ਅੰਮ੍ਰਿਤਸਰ: ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਯੋਧੇ ਸ਼ ਹਰੀ ਸਿੰਘ ਨਲਵਾ ਨੂੰ ਹਾਲ ਹੀ ਵਿਚ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।
ਹਰੀ ਸਿੰਘ ਨਲਵਾ ਦਾ ਜਨਮ 1791 ਵਿਚ ਹੋਇਆ ਤੇ ਆਪਣੇ ਜੀਵਨ ਦੇ ਅੰਤ 1837 ਈਸਵੀ ਤੱਕ ਉਹ ਸਿੱਖ ਸ਼ਾਸਨ ਕਾਲ ਦੌਰਾਨ ਫੌਜ ਦੇ ਮੁੱਖ ਸੈਨਾਪਤੀ ਰਹੇ। ਉਹ ਇਤਿਹਾਸ ਵਿਚ ਇਕ ਮਾਤਰ ਅਜਿਹੀ ਸ਼ਖਸੀਅਤ ਸਨ, ਜਿਨ੍ਹਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦੱਰੇ ਨੂੰ ਪਾਰ ਕੀਤਾ।
ਇਸ ਸੂਚੀ ਵਿਚ ਮੰਗੋਲ ਸਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ, ਜਿਸ ਨੇ ਆਪਣੇ ਸ਼ਾਸ਼ਨ ਕਾਲ ਦੌਰਾਨ 4, 860,000 ਵਰਗ ਮੀਲ ਖੇਤਰ ‘ਤੇ ਜਿੱਤ ਪ੍ਰਾਪਤ ਕੀਤੀ ਸੀ, ਜੋ ਇਤਿਹਾਸ ਵਿਚ ਕਿਸੇ ਵੀ ਹੋਰ ਸ਼ਾਸ਼ਕ ਤੋਂ ਵੱਧ ਹੈ। ਤੀਜੇ ਸਥਾਨ ‘ਤੇ ਸਿਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ। ਚੌਥੇ ਸਥਾਨ ‘ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਸ਼ਾਸ਼ਕ ਅਟੀਲਾ ਦਾ ਹੱਨ ਤੇ ਪੰਜਵੇਂ ਸਥਾਨ ‘ਤੇ ਅਫਰੀਕਾ ਤੇ ਯੂਰਪ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸ਼ਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ।
ਛੇਵੇਂ ਸਥਾਨ ‘ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ, ਜੋ 546 ਬੀæਸੀæ ਵਿਚ ਪਰਸ਼ੀਆ ਦਾ ਰਾਜਾ ਬਣਿਆ ਸੀ। ਸੱਤਵੇਂ ਨੰਬਰ ‘ਤੇ ਸਪੇਨੀ ਸ਼ਾਸ਼ਕ ਫ੍ਰਾਂਸਿਸਕੋ ਪਿਜ਼ਾਰੋ (1471-1541) ਨੂੰ ਰੱਖਿਆ ਗਿਆ ਹੈ। ਜਦਕਿ ਸੱਤ ਕਰੋੜ ਲੋਕਾਂ ‘ਤੇ ਰਾਜ ਕਰਨ ਵਾਲੇ ਸਾਢੇ ਪੰਜ ਫੁੱਟੇ ਨੈਪੋਲੀਅਨ ਬੋਨਾਪਾਰਟ ਨੂੰ ਸੂਚੀ ਵਿਚ ਅੱਠਵਾਂ ਸਥਾਨ ਦਿੱਤਾ ਗਿਆ ਹੈ। ਨੌਵੇਂ ਸਥਾਨ ‘ਤੇ ਈਸਾ ਦੇ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸ਼ਕ ਹਨੀਬਲ ਬਾਰਕਾ ਨੂੰ ਰੱਖਿਆ ਗਿਆ ਹੈ। ਦਸਵੇਂ ਸਥਾਨ ‘ਤੇ ਇਕ ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸ਼ਕ ਤੈਮੂਰ ਨੂੰ ਜਗ੍ਹਾ ਦਿੱਤੀ ਗਈ ਹੈ।
ਇਤਿਹਾਸ ਮੁਤਾਬਕ ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੌਰਾਨ ਕਸ਼ਮੀਰ ਤੇ ਅਫ਼ਗਾਨ ਜਿਹੇ ਅਜਿੱਤ ਸੂਬਿਆਂ ਨੂੰ ਜਿੱਤ ਕੇ ਸਿੱਖ ਰਾਜ ਦਾ ਅਨਿਖੜਵਾਂ ਅੰਗ ਬਣਾਉਣ ਵਿਚ ਵੱਡੀ ਭੂਮਿਕਾ ਅਦਾ ਕੀਤੀ ਸੀ। ਅੱਜ ਵੀ ਅਫ਼ਗਾਨਿਸਤਾਨ ਵਿਚ ਮਾਵਾਂ ਅਪਣੇ ਬੱਚਿਆਂ ਨੂੰ ਡਰਾਉਣ ਲਈ ‘ਹਰੀਆ ਰਾਗਲੇ ਰਾ’ ਭਾਵ ‘ਹਰੀ ਸਿੰਘ ਆ ਗਿਆ ਈ’ ਦਾ ਡਰਾਵਾ ਦਿੰਦੀਆਂ ਹਨ।
ਰਸਾਲੇ ਨੇ ਦੁਨੀਆਂ ਭਰ ਵਿਚੋਂ 10 ਜਰਨੈਲਾਂ ਦੇ ਨਾਂ ਦੀ ਚੋਣ ਕੀਤੀ ਹੈ ਜੋ ਰਸਾਲੇ ਦੀ ਵੈੱਬਸਾਈਟ ‘ਤੇ ਮੌਜੂਦ ਹੈ। ਦੱਸਣਯੋਗ ਹੈ ਕਿ ਸਿੱਖਾਂ ਦੀ ਬਹਾਦਰੀ ਤੇ ਯੁੱਧ ਨੀਤੀ ਦੀ ਦੁਨੀਆਂ ਕਾਇਲ ਹੈ ਤੇ ਫ਼ਰਾਸ ਦੇ ਸਕੂਲਾਂ ਵਿਚ ਅੱਜ ਵੀ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਪੜ੍ਹਾਇਆ ਜਾਂਦਾ ਹੈ ਜਦਕਿ ਭਾਰਤ ਵਿਚ ਇਸ ਨੂੰ ਪੂਰੀ ਤਰ੍ਹਾਂ ਨਾਲ ਅਣਗੌਲਿਆ ਰੱਖਿਆ ਹੋਇਆ ਹੈ। ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਨੇ ਹਰੀ ਸਿੰਘ ਨਲੂਆ ਦਾ ਨਾਂ ਪਹਿਲੀ ਥਾਂ ‘ਤੇ ਰੱਖਣ ਉਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
Leave a Reply