ਚਿੱਠੀ ਸਿੰਘਪੁਰਾ (ਜੰਮੂ ਕਸ਼ਮੀਰ): ਜ਼ਿਲ੍ਹਾ ਆਨੰਤਨਾਗ ਵਿਚ ਪੈਂਦੇ ਪਿੰਡ ਚਿੱਠੀ ਸਿੰਘਪੁਰਾ ਵਿਚ 14 ਸਾਲ ਪਹਿਲਾਂ ਅਣਪਛਾਤੇ ਵਰਦੀਧਾਰੀਆਂ ਹੱਥੋਂ ਮਾਰੇ ਗਏ 35 ਨਿਰਦੋਸ਼ ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਵਿਚ ਹਨ। ਇਸ ਦਰਦਨਾਕ ਕਾਂਡ ਦੇ ਦੋਸ਼ੀਆਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਾ ਹੋਣ ਉਤੇ ਪੀੜ੍ਹਤ ਪਰਿਵਾਰਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। 20 ਮਾਰਚ 2000 ਨੂੰ ਅਣਪਛਾਤੇ ਵਰਦੀਧਾਰੀ ਹਮਲਾਵਰਾਂ ਵੱਲੋਂ ਪਿੰਡ ਚਿੱਠੀ ਸਿੰਘਪੁਰਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਮੁੰਦਰੀ ਹਾਲ ਦੇ ਬਾਹਰ ਗੁਰਦੁਆਰਾ ਸਾਹਿਬ ਦੀ ਦੀਵਾਰ ਦੇ ਨਾਲ 18 ਸਿੱਖਾਂ ਤੇ ਸ਼ੌਕੀਨਪੁਰਾ ਵਿਖੇ 17 ਸਿੱਖਾਂ ਨੂੰ ਵੀ ਇਕ ਲਾਈਨ ਵਿਚ ਖੜ੍ਹਾ ਕਰਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀ।
ਪਿੰਡ ਚਿੱਠੀ ਸਿੰਘਪੁਰਾ ਦੇ ਕੁੱਲ 500 ਘਰਾਂ ਵਿਚੋਂ ਤਕਰੀਬਨ 200 ਮੁਸਲਮਾਨਾਂ ਦੇ ਘਰ ਹਨ, ਜਦ ਕਿ 300 ਸਿੱਖ ਪਰਿਵਾਰ ਰਹਿ ਰਹੇ ਹਨ। ਸਿੱਖ ਪਰਿਵਾਰਾਂ ਦਾ ਮੁੱਖ ਕਿੱਤਾ ਖੇਤੀਬਾੜੀ ਤੇ ਖਾਸ ਕਰਕੇ ਬਾਗਬਾਨੀ ਹੈ। ਗੁਰਦੁਆਰਾ ਸਮੁੰਦਰੀ ਹਾਲ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਦੀਵਾਰ ਨਾਲ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੂੰ ਸੁਰੱਖਿਅਤ ਰੱਖਣ ਲਈ ਸ਼ੀਸ਼ੇ ਦੀ ਦੀਵਾਰ ਤੇ ਜਾਲੀ ਦਾ ਫਰੇਮ ਲਗਾਇਆ ਗਿਆ ਹੈ, ਜਦ ਕਿ ਇਨ੍ਹਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਪੱਥਰ ਵੀ ਲਗਾਇਆ ਗਿਆ ਹੈ। ਗੁਰਦੁਆਰਾ ਸਾਹਿਬ ਅੰਦਰ ਇਨ੍ਹਾਂ ਮ੍ਰਿਤਕ ਸਿੱਖਾਂ ਦੀਆਂ ਤਸਵੀਰਾਂ ਵੀ ਇਕ ਬੋਰਡ ਉਪਰ ਲਗਾਈਆਂ ਗਈਆਂ ਹਨ।
ਪਿੰਡ ਦੇ ਸਿੱਖ ਪਰਿਵਾਰ ਮੁਸਲਿਮ ਪਰਿਵਾਰਾਂ ਨਾਲ ਰਲ ਮਿਲਕੇ ਰਹਿ ਰਹੇ ਹਨ ਤੇ ਉਨ੍ਹਾਂ ਦੀ ਭਾਈਚਾਰਕ ਸਾਂਝ ਪਹਿਲਾਂ ਵਾਂਗ ਹੀ ਬਰਕਰਾਰ ਹੈ, ਪਰ ਦੋਸ਼ੀਆਂ ਬਾਰੇ ਸ਼ਨਾਖ਼ਤ ਨਾ ਹੋਣ ਕਰਕੇ ਭਵਿੱਖ ਦੀਆਂ ਪੀੜ੍ਹੀਆਂ ਦੇ ਮਨਾਂ ਵਿਚ ਪੈਦਾ ਹੋਣ ਵਾਲੀ ਗੁੱਥੀ ਨੂੰ ਸੁਲਝਾਉਣ ਲਈ ਸਾਰੀ ਸਚਾਈ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਪਿੰਡ ਦੇ ਹੀ ਵਸਨੀਕ ਨਾਨਕ ਸਿੰਘ ਜੋ ਕਿ ਇਸ ਖੂਨੀ ਕਾਂਡ ਵਿਚ ਖੁਦ ਤਾਂ ਜ਼ਖਮੀ ਹੋਇਆ ਹੀ ਸੀ, ਉਨ੍ਹਾਂ ਦਾ ਨੌਜਵਾਨ ਪੁੱਤਰ ਗੁਰਮੀਤ ਸਿੰਘ ਵੀ 18 ਹੋਰ ਸਿੱਖਾਂ ਸਮੇਤ ਇਸ ਕਾਂਡ ਵਿਚ ਮਾਰਿਆ ਗਿਆ ਸੀ, ਨੇ ਦੱਸਿਆ ਕਿ ਉਸ ਨੂੰ ਸਾਰੀ ਘਟਨਾ ਅੱਜ ਤੱਕ ਪੂਰੀ ਤਰ੍ਹਾਂ ਕੱਲ੍ਹ ਵਾਂਗ ਯਾਦ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਰਜਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਕਾਂਡ ਤੋਂ ਬਾਅਦ ਹਮਲਾਵਰ ਤਾਂ ਫਰਾਰ ਹੋ ਗਏ, ਪਰ ਡਰਦਿਆਂ ਕੋਈ ਵੀ ਪਿੰਡ ਵਾਸੀ ਦਹਿਸ਼ਤ ਕਾਰਨ ਘਰੋਂ ਬਾਹਰ ਨਹੀਂ ਸੀ ਨਿਕਲ ਰਿਹਾ। ਉਨ੍ਹਾਂ ਹੌਸਲਾ ਕਰਕੇ ਕੁਝ ਸਿੰਘਾਂ ਨੂੰ ਨਾਲ ਲਿਆ ਤੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਦੇਖਿਆ ਕਿ ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼ ਬਹੁਤ ਹੀ ਭਿਆਨਕ ਸੀ। ਨਾਨਕ ਸਿੰਘ ਤੇ ਸਿਰਤਾਜ ਸਿੰਘ ਜ਼ਖਮੀ ਹਾਲਤ ਵਿਚ ਤੜਫ ਰਹੇ ਸਨ, ਕਿਉਂਕਿ ਨਾਨਕ ਸਿੰਘ ਦੇ ਲੱਕ ਵਿਚ ਤੇ ਸਰਤਾਜ ਸਿੰਘ ਦੇ ਛਾਤੀ ਤੇ ਪੇਟ ਵਿਚ ਗੋਲੀਆਂ ਲੱਗਣ ਕਾਰਨ ਉਹ ਖੂਨੋ ਖੂਨ ਹੋਏ ਪਏ ਸਨ। ਕੋਈ ਸਾਧਨ ਨਾ ਹੋਣ ਕਰਕੇ ਤੇ ਦਹਿਸ਼ਤ ਕਾਰਨ ਇਨ੍ਹਾਂ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ, ਜਿਸ ਕਾਰਨ ਸਰਤਾਜ ਸਿੰਘ ਆਪਣੇ ਘਰ ਵਿਚ ਹੀ ਤੜਫਦਾ ਮਰ ਗਿਆ।
ਗੁਰਦੁਆਰਾ ਸਾਹਿਬ ਦੇ ਚੇਅਰਮੈਨ ਮਿੱਠਾ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬੇਸ਼ੱਕ ਪ੍ਰਸਾਸ਼ਨ ਵੱਲੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੌਂਕੀ ਬਣਾ ਕੇ ਸੀæਆਰæਪੀ ਦਾ ਪੱਕਾ ਪਹਿਰਾ ਲਗਾ ਦਿੱਤਾ ਗਿਆ ਹੈ, ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਿਛਲੇ ਸਮੇਂ ਦੌਰਾਨ ਪਿੰਡ ਪੂਰੀ ਤਰ੍ਹਾਂ ਸ਼ਾਂਤ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਕੋਈ ਵੀ ਸਿੱਖ ਪਿੰਡ ਛੱਡ ਕੇ ਨਹੀਂ ਗਿਆ ਤੇ ਨਾ ਹੀ ਕਿਸੇ ਨੇ ਅਜਿਹਾ ਕਰਨ ਦੀ ਸੋਚੀ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ 36 ਸ਼ਹੀਦ ਸਿੰਘਾਂ ਦੀ ਪਿੰਡ ਵਿਚ ਯਾਦਗਾਰ ਸਥਾਪਤ ਕਰੇ ਤਾਂ ਜੋ ਉਨ੍ਹਾਂ ਦੀ ਯਾਦ ਸਦੀਵੀਂ ਕਾਇਮ ਰੱਖੀ ਜਾ ਸਕੇ।
____________________________________________________
ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਤੋਂ ਪਾਸਾ ਵੱਟ ਰਹੀ ਹੈ ਸਰਕਾਰ
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਕਾਰ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਤੋਂ ਪਾਸਾ ਵੱਟਦੀ ਆ ਰਹੀ ਹੈ। ਪੀੜਤ ਪਰਿਵਾਰ ਇਸ ਹੌਲਨਾਕ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਉਣ ਲਈ ਪ੍ਰਧਾਨ ਮੰਤਰੀ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਤੇ ਮਨੁੱਖੀ ਅਧਿਕਾਰ ਸੰਗਠਨ ਕੋਲ ਕਈ ਵਾਰੀ ਗੁਹਾਰ ਲਗਾ ਚੁੱਕੇ ਹਨ, ਪਰ ਉਨ੍ਹਾਂ ਦੀ ਇਸ ਮੰਗ ਉਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਉਹ ਗੁੱਸੇ ਵਿਚ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਕੇਂਦਰ, ਪੰਜਾਬ ਸਰਕਾਰ, ਜੰਮੂ ਕਸ਼ਮੀਰ ਸਰਕਾਰ ਸਮੇਤ ਕਈ ਸੰਗਠਨਾਂ ਨੇ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਮਾਇਕ ਸਹਾਇਤਾ ਦਿੱਤੀ ਹੈ ਤੇ ਜੰਮੂ ਕਸ਼ਮੀਰ ਸਰਕਾਰ ਵੱਲੋਂ ਇਕ-ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਹੈ, ਪਰ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਹਾਲੇ ਤੱਕ ਸ਼ਨਾਖ਼ਤ ਨਾ ਹੋਣ ਕਾਰਨ ਕਤਲੇਆਮ ਦੀ ਘਟਨਾ ਹਰ ਵੇਲੇ ਸੁਰਖੀਆਂ ਵਿਚ ਰਹਿ ਰਹੀ ਹੈ। ਹੋਲੀ ਵਾਲੇ ਦਿਨ 20 ਮਾਰਚ 2000 ਨੂੰ ਸ਼ਾਮ ਸਮੇਂ ਵਾਪਰੇ ਇਸ ਦਿਲ ਕੰਬਾਊ ਕਾਂਡ ਦੀ ਬੇਸ਼ੱਕ ਕਿਸੇ ਵੀ ਮੁਸਲਿਮ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਸੀ ਲਈ, ਪਰ ਇਸ ਘਟਨਾ ਪਿੱਛੇ ਅੱਤਵਾਦੀ ਸੰਗਠਨਾਂ ਦੇ ਹੱਥ ਦੀ ਚੱਲੀ ਚਰਚਾ ਨੂੰ ਪਿੰਡ ਚਿੱਠੀ ਸਿੰਘਪੁਰਾ ਦੇ ਸਿੱਖ ਮੰਨਣ ਲਈ ਤਿਆਰ ਨਹੀਂ ਹਨ। ਇਸ ਘਟਨਾ ਤੋਂ ਤੁਰੰਤ ਬਾਅਦ ਹੁਰੀਅਤ ਸਮੇਤ ਕਈ ਜਥੇਬੰਦੀਆਂ ਦੇ ਆਗੂਆਂ ਅਲੀਸ਼ਾਹ ਗਿਲਾਨੀ, ਸ਼ਬੀਰ ਸ਼ਾਹ, ਜਸੀਨ ਮਲਕ, ਉਮਰ ਫਾਰੂਖ, ਨਈਅਮ ਖ਼ਾਨ ਸਮੇਤ ਕਈ ਆਗੂਆਂ ਨੇ ਆਪਣੇ ਆਪ ਨੂੰ ਇਸ ਕਤਲੇਆਮ ਤੋਂ ਦੂਰ ਹੋਣ ਦੀ ਗੱਲ ਕਰਦਿਆਂ ਪਿੰਡ ਵਾਸੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਸੀ ਤੇ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਸੀ।
Leave a Reply