ਮੋਦੀ ਦੀ ਬਿੱਲੀ ਥੈਲਿਓਂ ਬਾਹਰ

ਭਾਰਤ ਵਿਚ ਸੱਤਾ ਹਾਸਲ ਕਰਨ ਤੋਂ ਬਾਅਦ ਭਗਵਾਂ ਬ੍ਰਿਗੇਡ ਦੀ ਮਸ਼ੀਨਰੀ ਵਿਚ ਬਹੁਤ ਤੇਜ਼ੀ ਆ ਗਈ ਹੈ। ਅਹਿਮ ਅਹੁਦਿਆਂ ਲਈ ਨਵੀਆਂ ਨਿਯੁਕਤੀਆਂ ਅਤੇ ਪ੍ਰਸ਼ਾਸਨ ਦੀਆਂ ਹੋਰ ਕਾਰਵਾਈਆਂ ਇਸੇ ਦਿਸ਼ਾ ਵਿਚ ਹੋ ਰਹੀਆਂ ਹਨ। ਸਾਡੇ ਕਾਲਮਨਵੀਸ ਸ਼ ਮਝੈਲ ਸਿੰਘ ਸਰਾਂ ਨੇ ਭਗਵੇਂ ਬ੍ਰਿਗੇਡ ਦੇ ਇਸ ਹਿੰਦੂਤਵੀ ਏਜੰਡੇ ਬਾਰੇ ਕੁਝ ਕੁ ਗੱਲਾਂ ਸਪਸ਼ਟ ਰੂਪ ਵਿਚ ਨਿਤਾਰੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ, ਤਾਂ ਕਿ ਅਜਿਹੇ ਮਸਲਿਆਂ ਬਾਰੇ ਪਹਿਲਾਂ ਨਾਲੋਂ ਹੋਰ ਸੋਘੇ ਹੋਇਆ ਜਾ ਸਕੇ ਅਤੇ ਅਜਿਹੇ ਪਿਛਾਖੜੀ ਹੱਲਿਆਂ ਨੂੰ ਹੋਰ ਗਹਿਰਾਈ ਨਾਲ ਸਮਝਿਆ ਜਾ ਸਕੇ। -ਸੰਪਾਦਕ

ਮਝੈਲ ਸਿੰਘ ਸਰਾਂ
ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਭਾਰਤੀ ਮੀਡੀਆ ਨੇ ਪੂਰਾ ਜ਼ੋਰ ਲਾ ਦਿਤਾ ਸੀ ਕਿ ‘ਵਿਕਾਸ’ ਦਾ ਨਾਂ ਹੀ ‘ਮੋਦੀ’ ਹੈ। ਇਸ ਤੋਂ ਬਗ਼ੈਰ ਲੋਕਾਂ ਦਾ ਕਾਇਆ-ਕਲਪ ਕਰਨ ਵਾਲਾ ਹੋਰ ਕੋਈ ਨਹੀਂ ਹੋ ਸਕਦਾ। ਸਾਧਾਂ-ਸੰਤਾਂ ਤੋਂ ਲੈ ਕੇ ਕਈ ਹਾਕਮਾਂ ਨੇ ਵੀ ‘ਨਮੋ ਨਮੋ ਮੋਦੀ’ ਦਾ ਜਾਪ ਬਹੁਤ ਜਪਿਆ। ਇਸ ਜਾਪ ਵਿਚ ਮੋਹਰੀ ਰਹੇ ਪੰਜਾਬ ਦੇ ਹਾਕਮ। ਮੋਦੀ ਦੀ ਤਾਜਪੋਸ਼ੀ ਤਾਂ ਪਿਛਲੇ ਸਾਲ ਮੁਲਕ ਦੇ ਸਭ ਤੋਂ ਵੱਡੇ ਧਾਰਮਿਕ ਮੇਲੇ ਕੁੰਭ ਵਿਚ ਸਮੂਹ ਸੰਤਾਂ ਨੇ ਹੀ ਕਰ ਦਿਤੀ ਸੀ। ਉਸ ਤੋਂ ਬਾਅਦ ਮੋਦੀ ਦਾ ਹਰ ਕਦਮ ਪ੍ਰਧਾਨ ਮੰਤਰੀ ਦੀ ਕੁਰਸੀ ਵਲ ਵਧਦਾ ਗਿਆ ਅਤੇ ਉਹ ਪਿੱਛੇ ਛੱਡਦਾ ਗਿਆ ਅਡਵਾਨੀ ਵਰਗੇ ਘੈਂਟ ਕਹਾਉਣ ਵਾਲੇ ਹਿੰਦੂਤਵੀ ਸ਼੍ਰੇਣੀ ਵਾਲੇ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ; ਪਿੱਛੇ ਕਾਹਨੂੰ ਛੱਡੇ, ਸਗੋਂ ਖੂੰਜੇ ਲਾ’ਤੇ ਅਤੇ ਖੁਦ ਬਹਿ ਗਿਆ ਮੁਲਕ ਦੇ ਰਾਜ ਸਿੰਘਾਸਣ ਉਤੇ, ਅਡਵਾਨੀ ਨੂੰ ਰੋਂਦਾ-ਡੁਸਕਦਾ ਛੱਡ ਕੇ।
ਸਵਾਲ ਹੈ ਕਿ ਨਰਿੰਦਰ ਮੋਦੀ ਦਾ ਗੁਣਾ ਕਿੱਦਾਂ ਪੈ ਗਿਆ ਇਸ ਉਚੇ ਅਹੁਦੇ ਲਈ? ਕਿਹੜੀ ਕਾਬਲੀਅਤ ਹੋਵੇਗੀ ਕਿ ਚਾਰੇ ਪਾਸੇ ‘ਨਮੋ ਨਮੋ’ ਹੋ ਗਈ। ਜਿਸ ਤੌਰ-ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਸੀ, ਉਹ ਹੈ ਤਾਂ ਉਹਦਾ ਗੁਜਰਾਤ ਦਾ ਵਿਕਾਸ ਮਾਡਲ ਹੀ ਸੀ। ਕਿਹਾ ਗਿਆ ਕਿ ਉਹਨੇ ਉਥੇ ਜੋ ਕਰ ਦਿਤਾ, ਮੁਲਕ ਦੀ ਕਿਸੇ ਹੋਰ ਸਟੇਟ ਵਿਚ ਨਹੀਂ ਹੋਇਆ। ਚਲੋ ਹੋਇਆ ਵੀ ਹੋਣਾ, ਇਹ ਫਰਜ਼ ਹੀ ਬਣਦਾ ਸੀ। ਉਂਜ, ਗੁਜਰਾਤ ਵਿਕਾਸ ਮਾਡਲ ਦੀਆਂ ਢਿੱਲ੍ਹੀਆਂ ਚੂਲਾਂ ਬਾਰੇ ਗੱਲਾਂ ਅਕਸਰ ਹੁੰਦੀਆਂ ਰਹੀਆਂ ਹਨ। ਪੰਜਾਬ ਦੇ ਹਾਕਮਾਂ, ਖਾਸ ਕਰ ਕੇ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਾਂ ਮੋਦੀ ਦੇ ਵਿਕਾਸ ਮਾਡਲ ਦੇ ਰੱਜ ਕੇ ਸੋਹਲੇ ਗਾਏ। ਬੀਬਾ ਜੀ ਮੋਦੀ ਤੋਂ ਐਨੇ ਪ੍ਰਭਾਵਤ ਹੋਏ ਕਿ ਪੈਰੀਂ ਹੱਥ ਵੀ ਲਾਏ। ਇਥੇ ਪੰਜਾਬ ਦੇ ਹਾਕਮਾਂ ਲਈ ਇਕ ਸਵਾਲ ਹੈ ਕਿ ਜੇ ਮੋਦੀ, ਗੁਜਰਾਤ ਵਿਚ ਕੇਂਦਰ ਦੀ ਕਾਂਗਰਸ ਪਾਰਟੀ ਦੀ ਮੁਖਾਲਫ਼ ਸਰਕਾਰ (ਜਿਸ ਉਤੇ ਬਾਦਲਾਂ ਵਲੋਂ ਇਹ ਦੋਸ਼ ਮੜ੍ਹਿਆ ਜਾਂਦਾ ਰਿਹਾ ਕਿ ਇਹ ਗੈਰ-ਕਾਂਗਰਸੀ ਸਟੇਟਾਂ ਨੂੰ ਬਣਦੀ ਮਾਲੀ ਸਹਾਇਤਾ ਨਹੀਂ ਦਿੰਦੀ) ਵਿਕਾਸ ਦੀਆਂ ‘ਹਨੇਰੀਆਂ’ ਲਿਆ ਸਕਦਾ ਹੈ ਤਾਂ ਇਹੋ ਵਿਕਾਸ ਪੰਜਾਬ ਵਿਚ ਕਿਉਂ ਨਹੀਂ ਹੋਇਆ?
ਮੋਦੀ ਦਾ ਪ੍ਰਧਾਨ ਮੰਤਰੀ ਲਈ ਨਾਮਜ਼ਦ ਹੋਣਾ ਉਹਦੀਆਂ ਕੁਝ ਖਾਸ ਕਾਬਲੀਅਤਾਂ ਕਰ ਕੇ ਹੋਇਆ; ਮਸਲਨ ਉਹਦਾ ਕੰਮ ਕਰਨ ਦਾ ਅੰਦਾਜ਼ ਜਿਸ ਨੇ ਉਹਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਗੇ ਲਿਆਂਦਾ। ਹੋਰ ਕਿਹੜੀਆਂ ਕਾਬਲੀਅਤਾਂ ਹੋਈਆਂ ਕਿ ਕੋਈ ਮਾਮੂਲੀ ਪਾਰਟੀ ਵਰਕਰ ਐਨੇ ਉਚੇ ਅਹੁਦੇ ‘ਤੇ ਪਹੁੰਚ ਗਿਆ, ਉਹ ਵੀ ਉਦੋਂ ਜਦੋਂ ਪਾਰਟੀ ਦੇ ਸੀਨੀਅਰ ਲੀਡਰ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹੋਣ। ਇਹ ਕਾਬਲੀਅਤਾਂ ਉਦੋਂ ਤਕ ਉਜਾਗਰ ਨਹੀਂ ਹੋਣਗੀਆਂ, ਜਦੋਂ ਤਕ ਅਸੀਂ ਮੁਲਕ ਦੇ ਪਿਛਲੇ ਪੌਣੀ ਕੁ ਸਦੀ ਦੇ ਇਤਿਹਾਸ ਨੂੰ, ਖਾਸ ਕਰ ਕੇ ਮੁਲਕ ਦੀ ਵੰਡ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਨਹੀਂ ਸਮਝਾਂਗੇ।
ਮੁਲਕ ਦੀ ਆਜ਼ਾਦੀ ਲਈ ਹਰ ਤਬਕੇ ਦੇ ਲੋਕਾਂ ਨੇ ਬਣਦਾ ਸਰਦਾ ਯੋਗਦਾਨ ਪਾਇਆ; ਮਤਲਬ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੇ, ਪਰ ਆਜ਼ਾਦੀ ਵਾਲੇ ਸਾਲ 1947 ਤੋਂ ਪਹਿਲੇ ਕੁਝ ਸਾਲਾਂ ਵਿਚ ਇਨ੍ਹਾਂ ਤਿੰਨਾਂ ਹੀ ਗੁਲਾਮ ਤਬਕਿਆਂ ਵਿਚੋਂ ਇਕ ਵੱਡਾ ਤਬਕਾ ਜਾਂ ਉਹਦੇ ਲੀਡਰ ਆਪਣੇ ਆਪ ਨੂੰ ਮੁਲਕ ਦਾ ਹੋਣ ਵਾਲਾ ਹਾਕਮ ਸਮਝਣ ਲੱਗ ਪਏ ਸਨ। ਇਹੀ ਨਹੀਂ, ਦੂਜੇ ਦੋ ਤਬਕਿਆਂ ਜਿਹੜੇ ਆਜ਼ਾਦੀ ਦੀ ਲੜਾਈ ਵਿਚ ਮੋਹਰੀ ਹੋ ਕੇ ਲੜ ਰਹੇ ਸਨ, ਨੂੰ ਅਹਿਸਾਸ ਹੋਣ ਲੱਗ ਪਿਆ ਕਿ ਉਨ੍ਹਾਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ। ਇਸ ਖਤਰੇ ਨੂੰ ਮਹਿਸੂਸ ਕਰ ਕੇ ਸਭ ਤੋਂ ਪਹਿਲਾਂ ਮੁਸਲਿਮ ਲੀਗ ਨੇ ਵੱਖਰੇ ਮੁਲਕ ਦੀ ਗੱਲ ਕੀਤੀ, ਪਰ ਬਹੁ-ਗਿਣਤੀ ਤਬਕਾ (ਹਿੰਦੂ) ਇਸ ‘ਤੇ ਖਫਾ ਹੋ ਗਿਆ। ਮੁਲਕ ਆਜ਼ਾਦ ਹੁੰਦਿਆਂ ਹੀ ਇਹਦੀ ਵੰਡ ਵੀ ਹੋ ਗਈ। ਮੁਸਲਮਾਨਾਂ ਨੇ ਆਪਣਾ ਵੱਖਰਾ ਮੁਲਕ ਪਾਕਿਸਤਾਨ ਬਣਾ ਲਿਆ। ਵੱਡੇ ਤਬਕੇ ਦੇ ਲੀਡਰਾਂ ਦੇ ਸੰਘ ‘ਚੋਂ ਇਹ ਹਕੀਕਤ ਥੱਲੇ ਨਹੀਂ ਸੀ ਉਤਰਦੀ ਕਿ ਜਿਹੜੇ ਮੁਸਲਮਾਨ ਕਰੀਬ ਹਜ਼ਾਰ ਕੁ ਸਾਲ ਪਹਿਲਾਂ ਅਰਬ ਵੱਲੋਂ ਹਮਲਾਵਰ ਹੋ ਕੇ ਆਏ ਸੀ, ਤੇ ਇਕ ਲੰਮਾ ਅਰਸਾ ਇਸ ਮੁਲਕ ‘ਤੇ ਹਕੂਮਤ ਵੀ ਕੀਤੀ, ਹੁਣ ਜਦੋਂ ਮੁਲਕ ਆਜ਼ਾਦ ਹੋ ਗਿਆ ਤਾਂ ਇਹ ਵਿਦੇਸ਼ੀ ਲੋਕ ਮੁਲਕ ਦਾ ਵੱਡਾ ਹਿੱਸਾ ਵੰਡਾ ਕੇ ਬਰਾਬਰ ਦਾ ਮੁਲਕ ਕਿਉਂ ਬਣਾ ਕੇ ਬਹਿ ਗਏ! ਇਹ ਸ਼ਰੀਕੇਬਾਜ਼ੀ ਵੱਡੇ ਤਬਕੇ ਦੀ ਬਰਦਾਸ਼ਤ ਤੋਂ ਬਾਹਰ ਸੀ, ਕਿਉਂਕਿ ਇਹ ਲੀਡਰ ਮੁਲਕ ਦੀ ਆਜ਼ਾਦੀ ਉਪਰੰਤ ਜਿਹੜਾ ਭਾਰਤ ਚਿਤਵ ਰਹੇ ਸਨ, ਉਹ ਮੱਧਕਾਲ ਵਾਲਾ ਵਿਸ਼ਾਲ ਹਿੰਦੂ ਸਾਮਰਾਜ ਸੀ ਜਿਸ ਵਿਚ ਘੱਟ-ਗਿਣਤੀ ਧਾਰਮਿਕ ਤਬਕਿਆਂ ਦੀ ਹੋਂਦ ਬਹੁ-ਗਿਣਤੀ ਹਿੰਦੂ ਧੌਂਸ ਥੱਲੇ ਰੱਖਣ ਦੀ ਤਜਵੀਜ਼ ਸੀ; ਜਿਨ੍ਹਾਂ ਨੂੰ ਹੌਲੀ-ਹੌਲੀ ਖ਼ਤਮ ਕਰ ਕੇ ਆਪਣੇ ਵਿਚ ਹੀ ਜਜ਼ਬ ਕਰਨਾ ਸੀ।
ਵੀਰ ਸਾਵਰਕਰ ਜਿਹੜਾ ਹਿੰਦੂ ਮਹਾਂ ਸਭਾ ਦਾ ਮੁਖੀ ਵੀ ਰਿਹਾ, ਦੀਆਂ ਲਿਖਤਾਂ ਦਾ ਬੜਾ ਪ੍ਰਭਾਵ ਸੀ। ਕਾਂਗਰਸ ਪਾਰਟੀ ਨੇ ਭਾਵੇਂ ਸਾਵਰਕਰ ਤੋਂ ਦੂਰੀ ਰੱਖੀ ਹੋਈ ਸੀ, ਪਰ ਇਹਦੇ ਕਈ ਵੱਡੇ ਲੀਡਰ ਹਿੰਦੂ ਮਹਾਂ ਸਭਾ ਤੇ ਸਾਵਰਕਰ ਦੇ ਪ੍ਰਭਾਵ ਵਿਚ ਸਨ ਜਿਵੇਂ ਤਿਲਕ, ਲਾਲਾ ਲਾਜਪਤ ਰਾਏ ਤੇ ਪਟੇਲ ਵੀ। ਇਹ ਸਾਵਰਕਰ ਆਰæਐਸ਼ਐਸ਼ ਦਾ ਸੂਤਰਧਾਰ ਸੀ। ਇਹ ਸਿਰਫ ਹਿੰਦੂ ਨੂੰ ਹੀ ਮੁਲਕ ਦਾ ਅਸਲੀ ਬਾਸ਼ਿੰਦਾ ਮੰਨਦਾ ਸੀ। ਉਹ ਇੰਨਾ ਕੱਟੜ ਸੀ ਕਿ ਜਿਹੜਾ ਹਿੰਦੂ ਲੀਡਰ ਦੂਜੇ ਤਬਕਿਆਂ ਬਾਰੇ ਮਾੜੀ ਜਿਹੀ ਵੀ ਫਰਾਖਦਿਲੀ ਦਿਖਾ ਦੇਵੇ, ਉਹ ਵੀ ਉਹਦੇ ਲਈ ਹਿੰਦੂ ਸਾਮਰਾਜ ਦੇ ਰਾਹ ਦਾ ਰੋੜਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਾਤਮਾ ਗਾਂਧੀ ਕੱਟੜ ਹਿੰਦੂ ਸੀ, ਪਰ ਦੇਸ਼ ਦਾ ਸਭ ਤੋਂ ਉਭਰਵਾਂ ਲੀਡਰ ਹੋਣ ਕਰ ਕੇ ਉਹ ਮੁਸਲਮਾਨਾਂ ਦੀ ਵੀ ਦੱਬਵੀਂ ਜੀਭ ਨਾਲ ਹਾਮੀ ਭਰਦਾ ਸੀ। ਉਹਦੀ ਇਹ ਮਜਬੂਰੀ ਸਮਝੀ ਜਾ ਸਕਦੀ ਹੈ। ਬੱਸ ਇੰਨੀ ਕੁ ਹੀ ਗੱਲ ਨੇ ਉਹਨੂੰ ਕੱਟੜ ਹਿੰਦੂ ਜਮਾਤ ਆਰæਐਸ਼ਐਸ਼ ਦੀ ਹਿੱਟ ਲਿਸਟ ‘ਤੇ ਲੈ ਆਂਦਾ, ਤੇ ਉਸ ਉਤੇ ਹਮਲੇ 1934 ਤੋਂ ਹੀ ਸ਼ੁਰੂ ਕਰ ਦਿਤੇ ਗਏ ਸਨ। ਪਾਕਿਸਤਾਨ ਬਣਾਉਣ ਵਿਚ ਕੱਟੜ ਹਿੰਦੂਤਵ ਦੀ ਦੂਜੇ ਮਜ਼ਹਬਾਂ ਬਾਰੇ ਅਸਹਿਣਸ਼ੀਲਤਾ ਦਾ ਮੁੱਖ ਰੋਲ ਬਣਿਆ, ਪਰ ਉਹ ਇਹਦਾ ਭਾਂਡਾ ਗਾਂਧੀ ‘ਤੇ ਭੰਨਣ ਲੱਗ ਪਏ ਤੇ ਸਾਲ ਦੇ ਅੰਦਰ-ਅੰਦਰ ਗਾਂਧੀ ਦਾ ਕਤਲ ਇਸੇ ਆਰæਐਸ਼ਐਸ਼ ਨੇ ਕਰ ਦਿਤਾ ਜਿਸ ਵਿਚ ਵੀਰ ਸਾਵਰਕਰ ਦੀ ਮੁੱਖ ਭੂਮਿਕਾ ਸੀ। ਇਹਨੂੰ ਗਾਂਧੀ ਕਤਲ ਕੇਸ ‘ਚ ਫੜਿਆ ਵੀ ਗਿਆ, ਮੁਕੱਦਮਾ ਵੀ ਚੱਲਿਆ; ਪਰ ਕੋਰਟ ‘ਚ ਗਵਾਹੀਆਂ ਦੀ ਅਣਹੋਂਦ ਕਰ ਕੇ ਬਰੀ ਹੋ ਗਿਆ।
ਉਦੋਂ ਤੋਂ ਹੀ ਹਿੰਦੂ ਸਾਮਰਾਜ ਦਾ ਸੁਪਨਾ ਸਿਰਜੀ ਬੈਠੀ ਚਾਣਕਿਆ ਨੀਤੀ ਕਿਸੇ ਅਜਿਹੇ ਲੀਡਰ ਦੀ ਭਾਲ ਵਿਚ ਲੱਗੀ ਰਹੀ ਜਿਹੜਾ ਮੁਲਸਮਾਨਾਂ ਨੂੰ ਸਬਕ ਸਿਖਾਵੇ, ਕਿਉਂਕਿ ਪਾਕਿਸਤਾਨ ਆਜ਼ਾਦ ਇਸਲਾਮਿਕ ਦੇਸ਼ ਬਣ ਚੁੱਕਾ ਸੀ ਤੇ ਭਾਰਤ ਦੇ ਹਿੰਦੂ ਸਾਮਰਾਜ ਤੋਂ ਬਾਹਰ ਹੋ ਗਿਆ ਸੀ। ਹੁਣ ਸਾਰਾ ਨਜ਼ਲਾ ਡਿੱਗਣਾ ਸੀ ਭਾਰਤ ਵਿਚ ਰਹਿ ਗਏ ਮੁਲਸਮਾਨਾਂ ਉਤੇ। ਨਹਿਰੂ ਵੱਡੇ ਫੈਸਲੇ ਕਰਨ ਵਿਚ ਥੋੜ੍ਹਾ ਕਮਜ਼ੋਰ ਸੀ, ਪਰ ਉਹਦੀ ਅੰਗਰੇਜ਼ਾਂ ਨਾਲ ਨੇੜਤਾ ਉਹਨੂੰ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਨਾ ਸਕੀ, ਜਦੋਂਕਿ ਚਾਣਕਿਆ ਨੀਤੀ ਦੀ ਪਹਿਲੀ ਪਸੰਦ ਪਟੇਲ ਸੀ। ਆਜ਼ਾਦ ਭਾਰਤ ਵਿਚ ਪਟੇਲ ਦੀ ਉਮਰ ਲੰਮੀ ਨਹੀਂ ਹੋਈ, ਨਹੀਂ ਤਾਂ ਸ਼ਾਇਦ ਉਹਨੂੰ ਹਿੰਦੂ ਸਾਮਰਾਜੀ ਤਾਕਤਾਂ ਨੇ ਵੱਡੇ ਤਖ਼ਤ ‘ਤੇ ਬਿਠਾਉਣਾ ਜ਼ਰੂਰ ਸੀ। ਮੁਲਕ ਦਾ ਗ੍ਰਹਿ ਮੰਤਰੀ ਹੁੰਦਿਆਂ ਪਟੇਲ ਨੇ ਪੈਂਦੀ ਸੱਟੇ ਹੀ ਸਿੱਖਾਂ ਜਿਨ੍ਹਾਂ ਨੂੰ ਮੁਲਕ ਦੀ ਵੰਡ ਦਾ ਸੇਕ ਸਭ ਤੋਂ ਵੱਧ ਲੱਗਾ, ਨੂੰ ਘਰੋਂ-ਬੇਘਰ ਹੋਇਆਂ ਨੂੰ ਮੁੜ ਵਸਾਉਣ ਹਿੱਤ ਜਿਹੜਾ ਸਰਕਾਰੀ ਤਖੱਲਸ ਦਿਤਾ, ਉਹ ਸੀ ‘ਜ਼ਰਾਇਮ ਪੇਸ਼ਾ ਕੌਮ’; ਪਰ ਜਿਸ ਕਾਰਵਾਈ ਨੇ ਉਹਨੂੰ ਲੋਹ-ਪੁਰਸ਼ ਦਾ ਖਿਤਾਬ ਦਿਤਾ, ਉਹ ਹੈ ਉਹਦਾ 1948 ਵਿਚ ਹੈਦਰਾਬਾਦ ਦੇ ਨਿਜ਼ਾਮ ਉਤੇ ਫੌਜੀ ਹਮਲਾ ਕਰਵਾ ਕੇ ਕੋਈ ਇਕ ਲੱਖ ਮੁਸਲਮਾਨਾਂ ਦਾ ਕਤਲ ਕਰਵਾਉਣਾ, ਤੇ ਇਸ ਘਿਨਾਉਣੀ ਕਾਰਵਾਈ ਦੀ ਥਹੁ ਤਕ ਨਾ ਨਿਕਲਣ ਦੇਣਾ। ਅਸਲ ਵਿਚ ਆਹ ਕੁਝ ਚਾਹੁੰਦੀ ਸੀ ਭਾਰਤ ਦੀ ਚਾਣਕਿਆ ਨੀਤੀ ਜਿਸ ‘ਤੇ ਪਟੇਲ ਖਰਾ ਉਤਰਿਆ। ਭਾਰਤੀ ਹਿੰਦੂ ਸਾਮਰਾਜ ਨੇ ਅੱਜ ਤਕ ਇਹ ਇਤਿਹਾਸਕ ਤੱਥ ਲੁਕਾਈ ਰੱਖਿਆ ਕਿ 1947 ਵਿਚ ਭਾਰਤ ਅਤੇ ਪਾਕਿਸਤਾਨ ਨਾਲ ਤੀਜਾ ਆਜ਼ਾਦ ਮੁਲਕ ਹੈਦਰਾਬਾਦ ਬਣਿਆ ਸੀ। ਇਹ ਮੁਲਕ ਪੂਰਾ ਇਕ ਸਾਲ ਆਜ਼ਾਦ ਰਿਹਾ ਅਤੇ ਯੂæਐਨæਓæ ਵਿਚ ਨਿਜ਼ਾਮ ਨੇ ਅਰਜ਼ੀ ਪਾ ਕੇ ਕਿਹਾ ਸੀ ਕਿ ਹੈਦਰਾਬਾਦ ਨੂੰ ਭਾਰਤ ਤੋਂ ਖਤਰਾ ਹੈ। ਅੱਜ ਤਕ ਇਹੋ ਦੱਸਿਆ ਜਾਂਦਾ ਕਿ ਮਾੜਾ ਜਿਹਾ ਪੁਲਿਸ ਐਕਸ਼ਨ ਕੀਤਾ ਗਿਆ, ਜਦੋਂਕਿ ਹੈਦਰਾਬਾਦ ਕੋਲ ਪੂਰੀ ਫ਼ੌਜ ਸੀ।
ਸਾਲ 1950 ਵਿਚ ਪਟੇਲ ਦੀ ਮੌਤ ਨੇ ਹਿੰਦੂ ਸਾਮਰਾਜ ਦੀਆਂ ਗੋਂਦਾਂ ਨੂੰ ਬਰੇਕ ਲਾ ਦਿੱਤੀ। ਉਹਦੀ ਮੌਤ ਤੋਂ ਬਾਅਦ ਅਜਿਹੇ ਲੀਡਰ ਦੀ ਭਾਲ ਸ਼ੁਰੂ ਕਰ ਦਿਤੀ ਗਈ ਜਿਹੜਾ ਪਟੇਲ ਦੇ ਨਕਸ਼ੇ-ਕਦਮਾਂ ‘ਤੇ ਚੱਲੇ ਅਤੇ ਭਾਰਤ ਵਿਚ ਵਸਦੀ ਹਰ ਘੱਟ-ਗਿਣਤੀ ਨੂੰ ਬਹਾਨਾ ਬਣਾ ਕੇ ਜਿੰਨਾ ਮਰਜ਼ੀ ਉਸ ਉਤੇ ਅੱਤਿਆਚਾਰ ਕਰੇ; ਪਰ ਪ੍ਰਚਾਰ ਇਹ ਕਰੇ ਕਿ ਇਹ ਤਬਕੇ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਕਰਨ ਵਾਲੇ ਹਨ। ਚਾਣਕਿਆ ਨੀਤੀ ਉਹਦੀ ਪਿੱਠ ‘ਤੇ ਖੜ੍ਹਦੀ ਹੈ। ਇਸ ਚਾਣਕਿਆ ਨੀਤੀ ਨੂੰ 1984 ਵਿਚ ਪਟੇਲ ਵਰਗੇ ਨੈਣ-ਨਕਸ਼ ਇੰਦਰਾ ਗਾਂਧੀ ਵਿਚੋਂ ਦਿਸਣ ਲੱਗ ਪਏ ਸਨ। ਜੇ ਪਟੇਲ ਨੂੰ ਹੈਦਰਾਬਾਦ ਵਿਚ ਫੌਜੀ ਹਮਲਾ ਕਰ ਕੇ ਮੁਸਲਮਾਨਾਂ ਦਾ ਕਤਲੇਆਮ ਕਰ ਕੇ ਲੋਹ-ਪੁਰਸ਼ ਦਾ ਖਿਤਾਬ ਦਿਤਾ, ਤਾਂ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਵਾ ਕੇ ਸਿੱਖਾਂ ਦਾ ਕਤਲੇਆਮ ਕਰ ਕੇ ‘ਦੁਰਗਾ ਮਾਤਾ’ ਦਾ ਖਿਤਾਬ ਦਿਤਾ ਗਿਆ, ਸਮੇਤ ਲਾਲ ਝੰਡੇ ਵਾਲਿਆਂ ਦੇ। ਉਸੇ ਸਾਲ ਉਹਦੀ ਮੌਤ ਉਪਰੰਤ ਉਹਦੇ ਪੁੱਤ ਰਾਜੀਵ ਗਾਂਧੀ ਨੂੰ ਥਾਪੜਾ ਦਿੱਤਾ ਕਿ ਕਹਿ, ‘ਜਬ ਬੜਾ ਪੇੜ ਗਿਰਤਾ ਹੈ, ਤੋ ਧਰਤੀ ਕਾਂਪਤੀ ਹੈ’æææ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਅੱਜ ਤਕ ਇਸ ਕਾਰਵਾਈ ਨੂੰ ਸਿੱਖ ਦੰਗੇ ਕਹਿ ਕੇ ਪ੍ਰਚਾਰਿਆ ਜਾਂਦਾ ਹੈ।
ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਚਾਣਕਿਆ ਨੀਤੀ ਨੇ ਆਪਣਾ ਰੁਖ ਭਗਵਾਂ ਪਾਰਟੀ ਵੱਲ ਕੀਤਾ ਕਿ ਇਹਦੇ ਵਿਚੋਂ ਪਟੇਲ ਵਰਗੇ ਨੇਤਾ ਲੱਭੇ ਜਾਣ। ਅਡਵਾਨੀ ਵਿਚ ਭਾਵੇਂ ਇਹੋ ਜਿਹੇ ਗੁਣ ਸਨ ਪਰ ਉਹ ਪੂਰੀ ਪੈਂਠ ਨਹੀਂ ਪਾ ਸਕਿਆ, ਕਿਉਂਕਿ ਹਿੰਦੂਤਵ ਨੀਤੀ ਬਿਆਨਬਾਜ਼ੀ ਨਾਲੋਂ ਜ਼ਿਆਦਾ ਯਕੀਨ ਐਕਸ਼ਨ ‘ਚ ਰੱਖਦੀ ਹੈ, ਤੇ ਨਰਿੰਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਜਿਸ ਤਰ੍ਹਾਂ ਗੋਧਰਾ ਕਾਂਡ ‘ਚ ਮੁਸਲਮਾਨਾਂ ਦੇ ਕਤਲੇਆਮ ਨਾਲ ਨਜਿੱਠਿਆæææ ਬੱਸ ਉਹ ਭਾਅ ਗਿਆ ਚਾਣਕਿਆ ਨੀਤੀ ਨੂੰ; ਤੇ ਉਹਦਾ ਆਧਾਰ ਹੋਰ ਮਜ਼ਬੂਤ ਕਰਨ ਲਈ ਕਾਰਵਾਈਆਂ ਕੀਤੀਆਂ ਗਈਆਂ। ਵੱਡੇ ਕਾਰਪੋਰੇਟ ਘਰਾਣਿਆਂ ਨਾਲ ਉਹਦੀ ਦੋਸਤੀ ਕਰਵਾਈ ਗਈ ਤੇ ‘ਵਿਕਾਸ’ ਦਾ ਮਾਡਲ ਪ੍ਰਚਾਰਨ ਹਿੱਤ ਮੁਲਕ ਦੇ ਸਮੁੱਚੇ ਮੀਡੀਆ ਨੂੰ ਤੋਰਿਆ। ਹਿੰਦੂਤਵੀ ਸਾਧਾਂ-ਸੰਤਾਂ ਤਕ ਰਸਾਈ ਕਰ ਕੇ ਉਹਦੀ ਤਾਜਪੋਸ਼ੀ ਕਰਵਾ ਕੇ ਉਹਨੂੰ ਵਾਹਦ ਦਾਅਵੇਦਾਰ ਬਣਾ ਦਿੱਤਾ ਪ੍ਰਧਾਨ ਮੰਤਰੀ ਦੀ ਕੁਰਸੀ ਦਾ। ਹਿੰਦੂ ਸਾਮਰਾਜ ਲਈ ਜੋ ਕੁਝ ਪਟੇਲ ਨਾ ਕਰ ਸਕਿਆ, ਉਹ ਹੁਣ ਮੋਦੀ ਤੋਂ ਕਰਵਾਏ ਜਾਣ ਦਾ ਤਰੱਦਦ ਸ਼ੁਰੂ ਹੋ ਗਿਆ।
ਹੁਣ ਸਵਾਲ ਹੈ ਕਿ ਮੋਦੀ ਦੀ ਪਟੇਲ ਲਈ ਐਨੀ ਸ਼ਰਧਾ ਪਿਛਲੇ ਸਾਲ ਤੋਂ ਕਿੱਦਾਂ ਬਣ ਗਈ, ਜਦੋਂਕਿ ਭਾਜਪਾ ਦੇ ਲੀਡਰ ਕਿਸੇ ਵੀ ਕਾਂਗਰਸੀ ਦਾ ਨਾਂ ਨਫ਼ਰਤ ਨਾਲ ਲੈਂਦੇ ਹਨ? ਉਦਾਂ ਵੀ ਮੋਦੀ ਦੀ ਉਮਰ ਉਨੀ ਕੁ ਹੈ ਜਿੰਨਾ ਕੁ ਸਮਾਂ ਪਟੇਲ ਦੀ ਮੌਤ ਨੂੰ ਹੋਇਆ ਹੈ। ਮੋਦੀ ਪਟੇਲ ਦਾ ਲੋਹੇ ਦਾ ਬੁੱਤ ਕਿਉਂ ਦੁਨੀਆਂ ਭਰ ਵਿਚ ਸਭ ਤੋਂ ਉਚਾ ਬਣਾਉਣਾ ਚਾਹੁੰਦਾ ਹੈ? ਇਸ ਕੰਮ ਲਈ ਉਸ ਨੇ ਆਪਣੇ ਪਲੇਠੇ ਬਜਟ ਵਿਚ 200 ਕਰੋੜ ਰੁਪਿਆ ਦੇ ਵੀ ਦਿੱਤਾ ਹੈ। ਇਹ ਤੰਦ ਹੋਰ ਕੋਈ ਨਹੀਂ, ਬਸ ਘੱਟ-ਗਿਣਤੀਆਂ ਨਾਲ ਨਜਿੱਠਣ ਦੀ ਸਾਂਝ ਵਿਚੋਂ ਜੁੜੀ ਹੈ। ਇਹੀ ਇਕ ਕਾਬਲੀਅਤ ਸਦਕਾ ਮੋਦੀ ਬਹਿ ਗਿਆ ਭਾਰਤ ਦੇ ਤਖਤ ‘ਤੇ।
ਬਤੌਰ ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਤਾਕਤਾਂ ਦੀ ਤਰਜਮਾਨੀ ਕਰਨੀ ਹੈ, ਉਹ ‘ਅੱਛੇ ਦਿਨ’ ਆਉਣ ਵੱਲ ਇਸ਼ਾਰਾ ਨਹੀਂ ਕਰਦੇ। ਹੁਣ ਭਾਰਤੀ ਹਕੂਮਤ ਦਾ ਹਰ ਫੈਸਲਾ ਭਗਵਾਂ ਬਿਗ੍ਰੇਡ ਤੋਂ ਬਿਨਾਂ ਨਹੀਂ ਹੋਇਆ ਕਰੇਗਾ। ਗੱਦੀ-ਨਸ਼ੀਨੀ ਤੋਂ ਲੈ ਕੇ ਹੁਣ ਤਕ ਉਹ ਸਾਫ ਤਸਵੀਰ ਦੱਸਣ ਤੇ ਦਿਖਾਉਣ ਲੱਗ ਪਿਆ ‘ਅੱਛੇ ਦਿਨਾਂ’ ਦੀ! ਬੱਸ ਦੋ-ਚਾਰ ਕੁ ਮਿਸਾਲਾਂ ਹੀ ਇਥੇ ਆਪਾਂ ਸਾਂਝੀਆ ਕਰਾਂਗੇ ‘ਅੱਛੇ ਦਿਨਾਂ’ ਦੀਆਂ।
ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀਅਤ ਪਸੰਦ ਮੁਲਕ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਪਹਿਲੇ ਦਿਨ ਹੀ ਸਹੁੰ ਚੁੱਕ ਸਮਾਗਮ ਵਿਚ ਇਹਦੀਆਂ ਧੱਜੀਆਂ ਉਡਾਈਆਂ। ਜਮਹੂਰੀਅਤ ਦਾ ਮਤਲਬ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਲੋਕਾਂ ਦੀਆਂ ਵੋਟਾਂ ਨਾਲ ਬਣੀ ਸਰਕਾਰ। ਜਿਸ ਨੂੰ ਲੋਕ ਵੋਟਾਂ ਨਾ ਪਾ ਕੇ ਹਰਾ ਦੇਣ, ਉਹਨੇ ਹਾਕਮ ਨਹੀਂ ਬਣਨਾ ਹੁੰਦਾ, ਇਹ ਸਿੱਧਾ ਜਿਹਾ ਫਾਰਮੂਲਾ ਹੈ। ਅੰਮ੍ਰਿਤਸਰ ਤੋਂ ਲੋਕਾਂ ਨੇ ਅਰੁਣ ਜੇਤਲੀ ਨੂੰ ਘਰ ਬੈਠਣ ਦਾ ਫਤਵਾ ਦਿੱਤਾ, ਪਰ ਹੋਇਆ ਇਹ ਕਿ ਉਸੇ ਹੀ ਅਰੁਣ ਜੇਤਲੀ ਨੂੰ ਹਕੂਮਤ ਦੇ ਸਭ ਤੋਂ ਉਚੇ ਅਹੁਦਿਆਂ ਨਾਲ ਨਿਵਾਜਿਆ ਗਿਆ। ਪੰਜਾਬੀਆਂ ਨਾਲ ਜਮਹੂਰੀਅਤ ਦੇ ਨਾਂ ‘ਤੇ ਮਜ਼ਾਕ ਕੀਤਾ ਮੋਦੀ ਦੇ ‘ਅੱਛੇ ਦਿਨਾਂ’ ਨੇ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਹਾਕਮ ਹੁੱਬਦੇ ਫਿਰਦੇ ਆ। ਕਾਰਨ? ਇਹ ਬਿੱਲੀ ਦੀ ਮਿਆਊਂ ਵਿਚ ਮਿਆਊਂ ਕਰਨ ਵਾਲੇ ਬਣ ਚੁੱਕੇ ਹਨ। ਇਨ੍ਹਾਂ ਦਾ ਪੰਜਾਬ ਨਾਲ ਕੋਈ ਬਹੁਤਾ ਸਰੋਕਾਰ ਨਹੀਂ। ਇਹ ਹਾਕਮ ਟੱਬਰ ਤਾਂ ਨਿੱਤ ਦਿਨ ਪੰਜਾਬੀਆਂ ਦਾ ਜਲੂਸ ਕੱਢੀ ਫਿਰਦਾ ਦਿੱਲੀ ਵਿਚæææ ਹੱਥ ਵਿਚ ਠੂਠਾ ਫੜ ਕੇ ਹਰ ਮੰਤਰੀ ਦੇ ਦਰ ‘ਤੇ ਪੰਜਾਬ ਦੇ ਨਾਂ ਭੀਖ ਮੰਗ ਕੇ। ਓ ਭਰਾਵੋ! ਸੈਂਟਰ ਤੋਂ ਬਣਦੀਆਂ ਗ੍ਰਾਂਟਾਂ ਦਾ ਹੱਕ ਹਰ ਸੂਬੇ ਦਾ ਬਣਦਾ; ਇਹ ਮਿਲਣਾ ਹੀ ਮਿਲਣਾ, ਕਾਨੂੰਨਨ ਕੋਈ ਨਹੀਂ ਰੋਕ ਸਕਦਾ। ਫਿਰ ਖੈਰਾਤ ਮੰਗਣੀ ਕਿਵੇਂ ਜਾਇਜ਼ ਹੈ? ਤੇ ਸੱਚੀ ਗੱਲ ਇਹ ਵੀ ਹੈ ਕਿ ਅਗਲਿਆਂ ਨੇ ਲੇਲ੍ਹੜੀਆਂ ਕੱਢਣ ਦੇ ਬਾਵਜੂਦ ਦੇਣਾ ਕੁਝ ਵੀ ਨਹੀਂ। ਸ਼ਾਇਦ ਉਹ ਵੀ ਸਮਝ ਗਏ ਹਨ ਇਸ ਟੱਬਰ ਦੀ ਨਬਜ਼ ਨੂੰ, ਕਿ ਬੜਾ ਵੱਡਾ ਹਾਜ਼ਮਾ ਇਨ੍ਹਾਂ ਦਾ। ਵੈਸੇ ਵੀ ਸਰਕਾਰ ਬਣਾਉਣ ਵਕਤ ਜਿਹੜਾ ਸਮਝੌਤਾ ਹੋਇਆ ਹਾਕਮਾਂ ਨਾਲ, ਉਸ ਮੁਤਾਬਕ ਨੂੰਹ ਰਾਣੀ ਨੂੰ ਦਿੱਲੀ ਕੁਰਸੀ ਦੇਣੀ ਸੀ, ਸੋ ਅਗਲਿਆਂ ਨੇ ਦੇ ਦਿੱਤੀ। ਉਸ ਸਮਝੌਤੇ ਵਿਚ ਪੰਜਾਬ ਗਾਇਬ ਹੈ।
ਸਾਰੇ ਮੰਤਰੀਆਂ ਨੇ ਈਸ਼ਵਰ ਦੇ ਨਾਂ ‘ਤੇ ਸਹੁੰ ਚੁੱਕ ਕੇ ਕਿਹਾ ਕਿ ‘ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖੂੰਗਾæææ ਇਹ ਸਹੁੰ 26 ਮਈ ਨੂੰ ਚੁੱਕੀ, ਤੇ 27 ਮਈ ਨੂੰ ਜੰਮੂ ਕਸ਼ਮੀਰ ਦੇ ਪਹਿਲੀ ਵਾਰੀ ਜਿੱਤੇ ਭਾਜਪਾ ਆਗੂ ਜਿਸ ਨੂੰ ਮੰਤਰੀ ਵੀ ਬਣਾਇਆ ਗਿਆ, ਨੇ ਬਿਆਨ ਦਿੱਤਾ ਕਿ ਸੰਵਿਧਾਨ ਦੀ ਧਾਰਾ 370 ਖ਼ਤਮ ਕੀਤੀ ਜਾਊਗੀ। ਸੰਵਿਧਾਨ ਕੀ ਹੈ? ਇਹ ਇਸ ਵਿਚ ਦਰਜ ਕੀਤੀਆਂ ਧਾਰਾਵਾਂ ਦੀ ਕਾਨੂੰਨੀ ਕਿਤਾਬ ਹੀ ਹੈ ਜਿਸ ਵਿਚ ਧਾਰਾ 370 ਵੀ ਸ਼ਾਮਲ ਹੈ; ਫਿਰ ਤਾਂ ਉਸ ਮੰਤਰੀ ਨੂੰ ਧਾਰਾ 370 ਪ੍ਰਤੀ ਵੀ ਪੂਰੀ ਸ਼ਰਧਾ ਰੱਖਣੀ ਬਣਦੀ ਹੈ, ਪਰ ਨਹੀਂ। ਭਗਵੀਂ ਬਿੱਲੀ ਨੂੰ ਕਿਉਂਕਿ ਇਸ ਵਿਚੋਂ ਮੁਸਲਮਾਨਾਂ ਦਾ ਅਕਸ ਦਿਸਦਾ ਹੈ, ਤੇ ਇਹਨੇ ਪ੍ਰਣ ਕੀਤਾ ਹੋਇਆ ਹੈ ਕਿ ਕਸ਼ਮੀਰ ਵਿਚੋਂ ਮੁਸਲਮਾਨਾਂ ਨੂੰ ਆਨੇ-ਬਹਾਨੇ ਖਦੇੜਨਾ ਹੈ। ਉਂਜ, ਜਿੰਨਾ ਫਾਇਦਾ ਇਸ ਧਾਰਾ 370 ਦਾ ਕਸ਼ਮੀਰ ਦੇ ਹਿੰਦੂਆਂ ਨੇ ਲਿਆ, ਮੁਸਲਮਾਨਾਂ ਨੇ ਨਹੀਂ। ਜੇ ਮੁਸਲਮਾਨਾਂ ਨੂੰ ਫਾਇਦਾ ਮਿਲਿਆ ਹੁੰਦਾ ਤਾਂ ਕਸ਼ਮੀਰ ਦੇ ਸਾਰੇ ਮੁਸਲਮਾਨ ਬਹੁਤ ਅਮੀਰ ਹੁੰਦੇ, ਪਰ ਉਹ ਤਾਂ ਅੱਜ ਵੀ ਪੰਜਾਬ ਵਿਚ ਲੱਕੜਾਂ ਪਾੜ ਕੇ ਅਤੇ ਕੰਬਲ ਵੇਚ ਕੇ ਗੁਜ਼ਾਰਾ ਕਰਦੇ ਹਨ। ਬੱਸ, ਇਹ ਧਾਰਾ 370 ਇਕ ਵੱਖਰੀ ਪਛਾਣ ਹੈ ਕਸ਼ਮੀਰ ਦੀ ਭਾਰਤੀ ਸੰਵਿਧਾਨ ਵਿਚ, ਜਿਹੜੀ ਬੜੀ ਚੁੱਭਦੀ ਹੈ ਹਿੰਦੂ ਸਾਮਰਾਜ ਦੀ ਭਗਵੀਂ ਬਿੱਲੀ ਨੂੰ। ਇਹ ਹਰ ਹੀਲੇ ਇਸ ਵੱਖਰੀ ਪਛਾਣ ਨੂੰ ਤਹਿਸ-ਨਹਿਸ ਕਰਨ ਲਈ ਹਮਲਾ ਕਰਦੀ ਹੈ। ਫੌਜ ਤੋਂ ਹਰ ਜ਼ੁਲਮ ਕਰਵਾਇਆ ਜਾ ਰਿਹਾ ਹੈ ਏਕਤਾ ਤੇ ਅਖੰਡਤਾ ਦੇ ਨਾਂ ‘ਤੇ। ਇਹ ਹੈ ‘ਅੱਛੇ ਦਿਨਾਂ’ ਦਾ ਆਗਾਜ਼!
ਮੋਦੀ ਦੀ ਭਗਵੀਂ ਬਿੱਲੀ ਦਾ ਅਗਲਾ ਹਮਲਾ ਹੋਇਆ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮ੍ਰਿਤੀ ਜ਼ੁਬਿਨ ਈਰਾਨੀ ਵੱਲੋਂ ਜਿਸ ਦੀ ਮਨਿਸਟਰੀ ਹੇਠ ਮੁਲਕ ਦਾ ਸਿਖਿਆ ਮੰਤਰਾਲਾ ਵੀ ਆਉਂਦਾ ਹੈ। ਉਹਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਸਕੂਲਾਂ-ਕਾਲਜਾਂ ਵਿਚ ਹੁਣ ਹਿੰਦੂਤਵੀ ਪ੍ਰਾਚੀਨ ਸਿਖਿਆ ਦੇਣੀ ਵੀ ਲਾਜ਼ਮੀ ਕੀਤੀ ਜਾਵੇਗੀ ਜਿਸ ਵਿਚ ਜੋਤਿਸ਼, ਵਾਸਤੂ ਸ਼ਾਸਤਰ, ਮਿਥਿਹਾਸਕ ਕਥਾ-ਕਹਾਣੀਆਂ, ਦੇਵੀ-ਦੇਵਤਿਆਂ ਦੀਆਂ ਕਥਾਵਾਂ ਸ਼ਾਮਲ ਹੋਣਗੀਆਂ। ਨਾਲ ਹੀ ਸਰਕਾਰੀ ਹੁਕਮ ਵੀ ਜਾਰੀ ਕਰ ਦਿੱਤਾ ਕਿ ਗੈਰ-ਹਿੰਦੀ ਸੂਬਿਆਂ ਲਈ ਹਿੰਦੀ ਦੀ ਸਿਖਿਆ ਸਕੂਲਾਂ ਅਤੇ ਸਰਕਾਰੀ ਕੰਮ-ਕਾਜ ਵਿਚ ਲਾਜ਼ਮੀ ਕੀਤੀ ਜਾਵੇਗੀ। ਇਸ ‘ਤੇ ਭਾਵੇਂ ਹਾਲ ਦੀ ਘੜੀ ਅਮਲ ਰੋਕ ਲਿਆ ਗਿਆ ਹੈ ਪਰ ਇਹ ਦੇਰ-ਸਵੇਰ ਹੋਣਾ ਜ਼ਰੂਰ ਹੈ। ਹੈਰਾਨੀ ਦੀ ਗੱਲ ਹੋਈ ਕਿ ਭਗਵੀਂ ਬਿੱਲੀ ਨੇ ਅਜੇ ਮਿਆਊਂ ਕੀਤੀ ਹੀ ਸੀ, ਤੇ ਪੰਜਾਬ ਦੇ ਹਾਕਮਾਂ ਨੇ ਸਭ ਤੋਂ ਪਹਿਲਾਂ ਫੁਰਤੀ ਦਿਖਾਈ। ਸੜਕਾਂ ‘ਤੇ ਬੋਰਡ ਹਿੰਦੀ ਵਿਚ ਕਰਨੇ ਸ਼ੁਰੂ ਕਰ ਦਿੱਤੇ। ਚਾਣਕਿਆ ਨੀਤੀ ਨੂੰ ਪਤਾ ਹੈ ਕਿ ਜੇ ਹਿੰਦੂ ਸਾਮਰਾਜ ਨੂੰ ਮਜ਼ਬੂਤ ਕਰਨਾ ਹੈ ਤਾਂ ਹੋਰ ਬੋਲੀਆਂ ਨੂੰ ਰੋਕਣਾ ਪੈਣਾ ਹੈ, ਤੇ ਇਹ ਕੰਮ ਸਕੂਲਾਂ ਤੋਂ ਹੀ ਹੋ ਸਕਦਾ। ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਭੁਲਾ ਦਿਓ!æææ 90 ਫ਼ੀਸਦੀ ਕੰਮ ਬਿਨਾਂ ਕਿਸੇ ਹੀਲ-ਹੁਜਤ ਦੇ ਹੋ ਜਾਵੇਗਾ, ਕਿਉਂਕਿ ਮਾਂ ਬੋਲੀ ਸਭ ਨੂੰ ਸਦਾ ਵਿਰਸੇ ਨਾਲ ਜੋੜੀ ਰੱਖਦੀ ਹੈ। ਮਾਂ ਬੋਲੀ ਤੋਂ ਭਟਕੇ ਬੰਦੇ ਨੂੰ ਜਿੱਧਰ ਮਰਜ਼ੀ ਲਾ ਦਿਓ। ਅਜਿਹਾ ਬੰਦਾ ਤਾਂ ਸਮਾਂ ਪਾ ਕੇ ਆਪਣਿਆਂ ਖਿਲਾਫ ਖੜਨ ਤੋਂ ਵੀ ਗੁਰੇਜ਼ ਨਹੀਂ ਕਰੇਗਾ! ਇਸ ਨੀਤੀ ‘ਤੇ ਚੱਲ ਰਹੀ ਹੈ ‘ਅੱਛੇ ਦਿਨਾਂ’ ਵਾਲੀ ਸਰਕਾਰ।
ਮਾਂ ਬੋਲੀ ਦੀ ਅਹਿਮੀਅਤ ਸਬੰਧੀ ‘ਮੇਰਾ ਦਾਗਿਸਤਾਨ’ ਦੇ ਲੇਖਕ ਰਸੂਲ ਹਮਜ਼ਾਤੋਵ ਵੱਲੋਂ ਸੁਣਾਈ ਕਹਾਣੀ ਚੇਤੇ ਆ ਗਈ ਹੈ। ਕਹਾਣੀ ਦਾ ਸਾਰ-ਤੱਤ ਇਹ ਹੈ ਕਿ ਦੂਜੀ ਵੱਡੀ ਜੰਗ ਵਿਚ ਰੂਸ ਦੇ ਕਿਸੇ ਪੇਂਡੂ ਇਲਾਕੇ ਜਿਥੋਂ ਦੀ ਬੋਲੀ ‘ਅਵਾਰ’ ਹੈ, ਦਾ ਫੌਜੀ ਨੌਜਵਾਨ ਜਰਮਨ ਵਿਚ ਹੀ ਰਹਿ ਗਿਆ, ਤੇ ਉਥੋਂ ਦੀ ਬੋਲੀ ਸਿੱਖ ਗਿਆ, ਤੇ ਨਾਲ ਰਹਿਣ-ਸਹਿਣ ਵੀ। ਉਹਦੇ ਪਿੰਡ ਉਹਦੀ ਮਾਂ ਰਹਿੰਦੀ ਸੀ ਜਿਹੜੀ ਉਹਨੂੰ ਅੰਤਾਂ ਦਾ ਮੋਹ ਕਰਦੀ ਸੀ। ਸਾਲਾਂ ਬੱਧੀ ਮਾਂ ਉਹਨੂੰ ਰੋਜ਼ ਯਾਦ ਕਰਦੀ ਰਹੀ, ਉਧਰ ਜਰਮਨੀ ਰਹਿ ਗਏ ਪੁੱਤ ਨੂੰ ਵੀ ਕਦੇ-ਕਦੇ ਮਾਂ ਦਾ ਹੇਰਵਾ ਮਹਿਸੂਸ ਹੁੰਦਾ। ਕਈ ਸਾਲਾਂ ਬਾਅਦ ਪੁੱਤ ਨੂੰ ਜਰਮਨੀ ਵਿਚ ਆਪਣੇ ਹੀ ਇਲਾਕੇ ਦਾ ਬੰਦਾ ਮਿਲਿਆ, ਤਾਂ ਉਹਨੇ ਕਿਹਾ ਕਿ ਜਦੋਂ ਉਹ ਵਾਪਸ ਦੇਸ਼ ਜਾਵੇ ਤਾਂ ਉਹਦੇ ਪਿੰਡ ਉਹਦੀ ਮਾਂ ਨੂੰ ਜ਼ਰੂਰ ਮਿਲ ਕੇ ਉਹਦੇ ਬਾਰੇ ਦੱਸੇ। ਆਪਣੇ ਇਲਾਕੇ ਵਾਲੇ ਉਸ ਬੰਦੇ ਨੇ ਹਾਮੀ ਭਰ ਦਿੱਤੀ। ਕੁਝ ਦੇਰ ਬਾਅਦ ਉਹ ਬੰਦਾ ਦੇਸ਼ ਪਰਤਿਆ ਤਾਂ ਉਹ ਉਸ ਦੀ ਮਾਂ ਨੂੰ ਮਿਲਣ ਉਹਦੇ ਪਿੰਡ ਗਿਆ। ਮਾਂ ਨੂੰ ਮਿਲ ਕੇ ਦੱਸਿਆ ਕਿ ‘ਤੇਰਾ ਪੁੱਤ ਜਰਮਨ ਵਿਚ ਬਿਲਕੁਲ ਠੀਕ-ਠਾਕ ਹੈ, ਤੇ ਵੱਡਾ ਆਦਮੀ ਬਣ ਗਿਆ ਹੈ, ਉਹ ਤੈਨੂੰ ਬਹੁਤ ਯਾਦ ਕਰਦਾ ਹੈ।’ ਮਾਂ ਨੇ ਬੜੀ ਖ਼ੁਸ਼ ਹੋ ਕੇ ਪੁੱਛਿਆ, ‘ਤੂੰ ਸੱਚੀਂ ਮੇਰੇ ਪੁੱਤ ਨੂੰ ਅੱਖੀਂ ਦੇਖ ਕੇ ਮਿਲਿਆ ਹੈਂæææ।’ ਮਾਂ ਬੜਾ ਚਿਰ ਆਪਣੇ ਪੁੱਤ ਦੀਆਂ ਗੱਲਾਂ ਉਸ ਬੰਦੇ ਨਾਲ ਕਰਦੀ ਰਹੀ ਅਤੇ ਪੁੱਤ ਬਾਰੇ ਉਸ ਤੋਂ ਪੁੱਛਦੀ ਰਹੀ। ਚਾਣਚੱਕ ਮਾਂ ਨੇ ਪੁੱØਛਿਆ, ‘ਤੂੰ ਮੇਰੇ ਪੁੱਤ ਨਾਲ ਸਾਰੀ ਗੱਲ ‘ਅਵਾਰ’ ਵਿਚ ਹੀ ਕਰਦਾ ਹੁੰਨਾਂ? ਉਸ ਬੰਦੇ ਨੇ ਕਿਹਾ, ‘ਮੈਂ ਤਾਂ ਅਵਾਰ ਵਿਚ ਹੀ ਬੋਲਦਾਂ, ਪਰ ਤੇਰਾ ਪੁੱਤ ਜੁਆਬ ਜਰਮਨ ਬੋਲੀ ਵਿਚ ਦਿੰਦਾ ਹੈ।’ ਮਾਂ ਇਕਦਮ ਗਮਗੀਨ ਹੋ ਗਈ। ਫਿਰ ਹੌਲੀ ਜਿਹੀ ਉਠਦੀ ਬੋਲੀ, ‘ਨਹੀਂ, ਤੂੰ ਮੇਰੇ ਪੁੱਤ ਨੂੰ ਨਹੀਂ ਮਿਲਿਆ ਹੋਣਾ। ਉਹ ਤਾਂ ਕਈ ਵਰ੍ਹੇ ਪਹਿਲਾਂ ਦਾ ਮਰ ਚੁੱਕਾ।’
ਇਹ ਕਹਾਣੀ ਇਥੇ ਇਸ ਕਰ ਕੇ ਸਾਂਝੀ ਕੀਤੀ ਤਾਂ ਕਿ ਮਾਂ ਬੋਲੀ ਦੇ ਸਤਿਕਾਰ ਅਤੇ ਉਹਦੀ ਮਹੱਤਤਾ ਦਾ ਪਤਾ ਰਹੇ ਮਾਪਿਆਂ ਨੂੰ। ਪੰਜਾਬੀ ਨੂੰ ਐਵੇਂ ਬੂਝੜਾਂ ਦੀ ਬੋਲੀ ਹੀ ਨਾ ਸਮਝੀ ਜਾਇਓ। ਇਹ ਮਾਂ ਬੋਲੀ ਦੇ ਨਾਲ-ਨਾਲ ਸਾਡੀ ਗੁਰੂ ਬੋਲੀ ਵੀ ਹੈ। ਇਸ ‘ਤੇ ਹੁੰਦੇ ਭਗਵੇਂ ਵਾਰ ਨੂੰ ਪੰਜਾਬ ਦੇ ਮੌਜੂਦਾ ਹਾਕਮਾਂ ਨੇ ਨਹੀਂ ਰੋਕਣਾ, ਖੁਦ ਹਿੰਮਤ ਕਰਨੀ ਪੈਣੀ ਹੈ।
ਅਗਲਾ ਕਾਰਨਾਮਾ ਦੇਖੋ ਇਸ ਭਗਵੀਂ ਬ੍ਰਿਗੇਡ ਦਾ। ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਵਜੋਂ ਸ਼ਿਵ ਸੈਨਾ ਦੇ ਇਕ ਐਮæਪੀæ ਨੇ ਲੋਕ ਸਭਾ ‘ਚ ਕਿਹਾ ਕਿ ਅਗਾਂਹ ਤੋਂ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਤਿਰੰਗੇ ਦੀ ਬਜਾਏ ਭਗਵਾਂ ਝੰਡਾ ਝੁਲਾਇਆ ਜਾਵੇ। ਸ਼ਿਵ ਸੈਨਾ, ਮੋਦੀ ਦੀ ਸੱਜੀ ਬਾਂਹ ਮੰਨੀ ਜਾਂਦੀ ਹੈ। ਸਿਤਮਜ਼ਰੀਫ਼ੀ ਦੇਖੋ ਕਿ ਇਸ ਭਗਵਾਂ ਬ੍ਰਿਗੇਡ ਨੂੰ ਤਿਰੰਗੇ ਵਿਚਲੇ ਹਰੇ ਅਤੇ ਸਫੈਦ ਰੰਗ ਤੋਂ ਕਿੰਨੀ ਨਫਰਤ ਹੈ, ਕਿਉਂਕਿ ਦੋਵੇਂ ਰੰਗ ਇਸਲਾਮ ਤੇ ਈਸਾਈ ਧਰਮ ਦੇ ਹਨ। ਕੋਈ ਪੁੱਛੇ ਕਿ ਇਹ ਤਿਰੰਗੇ ਦਾ ਅਪਮਾਨ ਨਹੀਂ? ਪਰ ਕੌਣ ਕਹੇ ਕਿਉਂਕਿ ਇਹੋ ਤਾਂ ਭਗਵੀਂ ਬਿੱਲੀ ਚਾਹੁੰਦੀ ਹੈ। ਜੇ ਇਹੀ ਲਫ਼ਜ਼ ਕਿਸੇ ਮੁਸਲਮਾਨ, ਸਿੱਖ ਜਾਂ ਇਸਾਈ ਦੇ ਮੂੰਹੋਂ ਨਿਕਲ ਜਾਂਦੇ ਤਾਂ ਪਤਾ ਨਹੀਂ ਕਿੰਨੀਆਂ ਕੁ ਸੰਵਿਧਾਨਕ ਧਾਰਾਵਾਂ ਲਾ ਕੇ ਅਤਿਵਾਦੀ, ਵੱਖਵਾਦੀ, ਰਾਸ਼ਟਰ ਵਿਰੋਧੀ, ਏਕਤਾ ਤੇ ਅਖੰਡਤਾ ਦਾ ਮਹਾਂ ਦੁਸ਼ਮਣ ਗਰਦਾਨ ਕੇ ਕਿਸੇ ਅਦਾਲਤ ਵਿਚੋਂ ਗ਼ੈਰ-ਜ਼ਮਾਨਤੀ ਵਾਰੰਟ ਕਢਵਾ ਕੇ ਕਿਸੇ ਜੇਲ੍ਹ ‘ਚ ਸੁੱਟ ਦੇਣਾ ਸੀ। ਇਹਨੂੰ ਕਹਿੰਦੇ ਆ ‘ਅੱਛੇ ਦਿਨ ਆ ਗਏ।’
ਗੱਲ ਤਾਂ ਇਹ ਇਕ ਆਮ ਕਤਲ ਦੀ ਹੈ ਪਰ ਇਸ ਦਾ ਸਬੰਧ ‘ਅੱਛੇ ਦਿਨ ਆਉਣ ਵਾਲੇ ਹਨ’ ਨਾਲ ਕਰਨਾ ਜ਼ਰੂਰੀ ਹੈ। ਪਿੱਛੇ ਜਿਹੇ ਫੇਸਬੁੱਕ ‘ਤੇ ਸ਼ਿਵ ਸੈਨਾ ਦੇ ਮਰਹੂਮ ਮੁਖੀ ਬਾਲ ਠਾਕਰੇ ਤੇ ਸ਼ਿਵਾ ਜੀ ਬਾਰੇ ਕੁਝ ਗਲਤ ਢੰਗ ਦੇ ਕੁਮੈਂਟ ਕਿਸੇ ਨੇ ਪਾ ਦਿਤੇ। ਕੁਦਰਤੀ ਹੈ ਕਿ ਉਸ ਧਿਰ ਨਾਲ ਸਬੰਧਤ ਲੋਕਾਂ ਨੂੰ ਗੁੱਸਾ ਆਉਣਾ ਹੁੰਦਾ ਹੈ। ਹਿੰਦੂ ਰੱਖਿਆ ਸੈਨਾ ਦੇ ਮਨ ਵਿਚ ਰੋਹ ਆ ਗਿਆ ਤੇ ਪੂਨੇ ਵਿਚ 24 ਸਾਲ ਦੇ ਇੰਜੀਨੀਅਰ ਮੋਹਸਿਨ ਸਾਦਿਕ ਸ਼ੇਖ ਨੂੰ ਉਹਦੀ ਦਾੜ੍ਹੀ ਰੱਖੀ ਦੇਖ ਕੇ ਕੁੱਟ-ਕੁੱਟ ਕੇ ਮਾਰ ਦਿਤਾ। ਇਹ ਕੁਮੈਂਟ ਕਿਸੇ ਹੋਰ ਮੁਸਲਮਾਨ ਦੇ ਹੋ ਸਕਦੇ ਹਨ, ਜਦੋਂ ਕਿ ਇਸ ਇੰਜੀਨੀਅਰ ਦਾ ਉਸ ਕੁਮੈਂਟ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਸੀ। ਅੱਛੇ ਦਿਨ ਲਿਆਉਣ ਵਾਲੀ ਮੋਦੀ ਸਰਕਾਰ ਨੇ ਇਸ ਬਾਰੇ ਚੁੱਪ ਵੱਟੀ ਰੱਖੀ, ਕਿਉਂ ਭਲਾ? ਕਿਉਂਕਿ ਭਗਵੀਂ ਬਿੱਲੀ ਦੀ ਮਿਆਊਂ ਇਹੋ ਚਾਹੁੰਦੀ ਹੈ।
ਅੱਛੇ ਦਿਨਾਂ ਵਾਲੀ ਸਰਕਾਰ ਬਣੀ ਨੂੰ ਦੋ ਕੁ ਮਹੀਨੇ ਹੋ ਗਏ ਹਨ ਅਤੇ ਹਰ ਰੋਜ਼ ਕਦੇ ਹਿੰਦੂ ਸੁਰੱਖਿਆ ਸਮਿਤੀ, ਕਦੇ ਸ਼ਿਵ ਸੈਨਾ, ਕਦੇ ਖੁਦ ਭਾਜਪਾ, ਕਦੇ ਆਰæਐਸ਼ਐਸ਼ ਵਲੋਂ ਮੁਸਲਮਾਨਾਂ ਸਮੇਤ ਸਾਰੀਆਂ ਘੱਟ-ਗਿਣਤੀਆਂ ਨੂੰ ਧਮਕੀ ਭਰੇ ਲਹਿਜੇ ਵਿਚ ਸਿੱਖਿਆ ਦਿਤੀ ਜਾਂਦੀ ਹੈ ਕਿ ਮੁਲਕ ਵਿਚ ਰਹਿਣਾ ਹੈ ਤਾਂ ਹਿੰਦੂ ਸਾਮਰਾਜ ਦੀ ਧੌਂਸ ਮੰਨ ਕੇ; ਨਹੀਂ ਤਾਂ ਭਗਵੀਂ ਬਿੱਲੀ ਦਾ ਪੰਜਾ ਬੜਾ ਖਤਰਨਾਕ ਹੈ। ਅੱਛੇ ਦਿਨਾਂ ਵਾਲੀ ਸਰਕਾਰ ਨੇ ਅਜੇ ਛੱਤੀਸਗੜ੍ਹ ਤੇ ਹੋਰ ਪੂਰਬੀ ਰਾਜਾਂ ਵਿਚਲੇ ਆਦਿਵਾਸੀਆਂ ਦੀ ਖ਼ਬਰ ਲੈਣੀ ਹੈ। ਬੜੀ ਛੇਤੀ ਬਿੱਲੀ ਨੇ ਵੱਡਾ ਝਪਟਾ ਮਾਰਨਾ ਉਨ੍ਹਾਂ ‘ਤੇ; ਕਿਉਂਕਿ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਵੋਟਾਂ ਵਿਚ ਪੈਸਾ ਲਾਇਆ, ਉਨ੍ਹਾਂ ਨੇ ਹੀ ਉਥੇ ਕੁਦਰਤੀ ਸਾਧਨਾਂ ‘ਤੇ ਕਬਜ਼ੇ ਕਰਵਾਏ ਹੋਏ ਹਨ।
‘ਵਿਕਾਸ’ ਬਾਰੇ ਜਾਂ ‘ਅੱਛੇ ਦਿਨਾਂ’ ਬਾਰੇ ਤਾਂ ਕੋਈ ਗਾਰੰਟੀ ਨਹੀਂ ਦਿਤੀ ਜਾ ਸਕਦੀ ਪਰ ਇਕ ਗੱਲ ਦੀ ਗਾਰੰਟੀ ਪੱਕੀ ਹੈ ਕਿ ਇਨ੍ਹਾਂ ਪੰਜਾਂ ਸਾਲਾਂ ਵਿਚ ਭਾਰਤ ਦੇਸ਼ ਸਾਰੇ ਦਾ ਸਾਰਾ ‘ਭਗਵੇਂ’ ਵਿਚ ਵਟਾ ਦਿਤਾ ਜਾਵੇਗਾ। ਕਵਾਇਦ ਤਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਮੋਦੀ ਦੇ ਸਲਾਹਕਾਰ ਉਹ ਲਾਏ ਜਾ ਰਹੇ ਹਨ ਜਿਨ੍ਹਾਂ ਨੇ ਘੱਟ-ਗਿਣਤੀਆਂ ਦੀ ਸਦਾ ਜਾਸੂਸੀ ਕੀਤੀ। ਸੁਪਰੀਮ ਕੋਰਟ ਵਿਚ ਆਰæਐਸ਼ਐਸ਼ ਪਿਛੋਕੜ ਵਾਲੇ ਜੱਜ ਨਿਯੁਕਤ ਕੀਤੇ ਜਾ ਰਹੇ ਹਨ। ਫ਼ੌਜ ਦੇ ਮੁਖੀ ਬਾਰੇ ਕਿਆਸ-ਅਰਾਈਆਂ ਵੀ ਇੱਦਾਂ ਦੀਆਂ ਹੀ ਹੋਣਗੀਆਂ। ਸੂਬਿਆਂ ਦੇ ਗਵਰਨਰ ਭਗਵੇਂ ਰੂਪ ਵਾਲੇ ਲੱਗ ਰਹੇ ਹਨ ਤੇ ਅਗਾਂਹ ਰਾਸ਼ਟਰਪਤੀ ਵੀ ਅਡਵਾਨੀ ਵਰਗਾ ਕੱਟੜ ਹਿੰਦੂ ਸਾਮਰਾਜਵਾਦੀ ਹੀ ਬਣੇਗਾ। ਇਥੇ ਹੀ ਬੱਸ ਨਹੀਂ, ਬਾਹਰਲੇ ਮੁਲਕਾਂ ਵਿਚ ਸਰਕਾਰ ਦੇ ਨੁਮਾਇੰਦੇ ਵੀ ਮਿਆਊਂ ਭਗਵੀਂ ਬਿੱਲੀ ਵਾਲੀ ਹੀ ਬੋਲਣਗੇ, ਖ਼ਾਸ ਕਰ ਕੇ ਉਨ੍ਹਾਂ ਮੁਲਕਾਂ ਵਿਚ ਜਿਥੇ ਸਿੱਖ ਕੁਝ ਜ਼ਿਆਦਾ ਰਹਿੰਦੇ ਹਨ। ਬਾਹਰਲੇ ਗੁਰਦੁਆਰਿਆਂ ਵਿਚ ਸਾਧਾਂ-ਸੰਤਾਂ ਦੀ ਆਵਾਜਾਈ ਵਧਾਈ ਜਾਵੇਗੀ। ਉਹੋ ਜਿਹੇ ਪ੍ਰਚਾਰਕ ਸਿੱਖ ਲਿਬਾਸ ਵਿਚ ਭੇਜੇ ਜਾਣਗੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਲਾਗਾ-ਦੇਗਾ ਵੀ ਨਹੀਂ ਹੋਵੇਗਾ। ਗੁਰਮਤਿ ਦੀ ਆੜ ਵਿਚ ਬਿਪਰ ਦੀ ਗੁੜਤੀ ਦਿਤੀ ਜਾਵੇਗੀ। ਸਿੱਖ ਇਤਿਹਾਸ ਨੂੰ ਦੇਵੀ-ਦੇਵਤਿਆਂ ਨਾਲ ਜੋੜ ਕੇ ਰੋਲ-ਘਚੋਲਾ ਪੁਆਇਆ ਜਾਵੇਗਾ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਮਿਆਊਂ ਕਰਨ ਵਾਲੇ ਸਿੱਖ ਏਜੰਟ ਫਿੱਟ ਕੀਤੇ ਜਾਣਗੇ ਜਿਹੜੇ ਹਰ ਕੋਸ਼ਿਸ਼ ਕਰਨਗੇ ਕਿ ਗੁਰਦੁਆਰੇ ਵਿਚ ਸਿੱਖ ਭਾਈਚਾਰਾ ਅਮਨ-ਅਮਾਨ ਨਾਲੋਂ ਮਹਾਂਭਾਰਤ ਛੇੜੀ ਰੱਖੇ। ਸਿੱਖ ਰਹਿਤ ਮਰਿਆਦਾ ਵਿਚ ਗੁਰੂਆਂ ਦੇ ਨਾਮ ‘ਤੇ ਹੀ ਮਨਮਤਿ ਦੀ ਐਸੀ ਭਗਵੀਂ ਘੁਸਪੈਠ ਕਰਵਾਈ ਜਾਵੇਗੀ ਕਿ ਸ਼ਰਧਾਵਾਨ ਸਿੱਖਾਂ ਨੂੰ ਪਤਾ ਵੀ ਨਹੀਂ ਲੱਗਣ ਦੇਣਾ।
ਸਿੱਖਾਂ ਪ੍ਰਤੀ ਮੋਦੀ ਦੀ ਭਗਵੀਂ ਬਿੱਲੀ ਦੀ ਮਿਆਊਂ ਨੀਤੀ ਮੁਸਲਮਾਨ ਭਾਈਚਾਰੇ ਨਾਲੋਂ ਥੋੜ੍ਹੀ ਵੱਖ ਹੈ। ਮੁਸਲਮਾਨ ਨੂੰ ਜਿਥੇ ਇਹ ਝਪਟ ਮਾਰ ਕੇ ਸਿੱਧਾ ਜਿਸਮਾਨੀ ਨੁਕਸਾਨ ਪਹੁੰਚਾਉਣ ਦੇ ਹੱਕ ‘ਚ ਹੈ, ਉਥੇ ਸਿੱਖਾਂ ਨੂੰ ਪਲੋਸ ਕੇ ਜਿਸਮਾਨੀ ਨਾਲੋਂ ਵਿਚਾਰਕ ਤੇ ਸਿਧਾਂਤਕ ਪੱਖ ਤੋਂ ਖੋਖਲਾ ਕਰ ਕੇ ਮਾਰਨ ਨਾਲੋਂ ਜਜ਼ਬ ਕਰਨ ਨੂੰ ਇਹ ਤਰਜੀਹ ਦਿੰਦੀ ਹੈ। ਇਸ ਦਾ ਇਕ ਵੱਡਾ ਕਾਰਨ ਖੁਦ ਸਿੱਖ ਹਨ, ਕਿਉਂਕਿ ਅਸੀਂ ਆਪ ਉਤਾਵਲੇ ਬੜੇ ਹਾਂ ਜਜ਼ਬ ਹੋਣ ਨੂੰ। ਕਿੰਨੀ ਵਾਰੀ ਪੰਜਾਬ ਦੇ ਪੰਥਕ ਹਾਕਮ ਕਹਿ ਚੁਕੇ ਹਨ ਕਿ ਸਾਡਾ ਰਿਸ਼ਤਾ ਨਹੁੰ-ਮਾਸ ਦਾ, ਘਿਉ-ਖਿਚੜੀ ਵਰਗਾ, ਹੋਰ ਵੀ ਕਈ ਕੁਝ। ਕੋਈ ਉਂਗਲੀ ਰੱਖ ਕੇ ਕਹਿ ਸਕਦਾ ਕਿ ਪੰਜਾਬ ਦਾ ਆਹ ਪਾਸਾ ਬਚਿਆ ਹੋਇਆ ਜਿਥੇ ਭਗਵੀਂ ਬਿੱਲੀ ਦੀ ਮਿਆਊਂ ਨਹੀਂ ਹੁੰਦੀ। ਸਬੂਤੀ ਪੰਜਾਬ ਸਰਕਾਰ ‘ਤੇ ਇਹਦਾ ਐਨਾ ਅਸਰ ਹੈ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਤੋਂ ਤਾਂ ਘੇਸਲ ਮਾਰ ਜਾਂਦੀ ਹੈ ਪਰ ਗਊ ਰੱਖਿਆ ਬੋਰਡ ਬਾਰੇ ਬਿੱਲ ਪਾਸ ਕਰਨ ਤੋਂ ਨਹੀਂ ਖੁੰਝੀ, ਤੇ ਅਗਾਂਹ ਗਊ ਰੱਖਿਆ ਟੈਕਸ ਵੀ ਲੱਗ ਜਾਵੇਗਾ। ਸਿੱਖਾਂ ਦਾ ਸਰਬਉਚ ਤਖ਼ਤ, ਅਕਾਲ ਤਖ਼ਤ ਹੈ ਜਿਹੜਾ ਦੁਨੀਆਂਦਾਰੀ ਤੋਂ ਉਪਰ ਸੱਚਾ ਤਖ਼ਤ ਹੈ। ਇਸ ‘ਤੇ ਬਿਰਾਜਮਾਨ ਸ਼ਖਸੀਅਤ ਦਾ ਸਿੱਖਾਂ ਵਿਚ ਬਹੁਤ ਅਹਿਮ ਥਾਂ ਇਸ ਕਰ ਕੇ ਹੈ ਕਿ ਇਥੇ ਸੱਚ ਬੋਲਿਆ ਜਾਂਦਾ ਹੈ, ਪਰ ਮੌਜੂਦਾ ਹਾਲਾਤ ਇਹੋ ਜਿਹੇ ਹਨ ਕਿ ਭਗਵੀਂ ਬਿੱਲੀ ਦੀ ਮਿਆਊਂ ਸੁਣ ਕੇ ਸੱਚ ਨੂੰ ਅਣਗੌਲਿਆ ਕਰਨਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਮਿਸਾਲਾਂ ਤਾਂ ਬਥੇਰੀਆਂ ਹਨ ਪਰ ਸਾਂਝੀ ਇਕੋ ਹੀ ਕਰਨੀ ਹੈ।
ਇਸੇ ਸਾਲ 6 ਜੂਨ ਨੂੰ ਅਕਾਲ ਤਖ਼ਤ ‘ਤੇ 1984 ਵਿਚ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਸਿੱਖਾਂ ਦਾ ਵੱਡਾ ਇਕੱਠ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਹੋਇਆ। ਇਹ ਵੱਖਰੀ ਗੱਲ ਹੈ ਕਿ ਅਕਾਲ ਤਖ਼ਤ ਦੀ ਸਰਬਉਚਤਾ ਦਾ ਸਭ ਤੋਂ ਵੱਧ ਰਾਗ ਅਲਾਪਣ ਵਾਲੇ ਬਾਦਲ ਅਕਾਲੀ ਦਲ ਦਾ ਕੋਈ ਵੀ ਲੀਡਰ ਇਸ ਰੋਸ ਸਮਾਗਮ ਵਿਚ ਸ਼ਾਮਲ ਨਹੀਂ ਹੋਇਆ। ਉਦਾਂ ਇਨ੍ਹਾਂ ਦਾ ਸ਼ਾਮਲ ਹੋਣਾ ਬਣਦਾ ਵੀ ਨਹੀਂ ਸੀ, ਕਿਉਂਕਿ 1984 ਦੇ ਸ਼ਹੀਦਾਂ ਦੀਆਂ ਰੂਹਾਂ ਨੂੰ ਪਛਾਣ ਹੈ ਕਿ ਹਮਲਾ ਕਰਵਾ ਕੇ ਸ਼ਹੀਦ ਕਹਾਉਣ ਵਾਲੇ ਚਿਹਰੇ ਕਿਹੜੇ ਹਨ।
ਸੱਚ, ਗੱਲ ਆਪਾਂ ਸਾਂਝੀ ਕਰਨ ਲੱਗੇ ਸੀ ਕਿ ਭਗਵੀਂ ਬਿੱਲੀ ਦੀ ਮਿਆਊਂ ਦਾ ਕਿੰਨਾ ਵੱਡਾ ਅਸਰ ਕਬੂਲਿਆ ਜਾਂਦਾ ਸਾਡੇ ਸੱਚੇ ਤਖ਼ਤ ‘ਤੇ। ਉਸ ਦਿਨ ਯਾਨਿ 6 ਜੂਨ ਨੂੰ ਕੁਝ ਕਾਰਨਾਂ ਕਰ ਕੇ ਇਕੱਠੇ ਹੋਏ ਸਿੱਖਾਂ ਵਿਚ ਜੋਸ਼, ਉਤਸ਼ਾਹ ਤੇ ਰੋਸ ਇੰਨਾ ਇਕੱਠਾ ਹੋ ਚੁੱਕਾ ਸੀ ਕਿ ਮਿਆਊਂ ਕਰਨ ਵਾਲਿਆਂ ਤੋਂ ਜ਼ਰਿਆ ਨਾ ਗਿਆ ਅਤੇ ਸੱਚੇ ਤਖਤ ‘ਤੇ ਜਥੇਦਾਰ ਦੀ ਮੌਜੂਦਗੀ ਵਿਚ ਕੁਝ ਸਿੱਖਾਂ ਨੂੰ ਬੇਇੱਜ਼ਤ ਕੀਤਾ ਗਿਆ ਤੇ ਕੁੱਟਿਆ ਗਿਆ। ਨੌਬਤ ਗਾਲ੍ਹਾਂ ਤੇ ਨੰਗੀਆਂ ਤਲਵਾਰਾਂ ਤਕ ਲੈ ਆਂਦੀ। ਇਕਦਮ ਸਿਮਰਨਜੀਤ ਸਿੰਘ ਮਾਨ ‘ਤੇ ਦੋਸ਼ ਮੜ੍ਹ ਦਿਤਾ ਗਿਆ; ਪਰ ਇਹ ਸਾਰਾ ਕੁਝ ਕਿਉਂਕਿ ਜਥੇਦਾਰ ਦੀ ਮੌਜੂਦਗੀ ਵਿਚ ਹੋਇਆ ਸੀ, ਸੋ ਉਨ੍ਹਾਂ ਨੇ ਜੋ ਅੱਖੀਂ ਵੇਖਿਆ, ਉਹ ਮੀਡੀਆ ਵਿਚ ਕਹਿ ਦਿਤਾ ਕਿ ਸ਼ ਮਾਨ ਸਾਹਿਬ ਤਾਂ ਜਾ ਚੁੱਕੇ ਸਨ ਜਦੋਂ ਤਲਵਾਰਾਂ ਚੱਲੀਆਂ; ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਏਜੰਸੀਆਂ ਨੇ ਕਰਵਾਈ ਹੈ। ਇਹ ਦੋਵੇਂ ਗੱਲਾਂ ਉਨ੍ਹਾਂ ਦੀਆਂ ਸੱਚੀਆਂ ਸਨ ਪਰ ਜਦੋਂ ਜਥੇਦਾਰ ਦੇ ਕੰਨਾਂ ਵਿਚ ਫੂਕ ਵੱਜ ਗਈ ਕਿ ਇਹੋ ਏਜੰਸੀਆਂ ਹੀ ਤਾਂ ਭਗਵੀਂ ਬਿੱਲੀ ਹੈ ਜਿਹਦੀ ਬਦੌਲਤ ਤੁਸੀਂ ਜਥੇਦਾਰ ਹੋ, ਬੱਸ ਕੱਟ ਲਿਆ ਜਥੇਦਾਰ ਨੇ ਕੂਹਣੀ ਮੋੜ, ਤੇ ਮਿਆਊਂ ਕਰਨ ਵਾਲਿਆਂ ਦੀ ਬਣਾ’ਤੀ ਇਕ ਕਮੇਟੀ ਕਿ ਲੈ ਦਿਓ ਮਾਨ ਸਾਹਿਬ ਦੇ ਬੰਦਿਆਂ ਦਾ ਨਾਂ! ਬੱਸ ਫੜ ਲਏ ਪੁਲਿਸ ਨੇ ਸਾਬਤ ਸੂਰਤ ਨੌਜਵਾਨ। ਜਿਹੜੇ ਉਸ ਦਿਨ ਉਥੇ ਨਹੀਂ ਵੀ ਸਨ, ਉਨ੍ਹਾਂ ਉਤੇ ਵੀ ਕੇਸ ਪਾ ਦਿਤੇ। ਇਹ ਸਾਰਾ ਕੁਝ ਆਉਣ ਵਾਲੇ ਸਾਲਾਂ ਵਿਚ 6 ਜੂਨ ਨੂੰ ਭੁਲਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ ਬਿੱਲੀ ਦੀ ਮਿਆਊਂ ਨੇ; ਹੋ ਸਕਦਾ ਕਿ ਆਉਣ ਵਾਲੇ ਵਰ੍ਹਿਆਂ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਤੋਂ ਹੀ ਹੁਕਮਨਾਮਾ ਨਾ ਕਢਵਾ ਦੇਵੇ ਕਿ ਹੁਣ 6 ਜੂਨ ਦੀਆਂ ਸ਼ਹਾਦਤਾਂ ਸਿੱਖ ਕੌਮ ਨਹੀਂ ਮਨਾਇਆ ਕਰੇਗੀ।
ਮੋਦੀ ਦੀ ਬਿੱਲੀ ਪੰਜਾਬ ਦੇ ਉਨ੍ਹਾਂ ਸਿੱਖਾਂ ਨੂੰ ਜਿਹੜੇ ਮਿਆਊਂ ਵਿਚ ਮਿਆਊਂ ਨਹੀਂ ਮਿਲਾਉਂਦੇ, ਬੜਾ ਸਾਫ਼ ਤੇ ਸਪਸ਼ਟ ਸੁਨੇਹਾ ਦੇ ਗਈ ਕਿ ਹੁਣ ਰਾਜ ਭਾਗ ਦੀ ਅਸਲ ਵਾਗਡੋਰ ਭਗਵੀਂ ਬਿੱਲੀ ਦੇ ਪੰਜਿਆਂ ਵਿਚ ਹੈ ਜਿਹਨੂੰ ਆਪਣੀ ਮਰਜ਼ੀ ਮੁਤਾਬਕ ਮਿਆਊਂ ਦੀ ਸੁਰ ਕਢਵਾਉਣੀ ਆਉਂਂਦੀ ਹੈ। ਜੇ ਨਹੀਂ ਕੱਢਣੀ ਤਾਂ ਐਨੀ ਤਾਕਤ ਦੀ ਮਾਲਕ ਵੀ ਬਣ ਚੁੱਕੀ ਹੈ ਕਿ ਉਹਦੀ ਕੱਢੀ ਮਿਆਊਂ ਦੀ ਮੁਖਾਲਫ਼ਤ ਕਰਨ ਵਾਲੀ ਆਵਾਜ਼ ਬੰਦ ਕਿਵੇਂ ਕਰਨੀ ਹੈ, ਉਹ ਵੀ ਤਰੀਕਾ ਆਉਂਦਾ। ਜਿਸ ਸ਼ਾਨੋ-ਸ਼ੌਕਤ ਨਾਲ ਪਿਛੇ ਜਿਹੇ ਆਰæਐਸ਼ਐਸ਼ ਨੇ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਮਲੇਰਕੋਟਲੇ ਵਿਚ ਰੈਲੀ ਕੀਤੀ, ਉਹ ਇਹ ਦੱਸਣ ਲਈ ਹੈ ਕਿ ਭਗਵੀਂ ਬਿੱਲੀ ਸਿਰਫ਼ ਭਾਰਤ ਦੇ ਹੀ ਨਹੀਂ, ਪੰਜਾਬ ਦੇ ਤਖ਼ਤ ‘ਤੇ ਵੀ ਉਨੀ ਹੀ ਮਜ਼ਬੂਤ ਪਕੜ ਵਾਲੀ ਹੈ। ਆਉਣ ਵਾਲੇ ਸਮੇਂ ਨੂੰ ਵਿਚਾਰ ਕੇ ਚੱਲਿਓ, ਤੁਹਾਡੇ ਗੁਰਦਾਰਿਆਂ ਵਿਚ ਵੀ ਜੇ ਭਗਵੀਂ ਬਿੱਲੀ ਘੁੰਮੇ ਤਾਂ ਉਜ਼ਰ ਨਾ ਕਰਿਓ, ਬੱਸ ਉਹਦੀ ਮਿਆਊਂ ‘ਤੇ ਜੈਕਾਰਾ ਛੱਡਿਓ, ਜੇ ਆਪਣਾ ਭਲਾ ਚਾਹੁੰਦੇ ਹੋ ਤਾਂ!
ਜਾਂਦੇ-ਜਾਂਦੇ ਇਕ ਗੱਲ ਹੋਰ ਸਾਂਝੀ ਕਰ ਲਈਏ ਕਿ ਇਸ ਜ਼ੋਰਾਵਰ ਭਗਵੀਂ ਬਿੱਲੀ ਲਈ ਬਾਦਲ ਸਾਹਿਬ ਦੀ ਮਿਆਊਂ ਪਹਿਲੇ ਨੰਬਰ ਤੋਂ ਖਿਸਕ ਕੇ ਥੱਲੇ ਵੱਲ ਤੁਰ ਪਈ ਹੈ ਕਿਉਂਕਿ ਇਹਨੇ ਜਿੰਨਾ ਕੁ ਇਹਨੂੰ ਸਿੱਖਾਂ ਵਿਰੁਧ ਵਰਤਣਾ ਸੀ, ਉਹ ਵਰਤ ਚੁੱਕੀ ਹੈ। ਹੁਣ ਇਹ ਬਿੱਲੀ ਪੰਜਾਬ ਵਿਚ ਹੀ ਕਿਸੇ ਵੱਡੇ ਡੇਰੇਦਾਰ ਦੀ ਭਾਲ ਵਿਚ ਜੁਟ ਗਈ ਹੈ ਜਿਹੜਾ ਸਿੱਖੀ ਸਿਧਾਂਤ ਨੂੰ ਮਲੀਆਮੇਟ ਕਰ ਕੇ ਸਿੱਖ ਸਮਾਜ ਵਿਚ ਖਾਲਸੇ ਦੇ ਬੋਲ-ਬਾਲੇ ਉਤੇ ਬਿਪਰ ਦਾ ਲੇਪ ਕਰ ਦੇਵੇ। ਇਸ ਮਕਸਦ ਖਾਤਰ ਇਸ ਭਗਵੀਂ ਬਿੱਲੀ ਨੇ ਪਿੱਛੇ ਜਿਹੇ ਚੁੱਪ-ਚਪੀਤੇ ਬਿਆਸ ਵਾਲੇ ਡੇਰੇ ਵਿਚ ਫੇਰਾ ਪਾ ਦਿਤਾ। ਉਥੇ ਕਿਹੜੀਆਂ ਗੋਂਦਾਂ ਗੁੰਦੀਆਂ, ਉਹ ਆਉਣ ਵਾਲੇ ਵਕਤ ਨੇ ਜ਼ਾਹਿਰ ਕਰਨੀਆਂ ਕਿਉਂਕਿ ਸਿੱਖਾਂ ਨੇ ਮਿੱਠੀਆਂ ਗੋਲੀਆਂ ਬੜੇ ਚਾਅ ਨਾਲ ਖਾ ਲੈਣੀਆਂ, ਕਿਉਂਕਿ ਵਿਚਾਰਿਆਂ ਨੂੰ ਭੇਤ ਨਹੀਂ ਲੱਗਣ ਦੇਣਾ ਕਿ ਕਦੋਂ ਮਿੱਠੀਆਂ ਗੋਲੀਆਂ ‘ਚ ਜ਼ਹਿਰ ਭਰ ਦਿੱਤਾ।
ਇਸ ਲੇਖ ਵਿਚ ਕੀਤੀਆਂ ਗੱਲਾਂ ਤਾਂ ਸਿਰਫ ਟ੍ਰੇਲਰ ਹੀ ਹੈ, ਅਸਲ ਫਿਲਮ ਦੇ ਸੀਨ ਤਾਂ ਅਜੇ ਦੇਖਣੇ ਹਨ ਆਪਾਂ ਨੇ। ਮੋਦੀ ਦੀ ਬਿੱਲੀ ਤਾਂ ਅਜੇ ਥੈਲਿਓਂ ਬਾਹਰ ਨਿਕਲੀ ਹੀ ਹੈ, ਅਜੇ ਇਸ ਨੇ ਵੱਡੇ-ਵੱਡੇ ਅਣਚਿਤਵੇ ਕਾਰਨਾਮਿਆਂ ਨੂੰ ਅੰਜਾਮ ਦੇਣਾ। ਬੱਸ ਘਟ-ਗਿਣਤੀ ਤਬਕੇ ਤਿਆਰ ਰਹਿਣ, ਇਨ੍ਹਾਂ ਦੇ ਆਪਸੀ ਭੇੜ ਕਰਵਾਉਣ ਦੇ ਵੀ ਪੂਰੀ ਸਮਰੱਥ ਹੈ ਮੋਦੀ ਦੀ ਬਿੱਲੀ ਕਿਉਂਕਿ ਪਟੇਲ-ਇੰਦਰਾ-ਮੋਦੀ ਨਾਮ ਹੀ ਵੱਖਰੇ ਹਨ, ਇਹ ਮਿੱਟੀ ਇਕ ਦੇ ਹੀ ਬਣੇ ਹੋਏ ਹਨ।

Be the first to comment

Leave a Reply

Your email address will not be published.