ਹਰਿਮੰਦਰ ਸਾਹਿਬ ਤੱਕ ਬਣਨ ਵਾਲੀ ਪੌਡ ਪ੍ਰਣਾਲੀ ਦਾ ਕੰਮ ਲਟਕਿਆ

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਯਾਤਰੂਆਂ ਵਾਸਤੇ ਅਤਿ ਆਧੁਨਿਕ ਆਵਾਜਾਈ ਪੌਡ ਪ੍ਰਣਾਲੀ ਦਾ ਨੀਂਹ ਪੱਥਰ ਰੱਖੇ ਇਕ ਸਾਲ ਬੀਤ ਗਿਆ ਹੈ ਪਰ ਹੁਣ ਤਕ ਇਸ ਦੀ ਦੋ ਵਾਰ ਸਿਰਫ ਰਾਹ ਬਦਲਣ ਦੀ ਯੋਜਨਾ ਹੀ ਬਣੀ ਹੈ। ਹੁਣ ਨਗਰ ਨਿਗਮ ਨੇ ਦੂਜੀ ਵਾਰ ਇਸ ਦਾ ਰਾਹ ਬਦਲਣ ਦੀ ਯੋਜਨਾ ਬਣਾਈ ਹੈ ਜਿਸ ਬਾਰੇ ਸਬੰਧਤ ਕੰਪਨੀ ਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਅਤਿ ਆਧੁਨਿਕ ਆਵਾਜਾਈ ਵਾਲੀ ਪੌਡ ਪ੍ਰਣਾਲੀ ਦਾ ਨੀਂਹ ਪੱਥਰ ਬੀਤੇ ਵਰ੍ਹੇ ਦਸੰਬਰ ਮਹੀਨੇ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ ਤੇ ਇਸ ਯੋਜਨਾ ਨੂੰ ਪੰਜਾਬ ਸਰਕਾਰ ਦੀ ਤਰਜੀਹੀ ਯੋਜਨਾ ਕਰਾਰ ਦਿੱਤਾ ਸੀ। ਅਜਿਹੀ ਪੌਡ ਪ੍ਰਣਾਲੀ ਇਸ ਵੇਲੇ ਇੰਗਲੈਂਡ ਦੇ ਹੀਥਰੋ ਹਵਾਈ ਅੱਡੇ ‘ਤੇ ਕੰਮ ਕਰ ਰਹੀ ਹੈ। ਆਧੁਨਿਕ ਪੌਡ ਪ੍ਰ੍ਰਣਾਲੀ ਤਹਿਤ ਪੋਡ ਬਿਨਾਂ ਚਾਲਕ ਚੱਲਣਗੇ।
ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਡੀæਪੀæ ਗੁਪਤਾ ਦਾ ਕਹਿਣਾ ਹੈ ਕਿ ਪੀæਆਰæਟੀæ ਐਸ਼ ਦੀ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਰਸਤੇ ਦੀ ਰੂਟ ਯੋਜਨਾ ਵਿਚ ਤਬਦੀਲੀ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹੁਣ ਕਟੜਾ ਜੈਮਲ ਸਿੰਘ ਇਲਾਕੇ ਨੂੰ ਵਿਚੋਂ ਕੱਢ ਦਿੱਤਾ ਗਿਆ ਹੈ। ਇਸ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਅਤਿ ਆਧੁਨਿਕ ਆਵਾਜਾਈ ਪ੍ਰਣਾਲੀ ਸਥਾਪਤ ਕਰਨ ਲਈ ਇਥੇ ਬਣਾਏ ਜਾਣ ਵਾਲੇ ਥੰਮਾਂ ਲਈ ਰਸਤੇ ਦੀ ਪੁੱਟ ਪੁਟਾਈ ਹੋਵੇਗੀ ਜਿਸ ਨਾਲ ਲੋਕਾਂ ਦਾ ਵਪਾਰ ਤੇ ਆਵਾਜਾਈ ਪ੍ਰਭਾਵਤ ਹੋਵੇਗੀ।
ਦੂਜੇ ਪਾਸੇ ਪੌਡ ਪ੍ਰਣਾਲੀ ਨਾਲ ਸਬੰਧਤ ਕੰਪਨੀ ਅਲਟਰਾ ਫੇਅਰਵੁਡ ਪ੍ਰਾਈਵੇਟ ਲਿਮਟਿਡ ਦੇ ਪ੍ਰਾਜੈਕਟ ਡਾਇਰੈਕਟਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਸਤੇ ਦੀ ਰੂਟ ਯੋਜਨਾ ਵਿਚ ਕੀਤੀ ਗਈ ਤਬਦੀਲੀ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਆਖਿਆ ਕਿ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਦੋ ਹੀ ਰਸਤੇ ਹਨ ਤੇ ਤੀਜੇ ਰਸਤੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਨਗਰ ਨਿਗਮ ਨੇ ਇਸ ਬਾਰੇ ਹੁਣ ਤਕ ਕੋਈ ਸੂਚਨਾ ਨਹੀਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸ਼ੁਰੂ ਵਿਚ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਬਾਰਸਤਾ ਹਾਲ ਗੇਟ ਦੀ ਯੋਜਨਾ ਸੀ ਪਰ ਹਾਲ ਬਾਜਾਰ ਦੇ ਵਪਾਰੀਆਂ ਕੀਤੇ ਗਏ ਵਿਰੋਧ ਦੇ ਕਾਰਨ ਕੰਪਨੀ ਵੱਲੋਂ ਇਸ ਦਾ ਰਸਤਾ ਤਬਦੀਲ ਕਰ ਦਿੱਤਾ ਗਿਆ। ਨਵੇਂ ਰਸਤੇ ਤਹਿਤ ਪੋਡ ਹਾਲ ਗੇਟ ਦੀ ਥਾਂ ਚਿਤਰਾ ਸਿਨੇਮਾ ਕੋਲੋਂ ਰਾਮ ਬਾਗ ਚੌਕ ਵਿਚ ਦਾਖਲ ਹੋਣਗੇ ਤੇ ਇਥੋਂ ਬਿਜਲੀ ਵਾਲਾ ਚੌਕ ਰਾਹੀਂ ਕਟੜਾ ਜੈਮਲ ਸਿੰਘ ਤੋਂ ਹੁੰਦੇ ਹੋਏ ਟਾਊਨ ਹਾਲ, ਜਲ੍ਹਿਆਂਵਾਲਾ ਬਾਗ ਤੇ ਸ੍ਰੀ ਹਰਿਮੰਦਰ ਸਾਹਿਬ ਪੁੱਜੇਗਾ।
ਕੰਪਨੀ ਵੱਲੋਂ ਵਿਰਾਸਤ ਪ੍ਰੇਮੀਆਂ ਦੀ ਇਸ ਸ਼ੰਕਾ ਨੂੰ ਵੀ ਦੂਰ ਕੀਤਾ ਗਿਆ ਸੀ ਕਿ ਇਸ ਦੇ ਜਲ੍ਹਿਆਂਵਾਲਾ ਬਾਗ ਤੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਟੇਸ਼ਨ ਉਚਾਈ ‘ਤੇ ਬਣਾਏ ਜਾਣਗੇ ਜਿਸ ਨਾਲ ਦੋਵਾਂ ਇਤਿਹਾਸਕ ਥਾਵਾਂ ਦਾ ਬਾਹਰੀ ਦ੍ਰਿਸ਼ ਪ੍ਰਭਾਵਿਤ ਨਹੀਂ ਹੋਵੇਗਾ। ਫਿਲਹਾਲ ਬੱਸ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਰਸਤਾ ਪਹਿਲਾਂ ਵਾਂਗ ਹੀ ਹੈ। ਕੰਪਨੀ ਵੱਲੋਂ ਬਣਾਈ ਗਈ ਯੋਜਨਾ ਤਹਿਤ ਥੰਮਾਂ ‘ਤੇ ਚੱਲਣ ਵਾਲੇ ਇਹ ਪੌਡ ਰੋਜ਼ਾਨਾ 50 ਹਜ਼ਾਰ ਤੋਂ ਵਧੇਰੇ ਯਾਤਰੂਆਂ ਦੀ ਆਵਾਜਾਈ ਲਈ ਸਹਾਈ ਹੋਣਗੇ।
ਪਹਿਲੇ ਪੜਾਅ ਹੇਠ ਘੱਟ ਗਿਣਤੀ ਵਿਚ ਪੌਡ ਸ਼ੁਰੂ ਕੀਤੇ ਜਾਣਗੇ ਤੇ ਅਗਲੇ ਪੜਾਅ ਤਕ 200 ਪੌਡ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਦਾ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦਾ ਕਿਰਾਇਆ 30 ਤੋਂ 32 ਰੁਪਏ ਪ੍ਰਤੀ ਵਿਅਕਤੀ ਤੇ ਬੱਸ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦਾ ਕਿਰਾਇਆ 20 ਤੋਂ 25 ਰੁਪਏ ਪ੍ਰਤੀ ਵਿਅਕਤੀ ਹੋਵੇਗਾ।

Be the first to comment

Leave a Reply

Your email address will not be published.