ਮਿੱਤਰਤਾ ਦੀ ਨਾਜ਼ੁਕਤਾ ਦਾ ਮਾਮਲਾ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੋਈ ਲਿਖਾਰੀ ਜਦੋਂ ਦਿਲ ਵਿਚ ਉਗਮੀਆਂ ਭਾਵਨਾਵਾਂ ਨੂੰ ਕਾਗਜ਼ ‘ਤੇ ਉਤਾਰ ਦਿੰਦਾ ਹੈ ਤਾਂ ਤਿਆਰ ਹੋਈ ਰਚਨਾ ਉਤੇ ਪਾਠਕਾਂ ਦਾ ਹੱਕ ਹੁੰਦਾ ਹੈ ਕਿ ਉਨ੍ਹਾਂ ਨੇ ਉਸ ਲਿਖਤ ਨੂੰ ਕਿਸ ਨਜ਼ਰੀਏ ਤੋਂ ਦੇਖਣਾ-ਪਰਖਣਾ ਹੈ। ਇਸ ਲਿਹਾਜ ਮੈਂ ਸਾਫ਼ ਦਿਲ ਨਾਲ ਪਹਿਲੋਂ ਹੀ ਅਰਜ਼ ਕਰ ਦਿਆਂ ਕਿ ਇਸ ਲਿਖਤ ਰਾਹੀਂ ਮੈਂ ਕੋਈ ਆਪਣੀ ‘ਸਿਆਣਪ’ ਦੀ ਨੁਮਾਇਸ਼ ਨਹੀਂ ਕਰ ਰਿਹਾਂ; ਨਾ ਹੀ ਆਪਣੀ ਕਿਸੇ ਅਸੂਲ-ਪ੍ਰਸਤੀ ਦਾ ਪ੍ਰਗਟਾਵਾ ਕਰਨ ਦੀ ਕੋਈ ਤਾਂਘ ਹੈ। ਹਰ ਆਮ ਇਨਸਾਨ ਵਾਂਗ ਮੇਰੀ ਜ਼ਿੰਦਗੀ ਵਿਚ ਵੀ ਬੇਵਕੂਫ਼ੀਆਂ ਦੀ ਕੋਈ ਕਮੀ ਨਹੀਂ, ਪਰ ਜਿਵੇਂ ਮਾਂਵਾਂ ਆਪਣੇ ‘ਦਸ ਨੰਬਰੀ’ ਪੁੱਤ ਨੂੰ ਬੀਬਾ ਰਾਣਾ ਹੀ ਕਹਿੰਦੀਆਂ ਰਹਿੰਦੀਆਂ ਨੇ, ਇੰਜ ਮੈਂ ਵੀ ਆਪਣੀਆਂ ਨਾਲਾਇਕੀਆਂ ਵਿਚੋਂ ਇਕ ਬਿਰਤਾਂਤ ਅਰਜ਼ ਕਰ ਰਿਹਾ ਹਾਂ ਜਿਸ ਨੂੰ ਮੇਰੀ ਸੋਚ ਮੁਤਾਬਕ ਸਿਆਣਪ ਦੇ ਦਾਇਰੇ ਵਿਚ ਰੱਖਿਆ ਜਾ ਸਕਦਾ ਹੈ।
ਇਹ ਹੱਡ-ਬੀਤੀ ਵਰਣਨ ਕਰਨ ਪਿੱਛੇ ਮੇਰੀ ਇਕ ਹੋਰ ਚਾਹਤ ਵੀ ਹੈ ਕਿ ਇਸ ਨੂੰ ਪੜ੍ਹ-ਸੁਣ ਕੇ ਸ਼ਾਇਦ ਕਿਸੇ ਭੈਣ-ਭਾਈ ਦੀ ਆਪਣੇ ਪਿਆਰਿਆਂ ਨਾਲ ਪਈ ਹੋਈ ਦੋਸਤੀ ਦਾ ‘ਫਿੱਕ’ ਨਾਂ ਦੇ ਕਾਂਜੀ ਤੋਂ ਬਚਾਅ ਹੋ ਜਾਏ!
ਸੰਨ 1996 ਤੋਂ 2002 ਤੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁੰਦਿਆਂ, ਆਪਣੀ ਉਪਜੀਵਕਾ ਲਈ ਮੈਂ ਆਪਣੇ ਜ਼ਿਲ੍ਹੇ ਵਿਚ ਹੀ ਬੰਗੇ ਲਾਗੇ ਦੀ ਬਹੁਤ ਵੱਡੀ ਚੈਰੀਟੇਬਲ ਸੰਸਥਾ ਵਿਚ ਨੌਕਰੀ ਕਰਦਾ ਰਿਹਾ ਹਾਂ। ਪਬਲਿਕ ਰਿਲੇਸ਼ਨ ਅਫ਼ਸਰ ਦੀ ਪੋਸਟ ‘ਤੇ ਕੰਮ ਕਰਦਿਆਂ ਇਸ ਸੰਸਥਾ ਦੇ ਇਕ ‘ਟਰੱਸਟੀ’ ਨਾਲ ਮੇਰਾ ਖਾਸਾ ਹੀ ਮੋਹ-ਪਿਆਰ ਬਣ ਗਿਆ। ਵੈਸੇ ਇਸ ਅਜੀਬ ਦੋਸਤੀ ਉਤੇ ‘ਕਿਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ’ ਵਾਲਾ ਅਖਾਣ ਪੂਰਾ ਢੁੱਕਦਾ ਸੀ। ਕਿੱਥੇ ਉਹ ਕਰੋੜਪਤੀ ਬਿਜਨੈਸਮੈਨ, ਤੇ ਕਿਥੇ ਮੈਂ ਕਮਾ ਕੇ ਖਾਣ ਵਾਲਾ ਆਮ ਜਿਹਾ ਬੰਦਾ!æææ ਪਰ ਉਹ ਸਰਦਾਰ ਜੀ ਮੈਥੋਂ ਪ੍ਰਭਾਵਤ ਬਹੁਤ ਸਨ। ਕਿਉਂ ਪ੍ਰਭਾਵਿਤ ਸਨ? ਇਹ ਤਾਂ ਉਹੀ ਜਾਣਨ, ਮੇਰਾ ਦੱਸਣਾ ਮੁਨਾਸਿਬ ਨਹੀਂ ਬਣਦਾ, ਪਰ ਮੈਨੂੰ ਇੰਨਾ ਕੁ ਅੰਦਾਜ਼ਾ ਲੱਗਿਆ ਸੀ ਕਿ ਉਹ ਮੇਰੇ ਸਟੇਜ ‘ਤੇ ਬੋਲਣ ਦੇ ਲਹਿਜੇ ਅਤੇ ਮੇਰੀ ਲਿਖਣ ਸ਼ੈਲੀ ਤੋਂ ਕਾਇਲ ਸਨ।
ਉਨ੍ਹਾਂ ਦੇ ਘਰੇਲੂ ਫ਼ੰਕਸ਼ਨਾਂ ਵਿਚ ਤਾਂ ਮੇਰੀ ਸ਼ਮੂਲੀਅਤ ਹੁੰਦੀ ਹੀ ਹੁੰਦੀ ਸੀ, ਸਗੋਂ ਉਹ ਕਈ ਵਾਰ ਦੂਰ-ਦੁਰਾਡੇ ਦੇ ਸਮਾਗਮਾਂ ਵਿਚ ਵੀ ਮੈਨੂੰ ਨਾਲ ਲੈ ਜਾਂਦੇ। ਸਿਆਸੀ ਜਾਂ ਧਾਰਮਿਕ ਸਮਾਗਮਾਂ ਤੋਂ ਲੈ ਕੇ ਨਾਮਵਰ ਸ਼ਖਸੀਅਤਾਂ ਦੇ ਵਿਆਹ-ਸ਼ਾਦੀਆਂ ਵਿਚ ਵੀ ਅਸੀਂ ਇਕੱਠੇ ਹਾਜ਼ਰੀਆਂ ਭਰਦੇ। ਉਨ੍ਹਾਂ ਵੱਲੋਂ ਚਲਾਏ ਜਾਂਦੇ ਸਮਾਜ ਸੇਵਾ ਦੇ ਕਈ ਪ੍ਰੋਜੈਕਟਾਂ ਵਿਚ ਮੇਰਾ ਮੋਹਰੀ ਰੋਲ ਹੁੰਦਾ ਸੀ। ਬਹੁਤਾ ਇਕੱਠੇ ਵਿਚਰਨ ਸਦਕਾ ਮੈਂ ਉਨ੍ਹਾਂ ਦੀ ‘ਨੇਚਰ’ ਦਾ ਇੰਨਾ ਕੁ ਭੇਤੀ ਹੋ ਗਿਆ ਸਾਂ ਕਿ ਉਨ੍ਹਾਂ ਦਾ ਇਸ਼ਾਰਾ ਸਮਝਦਿਆਂ ਹੀ ਮੈਂ ਪ੍ਰੈਸ ਵਗੈਰਾ ਵਿਚ, ਉਹ ਸਭ ਕੁਝ ਲਿਖ ਦਿੰਦਾ ਸਾਂ ਜੋ ਉਨ੍ਹਾਂ ਦੇ ਦਿਲ-ਦਿਮਾਗ ਵਿਚ ਹੁੰਦਾ। ਸਿਲੀਗੁੜੀ (ਅਸਾਮ), ਦਿੱਲੀ, ਕਲਕੱਤੇ ਚੱਲਦੀਆਂ ਆਪਣੀਆਂ ਫੈਕਟਰੀਆਂ ਤੇ ਹੋਰ ਕਾਰੋਬਾਰ ਵਿਖਾਉਣ ਦੀ, ਉਨ੍ਹਾਂ ਮੈਨੂੰ ਕਈ ਵਾਰੀ ਪੇਸ਼ਕਸ਼ ਕੀਤੀ, ਪਰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਕਾਰਨ ਮੈਂ ਇਸ ਲੰਮੀ ਯਾਤਰਾ ‘ਤੇ ਕਦੀ ਵੀ ਜਾ ਨਾ ਸਕਿਆ। ਮੇਰੀ ਸਿਫ਼ਾਰਸ਼ ‘ਤੇ ਉਹ ਇਲਾਕੇ ਦੇ ਲੋੜਵੰਦ ਬੱਚਿਆਂ ਦੀ ਮਾਇਕ ਮਦਦ ਕਰਦੇ ਰਹਿੰਦੇ। ਅਕੀਦੇ ਪੱਖੋਂ ਭਾਵੇਂ ਉਨ੍ਹਾਂ ਨੂੰ ‘ਧਾਰਮਿਕ’ ਨਹੀਂ ਸੀ ਕਿਹਾ ਜਾ ਸਕਦਾ, ਪਰ ਵਰਤੋਂ-ਵਿਹਾਰ ਜਾਂ ਕਾਰੋਬਾਰ ਵਿਚ ਉਨ੍ਹਾਂ ਦੀ ਅਸੂਲ-ਪ੍ਰਸਤੀ, ਸਨਕੀਪੁਣੇ ਦੀ ਹੱਦ ਤੱਕ ਜਾ ਪਹੁੰਚਦੀ।
ਚੜ੍ਹਦੇ 2004 ਵਿਚ ਮੇਰਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਤਾਂ ਉਹ ਉਦਾਸੀ ਵਿਚ ਕਿਹਾ ਕਰਨ, “ਯਾਰ, ਮੈਂ ਇਕੱਲਾ ਹੀ ਰਹਿ ਗਿਆ।” ਸਰਦਾਰ ਜੀ ਦੀਆਂ ਸਿਆਸੀ ਤੇ ਸਮਾਜਕ ਸਰਗਰਮੀਆਂ ਦਾ ਪਸਾਰਾ ਕਾਫ਼ੀ ਲੰਮਾ-ਚੌੜਾ ਹੋਣ ਕਰ ਕੇ ਉਨ੍ਹਾਂ ਮੇਰੇ ਨਾਲ ਸਲਾਹ ਕੀਤੀ ਕਿ ਕੋਈ ਮੁੰਡਾ ਲੱਭੀਏ ਜਿਹੜਾ ਮੇਰੀ ਥਾਂ ਉਨ੍ਹਾਂ ਦਾ ਸਹਾਇਕ ਬਣ ਸਕੇ। ਨਾਲ ਹੀ ਉਨ੍ਹਾਂ ਲੋੜੀਂਦੀਆਂ ਯੋਗਤਾਵਾਂ ਅਤੇ ਕੁਝ ਸ਼ਰਤਾਂ ਗਿਣਵਾ ਕੇ ਮੈਨੂੰ ‘ਐਡ’ ਲਿਖਣ ਨੂੰ ਕਿਹਾ ਜੋ ਅਖਬਾਰਾਂ ਵਿਚ ਛਪਵਾਈ ਜਾ ਸਕੇ। ਉਨ੍ਹਾਂ ਦੇ ਮੂੰਹੋਂ ‘ਮੁੰਡਾ ਰੱਖਣਾ’ ਸ਼ਬਦ ਸੁਣ ਕੇ ਮੇਰੀ ਸੁਰਤਿ ਫੱਟ ਆਪਣੇ ਵੱਡੇ ਮੁੰਡੇ ਵੱਲ ਦੌੜ ਗਈ ਜੋ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਉਪਰੰਤ ਹਾਲੇ ਬੇਰੁਜ਼ਗਾਰ ਹੀ ਸੀ, ਪਰ ਉਸ ਵਕਤ ਆਪਣੇ ਮੁੰਡੇ ਬਾਰੇ ਕੋਈ ਵਿੰਗਾ-ਟੇਢਾ ਇਸ਼ਾਰਾ ਕਰਨ ਦੀ ਬਜਾਏ, ਉਨ੍ਹਾਂ ਦੇ ਦੱਸੇ ਅਨੁਸਾਰ ‘ਐਡ’ ਤਿਆਰ ਕਰ ਕੇ ਅਖ਼ਬਾਰਾਂ ਨੂੰ ਭੇਜ ਦਿੱਤੀ।
ਇੱਧਰ ਜਦੋਂ ਘਰੇ ਆ ਕੇ ਮੈਂ ਇਹ ਗੱਲ ਘਰਦਿਆਂ ਨਾਲ ਸਾਂਝੀ ਕੀਤੀ, ਤਾਂ ਸ੍ਰੀਮਤੀ ਮੇਰੇ ‘ਤੇ ਲੋਹੀ-ਲਾਖੀ ਹੋਣ ਲੱਗ ਪਈ। ਅਖੇæææ ‘ਉਦਾਂ ਤੁਸੀਂ ਕਹਿੰਦੇ ਰਹਿੰਦੇ ਓ ਕਿ ਮੇਰੀ ਉਹਦੇ ਨਾਲ ਗੂੜ੍ਹੀ ਦੋਸਤੀ ਐ, ਐਡਾਂ ਦੇਣ ਦੇ ਝੰਜਟ ਵਿਚ ਪੈਣ ਨਾਲੋਂ ਤੁਸੀਂ ਸਿੱਧਾ ਕਿਉਂ ਨਹੀਂ ਕਿਹਾ ਕਿ ਸਰਦਾਰ ਜੀ, ਮੇਰਾ ਮੁੰਡਾ ਰੱਖੋ!’ ਮੈਂ ਬੜੀਆਂ ਸਫ਼ਾਈਆਂ ਦਿੰਦਾ ਰਿਹਾ ਕਿ ਦੋਸਤਾਂ-ਮਿੱਤਰਾਂ ਨੂੰ ਕਦੀ ‘ਧਰਮ-ਸੰਕਟ’ ਵਿਚ ਨਹੀਂ ਪਾਈਦਾ। ਨਾਲੇ ਮੈਂ ਇਹੋ ਜਿਹੇ ਮਸਲਿਆਂ ‘ਤੇ ਸਰਦਾਰ ਜੀ ਦੀ ‘ਸਨਕੀ ਫ਼ਿਤਰਤ’ ਬਾਰੇ ਮਿਸਾਲਾਂ ਦਿੱਤੀਆਂ, ਪਰ ਘਰ ਦੇ ਜੀਆਂ ਨੇ ਇਹੋ ਰਟ ਲਾਈ ਰੱਖੀ ਕਿ ਜਿਵੇਂ ਕਿਵੇਂ ਤੁਸੀਂ ਉਥੇ ਆਪਣਾ ਮੁੰਡਾ ਹੀ ਰਖਵਾਓ। ਬੱਧਾ-ਰੁੱਧਾ ਮੈਂ ਤਿਆਰ ਵੀ ਹੋ ਗਿਆ ਕਿ ਸਰਦਾਰ ਜੀ ਨੂੰ ਕਹਿ ਹੀ ਦਿੰਦਾ ਹਾਂ, ਪਰ ਅਚਾਨਕ ਮੈਨੂੰ ਦੋ ਕੁ ਮਹੀਨੇ ਪਹਿਲੋਂ ਵਾਪਰੀ ਘਟਨਾ ਯਾਦ ਆ ਗਈæææ
ਸਾਡੇ ਪਿੰਡ ਦਾ ਕੋਈ ਦੋਹਤਾ-ਭਾਣਜਾ ਬੰਗਾ ਲਾਗਲੇ ਉਸੇ ਅਦਾਰੇ ਵਿਚ ਮੈਨੇਜਰ ਦੀ ਪੋਸਟ ਲਈ ਇੰਟਰਵਿਊ ਦੇਣ ਆ ਗਿਆ। ਅਦਾਰੇ ਦੇ ਮੀਤ ਪ੍ਰਧਾਨ ਹੋਣ ਨਾਤੇ ਸਰਦਾਰ ਜੀ ਉਸ ਮੁੰਡੇ ਦਾ ਇੰਟਰਵਿਊ ਲੈਣ ਲੱਗ ਪਏ। ਸਰਟੀਫਿਕੇਟ ਵਗੈਰਾ ਦਿਖਾਉਂਦਿਆਂ ਮੁੰਡੇ ਨੇ ਕਿਤੇ ਸਰਸਰੀ ਕਹਿ ਦਿੱਤਾ ਕਿ “ਸਰ! ਮੈਂ ਦੁਪਾਲਪੁਰੀ ਹੋਰਾਂ ਦਾ ਭਾਣਜਾ ਹਾਂ।”
“ਇਹ ਵੀ ਤੇਰੀ ਕੋਈ ‘ਡਿਗਰੀ’ ਆ ਕਾਕਾ?” ਮੁੰਡੇ ਨੂੰ ਠਿੱਠ ਕਰਦਿਆਂ ਸਰਦਾਰ ਜੀ ਮੂੰਹ ਕੌੜਾ ਜਿਹਾ ਕਰ ਕੇ ਬੋਲੇ, “ਤੈਨੂੰ ਆਪਣੀ ਵਿਦਿਅਕ ਯੋਗਤਾ ਉਪਰ ਭਰੋਸਾ ਹੈ ਕਿ ਦੁਪਾਲਪੁਰੀ ਦਾ ਭਾਣਜਾ ਹੋਣ ‘ਤੇ?” ਬੱਸ ਜੀ, ਇੰਨੀ ਕੁ ਗੱਲ ਤੋਂ ਕੌੜ ਖਾ ਕੇ, ਉਨ੍ਹਾਂ ਮੁੰਡੇ ਨੂੰ ਜਵਾਬ ਦੇ ਦਿੱਤਾ।
ਆਪਣੇ ਘਰਦਿਆਂ ਵੱਲੋਂ ਆਉਂਦੇ-ਜਾਂਦੇ ਨੂੰ ਲਗਾਤਾਰ ਵੱਜੀ ਜਾ ਰਹੀਆਂ ਚੋਭਾਂ ਤੇ ਆਰਾਂ ਸਦਕਾ, ਮੈਂ ਕਈ ਦਿਨ ਦੁਬਿਧਾ ਵਿਚ ਫ਼ਸਿਆ ਰਿਹਾ, ‘ਕਹਾਂ ਕਿ ਨਾ ਕਹਾਂ?’ ਇਸੇ ਦੌਰਾਨ ਦੁਚਿੱਤੀ ਮੁਕਾਉਣ ਲਈ ਮੈਨੂੰ ਇਕ ਜਾਣੂ ਪ੍ਰੋਫੈਸਰ ਵੱਲੋਂ ਵਰਤਿਆ ਫ਼ਾਰਮੂਲਾ ਯਾਦ ਆਇਆ। ਪ੍ਰੋਫੈਸਰ ਜੀ ਦਾ ਕੋਈ ਦੋਸਤ ਚੰਗੀ ਪਹੁੰਚ ਵਾਲਾ ਵੱਡਾ ਅਫ਼ਸਰ ਬਣ ਗਿਆ। ਪ੍ਰੋਫੈਸਰ ਦੇ ਹੀ ਵਿਦਿਆਰਥੀ ਰਹੇ ਇਕ ਮੁੰਡੇ ਨੇ, ਉਸ ਅਫ਼ਸਰ ਪਾਸ ਕਿਸੇ ‘ਪੋਸਟ’ ਲਈ ਇੰਟਰਵਿਊ ਦੇਣ ਜਾਣਾ ਸੀ। ਉਸ ਵਿਦਿਆਰਥੀ ਨੂੰ ਆਪਣੇ ‘ਸਰ’ ਦੀ ਉਕਤ ਅਫ਼ਸਰ ਨਾਲ ਦੋਸਤੀ ਦਾ ਇਲਮ ਸੀ। ਮੁੰਡੇ ਨੇ ਪ੍ਰੋਫੈਸਰ ਜੀ ਦੀਆਂ ਮਿੰਨਤਾਂ ਕੀਤੀਆਂ ਤਾਂ ਉਹ ਮਜ਼ਬੂਤ ਹੋ ਕੇ ‘ਸਿਫ਼ਾਰਸ਼ੀ ਲੈਟਰ’ ਦੇਣ ਲਈ ਮੰਨ ਗਏ, ਪਰ ਉਨ੍ਹਾਂ ਅਫ਼ਸਰ ਦੋਸਤ ਨੂੰ ਖਤ ਲਿਖਦਿਆਂ ਆਪਣੇ ਵਿਦਿਆਰਥੀ ਬਾਰੇ ਕੁਝ ਵੇਰਵਾ ਦੇਣ ਦੇ ਨਾਲ-ਨਾਲ, ਇਹ ਵੀ ਲਿਖ ਦਿੱਤਾ, “æææ ਪਿਆਰੇ ਦੋਸਤ, ਤੇਰੇ ਨਾਲ ਮੇਰਾ ਪੱਕਾ ਵਾਅਦਾ ਰਿਹਾ, ਕਿ ਜਿਸ ਮਕਸਦ ਲਈ ਮੈਂ ਇਹ ਪੱਤਰ ਲਿਖਿਆ ਹੈ, ਅਜਿਹੀ ਇਬਾਰਤ ਵਾਲਾ ਮੇਰਾ ਇਹ ਪਹਿਲਾ ਤੇ ਆਖਰੀ ਖਤ ਹੋਵੇਗਾ। ਫ਼ਿਰ ਵੀ, ਇਹ ਖਤ ਲਿਆਉਣ ਵਾਲੇ ਮੇਰੇ ਵਿਦਿਆਰਥੀ ਨਾਲ ਇੰਟਰਵਿਊ ਉਪਰੰਤ ਜੋ ਆਪ ਦਾ ਫੈਸਲਾ ਹੋਵੇ, ਇਸ ਸਿਫ਼ਾਰਸ਼ੀ ਖਤ ਨੂੰ ਜਾਂ ਮੇਰੀ ਜ਼ਾਤ ਨੂੰ, ਉਸ ਵਿਚ ਅੜਿੱਕਾ ਨਹੀਂ ਬਣਨ ਦੇਣæææ।”
ਪ੍ਰੋਫੈਸਰ ਸਾਹਿਬ ਦਾ ਵਿਦਿਆਰਥੀ ਤਾਂ ਨੌਕਰੀ ਪ੍ਰਾਪਤ ਕਰਨ ਵਿਚ ਸਫ਼ਲ ਹੋ ਗਿਆ ਸੀ ਪਰ ਮੈਂ ਇਹ ‘ਜਜ਼ਬਾਤੀ ਤਰਕੀਬ’ ਵਰਤ ਕੇ ਵੀ ਆਪਣੇ ਲੜਕੇ ਨੂੰ ਨੌਕਰੀ ਦਿਵਾਉਣ ਦਾ ਹੌਸਲਾ ਨਾ ਕਰ ਸਕਿਆ। ਮਨ ਹੀ ਮਨ ਸਕੀਮਾਂ ਤਾਂ ਮੈਂ ਬਹੁਤ ਬਣਾਉਂਦਾ ਰਿਹਾ ਪਰ ਸਰਦਾਰ ਜੀ ਨੂੰ ਇੰਟਰਵਿਊ ਦੇਣ ਸਮੇਂ, ਮੈਨੂੰ ਆਪਣਾ ‘ਮਾਮਾ’ ਦੱਸਣ ਵਾਲੇ ਮੁੰਡੇ ਦਾ ਹੋਇਆ ਹਸ਼ਰ ਚੇਤੇ ਕਰ ਕੇ, ਮੇਰਾ ਸਾਰਾ ਉਤਸ਼ਾਹ ਸੁੱਸਰੀ ਵਾਂਗ ਸੌਂ ਜਾਂਦਾ।
ਅਖ਼ਾਰਕਾਰ ਕੁਝ ਦਿਨ ਜਮ੍ਹਾਂ-ਘਟਾਉ ਕਰਦਿਆਂ ਮੈਨੂੰ ਇਹੀ ਤਰੀਕਾ ਦਰਕਾਰ ਲੱਗਿਆ। ਅਖਬਾਰਾਂ ਵਿਚ ਛਪੀ ‘ਐਡ’ ਦੇ ਹਵਾਲੇ ਨਾਲ ਮੇਰੇ ਬੇਟੇ ਨੇ ਵੀ ‘ਅਪਲਾਈ’ ਕਰ ਦਿੱਤਾ। ਅੱਠ-ਦਸ ਮੁੰਡਿਆਂ ਦੀਆਂ ਦਰਖਾਸਤਾਂ ਆਈਆਂ। ਸਰਦਾਰ ਜੀ ਦੇ ਕਹਿਣ ‘ਤੇ ਮੈਂ ਸਾਰੀਆਂ ਅਰਜ਼ੀਆਂ ਦੀ ਫ਼ਾਈਲ ਤਿਆਰ ਕਰ ਦਿੱਤੀ। ਦੂਜੇ ਦਿਨ ਅਸੀਂ ਦਫ਼ਤਰ ਵਿਚ ਦੋਵੇਂ ਇਕੱਠੇ ਹੀ ਬੈਠੇ ਸਾਂ। ਆਦਤ ਮੂਜਬ ਉਹ ਦਰਖਾਸਤਾਂ ਦੀ ਕਾਹਲੀ-ਕਾਹਲੀ ਉਲਟ-ਪੁਲਟ ਕਰਦਿਆਂ ਵੇਰਵਿਆਂ ‘ਤੇ ਪੰਛੀ-ਝਾਤ ਮਾਰ ਰਹੇ ਸਨ। ਸਭ ਤੋਂ ਅਖੀਰਲੀ ਅਰਜ਼ੀ ਵੱਲ ਦੇਖ ਕੇ ਉਹ ਇਕਦਮ ਚੌਂਕ ਕੇ ਬੋਲੇ, “ਅਹਿ ਲੜਕਾ ਤੁਹਾਡਾ ਐ?” ਮਰੀਅਲ ਜਿਹੀ ‘ਵਾਜ਼ ਮੇਰੇ ਮੂੰਹੋਂ ‘ਹਾਂ ਜੀ’ ਇੰਜ ਨਿਕਲਿਆ ਜਿਵੇਂ ਸੈਲ ਮੁੱਕਿਆਂ ਤੋਂ ਟਰਾਂਜਿਸਟਰ ਦੀ ਆਵਾਜ਼ ਘਸੀ ਜਿਹੀ ਹੋ ਜਾਂਦੀ ਹੁੰਦੀ ਸੀ।
ਸਿਵਾਏ ਇਹ ਸਵਾਲ ਪੁੱਛਣ ਤੋਂ, ਇਸ ਸਮੇਂ ਉਨ੍ਹਾਂ ਮੇਰੇ ਮੁੰਡੇ ਬਾਰੇ ਹੋਰ ਕੋਈ ਗੱਲ ਨਾ ਛੇੜੀ, ਪਰ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਮੈਂ ਇੰਨਾ ਕੁ ਕਿਆਫ਼ਾ ਲਾਇਆ ਕਿ ਉਹ ਮੈਥੋਂ ਇਸ ਗੱਲੋਂ ‘ਹੋਰ ਪ੍ਰਸੰਨ’ ਹੋ ਗਏ ਸਨ ਕਿ ਸਿੱਧੀ ਪਹੁੰਚ ਹੋਣ ਦੇ ਬਾਵਜੂਦ ਮੈਂ ਆਪਣੇ ਪੁੱਤਰ ਨੂੰ ਬਿਨਾਂ ਕੋਈ ਖਾਸ ਤਰਜੀਹ ਦਿੱਤਿਆਂ, ਆਮ ਚੋਣ-ਪ੍ਰਕਿਰਿਆ ਰਾਹੀਂ ਹੀ ਪੇਸ਼ ਕੀਤਾ ਹੈ।
ਹਫ਼ਤੇ ਕੁ ਬਾਅਦ ਰੱਖੀ ਇੰਟਰਵਿਊ ‘ਤੇ ਇਕ ਮੁੰਡੇ ਨੂੰ ਛੱਡ ਕੇ ਬਾਕੀ ਦੇ ਸਾਰੇ ਆ ਗਏ। ਬਾਕੀ ਸਾਰਿਆਂ ਦੀ ਇੰਟਰਵਿਊ ਅਸੀਂ ਦੋਹਾਂ ਨੇ ਹੀ ਕੀਤੀ; ਲੇਕਿਨ ਅਖੀਰ ‘ਚ ਮੇਰੇ ਬੇਟੇ ਦੀ ਵਾਰੀ, ਉਨ੍ਹਾਂ ਮੈਨੂੰ ਦੂਜੇ ਕਮਰੇ ਵਿਚ ਬਹਿਣ ਲਈ ਕਹਿ’ਤਾ। ਸਮਾਪਤੀ ‘ਤੇ ਸਾਰਿਆਂ ਨੂੰ ‘ਬਾਅਦ ਵਿਚ ਸੂਚਿਤ ਕਰਨ’ ਦੀ ਹਦਾਇਤ ਦੇ ਕੇ ਰੁਖਸਤ ਕਰ ਦਿੱਤਾ। ਮੈਂ ਤਾਂ ਚੁੱਪ ਹੀ ਵੱਟ ਰੱਖੀ, ਪਰ ਦਫ਼ਤਰ ਤੋਂ ਬਾਹਰ ਆਉਂਦਿਆਂ ਉਨ੍ਹਾਂ ਬੁੱਲ੍ਹਾਂ ਵਿਚ ਹਲਕਾ ਜਿਹਾ ਮੁਸਕਰਾ ਕੇ ਸਿਰਫ਼ ਇੰਨਾ ਕੁ ਫਿਕਰਾ ਬੋਲਿਆ, “ਦੇਖਦੇ ਹਾਂ, ਪਿਓ ਵਾਲੇ ਕਿੰਨੇ ਕੁ ਗੁਣ ਨੇ ਪੁੱਤ ਵਿਚ!”
ਰਾਤ ਘਰੇ ਪਹੁੰਚੇ ਨੂੰ ਮੈਨੂੰ ਮੁੰਡੇ ਨੇ ਵਿਸਥਾਰ ਨਾਲ ਦੱਸਿਆ, “ਸਰ ਕਹਿੰਦੇ ਸੀ ਕਿ ਤੇਰਾ ਪਿਓ ਮੇਰਾ ਦੋਸਤ ਹੈ, ਪਰ ਤੂੰ ਇਹ ਗੱਲ ਦਿਲ ਤੋਂ ਉੱਕਾ ਹੀ ਭੁਲਾ ਕੇ ਮੇਰੇ ਕੋਲ ਆਵੀਂ। ਜਿਸ ਦਿਨ ਮੈਨੂੰ ਭਾਸਰਿਆ ਕਿ ਤੂੰ ਮੈਨੂੰ ਆਪਣੇ ਪਿਓ ਦਾ ਦੋਸਤ ਸਮਝਣ ਲੱਗ ਪਿਐਂ, ਉਸੇ ਪਲ ਤੇਰੀ ਛੁੱਟੀ!”
ਰੂਹ ਨੂੰ ਰੁਸ਼ਨਾਉਣ ਵਾਲਾ ਚਿੰਤਕ ਖਲੀਲ ਜਿਬਰਾਨ ‘ਦੋਸਤੀ’ ਬਾਰੇ ਕਿੱਡਾ ਸੱਚ ਬਿਆਨ ਕਰ ਗਿਆ ਹੈ, “ਸਿਵਾਏ ਆਤਮਾ ਦੀ ਗਹਿਰਾਈ ਪੈਦਾ ਕਰਨ ਦੇ, ਦੋਸਤੀ ਦਾ ਹੋਰ ਕੋਈ ਮੰਤਵ ਨਹੀਂ ਹੋਣਾ ਚਾਹੀਦਾ! æææਦੋਸਤੀ ਵਿਚ ‘ਨਿੱਕੀਆਂ ਨਿੱਕੀਆਂ’ ਗੱਲਾਂ ਹੀ ਅਸਲ ਵਿਚ ਤ੍ਰੇਲ ਦੇ ਉਹ ਤੁਪਕੇ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਮਨ ਦੀ ਸਵੇਰ ਚੜ੍ਹਦੀ ਹੈ ਤੇ ਉਸ ਨੂੰ ਤਾਜ਼ਗੀ ਮਿਲਦੀ ਹੈ!”

Be the first to comment

Leave a Reply

Your email address will not be published.