਦੀਆਂ ਅੱਖਾਂ ਟੱਡੀਆਂ ਜਾਂਦੀਆਂ। ਮੂੰਹ ਖੁੱਲ੍ਹੇ ਰਹਿ ਜਾਂਦੇ। ਕੰਨ ਖੜ੍ਹੇ ਹੋ ਜਾਂਦੇ ਤੇ ਇੰਜ ਖਲੋਤੀਆਂ ਉਹ ਗੀਤ ਸੁਣਦੀਆਂ ਰਹਿੰਦੀਆਂ।
ਫ਼ਿਰ ਹੌਲੀ-ਹੌਲੀ ਇਹ ਜੋਸ਼ ਮੱਧਮ ਹੋਣ ਲਗਦਾ। ਗੁਣੀ ਦਾ ਗਲਾ ਬਹਿ ਜਾਂਦਾ। ਈਸ਼ ਦੀਆਂ ਚੀਕਾਂ ਨਿਕਲਣ ਲਗਦੀਆਂ। ਜੀਤੀ ਦੀ ਆਵਾਜ਼ ਬੇਤਾਲ ਹੋ ਜਾਂਦੀ। ਬਾਕੀ ਦੀਆਂ ਵੀ ਥੱਕ ਜਾਂਦੀਆਂ। ਜੋਸ਼ ਦੀ ਲਾਲੀ ਖਤਮ ਹੁੰਦੀ-ਹੁੰਦੀ ਪੀਲੀ ਪੈ ਜਾਂਦੀ। ਇਕੱਠੇ ਹੋਏ ਝੁਰਮਟ ਵਿਚੋਂ ਇਕ-ਅੱਧ ਬੋਲ ਉਠਦੀ, “ਬਈ! ਇਕ ਗੀਤ ਹੋਰ ਸੁਣਾ ਦਿਓ।” ਉਹਨੂੰ ਬੋਲਦੀ ਵੇਖ ਹੋਰ ਦਹੁੰ-ਚਹੁੰ ਦੇ ਬੁੱਲ੍ਹ ਫ਼ਰਕ ਉਠਦੇ, ਪਰ ਉਨ੍ਹਾਂ ਸੱਤਾਂ ਗਾਇਕਾਵਾਂ ਦੀ ਮੰਡਲੀ ਇਥੋਂ ਖਿਸਕਣਾ ਸ਼ੁਰੂ ਕਰ ਦਿੰਦੀ।
ਸਭ ਦੇ ਬਿਸਤਰੇ ਇਕ ਕਮਰੇ ਵਿਚ ਨਾਲ-ਨਾਲ ਹੁੰਦੇ। ਰੋਟੀ ਖਾਣ ਤੋਂ ਬਾਅਦ ਸਭ ਆਪਣੀਆਂ-ਆਪਣੀਆਂ ਰਜਾਈਆਂ ਵਿਚ ਵੜ ਬਹਿੰਦੀਆਂ ਤੇ ਇਧਰ-ਉਧਰ ਦੀਆਂ ਗੱਲਾਂ ਛੁਹ ਦਿੰਦੀਆਂ।
ਇੰਦਰ ਦੇ ਪਤਲੇ ਸਰੀਰ ਵਿਚੋਂ ਪਾਲਾ ਜਾਂਦਾ ਹੀ ਨਾ। ਉਹ ਜੀਤੀ ਦੇ ਹਾਲੇ ਕੱਢਦੀ, “æææ ਤਾਂ ਕੀ ਹੋਇਆ? ਮੇਰੇ ਕੋਲ ਆ ਕੇ ਸੌਂ ਜਾ। ਮੈਨੂੰ ਤਾਂ ਪਾਲਾ ਖਾਈ ਜਾ ਰਿਹੈæææ।”
ਗੁਣੀ ਵਿਚੋਂ ਝਟ ਹੀ ਬੋਲ ਉਠਦੀ, “ਜੀਤੀ, ਤੇਰੇ ਕੋਲ ਭਲਾ ਕਿੰਨੀ ਦੇਰ ਬੈਠੀ ਰਹੇਗੀ। ਤੈਨੂੰ ਨਿੱਘਿਆਂ ਕਰਨ ਲਈ ਹੋਰ ਬੰਦੋਬਸਤ ਸੋਚਣਾ ਪਵੇਗਾ, ਇੰਦਰੀਏæææ।”
ਜੀਤੀ ਕਹਿੰਦੀ, “ਲੈ ਇਹਦੇ ਵਿਚ ਖਿਝਣ ਦੀ ਕੀ ਲੋੜ ਹੈ? ਬੰਦੋਬਸਤ ਤਾਂ ਹਰ ਇਕ ਨੂੰ ਕਰਨਾ ਪੈਣਾ ਹੈ, ਪਰ ਗੱਲ ਇਹ ਹੈ ਕਿ ਕੋਈ ਵਸੀਲਾ ਹੀ ਨਹੀਂ ਬਣਦਾ। ਇਸ ਤਰ੍ਹਾਂ ਕਦ ਤੱਕ ਕੁਆਰਾ ਕੋਠਾ ਪਾ ਕੇ ਬੈਠੀਆਂ ਰਹਾਂਗੀਆਂæææ।”
ਗੱਲਬਾਤ ਦਾ ਸਿਲਸਿਲਾ ਛਿੜਿਆ ਵੇਖ ਸਭ ਚੌਕੰਨੀਆਂ ਹੋ ਜਾਂਦੀਆਂ। ਨੀਂਦਰ ਕਿਧਰ ਦੀ ਕਿਧਰ ਉਡ ਜਾਂਦੀ ਤੇ ਸਾਰੀਆਂ ਇਕ-ਦੂਜੀ ਦੇ ਨੇੜੇ ਹੋ-ਹੋ ਬਹਿ ਜਾਂਦੀਆਂ। ਹੌਲੇ-ਹੌਲੇ ਸ਼ਰਮ ਦਾ ਪਰਦਾ ਲਹਿਣ ਲਗਦਾ ਤੇ ਗੁਣੀ ਕਹਿੰਦੀ, “ਅਸੀਂ ਛੇ ਭੈਣਾਂ ਹਾਂ। ਮੇਰੇ ਬਾਪੂ ਨੇ ਸਾਰੀਆਂ ਲਈ ਪ੍ਰਾਹੁਣੇ ਲੱਭ ਲਏ ਨੇ, ਪਰ ਪਤਾ ਨਹੀਂ ਮੈਨੂੰ ਕਿਉਂ ਭੁੱਲ ਗਿਐ। ਕਿਸੇ ਲਈ ਲੰਬੜਦਾਰ ਲੱਭਿਆ, ਕਿਸੇ ਲਈ ਪ੍ਰੋਫੈਸਰ। ਕਿਸੇ ਲਈ ਖੌਰੇ ਕੀ ਕਹਿੰਦੇ ਨੇ ਉਹਨੂੰæææ ਹਾਂ! ਯਾਦ ਆ ਗਿਆ, ਇੰਜੀਨੀਅਰ ਤੇ ਮੇਰੇ ਲਈ ਤਾਂ ਕੋਈ ਐਰਾ-ਗੈਰਾ ਹੀ ਰਹਿ ਗਿਆ। ਮੇਰੇ ਬਾਪੂ ਨੇ ਤਾਂ ਸਾਰੀਆਂ ਭੈਣਾਂ ਲਈ ਵਰ ਟੋਲਦੇ-ਟੋਲਦੇ ਜੁੱਤੀਆਂ ਘਸਾ ਛੱਡੀਆਂ ਨੇ। ਹੁਣ ਮੇਰੀ ਵਾਰੀ ਸ਼ਾਇਦ ਮੁੰਡਾ ਹੀ ਕੋਈ ਨਹੀਂ ਰਿਹਾ। ਪਿੰਡੋਂ ਚੱਲ ਤਾਂ ਪੈਂਦਾ ਏ ਉਹ ਦੂਜੇ-ਤੀਜੇ ਦਿਨ। ਰਾਹ ਵਿਚ ਹੀ ਕੋਈ ਪੁਛਦਾ ਹੈ, ‘ਕਿਥੇ ਜਾ ਰਿਹੈਂ ਸੋਹਣ ਸਿਹਾਂ?’ ਉਹ ਤੁਰੰਤ ਜਵਾਬ ਦਿੰਦਾ ਹੈ, ‘ਪਰਸਾ ਸਿਹੁੰ ਤੋਂ ਪਤਾ ਲੱਗਾ ਏ, ਬਈ ਨਾਲ ਦੇ ਦੋਂਹ ਪਿੰਡਾਂ ਨੂੰ ਛੱਡ ਕੇ ਅਗਲੇ ਪਿੰਡ ਇਕ ਮੁੰਡਾ ਏ। ਕੁੜੀ ਮੁਟਿਆਰ ਹੋ ਗਈ ਏ, ਕੁਝ ਕਰਨਾ ਹੀ ਹੋਇਆ।’ ਤੇ ਫਿਰ ਪਤਾ ਨਈਂ ਬਾਪੂ ਨੂੰ ਉਹ ਮੁੰਡੇ ਪਸੰਦ ਕਿਉਂ ਨਹੀਂ ਆਉਂਦੇ।”
ਈਸ਼ ਕਹਿੰਦੀ, “ਜਦੋਂ ਮੇਰਾ ਵਿਆਹ ਹੋਊ, ਮੈਂ ਤਾਂ ਆਪਣੀ ਸੱਸ ਨਾਲ ਲੜ ਪੈਣਾ ਏ, ਬਈ ਤੂੰ ਆਪਣੇ ਮੁੰਡੇ ਨੂੰ ਬੁੱਢਿਆਂ ਕਰ ਕੇ ਹੀ ਵਿਆਹੁਣਾ ਸੀ। ਪਤਾ ਨਹੀਂ, ਮੇਰੇ ਪ੍ਰਾਹੁਣੇ ਵਿਚਾਰੇ ਦੀ ਕੀ ਹਾਲਤ ਹੋਊ ਤੇ ਹੁਣ ਕੀ ਕਰ ਰਿਹਾ ਹੋਊ? ਸ਼ਾਇਦ ਮੈਨੂੰ ਹੀ ਯਾਦ ਕਰ ਰਿਹਾ ਹੋਵੇ।”
ਦੇਵੀ ਵੀ ਠੰਢਾ ਹਉਕਾ ਭਰ ਕੇ ਕਹਿੰਦੀ, “ਖਾਕ ਤਾਂ ਬੜੀ ਹੀ ਛਾਣੀ ਏ, ਪਰ ਮੁਸ਼ਕਿਲ ਇਹ ਹੈ ਕਿ ਮੁੰਡਾ ਚੱਜ ਦਾ ਕੋਈ ਲੱਭਦਾ ਹੀ ਨਹੀਂ।”
ਉਮੀ ਝੱਟ ਹੀ ਸ਼ਰਮਾਂਦੀ-ਸ਼ਰਮਾਂਦੀ ਬੋਲ ਪੈਂਦੀ, “ਮੇਰਾ ਬੜਾ ਹੀ ਜੀਅ ਕਰਦਾ ਏ, ਪਈ ਸੋਹਣਾ ਜਿਹਾ ਮੁੰਡਾ ਹੋਵੇ ਤੇ ਸਾਡਾ ਨਿੱਕਾ ਜਿਹਾ ਵਧੀਆ ਜਿਹਾ ਘਰ! ਹਾਏ! ਫਿਰ ਤਾਂ ਸੁਆਦ ਹੀ ਆ ਜਾਵੇ।”
ਰੱਜੀ ਬੋਲ ਉਠਦੀ, “ਪਹਿਲਾਂ ਲੱਭ ਵੀ ਲੈ ਕਿ ਪਹਿਲੇ ਹੀ ਤੂੰ ਘਰ ਦੇ ਸੁਆਦਾਂ ਦੇ ਸੁਪਨੇ ਲੈਣ ਲੱਗ ਪਈ ਏਂ। ਤੇਰਾ ਕੋਈ ਵੱਖਰੀ ਦਾ ਹੀ ਦਿਲ ਕਰਦਾ ਹੈ ਕਿ ਸੋਹਣਾ ਜਿਹਾ ਲਾੜਾ ਹੋਵੇ ਤੇæææ।”
ਗੁਣੀ ਉਛਲ-ਉਛਲ ਕਹਿੰਦੀ, “ਨਹੀਂ ਜੀ, ਮੇਰਾ ਤਾਂ ਜੀਅ ਕਰਦਾ ਹੈ ਕਿ ਕੱਪੜੇ ਦੇ ਕਿਸੇ ਦੁਕਾਨਦਾਰ ਨਾਲ ਵਿਆਹ ਕਰਾਵਾਂ, ਤਾਂ ਫ਼ਿਰ ਨਿੱਤ ਨਵੀਆਂ ਸਾੜ੍ਹੀਆਂ, ਨਵੇਂ ਸੂਟæææ ਹਾਏ, ਹਾਏ ਨੀ ਬੱਸ ਫ਼ਿਰ ਤਾਂ ਮਜ਼ਾ ਹੀ ਆ ਜਾਏ, ਪਰ ਮੇਰੇ ਬਾਪੂ ਨੇ ਤਾਂ ਕੋਈ ਜੱਟ-ਬੂਟ ਹੀ ਲੱਭਣਾ ਏ।”
ਜੀਤੀ ਕਹਿੰਦੀ, “ਮੈਂ ਤਾਂ ਕਿਸੇ ਜੁੱਤੀਆਂ ਵੇਚਣ ਵਾਲੇ ਨਾਲ ਵਿਆਹ ਕਰਾਉਣਾ ਹੈ। ਫ਼ਿਰ ਰੋਜ਼ ਨਵੀਆਂ ਚੱਪਲਾਂ, ਨਵੇਂ ਬੂਟ, ਨਵੇਂ ਸੈਂਡਲ। ਬੱਸ ਜੀ ਕਮਾਲ ਹੀ ਹੋ ਜਾਵੇ ਫ਼ਿਰ ਤੇæææ।”
ਈਸ਼ ਜ਼ਿਆਦਾ ਖਾਣ-ਪੀਣ ਦੀ ਸ਼ੌਕੀਨ ਸੀ। ਉਹ ਕਹਿੰਦੀ, “ਮੈਂ ਤਾਂ ਕਿਸੇ ਹਲਵਾਈ ਨਾਲ ਵਿਆਹ ਕਰਾਣੈ ਤਾਂ ਜੋ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਖਾ ਸਕਾਂ। ਜਦ ਕੋਈ ਮੇਰੇ ਘਰ ਆਵੇ, ਝੱਟ ਦੁਕਾਨ ਤੋਂ ਮਿਠਾਈਆਂ ਮੰਗਵਾ ਲਵਾਂ ਤੇæææ।”
ਰੱਜੀ ਨੂੰ ਝੱਟ ਹੀ ਕੋਈ ਖਿਆਲ ਫ਼ੁਰਦਾ ਤੇ ਉਹ ਈਸ਼ ਨੂੰ ਮੋਢਿਆਂ ਤੋਂ ਫੜ ਕੇ ਕਹਿੰਦੀ, “ਫ਼ਿਰ ਪਤਾ ਈ ਤੇਰਾ ਘਰਵਾਲਾ ਕਿੱਡਾ ਮੋਟਾ ਹੋਵੇਗਾ। ਹਲਵਾਈ ਆਮ ਤੌਰ ‘ਤੇ ਗੋਗੜ ਵਾਲੇ ਹੁੰਦੇ ਨੇ। ਸਾਰਾ ਦਿਨ ਤਾਂ ਉਹ ਮੱਖੀਆਂ ਦੀ ਭਿਣਭਿਣ ਵਿਚ ਰਹੇਗਾ। ਜਦ ਰਾਤ ਨੂੰ ਘਰ ਆਏਗਾ, ਪਸੀਨੇ ਤੋਂ ਬਦਬੂ ਦਾ ਮਾਰਿਆ, ਤਾਂ ਉਸ ਵਿਚਾਰੇ ਤੋਂ ਕੱਪੜੇ ਆਪ ਨਹੀਂ ਲਾਹ ਹੋਣੇ, ਤੇ ਫ਼ਿਰ ਕਹੂ- ‘ਈਸ਼, ਐਧਰ ਆਈਂ ਨੱਠ ਕੇ, ਜਲਦੀ ਕਰੀਂ।’æææ ਤੇ ਨਾਲੇ ਤੂੰ ਉਸ ਦੀ ਗੋਗੜ ਉਤੇ ਹੱਥ ਫੇਰਦੀ ਰਿਹਾ ਕਰੀਂ।”
ਇਹ ਸੁਣ ਸਭ ਦਾ ਹਾਸਾ ਛਣ-ਛਣ ਕਰਦਾ ਬਾਹਰ ਛਣਕਣ ਲੱਗ ਪੈਂਦਾ। ਢਿੱਡ ਵਿਚ ਪੀੜਾਂ ਪੈਣ ਲੱਗਦੀਆਂ। ਦੇਵੀ ਤਾਂ ਪਹਿਲਾਂ ਹੀ ਖਿੱਦੋ ਸੀ। ਉਹ ਉਠ ਕੇ ਦੋ-ਚਾਰ ਦੁਪੱਟੇ ਆਪਣੇ ਪੇਟ ਉਤੇ ਕਮੀਜ਼ ਹੇਠਾਂ ਰੱਖ ਕੇ ਪੇਟ ਵੱਡਾ ਬਣਾ ਲੈਂਦੀ, ਤੇ ਈਸ਼ ਦੀ ਬਾਂਹ ਫੜ ਆਪਣੇ ਵੱਲ ਘਸੀਟਣ ਲਗਦੀ।
ਗੁਣੀ ਕਹਿੰਦੀ, “ਬਸ ਕਰੋ, ਬਈ ਬਸ। ਬੜੀ ਹੋ ਗਈ ਏ ਈਸ਼ ਨਾਲ਼ææ।”
ਈਸ਼ ਦਾ ਮੂੰਹ ਗੁੱਸੇ ਨਾਲ ਲਾਲ-ਪੀਲਾ ਹੋ ਜਾਂਦਾ ਤੇ ਉਹ ਚੀਕ ਉਠਦੀ, “ਸ਼ਰਮ ਤੇ ਨਹੀਂ ਆਉਂਦੀ ਹੋਣੀ। ਬੇਸ਼ਰਮੀ ਦੀ ਵੀ ਕੁਝ ਹੱਦ ਹੁੰਦੀ ਹੈ।”
“ਬਸ ਕਰੋ ਬਈ ਬੱਸ! ਇਹਦੇ ਪ੍ਰਾਹੁਣੇ ਨੂੰ ਨਜ਼ਰ ਲੱਗ ਜਾਏਗੀ।”
“ਆਹੋ, ਤੇ ਕਿਸੇ ਨੂੰ ਕੀ ਹੱਕ ਹੈ, ਕਿਸੇ ਦੇ ਪ੍ਰਾਹੁਣੇ ਨੂੰ ਕੁਝ ਕਹਿਣ ਦਾ। ਸੁਖੀਂ-ਸਾਂਦੀਂ ਸਭ ਦੇ ਪ੍ਰਾਹੁਣੇ ਜਿਉਂਦੇ ਰਹਿਣ, ਜਿਥੇ ਕਿਤੇ ਵੀ ਹੋਣæææ।”
“ਈਸ਼ ਚਿੜ ਕਿਵੇਂ ਪਈ ਸੀ, ਆਪਣੇ ਘਰ ਵਾਲੇ ਤੋਂæææ।”
“ਤੇਰੇ ਨੂੰ ਕੁਝ ਕਹੀਏ ਤਾਂ ਤੂੰ ਵੀ ਚਿੜ ਪਵੇਂ। ਹਰ ਇਕ ਨੂੰ ਆਪਣਾ ਪਿਆਰਾ ਹੁੰਦਾ ਹੈ।”
“ਮੇਰਾ ਤਾਂ ਕੋਈ ਹੈ ਹੀ ਨਹੀਂ। ਜਿਹਦਾ ਹੈ, ਉਹੀ ਚਿੜੇਗਾ।”
“ਤਾਂ ਤੇਰਾ ਮਤਲਬ ਹੈ, ਦੂਸਰਿਆਂ ਦੇ ਤਾਂ ਹਨ ਹੀ? ਹਾਂ, ਕਦੀ ਤਾਂ ਬਣਨਗੇ ਹੀ। ਕਿਧਰੇ ਨਾ ਕਿਧਰੇ ਤਾਂ ਸਭ ਦੇ ਰਹਿੰਦੇ ਹੀ ਨੇ।”
“ਕੀ ਪਤਾ, ਇਨ੍ਹਾਂ ਸੁਪਨਿਆਂ ਤੇ ਉਮੀਦਾਂ ਵਿਚ ਹੀ ਜ਼ਿੰਦਗੀ ਖਤਮ ਹੋ ਜਾਵੇ। ਉਮਰ ਤਾਂ ਲੰਘੀ ਜਾ ਰਹੀ ਹੈ। ਕੋਈ ਮੁੰਡਾ ਨੇੜੇ ਹੀ ਨਹੀਂ ਫਟਕਦਾ। ਜੇ ਸੱਤੇ ਕੁਆਰੀਆਂ ਰਹਿ ਗਈਆਂæææ।”
“ਤੂੰ ਕੋਈ ਚੋਰੀ-ਚੋਰੀ ਲੱਭ ਤਾਂ ਲਿਆ ਹੋਵੇਗਾ, ਤਾਂ ਹੀ?”
“ਆਹ! ਮੇਰੀ ਇੰਨੀ ਚੰਗੀ ਕਿਸਮਤ ਕਿਥੇ। ਰੱਜੀ ਦਾ ਤਾਂ ਜ਼ਰੂਰ ਕੋਈ ਹੈ। ਇਹਦੀ ਕਿਸੇ ਨਾਲ ਖਤੋ-ਕਿਤਾਬਤ ਹੈ। ਵੇਖ ਲੈ ਇਹਦੇ ਚਿਹਰੇ ਤੋਂ ਪਤਾ ਲਗਦੈ। ਵੇਖ ਕਿਵੇਂ ਰੰਗ ਪਿਆ ਬਦਲਦੈ।”
ਰੱਜੀ ਗੁੱਸੇ ਨਾਲ ਚਿੱਲਾ ਉਠਦੀ, “ਹੈ ਤਾਂ ਹੈ ਸਹੀ, ਤੇਰਾ ਜਿਵੇਂ ਨਹੀਂ ਹੈ। ਤੂੰ ਹਰ ਸ਼ਨਿੱਚਰਵਾਰ ਉਹਨੂੰ ਮਿਲਣ ਜਾਂਦੀ ਹੈਂ।”
ਸਾਰੀਆਂ ਹੈਰਾਨ-ਪ੍ਰੇਸ਼ਾਨ ਰੱਜੀ ਦੇ ਚਿਹਰੇ ਵੱਲ ਵੇਖ ਰਹੀਆਂ ਸਨ।
“ਦੇਵੀ ਦਾ ਵੀ ਕੋਈ ਹੈ। ਖੌਰੇ ਉਹਦਾ ਨਾਂ ‘ਹ’ ਨਾਲ ਸ਼ੁਰੂ ਹੁੰਦਾ ਏ।æææ ਕਿਉਂ ਦੇਵੀ ਠੀਕ ਏ ਨਾ ਮੇਰੀ ਗੱਲ਼ææ?”
“ਠੀਕ ਏ, ਸੋਲ੍ਹਾਂ ਆਨੇ ਠੀਕ ਏ।”
“ਮੈਨੂੰ ਪਤਾ ਤਾਂ ਸੀ ਗੱਲ ਦਾ, ਪਰ ਮੈਂ ਚੁੱਪ ਰਹੀ।”
ਉਮੀ ਕਹਿੰਦੀ, “ਮੈਂ ਤੁਹਾਨੂੰ ਇਕ ਗੱਲ ਦੱਸਾਂ? ਈਸ਼ ਪਿਛਲੇ ਹਫ਼ਤੇ ਮੰਗਣੀ ਵਾਸਤੇ ਮੁੰਡਾ ਵੇਖਣ ਗਈ ਸੀ। ਸੱਚ ਈਸ਼, ਤੂੰ ਭਾਵੇਂ ਝੂਠ ਬੋਲ, ਗੱਲ ਮੇਰੀ ਬਿਲਕੁਲ ਠੀਕ ਏ। ਉਹ ਮੁੰਡਾ ਇਹਨੂੰ ਪਸੰਦ ਆ ਗਿਆ ਏ। ਬਸ ਹੁਣ ਝਟ ਮੰਗਣੀ ਤੇ ਪਟ ਵਿਆਹ।”
“ਲੈ ਹਾਲੇ ਕੋਈ ਗੱਲ ਪੱਕੀ ਥੋੜ੍ਹੀ ਹੀ ਹੋਈ ਹੈ।” ਈਸ਼ ਬੋਲੀ।
ਗੁਣੀ ਕਹਿੰਦੀ, “ਤਾਂ ਫ਼ਿਰ ਅਸੀਂ ਤਿੰਨੇ ਹੀ ਬਿਨਾਂ ਪ੍ਰਾਹੁਣਿਆਂ ਦੇ ਰਹਿ ਗਈਆਂ। ਬਾਕੀ ਤਾਂ ਚਲਾਕ ਨਿਕਲੀਆਂ। ਵੇਖ ਕਿਵੇਂ ਇਨ੍ਹਾਂ ਨੇ ਅੰਦਰ-ਅੰਦਰ ਆਪਣੀ ਗੱਲ ਲੁਕਾਈ ਹੋਈ ਸੀ। ਖੈਰ ਕੋਈ ਨਹੀਂ, ਮੇਰਾ ਬਾਪੂ ਜਲਦੀ ਹੀ ਮੇਰੇ ਲਈ ਵਰ ਲੱਭ ਲਏਗਾ। ਬਾਕੀ ਉਮੀ ਤੂੰ ਰਹਿ ਗਈ। ਮੇਰਾ ਭਰਾ ਵੀ ਕੁਆਰਾ ਹੀ ਏ, ਤੇ ਇੰਦਰ ਲਈæææ।”
“ਬੱਸ ਆਪਣੇ ਕੋਲ ਹੀ ਰੱਖ। ਮੇਰਾ ਤਾਂ ਆਪਣਾ ਬੰਦੋਬਸਤ ਹੋ ਰਿਹਾ ਏ। ਕੱਲ੍ਹ ਕਿਸੇ ਮੈਨੂੰ ਵੇਖਣ ਆਉਣਾ ਏ।”
ਥੋੜ੍ਹੀ ਦੇਰ ਬਾਅਦ ਸਾਰੀਆਂ ਆਪਣੀ-ਆਪਣੀ ਮੰਜੀ ਉਤੇ ਜਾ ਲੇਟਦੀਆਂ। ਰਜਾਈਆਂ ਦੀ ਨਿੱਘ ਵਿਚ ਨਵੇਂ ਸੁਪਨੇ ਜਨਮ ਲੈਂਦੇ।
ਜਦੋਂ ਸ਼ਾਮ ਨੂੰ ਸਾਰੀਆਂ ਇਕੱਠੀਆਂ ਹੁੰਦੀਆਂ ਸਨ ਤਾਂ ਇਕ-ਦੂਜੀ ਦੇ ਖਿਆਲਾਂ ਵਿਚ ਸੱਤੇ ਹੀ ਪ੍ਰਾਹੁਣਿਆਂ ਤੋਂ ਬਗੈਰ ਹੁੰਦੀਆਂ ਸਨ, ਪਰ ਹੁਣ ਸੱਤਾਂ ਦੇ ਹੀ ਕਿਧਰੋਂ ਉਗਮ ਪਏ ਸਨ। ਹੁਣ ਕੋਈ ਆਪਣੇ ਭਵਿੱਖ ਦੇ ਪ੍ਰਾਹੁਣੇ ਬਾਰੇ ਸੋਚ ਰਹੀ ਹੁੰਦੀ, ਕੋਈ ਕਿਸੇ ਹੋਰ ਬਾਰੇ, ਤੇ ਹੌਲੀ-ਹੌਲੀ ਸੱਤੇ ਦੀਆਂ ਸੱਤੇ ਹੀ ਗੂੜ੍ਹੀ ਨੀਂਦ ਦੀ ਪੀਂਘ ਵਿਚ ਹੁਲਾਰੇ ਖਾਣ ਲਗਦੀਆਂ।
ਇਨ੍ਹਾਂ ਸੱਤਾਂ ਦੀ ਮਜਲਸ ਰੋਜ਼ ਲਗਦੀ। ਤਾਸ਼ ਦੀਆਂ ਬਾਜ਼ੀਆਂ ਚਲਦੀਆਂ, ਪਰ ਹੁਣ ਕਦੀ ਕੋਈ ਆਪਣੇ ਪ੍ਰਾਹੁਣੇ ਦੀ ਗੱਲ ਨਾ ਛੇੜਦੀ।
ਹੁਣ ਸਭ ਦਾ ਭੇਤ ਖੁੱਲ੍ਹ ਗਿਆ ਸੀ ਤੇ ਕਿਸੇ ਵਿਚ ਹਿੰਮਤ ਨਹੀਂ ਸੀ ਪੈਂਦੀ, ਇਹੋ ਜਿਹੀ ਗੱਲ ਛੇੜਨ ਦੀ। ਸਭ ਦੀਆਂ ਆਪਣੀਆਂ-ਆਪਣੀਆਂ ਰੀਝਾਂ, ਉਮੰਗਾਂ ਤੇ ਸੁਪਨਿਆਂ ਨੂੰ ਆਪਣੇ-ਆਪਣੇ ਦਿਲਾਂ ਵਿਚ ਸਾਂਭੀ ਬੈਠੀਆਂ ਰਹਿੰਦੀਆਂ।
ਹੁਣ ਖੇਡਦੀਆਂ ਤਾਂ ਉਹ ਤਾਸ਼ ਹੁੰਦੀਆਂ, ਪਰ ਖਿਆਲ ਸਭ ਦੇ ਕਿਧਰੇ ਹੋਰ ਗਏ ਹੁੰਦੇ। ਖਿੜਖਿੜ ਛਣਕਦੇ ਹਾਸਿਆਂ ਦੀ ਥਾਂ ਹੁਣ ਪੀਲੀ ਫਿਕੀ ਦੱਬੀ-ਦੱਬੀ ਮੁਸਕਰਾਹਟ ਹੀ ਸਭ ਦੇ ਚਿਹਰਿਆਂ ਉਤੇ ਨਜ਼ਰ ਆਉਂਦੀ। ਸ਼ਾਇਦ ਸਭ ਇਕ-ਦੂਜੀ ਤੋਂ ਡਰਦੀਆਂ ਸਨ ਕਿ ਉਨ੍ਹਾਂ ਦੇ ਪਿਆਰ ਦਾ ਪਾਜ ਕੋਈ ਖੋਲ੍ਹ ਨਾ ਦੇਵੇ।
ਉਮੀ ਚੋਰੀ-ਚੋਰੀ, ਥੋੜ੍ਹੀ ਦੇਰ ਬਾਅਦ ਸਭ ਦੇ ਚਿਹਰਿਆਂ ਵੱਲ ਵੇਖਦੀ ਤੇ ਫਿਰ ਮੱਥੇ ਉਤੇ ਵੱਟ ਪਾ ਕੇ ਆਪਣੀ ਖੇਡ ਵਿਚ ਲਗ ਜਾਂਦੀ।
ਕੁਝ ਦੇਰ ਬਾਅਦ ਗੁਣੀ ਕਹਿੰਦੀ, “ਬਸ ਬਈ, ਆਪਾਂ ਤਾਂ ਥੱਕ ਗਏ, ਹੋਰ ਨਹੀਂ ਖੇਡ ਹੁੰਦਾ ਮੈਥੋਂ।”
“ਨਾ ਬਈ, ਇਕ ਵਾਰ ਹੋਰ ਤੇ ਫ਼ਿਰ ਬੱਸ ਕਰ ਦਿਆਂਗੇ।”
“ਊਂ ਹੂੰ! ਮੈਂ ਨਹੀਂ ਖੇਡਣਾ।”
“ਠੀਕ ਹੈ, ਛੱਡੋ ਪਰ੍ਹੇ। ਐਵੇਂ ਵਕਤ ਜ਼ਾਇਆ ਕਰਨ ਦੀ ਕੀ ਲੋੜ ਹੈ, ਰੋਜ਼ ਘੰਟਿਆਂ-ਬੱਧੀ ਤਾਸ਼ ਖੇਡਣ ਵਿਚ।”
“ਹੱਛਾ, ਤਾਂ ਤੇਰਾ ਵਕਤ ਭਲਾ ਕੀਮਤੀ ਕਦੋ ਤੋਂ ਹੋ ਗਿਐ?”
“ਜਦ ਦੇ ਇਹਨੂੰ ਖਤ ਆਉਂਦੇ ਨੇ।”
“ਦਫ਼ਾ ਹੋ, ਬਕਵਾਸ ਕਰਨ ਲੱਗ ਜਾਂਦੀਆਂ ਨੇ। ਗੱਲ ਕੁਝ ਕਰੀਦੀ ਏ ਤੇ ਮਤਲਬ ਕੁਝ ਕੱਢ ਲੈਂਦੀਆਂ ਨੇ।”
ਇਸ ਤਰ੍ਹਾਂ ਬੇਸਵਾਦੀ ਜਿਹੀ ਵਿਚ ਮਜਲਸ ਖਿੰਡ ਜਾਂਦੀ।
ਇਕ ਦਿਨ ਸ਼ਾਮ ਨੂੰ ਮਜਲਸ ਲੱਗੀ ਤਾਂ ਰੱਜੀ ਉਸ ਵਿਚ ਸ਼ਾਮਲ ਨਾ ਹੋਈ। ਉਹ ਅੰਦਰ ਪਈ ਰੋਂਦੀ ਸੀ। ਸਭ ਦੇ ਜ਼ੋਰ ਦੇ ਕੇ ਪੁੱਛਣ ਉਤੇ ਉਸ ਦੱਸਿਆ, “ਜੀਹਦੇ ਨਾਲ ਮੇਰੀ ਖਤੋ-ਕਿਤਾਬਤ ਸੀ, ਉਹਦਾ ਅੱਜ ਪਤਾ ਆਇਆ ਹੈ। ਉਸ ਵਿਆਹ ਕਿਧਰੇ ਹੋਰ ਕਰਵਾ ਲਿਆ ਤੇ ਹੁਣ ਉਹਦਾ ਮੇਰੇ ਨਾਲ ਕੋਈ ਸਬੰਧ ਨਹੀਂ।”
ਰੱਜੀ ਨੇ ਵੱਡਾ ਸਾਰਾ ਹਉਕਾ ਭਰਿਆ। ਸਭ ਨੇ ਉਸ ਨਾਲ ਹਮਦਰਦੀ ਜਤਲਾਈ। ਉਹਨੂੰ ਦਿਲਾਸਾ ਦਿੱਤਾ। ਦੇਵੀ ਦੀਆਂ ਅੱਖਾਂ ਵਿਚੋਂ ਵੀ ਅੱਥਰੂ ਡਿੱਗਣ ਲਗੇ। ਉਹਦਾ ‘ਹ’ ਅੱਖਰ ਦੇ ਨਾਂ ਵਾਲਾ ਪਤਾ ਨਹੀਂ ਕਿਥੇ ਗੁੰਮ ਹੋ ਗਿਆ ਸੀ।
ਈਸ਼ ਕਹਿਣ ਲੱਗੀ, “ਜਿਹੜੇ ਮੁੰਡੇ ਨੂੰ ਮੈਂ ਵੇਖਣ ਗਈ ਸਾਂ, ਮੇਰੇ ਬਾਪੂ ਨੂੰ ਪਸੰਦ ਨਹੀਂ ਆਇਆ। ਮੇਰੀ ਮੰਗਣੀ ਵੀ ਨਈਂ ਹੋਈ।”
ਸਭ ਨੇ ਹੁਣ ਜੀਤੀ ਵੱਲ ਤਕਿਆ। ਉਹਦਾ ਚਿਹਰਾ ਵੀ ਪੀਲਾ ਹੋਇਆ ਸੀ। ਉਹ ਕਹਿਣ ਲੱਗੀ, “ਜਿਹਨੂੰ ਮੈਂ ਹਰ ਸ਼ਨਿੱਚਰਵਾਰ ਮਿਲਣ ਜਾਂਦੀ ਸਾਂ, ਉਹ ਬੜਾ ਧੋਖੇਬਾਜ਼ ਨਿਕਲਿਆ। ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਉਹ ਮੈਨੂੰ ਮਿਲਣ ਦਾ ਵਕਤ ਦਿੰਦਾ ਰਿਹਾ, ਪਰ ਆਪ ਕਦੀ ਨਹੀਂ ਪਹੁੰਚਿਆ। ਮੈਨੂੰ ਸ਼ੱਕ ਹੋਇਆ। ਮੈਂ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਉਹਨੂੰ ਅਮੀਰ ਘਰਾਣੇ ਦੀ ਕੋਈ ਹੋਰ ਕੁੜੀ ਮਿਲ ਗਈ ਏ।” ਤੇ ਉਸ ਦੀਆਂ ਅੱਖਾਂ ਵਿਚੋਂ ਪਾਣੀ ਟਿਪ-ਟਿਪ ਕਿਰਨ ਲੱਗਾ।
ਇੰਦਰ ਨੂੰ ਜਿਹੜਾ ਵੇਖਣ ਆਇਆ ਸੀ, ਉਸ ਕਿਹਾ, ਕੁੜੀ ਬਾਹਲੀ ਹੀ ਪਤਲੀ ਏ। ਉਮੀ ਅਤੇ ਗੁਣੀ ਦਾ ਵੀ ਹਾਲੇ ਕੋਈ ਪ੍ਰਬੰਧ ਨਹੀਂ ਸੀ ਹੋਇਆ।
ਹੁਣ ਫਿਰ ਸੱਤੇ ਹੀ ਬਿਨਾਂ ਪ੍ਰਾਹੁਣਿਆਂ ਦੇ ਸਨ। ਸਭ ਦੀਆਂ ਅੱਖਾਂ ਵਿਚ ਬੇਵਸੀ ਸੀ। ਦਿਲਾਂ ਦੀਆਂ ਉਮੰਗਾਂ ਦਿਲਾਂ ਵਿਚ ਹੀ ਰਹਿ ਗਈਆਂ ਸਨ। ਸੱਤੇ ਇਕ-ਦੂਜੇ ਦੇ ਗਲ ਲੱਗ ਕੇ ਰੋਈਆਂ। ਸਭ ਨੇ ਇਕ-ਦੂਜੀ ਨੂੰ ਦਿਲਾਸਾ ਦਿੱਤਾ। ਆਉਣ ਵਾਲੇ ਚੰਗੇ ਸਮੇਂ ਦੀ ਆਸ ਦਿਵਾਈ।
ਜਦੋਂ ਸਭ ਰੋ-ਰਾ ਕੇ ਹੰਭ ਲੱਥੀਆਂ ਤਾਂ ਸੱਤੇ ਦੀਆਂ ਸੱਤੇ ਉਠ ਪਈਆਂ, ਤੇ ਤਾਸ਼ ਖੇਡਣ ਲੱਗੀਆਂ। ਅੱਜ ਸੱਤਾਂ ਦੇ ਚਿਹਰਿਆਂ ਤੋਂ ਪੀਲੀ, ਫਿੱਕੀ, ਦਬੀ-ਦਬੀ ਮੁਸਕਰਾਹਟ ਦਾ ਪਰਦਾ ਉਤਰ ਗਿਆ ਸੀ, ਤੇ ਸੱਤਾਂ ਦੇ ਚਿਹਰਿਆਂ ਉਤੇ ਅੱਜ ਫ਼ਿਰ ਚਮਕ ਸੀ।
ਗੁਣੀ ਨੇ ਰੱਜੀ ਕੋਲੋਂ ਮੁਆਫੀ ਮੰਗੀ ਕਿ ਉਸ ਹੀ ਸਭ ਨੂੰ ਚੋਰੀ ਖਤ ਪੜ੍ਹਨ ਲਈ ਕਿਹਾ ਸੀ।
ਰੱਜੀ ਬੋਲੀ, “ਚਲ ਕੀ ਹੋਇਆ। ਹੁਣ ਭਾਵੇਂ ਸਾਰੇ ਖਤ ਪੜ੍ਹ ਲਵੋ, ਮੈਂ ਤਾਂ ਪਾੜ ਕੇ ਰੱਦੀ ਵਿਚ ਸੁੱਟ ਦੇਣੇ ਹਨ।”
“ਬੜਾ ਹੀ ਗੁੱਸਾ ਹੈ, ਉਹਦੇ ‘ਤੇ।”
“ਤੇ ਹੋਰ ਕੀ! ਇਹੋ ਜਿਹੇ ਬੇਵਫ਼ਾਵਾਂ ਉਤੇ ਗੁੱਸਾ ਨਾ ਚੜ੍ਹੇ ਤੇ ਹੋਰ ਕੀ।”
“ਛਡੋ ਪਰ੍ਹੇ ਇਹੋ ਜਿਹੀਆਂ ਗੱਲਾਂ। ਚਲ ਰੱਜੀ, ਗਾਣਾ ਸੁਣਾ ਫਿਰ ਕੋਈ।”
“ਸੱਚ, ਆਪਾਂ ਨੂੰ ਕਿੰਨੀ ਦੇਰ ਹੋ ਗਈ, ਕਦੀ ਗਾਇਆ ਨਹੀਂ! ਚੱਲ ਰੱਜੀ ਸ਼ੁਰੂ ਕਰ।”
ਰੱਜੀ ਨੇ ਸ਼ੁਰੂ ਕੀਤਾ ਤਾਂ ਬਾਕੀ ਦੀਆਂ ਵੀ ਉਹਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਲੱਗੀਆਂ। ਸੱਤਾਂ ਨੂੰ ਹੀ ਆਪਣਾ ਗਮ ਭੁੱਲ ਗਿਆ ਸੀ। ਸੱਤੇ ਹੀ ਕੁਆਰੀਆਂ ਸਨ, ਤੇ ਪੂਰੇ ਜੋਸ਼ ਨਾਲ ਗਾ ਰਹੀਆਂ ਸਨ। ਅੱਜ ਫ਼ਿਰ ਆਸ-ਪਾਸ ਦੀਆਂ ਬੁੱਢੀਆਂ-ਨੱਢੀਆਂ ਗਾਣੇ ਦੀ ਆਵਾਜ਼ ਸੁਣ ਆ ਇਕੱਠੀਆਂ ਹੋਈਆਂ ਸਨ।

Be the first to comment

Leave a Reply

Your email address will not be published.