ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ- ਪਟਿਆਲਾ ਤੇ ਤਲਵੰਡੀ ਸਾਬੋ ਦੀਆਂ ਉਪ ਚੋਣਾਂ ਦੇ ਰਸਮੀ ਚੋਣ ਨਤੀਜੇ ਭਾਵੇਂ 25 ਅਗਸਤ ਨੂੰ ਐਲਾਨੇ ਗਏ, ਪਰ ਸਿਆਸੀ ਮਾਹਿਰਾਂ ਨੇ ਇਨ੍ਹਾਂ ਨਤੀਜਿਆਂ ਦੀ ਪੇਸ਼ੀਨਗੋਈ ਕਾਫੀ ਪਹਿਲਾਂ ਹੀ ਕਰ ਦਿੱਤੀ ਸੀ। ਮੀਡੀਆ ਵਿਚ ਤਾਂ ‘ਇਹ ਮੈਚ’ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ‘ਫਿਕਸ’ ਹੋਣ ਬਾਰੇ ਵੀ ਚਰਚਾ ਲਗਾਤਾਰ ਚੱਲਦੀ ਰਹੀ। ਬਾਅਦ ਵਿਚ ਕੁਝ ਸਿਆਸੀ ਆਗੂਆਂ ਦੇ ਬਿਆਨਾਂ ਨੇ ਵੀ ਇਹੀ ਮੁਹਾਰਨੀ ਪੜ੍ਹੀ। ਅਸਲ ਵਿਚ ਕਾਂਗਰਸ ਦੀ ਪਾਟੋ-ਧਾੜ ਇਨ੍ਹਾਂ ਉਪ ਚੋਣਾਂ ਵਿਚ ਪਹਿਲਾਂ ਨਾਲੋਂ ਵੀ ਵੱਧ ਭਿਅੰਕਰ ਰੂਪ ਵਿਚ ਜੱਗ-ਜ਼ਾਹਿਰ ਹੋਈ। ਇਸ ਦੇ ਨਾਲ ਹੀ ਪੀæਪੀæਪੀæ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਬੜਾ ਜ਼ੋਰ ਲਾ ਕੇ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਤਾਂ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਦਿਵਾ ਦਿੱਤੀ, ਪਰ ਮਗਰੋਂ ਪਤਾ ਨਹੀਂ ਕੀ ਕਾਰਨ ਬਣੇ, ਉਨ੍ਹਾਂ ਹਲਕੇ ਵਿਚ ਪ੍ਰਚਾਰ ਤਾਂ ਕੀ ਕਰਨਾ ਸੀ, ਇਕ-ਦੋ ਵਾਰੀਆਂ ਛੱਡ ਕੇ ਉਥੇ ਪੈਰ ਵੀ ਨਾ ਪਾਇਆ। ਅਕਾਲੀਆਂ ਨੇ ਤਲਵੰਡੀ ਸਾਬੋ ਦਾ ਹਲਕਾ ਜਿੱਤਣ ਲਈ ਜੋ ਹਲਕਾਪਣ ਦਿਖਾਇਆ, ਉਸ ਤੋਂ ਜ਼ਾਹਿਰ ਹੋ ਗਿਆ ਕਿ ਸਿਆਸੀ ਪਾਰਟੀਆਂ ਅਤੇ ਆਗੂ ਚੋਣ ਜਿੱਤਣ ਲਈ ਕਿਸ ਹੱਦ ਤੱਕ ਮਾਰ ਕਰ ਸਕਦੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਾਰਾ ਤਾਣ ਤਲਵੰਡੀ ਸਾਬੋ ਉਤੇ ਲਾ ਦਿੱਤਾ ਅਤੇ ਵੋਟਾਂ ਭੁਗਤਾਉਣ ਲਈ ਹਰ ਹੀਲਾ ਤੇ ਵਸੀਲਾ ਵਰਤਿਆ। ਉਹ ਉਂਜ ਵੀ ਚੋਣ ਬੂਥਾਂ ਉਤੇ ਸਿੱਧੇ-ਅਸਿੱਧੇ ਢੰਗ ਨਾਲ ਕਬਜ਼ਾ ਕਰਨ ਦੇ ਮਾਮਲੇ ਵਿਚ ਹੁਣ ਵਾਹਵਾ ਨਾਮਣਾ ਖੱਟ ਚੁੱਕੇ ਹਨ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੌਰਾਨ ਪਟਿਆਲਾ ਹਲਕੇ ਵਿਚੋਂ ਬਾਹਰ ਨਹੀਂ ਨਿਕਲੇ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਵਿਰੋਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਲਕੇ ਵਿਚ ਵੜਨ ਦਿੱਤਾ। ਆਪਣੇ ਜੱਦੀ ਇਲਾਕੇ ਦਾ ਇਕ ਹੀ ਗੇੜਾ ਤਲਵੰਡੀ ਸਾਬੋ ਦੇ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਸਿਖਰ ‘ਤੇ ਪਹੁੰਚਾ ਸਕਦਾ ਸੀ, ਪਰ ਕੈਪਟਨ ਨੇ ਅਜਿਹਾ ਕਿਸੇ ਵੀ ਹਾਲ ਕਰਨਾ ਨਹੀਂ ਸੀ। ਦਰਅਸਲ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੰਜਾਬ ਕਾਂਗਰਸ ਦੀ ਕਪਤਾਨੀ ਖੁੱਸੀ ਹੈ, ਉਹ ਵਾਰ-ਵਾਰ ਇਹ ਸਾਬਤ ਕਰਨ ਦੇ ਯਤਨਾਂ ਵਿਚ ਹਨ ਕਿ ਪੰਜਾਬ ਕਾਂਗਰਸ ਦੇ ਅਸਲ ਆਗੂ ਉਹੀ ਹਨ। ਸ਼ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਬਣਨ ਤੋਂ ਬਾਅਦ ਭਾਵੇਂ ਪਾਰਟੀ ਦੇ ਹਰ ਧੜੇ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ ਅਤੇ ਉਨ੍ਹਾਂ ਨੂੰ ਕੇਂਦਰੀ ਕਮਾਂਡ ਵੱਲੋਂ ਵੀ ਪੂਰੀ ਮਦਦ ਮਿਲੀ, ਪਰ ਉਹ ਸੂਬੇ ਵਿਚ ਆਪਣੀ ਪੈਂਠ ਬਣਾਉਣ ਅਤੇ ਅਕਾਲੀ ਦਲ ਦੇ ਸਿਆਸੀ ਪੈਂਤੜਿਆਂ ਨੂੰ ਕਰਾਰਾ ਜਵਾਬ ਦੇਣ ਵਿਚ ਨਾਕਾਮ ਹੀ ਸਾਬਤ ਹੋਏ। ਪਹਿਲਾਂ ਵੀ ਹਰ ਮੌਕੇ ਇਹ ਤੱਥ ਸਾਹਮਣੇ ਆਏ ਅਤੇ ਇਨ੍ਹਾਂ ਉਪ ਚੋਣਾਂ ਵਿਚ ਵੀ ਇਸੇ ਤੱਥ ਦੀ ਤਸਦੀਕ ਹੋਈ ਹੈ।
ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਧ ਅਚੰਭੇ ਵਾਲੀ ਗੱਲ ਆਮ ਆਦਮੀ ਪਾਰਟੀ (ਆਪ) ਨਾਲ ਹੋਈ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਸਿਰੇ ਦੀ ਕਾਰਗੁਜ਼ਾਰੀ ਦਿਖਾਉਣ ਤੋਂ ਬਾਅਦ ਇਸ ਪਾਰਟੀ ਦੇ ਉਮੀਦਵਾਰ ਐਤਕੀਂ ਜ਼ਮਾਨਤਾਂ ਤੱਕ ਨਹੀਂ ਬਚਾ ਸਕੇ। ਲੋਕ ਸਭਾ ਚੋਣਾਂ ਵਿਚ ਇਸ ਪਾਰਟੀ ਨੂੰ ਬੇਮਿਸਾਲ ਹੁੰਗਾਰਾ ਇਸ ਕਰ ਕੇ ਮਿਲਿਆ ਸੀ, ਕਿਉਂਕਿ ਪੰਜਾਬ ਦਾ ਆਵਾਮ ਸੱਤਾਧਾਰੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਦੀਆਂ ਨੀਤੀਆਂ ਤੋਂ ਬਹੁਤ ਔਖਾ ਸੀ। ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਸਬਕ ਸਿਖਾਇਆ। ਬਿਨਾਂ ਸ਼ੱਕ ਹੁਣ ਵਾਲੀ ਹਾਰ ਲਈ ‘ਆਪ’ ਦੀ ਆਪੋ-ਧਾਪ ਹੀ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ, ਪਰ ਇਸ ਪਾਰਟੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਲੋਕਾਂ ਦਾ ਇਸ ਪਾਰਟੀ ਤੋਂ ਭਰੋਸਾ ਹੀ ਜਾਂਦਾ ਲੱਗਿਆ ਹੈ। ਅਸਲ ਵਿਚ ਜਿਸ ਤਰ੍ਹਾਂ ਦਾ ਹੁੰਗਾਰਾ ‘ਆਪ’ ਨੂੰ ਪੰਜਾਬ ਵਿਚ ਮਿਲਿਆ ਸੀ, ਉਸ ਨੂੰ ਬਰਕਰਾਰ ਰੱਖਣ ਲਈ ਸਿਰੇ ਦੀ ਸੱਚੀ ਤੇ ਸੁੱਚੀ ਸਿਆਸਤ ਦੀ ਲੋੜ ਸੀ, ਪਰ ਪਹਿਲਾਂ ਪੰਜਾਬ ਦੀ ਕਨਵੀਨਰੀ ਅਤੇ ਫਿਰ ਹੋਰ ਅਹੁਦੇਦਾਰੀਆਂ ਲਈ ਜਿਸ ਤਰ੍ਹਾਂ ਦੀ ਕੁੱਕੜ-ਖੋਹ ਪੰਜਾਬ ਦੇ ਕੁਝ ਲੀਡਰਾਂ ਨੇ ਦਿਖਾਈ, ਉਸ ਨੇ ਲੋਕਾਂ ਨੂੰ ਨਿਰਾਸ਼ ਅਤੇ ਪਹਿਲਾਂ ਹੀ ਗੈਰ-ਜਥੇਬੰਦ ਇਸ ਪਾਰਟੀ ਨੂੰ ਗੋਡਿਆਂ ਭਾਰ ਕਰ ਦਿੱਤਾ। ਮੁੱਖ ਸਿਆਸੀ ਪਾਰਟੀਆਂ ਤਾਂ ਪਹਿਲਾਂ ਹੀ ਘਾਤ ਲਾ ਕੇ ਬੈਠੀਆਂ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਉਪ ਚੋਣਾਂ ਵਿਚ ‘ਆਪ’ ਦਾ ਪੱਤਾ ਸਾਫ ਕਰ ਦਿੱਤਾ। ਦੂਜੇ ਪਾਸੇ, ਇਨ੍ਹਾਂ ਉਪ ਚੋਣਾਂ ਵਿਚ ਬਿਹਾਰ ‘ਚ ਲਾਲੂ ਪ੍ਰਸਾਦ, ਨਿਤੀਸ਼ ਕੁਮਾਰ ਅਤੇ ਕਾਂਗਰਸ ਦੀ ਨਵੀਂ ਸਾਂਝ ਨੇ ਭਗਵੇਂ ਬ੍ਰਿਗੇਡ ਦੀ ਫੂਕ ਕੱਢ ਦਿੱਤੀ। ਇਸ ਗਠਜੋੜ ਨੇ ਸੂਬੇ ਦੇ 10 ਵਿਚੋਂ 6 ਹਲਕਿਆਂ ਉਤੇ ਜਿੱਤ ਹਾਸਲ ਕਰ ਕੇ ਭਾਜਪਾ ਆਗੂਆਂ ਨੂੰ ਤਾਂ ਚੁੱਪ ਕਰਵਾਇਆ ਹੀ ਹੈ, ਨਾਲ ਹੀ ਇਹ ਸੁਨੇਹਾ ਵੀ ਦਿੱਤਾ ਹੈ ਕਿ ਸਿਰ ਉਤੇ ਚੜ੍ਹੀ ਆ ਰਹੀ ਇਸ ਬ੍ਰਿਗੇਡ ਨੂੰ ਚੋਣਾਂ ਦੇ ਪਿੜ ਵਿਚ ਰਲ ਕੇ ਹਰਾਇਆ ਜਾ ਸਕਦਾ ਹੈ। ਇਸ ਬ੍ਰਿਗੇਡ ਦਾ ਅਗਲਾ ਨਿਸ਼ਾਨਾ ਹੁਣ ਜੰਮੂ-ਕਸ਼ਮੀਰ ਹੈ। ਇਹ ਬ੍ਰਿਗੇਡ ਜੰਮੂ-ਕਸ਼ਮੀਰ ਵਿਚ ਕਿਸੇ ਹਿੰਦੂ ਲੀਡਰ ਨੂੰ ਮੁੱਖ ਮੰਤਰੀ ਬਣਾਉਣ ਲਈ ਅਹੁਲ ਰਹੀ ਹੈ। ਜੰਮੂ-ਕਸ਼ਮੀਰ ਦਾ ਮਸਲਾ ਇਸ ਬ੍ਰਿਗੇਡ ਲਈ ਇਸ ਦੇ ਅਖੌਤੀ ਸਿਧਾਂਤਾਂ ਦਾ ਮਸਲਾ ਵੀ ਹੈ। ਹੁਣ ਦੇਖਣਾ ਇਹ ਹੈ ਕਿ ਜੰਮੂ-ਕਸ਼ਮੀਰ ਦੇ ਮੁਕਾਮੀ ਲੀਡਰ ਇਸ ਬ੍ਰਿਗੇਡ ਨੂੰ ਡੱਕਣ ਲਈ ਕਿਹੜੀ ਸਿਆਸੀ ਰਣਨੀਤੀ ਉਲੀਕਦੇ ਹਨ। ਸੂਬੇ ਵਿਚ ਕਾਂਗਰਸ ਅਤੇ ਨੈਸ਼ਨਲ ਕਾਂਗਰਸ ਦੇ ਸਬੰਧ ਹੁਣ ਪਹਿਲਾਂ ਵਾਲੇ ਨਹੀਂ। ਪੰਜ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਦੋਵੇਂ ਪਾਰਟੀਆਂ ਇਕ-ਦੂਜੀ ਤੋਂ ਦੂਰ ਜਾ ਚੁੱਕੀਆਂ ਹਨ। ਬੀਬਾ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀਪਲਜ਼ ਡੈਮੋਕਰੇਟਿਕ ਪਾਰਟੀ ਸੱਤਾ ਹਾਸਲ ਕਰਨ ਲਈ ਕੋਈ ਵੀ ਕਰਤੱਬ ਕਰਨ ਲਈ ਲੱਕ ਬੰਨ੍ਹੀ ਬੈਠੀ ਹੈ। ਅਜਿਹੇ ਹਾਲਾਤ ਵਿਚ ਭਗਵੇਂ ਬ੍ਰਿਗੇਡ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਉਥੇ ਕੀ ਸਿਆਸੀ ਸਮੀਕਰਨ ਬਣਦੇ ਹਨ, ਇਹ ਆਉਣ ਵਾਲਾ ਵਕਤ ਹੀ ਦੱਸੇਗਾ।
Leave a Reply