ਪੁਲਿਸ ਕੈਟ ਗੁਰਮੀਤ ਪਿੰਕੀ ਜੇਲ੍ਹ ਵਿਚ ਵੀ ਮਾਣਦਾ ਸੀ ਮੌਜਾਂ

ਚੰਡੀਗੜ੍ਹ: ਪੁਲਿਸ ਕੈਟ ਗੁਰਮੀਤ ਸਿੰਘ ਉਰਫ ਪਿੰਕੀ ਦੀ ਅਗਾਊਂ ਰਿਹਾਈ ਦਾ ਮਾਮਲਾ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। ਕਤਲ ਕੇਸ ਵਿਚ ਸਜ਼ਾ ਕੱਟ ਰਹੇ ਪਿੰਕੀ ਦਾ ਜੇਲ੍ਹ ਵਿਚ ਵੀ ਅਫਸਰਸ਼ਾਹੀ ਨੇ ਰੱਜ ਕੇ ਸਾਥ ਦਿੱਤਾ ਤੇ ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਦਾਲਤੀ ਪੇਸ਼ੀਆਂ ਦੇ ਨਾਂ ਹੇਠ ਉਸ ਨੂੰ ਵਾਰ-ਵਾਰ ਬਾਹਰ ਭੇਜਿਆ ਜਾਂਦਾ ਰਿਹਾ। ਉਸ ਨੇ ਕਿੰਨੀਆਂ ਹੀ ਰਾਤਾਂ ਉਕਤ ਕੇਂਦਰੀ ਜੇਲ੍ਹ ਤੋਂ ਬਾਹਰ ਗੁਜ਼ਾਰੀਆਂ ਹਨ। ਪਿੰਕੀ ਵੱਲੋਂ ਕਤਲ ਕੀਤੇ ਗਏ ਅਵਤਾਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਕੁਝ ਅਜਿਹੇ ਦਸਤਾਵੇਜ਼ ਹਾਸਲ ਕਰਨ ਦਾ ਦਾਅਵਾ ਕੀਤਾ ਹੈ।
ਦੱਸਣਯੋਗ ਹੈ ਪਿੰਕੀ ਨੇ ਲੁਧਿਆਣਾ ਦੇ ਘੁਮਾਰ ਮੰਡੀ ਦੇ ਇਲਾਕੇ ਮਾਇਆ ਨਗਰ ਵਿਚ ਸੱਤ ਜਨਵਰੀ 2001 ਨੂੰ ਅਵਤਾਰ ਸਿੰਘ ਗੋਲਾ ਦੀ ਹੱਤਿਆ ਕਰ ਦਿੱਤੀ ਸੀ ਤੇ ਇਸ ਦੋਸ਼ ਹੇਠ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਪਰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਤੇ ਜ਼ਿਲ੍ਹਾ ਜਲੰਧਰ ਪੁਲਿਸ ਦੇ ਅਧਿਕਾਰਤ ਦਸਤਾਵੇਜ਼ਾਂ ਵਿਚ ਸਪੱਸ਼ਟ ਤੌਰ ‘ਤੇ ਦੱਸਿਆ ਗਿਆ ਕਿ ਪਿੰਕੀ 19 ਅਕਤੂਬਰ 2007 ਨੂੰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਤਬਦੀਲ ਹੋ ਕੇ ਪਟਿਆਲਾ ਜੇਲ੍ਹ ਲਿਆਂਦਾ ਗਿਆ, ਜਿਥੋਂ 23 ਅਕਤੂਬਰ 2007 ਤੋਂ ਲੈ ਕੇ 30 ਸਤੰਬਰ 2008 ਦਰਮਿਆਨ ਉਸ ਨੂੰ 38 ਵਾਰ ਅਦਾਲਤੀ ਪੇਸ਼ੀਆਂ ਦੇ ਸਿਲਸਿਲੇ ਵਿਚ ਪਟਿਆਲਾ ਜੇਲ੍ਹ ਵਿਚੋਂ ਬਾਹਰ ਲਿਜਾਇਆ ਗਿਆ ਤੇ ਜ਼ਿਆਦਾਤਰ ਵਾਰ ਉਹ ਅਗਲੇ ਦਿਨ ਹੀ ਵਾਪਸ ਕੇਂਦਰੀ ਜੇਲ੍ਹ ਪਟਿਆਲਾ ਪੁੱਜਾ।
ਇਨ੍ਹਾਂ ਵਿਚੋਂ 35 ਵਾਰ ਉਸ ਨੂੰ ਫਤਹਿਗੜ੍ਹ ਸਾਹਿਬ ਵਿਖੇ ਪੇਸ਼ੀ ‘ਤੇ ਲਿਜਾਇਆ ਗਿਆ ਹੋਣ ਦਾ ਜੇਲ੍ਹ ਰਿਕਾਰਡ ਪ੍ਰਾਪਤ ਹੋਇਆ ਹੈ ਪਰ ਇਸ ਬਾਬਤ ਸੂਚਨਾ ਅਧਿਕਾਰ ਕਾਨੂੰਨ ਤਹਿਤ ਐਸ਼ਐਸ਼ਪੀæ ਫਤਹਿਗੜ੍ਹ ਸਾਹਿਬ ਕੋਲੋਂ ਜਾਣਕਾਰੀ ਮੁਤਾਬਕ ਪਿੰਕੀ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਅਦਾਲਤ ਫਤਹਿਗੜ੍ਹ ਸਾਹਿਬ ਵਿਖੇ ਪੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਹੋਰ ਪੁਲਿਸ ਵੱਲੋਂ ਪੇਸ਼ੀ ਦੌਰਾਨ ਇਸ ਜ਼ਿਲ੍ਹੇ ਦੇ ਕਿਸੇ ਥਾਣੇ ਵਿਚ ਬਤੌਰ ਰਾਹਦਾਰੀ ਬੰਦ ਕੀਤਾ ਗਿਆ ਹੈ। ਇੰਨਾ ਹੀ ਨਹੀਂ ਐਸ਼ਐਸ਼ਪੀ ਦਫ਼ਤਰ ਜਲੰਧਰ ਤੋਂ ਵੀ ਪੱਤਰ ਨੰਬਰ 907/ਡੀæਆਰæਟੀæਆਈæ ਰਾਹੀਂ ਇਸ ਬਾਰੇ ਸਪਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕੈਦੀ ਗੁਰਮੀਤ ਸਿੰਘ ਪਿੰਕੀ ਦੀਆਂ ਪੇਸ਼ੀਆਂ ਤੇ ਇਸ ਦੇ ਰਾਤਰੀ ਠਹਿਰਾਅ ਬਾਰੇ ਪੁੱਛੇ ਸਵਾਲਾਂ ਬਾਰੇ ਜਾਣਕਾਰੀ ਪਟਿਆਲਾ ਪੁਲਿਸ ਤੋਂ ਪ੍ਰਾਪਤ ਕੀਤੀ ਜਾਵੇ, ਕਿਉਂਕਿ ਉਕਤ ਕੈਦੀ ਨੂੰ ਜਲੰਧਰ ਪੇਸ਼ੀ ਲਈ ਪਟਿਆਲਾ ਪੁਲਿਸ ਨੇ ਲਿਆਂਦਾ ਸੀ।
ਪੰਜਾਬ ਦੇ ਰਾਜਪਾਲ ਦੇ ਜਿਨ੍ਹਾਂ ਹੁਕਮਾਂ (ਨੰਬਰ 1/89/14-2ਗ7) ਮਿਤੀ 10 ਮਈ 2014 ਰਾਹੀਂ ਭਾਰਤੀ ਸੰਵਿਧਾਨ ਦੇ ਆਰਟੀਕਲ ਦੇ 161 ਅਧੀਨ ਉਸ ਦੀ ਸਜ਼ਾ ਦੇ ਅਣਭੁਗਤੇ ਭਾਗ ਦੀ ਮੁਆਫ਼ੀ ਤੇ ਸ਼ਰਤਾਂ ਸਹਿਤ ਰਿਹਾਈ ਦੀ ਸਹਿਮਤੀ ਪ੍ਰਗਟਾਈ ਗਈ ਹੈ, ਉਨ੍ਹਾਂ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਕੈਦੀ ਗੁਰਮੀਤ ਸਿੰਘ ਉਰਫ਼ ਪਿੰਕੀ ਨੇ ਅਵਤਾਰ ਸਿੰਘ (ਪੁੱਤਰ ਅਮਰੀਕ ਸਿੰਘ) ਵਾਸੀ ਲੁਧਿਆਣਾ ਦਾ ਕਤਲ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਕਤਲ ਕੇਸਾਂ ਦੇ ਬਾਲਗ ਕੈਦੀਆਂ ਦੀ ਅਗਾਉਂ ਰਿਹਾਈ ਬਾਰੇ ਚਾਰ ਅਪ੍ਰੈਲ 2013 ਦੀ ਨੀਤੀ ਦੀਆਂ ਵਿਵਸਥਾਵਾਂ ਨੂੰ ਆਧਾਰ ਬਣਾਉਂਦਿਆਂ ‘ਚੰਗੇ ਆਚਰਣ’ ਦੇ ਆਧਾਰ ‘ਤੇ ਪਿੰਕੀ ਨੂੰ ਰਿਹਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਪਰ ਕੇਂਦਰੀ ਜੇਲ੍ਹ ਪਟਿਆਲਾ ਤੋਂ ਹਾਸਲ ਉਕਤ ਆਰæਟੀæਆਈæ ਦੇ ਵੇਰਵੇ ਤੇ ਇਸ ਬਾਰੇ ਪਿੰਕੀ ਦੀਆਂ ਪੇਸ਼ੀਆਂ ਦੌਰਾਨ ਰਾਤਰੀ ਠਹਿਰਾਅ ਬਾਰੇ ਖੜ੍ਹੇ ਹੋਏ ਸ਼ੰਕਿਆਂ ਨੇ ਨਾ ਸਿਰਫ਼ ਪੰਜਾਬ ਸਰਕਾਰ ਵੱਲੋਂ ਉਸ ਦੇ ਚੰਗੇ ਆਚਰਣ ਬਾਰੇ ਦਾਅਵਿਆਂ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ, ਬਲਕਿ ਜੇਲ੍ਹ ਸੁਧਾਰਾਂ ਤੇ ਕਤਲ ਕੇਸਾਂ ਦੇ ਕੈਦੀਆਂ ਦੀ ਅਗਾਉਂ ਰਿਹਾਈ ਬਾਰੇ ਪਿੰਕੀ ਦੇ ਕੇਸ ਨੂੰ ਆਧਾਰ ਬਣਾ ਕੇ ਹਾਈਕੋਰਟ ਵਿਚ ਚੁਣੌਤੀ ਦੇਣ ਵਾਲੇ ਐਡਵੋਕੇਟ ਐਚæਸੀæ ਅਰੋੜਾ ਨੇ ਇਸ ਨੂੰ ਇਕ ਸੰਵਿਧਾਨਕ ਕੁਤਾਹੀ ਕਰਾਰ ਦਿੰਦਿਆਂ ਇਹ ਵੀ ਸਵਾਲ ਚੁੱਕਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਪਿੰਕੀ ਦੀ ਰਿਹਾਈ ਦੀ ਸਿਫ਼ਾਰਸ਼ ਤਹਿਤ ਜੇਕਰ ਉਕਤ ਤੱਥ ਛੁਪਾਏ ਗਏ ਹਨ ਤਾਂ ਇਹ ਰਾਜਪਾਲ ਨੂੰ ਗੁੰਮਰਾਹ ਕਰਨ ਦਾ ਵਿਸ਼ਾ ਹੋ ਸਕਦੇ ਹਨ।
_____________________________________________________
ਬਾਦਲ ਵੱਲੋਂ ਖਾਨਾਪੂਰਤੀ, ਫਾਈਲ ਮੰਗਵਾਈ
ਲੁਧਿਆਣਾ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਿੰਕੀ ਦੀ ਰਿਹਾਈ ਬਾਰੇ ਫਾਈਲ ਮੰਗਵਾ ਲਈ ਹੈ। ਇਸ ਬਾਰੇ ਹੁਣ ਕੋਈ ਵੀ ਫ਼ੈਸਲਾ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਜਾਵੇਗਾ। ਜੇ ਰਿਹਾਈ ਬਾਰੇ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਜ਼ਰੂਰ ਸੁਧਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕੈਦੀ ਦੀ ਸਜ਼ਾ ਮੁਆਫ਼ ਕਰਨ ਤੋਂ ਪਹਿਲਾਂ ਉਸ ਦੇ ਪਿੰਡ ਤੇ ਸ਼ਹਿਰ ਦੀ ਪੰਚਾਇਤ ਤੋਂ ਪੁੱਛਿਆ ਜਾਂਦਾ ਹੈ। ਇਸ ਮਗਰੋਂ ਜੇਲ੍ਹ ਸੁਪਰਡੈਂਟ ਆਪਣਾ ਪੱਖ ਰੱਖਦਾ ਹੈ। ਇਸ ਤਰ੍ਹਾਂ ਇਹ ਫਾਈਲ ਏæਡੀæਜੀæਪੀæ (ਜੇਲ੍ਹ) ਤੇ ਡੀæਜੀæਪੀæ (ਜੇਲ੍ਹ) ਤੋਂ ਬਾਅਦ ਸਿੱਧਾ ਗਵਰਨਰ ਕੋਲ ਜਾਂਦੀ ਹੈ। ਪਿੰਕੀ ਦੀ ਫਾਈਲ ਵੀ ਸਾਰੇ ਅਧਿਕਾਰੀਆਂ ਕੋਲ ਗਈ ਸੀ ਪਰ ਰਿਹਾਈ ਪਿੱਛੋਂ ਵਿਵਾਦ ਖੜ੍ਹਾ ਹੋ ਜਾਣ ਕਾਰਨ ਉਨ੍ਹਾਂ ਮਾਮਲੇ ਦੀ ਪੜਤਾਲ ਖ਼ੁਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਫਾਈਲ ਆਪਣੇ ਕੋਲ ਮੰਗਵਾਈ ਹੈ।

Be the first to comment

Leave a Reply

Your email address will not be published.