ਛੱਪੜ ਵਾਲੀ ਥਾਂ

ਪੰਜਾਬੀ ਪੱਤਰਕਾਰੀ ਦੀ ਸਿਰਕੱਢ ਸ਼ਖਸੀਅਤ ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਇਸ ਸਵੈ-ਜੀਵਨੀ ਵਿਚ ਵੀ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਰਹੇ ਆਪਣੇ ਹਰਮਨਪਿਆਰੇ ਕਾਲਮ ‘ਜਗਤ ਤਮਾਸ਼ਾ’ ਵਾਂਗ ਨਿਵੇਕਲੇ ਰੰਗ ਨਾਲ ਹਾਜ਼ਰ ਹੈ। ਆਪਣੀ ਧੀ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਹਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਇਕੱਲੇ ਨੰਗਲ ਸ਼ਾਮਾ ਪਿੰਡ ਬਾਰੇ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਨ੍ਹਾਂ ਪਿੰਡਾਂ ਦੀ ਤਾਸੀਰ ਬਦਲ ਗਈ ਹੈ ਅਤੇ ਤੱਤ ਵੀ ਬਦਲ ਰਿਹਾ ਹੈ। ਦਲਬੀਰ ਨੇ ਇਹ ਰਚਨਾ ਧੜਕਦੇ ਦਿਲ ਨਾਲ ਕੀਤੀ ਹੋਈ ਹੈ, ਇਸੇ ਲਈ ਇਸ ਨੂੰ ਪੜ੍ਹਨ-ਸੁਣਨ ਵਾਲੇ ਦਾ ਦਿਲ ਵੀ ਉਸ ਰੌਂਅ ਵਿਚ ਧੜਕਣ ਲਗਦਾ ਹੈ। ਐਤਕੀਂ ‘ਛੱਪੜ ਵਾਲੀ ਥਾਂ’ ਅਧਿਆਇ ਵਿਚ ਉਸ ਨੇ ਛਿੰਝ, ਜਾਤ-ਪਾਤ ਅਤੇ ਕਈ ਹੋਰ ਮਸਲੇ ਛੋਹੇ ਹਨ। -ਸੰਪਾਦਕ

ਦਲਬੀਰ ਸਿੰਘ
ਛੋਟੇ ਅਥਵਾ ਰਵਿਦਾਸ ਗੁਰਦੁਆਰੇ ਦੇ ਸਾਹਮਣੇ ਵਾਲਾ ਛੱਪੜ ਕਿਥੇ ਗਿਆ? ਇਸ ਸਵਾਲ ਦਾ ਜਵਾਬ ਲੱਭਣ ਲਈ ਕਿਸੇ ਨੂੰ ਪੁੱਛਣਾ ਨਹੀਂ ਪਿਆ, ਕਿਉਂਕਿ ਚਾਰ ਦੀਵਾਰੀ ਕਰ ਕੇ ਲਾਏ ਵੱਡੇ ਗੇਟ ਉਤੇ ਗੋਲਾਈਦਾਰ ਮਹਿਰਾਬ ਰੂਪੀ ਲੋਹੇ ਦੀ ਪਲੇਟ ਉਤੇ Ḕਦਰਸ਼ਨ ਸਿੰਘ ਯਾਦਗਾਰੀ ਹਾਈ ਸਕੂਲ’ ਲਿਖਿਆ ਹੋਇਆ ਹੈ। ਉਹੀ ਦਰਸ਼ਨ ਸਿੰਘ, ਜਿਹੜਾ ਬਾਹਠ ਦੀ ਲੜਾਈ ਵਿਚ ਸ਼ਹੀਦ ਹੋ ਗਿਆ ਸੀ। ਇਹ ਸਕੂਲ ਐਨ ਉਸੇ ਥਾਂ ‘ਤੇ ਬਣਾਇਆ ਗਿਆ ਹੈ, ਜਿਥੇ ਛਪੜ ਹੁੰਦਾ ਸੀ। ਇਸ ਛੱਪੜ ਦੇ ਕਿਨਾਰੇ ਬੋਹੜ ਦਾ ਬਹੁਤ ਭਾਰੀ ਦਰੱਖਤ ਹੁੰਦਾ ਸੀ। ਬੋਹੜ ਹਾਲੇ ਵੀ ਕਾਇਮ ਹੈ ਪਰ ਇਸ ਨੂੰ ਸਕੂਲ ਦੇ ਅਹਾਤੇ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਪਿੰਡਾਂ ਵਿਚ ਪਿੱਪਲਾਂ ਅਤੇ ਬੋਹੜ ਦੇ ਦਰੱਖਤਾਂ ਦੀ ਬਹੁਤ ਮਹੱਤਤਾ ਰਹੀ ਹੈ। ਪੰਜਾਬ ਵਿਚ ਸ਼ਾਇਦ ਹੀ ਕੋਈ ਪਿੰਡ ਐਸਾ ਮਿਲੇਗਾ ਜਿਸ ਵਿਚ ਇਨ੍ਹਾਂ ਵਿਚੋਂ ਕੋਈ ਦਰੱਖਤ ਨਾ ਹੋਵੇ। ਹਰ ਪਿੰਡ ਵਿਚ ਹੀ ਬੋਹੜ ਤੋਂ ਇਲਾਵਾ ਪਿੱਪਲ ਹੁੰਦਾ ਸੀ। ਹੁੰਦਾ ਸੀ ਨਹੀਂ, ਸਗੋਂ ਹੁਣ ਹਨ। ਇਹ ਪਿੱਪਲ ਸਾਡੇ ਪਿੰਡ ਦੇ ਦੂਜੇ ਪਾਸੇ ਬਣੇ ਦਰਵਾਜ਼ੇ ਜਾਂ ਡਿਓਢੀ ਦੇ ਬਾਹਰ ਸੀ, ਜਾਂ ਇਉਂ ਕਹਿ ਲਵੋ ਕਿ ਪਿੰਡ ਦਾ ਦਰਵਾਜ਼ਾ ਜਾਂ ਡਿਓਢੀ ਇਸ ਪਿੱਪਲ ਦੇ ਹੇਠ ਬਣਾਈ ਗਈ ਸੀ। ਇਕ ਪਾਸੇ ਪਿੱਪਲ ਸੀ ਅਤੇ ਦੂਜੇ ਪਾਸੇ ਹਰੀਜਨ ਬਸਤੀ ਦੇ ਛੱਪੜ ਦੇ ਕੰਢੇ ਇਹ ਬੋਹੜ ਕਾਇਮ ਸੀ।
ਪਿੰਡ ਦੇ ਲੋਕਾਂ ਵਿਚ ਅੱਜ ਕੱਲ੍ਹ ਹਰੀਜਨਾਂ ਤੇ ਗੈਰ-ਹਰੀਜਨਾਂ ਵਿਚਾਲੇ ਬਹੁਤਾ ਫਰਕ ਨਹੀਂ ਰਹਿ ਗਿਆ। ਸਨਅਤੀਕਰਨ, ਸ਼ਹਿਰੀਕਰਨ, ਗਲੋਬਲੀਕਰਨ ਨੇ ਸਾਰੇ ਸੰਸਾਰ ਨੂੰ ਇਕ ਕਰ ਦਿਤਾ ਹੈ। ਤਾਂ ਫਿਰ ਪਿੰਡ ਕਿਵੇਂ ਬਚਿਆ ਰਹਿੰਦਾ? ਪਰ ਪੰਜਾਹਵਿਆਂ ਅਤੇ ਸੱਠਵਿਆਂ ਦੇ ਦਹਾਕੇ ਵਿਚ ਹਾਲਤ ਇਸ ਤਰ੍ਹਾਂ ਦੀ ਨਹੀਂ ਸੀ। ਉਦੋਂ ਹਾਲੇ ਜਾਤ-ਪਾਤ ਦਾ ਵਖਰੇਵਾਂ ਬਹੁਤ ਹੁੰਦਾ ਸੀ। ਇਸ ਲਈ ਜਿਵੇਂ ਮੇਰੀ ਬੇਟੀ ਇਹ ਸੁਣ ਕੇ ਹੈਰਾਨ ਹੁੰਦੀ ਸੀ ਕਿ ਵੱਡੇ ਗੁਰਦੁਆਰੇ ਵਿਚ ਹਰੀਜਨਾਂ ਜਾਂ ਦਲਿਤਾਂ ਨੂੰ ਜੁੱਤੀਆਂ ਰੱਖਣ ਵਾਲੀ ਥਾਂ ਉਤੇ ਜਾਂ ਜੋੜਿਆਂ ਵਿਚ ਬੈਠਣਾ ਪੈਂਦਾ ਸੀ, ਉਵੇਂ ਹੀ ਉਸ ਲਈ ਗੱਲ ਸਮਝ ਸਕਣੀ ਵੀ ਮੁਸ਼ਕਲ ਸੀ ਕਿ ਹਰੀਜਨਾਂ ਦੀ ਸੱਥ ਵੱਖਰੀ ਹੁੰਦੀ ਸੀ ਅਤੇ ਬਾਕੀ ਦੀਆਂ ਜਾਤਾਂ ਦੇ ਲੋਕਾਂ ਦੀ ਸੱਥ ਵੱਖਰੀ।
ਇਸ ਲਈ ਆਮ ਕਰ ਕੇ ਜੱਟ, ਤਰਖਾਣ, ਲੁਹਾਰ ਅਤੇ ਹੋਰ ਲੋਕ ਤਾਂ ਡਿਓਢੀ ਲਾਗਲੇ ਪਿੱਪਲ ਹੇਠਾਂ ਬਣੇ ਥੜ੍ਹੇ ਉਤੇ ਜਾਂ ਮੀਂਹ ਕਣੀ ਵਾਲੇ ਦਿਨੀਂ ਡਿਓਢੀ ਵਿਚ ਬੈਠ ਕੇ ਦਿਨ ਕਟੀ ਕਰਦੇ ਸਨ ਪਰ ਹਰੀਜਨ ਲੋਕ ਛੱਪੜ ਕਿਨਾਰੇ ਬੋਹੜ ਦੇ ਹੇਠਾਂ ਮੰਜੇ ਡਾਹ ਕੇ ਬੈਠਿਆ ਕਰਦੇ ਸਨ। ਜਦੋਂ ਕਦੇ ਪਿੰਡ ਵਿਚ ਕੋਈ ਐਸਾ ਮਾਮਲਾ ਆ ਜਾਂਦਾ ਸੀ ਜਿਸ ਵਿਚ ਕੋਈ ਹਰੀਜਨ ਵੀ ਮੁਲਜ਼ਮ ਹੋਵੇ, ਤਾਂ ਉਸ ਨੂੰ ਡਿਓਢੀ ਵਿਚ ਹੇਠਾਂ ਫਰਸ਼ ‘ਤੇ ਬੈਠਣਾ ਪੈਂਦਾ ਸੀ। ਬਹੁਤੀ ਵਾਰੀ ਉਸ ਨੂੰ ਪੈਰਾਂ ਭਾਰ ਹੀ ਬੈਠਣਾ ਪੈਂਦਾ ਸੀ। ਪਿੱਪਲ ਹੇਠਾਂ ਕੋਈ ਸਿਗਰਟ ਵੀ ਨਹੀਂ ਸੀ ਪੀ ਸਕਦਾ, ਪਰ ਬੋਹੜ ਹੇਠਾਂ ਹਰੀਜਨਾਂ ਦੇ ਹੁੱਕੇ ਮਘਦੇ ਰਹਿੰਦੇ ਸਨ।
ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ ਜਿਹੜੇ ਲੋਕ ਜੱਟਾਂ ਜਾਂ ਹੋਰ ਕਥਿਤ ਉਚੀਆਂ ਜਾਤਾਂ ਨਾਲ ਸੀਰੀ ਰਲ ਗਏ ਸਨ ਜਾਂ ਗੋਹੇ-ਕੂੜੇ ਦਾ ਕੰਮ ਕਰਦੇ ਸਨ, ਉਨ੍ਹਾਂ ਨੂੰ ਘਰਾਂ ਦੇ ਬਾਹਰਲੇ ਦਰਵਾਜ਼ੇ ਕੋਲ ਹੀ ਬੈਠਣਾ ਪੈਂਦਾ ਸੀ। ਘਰ ਦੀ ਸੁਆਣੀ ਉਥੇ ਬੈਠੇ ਦੇ ਹੀ ਹੱਥ ‘ਤੇ ਰੋਟੀਆ ਧਰ ਦਿੰਦੀ ਸੀ। ਜੇ ਤਾਂ ਹਰੀਜਨਾਂ ਨੇ ਆਪਣੀ ਕੌਲੀ ਜਾਂ ਬਾਟੀ ਆਪਣੇ ਨਾਲ ਲਿਆਂਦੀ ਹੋਵੇ ਤਾਂ ਦਾਲ ਸਬਜ਼ੀ ਉਸ ਵਿਚ ਪਾ ਦਿਤੀ ਜਾਂਦੀ ਸੀ, ਵਰਨਾ ਰੋਟੀਆਂ ਉਤੇ ਹੀ ਦਾਲ ਸਬਜ਼ੀ ਧਰ ਕੇ ਖਾਣੀ ਪੈਂਦੀ ਸੀ। ਕਈ ਵਾਰੀ ਤਰੀ ਵਾਲੀ ਸਬਜ਼ੀ ਜਾਂ ਪਤਲੀ ਦਾਲ ਨੂੰ ਰੋਟੀ ‘ਤੇ ਸੰਭਾਲਣਾ ਵੀ ਮੁਸ਼ਕਲ ਹੁੰਦਾ ਸੀ। ਇਸ ਤਰ੍ਹਾਂ ਦਾ ਵਤੀਰਾ ਸੀ ਉਸ ਪਿੰਡ ਵਿਚ ਜਿਹੜਾ ਪਹਿਲਾਂ ਤੋਂ ਹੀ ਅਗਾਂਹਵਧੂ ਸਮਝੇ ਜਾਂਦੇ ਦੋਆਬੇ ਦੇ ਸਭ ਤੋਂ ਵੱਡੇ ਸ਼ਹਿਰ ਜਲੰਧਰ ਦੇ ਮੁੱਢ ਵਿਚ ਵਸਦਾ ਸੀ ਅਤੇ ਬਹੁਤ ਅਗਾਂਹਵਧੂ ਸਮਝਿਆ ਜਾਂਦਾ ਸੀ।
ਇਸ ਲਈ ਇਹ ਕੋਈ ਅਲੋਕਾਰੀ ਗੱਲ ਨਹੀਂ ਸੀ ਜਾਪਦੀ ਕਿ ਹਰੀਜਨਾਂ ਦੇ ਬੁੱਢੇ ਲੋਕ ਛੱਪੜ ਕੰਢੇ ਖੜ੍ਹੇ ਸਦੀਆਂ ਪੁਰਾਣੇ ਬੋਹੜ ਦੀ ਛਾਵੇਂ ਬੈਠ ਕੇ ਹੁੱਕਾ ਪੀਂਦੇ ਹੋਏ ਦਿਨ ਕੱਟੀ ਕਰਦੇ ਸਨ। ਇਹ ਉਹੀ ਛੱਪੜ ਹੈ ਜਿਸ ਦੇ ਕਿਨਾਰੇ ਲਾਲੀ ਗੋਤ ਦੇ ਜੱਟਾਂ ਦੇ ਜਠੇਰੇ ਵੀ ਹਨ। ਸਾਡੇ ਪਿੰਡ ਦੇ ਲਗਭਗ ਸਾਰੇ ਜੱਟਾਂ ਦਾ ਗੋਤ ਲਾਲੀ ਹੈ। ਇਹ ਲਾਲੀ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਪਿੰਡ ਵਿਚੋਂ ਉਠ ਕੇ ਕਰੀਬ ਪੰਜ ਸਦੀਆਂ ਪਹਿਲਾਂ ਇਸ ਥਾਂ ਵਸੇ ਸਨ। ਇਲਾਕੇ ਵਿਚ ਕਿਉਂਕਿ ਹੋਰ ਪਿੰਡਾਂ ਵਿਚ ਲਾਲੀ ਗੋਤ ਦੇ ਬਹੁਤੇ ਜੱਟ ਨਹੀਂ ਰਹਿੰਦੇ, ਇਸ ਲਈ ਉਨ੍ਹਾਂ ਨੇ ਪਿੰਡ ਵਿਚ ਹੀ ਆਪਣੇ ਪੁਰਾਣੇ ਪਿੰਡ ਤੋਂ ਮਿੱਟੀ ਲਿਆ ਕੇ ਜੇਠਰੇ ਬਣਾ ਲਏ ਸਨ। ਜਠੇਰੇ ਕਾਹਦੇ ਸਨ, ਮਿੱਟੀ ਦੀ ਢੇਰੀ ਸੀ ਜਿਹੜੀ ਛੱਪੜ ਦੇ ਕਿਨਾਰੇ ਲੱਗੀ ਹੋਈ ਸੀ। ਇਸ ਦੇ ਨਾਲ ਦੀ ਕੱਚੀ ਫਿਰਨੀ ਲੰਘਦੀ ਸੀ। ਮਿਥੇ ਹੋਏ ਦਿਨ ‘ਤੇ ਸਾਲ ਵਿਚ ਇਕ ਵਾਰੀ ਪਿੰਡ ਦੇ ਕੁਝ ਜੱਟ (ਲਾਲੀ) ਇਸ ਥਾਂ ਜਠੇਰਿਆਂ ਦੀ ਮਿੱਟੀ ਕੱਢਣ ਲਈ ਆਉਂਦੇ ਸਨ। ਬਾਕੀ ਦਾ ਸਾਰਾ ਸਾਲ ਇਹ ਥਾਂ ਉਜਾੜ ਅਤੇ ਅਣਗੌਲਿਆ ਪਿਆ ਰਹਿੰਦਾ ਸੀ।
ਹੁਣ ਇਸ ਥਾਂ ਦੁਆਲੇ ਲੋਹੇ ਦਾ ਜੰਗਲਾ ਲਾ ਕੇ ਉਸ ਉਤੇ ਰੰਗ-ਬਰੰਗਾ ਰੋਗਨ ਕਰ ਦਿਤਾ ਗਿਆ ਹੈ। ਨਾਲ ਹੀ ਤਖ਼ਤੀ ਲਾ ਕੇ Ḕਜਠੇਰੇ ਲਾਲੀਆਂ’ ਲਿਖ ਦਿਤਾ ਹੈ। ਛੋਟੀ ਜਿਹੀ ਮਟੀ ਵੀ ਬਣਾ ਦਿਤੀ ਹੈ। ਇਹ ਨਹੀਂ ਪਤਾ ਲੱਗਾ ਕਿ ਹੁਣ ਮਿੱਥੇ ਦਿਨ ਉਤੇ ਕਿੰਨੇ ਕੁ ਲੋਕ ਮਿੱਟੀ ਕੱਢਣ ਆਉਂਦੇ ਹਨ।
ਇਸੇ ਛੱਪੜ ਦੀ ਵਰਤੋਂ ਇਕ ਹੋਰ ਕੰਮ ਲਈ ਵੀ ਕੀਤੀ ਜਾਂਦੀ ਸੀ। ਉਹ ਸੀ ਗੁੱਗਾ ਨੌਮੀ ਵਾਲੇ ਦਿਨ ਇਸ ਵਿਚ ਬੇੜਾ ਤਾਰਨ ਦੀ। ਨੰਗਲ ਸ਼ਾਮਾ ਨੂੰ Ḕਚੇਲਿਆਂ ਵਾਲਾ’ ਨੰਗਲ ਵੀ ਕਿਹਾ ਜਾਂਦਾ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਥਾਂ ਪਰ ਥਾਂ ਗੁੱਗਾ ਜਾਹਿਰ ਪੀਰ ਦੀਆਂ ਥਾਂਵਾਂ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਦੀ ਇਕ ਮਟੀ ਨੰਗਲ ਸ਼ਾਮਾ ਵਿਚ ਕਾਇਮ ਹੈ। ਇਸ ਮਟੀ ਦੇ ਪ੍ਰਬੰਧਕ ਨੂੰ ਚੇਲਾ ਕਹਿੰਦੇ ਹਨ।
ਗੁੱਗਾ ਨੌਮੀ ਤੋਂ ਕਰੀਬ ਨੌਂ ਦਿਨ ਪਹਿਲਾਂ ਚੇਲਾ ਅਤੇ ਹੋਰ ਸ਼ਰਧਾਲੂ ਇਸ ਮਟੀ (ਮਾੜੀ) ‘ਤੇ ਰਾਤ ਨੂੰ ਗੁੱਗੇ ਦੀ ਕਥਾ ਗਾਉਂਦੇ ਹਨ। ਦੇਰ ਰਾਤ ਤਕ ਚੌਂਕੀ ਭਰੀ ਜਾਂਦੀ ਹੈ। ਪਿੰਡ ਦੇ ਲੋਕ ਇਕੱਠੇ ਹੋ ਕੇ ਇਹ ਕਥਾ ਸੁਣਦੇ ਹਨ। ਰਾਤ ਨੂੰ ਚੌਂਕੀ ਭਰਦੇ ਹਨ ਅਤੇ ਦਿਨ ਵੇਲੇ ਇਹ ਸਾਰੇ ਜਣੇ ਰਲ ਕੇ ਪਿੰਡ ਵਿਚ ਦਰ-ਦਰ ਜਾ ਕੇ ਇਹ ਕਥਾ ਸੁਣਾਉਂਦੇ ਹਨ। ਸ਼ਰਧਾਵਾਨ ਲੋਕ ਵਿਤ ਮੁਤਾਬਕ ਦਾਨ ਦਿੰਦੇ ਹਨ।
ਨੌਮੀ ਵਾਲੇ ਦਿਨ ਸਾਰੇ ਪਿੰਡ ਦੀਆਂ ਸੁਆਣੀਆਂ ਆਪਣੇ ਹੱਥੀਂ ਵੱਟੀਆਂ ਸੇਵੀਆਂ ਬਣਾ ਕੇ ਕੱਚੀ ਲੱਸੀ ਲੈ ਕੇ ਪਿੰਡ ਦੇ ਬਾਹਰਵਾਰ ਸਥਿਤ ਕਿਸੇ ਵਣੀ ‘ਤੇ ਚੜ੍ਹਾ ਕੇ ਆਉਂਦੀਆਂ ਹਨ। ਦੂਜੇ ਪਾਸੇ ਨੌਮੀ ਤੋਂ ਪਹਿਲੀ ਰਾਤ ਉਸ ਚੇਲੇ ਦੇ ਹਾਲ ਪੈ ਜਾਂਦਾ ਹੈ/ਸੀ ਅਤੇ ਉਹ ਛੁਰੀਆਂ ਲੱਗੇ ਸੰਗਲਾਂ ਨਾਲ ਆਪਣੇ ਆਪ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਣ ਕਰ ਲੈਂਦਾ ਸੀ; ਐਨ ਉਸ ਤਰ੍ਹਾਂ ਜਿਵੇਂ ਮੁਹੱਰਮ ਦੇ ਦਿਨੀਂ ਮੁਸਲਮਾਨ ਤਾਜੀਆ ਕੱਢਦੇ ਹੋਏ ਕਰਦੇ ਹਨ। ਇਸ ਮਗਰੋਂ ਤੀਲਾਂ ਦਾ ਬੇੜਾ ਬਣਾ ਕੇ ਛੱਪੜ ਵਿਚ ਤਾਰ ਦਿਤਾ ਜਾਂਦਾ ਸੀ। ਇਸ ਬੇੜੇ ਵਿਚ ਦੀਵਾ ਜਗਦਾ ਹੁੰਦਾ ਸੀ। ਬੇੜਾ ਤਾਰਨ ਦੀ ਰਸਮ ਦਾ ਮਤਲਬ ਇਹ ਹੁੰਦਾ ਸੀ ਕਿ ਗੁੱਗੇ ਦੀ ਨੌਂ ਦਿਨ ਦੀ ਪੂਜਾ ਸਮਾਪਤ ਹੋ ਗਈ ਹੈ।
ਇਸ ਮਗਰੋਂ ਪਿੰਡ ਦੇ ਕਿਸੇ ਨਾ ਕਿਸੇ ਖੇਤਰ ਵਿਚ ਛਿੰਝ ਪੈਂਦੀ ਸੀ। ਕੁਸ਼ਤੀਆਂ ਦੇ ਮੁਕਾਬਲਿਆਂ ਨੂੰ ਛਿੰਝ ਕਿਹਾ ਜਾਂਦਾ ਹੈ। ਲਾਗਲੇ ਪਿੰਡਾਂ ਦੇ ਭਲਵਾਨਾਂ ਦੇ ਇਲਾਵਾ ਪਿੰਡਾਂ ਦੇ ਗੱਭਰੂ ਵੀ ਘੋਲਾਂ ਵਿਚ ਹਿੱਸਾ ਲੈਂਦੇ ਸਨ। ਨੰਗਲ ਸ਼ਾਮਾ ਦੀ ਛਿੰਝ ਲਾਗਲੇ ਪਿੰਡਾਂ ਵਿਚ ਕਾਫ਼ੀ ਮਸ਼ਹੂਰ ਮੰਨੀ ਜਾਂਦੀ ਸੀ, ਪਰ ਇਸ ਲਈ ਕੋਈ ਪੱਕਾ ਪਿੜ ਨਹੀਂ ਸੀ ਰੱਖਿਆ ਜਾਂਦਾ। ਆਮ ਤੌਰ ‘ਤੇ ਵਾਢੀਆਂ ਤੋਂ ਬਾਅਦ ਜਿਹੜਾ ਵੀ ਖੇਤ ਠੀਕ ਲੱਗੇ, ਉਸ ਵਿਚ ਆਖਾੜਾ ਬੰਨ੍ਹ ਦਿਤਾ ਜਾਂਦਾ ਸੀ।
ਇਸ ਮੌਕੇ ਲੜਾਈਆਂ ਅਕਸਰ ਹੀ ਹੁੰਦੀਆਂ ਸਨ। ਮੇਰੀ ਆਪਣੀ ਸੁਰਤ ਵਿਚ ਘੱਟੋ-ਘੱਟ ਦਸ ਵਾਰੀ ਲੜਾਈਆਂ ਹੋਈਆਂ ਸਨ। ਇਕ ਵਾਰੀ ਤਾਂ ਜਦੋਂ ਹਾਲੇ ਮੇਰੀ ਉਮਰ ਮਸਾਂ ਦਸਾਂ ਬਾਰਾਂ ਸਾਲਾਂ ਦੀ ਹੋਈ ਹੋਵੇਗੀ, ਗੰਡਾਸੇ ਤੇ ਕਿਰਪਾਨਾਂ ਵੀ ਚੱਲ ਗਈਆਂ ਸਨ। ਦੋ-ਚਾਰ ਬੰਦੇ ਜ਼ਖ਼ਮੀ ਵੀ ਹੋ ਗਏ ਸਨ। Ḕਸ਼ਾਮਾ’ ਤਖੱਲਸ ਹੇਠ ਕਵਿਤਾ ਲਿਖਣ ਵਾਲਾ ਝਿਊਰਾਂ ਦਾ ਜਗੀਰ ਸਿੰਘ ਮੇਰੀ ਨਜ਼ਰ ਵਿਚ ਹਾਲੇ ਵੀ ਮਿੰਨਤਾਂ ਕਰਦਾ ਲੋਕਾਂ ਨੂੰ ਲੜਨ ਤੋਂ ਹਟਾਉਂਦਾ ਦਿਖਾਈ ਦੇ ਰਿਹਾ ਹੈ, ਪਰ ਗੁੱਸੇ ਵਿਚ ਭਰੇ, ਭੂਤਰੇ ਹੋਏ ਸ਼ਰਾਬੀਆਂ ਨੂੰ ਅਕਲ ਦੀ ਗੱਲ ਕਦੋਂ ਸੁਣਦੀ ਹੈ? ਇਸ ਲਈ ਮਾਮਲਾ ਹਸਪਤਾਲਾਂ ਤੇ ਥਾਣੇ ਤਕ ਪਹੁੰਚ ਗਿਆ ਸੀ।
ਛਿੰਝ ਤੋਂ ਹੀ ਚੇਤੇ ਆਇਆ ਕਿ ਸਾਡੇ ਪਿੰਡ ਦਾ ਬਾਹਮਣਾਂ ਦਾ ਗਿਰਧਾਰੀ ਉਨ੍ਹੀਂ ਦਿਨੀਂ ਇਲਾਕੇ ਦਾ ਮਸ਼ਹੂਰ ਭਲਵਾਨ ਹੁੰਦਾ ਸੀ। ਕਈ ਸਾਲਾਂ ਤਕ ਉਸ ਨੇ ਪਟਕੇ ਦੀ ਝੰਡੀ ਪਿੰਡੋਂ ਬਾਹਰ ਨਹੀਂ ਸੀ ਜਾਣ ਦਿਤੀ। ਦੂਰ-ਦੂਰ ਤੋਂ ਨਾਮੀ ਭਲਵਾਨ ਸਿਰਫ਼ ਗਿਰਧਾਰੀ ਨਾਲ ਟੱਕਰ ਲੈਣ ਲਈ ਛਿੰਝ ਵਿਚ ਆਉਂਦੇ ਸਨ, ਪਰ ਗਿਰਧਾਰੀ ਦੀ ਕੋਈ ਪਿੱਠ ਨਹੀਂ ਸੀ ਲਾ ਸਕਿਆ। ਮੈਨੂੰ ਚੇਤੇ ਹੈ ਕਿ ਇਕ ਵਾਰੀ ਪਟਕੇ ਦਾ ਘੋਲ ਜਿੱਤਣ ਮਗਰੋਂ ਪਿੰਡ ਦੇ ਲੋਕਾਂ ਨੇ ਉਸ ਨੂੰ ਇੰਨੇ ਇਨਾਮ ਦਿਤੇ ਕਿ ਉਸ ਤੋਂ ਰੁੱਗ ਵਿਚ ਸਾਂਭੇ ਨਹੀਂ ਸੀ ਜਾਂਦੇ। ਫਿਰ ਪਿੰਡ ਦੇ ਬਹੁਤੇ ਘਰਾਂ ਨੇ ਉਸ ਦੇ ਘਰ ਪੁੱਜਤ ਮੁਤਾਬਕ ਦੇਸੀ ਘਿਉ ਭੇਜਿਆ ਸੀ। ਮੇਰੇ ਦਾਦਾ ਜੀ ਨੂੰ ਜਵਾਨੀ ਵੇਲੇ ਕੁਸ਼ਤੀ ਕਰਨ ਦਾ ਸ਼ੌਕ ਰਿਹਾ ਸੀ। ਉਨ੍ਹਾਂ ਨੇ ਵੀ ਦੋ ਕਿੱਲੋ ਘਿਉ ਭਿਜਵਾਇਆ ਸੀ। ਗਿਰਧਾਰੀ ਭਲਵਾਨ ਦੀ ਭਰ ਜਵਾਨੀ ਵਿਚ ਹੀ ਟ੍ਰੈਕਟਰ ਉਲਟਣ ਨਾਲ ਉਸ ਦੇ ਹੇਠਾਂ ਮਿੱਧੇ ਜਾਣ ਨਾਲ ਮੌਤ ਹੋ ਗਈ ਸੀ। ਉਦੋਂ ਸਾਰਾ ਪਿੰਡ ਰੋਇਆ ਸੀ।
ਮੇਰੀ ਬੇਟੀ ਨੇ ਕਦੇ ਮਿੱਟੀ ਵਿਚ ਕੁਸ਼ਤੀਆਂ ਨਹੀਂ ਦੇਖੀਆਂ। ਉਸ ਨੇ ਤਾਂ ਸਪੋਰਟਸ ਚੈਨਲਾਂ ‘ਤੇ ਆਉਂਦੀਆਂ ਉਹ ਅਮਰੀਕੀ ਬ੍ਰਾਂਡ ਨਾਟਕੀ ਕੁਸ਼ਤੀਆਂ ਹੀ ਦੇਖੀਆਂ ਹਨ ਜਿਨ੍ਹਾਂ ਵਿਚ ਭਲਵਾਨ ਇਕ-ਦੂਜੇ ਨੂੰ ਪਟਕਾ-ਪਟਕਾ ਕੇ ਮਾਰਦੇ ਹਨ, ਫਲਾਇੰਗ ਕਿੱਕਾਂ ਚਲਾਉਂਦੇ ਹਨ, ਬਾਹਾਂ ਮਰੋੜਦੇ ਹਨ ਅਤੇ ਬਾਂਦਰਾਂ ਵਾਂਗ ਚੀਕ-ਚਿਹਾੜਾ ਪਾਉਂਦੇ ਹਨ; ਸਗੋਂ ਉਨ੍ਹਾਂ (ਬਾਂਦਰਾਂ) ਵਾਂਗ ਹੀ ਮੂੰਹਾਂ ‘ਤੇ ਰੰਗ-ਬਰੰਗੀ ਕਾਲਖ ਵੀ ਮਲਦੇ ਹਨ। ਵਾਲਾਂ ਦੀ ਬਣਤਰ ਵੀ ਅਜੀਬ ਕਿਸਮ ਦੀ ਹੁੰਦੀ ਸੀ। ਇਸ ਲਈ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਪਿੰਡਾਂ ਵਿਚ ਭਲਵਾਨ ਸਿਰਫ਼ ਲੰਗੋਟੇ ਪਹਿਨ ਕੇ ਰੇਤੇ ਜਾਂ ਮਿੱਟੀ ਵਿਚ ਕੁਸ਼ਤੀਆਂ ਕਿਵੇਂ ਕਰਦੇ ਹੁੰਦੇ ਸਨ/ਹਨ?
ਮੈਂ ਪੱਕੇ ਤੌਰ ‘ਤੇ ਨਹੀਂ ਕਹਿ ਸਕਦਾ ਕਿ ਅੱਜ ਕੱਲ੍ਹ ਛਿੰਝ ਪੈਂਦੀ ਕਿ ਨਹੀਂ; ਇਸ ਸ਼ੰਕੇ ਦਾ ਕਾਰਨ ਇਹ ਹੈ ਕਿ ਲੋਕਾਂ ਕੋਲ ਹੁਣ ਸਮਾਂ ਨਹੀਂ ਰਹਿ ਗਿਆ। ਸ਼ਹਿਰ ਨੇ ਇਸ ਦੇ ਜਵਾਨਾਂ ਵਿਚ ਨਾ ਤਾਂ ਮਿਹਨਤ ਕਰਨ ਲਈ ਖੁਰਾਕ ਹੀ ਰਹਿਣ ਦਿਤੀ ਹੈ, ਨਾ ਭਲਵਾਨੀ ਕਰਨ ਦਾ ਸ਼ੌਕ ਰਿਹਾ ਹੈ ਅਤੇ ਨਾ ਹੀ ਭਲਵਾਨੀ ਕੋਈ ਲਾਹੇਵੰਦ ਧੰਦਾ ਹੈ। ਹਾਂ, ਸੁਣਿਆ ਹੈ ਕਿ ਸਿੱਖਾਂ ਦਾ ਜਿਹੜਾ ਤੋਖੀ (ਹੁਣ ਤਰਲੋਕ ਸਿੰਘ) ਮੇਰੇ ਨਾਲ ਚੌਥੀ ਜਮਾਤ ਤਕ ਪੜ੍ਹਦਾ ਰਿਹਾ ਸੀ, ਉਸ ਦੇ ਪੁੱਤਰ ਨੇ ਬਾਡੀ ਬਿਲਡਿੰਗ ਦਾ ਸ਼ੌਕ ਪਾਲਿਆ ਹੈ ਅਤੇ ਇਸ ਖੇਤਰ ਵਿਚ ਕਾਫ਼ੀ ਨਾਂ ਖੱਟਿਆ ਹੈ।
ਜਿਥੋਂ ਤਕ ਰਵਿਦਾਸ ਗੁਰਦੁਆਰੇ ਦੇ ਸਾਹਮਣੇ ਵਾਲੇ ਛੱਪੜ ਦਾ ਸਵਾਲ ਹੈ, ਉਹ ਹੁਣ ਉਥੇ ਨਹੀਂ ਰਿਹਾ। ਉਸ ਥਾਂ ‘ਤੇ ਸਕੂਲ ਬਣ ਗਿਆ ਹੈ। ਅੰਗਰੇਜ਼ੀ ਦੇ ਅੱਖਰ Ḕਐਲ’ ਵਾਂਗ ਕਮਰੇ ਉਸਾਰ ਦਿੱਤੇ ਗਏ ਹਨ। ਛੱਪੜ ਦੀ ਥਾਂ ਮੈਦਾਨ ਬਣ ਗਿਆ ਹੈ, ਪਰ ਬੋਹੜ ਦਾ ਦਰੱਖਤ ਹਾਲੇ ਵੀ ਉਸ ਥਾਂ ਉਤੇ ਆਪਣੀ ਛਤਰ ਛਾਇਆ ਰੱਖ ਰਿਹਾ ਹੈ।
Ḕਹੁਣ ਲੋਕ ਬੇੜਾ ਕਿਥੇ ਤਾਰਦੇ ਹਨ?’, ਬੇਟੀ ਦੇ ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਸੀ। ਮੈਂ ਤਾਂ ਸਿਰਫ਼ ਇਹੀ ਦੁਆ ਕਰ ਰਿਹਾ ਸਾਂ ਕਿ ਸ਼ਾਲਾ ਮੇਰੇ ਪਿੰਡ ਦੇ ਬੋਹੜ ਅਤੇ ਪਿੱਪਲ ਨੂੰ ਸ਼ਹਿਰ ਦੀ ਨਜ਼ਰ ਨਾ ਲੱਗੇ ਅਤੇ ਇਹ ਪਿੰਡ ਇਤਿਹਾਸ ਦੀ ਗਵਾਹੀ ਸਦਾ ਲਈ ਭਰਦੇ ਰਹਿਣ।
(ਚਲਦਾ)

Be the first to comment

Leave a Reply

Your email address will not be published.