ਲੋਕ ਮਸਲੇ ਚੁੱਕਣ ਦੇ ਪੱਖ ਤੋਂ ਫਲਾਪ ਰਹੇ ਫਿਲਮੀ ਸਿਤਾਰੇ

ਚੰਡੀਗੜ੍ਹ: ਸੰਸਦ ਵਿਚ ਲੋਕ ਮਸਲੇ ਚੁੱਕਣ ਪੱਖੋਂ 16ਵੀਂ ਲੋਕ ਸਭਾ ਲਈ ਚੁਣੇ ਫਿਲਮੀ ਸਿਤਾਰੇ ਫਲਾਪ ਹੀ ਰਹੇ। ਇਨ੍ਹਾਂ ਵਿਚੋਂ ਬਹੁਤਿਆਂ ਨੇ ਪਾਰਲੀਮੈਂਟ ਵਿਚ ਮੂੰਹ ਨਹੀਂ ਖੋਲ੍ਹਿਆ। ਕੁਝ ਫਿਲਮੀ ਸਿਤਾਰਿਆਂ ਨੇ ਬਹਿਸ ਵਿਚ ਹਿੱਸਾ ਲਿਆ ਤੇ ਕੁਝ ਨੇ ਹੀ ਸੁਆਲ ਪੁੱਛੇ ਹਨ। ਲੋਕ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਮੁਤਾਬਕ ਕਈ ਫਿਲਮੀ ਸਿਤਾਰੇ ਪਾਰਲੀਮੈਂਟ ਵਿਚ ਬਹੁਤਾ ਸਮਾਂ ਹਾਜ਼ਰ ਵੀ ਨਹੀਂ ਰਹੇ। ਸੋਲ੍ਹਵੀਂ ਲੋਕ ਸਭਾ ਵਿਚ 16 ਫਿਲਮੀ ਸਿਤਾਰੇ ਤੇ ਕਲਾਕਾਰ ਹਨ। ਮਿਲੀ ਵੇਰਵਿਆਂ ਮੁਤਾਬਕ ਉੱਤਰ ਪ੍ਰਦੇਸ਼ ਦੇ ਮਥੁਰਾ ਲੋਕ ਸਭਾ ਹਲਕੇ ਤੋਂ ਚੁਣੀ ਹੇਮਾ ਮਾਲਿਨੀ ਨੇ ਹੁਣ ਤੱਕ ਪਾਰਲੀਮੈਂਟ ਵਿਚ ਸਿਰਫ਼ ਦੋ ਦਿਨ ਹਾਜ਼ਰੀ ਭਰੀ ਹੈ। ਉਹ 25 ਦਿਨ ਗ਼ੈਰਹਾਜ਼ਰ ਰਹੀ ਹੈ।
ਉਸ ਨੇ ਦੋ ਦਿਨਾਂ ਦੌਰਾਨ ਨਾ ਕੋਈ ਸੁਆਲ ਪੁੱਛਿਆ ਤੇ ਨਾ ਹੀ ਕਿਸੇ ਬਹਿਸ ਵਿਚ ਹਿੱਸਾ ਲਿਆ। ਚੰਡੀਗੜ੍ਹ ਤੋਂ ਚੁਣੀ ਕਿਰਨ ਖੇਰ ਪਾਰਲੀਮੈਂਟ ਵਿਚ 27 ਦਿਨਾਂ ਵਿਚੋਂ 24 ਦਿਨ ਹਾਜ਼ਰ ਰਹੀ, ਪਰ ਉਸ ਨੇ ਬਜਟ ਸੈਸ਼ਨ ਦੌਰਾਨ ਇਕ ਵਾਰ ਬਹਿਸ ਵਿਚ ਹਿੱਸਾ ਲਿਆ ਤੇ ਕੋਈ ਸੁਆਲ ਨਹੀਂ ਪੁੱਛਿਆ। ਲੋਕ ਸਭਾ ਦਾ ਬਜਟ ਸੈਸ਼ਨ ਸੱਤ ਜੁਲਾਈ ਤੋਂ 14 ਅਗਸਤ ਤੱਕ ਚੱਲਿਆ ਹੈ। ਗੁਜਰਾਤ ਦੇ ਅਹਿਮਦਾਬਾਦ ਪੂਰਬੀ ਹਲਕੇ ਤੋਂ ਲੋਕ ਸਭਾ ਮੈਂਬਰ ਬਣੇ ਪਰੇਸ਼ ਰਾਵਲ ਨੇ ਬਹਿਸ ਵਿਚ ਹਿੱਸਾ ਲੈਣ ਜਾਂ ਸੁਆਲ ਪੁੱਛਣ ਤੋਂ ਟਾਲਾ ਹੀ ਵੱਟੀ ਰੱਖਿਆ। ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਚੁਣੇ ਸ਼ਤਰੂਘਨ ਸਿਨਹਾ ਨੇ ਬਹਿਸ ਵਿਚ ਸ਼ਮੂਲੀਅਤ ਕੀਤੀ ਪਰ ਸੁਆਲ ਕੋਈ ਨਹੀਂ ਪੁੱਛਿਆ। ਉਨ੍ਹਾਂ ਦੀ ਸੰਸਦ ਵਿਚ ਹਾਜ਼ਰੀ 81 ਫੀਸਦੀ ਰਹੀ। ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਨੇ ਬਜਟ ਸੈਸ਼ਨ ਦੌਰਾਨ ਕੋਈ ਸੁਆਲ ਨਹੀਂ ਪੁੱਛਿਆ ਤੇ ਨਾ ਹੀ ਬਹਿਸ ਵਿਚ ਹਿੱਸਾ ਲਿਆ। ਉਹ ਸੰਸਦ ਵਿਚੋਂ ਸਿਰਫ ਇਕ ਦਿਨ ਹੀ ਗ਼ੈਰਹਾਜ਼ਰ ਰਹੇ। ਉਪਰੋਕਤ ਸਾਰੇ ਸੰਸਦ ਮੈਂਬਰ ਭਾਜਪਾ ਦੇ ਹਨ। ਸਭ ਤੋਂ ਵੱਧ ਫਿਲਮੀ ਸਿਤਾਰੇ ਪੱਛਮੀ ਬੰਗਾਲ ਵਿਚੋਂ ਹਨ, ਜਿਨ੍ਹਾਂ ਦੀ ਗਿਣਤੀ ਅੱਧੀ ਦਰਜਨ ਬਣਦੀ ਹੈ। ਇਹ ਸਾਰੇ ਫਿਲਮੀ ਸਿਤਾਰੇ ਤ੍ਰਿਣਾਮੂਲ ਕਾਂਗਰਸ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਮੂਨਮੂਨ ਸੇਨ ਹਨ। ਉਸ ਨੇ ਸੰਸਦ ਵਿਚ ਮੂੰਹ ਨਹੀਂ ਖੋਲ੍ਹਿਆ। ਉਂਜ, ਉਸ ਦੀ ਸੰਸਦ ਵਿਚ ਹਾਜ਼ਰੀ 74 ਫੀਸਦੀ ਰਹੀ ਹੈ।
ਪੱਛਮੀ ਬੰਗਾਲ ਵਿਚੋਂ ਚੁਣੀ ਕਲਾਕਾਰ ਅਰਪਿਤਾ ਘੋਸ਼ ਦੀ ਸੰਸਦ ਵਿਚ ਹਾਜ਼ਰੀ ਸਿਰਫ਼ 26 ਫੀਸਦੀ ਰਹੀ ਹੈ। ਇਸੇ ਰਾਜ ਵਿਚੋਂ ਭਾਜਪਾ ਦੀ ਟਿਕਟ ‘ਤੇ ਚੁਣੇ ਗਏ ਫਿਲਮੀ ਗਾਇਕ ਬਾਬੁਲ ਸੁਪਰੀਓ ਦੀ ਸੰਸਦ ਵਿਚ ਹਾਜ਼ਰੀ 37 ਫੀਸਦੀ ਰਹੀ। ਇਨ੍ਹਾਂ ਦੋਵਾਂ ਨੇ ਸੰਸਦ ਵਿਚ ਮੂੰਹ ਨਹੀਂ ਖੋਲ੍ਹਿਆ। ਦਿੱਲੀ ਤੋਂ ਚੁਣੇ ਭਾਜਪਾ ਦੇ ਸੰਸਦ ਮੈਂਬਰ ਤੇ ਭੋਜਪੁਰੀ ਫਿਲਮਾਂ ਦੇ ਕਲਾਕਾਰ ਮਨੋਜ ਤਿਵਾੜੀ ਦੀ ਸੰਸਦ ਵਿਚ ਹਾਜ਼ਰੀ 81 ਫੀਸਦੀ ਰਹੀ ਹੈ ਪਰ ਉਨ੍ਹਾਂ ਕੋਈ ਸੁਆਲ ਨਹੀਂ ਪੁੱਛਿਆ ਹੈ। ਗੁਜਰਾਤ ਦੀ ਛੋਟਾ ਉਦੇਪੁਰ ਸੀਟ ਤੋਂ ਚੁਣੇ ਰਾਮ ਸਿੰਹੁ ਰਾਠਵਾ ਦੀ ਕਾਰਗੁਜ਼ਾਰੀ ਸਭ ਤੋਂ ਚੰਗੀ ਰਹੀ ਹੈ। ਉਸ ਨੇ 31 ਦਫ਼ਾ ਬਹਿਸ ਵਿਚ ਹਿੱਸਾ ਲਿਆ ਤੇ 30 ਸੁਆਲ ਪੁੱਛੇ। ਉਹ ਸਿਰਫ਼ ਇਕ ਦਿਨ ਸੰਸਦ ਵਿਚੋਂ ਗ਼ੈਰਹਾਜ਼ਰ ਹੋਏ। ਉਹ ਵੀ ਭਾਜਪਾ ਨਾਲ ਸਬੰਧਤ ਹਨ।
ਪੱਛਮੀ ਬੰਗਾਲ ਤੋਂ ਚੁਣੇ ਫਿਲਮੀ ਸਿਤਾਰੇ ਦੀਪਕ ਅਧਿਕਾਰੀ ਦੀ ਬਜਟ ਸੈਸ਼ਨ ਦੌਰਾਨ ਕਾਰਗੁਜ਼ਾਰੀ ਸਭ ਕਲਾਕਾਰਾਂ ਤੋਂ ਮਾੜੀ ਰਹੀ। ਉਹ ਸਿਰਫ਼ ਇਕ ਦਿਨ ਸੰਸਦ ਵਿਚ ਆਇਆ ਤੇ ਉਸ ਦਿਨ ਵੀ ਉਸ ਨੇ ਚੁੱਪ ਹੀ ਵੱਟੀ ਰੱਖੀ। ਦੂਸਰੀ ਤਰਫ਼ ਤੈਲਗੂ ਫਿਲਮਾਂ ਦੇ ਮੁਰਲੀ ਮੋਹਨ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ 96 ਫੀਸਦੀ ਰਹੀ ਤੇ ਉਹ ਸਿਫਰ ਕਾਲ ਦੌਰਾਨ ਕਾਫੀ ਸਰਗਰਮ ਰਹਿੰਦਾ ਰਿਹਾ।
_____________________________________________
ਮਾਨ ਨੇ ਰੱਖਿਆ ਪੰਜਾਬੀਆਂ ਦਾ ਮਾਣ
ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੁਣੇ ਕਾਮੇਡੀ ਕਲਾਕਾਰ ਭਗਵੰਤ ਮਾਨ ਦੀ ਹਾਜ਼ਰੀ 66æ66 ਫੀਸਦੀ ਰਹੀ ਹੈ। ਉਹ 27 ਦਿਨਾਂ ਵਿਚੋਂ 18 ਦਿਨ ਸੰਸਦ ਵਿਚ ਹਾਜ਼ਰ ਰਹੇ। ਉਨ੍ਹਾਂ ਨੇ ਚਾਰ ਲਿਖਤੀ ਸੁਆਲ ਪੁੱਛੇ। ਬਹਿਸਾਂ ਵਿਚ ਵੀ ਉਹ ਸਰਗਰਮ ਰਹੇ। ਪੰਜਾਬ ਦੇ ਸੰਸਦ ਮੈਂਬਰਾਂ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਸਿਰਫ਼ ਪੰਜ ਦਿਨ ਹਾਜ਼ਰ ਰਹੇ ਜਦੋਂਕਿ ਭਾਜਪਾ ਦੇ ਵਿਜੈ ਕੁਮਾਰ ਸਾਂਪਲਾ ਤੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਦੀ ਹਾਜ਼ਰੀ ਸੌ ਫੀਸਦੀ ਰਹੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਤੇ ਪ੍ਰੋæ ਸਾਧੂ ਸਿੰਘ ਬਜਟ ਸੈਸ਼ਨ ਵਿਚੋਂ ਬਾਰਾਂ ਬਾਰਾਂ ਦਿਨ ਗ਼ੈਰਹਾਜ਼ਰ ਰਹੇ। ਅਕਾਲੀ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ 11 ਦਿਨ ਗ਼ੈਰਹਾਜ਼ਰ ਰਹੇ ਜਦੋਂਕਿ ‘ਆਪ’ ਦੇ ਹਰਿੰਦਰ ਸਿੰਘ ਖਾਲਸਾ ਸਿਰਫ਼ ਇਕ ਦਿਨ ਗ਼ੈਰਹਾਜ਼ਰ ਰਹੇ।

Be the first to comment

Leave a Reply

Your email address will not be published.