ਲਾਹੌਰ: ਲਾਹੌਰ ਵਿਚ ਸ਼ਾਦਮਾਨ ਚੌਕ ‘ਤੇ ਸ਼ਹੀਦ ਭਗਤ ਸਿੰਘ ਦੇ ਨਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸਰਕਾਰੀ ਕਮੇਟੀ ਵੱਲੋਂ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਬਾਰੇ ਕੱਟੜਪੰਥੀਆਂ ਦੇ ਇਤਰਾਜ਼ ਰੱਦ ਕਰ ਦਿੱਤੇ ਹਨ ਤੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਹਾਈ ਕੋਰਟ ਵੱਲੋਂ ਇਸ ਫੈਸਲੇ ‘ਚ ਦਖ਼ਲ ਦਿੰਦਿਆਂ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਕਾਇਮ ਕਮੇਟੀ ਨੇ ਇਸ ਸ਼ਹਿਰ ਦੇ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਜਮਾਤ-ਉਦ-ਦਵਾ ਜਿਹੇ ਦਹਿਸ਼ਤਗਰਦ ਗਰੁੱਪਾਂ ਦੇ ਵਿਰੋਧ ਤੇ ਦਬਦਬੇ ਦੇ ਬਾਵਜੂਦ ਇਹ ਫੈਸਲਾ ਲਿਆ ਹੈ। ਇਸ ਨੂੰ ਪਾਕਿ ਸਰਕਾਰ ਦਾ ਵਧੀਆ ਫੈਸਲਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਲਾਹੌਰ ਹਾਈ ਕੋਰਟ ਨੇ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖੇ ਜਾਣ ‘ਤੇ ਰੋਕ ਲਾ ਦਿੱਤੀ ਹੈ। ਇਸ ਬਾਰੇ ਜਮਾਤ-ਉਦ-ਦਾਵਾ ਵੱਲੋਂ ਚਲਾਈ ਜਾਂਦੀ ਜਥੇਬੰਦੀ ਤਹਿਰੀਕ-ਹੁਰਮਤ-ਏ-ਰਸੂਲ ਵੱਲੋਂ ਦਾਖ਼ਲ ਕੀਤੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਲਾਹੌਰ ਹਾਈ ਕੋਰਟ ਦੇ ਜੱਜ ਨਸੀਰ ਸਈਦ ਸ਼ੇਖ ਨੇ ਪਾਕਿਸਤਾਨੀ ਪੰਜਾਬ ਸਰਕਾਰ ਵੱਲੋਂ ਸ਼ਾਦਮਾਨ ਚੌਕ ਦਾ ਨਾਂ ਬਦਲਣ ਨੂੰ ਦਿੱਤੀ ਪ੍ਰਵਾਨਗੀ ‘ਤੇ ਫਿਲਹਾਲ ਰੋਕ ਲਾਉਣ ਦੇ ਆਦੇਸ਼ ਦਿੱਤੇ।
ਲਾਹੌਰ ਅਦਾਲਤ ਨੇ ਇਸ ਸਬੰਧ ਵਿਚ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ, ਦਿਲਕਸ਼ ਲਾਹੌਰ ਕਮੇਟੀ ਤੇ ਭਗਤ ਸਿੰਘ ਫਾਊਂਡੇਸ਼ਨ ਨੂੰ ਨੋਟਿਸ ਜਾਰੀ ਕਰਦਿਆਂ 29 ਨਵੰਬਰ ਤੱਕ ਜਵਾਬ ਦੇਣ ਲਈ ਕਿਹਾ। ਇਸ ਸਬੰਧ ਵਿਚ ਤਹਿਰੀਕ-ਹੁਰਮਤ-ਏ-ਰਸੂਲ ਤਰਫ਼ੋਂ ਉਕਤ ਪਟੀਸ਼ਨ ਦਾਇਰ ਕਰਦਿਆਂ ਜ਼ਹੀਦ ਭੱਟ ਨੇ ਦੋਸ਼ ਲਾਇਆ ਕਿ ਭਾਰਤੀ ਸੂਹੀਆ ਏਜੰਸੀ ‘ਰਾਅ’ ਵੱਲੋਂ ਭਗਤ ਸਿੰਘ ਫਾਊਂਡੇਸ਼ਨ ਨੂੰ ਸ਼ਾਦਮਾਨ ਚੌਕ ਦਾ ਨਾਂ ਬਦਲੇ ਜਾਣ ਦਾ ਮੁੱਦਾ ਚੁੱਕਣ ਲਈ ਫੰਡ ਮੁਹੱਈਆ ਕਰਵਾਏ ਗਏ।
ਭੱਟ ਨੇ ਦੋਸ਼ ਲਾਇਆ ਕਿ ਫਾਊਂਡੇਸ਼ਨ ਨੇ ਦਿਲਕਸ਼ ਲਾਹੌਰ ਕਮੇਟੀ ਨੂੰ ਇਸ ਕੰਮ ਲਈ ਵਰਤਿਆ। ਜ਼ਿਕਰਯੋਗ ਹੈ ਕਿ ਜਮਾਤ-ਉਦ-ਦਾਵਾ ਦੇ ਸੀਨੀਅਰ ਨੇਤਾ ਆਮਿਰ ਹਮਜ਼ਾ ਤਹਿਰੀਕ-ਹੁਰਮਤ-ਏ-ਰਸੂਲ ਦੇ ਮੁਖੀ ਹਨ। ਹਮਜ਼ਾ ਨੇ ਪਹਿਲਾਂ ਵੀ ਆਖਿਆ ਸੀ ਕਿ ਉਨ੍ਹਾਂ ਦੀ ਜਥੇਬੰਦੀ ਲਾਹੌਰ ਵਿਚ ਕਿਸੇ ਸਥਾਨ ਦਾ ਨਾਂ ਕਿਸੇ ਹਿੰਦੂ, ਸਿੱਖ ਜਾਂ ਈਸਾਈ ਦੇ ਨਾਂ ‘ਤੇ ਰੱਖੇ ਜਾਣ ਦਾ ਵਿਰੋਧ ਕਰੇਗੀ।
ਕੁਝ ਹਫਤੇ ਪਹਿਲਾਂ ਸਿਟੀ ਡਿਸਟ੍ਰਿਕਟ ਗਵਰਨਮੈਂਟ ਆਫ ਲਾਹੌਰ ਨੇ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਕਾਰਵਾਈ ਜੇæਯੂæਡੀæ ਤੇ ਜਮਾਤ-ਇ-ਇਲਾਮੀ ਜਿਹੇ ਕੱਟੜਪ੍ਰਸਤ ਦਲਾਂ ਤੇ ਕੁਝ ਕੁ ਸਥਾਨਕ ਵਾਸੀਆਂ ਵੱਲੋਂ ਜ਼ੋਰਦਾਰ ਵਿਰੋਧ ਕਰਨ ‘ਤੇ ਰੋਕ ਲਈ ਸੀ। ਫਿਰ ਇਹ ਮੁੱਦਾ ਦਿਲਕਸ਼ ਲਾਹੌਰ ਕੋਲ ਭੇਜ ਦਿੱਤਾ ਗਿਆ। ਇਹ ਇਕ ਕਮੇਟੀ ਸੀ ਜੋ ਲਾਹੌਰ ਨੂੰ ਸੁੰਦਰ ਬਣਾਉਣ ਤੇ ਚੌਕਾਂ, ਸੜਕਾਂ ਤੇ ਕੈਂਚੀਆਂ ਦੇ ਨਵੇਂ ਨਾਂ ਤੈਅ ਕਰਨ ਲਈ ਕਾਇਮ ਕੀਤੀ ਗਈ ਸੀ। ਇਸ ਬਾਰੇ ਫੈਸਲਾ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਸਬੰਧਤ ਥਾਵਾਂ ਦੀ ਇਤਿਹਾਸਕ ਮਹੱਤਤਾ ਦੀ ਨਿਰਖ-ਪਰਖ ਕਰਨ ਮਗਰੋਂ ਲੈਂਦੀ ਸੀ।
ਅਧਿਕਾਰੀਆਂ ਅਨੁਸਾਰ ਕਮੇਟੀ ਨੇ ਸਾਰੇ ਇਤਰਾਜ਼ ਰੱਦ ਕਰਦਿਆਂ ਸਰਕਾਰ ਨੂੰ ਕਿਹਾ ਸੀ ਕਿ ਚੌਕ ਦਾ ਨਵਾਂ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਇਸ ਕੰਮ ਵਿਚ ਕੋਈ ਦੇਰੀ ਨਾ ਕੀਤੀ ਜਾਵੇ। ਜੇæਯੂæਡੀæ ਤੇ ਸ਼ਾਦਨਾਮ ਮਾਰਕੀਟ ਦੇ ਕਾਰੋਬਾਰੀਆਂ ਨੇ ਸਰਕਾਰ ਦੇ ਚੌਕ ਦਾ ਨਾਂ ਬਦਲਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਜਮਾਤ ਦੇ ਸੀਨੀਅਰ ਆਗੂ ਆਮਿਰ ਹਮਜ਼ਾ ਤੇ ਜ਼ਾਹਿਦ ਬੱਟ ਨੇ ਐਲਾਨ ਕੀਤਾ ਕਿ ਉਹ ਚੌਕ ਦਾ ਨਾਂ ਹੁਰਮਤ-ਏ-ਰਸੂਲ ਚੌਕ ਰੱਖਣ ਦੀ ਸਿਫਾਰਸ਼ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖੇ ਜਾਣ ਦਾ ਹਰੇਕ ਤਰ੍ਹਾਂ ਨਾਲ ਵਿਰੋਧ ਕਰਨਗੇ। ਦਿਲਕਸ਼ ਲਾਹੌਰ ਕਮੇਟੀ ਦੇ ਮੈਂਬਰਾਂ ਨੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖੇ ਜਾਣ ਦਾ ਮੁੱਦਾ ਵਿਚਾਰਦਿਆਂ ਇਹ ਤੱਥ ਉਭਾਰਿਆ ਕਿ ਇਸ ਸਥਾਨ ਦੀ ਇਤਿਹਾਸਕ ਮਹੱਤਤਾ ਹੈ ਤੇ ਇਥੇ ਦੇਸ਼ ਭਗਤ ਸਿੰਘ ਨੂੰ ਬਰਤਾਨਵੀ ਸ਼ਾਸਕਾਂ ਨੇ ਫਾਂਸੀ ਲਾਇਆ ਸੀ। ਪਹਿਲਾਂ ਇਸ ਚੌਕ ਦੀ ਥਾਵੇਂ ਜੇਲ੍ਹ ਹੁੰਦੀ ਸੀ ਜਿੱਥੇ ਮਾਰਚ 1931 ਨੂੰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।
ਪ੍ਰਸਿੱਧ ਟੀæਵੀæ ਐਕਟਰ ਇਫਤਿਖਾਰ ਅਹਿਮਦ ਜੋ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ 13 ਸਤੰਬਰ, 1947 ਨੂੰ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਵੀ ਆਪਣੇ ਭਾਸ਼ਨ ਵਿਚ ਭਗਤ ਸਿੰਘ ਦੀ ਸ਼ਲਾਘਾ ਕੀਤੀ ਸੀ। ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਲਾਹੌਰ ਨਹਿਰ ‘ਤੇ ਥੱਲਿਓਂ ਦੀ ਬਣੇ ਰਸਤੇ ਦਾ ਨਾਂ ਜੋਗਿੰਦਰ ਲਾਲ ਮੰਡਲ ਦੇ ਨਾਂ ‘ਤੇ ਰੱਖਿਆ ਜਾਵੇਗਾ।
Leave a Reply