ਗੁਰਮੁਖਿ ਜਿਤਾ ਮਨਮੁਖਿ ਹਾਰਿਆ

ਡਾæ ਗੁਰਨਾਮ ਕੌਰ, ਕੈਨੇਡਾ
ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰ ਧਾਰਿਆ॥
ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ॥
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ॥
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ॥
ਗੁਰਮੁਖਿ ਜਿਤਾ ਮਨਮੁਖਿ ਹਾਰਿਆ॥੧੭॥ (ਪੰਨਾ ੩੧੦)
ਸਤਾਰਵੀਂ ਪਉੜੀ ਤੋਂ ਪਹਿਲਾਂ ਦੂਜੇ ਸਲੋਕ ਵਿਚ ਸਤਿਗੁਰ ਦੀ ਵਡਿਆਈ ਦੱਸੀ ਹੈ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਹੋ ਚੁੱਕਾ ਹੈ। ਇਸ ਪਉੜੀ ਵਿਚ ਦੱਸਿਆ ਹੈ ਕਿ ਸਤਿਗੁਰ ਵਿਚ ਕਿਹੜੇ ਕਿਹੜੇ ਗੁਣ ਹੁੰਦੇ ਹਨ, ਜਿਨ੍ਹਾਂ ਗੁਣਾਂ ਕਰਕੇ ਸਤਿਗੁਰੁ ਉਚੀ ਹਸਤੀ ਹੈ। ਗੁਰੂ ਰਾਮਦਾਸ ਸਤਿਗੁਰੁ ਦੇ ਗੁਣਾਂ ਦੀ ਸੰਖੇਪ ਵਿਆਖਿਆ ਕਰਦੇ ਹਨ ਕਿ ਸਤਿਗੁਰੁ ਉਸ ਅਕਾਲ ਪੁਰਖ ਦਾ ਅਮਰ ਸਰੂਪ ਹੈ ਕਿਉਂਕਿ ਉਸ ਨੇ ਆਪਣੇ ਹਿਰਦੇ ਅੰਦਰ ਉਸ ਪਰਮਾਤਮ-ਜੋਤਿ ਨੂੰ ਧਾਰਨ ਕੀਤਾ ਹੋਇਆ ਹੈ। ਇਸ ਪਰਮਾਤਮ ਜੋਤਿ ਦਾ ਹਿਰਦੇ ਅੰਦਰ ਅਨੁਭਵ ਕਰ ਲੈਣ ਕਰਕੇ ਸਤਿਗੁਰੁ ਨੇ ਆਪਣੇ ਅੰਦਰੋਂ ਕਾਮ, ਕ੍ਰੋਧ ਆਦਿ ਵਿਸ਼ੇ ਵਿਕਾਰਾਂ ਦੀ ਵਿਹੁ ਨੂੰ ਖ਼ਤਮ ਕਰ ਦਿੱਤਾ ਹੋਇਆ ਹੈ।
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ (ਜਾਂ ਕਿਸੇ ਵੀ ਮਨੁੱਖ ਨੇ) ਸਤਿਗੁਰੁ ਦੇ ਦਰਸ਼ਨ ਕਰ ਲਏ ਤਾਂ ਮਨ ਵਿਚ ਖਾਸ ਕਿਸਮ ਦਾ ਸਹਿਜ, ਧੀਰਜ ਆ ਗਿਆ। ਉਹ ਅਜਿਹੇ ਸਤਿਗੁਰੁ ਤੋਂ ਹਮੇਸ਼ਾ ਹਮੇਸ਼ਾ ਲਈ ਸਦਕੇ ਜਾਂਦੇ ਹਨ ਜਿਸ ਦੇ ਦਰਸ਼ਨ ਕੀਤਿਆਂ ਮਨ ਸਹਿਜ ਅਵਸਥਾ ਵਿਚ ਆ ਜਾਂਦਾ ਹੈ, ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਹੈ, ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ, ਉਹ ਇਸ ਜੱਗ ਵਾਲੀ ਬਾਜੀ ਨੂੰ ਜਿੱਤ ਲੈਂਦਾ ਹੈ ਅਤੇ ਜਿਹੜਾ ਮਨੁੱਖ ਆਪਣੇ ਮਨ ਦੀਆਂ ਲਾਲਸਾਵਾਂ ਦੇ ਪਿੱਛੇ ਲੱਗ ਕੇ ਕਰਮ ਕਰਦਾ ਹੈ, ਉਹ ਸੰਸਾਰ ਦੀ ਬਾਜੀ ਨੂੰ ਹਾਰ ਜਾਂਦਾ ਹੈ।
ਅੱਗੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਦੱਸਦੇ ਹਨ ਕਿ ਜਿਸ ਮਨੁੱਖ ‘ਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ, ਉਸ ਦਾ ਮੇਲ ਗੁਰੂ ਨਾਲ ਹੋ ਗਿਆ ਹੈ ਅਤੇ ਜਿਸ ਦਾ ਮੇਲ ਗੁਰੂ ਨਾਲ ਹੋ ਗਿਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਪਰਮਾਤਮ-ਨਾਮ ਦਾ ਸਿਮਰਨ ਕਰਦਾ ਹੈ, ਅਕਾਲ ਪੁਰਖ ਦੇ ਨਾਮ ਨੂੰ ਧਿਆਉਂਦਾ ਹੈ। ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲਾ ਅਜਿਹਾ ਮਨੁੱਖ ਉਹੋ ਕੰਮ ਕਰਦਾ ਹੈ ਜੋ ਸਤਿਗੁਰੁ ਨੂੰ ਚੰਗੇ ਲੱਗਦੇ ਹਨ। ਅਜਿਹੇ ਮਨੁੱਖ ਦੇ ਹਿਰਦੇ ਵਿਚ ਸਤਿਗੁਰੁ ਅਕਾਲ ਪੁਰਖ ਦਾ ਨਾਮ ਵਸਾ ਦਿੰਦਾ ਹੈ ਅਰਥਾਤ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਣ ਨਾਲ ਮਨੁੱਖ ਗੁਰੂ ਨੂੰ ਚੰਗੇ ਲੱਗਣ ਵਾਲੇ ਕੰਮ ਕਰਦਾ ਹੈ ਜਿਸ ਕਰਕੇ ਸਤਿਗੁਰੁ ਰਾਹੀਂ ਉਹ ਆਪਣੇ ਅੰਦਰ ਪਰਮਾਤਮ-ਜੋਤਿ ਦਾ ਅਨੁਭਵ ਕਰ ਲੈਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਨਾਮ-ਰੂਪੀ ਖਜ਼ਾਨਾ ਵੱਸ ਜਾਂਦਾ ਹੈ, ਸਤਿਗੁਰੁ ਦੀ ਮਿਹਰ ਸਦਕਾ ਉਸ ਦੇ ਮਨ ਅੰਦਰੋਂ ਹਰ ਤਰ੍ਹਾਂ ਦੇ ਡਰ ਦੂਰ ਹੋ ਜਾਂਦੇ ਹਨ, ਉਹ ਭੈ-ਮੁਕਤ ਹੋ ਜਾਂਦਾ ਹੈ। ਜਿਹੜੇ ਮਨੁੱਖਾਂ ਦੀ ਰੱਖਿਆ ਵਾਹਿਗੁਰੂ ਆਪ ਕਰਨ ਲਈ ਤਿਆਰ ਹੁੰਦਾ ਹੈ, ਉਨ੍ਹਾਂ ਦਾ ਫਿਰ ਬਾਕੀ ਦੁਨੀਆਂ, ਜਿੰਨੇ ਮਰਜ਼ੀ ਜਤਨ ਕਰ ਲਵੇ, ਕੁਝ ਨਹੀਂ ਵਿਗਾੜ ਸਕਦੀ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ, ਜਿਸ ਨਾਲ ਅਕਾਲ ਪੁਰਖ ਤੈਨੂੰ ਇਸ ਲੋਕ ਅਤੇ ਪਰਲੋਕ ਵਿਚ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਕਰ ਦੇਵੇਗਾ,
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ॥
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ॥
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ॥
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ॥
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ॥੧॥ (ਪੰਨਾ ੩੧੦)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਗੁਰੂ ਦੇ ਸਿੱਖ ਦੀ ਗੁਰੂ ਪ੍ਰਤੀ ਸ਼ਰਧਾ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਗੁਰਸਿੱਖਾਂ ਦੇ ਮਨ ਨੂੰ ਸਤਿਗੁਰੁ ਦੀ ਵਡਿਆਈ, ਸਤਿਗੁਰੁ ਦੀ ਸ਼ੋਭਾ ਸੁਣਨੀ ਚੰਗੀ ਲੱਗਦੀ ਹੈ। ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਹੇ ਅਕਾਲ ਪੁਰਖ ਤੂੰ ਸਤਿਗੁਰੁ ਦੀ ਪੈਜ ਰੱਖਦਾ ਹੈਂ ਅਤੇ ਸਤਿਗੁਰੁ ਦੀ ਵਡਿਆਈ ਦਿਨੋ ਦਿਨ ਵਧਦੀ ਹੈ। ਪਾਰਬ੍ਰਹਮ ਅਰਥਾਤ ਸਰਬ-ਉਚ ਅਕਾਲ ਪੁਰਖ ਸਾਰੇ ਜੀਵਾਂ ਨੂੰ ਵਿਕਾਰਾਂ ਆਦਿ ਤੋਂ ਬਚਾਉਂਦਾ ਹੈ, ਸਭ ਦੀ ਰੱਖਿਆ ਕਰਦਾ ਹੈ ਅਤੇ ਉਹ ਗੁਰ ਸਤਿਗੁਰੁ ਨੂੰ ਵੀ ਬਚਾਉਂਦਾ ਹੈ, ਉਸ ਦਾ ਮਿਹਰ ਭਰਿਆ ਹੱਥ ਸਦਾ ਗੁਰ ਸਤਿਗੁਰੁ ਦੇ ਸਿਰ ‘ਤੇ ਹੁੰਦਾ ਹੈ। ਅਕਾਲ ਪੁਰਖ ਪਰਵਰਦਗਾਰ ਹੀ ਗੁਰ ਸਤਿਗੁਰ ਦੀ ਤਾਕਤ ਅਤੇ ਸਹਾਰਾ ਹੈ, ਉਸ ਪਰਵਰਦਗਾਰ ਨੇ ਹੀ ਮਿਹਰ ਕਰਕੇ ਸਾਰੇ ਜੀਵਾਂ ਨੂੰ ਸਤਿਗੁਰੁ ਦੇ ਅੱਗੇ ਲਿਆ ਕੇ ਨਿਵਾਇਆ ਹੈ। ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਸਤਿਗੁਰੁ ਲਈ ਪ੍ਰੇਮ ਰੱਖ ਕੇ ਉਸ ਦੇ ਦਰਸ਼ਨ ਕੀਤੇ ਹਨ, ਸਤਿਗੁਰੁ ਉਨ੍ਹਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ। ਅਜਿਹੇ ਮਨੁੱਖ ਅਕਾਲ ਪੁਰਖ ਦੀ ਸੱਚੀ ਦਰਗਾਹ ਵਿਚ ਹਮੇਸ਼ਾ ਖਿੜੇ ਮੁਖੜੇ ਨਾਲ ਜਾਂਦੇ ਹਨ ਅਤੇ ਉਨ੍ਹਾਂ ਦੀ ਬਹੁਤ ਸ਼ੋਭਾ ਹੁੰਦੀ ਹੈ। ਗੁਰੂ ਰਾਮਦਾਸ ਕਹਿੰਦੇ ਹਨ ਕਿ ਜਿਹੜੇ ਮੇਰੇ ਵੀਰ ਸਤਿਗੁਰੁ ਦੇ ਅਜਿਹੇ ਸਿੱਖ ਹਨ ਉਹ ਉਨ੍ਹਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ,
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ॥
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ॥
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ॥
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭਿ ਆਣਿ ਨਿਵਾਈ॥
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ॥
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ॥
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ॥੨॥ (ਪੰਨਾ ੩੧੦)
ਇਸ ਤੋਂ ਅਗਲੀ ਪਉੜੀ ਵਿਚ ਅਧਿਆਤਮਕ ਅਨੁਭਵ ਦੇ ਰਹੱਸਾਤਮਕ ਸੁਆਦ ਦੀ ਗੱਲ ਕਰਦੇ ਹਨ ਕਿ ਇਸ ਨੂੰ ਜਿਨ੍ਹਾਂ ਨੇ ਚੱਖਿਆ ਹੈ, ਇਸ ਦੇ ਸੁਆਦ ਨੂੰ ਉਹ ਹੀ ਜਾਣਦੇ ਹਨ ਪਰ ਇਸ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਣਾ ਮੁਸ਼ਕਿਲ ਹੈ। ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਉਹ ਸੱਚਾ ਅਕਾਲ ਪੁਰਖ ਸ਼ਲਾਘਾਯੋਗ ਹੈ, ਉਸ ਦੀ ਸਿਫ਼ਤਿ-ਸਾਲਾਹ ਕਰਨੀ ਇੱਕ ਅਜਿਹੀ ਕਾਰ ਹੈ ਜੋ ਸਦਾ ਨਾਲ ਨਿਭਦੀ ਹੈ। ਇਸ ਲਈ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਸਦਾ ਉਸ ਸੱਚੇ ਪਰਵਦਗਾਰ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣ ਅਰਥਾਤ ਇਸ ਨਾਲ ਨਿਭਣ ਵਾਲੀ ਕਾਰ ਵਿਚ ਲੱਗੇ ਰਹਿਣ। ਉਸ ਸੱਚੇ ਪਰਵਰਦਗਾਰ ਅਕਾਲ ਪੁਰਖ ਦੀ ਕੋਈ ਜੀਵ ਵੀ ਕੀਮਤ ਨਹੀਂ ਪਾ ਸਕਿਆ। ਜਿਨ੍ਹਾਂ ਮਨੁੱਖਾਂ ਨੇ ਸੱਚੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਅਨੁਭਵ ਕਰ ਲਿਆ ਹੈ, ਉਹ ਰੱਜ ਕੇ ਤ੍ਰਿਪਤ ਹੋ ਗਏ ਹਨ, ਉਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦੀ ਭੁੱਖ ਨਹੀਂ ਰਹਿੰਦੀ। ਜਿਨ੍ਹਾਂ ਨੇ ਇਸ ਰਸ ਦਾ ਅਨੁਭਵ ਕੀਤਾ ਹੈ, ਇਸ ਨੂੰ ਉਹ ਜਾਣਦੇ ਵੀ ਹਨ ਪਰ ਦੱਸ ਨਹੀਂ ਸਕਦੇ। ਇਸ ਦੀ ਤੁਲਨਾ ਗੁਰੂ ਸਾਹਿਬ ਨੇ ਗੂੰਗੇ ਦੇ ਮਠਿਆਈ ਖਾਣ ਨਾਲ ਕੀਤੀ ਹੈ। ਗੂੰਗਾ ਬੰਦਾ ਮਠਿਆਈ ਖਾਂਦਾ ਹੈ ਤਾਂ ਉਹ ਮਠਿਆਈ ਦੇ ਸੁਆਦ ਨੂੰ ਆਪਣੇ ਮਨ ਵਿਚ ਅਨੁਭਵ ਵੀ ਕਰਦਾ ਹੈ ਅਤੇ ਜਾਣਦਾ ਵੀ ਹੈ ਪਰ ਬੋਲ ਨਾ ਸਕਣ ਕਰਕੇ ਉਸ ਨੂੰ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਰਹੱਸਤਾਮਕ ਅਨੁਭਵ ਨੂੰ ਅਨੁਭਵੀ ਮਨੁੱਖ ਜਾਣਦਾ ਤਾਂ ਹੈ ਪਰ ਉਸ ਨੂੰ ਸ਼ਬਦਾਂ ਵਿਚ ਪ੍ਰਗਟ ਨਹੀਂ ਕਰ ਸਕਦਾ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਨ੍ਹਾਂ ਨੇ ਪੂਰੇ ਸਤਿਗੁਰੁ ਰਾਹੀਂ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕੀਤਾ ਹੈ, ਉਹ ਸਦਾ ਖੇੜੇ ਵਿਚ ਰਹਿੰਦੇ ਹਨ ਅਰਥਾਤ ਉਨ੍ਹਾਂ ਦਾ ਮਨ ਸਦਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ,
ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ॥
ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ॥
ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ॥
ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਧਾਈ॥੧੮॥ (ਪੰਨਾ ੩੧੦-੧੧)
ਅੱਗੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਪਰਮਾਤਮਾ ਤੋਂ ਅਤੇ ਗੁਰੂ ਤੋਂ ਵਿਛੋੜੇ ਦੀ, ਵਿਯੋਗ ਦੀ ਪੀੜਾ ਕਿਹੋ ਜਿਹੀ ਹੁੰਦੀ ਹੈ, ਦਾ ਜ਼ਿਕਰ ਕਰਦੇ ਹਨ। ਜਿਸ ਤਰ੍ਹਾ ਰਹੱਸਾਤਮਕ ਅਨੁਭਵ ਦਾ ਸੁਆਦ ਜਿਸ ਨੇ ਚੱਖਿਆ ਹੈ, ਉਹੀ ਜਾਣਦਾ ਹੈ; ਇਸੇ ਤਰ੍ਹਾਂ ਵਿਛੋੜੇ ਦੀ ਪੀੜ ਜਾਂ ਸੱਲ ਕੀ ਹੁੰਦਾ ਹੈ, ਜਿਸ ਨੇ ਇਸ ਦਰਦ ਨੂੰ ਸਹਿਣ ਕੀਤਾ ਹੈ, ਉਹ ਹੀ ਜਾਣਦਾ ਹੈ। ਇਸ ਦਰਦ ਦੀ ਤੁਲਨਾ ਗੁਰੂ ਸਾਹਿਬ ਉਮਰਥਲ (ਅੰਦਰ ਦਾ ਫੋੜਾ) ਨਾਲ ਕਰਦੇ ਹਨ। ਉਹ ਫੁਰਮਾਉਂਦੇ ਹਨ ਕਿ ਜਿਨ੍ਹਾਂ ਦੇ ਸਰੀਰ ਅੰਦਰ ਗੱਦਹੁਧਾਣਾ ਫੋੜਾ ਹੈ, ਉਹ ਹੀ ਜਾਣਦੇ ਹਨ ਕਿ ਇਸ ਦਾ ਦਰਦ, ਇਸ ਦੀ ਤਕਲੀਫ਼ ਕਿਹੋ ਜਿਹੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ, ਦਰਦ ਹੈ, ਜਿਨ੍ਹਾਂ ਨੇ ਇਸ ਨੂੰ ਸਹਿਣ ਕੀਤਾ ਹੈ, ਉਹੋ ਹੀ ਇਸ ਨੂੰ ਜਾਣਦੇ ਹਨ ਅਤੇ ਇਸ ਤੋਂ ਪੈਦਾ ਹੋਏ ਪ੍ਰੇਮ ਨੂੰ ਵੀ ਉਹ ਹੀ ਸਮਝਦੇ ਹਨ ਅਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਅਜਿਹੇ ਮਨੁੱਖਾਂ ਤੋਂ ਸਦਕੇ ਜਾਂਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਉਨ੍ਹਾਂ ਦਾ ਮੇਲ ਅਜਿਹੇ ਸੱਜਣ ਮਨੁੱਖਾਂ ਨਾਲ ਕਰਾਵੇ, ਅਜਿਹੇ ਗੁਰਮੁਖਿ ਸੱਜਣਾਂ ਦੇ ਦਰਸ਼ਨ ਦੀ ਖਾਤਰ ਉਨ੍ਹਾਂ ਦਾ ਸਿਰ ਵੀ ਭਾਵੇਂ ਉਨ੍ਹਾਂ ਦੇ ਚਰਨਾਂ ਹੇਠ ਰੁਲੇ,
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ॥
ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ॥
ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ॥
ਇਸੇ ਦਾ ਜ਼ਿਕਰ ਅੱਗੇ ਤੋਰਦਿਆਂ ਦੱਸਦੇ ਹਨ ਕਿ ਜਿਹੜਾ ਸਿੱਖ ਗੁਰੂ ਦਾ ਦੱਸਿਆ ਹੋਇਆ ਕਾਰਜ ਕਰਦਾ ਹੈ ਅਰਥਾਤ ਗੁਰੂ ਦੇ ਦੱਸੇ ਹੋਏ ਰਸਤੇ ‘ਤੇ ਚੱਲਦਾ ਹੈ ਅਤੇ ਕਰਮ ਕਰਦਾ ਹੈ, ਉਹ ਉਨ੍ਹਾਂ ਦੇ ਗੁਲਾਮਾਂ ਦੇ ਵੀ ਗੁਲਾਮ ਹਨ। ਜਿਹੜੇ ਮਨੁੱਖ ਅਕਾਲ ਪੁਰਖ ਦੇ ਪ੍ਰੇਮ-ਰੰਗ ਵਿਚ ਰੰਗੇ ਹੋਏ ਹਨ, ਉਨ੍ਹਾਂ ਦੇ ਚੋਲੇ (ਗੁਰਮਤਿ ਵਿਚ ਸਰੀਰ ਨੂੰ ਚੋਲਾ ਵੀ ਕਿਹਾ ਹੈ) ਅਰਥਾਤ ਸਰੀਰ ਵੀ ਪਰਮਾਤਮ-ਪ੍ਰੇਮ ਦੇ ਰੰਗ ਵਿਚ ਰੰਗੇ ਹੋਏ ਹਨ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰਦੇ ਹਨ ਕਿ ਅਜਿਹੇ ਮਨੁੱਖਾਂ ਨੁੰ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਗੁਰੂ ਦੇ ਨਾਲ ਮਿਲਾਇਆ ਹੈ ਅਤੇ ਉਨ੍ਹਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ ਅਰਥਾਤ ਆਪਣੇ ਆਪ ਨੂੰ ਪੁਰੀ ਤਰ੍ਹਾਂ ਗੁਰੂ ਦੇ ਸਮਰਪਣ ਕਰ ਦਿੱਤਾ ਹੈ (ਇਸੇ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ‘ਸਿਰ ਦੀਜੈ ਕਾਣਿ ਨ ਕੀਜੈ’ ਕਹਿ ਕੇ ਕੀਤਾ ਹੈ),
ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ॥
ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ॥
ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ॥੧॥ (ਪੰਨਾ ੩੧੧)
ਗੁਰੂ ਰਾਮਦਾਸ ਅਗਲੇ ਸਲੋਕ ਵਿਚ ਮਨੁੱਖੀ ਸਰੀਰ ਦੀ ਗੱਲ ਕਰਦੇ ਹੋਏ, ਸੰਤ-ਜਨਾਂ (ਰੱਬ ਦੇ ਪਿਆਰਿਆਂ ਭਗਤਾਂ) ਨੂੰ ਸੰਬੋਧਨ ਕਰਦੇ ਹਨ ਕਿ ਮਨੁੱਖ ਦਾ ਸਰੀਰ ਜੋ ਬੇਅੰਤ ਔਗੁਣਾਂ ਨਾਲ ਭਰਿਆ ਹੋਇਆ ਹੈ, ਇਸ ਨੂੰ ਕਿਸ ਤਰ੍ਹਾਂ ਸਾਫ ਕੀਤਾ ਜਾਵੇ, ਔਗੁਣਾਂ ਤੋਂ ਕਿਵੇਂ ਰਹਿਤ ਕੀਤਾ ਜਾਵੇ। ਬਾਣੀ ਅਨੁਸਾਰ ਹਉਮੈ ਰੂਪੀ ਮੈਲ ਮਨੁੱਖ ਦੇ ਮਨ ਨੂੰ, ਸਰੀਰ-ਰੂਪੀ ਚੋਲੇ ਨੂੰ ਗੰਦਾ ਕਰਦੀ ਹੈ, ਮਨੁੱਖ ਦੇ, ਉਸ ਦੇ ਸੋਮੇ ਕਰਤਾ ਪੁਰਖ ਨਾਲੋਂ ਵਿਛੋੜੇ ਦਾ ਕਾਰਨ ਬਣਦੀ ਹੈ, ਵਾਹਿਗੁਰੂ ਤੋਂ ਮਨੁੱਖ ਅੰਦਰ ਵਿੱਥ ਪੈਦਾ ਕਰਦੀ ਹੈ। ਗੁਰੂ ਰਾਮਦਾਸ ਦੱਸਦੇ ਹਨ ਕਿ ਗੁਰੂ ਦੀ ਸਿੱਖਿਆ ‘ਤੇ ਚਲਦਿਆਂ ਮਨੁੱਖ ਗੁਣ ਪੈਦਾ ਕਰਦਾ ਹੈ ਜਿਸ ਨਾਲ ਇਹ ਹਉਮੈ ਦੀ ਮੈਲ ਧੋਤੀ ਜਾਂਦੀ ਹੈ ਅਤੇ ਸਰੀਰ/ਮਨ ਨਿਰਮਲ ਹੋ ਜਾਂਦਾ ਹੈ। ਜਿਹੜੇ ਮਨੁੱਖ ਪ੍ਰੇਮ ਨਾਲ ਵਾਹਿਗੁਰੂ ਦੇ ਸੱਚੇ ਨਾਮ ਨੂੰ ਖ਼ਰੀਦਦੇ ਹਨ ਇਹ ਨਾਮ ਦਾ ਸੱਚਾ ਸੌਦਾ ਸਦੀਵੀ ਰੂਪ ਵਿਚ ਉਨ੍ਹਾਂ ਦੇ ਨਾਲ ਰਹਿੰਦਾ ਹੈ। ਇਸ ਸੌਦੇ ਵਿਚ, ਇਸ ਵਪਾਰ ਵਿਚ ਕਦੇ ਘਾਟਾ ਨਹੀਂ ਹੁੰਦਾ, ਹਮੇਸ਼ਾ ਲਾਭ ਹੀ ਹੁੰਦਾ ਹੈ ਕਿਉਂਕਿ ਕਰਤਾ ਪੁਰਖ ਉਨ੍ਹਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਨ੍ਹਾਂ ਨੂੰ ਰਚਣਹਾਰ ਨਾਲ ਪ੍ਰੇਮ ਹੋ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਸੱਚੇ ਨਾਮ ਦਾ ਵਪਾਰ ਉਹ ਕਰਦੇ ਹਨ, ਸੱਚੇ ਨਾਮ ਦੀ ਖ਼ਰੀਦ ਉਹ ਕਰਦੇ ਹਨ ਜਿਨ੍ਹਾਂ ਦੇ ਕੀਤੇ ਹੋਏ ਚੰਗੇ ਕਰਮਾਂ ਕਰਕੇ ਧੁਰ ਰੱਬ ਦੀ ਦਰਗਾਹ ਤੋਂ ਉਨ੍ਹਾਂ ਦੇ ਹਿਰਦੇ ਵਿਚ ਇਹ ਨਾਮ ਲਿਖਿਆ ਹੋਇਆ ਪ੍ਰਾਪਤ ਹੁੰਦਾ ਹੈ,
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ॥
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ॥
ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ॥
ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ॥
ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ॥੨॥ (ਪੰਨਾ ੩੧੧)
ਅੱਗੇ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਉਸ ਸੱਚੇ ਪਰਵਰਦਗਾਰ ਦੀ ਸਿਫ਼ਤਿ-ਸਾਲਾਹ ਕਰਨ ਦੀ ਗੱਲ ਕਰਦੇ ਹਨ ਜੋ ਨਿਰਾਲਾ ਅਤੇ ਸੱਚਾ ਪੁਰਖ ਪਰਮਾਤਮਾ ਹੈ ਕਿਉਂਕਿ ਉਸ ਦੀ ਕੀਤੀ ਹੋਈ ਸਿਫ਼ਤਿ ਹਮੇਸ਼ਾ ਜੀਵ ਦੇ ਨਾਲ ਨਿਭਦੀ ਹੈ। ਉਸ ਸੱਚੇ ਦਾ ਧਿਆਨ ਧਰਨ ਨਾਲ, ਉਸ ਦਾ ਸਿਮਰਨ ਕਰਨ ਨਾਲ ਉਹ ਮਨ ਦੇ ਅੰਦਰ ਸਦੀਵੀ ਵੱਸ ਜਾਂਦਾ ਹੈ, ਉਹ ਸੱਚਾ ਜੋ ਹਰ ਇੱਕ ਦਾ ਰਖਵਾਲਾ ਹੈ। ਜਿਹੜੇ ਉਸ ਸੱਚੇ ਨੂੰ ਸੱਚੇ ਮਨ ਨਾਲ ਅਰਾਧਦੇ ਹਨ, ਉਹ ਉਸ ਸੱਚੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ, ਉਨ੍ਹਾਂ ਦੀ ਸੁਰਤਿ ਉਸ ਨਾਲ ਇਕਸੁਰ ਹੋ ਜਾਂਦੀ ਹੈ। ਜਿਹੜੇ ਉਸ ਸੱਚੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਉਹ ਮੂਰਖ ਅਤੇ ਭੂਤਨੇ ਹਨ ਜੋ ਆਪਣੇ ਮਨ ਦੀਆਂ ਇਛਾਵਾਂ ਦੇ ਮਗਰ ਲੱਗ ਕੇ ਕਰਮ ਕਰਦੇ ਹਨ। ਉਹ ਆਪਣੇ ਮੂੰਹ ਤੋਂ ਸਦਾ ਬੇਤੁਕੀਆਂ, ਬੇਥਵੀਆਂ ਗੱਲਾਂ ਕਰਦੇ ਹਨ ਜਿਵੇਂ ਕੋਈ ਮਦ ਪੀਤੀ ਵਾਲਾ ਮਨੁੱਖ ਸ਼ਰਾਬੀ ਹੋ ਕੇ ਬੇਥਵੀਆਂ ਗੱਲਾਂ ਕਰਦਾ ਹੈ,
ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ॥
ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ॥
ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ॥
ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ॥
ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ॥੧੯॥ (ਪੰਨਾ ੩੧੧)

Be the first to comment

Leave a Reply

Your email address will not be published.