ਬੱਸ ਏਨੀ ਕੁ ਅੰਮ੍ਰਿਤਾ

ਐਤਕੀਂ ਕਾਨਾ ਸਿੰਘ ਨੇ ਆਪਣੇ ਚਿੱਤ-ਚੇਤੇ ਦੇ ਬੋਹੀਏ ਵਿਚੋਂ ਉਘੀ ਲੇਖਕਾ ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦੇ ਨਾਂ ਦੀ ਪੂਣੀ ਕੱਤੀ ਹੈ। ਕਾਨਾ ਸਿੰਘ ਨੇ ਅੰਮ੍ਰਿਤਾ ਦੀਆਂ ਕੁਝ ਕਾਵਿ-ਸਤਰਾਂ ਨੂੰ ਆਧਾਰ ਬਣਾ ਕੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਇਸ ਲੰਮੇ ਲੇਖ ‘ਬੱਸ ਏਨੀ ਕੁ ਅੰਮ੍ਰਿਤਾ’ ਵਿਚ ਕੀਤੀਆਂ ਹਨ। ਇਸ ਲੇਖ ਦੀ ਪਹਿਲੀ ਕਿਸ਼ਤ ਅਸੀਂ ਆਪਣੇ ਪਾਠਕਾਂ ਲਈ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਸ ਲੇਖ ਵਿਚ ਉਸ ਨੇ ਅੰਮ੍ਰਿਤਾ ਪ੍ਰੀਤਮ ਜਿਸ ਦਾ ਜਨਮ ਦਿਨ 31 ਅਗਸਤ ਨੂੰ ਹੈ, ਦੇ ਨਾਂ ਦੇ ਨਾਲ-ਨਾਲ ਆਪਣੇ ਨਾਂ ‘ਕਾਨਾ ਸਿੰਘ’ ਬਾਰੇ ਵੀ ਖੁਲਾਸਾ ਕੀਤਾ ਹੈ। ਉਸ ਦੇ ਇਸ ਖੁਲਾਸੇ ਵਿਚ ਜਿੰਨੀ ਉਤਸੁਕਤਾ ਝਲਕਦੀ ਹੈ, ਉਤਨਾ ਹੀ ਸਹਿਜ ਝਾਤੀਆਂ ਮਾਰਦਾ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਚਰਨ ਤੇਰੇ ਸੁੱਚੇ/ਹੋਠ ਮੇਰੇ ਜੂਠੇ/ਅੱਜ ਛੁਹਣਗੇ।
ਹੋਠ ਮੇਰੇ ਸੁੱਚੇ/ਚਰਨ ਤੇਰੇ ਜੂਠੇ/ਅੱਜ ਹੋਣਗੇæææ
ਗਿਆਨੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮæਏæ ਦੇ ਇਮਤਿਹਾਨ ਪੱਖੋਂ ਜਿੰਨਾ ਕੁਝ ਜ਼ਰੂਰੀ ਸੀ, ਉਨਾ ਹੀ ਪੜ੍ਹਿਆ ਗੁੜ੍ਹਿਆ ਮੈਂ ਪੰਜਾਬੀ ਸਾਹਿਤ। ਅੰਮ੍ਰਿਤਾ ਦਾ ਉਪਰੋਕਤ ਬੰਦ ਇਸੇ ਦੌਰਾਨ ਮੇਰੀਆਂ ਨਜ਼ਰਾਂ ਸਾਹਵਿਓਂ ਗੁਜ਼ਰਿਆ। ਗੁਜ਼ਰਿਆ ਕਿੱਥੇ? ਉਥੇ ਦਾ ਉਥੇ। ਮਾਨੋ ਮੇਰੀ ਜੀਵਨ-ਘੜੀ ਦੀਆਂ ਦੋਵੇਂ ਸੂਈਆਂ ਇਕੋ ਹਿੰਦਸੇ ਉਤੇ ਆ ਕੇ ਟਿਕ ਗਈਆਂ ਹੋਣ।
ਉਠਦਿਆਂ ਬੈਠਦਿਆਂ, ਤੁਰਦਿਆਂ ਫਿਰਦਿਆਂ, ਮੇਰੇ ਹੋਠ ਫਰਕਦੇ ਰਹਿੰਦੇ, ‘ਚਰਨ ਤੇਰੇ ਸੁੱਚੇ, ਹੋਠ ਮੇਰੇ ਜੂਠੇæææ।’
ਉਫ਼! ਇਹ ਸ਼ਿੱਦਤ ਦੀ ਇੰਤਹਾ ਹੈ ਕਿ ਇਬਾਦਤ ਦੀ?
ਮਸਤੀ ਵਿਚ ਮੈਂ ਜਿਹੀ ਗੜੂੰਦ ਹੋਈ ਕਿ ਇਸ ਤੋਂ ਅੱਗੇ ਅੰਮ੍ਰਿਤਾ ਨੂੰ ਪੜ੍ਹ ਹੀ ਨਾ ਸਕੀ। ਇਸ ਤੋਂ ਅਗਲੇਰੇ ਅਨੁਭਵ ਦੀ ਨਾ ਤਾਂ ਮੇਰੇ ਵਿਚ ਸਮਰਥਾ ਹੀ ਸੀ ਤੇ ਨਾ ਹੀ ਲਾਲਸਾ। ਅੰਮ੍ਰਿਤਾ ਨੇ ਮੇਰੀ ਚਾਹਤ ਨੂੰ ਬੋਲ ਦਿੱਤੇ ਸਨ ਜੋ ਹੁਣ ਮੇਰੇ ਆਪਣੇ ਸਨ। ‘ਚਰਨ ਤੇਰੇ ਸੁੱਚੇ, ਹੋਠ ਮੇਰੇ ਜੂਠੇæææ।’ ਇਸੇ ਤਰ੍ਹਾਂ ਅੰਮ੍ਰਿਤਾ ਦੀ ਇਕ ਹੋਰ ਨਜ਼ਮ ਵੀ ਮੇਰੇ ਚੇਤੇ ਵਿਚ ਸਦਾ ਸ਼ਾਮਿਲ ਰਹੀ। ਸ਼ਾਮਿਲ ਹੀ ਨਹੀਂ, ਜੀਵਨ ਦਾ ਅੰਗ ਹੀ ਬਣ ਗਈ ਸਮਝੋ। ਉਹ ਸੀ,
ਜੇ ਕੋਈ ਸੁਹਣਾ/ਮੋਮੋਠਗਣਾ
ਆਪਹੁਦਰੀਆਂ/ਭੁੱਲਾਂ ਕਰ ਕੇ
ਲੀਕਾਂ ਕੱਢੇ/ਮੱਥੇ ਰਗੜੇ
ਪਾਠ ਨਮਾਜ਼ਾਂ/ਰੋਜ਼ੇ ਨਿਆਜ਼ਾਂ
ਸੇਵਾ ਪੂਜਾ/ਮਾਲਾ ਫੜ ਕੇ
ਲੱਖ ਕਰੇ ਇਕਰਾਰ
ਕੌਣ ਕਰੇ ਇਤਬਾਰæææ
ਇਹ ਨਜ਼ਮ ਕਿਉਂ ਮੇਰੇ ਬੁੱਲ੍ਹਾਂ ਉਤੇ ਅਕਸਰ ਹੀ ਫੜਕਦੀ ਰਹਿੰਦੀ ਜਦ ਕਿ ਉਦੋਂ ਤਕ ਕਿਸੇ ਸੋਹਣੇ ਮੋਮੋਠਗਣੇ ਤੋਂ ਠੱਗੇ ਜਾਣ ਦਾ ਕੋਈ ਤਜ਼ਰਬਾ ਹੀ ਨਹੀਂ ਸੀ ਹੋਇਆ?æææ ਤਦਬੀਰ ਤੇ ਤਕਦੀਰ ਸ਼ਾਇਦ ਅਨਿੱਖੜ ਹਨ।
ਸੋਚਦੀ ਹਾਂ ਕਿ ਬਚਪਨ ਤੋਂ ਹੀ ਕਿਉਂ ਮੈਨੂੰ ਡਿੰਗ ਫੜਿੰਗੇ, ਰੁੰਡ-ਮਰੁੰਡ, ਨਿਪੱਤਰੇ ਬਿਰਛ ਅਜਿਹੀ ਧੂਅ ਪਾਉਂਦੇ ਸਨ ਕਿ ਮੇਰੇ ਪੈਰ ਮੰਜ਼ਿਲ ਭੁੱਲ, ਖੇਡ ਵਿਸਾਰ ਉਨ੍ਹਾਂ ਨੂੰ ਇਕ ਟੱਕ ਨਿਹਾਰਨ ਨੂੰ ਰੁਕ ਜਾਂਦੇ?
ਉਜਾੜ ਰੁੱਖਾਂ ਉਤੇ ਬੈਠੀਆਂ ਗਿਰਝਾਂ ਦੇ ਝੁੰਡ ਕਿਉਂ ਮੈਨੂੰ ਆਕਰਸ਼ਿਤ ਕਰਦੇ ਸਨ?
ਇਤਿਹਾਸਕ ਇਮਾਰਤਾਂ ਵਿਚੋਂ ਖੂਬਸੂਰਤ, ਲਾਸਾਨੀ ਤੇ ਮੁਕੰਮਲ ਮੰਦਰਾਂ ਮਹੱਲਾਂ ਦੀ ਥਾਂਵੇਂ ਢਠਵਾਣਾ ਤੇ ਖੰਡਰ ਕਿਉਂ ਮੇਰੇ ਪੈਰ ਕੀਲ ਲੈਂਦੇ?
ਕੀ ਮੇਰੇ ਬਾਲ ਮਨ ਨੂੰ ਵੀਰਾਨ ਭਵਿੱਖ ਦਾ ਪੂਰਵ ਬੋਧ ਸੀ ਜਾਂ ਉਜਾੜਾਂ ਪ੍ਰਤੀ ਮੇਰੀ ਧੂਅ ਨੇ ਹੀ ਮੇਰੇ ਮਸਤਕ ‘ਤੇ ਭਟਕਣ ਦੀ ਰੇਖਾ ਉਲੀਕ ਦਿੱਤੀ?æææ ਹਮੇਸ਼ਾ ਚਿੱਟੇ, ਮੱਖਣੀ, ਪੀਲੇ ਜਾਂ ਨਸਵਾਰੀ ਭਾਅ ਮਾਰਦੇ ਬਸਤਰ ਕਿਉਂ ਪਹਿਨਦੀ ਸਾਂ ਮੈਂ? ਮੇਰੇ ਘਰ ਦੀਆਂ ਕੰਧਾਂ ਅਤੇ ਫਰਨਿਸ਼ਿੰਗ ਵੀ ਕਿਉਂ ਇਨ੍ਹਾਂ ਰੰਗਾਂ ਤਕ ਹੀ ਸੀਮਿਤ ਰਹੀ; ਮਨੋਵਿਗਿਆਨ ਅਨੁਸਾਰ ਤਾਂ ਇਹ ਸਾਰੇ ਰੰਗ ਉਦਾਸੀ, ਵਿਛੋੜੇ ਅਤੇ ਉਡੀਕ ਦੇ ਸੂਚਕ ਨੇ?

ਮੁੰਬਈ ਦੇ ਫਿਲਮ ਖੇਤਰ ਨਾਲ ਸਬੰਧਤ ਇਕ ਪ੍ਰਸਿੱਧ ਫਲੋਰਿਸਟ ਨੇ ਫਿਲਮ ਅਭਿਨੇਤਾਵਾਂ ਅਤੇ ਸਿਤਾਰਿਆਂ ਦੇ ਮਨਭਾਉਂਦੇ ਫੁੱਲਾਂ ਦਾ ਜ਼ਿਕਰ ਕਰਦਿਆਂ ਇਕ ਥਾਂ ਜ਼ਿਕਰ ਕੀਤਾ ਸੀ ਕਿ ਫਿਲਮ ਨਿਰਦੇਸ਼ਕ ਗੁਲਜ਼ਾਰ ਕਿਸੇ ਦਾ ਵਿਆਹ ਹੋਵੇ ਜਾਂ ਜਨਮ ਦਿਨ, ਹਮੇਸ਼ਾ ਪੀਲੇ ਗੁਲਾਬਾਂ ਦੀਆਂ ਹੀ ਟੋਕਰੀਆਂ ਜਾਂ ਬੁੱਕੇ ਭੇਜਦਾ ਹੈ।
ਪੀਲੇ ਫੁੱਲ ਪੱਛਮੀ ਸਮਾਜ ਵਿਚ ਸੋਗ ਮੌਕਿਆਂ ਉਤੇ ਹੀ ਭੇਟਾ ਕੀਤੇ ਜਾਂਦੇ ਹਨ।
ਗੁਲਜ਼ਾਰ ਨੇ ਆਪਣੇ ਹੀ ਰੰਗ ਦੀਆਂ ਖੂਬਸੂਰਤ, ਪ੍ਰਤੀਕਾਤਮਕ ਪਿਕਚਰਾਂ ਦਿੱਤੀਆਂ ਤੇ ‘ਅੰਗੂਰ’ ਵਰਗੀਆਂ ਲੋਟਪੋਟ, ਵੱਖੀ-ਤੋੜ ਕਾਮੇਡੀਆਂ ਵੀ, ਪਰ ਸਿਨੇ-ਜਗਤ ਵਿਚ ਉਸ ਤੋਂ ਵੱਧ ਇਕੱਲਾ ਭਲਾ ਹੋਰ ਕੌਣ ਹੈ?æææ ਗੁਲਜ਼ਾਰ ਦੀ ਸਮੁੱਚੀ ਸ਼ਖਸੀਅਤ ‘ਉਦਾਸ ਚਿੰਤਕ’ ਆਖ ਕੇ ਸ਼ਬਦ-ਬੱਧ ਕੀਤੀ ਜਾ ਸਕਦੀ ਹੈ।
‘ਚਰਨ ਤੇਰੇ ਸੁੱਚੇæææ’ ਅਤੇ ‘ਜੇ ਕੋeਂੀ ਸੁਹਣਾ ਮੋਮੋਠਗਣਾæææ’, ਇਨ੍ਹਾਂ ਦੋਹਾਂ ਨਜ਼ਮਾਂ ਦੀ ਪਟੜੀ ਉਤੇ ਮੈਂ ਆਪਣੀ ਜੀਵਨ-ਗੱਡੀ ਠੇਲ੍ਹ ਦਿੱਤੀ। ਠੇਲ੍ਹੀ ਕਿੱਥੇ, ਠੇਲ੍ਹ ਹੋ ਗਈ। ਮੇਰੇ ਵੱਸ ਵਿਚ ਕੀ ਸੀ? ਨਾ ਪਟੜੀ, ਨਾ ਕਾਂਟਾ, ਨਾ ਗੱਡੀ, ਨਾ ਸਵਾਰ! ਮਾਨੋ ਮੇਰਾ ਸਾਰਾ ਆਪਾ ਹੀ ਕਿਸੇ ਦੇ ਚਰਨ-ਸਪਰਸ਼ ਲਈ ਦੋ ਹੋਠਾਂ ਵਿਚ ਬੰਦ ਹੋ ਗਿਆ ਹੋਵੇ। ਸ਼ਾਇਦ ਇਸੇ ਹੀ ਸ਼ਿੱਦਤ ਵਿਚ ਮੈਥੋਂ ਕਹਿ ਗਿਆ ਹੋਣੈ,
ਕਿੰਜ ਸੀਵਾਂ/ਤੇ ਕੀਕਣ ਮੀਟਾਂ
ਮੁਸਮੁਸ ਕਰਦੇ/ਫੁੱਲ ਜਿਹੇ ਬੁੱਲ੍ਹ
ਨੈਣਾਂ ਅੰਦਰ/ਨੀਝਾਂ ਅੰਦਰ
ਟੱਪ-ਟਪੋਸਣ/ਗੁੱਲ ਜਿਹੇ ਬੁੱਲ੍ਹ
æææ æææ æææ
ਅਤੇ ਅੰਤ ਵਿਚæææ
ਥਾਲ ਧਰਤ ਦਾ/ਪੈ ਗਿਆ ਸੌੜਾ
ਕੁਲ ਬ੍ਰਹਿਮੰਡ ਵਿਚ/ਡੁੱਲ੍ਹ ਗਏ ਬੁੱਲ੍ਹ
æææ æææ æææ
ਹੋਰ ਨਾ ਤੱਕੋ/ਹੋਰ ਨਾਲ ਬੋਲੋ
ਖੁੱਲ੍ਹਣ ਨੂੰ ਕਿਧਰੋਂ/ਆਣਗੇ ਬੁੱਲ੍ਹ
ਜੇ ਬ੍ਰਹਿਮੰਡ ਵੀ/ਪੈ ਗਿਆ ਥੋੜ੍ਹਾ
ਖੁੱਲ੍ਹ ਕੇ ਕਿਧਰ/ਜਾਣਗੇ ਬੁੱਲ੍ਹ!
ਹੁਣ ਤਾਂ ਮੇਰੇ ਨਾਲ ਵੀ ਕੁਝ ਅਜਿਹਾ ਵਾਪਰ ਗਿਆ ਸੀ ਕਿ ਪ੍ਰੀਤਮ, ਚੁੰਮਣ ਤੇ ਹੋਠ ਸਭ ਇਕ ਹੋ ਗਏ ਸਨ।
ਚੰਨ ਜੀ ਤੁਸੀਂ ਹੋ ਚੁੰਮਣ ਚੁੰਮਣ
ਚੁੰਮ ਜਿਸ ਨੂੰ ਕਾਇਨਾਤਾਂ ਘੁੰਮਣ
æææ æææ æææ
ਚੰਨ ਜੀ ਤੁਸੀਂ ਹੋ ਲੰਮ-ਸਲੰਮੇ
ਚੁੰਮ ਜਾਵਣ ਨੂੰ ਸਰੂ ਪਲੰਮੇ
ææ æææ æææ
ਚੰਨ ਜੀ ਤੁਸੀਂ ਹੋ ਸੁੱਚੇ ਸੁੱਚੇ
ਸਤਿ ਸ਼ਿਵ ਸੁੰਦਰ ਸਰੂਪ ਸਮੁੱਚੇ

‘ਚੰਨ ਗਰੀ ਦਾ ਟੋਟਾ’ ਅੰਮ੍ਰਿਤਾ ਦੀ ਕਿਸੇ ਨਜ਼ਮ ਦਾ ਸ਼ਬਦ-ਚਿਤਰ ਮੇਰੇ ਅਚੇਤ ਮਨ ਦੀ ਤਖ਼ਤੀ ‘ਤੇ ਕਿਤੇ ਉਕਰਿਆ ਰਹਿ ਗਿਆ ਹੋਣੈ ਜੋ ਤੀਹ ਵਰ੍ਹਿਆਂ ਦੇ ਲੰਮੇ ਅਰਸੇ ਮਗਰੋਂ,
ਚੰਨ ਗਰੀ ਦਾ ਟੋਟਾ ਭੰਨ ਕੇ ਖਾ ਲਾਂਗੀ
ਚੰਨੋ ਲੱਗੇ ਚੰਨੇਰਾ ਚਿੱਥ ਚਬਾ ਲਾਂਗੀ
æææਦੇ ਰੂਪ ਵਿਚ ਇਕ ਪ੍ਰਗੀਤ ਦੇ ਮੁਖੜੇ ਵਜੋਂ ਮੈਥੋਂ ਸਿਰਜ ਹੋ ਗਿਆ।
ਸ੍ਰੇਸ਼ਠ ਸਾਹਿਤ ਨੂੰ ਪੜ੍ਹਦਿਆਂ-ਮਾਣਦਿਆਂ ਮੈਂ ਉਚੇਚੇ ਤੌਰ ‘ਤੇ ਕਦੇ ਵੀ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਦੋਂ, ਕਿਸ ਨੇ, ਕਿਹੜੀ ਰਚਨਾ ਵਿਚ ਕੀ ਕਿਹਾ। ਅੱਜ ਜਦੋਂ ਸਾਹਿਤ ਸਭਾਵਾਂ, ਸਮਾਗਮਾਂ ਜਾਂ ਗੋਸ਼ਟੀਆਂ ਵਿਚ ਬੁੱਧੀਜੀਵੀਆਂ ਨੂੰ ਸੁਣਨ ਦਾ ਅਵਸਰ ਮਿਲਦਾ ਹੈ ਅਤੇ ਉਹ ‘æææ ਨੇ ਫਲਾਣੀ ਥਾਂ ‘ਤੇ æææ ਕਿਹਾ ਹੈ’ ਵਰਗੇ ਹਵਾਲਿਆਂ ਨਾਲ ਆਪਣੀ ਗੱਲ ਕਰਦੇ ਹਨ ਤੇ ਜਦੋਂ ਮੈਨੂੰ ਵੀ ਉਹ ਹਵਾਲੇ ਪੜ੍ਹੇ, ਸੁਣੇ, ਮਾਣੇ ਜਾਪਦੇ ਹਨ ਤਾਂ ਮੈਂ ਸੋਚਦੀ ਹਾਂ ਕਿ ਉਹ ਟੂਕਾਂ ਜੋ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਕੇ ਹਮੇਸ਼ਾ ਮੈਨੂੰ ਸੇਧ ਦਿੰਦੀਆਂ ਰਹੀਆਂ, ਉਨ੍ਹਾਂ ਦੇ ਰਚੇਤੇ, ਸਿਰਜਕਾਂ ਦੇ ਨਾਂ ਮੈਨੂੰ ਕਿਉਂ ਨਾ ਯਾਦ ਰਹੇ?
ਮਾਨਸਰੋਵਰ ‘ਚੋਂ ਉਗੀ ਨਦੀ, ਪਹਾੜਾਂ ਦੀਆਂ ਚੱਟਾਨਾਂ ਨਾਲ ਖਹਿੰਦੀ ਢਲਾਨਾਂ ਤੇ ਮੈਦਾਨਾਂ ਵਿਚੋਂ ਵਿਚਰਦੀ, ਰਾਹ ਕੱਢਦੀ, ਬਦਲਦੀ, ਸਿਰਜਦੀ ਕੀ ਕੀ ਛੱਡਦੀ ਤੇ ਕੀ ਕੀ ਨਾਲ ਸਮੇਟਦੀ, ਵਿਗਸ ਵਿਗਸ ਮਹਾਂਸਾਗਰ ਵਿਚ ਲੀਨ ਹੋ ਜਾਂਦੀ ਹੈ। ਕੀ ਚੱਟਾਨਾਂ ਰੌਲਾ ਪਾਉਂਦੀਆਂ ਨੇ ‘ਇਹ ਪੱਥਰ ਸਾਡੇ ਸਨ’ ਜਾਂ ਪਰਬਤ ਕੂਕਦੇ ਨੇ ‘ਮੇਰੀ ਰੇਤ ਮੇਰੀ ਮਿੱਟੀæææ।’
ਚਰਨ ਤੇਰੇ ਸੁੱਚੇ, ਹੋਠ ਮੇਰੇ ਜੂਠੇæææ ਦਾ ਅੰਮ੍ਰਿਤਾ ਦਾ ਅਹਿਸਾਸ ਮੇਰੀ ਕਵਿਤਾ ਦਾ ਪ੍ਰਧਾਨ ਸੁਰ ਹੁੰਦਾ ਹੋਇਆ ਵੀ ਮੇਰਾ ਨਿੱਜੀ ਅਨੁਭਵ ਹੈ। ਆਪਣੀ ਹੀ ਰੂਹ-ਕਾਇਆ ‘ਤੇ ਹੰਢਾਇਆ ਹੋਇਆæææ
ਕਿਹੜਾ ਕਿਸ ਨੂੰ/ਕਦੋਂ ਕੀਕਰ/ਛੁਹਿਆ।
ਕਿਓਂ ਕਰ ਛੁਹਿਆ?
ਕਿਹੜਾ ਪਾਰਸ/ਕਿਹੜਾ ਲੋਹਾ
ਲੋਹਿਓਂ ਪਾਰਸ/ਹੋਇਆæææ
‘ਵੀਰ ਜੀ, ਇਹ ਅੰਮ੍ਰਿਤਾ ਪ੍ਰੀਤਮ ਕਿੱਦਾਂ ਦਾ ਨਾਂ ਹੈ?’
ਉਦੋਂ ਇਸਤਰੀ ਨਾਂਵਾਂ ਨਾਲ ਕੌਰ, ਦੇਵੀ, ਕੁਮਾਰੀ ਜਾਂ ਬੇਗਮ ਆਦਿ ਲਾਜ਼ਮੀ ਤੌਰ ‘ਤੇ ਲੱਗੇ ਹੋਣ ਦਾ ਹੀ ਮੈਨੂੰ ਪਤਾ ਸੀ। ਬਾਲੜੀ ਹੀ ਸਾਂ ਜਦੋਂ ਘਰ ਵਿਚ ਅੰਮ੍ਰਿਤਾ ਪ੍ਰੀਤਮ, ਮੋਹਣ ਸਿੰਘ ਤੇ ਈਸ਼ਰ ਸਿੰਘ ਭਾਈਆ ਦੀਆਂ ਨਜ਼ਮਾਂ ਵੱਡੇ ਭੈਣਾਂ ਭਰਾਵਾਂ ਦੇ ਮੂੰਹੋਂ ਸੁਣਦੀ। ਮੈਂ ਤੀਜੀ ਚੌਥੀ ਵਿਚ ਹੀ ਪੜ੍ਹਦੀ ਸਾਂ ਜਦੋਂ ਵੀਰ ਜੀ ਇੰਜੀਨੀਅਰਿੰਗ ਕਰ ਰਹੇ ਸਨ। ਉਨ੍ਹਾਂ ਦੀ ਸਾਹਿਤ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਕਵਿਤਾ ਵਿਚ ਖ਼ਾਸ ਰੁਚੀ ਸੀ।
‘ਅੰਮ੍ਰਿਤ ਕੌਰ ਉਸ ਦਾ ਨਾਂ ਏ ਤੇ ਪ੍ਰੀਤਮ ਸਿੰਘ ਉਸ ਦੇ ਪਤੀ ਦਾ।’ ਵੀਰ ਜੀ ਨੇ ਦੱਸਿਆ।
ਅੰਮ੍ਰਿਤਾ ਪ੍ਰੀਤਮ! ਬੜਾ ਹੀ ਸੰਗੀਤਕ ਅਤੇ ਮਨਮੋਹਣਾ ਲੱਗਦਾ ਮੈਨੂੰ ਉਸ ਦਾ ਨਾਂ।
ਮੇਰੀ ਪਹਿਲੀ ਕਹਾਣੀ ‘ਤਾਂਡਵ ਨਾਚ’ ਮੇਰੇ ਅਸਲੀ ਨਾਂ ‘ਕਲਿਆਨ’ ਦੇ ਨਾਂ ਹੇਠਾਂ ਹੀ ਛਪੀ ਸੀ, ਪਰ ਮੈਨੂੰ ਆਪਣਾ ਇਹ ਨਾਂ ਚੰਗਾ ਨਹੀਂ ਸੀ ਲੱਗਦਾ। ਭਾਰਾ ਭਾਰਾ, ਖੁਰਦਰਾ ਤੇ ਮਰਦਾਵਾਂ ਜਿਹਾ। ਸ਼ਾਇਦ ਇਸ ਲਈ ਵੀ ਕਿ ਇਸ ਨਾਂ ਨਾਲ ਕੇਵਲ ਪੁਰਸ਼ ਹਸਤੀਆਂ ਦੇ ਸਬੰਧਤ ਹੋਣ ਦਾ ਹੀ ਮੈਨੂੰ ਪਤਾ ਸੀ।
ਸਾਡੇ ਸ਼ਹਿਰ ਵਿਚ ਕਲਿਆਨ ਸਿੰਘ ਸੀ, ਸੀਮਿੰਟ ਦਾ ਵਪਾਰੀ। ਮੇਰੇ ਪੜਦਾਦੇ ਦਾ ਨਾਂ ਵੀ ਕਲਿਆਨ ਦਾਸ ਸੀ।
ਇਤਨੇ ਸੋਹਲ ਤੇ ਸੂਖ਼ਮ ਸਰੀਰ ਨਾਲ ਮੈਨੂੰ ਕਲਿਆਨ ਨਾਂ ਅਢੁਕਵਾਂ ਜਾਪਦਾ। ਹਾਈ ਸਕੂਲ ਵਿਚ ਮੇਰੀ ਬੰਗਾਲੀ ਜਮਾਤਣ ਕਲਿਆਨੀ ਤਾਂ ਸੀ ਪਰ ਸਾਡੇ ਉਦੋਂ ਦੇ ਪੰਜਾਬੀ ਤੇ ਸਿੱਖ ਸਭਿਆਚਾਰ ਵਿਚ ਕਲਿਆਨੀ ਕੋਈ ਨਾਂ ਨਹੀਂ ਸੀ। ਘਰ ਵਿਚ ਮੈਨੂੰ ਸਭ ‘ਕਾਨਾ’ ਬੁਲਾਉਂਦੇ ਸਨ, ਕਲਿਆਨ ਦਾ ਛੋਟਾ ਰੂਪ। ਮੈਂ ਆਪਣਾ ਕਲਮੀ ਨਾਂ ਵੀ ‘ਕਾਨਾ’ ਰੱਖਣ ਦਾ ਫੈਸਲਾ ਕੀਤਾ; ਲੇਕਿਨ ਇਸ ਨਾਂ ਦੇ ਨਾਲ ਕੀ ਲਗਾਵਾਂ। ਹਾਲੇ ਤਾਂ ਕਿਸ਼ੋਰੀ ਹੀ ਸਾਂ, ਗਿਆਨੀ ਵਿਚ ਪੜ੍ਹਦੀ ਤੇ ਪਤੀ ਦਾ ਪਤਾ ਹੀ ਨਹੀਂ ਸੀ ਕਿ ਕੌਣ ਹੋਵੇਗਾ। ਮੇਰੀ ਉਦੋਂ ਦੀ ਸਮਝ ਮੁਤਾਬਕ ਕਿਸੇ ਲੇਖਕਾ ਦੇ ਨਾਂ ਨਾਲ ਪਤੀ ਦਾ ਨਾਂ ਹੋਣਾ ਜ਼ਰੂਰੀ ਸੀ, ਜਿਵੇਂ ਉਸ ਦਾ ਆਪਣਾ ਕੋਈ ਵਜੂਦ ਹੀ ਨਾ ਹੋਵੇ।
ਚਲੋ ਉਸ ਦਾ ਨਾਂ ਕੁਝ ਵੀ ਹੋਇਆ, ਅੰਤ ਵਿਚ ਜੀਤ ਤਾਂ ਹੋਵੇਗਾ ਹੀ। ਉਨ੍ਹੀਂ ਦਿਨੀਂ ਜਗਜੀਤ, ਇੰਦਰਜੀਤ, ਮਨਜੀਤ ਆਦਿ ਨਾਂ ਹੀ ਆਧੁਨਿਕ ਸਨ। ਵੀਰ ਜੀ ਦਾ ਨਾਂ ਵੀ ਸੁਰਜੀਤ ਸੀ ਤੇ ਉਨ੍ਹਾਂ ਤੋਂ ਵੱਧ ਚੰਗਾ ਤੇ ਪਿਆਰਾ ਮੇਰੇ ਲਈ ਕੋਈ ਹੋਰ ਨਹੀਂ ਸੀ। ‘ਜੀਤ’ ਨਾਂ ਵਿਚ ਵੀਰ ਜੀ ਨੇ ਵੀ ਸ਼ਾਮਿਲ ਰਹਿਣਾ ਸੀ, ਤੇ ਮੇਰੀ ਕਲਪਨਾ ਦੇ ਹੋਣ ਵਾਲੇ ਪਤੀ ਨੇ ਵੀ।
ਮੈਂ ਸੋਚਿਆ ਕਿ ਮੈਂ ਕਿਸੇ ‘ਜੀਤ’ ਨਾਂ ਵਰਗੇ ਬੰਦੇ ਨਾਲ ਹੀ ਵਿਆਹ ਕਰਾਵਾਂਗੀ, ਤੇ ਜੇ ਉਸ ਦਾ ਨਾਂ ਕੋਈ ਹੋਰ ਵੀ ਹੋਇਆ ਤਾਂ ਵੀ ਮੈਂ ਮਗਰ ਜੀਤ ਲਗਾ ਲਵਾਂਗੀ। ਉਦੋਂ ਲੱਗਦਾ ਸੀ ਕਿ ਸਭ ਕੁਝ ਮੇਰੇ ਵੱਸ ਹੈ। ਸੋ, ਮੈਂ ਆਪਣਾ ਕਲਮੀ ਨਾਂ ‘ਕਾਨਾ ਜੀਤ’ ਸੋਚਿਆ। ਹੁਣ ਡਰ ਸੀ ਕਿ ਇਸ ਤਰ੍ਹਾਂ ਕਿਤੇ ‘ਕਾਨਾ ਦੀ ਥਾਂ ‘ਤੇ ਕਾਣਾ ਜੀਤ’ ਹੀ ਨਾ ਅਖਵਾਣ ਲੱਗਾਂ। ਸੋ, ਮੈਂ ਤੱਤੇ ਨੂੰ ਬਿਹਾਰੀ ਲਾ ਕੇ ‘ਕਾਨਾ ਜੀਤੀ’ ਬਣ ਗਈ।
ਸੰਨ 1954 ਤੋਂ 1962 ਤਕ ਮੇਰੇ ਪਹਿਲੇ ਦੌਰ ਦੀਆਂ ਰਚਨਾਵਾਂ ਪੰਜਾਬੀ ਦੇ ਮਾਸਿਕ ਪੱਤਰਾਂ ਵਿਚ ਇਸੇ ਨਾਂ ਨਾਲ ਛਪੀਆਂ। ਇੱਦਾਂ ਮੇਰੀ ਮੁੱਢਲੀ ਸਾਹਿਤਕ ਪਛਾਣ ਵਿਚ ਵੀ ਅਸਿੱਧੇ ਤੌਰ ‘ਤੇ ਅੰਮ੍ਰਿਤਾ ਪ੍ਰੀਤਮ ਹੀ ਸੀ।
ਜੀਤ, ਮੇਰਾ ਪਤੀ ਪਹਿਲੀ ਨਜ਼ਰੇ ਮੈਨੂੰ ਬੜਾ ਹੀ ਸਾਧਾਰਨ, ਆਮ ਨਾਲੋਂ ਘੱਟ ਆਕਰਸ਼ਕ, ਮੋਟਾ ਢਿੱਲਾ, ਕੁਝ ਤੰਗਦਿਲ ਤੇ ਗਲਾਧੜ ਜਿਹਾ ਲੱਗਿਆ ਸੀ। ਰਿਸ਼ਤੇ ਦੀ ਗੱਲ ਮੇਰੇ ਮੁੰਬਈ ਪੁੱਜਣ ਤੋਂ ਪਹਿਲਾਂ ਹੀ ਉਥੇ ਰਹਿੰਦੀ ਮੇਰੀ ਭੈਣ ਵਲੋਂ ਚੱਲ ਚੁੱਕੀ ਸੀ। ਮੈਂ ਪਹਿਲੀ ਤੱਕਣੀ ਉਤੇ ਨਾਂਹ ਕਰ ਦਿੱਤੀ, ਪਰ ਅਗਲੇ ਛੇ ਮਹੀਨਿਆਂ ਵਿਚ ਵੀਰ ਜੀ ਦੀ ਸ਼ਾਦੀ ਅਤੇ ਉਸ ਉਪਰੰਤ ਸੱਤਾਂ ਦਿਨਾਂ ਵਿਚ ਹੀ ਸੜਕ ਹਾਦਸੇ ਨਾਲ ਅਚਾਨਕ ਉਨ੍ਹਾਂ ਦੀ ਮੌਤ ਅਤੇ ਉਧਰ ਡਾਕਟਰ ਮਨਜੀਤ ਦਾ ਆਦਰਸ਼ਵਾਦ, ਭਾਵੁਕਤਾ, ਉਸ ਦੀ ਮਰੀਜ਼ਾਂ ਨਾਲ ਹੱਦੋਂ ਬਾਹਰੀ ਹਮਦਰਦੀ, ਸੇਵਾ ਭਾਵ ਵਾਲੇ ਕੁਝ ਅਜਿਹੇ ਮਾਨਵੀ ਪੱਖ, ਵੀਰ ਜੀ ਦੀ ਮੌਤ ਕਾਰਨ ਹਿੱਲ ਗਈ ਮੇਰੀ ਹਾਲਤ ਦੇ ਸਾਹਮਣੇ ਆਏ ਕਿ ਮੇਰੀ ਨਾਂਹ, ਹਾਂ ਵਿਚ ਬਦਲ ਗਈ, ਤੇ ਹਾਂ ਵੀ ਉਹ ਕੋਈ ਮਾਮੂਲੀ ਨਹੀਂ ਸੀ। ਕਹਿਰਾਂ ਦੀ ਸ਼ਿੱਦਤ!
ਮੰਗਣੀ ਅਤੇ ਵਿਆਹ ਵਿਚਲੇ ਇਕ ਮਹੀਨੇ ਦੇ ਵਕਫ਼ੇ ਵਿਚ ਅਸੀਂ ਇਕ ਦੂਜੇ ਦੇ ਪੂਰੇ ਦੀਵਾਨੇ ਹੋ ਚੁੱਕੇ ਸਾਂ।
‘ਮਾਂ ਜੀ ਉਹ ਹਿਤਨੇ ਸੁਹਣੇ ਨੁ, ਵਕਤ ਰੁੱਕ ਕਿਉਂ ਨਹੀਂ ਜਾਨਾ, ਧਰਤੀ ਖਲੋ ਕਿਉਂ ਨਹੀਂ ਜਾਨੀ, ਹਾਏ ਮੈਂ ਨਹੀਂ ਜੀ ਸਕਣਾ ਉਨ੍ਹਾਂ ਬਗੈਰæææ।’
ਯਾਦ ਹੈ ਲਾਵਾਂ ਤੋਂ ਕੁਝ ਛਿਣ ਪਹਿਲਾਂ ਸ਼ੀਸ਼ੇ ਵਿਚੋਂ ਆਪਣੇ ਅਕਸ ਵਿਚੋਂ ਜੀਤ ਦਾ ਦੀਦਾਰ ਕਰਦੀ ਮੈਂ ਕੂਕ ਉਠੀ ਸਾਂ।
ਕਾਹਦੀ ਨੱਥ ਤੇ ਕੇਹੇ ਕਲੀਰੇ
ਕਾਹਦੇ ਝੁੰਬਰ ਕਾਹਦੇ ਬੀੜੇ
ਸੋਨਾ ਭਿਟਿਆ ਚਾਂਦੀ ਬਾਸੀ
ਸੁੱਚਾ ਨਾ ਹਾਥੀ ਦੰਦ ਸੱਜਣ ਜੀ
ਦੱਸ ਕਾਹਦਾ ਮੈਂ ਚੂੜਾ ਚਾੜ੍ਹਾਂ
ਜੇ ਤੂੰ ਤੋੜੇਂ ਵੰਗ ਸੱਜਣ ਜੀæææ।
ਵਿਆਹ ਹੋ ਗਿਆ ਸੀ, ਤੇ ਜੀਤ ਸਾਹਾਂ ਦਾ ਸਾਹ ਹੋ ਗਿਆ ਸੀ। ਦੋ ਮੀਲਾਂ ਦੀ ਵਿੱਥ ਉਤੇ ਮੁੰਬਈ ਦੀ ਚਾਰ ਬੰਗਲਾ ਬਸਤੀ ਦੇ ਮੋੜ ਉਤੇ ਵੀ ਉਸ ਦਾ ਸਕੂਟਰ ਨਹੀਂ ਸੀ ਅੱਪੜਦਾ ਕਿ ਮੇਰੇ ਅੰਦਰਲੇ ਕੰਨਾਂ ਨੂੰ ਖ਼ਬਰ ਹੋ ਜਾਂਦੀ ਤੇ ਬਾਹਰਲੇ ਖੜ੍ਹੇ ਹੋ ਜਾਂਦੇ। ਮੈਂ ਸਟੋਵ ਉਤੇ ਗਰਮ ਹੋਣ ਲਈ ਪਾਣੀ ਰੱਖ ਦਿੰਦੀ। ਘਰ ਵਿਚ ਪ੍ਰਵੇਸ਼ ਕਰਦੇ ਦੇ ਹੀ ਬੂਟ ਉਤਾਰ, ਜੁਰਾਬਾਂ ਲਾਹ, ਗਰਮ ਪਾਣੀ ਦੀ ਚਿਲਮਚੀ ਵਿਚ ਕਦੇ ਤੇਲ ਜਾਂ ਡਿਟੋਲ ਪਾ ਅਤੇ ਕਦੇ ਗੁਲਾਬ ਜਲ ਜਾਂ ਗਲਿਸਰੀਨ ਪਾ, ਜੀਤ ਦੇ ਉਜਲੇ-ਸੁੱਥਰੇ ਪੈਰਾਂ ਨੂੰ ਧੋਂਦੀ, ਥਪਥਪਾਂਦੀ, ਸਹਿਲਾਂਦੀ ਟਕੋਰਦੀ ਤੇ ਪੂੰਝਦੀ ਦੇ ਹੋਠ ਆਪ ਮੁਹਾਰੇ ਹੀ ਉਸ ਦੀਆਂ ਅੱਡੀਆਂ, ਤਲੀਆਂ ਅਤੇ ਪੈਰ-ਪੋਟਿਆਂ ਉਤੇ ਫਿਰਨ ਲੱਗਦੇ, ਮਾਨੋ ਸਗਲੀ ਹਸਤੀ ਹੀ ਪਿਆਸ ਬਣ ਜਾਂਦੀ, ਡੀਕੋ ਡੀਕ, ਅਰ ਮਨ ਦੀ ਵੀਣਾ ਗੂੰਜ ਉਠਦੀ,
ਚਰਨ ਤੇਰੇ ਸੁੱਚੇ ਹੋਠ ਮੇਰੇ ਜੂਠੇæææ
ਸ਼ਾਇਦ ਇਸੇ ਵਜਦ ਦੇ ਆਲਮ ਵਿਚ ਹੀ ਮੈਥੋਂ ਕਹਿ ਗਿਆ ਹੋਣੈ,
ਚੰਨ ਲੱਸੀ ਦਾ ਛੰਨਾ/ਤੇ ਡੀਕ ਲਗਾਵਾਂਗੀ
ਭਰੇ-ਭਕੁੰਨੇ ਰਹਿਣਾ/ਪੀਂਦੀ ਜਾਵਾਂਗੀæææ।
ਮੇਰੇ ਆਗੋਸ਼ ਵਿਚ ਪਏ ਜੀਤ ਦੇ ਬੁੱਲ੍ਹ ਗੱਲ ਕਰਨ ਲਈ ਖੁੱਲ੍ਹੇ ਨਹੀਂ ਕਿ ਚੁੰਮਣਾਂ ਨਾਲ ਸੀ ਦਿੰਦੀ ਸਾਂ ਮੈਂ,
ਚੰਨ ਜੀ ਤੁਸੀਂ ਹੋ ਸਾਗਰ ਸਾਗਰ
ਭਵ ਸਾਗਰ ਸਾਨੂੰ ਜਾਪੇ ਗਾਗਰ
ਸਾਲ ਵਿਚ ਮਸਾਂ ਦਸ ਪੰਦਰਾਂ ਦਿਨਾਂ ਲਈ ਹੀ ਦਿੱਲੀ ਜਾਣਾ ਹੁੰਦਾ ਸੀ। ਏਦੂੰ ਵੱਧ ਦਾ ਵਿਛੋੜਾ ਨਾ ਜੀਤ ਸਹਾਰ ਸਕਦਾ, ਤੇ ਨਾ ਹੀ ਮੈਂ। ਪੇਕੇ ਘਰ ਬੈਠੀ ਦੇ ਨੈਣ ਡਾਕੀਏ ਦੀ ਉਡੀਕ ਵਿਚ ਵਿਛੇ ਰਹਿੰਦੇ। ਡਾਕ ਵੀ ਉਦੋਂ ਦਿਨ ਵਿਚ ਦੋ ਵੇਰਾਂ ਆਉਂਦੀ ਸੀ।
‘ਬੱਚੀਏ, ਹਿਤਨਾ ਮੋਹ ਚੰਗਾ ਨਹੀਂ ਹੋਨਾ। ਹੋਰ ਵੀ ਤੈ ਧੀਆਂ ਨੁ। ਸਾਰੀਆਂ ਛੇ ਛੇ ਮਹੀਨੇ ਰਹਿ ਜਾਨੀਆਂ। ਹਸਨੀਆਂ ਖੇਡਨੀਆਂ ਰਹਿਨੀਆਂ ਤੈ ਜਾਣੇ ਨਾ ਨਾਂ ਨਾ ਲੈਨੀਆਂ। ਕਿਸੈ ਵਿਚ ਨਹੀਂ ਤੱਕੀ ਜਿਹੀ ਤੜਫ਼।’ ਮਾਂ ਆਖਦੀ।
‘ਤੜਫ਼ ਕਿ ਆਖ਼ਰ ਹੀ ਆਈ ਹੋਈ ਸੁ। ਪਿਆਰ ਵੀ ਰਾਹੇ ਰੰਗੈ ਨਾ ਸੋਭਨੈ। ਹੇ ਤੈ ਬਿਨ ਪਾਣੀਏ ਮੱਛੀ ਹਾਰ ਵਿਲਕਨੀ ਹੈ।’ ਬੇਜੀ ਆਖਦੇ।
‘ਨਾਂਹ ਜੀ ਸਕਨੀ ਮੈਂ ਜੀਤ ਬਗੈਰ, ਮਾਂਜੀ। ਖ਼ਤ ਨਹੀਂ ਪਤਰ ਨਹੀਂ ਸੁਖੇ-ਸਾਂਦੀ ਨੀ ਕੋਈ ਖ਼ਬਰ ਨਹੀਂ। ਉਹ ਵੱਲ ਹੋਣ ਸਹੀ। ਮੈਨ ਵਾਪਸ ਭੇਜੋ।’
ਜੀਤ ਨੂੰ ਚਿੱਠੀ ਲਿਖਣ ਦੀ ਘੱਟ ਹੀ ਆਦਤ ਸੀ। ਮੈਂ ਬਹਿਬਲ ਹੋ ਉਠਦੀ।
ਛੁਹ ਅਗੰਮੜੀ ਲੋਚ ਲੋਚ ਕੇ
ਕੜ ਕੜਕੇਣ ਕਲਾਈਆਂ
ਨੀਝ ਧੁੰਦੇਰੀ ਲੰਮੀਆਂ ਵਾਟਾਂ
ਮੁਕਸਣ ਕਦ ਜੁਦਾਈਆਂ
‘ਆਵਾਂਗੇ, ਮੁੜ ਆਵਾਂਗੇ’
ਮੁੜ ਪੈਸੀ ਕਦ ਕੁ ਫੇਰਾ
ਦੂਰ ਸੱਜਣ ਦਾ ਡੇਰਾ!
ਜੀਤ ਦੇ ਪੈਰ ਸੁਹਣੇ ਸਨ ਜਾਂ ਮੇਰੀ ਦ੍ਰਿਸ਼ਟੀ, ਇਹ ਨਿਰਣਾ ਕਰਨਾ ਤਾਂ ਮੁਸ਼ਕਿਲ ਹੈ ਪਰ ਇਹ ਸੱਚ ਹੈ ਕਿ ਬਚਪਨ ਵਿਚ ਕਿਤੇ ਮੈਂ ਗੁਰੂ ਨਾਨਕ ਦੇ ਜੁਆਨ ਰੂਪ ਦੀ ਕੋਈ ਤਸਵੀਰ ਵੇਖੀ ਸੀ।
ਸਿਖਰ ਦੁਪਹਿਰੀਂ ਸੁੱਤੇ ਪਏ ਨਾਨਕ ਦੇ ਸਿਰ ਉਪਰ ਸੱਪ ਦੀ ਛਾਂ ਤੇ ਗੁਲਾਬੀ ਪੈਰਾਂ ਵਿਚ ਪਦਮ ਰੇਖਾਵਾਂ। ਉਹ ਚਰਨ ਮੇਰੇ ਅਚੇਤ ਮਨ ਵਿਚ ਉਸੇ ਤਰ੍ਹਾਂ ਟਿਕ ਗਏ ਤੇ ਇੱਦਾਂ ਹੀ ਪੰਜਾ ਸਾਹਿਬ ਵਿਚ ਗੁਰੂ ਨਾਨਕ ਦੇ ਹੱਥ-ਪੰਜੇ ਦਾ ਨਿਸ਼ਾਨ ਜਿਸ ਨਾਲ ਆਪਣੇ ਬਾਲ ਹੱਥ ਮੇਚ-ਮੇਚ ਮੈਂ ਰਜਦੀ ਨਾ। ਸਾਰਾ ਸਾਰਾ ਦਿਨ ਸਰੋਵਰ ਵਿਚ ਵੜੇ ਰਹਿਣਾ ਅਤੇ ਪਲ ਪਲ ਮਗਰੋਂ ਗੁਰੂ ਨਾਨਕ ਦੇ ਪੰਜੇ ਨਾਲ ਆਪਣੇ ਹੱਥ ਛੁਹਣੇ-ਮੇਚਣੇ ਤੇ ਰੇਖਾਵਾਂ ਮਿਲਾਣੀਆਂ।
ਉਹ ਹੱਥ ਤੇ ਪੈਰ ਅਚੇਤ ਹੀ ਮੇਰੇ ਅੰਤਹਿਕਰਨ ਵਿਚ ਵਸ ਗਏ ਸਨ।
ਮੇਰਾ ਪਤੀ ਜਿਸ ਦਾ ਨਾਂ ਜੀਤ ਹੋਣਾ ਮੇਰੇ ਲਈ ਨਿਸ਼ਚਿਤ ਹੀ ਸੀ, ਉਸ ਦੀ ਕਾਇਆ ਗੁਰੂ ਨਾਨਕ ਦੇ ਉਸ ਜੁਆਨ ਰੂਪ ਵਰਗੀ ਹੀ ਹੋਵੇਗੀ ਤੇ ਸੁੱਤੇ ਪਏ ਦੇ ਪੈਰ ਵੀ ਉਂਜ ਦੇ ਉਂਜ ਗੁਰੂ ਨਾਨਕ ਦੇ ਚਰਨਾਂ ਵਰਗੇ।
ਮੈਂ ਇੱਦਾਂ ਹੀ ਕਲਪਿਆ ਚਿਤਵਿਆ ਸੀ, ਤੇ ਹੁਣ ਮੈਨੂੰ ਇੰਜ ਹੀ ਮਹਿਸੂਸ ਹੁੰਦਾ ਸੀ।
ਅੱਜ ਸੋਚਦੀ ਹਾਂ ਕਿ ਮੈਂ ਹਮੇਸ਼ਾਂ ਆਪਣੇ ਪਤੀ ਦੀ ਖੁਦ ਵੱਲ ਪਿੱਠ ਹੀ ਕਿਉਂ ਸੋਚੀ, ਕਲਪੀ?
ਪੈਰ ਜੀਤ ਦੇ ਸੁਹਣੇ ਸਨ, ਅੰਤਾਂ ਦੇ ਤੇ ਸਾਰੇ ਦੇ ਸਾਰੇ ਮੇਰੇ, ਮੇਰੀ ਗੋਦ ਵਿਚ! ਇਹ ਸੱਚ ਹੈ ਕਿ ਸੁਪਨਾ? ਇਹ ਜਾਣਨ ਲਈ ਮੈਂ ਆਪਣੀ ਰੂਹ ਨੂੰ ਚੂੰਢੀਆਂ ਵੱਢ ਵੱਢ ਪਰਤਾਲਦੀ। ਸਰੀਰ ਹੁਣ ਰਿਹਾ ਹੀ ਕਿੱਥੇ ਸੀ, ਮੇਰੇ ਕੋਲ? ਜੀਤ ਸੀ, ਉਸ ਦੇ ਪੈਰ ਸਨ, ਮੇਰੇ ਹੋਠ ਸਨ ਤੇ ਬਸ।
æææ ਕੇਤੇ ਰਾਂਝਣ/ਕੇਤੇ ਮਿਰਜ਼ੇ
ਲਟ ਲਟ ਬਲਦੇ/ਚੌਕੀ ਭਰਦੇ
ਦੀਵੋ ਦੀਵੀ/ਧੂਪੋ ਧੂਪੀ
ਬਲਿਹਾਰਨ ਨੂੰ/ਫਿਰਨ ਚੌਗਿਰਦੇ
ਭੀ ਨਾ ਤੇਰੀ/ਆਰਤੀ ਪੂਰੀ
ਥਾਲ ਧਰਤ ਦਾ/ਤੰਗ ਸੱਜਣ ਜੀ
ਜੇ ਖੇਡਾਂ/ਰਸ ਰੰਗ ਸੱਜਣ ਜੀæææ।
ਮੈਨੂੰ ਇੰਜ ਵੀ ਲੱਗਦਾ ਹੈ ਕਿ ਮੇਰੀ ਉਹ ਸਿਖ਼ਰ ਦੀ ਨਿਸ਼ਠਾ ਵਿਅਕਤੀ-ਵਿਸ਼ੇਸ਼ ਜੀਤ ਲਈ ਨਹੀਂ ਸੀ।
ਮੇਰਾ ਪਤੀ ਜੀਤ ਨਾ ਹੋ ਕੇ ਜੇ ਕੋਈ ਹੋਰ ਵੀ ਹੁੰਦਾ ਤਾਂ ਵੀ ਮੇਰੇ ਹੋਠ ਉਸ ਦੇ ਪੈਰਾਂ ਨਾਲ ਇਸੇ ਤਰ੍ਹਾਂ ਜੁੜਦੇ। ਮੇਰਾ ਪਾਲਣ-ਪੋਸ਼ਣ ਹੀ ਅਜਿਹਾ ਹੋਇਆ ਸੀ। ਪਤੀਬ੍ਰਤਾ, ਭਾਰਤੀ ਨਾਰੀ, ਸਗਲੀ ਸਗਵੀਂ ਇਕੋ ਪੁਰਸ਼ ਦੀ। ਮਾਂ ਨੂੰ ਇੰਜ ਹੀ ਪਿਆਰ-ਵਿਗੁੱਤੀ ਵੇਖਿਆ ਸੀ। ਵੱਡੇ ਭੈਣ-ਭਰਾਵਾਂ ਤੇ ਮਾਸੀਆਂ-ਚਾਚਿਆਂ ਦੇ ਦੰਪਤੀ ਰਿਸ਼ਤਿਆਂ ਵਿਚ ਵੀ ਮੈਂ ਪੂਰਾ ਸੁਖਾਵਾਂ ਤਾਲਮੇਲ ਵੇਖਿਆ ਸੀ।
ਪਹਿਲੇ ਪਿਆਰ ਦੀ ਅਸਫ਼ਲਤਾ ਦੇ ਬਾਵਜੂਦ ਅਥਾਹ ਚਾਅ ਸੀ ਕਿਸੇ ਦੀ ਪੂਰੀ ਸੂਰੀ ਹੋਣ ਦਾ ਅਤੇ ਸ਼ਾਦੀ ਮਗਰੋਂ ਕੇਵਲ ਤੇ ਕੇਵਲ ਪਤੀ ਦੀ ਹੀ ਤਨੋਂ ਮਨੋਂ ਤੇ ਰੂਹੋਂ ਸਾਰੀ ਸਮੁੱਚੀ ਹੋਣ ਦਾ।
ਕੁਝ ਰੂਹਾਂ ਜਨਮਦੀਆਂ ਹੀ ਇਸ਼ਕ ਲਈ ਹਨ। ਉਹ ਜਿਸ ਤੋਂ ਜਦੋਂ ਵੀ ਕੁਰਬਾਨ ਹੁੰਦੀਆਂ ਹਨ, ਇੱਦਾਂ ਜਿਵੇਂ ਪਹਿਲਾਂ ਕਦੇ ਨਾ ਹੋਈਆਂ ਹੋਣ।
ਜੀਤ ਲਈ ਮੈਂ ਨਾ ਪੂਰੀ ਰੱਦ ਸਾਂ ਤੇ ਨਾ ਮਨਜ਼ੂਰ। ਸੱਚ ਤਾਂ ਇਹ ਹੈ ਕਿ ਕਦੇ ਇੰਨੀ ਪਰਵਾਨ ਹੁੰਦੀ ਸਾਂ ਕਿ ਮੇਰੇ ਪੈਰਾਂ ਉਤੇ ਉਸ ਦੇ ਵੀ ਬੁੱਲ੍ਹ ਹੁੰਦੇ। ਸਾਰੀ ਸਾਰੀ ਰਾਤ ਮੈਨੂੰ ਅਪਲਕ ਨਿਹਾਰਦਾ ਨਾ ਥੱਕਦਾ। ਤਲੀ ਦਾ ਛਾਲਾ, ਗਲੇ ਦਾ ਹਾਰ ਤੇ ਸਿਰ ਦਾ ਤਾਜ ਬਣਾ ਰੱਖਦਾ ਤੇ ਫਿਰ ਅਚਾਨਕ ਹੀ ਇਸ ਤਾਜ ਨੂੰ ਮਣਾ-ਮੂੰਹੀਂ ਭਾਰੀ ਪੰਡ ਜਾਣ ਭੁੰਜੇ ਵਗਾਹ ਮਾਰਦਾ, ਤ੍ਰਿਸਕਾਰ ਨਾਲ।
ਕਸੂਰ ਜੀਤ ਦਾ ਨਹੀਂ ਸੀ। ਕਸੂਰ ਸੀ ਸ਼ਾਇਦ ਮੇਰੀ ਪਾਗਲ ਪ੍ਰੀਤ ਦਾ ਜਿਸ ਦੀ ਜਕੜ ਉਸ ਨੂੰ ਅਸਕਤ ਕਰ ਦਿੰਦੀ। ਉਕਤਾਅ ਦਿੰਦੀ। ਪਿਆਰ ਦਾ ਇਹੀ ਦੁਖਾਂਤ ਹੈ।
ਪਿਆਰ ਪੂਜਾ ਬਣ ਕੇ ਬੰਦੇ ਨੂੰ ਦੇਵਤਾ ਬਣਾ ਦਿੰਦਾ ਹੈ ਤੇ ਫਿਰ ਦੇਵਤੇ ਨੂੰ ਪੱਥਰ। ਦੇਵਤੇ ਪੱਥਰ ਨਹੀਂ ਹੁੰਦੇ। ਭਗਤੀ ਹੀ ਸਿਰਜਦੀ ਹੈ ਮੂਰਤੀ ਨੂੰ, ਤੇ ਫਿਰ ਉਸ ਵਿਚੋਂ ਜਾਨ ਟਟੋਲਦੀ, ਧੜਕਣ ਲੱਭਦੀ ਤੇ ਰੂਹ ਭਾਲਦੀ ਹੈ ਜੋ ਅਸੰਭਵ ਹੈ।
ਹੋਠ ਚਰਨਾਂ ਨਾਲ ਜੁੜੇ ਮਸਤੀ ਵਿਚ ਗੜੂੰਦ ਹੁੰਦੇ ਕਿ ਅਚਾਨਕ ਚਰਨ ਠੋਕਰ ਮਾਰ ਜਾਂਦੇ। ਸੁਪਨਾ ਬਿਖਰ ਜਾਂਦਾ, ਖੇਰੂੰ ਖੇਰੂੰ।
ਜੀਤ ਚਲਾ ਜਾਂਦਾ ਛੱਡ ਕੇ
ਸਾਗਰ ਕੰਢੇ ਕਲ-ਮੁਕੱਲੀ ਨੂੰ!
‘ਅਸੀਂ ਹੋਰ ਇਕੱਠੇ ਨਹੀਂ ਰਹਿ ਸਕਦੇ।’æææਗੁੱਸਾ, ਗਾਹਲਾਂ, ਤਲਾਕ ਦੀਆਂ ਧਮਕੀਆਂ।æææ ਜੀਤ ਤੁਰ ਜਾਂਦਾ। ਕਿੰਨੇ ਕਿੰਨੇ ਦਿਨ ਘਰ ਨਾ ਪਰਤਦਾ।
ਡੁਸਕਦੇ ਹੋਠ, ਛਲਕਦੇ ਨੈਣ ਖੁੱਲ੍ਹੇ ਦੇ ਖੁੱਲ੍ਹੇ ਹੀ ਰਹਿ ਜਾਂਦੇ। ਬਿਨ ਪਾਣੀਏ ਮੱਛਲੀ! ਸਾਕਾਰ ਉਡੀਕ, ਮੂਧੀ ਪਈ ਹੁੰਦੀ ਮੈਂ ਕਿ ਉਹ ਪਰਤਦਾ।
‘ਮੈਨੂੰ ਮਾਫ਼ ਕਰ ਦੇਹæææ ਤੇਰੀਆਂ ਜੁੱਤੀਆਂ ਤੇ ਮੇਰਾ ਸਿਰæææ ਮੈਂ ਤੇਰਾ ਦੋਸ਼ੀæææ ਸਹੁੰ ਰੱਬ ਦੀ, ਸਹੁੰ ਮਾਂ ਦੀ, ਸਹੁੰ ਬੱਚਿਆਂ ਦੀæææ।’
ਸਿਰ ਉਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਚੁੱਕ ਕੇ ਮੁੜ ਕਦੇ ਨਾ ਜਾਣ ਦੀਆਂ ਕਸਮਾਂ ਖਾਂਦਾ। ਮੇਰੀਆਂ ਚੱਪਲਾਂ ਚੁੱਕ ਕੇ ਆਪਣੇ ਸਿਰ ‘ਤੇ ਮਾਰਦਾ, ਰੋਂਦਾ ਪਛਤਾਂਦਾ, ਹਾੜੇ ਤਰਲੇæææ ‘ਇਕ ਵੇਰਾਂ, ਬਸ ਇਕੋ ਵੇਰਾਂ ਮਾਫ਼ ਕਰ ਦੇਹ, ਮੁੜ ਕਦੇ ਨਹੀਂ ਜਾਵਾਂਗਾ ਤੈਨੂੰ ਛੱਡ ਕੇæææ। ਤੇ ਫਿਰ ਸਹਿਜ ਸੁਭਾਅ ਹੀ ਮੇਰੇ ਹੰਝੂ-ਭਿੱਜੇ ਹੋਠ ਫਰਕ ਉਠਦੇ,
æææ ਜੇ ਕੋਈ ਸੁਹਣਾ/ਮੋਮੋਠਗਣਾ
ਆਪਹੁਦਰੀਆਂ/ਭੁੱਲਾਂ ਕਰ ਕੇ
ਲੀਕਾਂ ਕੱਢੇ/ਮੱਥੇ ਰਗੜੇ
æææ æææ æææ
ਆਖੇ ਈਹੋ ਵਾਰ
ਕੌਣ ਕਰੇ ਇਤਬਾਰ

ਨਵਜੰਮੇ ਸੰਨੀ ਪੁੱਤਰ ਦਾ ਚਿਹਰਾ ਸੁੰਦਰ ਨਹੀਂ ਸੀ। ਪੀਲਾ ਭੂਕ, ਸੁੱਜਿਆ ਹੋਇਆ ਤੇ ਸਿਰ ਫਾੜੀਓ-ਫਾੜੀ, ਇਕ ਇਕ ਹੱਡੀ ਵੱਖ ਦਿਸਦੀ। ਮਸਾਂ ਚਾਰ ਪੌਂਡ ਵਜ਼ਨ ਅਤੇ ਫਾਰਸੈਪ ਡਿਲੀਵਰੀ।
‘ਹਾਇ ਮਾਂ ਜੀ, ਹੇ ਤੈ ਭੋਰਾ ਨਹੀਂ ਸੁਹਣਾ। ਪਤਾ ਨਹੀਂ ਜੀਤ ਇਸ ਕੀ ਪਿਆਰ ਵੀ ਕਰਸੀ ਕਿ ਨਾæææ।’
ਡਰ ਨਾਲ ਸਹਿਮ ਗਈ ਸਾਂ ਮੈਂ ਪਰ ਪੈਰ ਸੰਨੀ ਦੇ ਬਹੁਤ ਸੁਹਣੇ ਸਨ।
ਪੰਖੜੀਆਂ ਗੁਲਾਬ ਦੀਆਂ
ਟੁਕੜੀਆਂ ਚੰਨ ਦੀਆਂ
ਮੇਰੀ ਮਮਤਾ ਸੰਨੀ ਦੇ ਪੈਰ ਵੇਖ ਕੇ ਹੀ ਜਾਗੀ ਸੀ, ਮੁੱਖ ਤੱਕ ਕੇ ਨਹੀਂ।
ਉਸ ਰੁੰਡ-ਮਰੁੰਡ/ਬੇਰੀ ਦੀ ਕੰਨੀਏ
ਇਕ ਚਿੜੀ ਚਹਿਕੀ/ਇਕ ਕੋਂਪਲ ਫੁੱਟੀ
ਉਸ ਜਿੰਦ ਨਿਸੱਤੀ/ਦੀ ਕੁੱਖੜੀ ਫੁੱਟੀ
ਇਕ ਨੂਰ ਦੀ ਖਿੱਟੀ/ਇਕ ਤੇਜ ਦੀ ਫੁੱਟੀ
æææ æææ æææ
ਇਕ ਨੇ ਅੱਖ ਪੁੱਟੀ/ਇਕ ਨਿਸੱਲ ਸੁੱਤੀ।
æææਤੇ ਮੇਰੇ ਹੋਠ ਉਨ੍ਹਾਂ ਬਾਲ ਚਰਨਾਂ ਨਾਲ ਜਿਹੇ ਜੁੜੇ ਕਿ ਰੂਹ ਫਿਰ ਅਲਾਪ ਕਰ ਉਠੀ,
ਚਰਨ ਤੇਰੇ ਸੁੱਚੇ/ਹੋਠ ਮੇਰੇ ਜੂਠੇæææ
ਮਾਲਿਸ਼ ਕਰਦਿਆਂ, ਨਹਿਲਾਉਂਦਿਆਂ, ਖਿਡਾਉਂਦਿਆਂ ਜਾਂ ਸੁਲਾਉਂਦਿਆਂ ਮੈਂ ਸੰਨੀ ਦੇ ਚੰਨ-ਪੈਰਾਂ ਨੂੰ ਚੁੰਮਦੀ ਨਾ ਥੱਕਦੀ। ਸੰਨੀ ਵੀ ਪੈਰ ਚੁੰਮਾਉਣ ਦਾ ਇੰਨਾ ਆਦੀ ਹੋ ਗਿਆ ਕਿ ਮੰਜੇ ਉਤੇ ਲੇਟਦਿਆਂ ਹੀ ਉਹ ਆਪਣੇ ਪੈਰ ਮੇਰੇ ਹੋਠਾਂ ਉਤੇ ਰੱਖ ਦਿੰਦਾ। ਚੁੰਮਣ-ਲੋਰ ਵਿਚ ਗੜੂੰਦ ਹੋਏ ਦੇ ਨੈਣ ਜਦੋਂ ਨੀਂਦ ਨਾਲ ਬੋਝਲ ਹੋ ਜਾਂਦੇ ਤਾਂ ਹੀ ਉਹ ਸੌਂ ਸਕਦਾ। ਬਿਨਾਂ ਪੈਰ ਚੁੰਮਾਏ ਤਾਂ ਜਿਵੇਂ ਉਸ ਨੂੰ ਨੀਂਦ ਹੀ ਨਾ ਆਉਂਦੀ। ਸੰਨੀ ਦੇ ਪੈਰ ਮੈਂ ਚੁੰਮ ਚੁੰਮ ਵੱਡੇ ਕੀਤੇ ਤੇ ਇਸੇ ਤਰ੍ਹਾਂ ਹੀ ਉਸ ਤੋਂ ਨਿੱਕੜੇ ਦੀਪੀ ਦੇ ਵੀ। ਅੱਜ ਵੀ ਘੂਕ ਸੁੱਤੇ ਪਏ ਜੁਆਨ ਪੁੱਤਰਾਂ ਦੇ ਸੁਡੌਲ ਪੈਰਾਂ ਉਤੇ ਨਜ਼ਰ ਪੈਂਦਿਆਂ ਹੀ ਮੇਰਾ ਮਨ ਚੁੰਮਣ ਲਈ ਅਧੀਰ ਹੋ ਉਠਦਾ ਹੈ ਅਤੇ ਅਚੇਤ ਹੀ ਬੁੱਲ੍ਹ ਫਰਕ ਉਠਦੇ ਹਨ- ਚਰਨ ਤੇਰੇ ਸੁੱਚੇæææ।
ਸੋਚਦੀ ਹਾਂ ਕਿ ਆਪਣੇ ਬੱਚਿਆਂ ਦੇ ਅੰਗਾਂ ਵਿਚੋਂ ਸਭ ਤੋਂ ਵੱਧ ਮੈਨੂੰ ਪੈਰ ਹੀ ਕਿਉਂ ਆਕਰਸ਼ਿਤ ਕਰਦੇ ਹਨ। ਇਹ ਕੁਦਰਤ ਦੀ ਦੇਣ ਹੈ ਜਾਂ ਮੇਰੀ ਚੁੰਮਣ ਸਿਰਜਣਾ?
ਪੈਰ!æææ/ਗੁਰੂ ਨਾਨਕ ਦੇ ਪੈਰ,
ਜੀਤ ਦੇ ਪੈਰ/ਸੰਨੀ ਦੇ ਪੈਰ/ਦੀਪੀ ਦੇ ਪੈਰ
ਕਿਹੜੇ ਰੱਬੀ/ਕਿਹੜੇ ਦੁਨਿਆਵੀ?
ਮੇਰੀ ਹਾਲਤ ਤਾਂ ਭਾਈ ਘਨੱਈਆ ਜੀ ਵਰਗੀ ਹੀ ਰਹੀ ਜਿਨ੍ਹਾਂ ਨੂੰ ਦੁਸ਼ਮਣ ਤੇ ਮਿੱਤਰ ਫੱਟੜਾਂ ਵਿਚ ਕਦੇ ਕੋਈ ਅੰਤਰ ਨਹੀਂ ਸੀ ਲੱਗਿਆ।
ਮੇਰੇ ਪਿਆਰ ਦੀ ਸ਼ਿੱਦਤ ਵਿਚ ਚਰਨ-ਚੁੰਮਣ ਦਾ ਅਹਿਸਾਸ ਇੰਨਾ ਤੀਬਰ ਹੈ ਕਿ ਸਾਜਣ-ਸੱਜਣ, ਮਿੱਤਰ ਸਨੇਹੀ, ਪੰਛੀ-ਜਨੌਰ, ਵਣ-ਤ੍ਰਿਣ, ਸਗਲੀ ਸ੍ਰਿਸ਼ਟੀ, ਸਾਰਾ ਬ੍ਰਹਿਮੰਡ ਮੈਨੂੰ ਕਿਸੇ ਸਰਬਵਿਆਪੀ ਅਦਿੱਖ ਸੂਰਤ ਦਾ ਮਹਾਨ ਚਰਨ ਪ੍ਰਤੀਤ ਹੁੰਦਾ ਹੈ ਅਤੇ ਮੇਰੀ ਸਮੁੱਚੀ ਹੋਂਦ ਇਕ ਅਨੰਤ ਚੁੰਮਣ ਹੋਣ-ਥੀਣ ਦੀ ਲੋਚਾ!

ਅੰਮ੍ਰਿਤਾ ਦਾ ਨਾਂ ਲੈਣਾ ਸਾਡੇ ਇਸ ਘਰ ਵਿਚ ਵਰਜਿਤ ਸੀ।æææ ‘ਲੇਖਕ ਬਦਮਾਸ਼ ਹੁੰਦੇ ਹਨ ਤੇ ਲੇਖਕਾਵਾਂ ਘਟੀਆ। æææਉਹ ਸਿਗਰਟ ਪੀਂਦੀ ਹੈ, ਇਸ਼ਕੀਆ ਨਜ਼ਮਾ ਲਿਖਦੀ ਹੈæææ ਪਤੀ ਨੂੰ ਛੱਡ ਕੇæææ’ ਆਦਿ ਆਦਿ।
ਇਹੋ ਜਿਹੇ ਕੋਝੇ ਸ਼ਬਦ ਹੀ ਨਿਕਲਦੇ ਸਨ ਜੀਤ ਦੇ ਮੂੰਹੋਂ। ਸੱਚ ਤਾਂ ਇਹ ਹੈ ਕਿ ਉਹ ਅੰਮ੍ਰਿਤਾ ਦੇ ਪੱਜ ਨਾਲ ਮੈਨੂੰ ਦੁਰਕਾਰਦਾ ਸੀ, ਨਹੀਂ ਤਾਂ ਅੰਮ੍ਰਿਤਾ ਨੇ ਉਸ ਦਾ ਕੀ ਵਿਗਾੜਿਆ ਸੀ? ਵੈਰ ਤਾਂ ਉਸ ਦਾ ਸੀ ਮੇਰੇ ਅੰਦਰ ਦੀ ਹਸਾਸ ਔਰਤ ਨਾਲ ਜਿਸ ਦੇ ਸਿਰੜ ਤੋਂ ਉਸ ਨੂੰ ਭੈਅ ਲੱਗਦਾ ਸੀ। ਆਪਣੇ ਮਾਨਸਿਕ ਰੋਗ ਦੇ ਉਲਾਰ ਅਤੇ ਜਬਰ ਕਾਰਨ ਸ਼ਾਇਦ ਉਸ ਨੂੰ ਮੇਰੇ ਸਬਰ ਦੇ ਪਿਆਲੇ ਦੇ ਛਲਕ ਜਾਣ ਦਾ ਹਮੇਸ਼ਾ ਤੌਖਲਾ ਰਹਿੰਦਾ ਸੀ।
ਮੇਰੇ ਲਈ ਸਿਰਫ਼ ਪੰਜਾਬੀ ਦੀ ਕਿਤਾਬ ਹੀ ਪੜ੍ਹਨ ਦੀ ਮਨਾਹੀ ਨਹੀਂ ਸੀ, ਸਗੋਂ ਬੱਚਿਆਂ ਨਾਲ ਪੰਜਾਬੀ ਵਿਚ ਗੱਲ ਕਰਨੀ ਵੀ ਜੀਤ ਨੂੰ ਅੱਖਰਦੀ ਸੀ। ਮੇਰੀ ਮਾਂ ਬੋਲੀ ਪੋਠੋਹਾਰੀ ਤਾਂ ਉਸ ਵਾਸਤੇ ਅਸਲੋਂ ਹੀ ਗੰਵਾਰ ਅਤੇ ਉਜੱਡ ਭਾਸ਼ਾ ਸੀ। ਬੇਜੀ ਕਹਿੰਦੇ ਹੁੰਦੇ ਸਨ,
ਜਾਤ ਵਟਾਈ ਚੰਗੀ
ਤੈ ਬੋਲੀ ਵਟਾਈ ਮੰਦੀ।
ਮਜਬੂਰ ਸਾਂ ਮੈਂ। ਬੋਲੀ ਕੀ, ਮੇਰੀ ਤਾਂ ਹੋਂਦ ਹੀ ਵੱਟ ਚੁੱਕੀ ਸੀ, ਅਣਹੋਂਦ ਵਿਚ!
ਕਦੇ ਕਦਾਈਂ ਕਿਸੇ ਵਿਆਹ-ਸ਼ਾਦੀ, ਦਿਨ-ਦਿਹਾੜੇ ਜਾਂ ਗੁਰਪੁਰਬ ਆਦਿ ‘ਤੇ ਹੀ ਗੁਰਦੁਆਰੇ ਜਾਈਦਾ ਸੀ। ਮੱਥਾ ਟੇਕਦੀ ਨੂੰ ਪੰਜਾਬੀ ਵਿਚ ਲਿਖਿਆ ਕੋਈ ਇਸ਼ਤਿਹਾਰ ਜਾਂ ਸਿੱਖਿਆ ਸਿਹਰਾ ਪਿਆ ਮਿਲਦਾ ਤਾਂ ਇੱਦਾਂ ਬੋਚਦੀ ਮਾਨੋ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ ਹੋਵੇ। ਵਾਰ ਵਾਰ ਪੜ੍ਹਦੀ। ਜੀਤ ਮਸਾਂ ਹੀ ਪੰਜਾਬੀ ਅੱਖਰ ਉਠਾਅ ਸਕਦਾ ਸੀ। ਉਹ ਤਾਂ ਪਾਠ ਵੀ ਫਾਰਸੀ ਲਿੱਪੀ ਵਾਲੇ ਗੁਟਕੇ ਤੋਂ ਕਰਦਾ ਸੀ।
‘ਮੈਂ ਤਾਂ ਸੋਚਿਆ ਸੀ ਕਿ ਮੇਰੀ ਬੀਵੀ ਪੰਜਾਬੀ ਦੀ ਐਮæਏæ ਪਾਸ ਹੈ। ਇਸ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਯਾਦ ਹੋਣੈਂ, ਪਰ ਇਹ ਤਾਂ ਨਿਰੀ ਨਾਸਤਕæææ’ ਜਦੋਂ ਜੀਤ ਕਹਿੰਦਾ ਤਾਂ ਮੈਨੂੰ ਆਪਣੀ ਦਾਦੀ ਦੀ ਗੱਲ ਯਾਦ ਆ ਜਾਂਦੀ।æææ

ਉਦੋਂ ਮੈਂ ਐਮæਏæ ਵਿਚ ਸਾਂ। ਯੂਨੀਵਰਸਿਟੀਓਂ ਪਰਤ ਕੇ ਰਾਤੀ ਚੌਂਕੇ ਵਿਚ ਰੋਟੀ ਖਾਣ ਬੈਠੀ ਹੀ ਸਾਂ ਕਿ ਪੁੱਛਣ ਲੱਗੇ,
‘ਬੱਚੀਏ, ਪਹਿਲੀ ਦੂਜੀ ਜਮਾਤ ਵਿਚ ਤੈ ਗਿਣਤੀ ਪੜ੍ਹਾਨੇ ਨੁ ਨਾ ਤੈ ਅੱਗੈ ਜਾ ਕੈ ਤ੍ਰੀਈ ਚੌਥੀ ਵਿਚ ਪਹਾੜੇ। ਫਿਰ ਜਿੰਝ ਜਿੰਝ ਜਮਾਤਾਂ ਵਧਨੀਆਂ ਜਾਨੀਆਂ ਨ ਤਾਂ ਸਵਾਏ ਡੇਢੇ ਤੈ ਪੌਣਿਆਂ ਨੇ ਪਹਾੜੇ। ਅਠਵੀਂ ਨੌਵੀਂ ਵਿਚ ਤੇਰੇ ਭਰਾਵਾਂ ਬੱਟੇ ਤੈ ਤਜਾਰਤਾਂ ਸਿੱਖੀਆਂ। ਹਿੱਥੈ ਤੱਕ ਤੈ ਮੈਨ ਉਨ੍ਹਾਂ ਸਭ ਕੁਝ ਸਮਝਾਇਆ ਤੈ ਦੱਸਿਆ ਵੈ ਪਰ ਤੂੰ ਤੈ ਸੋਲ੍ਹਵੀਂ ਜਮਾਤ ਵਿਚ ਏਂ। ਹੈਡੀ ਵੱਡੀ ਜਮਾਤ! ਤੇਰੀ ਗਿਣਤੀ ਤਾਂ ਬਹੂੰ ਬਰੀਕੀ ਤੱਕ ਵੱਧ ਗਈ ਹੋਸੀ। ਤੂੰ ਤਾਰੇ ਗਿਣਨੀ ਏਂ ਕਿ ਰੇਤੂ ਨੇ ਕਿਣਕੇæææ?’
ਬੇਜੀ ਹਰ ਨਵੀਂ ਗੱਲ ਜਾਣਨ ਲਈ ਉਤਸੁਕ ਰਹਿੰਦੇ ਸਨ। ਖਾਣਾ ਪਰੋਸਦਿਆਂ ਅਕਸਰ ਗੱਲਾਂ ਲਾ ਲੈਂਦੇ। ਇਕ ਦਿਨ ਮੈਂ ਬੇਜੀ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਲੋਕ-ਧਾਰਾ ਅਨੁਸਾਰ ਪ੍ਰਚਲਿਤ ਛੰਦਾਂ ਵਿਚ ਹੀ ਜਪੁਜੀ ਸਾਹਿਬ ਦੀ ਰਚਨਾ ਕੀਤੀ। ਜਿਵੇਂ,
ਥਾਲ ਪਾਵਾਂ ਥਾਲ ਪਾਵਾਂ
ਗੱਲ ਵੀਰੇ ਦੇ ਹਾਰ ਪਾਵਾਂ
ਦੀ ਧਾਰਨਾ ਉਤੇ ਮਾਨੋ:
ਸੁਣੀਐ ਸਿਧ ਪੀਰ ਸੁਰਨਾਥ
ਸੁਣੀਐ ਧਰਤ ਧਵਲ ਆਕਾਸ
‘æææ ਦੁਰ ਫਿੱਟੇ ਮੂੰਹ, ਪਾਠੈ ਨੀ ਬੇਅਦਬੀ ਕਰਨੀ ਏਂæææ ਤੈਨ ਤੈ ਘੋਰ ਪਾਪ ਲਗਸੀæææ।’
ਬੇਜੀ ਗਰਜੇ ਸਨ ਤੇ ਹੁਣ ਜੀਤ ਵੀ ਇਸੇ ਤਰ੍ਹਾਂ ਗੁੱਸਾ ਕਰਦਾ।
‘ਮੈਂ ਤੇ ਸੋਚਿਆ ਸੀ ਪੰਜਾਬੀ ਦੀ ਐਮæਏæ ਪਾਸ ਹੈ, ਗੁਰਸਿੱਖ ਹੋਵੇਗੀ ਪਰ ਇਹ ਤਾਂ ਆਪਣੇ ਨਾਲ ਮੈਨੂੰ ਵੀ ਨਰਕਾਂ ਵਿਚ ਲੈ ਜਾਏਗੀ।’
ਭੂਤ-ਪ੍ਰੇਤਾਂ ਅਤੇ ਵਹਿਮਾਂ-ਭਰਮਾਂ ਨੂੰ ਨਾ ਮੰਨਣ ਅਤੇ ਤਰਕ ਨਾਲ ਕੀੜ ਨਗਰ ਵਰਗੀਆਂ ਸਾਖੀਆਂ ਨੂੰ ਮਿਥਿਹਾਸਕ ਆਖ ਕੇ ਪ੍ਰਚਲਿਤ ਧਾਰਨਾਵਾਂ ਦਾ ਦਲੀਲਾਂ ਨਾਲ ਖੰਡਨ ਕਰਨ ਵਾਲੀ ਪਤਨੀ ਜੀਤ ਨੂੰ ਨਾਸਤਕ ਜਾਪਦੀ ਸੀ।
(ਚਲਦਾ)

Be the first to comment

Leave a Reply

Your email address will not be published.