ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਵਿਧਾਨ ਸਭਾ ਪਟਿਆਲਾ (ਸ਼ਹਿਰੀ) ਤੇ ਤਲਵੰਡੀ ਸਾਬੋ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਭਾਵੇਂ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਮੈਚ ਡਰਾਅ ਰਿਹਾ ਪਰ ਇਨ੍ਹਾਂ ਚੋਣ ਨਤੀਜਿਆਂ ਦੇ ਆਧਾਰ ‘ਤੇ ਭਵਿੱਖ ਦੇ ਸਿਆਸੀ ਦ੍ਰਿਸ਼ ਬਾਰੇ ਕਈ ਪੇਸ਼ੀਨਗੋਈਆਂ ਹੋਣ ਲੱਗ ਪਈਆਂ ਹਨ। ਪਟਿਆਲਾ ਵਿਚ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਨੂੰ 23282 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਜਦੋਂਕਿ ਤਲਵੰਡੀ ਸਾਬੋ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਤੋਂ 46 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਇਸ ਵਾਰ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਬੈਠੀ। ਪਟਿਆਲਾ ਹਲਕੇ ਤੋਂ ਚੋਣ ਲੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਅਦਾਲਤੀਵਾਲਾ ਨੂੰ ਸਿਰਫ਼ 5624 ਵੋਟਾਂ ਮਿਲੀਆਂ ਜਦੋਂਕਿ ਤਲਵੰਡੀ ਸਾਬੋ ਤੋਂ ਆਪ ਦੀ ਉਮੀਦਵਾਰ ਪ੍ਰੋæ ਬਲਜਿੰਦਰ ਕੌਰ ਨੂੰ 13899 ਵੋਟਾਂ ਮਿਲੀਆਂ ਹਨ। ਇਸੇ ਸਾਲ ਲੋਕ ਸਭਾ ਚੋਣਾਂ ਦੌਰਾਨ ਇਸ ਵਿਧਾਨ ਸਭਾ ਹਲਕੇ ਵਿਚ ‘ਆਪ’ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਪੋਲ ਹੋਈਆਂ ਸਨ। ਇਸ ਤਰ੍ਹਾਂ ਚਾਰ ਮਹੀਨਿਆਂ ਵਿਚ ਹੀ 29950 ਵੋਟਾਂ ਦਾ ਵੱਡਾ ਵੋਟ ਬੈਂਕ ‘ਆਪ’ ਦੇ ਹੱਥੋਂ ਖਿਸਕ ਗਿਆ।
ਇਨ੍ਹਾਂ ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕਾਂਗਰਸ ਕੋਲ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਲਿਆਉਣ ਬਿਨਾਂ ਗੁਜ਼ਾਰਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਪਟਿਆਲਾ ਵਿਚ ਹੀ ਮੋਰਚਾ ਸੰਭਾਲਿਆ ਸੀ ਅਤੇ ਤਲਵੰਡੀ ਸਾਬੋ ਹਲਕੇ ਦੀ ਵਾਗਡੋਰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਗਈ ਸੀ। ਸ਼ ਬਾਜਵਾ ਨੇ ਹਲਕੇ ਵਿਚ ਦਿਨ-ਰਾਤ ਇਕ ਕੀਤਾ, ਫਿਰ ਵੀ ਅਕਾਲੀ ਉਮੀਦਵਾਰ ਰਿਕਾਰਡ ਫਰਕ ਨਾਲ ਜਿੱਤ ਗਿਆ। ਅਸਲ ਵਿਚ ਕੈਪਟਨ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਪਟਿਆਲਾ ਹਲਕੇ ‘ਚੋਂ ਬਾਹਰ ਨਹੀਂ ਜਾਣਗੇ ਤੇ ਇਸ ਦਾ ਅਸਰ ਤਲਵੰਡੀ ਸਾਬੋ ਦੇ ਚੋਣ ਨਤੀਜਿਆਂ ਵਿਚ ਵੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਪਟਿਆਲਾ ਸੀਟ ਸੀਨੀਅਰ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈ ਸੀ ਜਦੋਂਕਿ ਤਲਵੰਡੀ ਸਾਬੋ ਸੀਟ ਜੀਤ ਮਹਿੰਦਰ ਸਿੰਘ ਸਿੱਧੂ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਜਾਣ ਕਰ ਕੇ ਖਾਲੀ ਹੋਈ ਸੀ। ਜੀਤ ਮਹਿੰਦਰ ਸਿੰਘ ਸਿੱਧੂ ਦੀ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ 29 ਸਾਲ ਬਾਅਦ ਹਲਕਾ ਤਲਵੰਡੀ ਸਾਬੋ ‘ਤੇ ਮੁੜ ਕਾਬਜ਼ ਹੋਇਆ ਹੈ। ਸ਼ ਸਿੱਧੂ ਨੇ ਲਗਾਤਾਰ ਚੌਥੀ ਵਾਰ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਸਿਰਜਿਆ ਹੈ।
ਕਿਸੇ ਸਮੇਂ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਸੀ। 1985 ਵਿਚ ਇਥੋਂ ਅਕਾਲੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਜਿੱਤ ਕੇ ਬਰਨਾਲਾ ਸਰਕਾਰ ਵਿਚ ਖੇਤੀਬਾੜੀ ਮੰਤਰੀ ਬਣੇ। ਉਸ ਤੋਂ ਬਾਅਦ ਕਦੇ ਵੀ ਅਕਾਲੀ ਉਮੀਦਵਾਰ ਇਥੋਂ ਕਾਮਯਾਬ ਨਹੀਂ ਹੋਇਆ ਸੀ। 1992 ਵਿਚ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਕਰ ਕੇ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜਿੱਤੇ। 1997 ਵਿਚ ਅਕਾਲੀ ਦਲ ਵਿਚ ਫੁੱਟ ਪੈਣ ਕਰ ਕੇ ਹਰਮਿੰਦਰ ਸਿੰਘ ਜੱਸੀ ਅਕਾਲੀ ਉਮੀਦਵਾਰ ਸ਼ ਸਿੱਧੂ ਨੂੰ ਹਰਾ ਕੇ ਦੂਜੀ ਵਾਰ ਜਿੱਤੇ। 2002 ਵਿਚ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਕਰ ਕੇ ਬਾਗੀ ਹੋ ਕੇ ਆਜ਼ਾਦ ਤੌਰ ‘ਤੇ ਚੋਣ ਲੜੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਤੇ ਅਕਾਲੀ ਦਲ ਨੂੰ ਹਰਾ ਕੇ ਜੇਤੂ ਰਹੇ। 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ ਸਿੱਧੂ ਇਸ ਹਲਕੇ ਤੋਂ ਲਗਾਤਾਰ ਦੋ ਵਾਰ ਕਾਂਗਰਸ ਦੇ ਉਮੀਦਵਾਰ ਵਜੋਂ ਕਾਮਯਾਬ ਹੋਏ।
ਹੁਣ 21 ਅਗਸਤ ਨੂੰ ਹੋਈ ਜ਼ਿਮਨੀ ਚੋਣ ਵਿਚ ਕੁਲ ਵੋਟ 1,44,316 ਵਿਚੋਂ 1,18,690 ਵੋਟਾਂ ਪੋਲਿੰਗ ਹੋਈਆਂ। ਇਨ੍ਹਾਂ ਵਿਚੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ 71747, ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ 25105, ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋæ ਬਲਜਿੰਦਰ ਕੌਰ ਨੂੰ 13899 ਤੇ ਆਜ਼ਾਦ ਉਮੀਦਵਾਰ ਬਲਕਾਰ ਸਿੱਧੂ ਨੂੰ 6305 ਵੋਟਾਂ ਮਿਲੀਆਂ। ਸ਼ ਸਿੱਧੂ ਨੇ ਹਰਮਿੰਦਰ ਸਿੰਘ ਜੱਸੀ ਨੂੰ 46642 ਵੋਟਾਂ ਨਾਲ ਹਰਾਇਆ।
ਪਟਿਆਲਾ (ਸ਼ਹਿਰੀ) ਜ਼ਿਮਨੀ ਚੋਣ ਵਿਚ ਕਾਂਗਰਸ ਨੇ ਲਗਾਤਾਰ ਚੌਥੀ ਵਾਰ ਬਾਜ਼ੀ ਮਾਰੀ ਹੈ। ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਨੂੰ 23282 ਵੋਟਾਂ ਨਾਲ ਹਰਾਇਆ। ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਇਥੋਂ ਜੇਤੂ ਰਹੇ ਹਨ ਤੇ ਇਹ ਸੀਟ ਉਨ੍ਹਾਂ ਦੇ ਅਸਤੀਫ਼ੇ ਨਾਲ ਹੀ ਖਾਲੀ ਹੋਈ ਸੀ।
ਪ੍ਰਨੀਤ ਕੌਰ ਨੂੰ ਇਥੋਂ ਪਹਿਲੀ ਮਹਿਲਾ ਵਿਧਾਇਕ ਬਣਨ ਦਾ ਮਾਣ ਵੀ ਹਾਸਲ ਹੋਇਆ ਹੈ। ਪਿਛਲੀਆਂ ਅੱਠ ਚੋਣਾਂ ਵਿਚੋਂ ਕਾਂਗਰਸ ਦੀ ਇਥੇ ਇਹ ਸੱਤਵੀਂ ਤੇ ਹੁਣ ਤੱਕ ਦੀਆਂ ਪੰਦਰਾਂ ਚੋਣਾਂ ਵਿਚੋਂ ਦਸਵੀਂ ਜਿੱਤ ਹੈ। ਇਸ ਜ਼ਿਮਨੀ ਚੋਣ ਲਈ ਇਸ ਹਲਕੇ ਦੀਆਂ ਕੁਲ 1,51,461 ਵੋਟਾਂ ਵਿਚੋਂ 89,570 ਵੋਟਾਂ ਪੋਲ ਹੋਈਆਂ ਸਨ। ਪ੍ਰਨੀਤ ਕੌਰ ਨੇ 52967 (59 ਫੀਸਦੀ) ਵੋਟਾਂ ਹਾਸਲ ਕੀਤੀਆਂ। ਭਗਵਾਨ ਦਾਸ ਜੁਨੇਜਾ ਨੂੰ 29685 (33 ਫੀਸਦੀ) ਵੋਟਾਂ ਪਈਆਂ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਜੀਤ ਸਿੰਘ ਅਦਾਲਤੀਵਾਲਾ ਨੂੰ ਸਿਰਫ਼ 5624 (ਕਰੀਬ 6 ਫੀਸਦੀ) ਵੋਟਾਂ ਹੀ ਪਈਆਂ ਜਿਸ ਕਰ ਕੇ ਉਹ ਆਪਣੀ ਜ਼ਮਾਨਤ ਵੀ ਨਾ ਬਚਾਅ ਸਕੇ।
______________________________________
ਨਰੇਂਦਰ ਮੋਦੀ ਲਹਿਰ ਨੂੰ ਹੁੱਝ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਤਿੰਨ ਮਹੀਨਿਆਂ ਮਗਰੋਂ ਹੀ ਦੇਸ਼ ਵਿਚ ਮੋਦੀ ਦੀ ਲਹਿਰ ਮੱਠੀ ਪੈਣ ਲੱਗੀ ਹੈ। ਇਸ ਦਾ ਸਪਸ਼ਟ ਸੁਨੇਹਾ ਦੇਸ਼ ਦੇ ਚਾਰ ਸੂਬਿਆਂ ਦੀਆਂ 18 ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਮਿਲਿਆ ਹੈ। ਭਾਜਪਾ ਨੂੰ ਸਭ ਤੋਂ ਵੱਡਾ ਝਟਕਾ ਬਿਹਾਰ ਵਿਚ ਲੱਗਾ ਜਿੱਥੇ ਉਸ ਨੂੰ 10 ਵਿਚੋਂ ਸਿਰਫ ਚਾਰ ਸੀਟਾਂ ਮਿਲੀਆਂ ਜਦੋਂਕਿ ਪਹਿਲਾਂ ਭਾਜਪਾ ਕੋਲ 6 ਸੀਟਾਂ ਸਨ। ਭਾਜਪਾ ਬਿਹਾਰ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਰਾਸ਼ਟਰੀ ਜਨਤਾ ਦਲ-ਜਨਤਾ ਦਲ (ਯੂ)-ਕਾਂਗਰਸ ਗਠਜੋੜ ਤੋਂ 4-6 ਦੇ ਫਰਕ ਨਾਲ ਪਛੜ ਗਈ ਹੈ ਤੇ ਕਰਨਾਟਕ ਤੇ ਮੱਧ ਪ੍ਰਦੇਸ਼ ਵਿਚ ਇਸ ਦੇ ਦੋ ਗੜ੍ਹ ਕਾਂਗਰਸ ਨੇ ਖੋਹ ਲਏ ਹਨ। ਕਰਨਾਟਕ ਵਿਚ ਕਾਂਗ਼ਰਸ ਨੇ ਦੋ ਸੀਟਾਂ ‘ਤੇ ਕਬਜ਼ਾ ਕਰ ਲਿਆ। ਇਸ ਨੇ ਭਾਜਪਾ ਤੋਂ ਅਹਿਮ ਬੇਲਾਰੀ (ਦਿਹਾਤੀ) ਸੀਟ ਖੋਹ ਲਈ। ਭਾਜਪਾ ਨੂੰ ਸੂਬੇ ਵਿਚ ਇਕ ਸੀਟ ਮਿਲੀ ਹੈ। ਮੱਧ ਪ੍ਰਦੇਸ਼ ਵਿਚ ਤਿੰਨ ਸੀਟਾਂ ‘ਤੇ ਹੋਈ ਜ਼ਿਮਨੀ ਚੋਣ ਵਿਚੋਂ ਭਾਜਪਾ ਦੋ ਸੀਟਾਂ ਲੈ ਗਈ ਤੇ ਇਕ ਸੀਟ ਕਾਂਗਰਸ ਹਿੱਸੇ ਆ ਗਈ। ਜਿੱਤ ਤੋਂ ਬਾਅਦ ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਫਿਰਕੂ ਏਜੰਡੇ ਨੂੰ ਰੋਕਣ ਲਈ ਗਠਜੋੜ ਵਿਚ ਹੁਣ ਖੱਬੀਆਂ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਅਸਲ ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜੇ ਕੁਝ ਵੀ ਅਜਿਹਾ ਨਹੀਂ ਕਰ ਵਿਖਾਏ ਜਿਸ ਬਾਰੇ ਜਨਤਾ ਨੂੰ ਸੁਫਨੇ ਵਿਖਾਏ ਸਨ। ਸ੍ਰੀ ਮੋਦੀ ਨੇ ਹੁਣ ਤੱਕ ਪਿਛਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ‘ਤੇ ਹੀ ਮੋਹਰ ਲਾਈ ਹੈ ਜਿਸ ਤੋਂ ਜਨਤਾ ਖੁਸ਼ ਨਜ਼ਰ ਨਹੀਂ ਆ ਰਹੀ। ਇਸ ਤੋਂ ਇਲਾਵਾ ਮੋਦੀ ਸਰਕਾਰ ਬਣਨ ਮਗਰੋਂ ਸੰਘ ਪਰਿਵਾਰ ਦੀ ਸਰਗਰਮੀ ਨੇ ਵੀ ਲੋਕਾਂ ਖਾਸਕਰ ਘੱਟ-ਗਿਣਤੀਆਂ ਵਿਚ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਹਨ।
Leave a Reply