ਬਾਰ ਵਾਲੇ ਘਰਾਂ ‘ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰਨ ਦੀ ਹਦਾਇਤ

ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਜਿਨ੍ਹਾਂ ਸਿੱਖ ਵਿਅਕਤੀਆਂ ਦੇ ਘਰਾਂ ਵਿਚ ‘ਬਾਰ’ ਬਣੀ ਹੋਈ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਜਾਵੇ। ਉਨ੍ਹਾਂ ਗੁਰਮਤਿ ਸਾਹਿਤ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਭੇਜਣ ਸਮੇਂ ਹੁੰਦੀ ਬੇਹੁਰਮਤੀ ਨੂੰ ਰੋਕਣ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸਿੱਖ ਸੰਗਤ ਨੂੰ ਆਖਿਆ ਕਿ ਮਾਤਾ ਕੌਲਾਂ ਜੀ ਦੇ ਨਾਂ ਨਾਲੋਂ ਮਾਤਾ ਸ਼ਬਦ ਹਟਾ ਕੇ ਸਿਰਫ ਬੀਬੀ ਕੌਲਾਂ ਲਿਖਿਆ ਜਾਵੇ।
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਹੋਈ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਮੁੱਖ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਸ਼ਾਮਲ ਹੋਏ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿੱਖ ਸੰਗਤ ਨੂੰ ਆਦੇਸ਼ ਕੀਤਾ ਹੈ ਕਿ ਜਿਨ੍ਹਾਂ ਸਿੱਖ ਵਿਅਕਤੀਆਂ ਦੇ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਉੱਥੇ ਘਰ ਵਿਚ ਬਾਰ ਵੀ ਬਣੀ ਹੋਈ ਹੈ, ਅਜਿਹੇ ਵਿਅਕਤੀ ਆਪਣੇ ਘਰਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੰਦ ਕਰ ਦੇਣ। ਉਨ੍ਹਾਂ ਆਖਿਆ ਕਿ ਅਜਿਹੇ ਸਿੱਖ ਵਿਅਕਤੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨੇੜਲੇ ਗੁਰਦੁਆਰਿਆਂ ਵਿਚ ਸੌਂਪ ਦੇਣ।  ਉਨ੍ਹਾਂ ਕਿਹਾ ਕਿ ਅਜਿਹੇ ਸਿੱਖ ਆਪਣੇ ਘਰਾਂ ਵਿਚ ਪਾਵਨ ਸਰੂਪ ਦੀ ਥਾਂ ਸੈਂਚੀਆਂ ਤੇ ਗੁਟਕੇ ਰੱਖ ਸਕਦੇ ਹਨ।
ਗੁਰਮਤਿ ਸਾਹਿਤ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣ ਸਮੇਂ ਹੁੰਦੀ ਬੇਹੁਰਮਤੀ ਰੋਕਣ ਲਈ ਪੰਜ ਸਿੰਘ ਸਾਹਿਬਾਨ ਨੇ ਨਿਰਦੇਸ਼ ਜਾਰੀ ਕਰਦਿਆਂ ਸਮੂਹ ਪ੍ਰਕਾਸ਼ਨ ਅਦਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਗੁਰਮਤਿ ਸਾਹਿਤ ਨੂੰ ਬਾਹਰ ਭੇਜਣ ਸਮੇਂ ਇਸ ਦੇ ਪੈਕੇਟ ਦਾ ਭਾਰ 20 ਤੋਂ 25 ਕਿੱਲੋ ਤੋਂ ਵੱਧ ਨਾ ਬਣਾਇਆ ਜਾਵੇ। ਇਸ ਨੂੰ ਪਹਿਲਾਂ ਕਾਗਜ਼ ਤੇ ਕੱਪੜੇ ਵਿਚ ਚੰਗੀ ਤਰ੍ਹਾਂ ਲਪੇਟ ਕੇ ਲੱਕੜ, ਗੱਤੇ ਜਾਂ ਪਲਾਸਟਿਕ ਦੇ ਮਜ਼ਬੂਤ ਡੱਬੇ ਵਿਚ ਰੱਖਿਆ ਜਾਵੇ ਤੇ ਪੈਕੇਟ ਦੇ ਬਾਹਰ ‘ਹੈਂਡਲ ਵਿਦ ਰਸਪੈਕਟ’ (ਮਾਣ ਸਨਮਾਨ ਸਹਿਤ ਸੰਭਾਲਿਆ ਜਾਵੇ) ਲਿਖਿਆ ਜਾਵੇ। ਉਨ੍ਹਾਂ ਹਦਾਇਤ ਕੀਤੀ ਹੈ ਕਿ ਇਸ ਦੀ ਅਵੱਗਿਆ ਕਰਨ ਵਾਲੇ ਪ੍ਰਕਾਸ਼ਕਾਂ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪੰਜ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਨੂੰ ਆਖਿਆ ਕਿ ਗੁਰਮਤਿ ਵਿਚਾਰਧਾਰਾ ਅਨੁਸਾਰ ‘ਮਾਤਾ’ ਸ਼ਬਦ ਕੇਵਲ ਗੁਰੂ ਮਾਤਾਵਾਂ, ਗੁਰੂ ਮਹਿਲਾ ਤੇ ਵੱਡੀ ਉਮਰ ਦੀਆਂ ਔਰਤਾਂ ਲਈ ਵਰਤਿਆ ਜਾਂਦਾ ਹੈ ਪਰ ਹੁਣ ਸਿੱਖ ਜਗਤ ਵੱਲੋਂ ਬੀਬੀ ਕੌਲਾਂ ਦੇ ਨਾਂ ਦੇ ਨਾਲ ਮਾਤਾ ਕੌਲਾਂ ਸ਼ਬਦ ਵਰਤਿਆ ਜਾ ਰਿਹਾ ਹੈ ਜੋ ਸਿੱਖ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਸਮੂਹ ਸਭਾ ਸੁਸਾਇਟੀਆਂ, ਸੰਸਥਾਵਾਂ ਨੂੰ ਆਦੇਸ਼ ਕੀਤਾ ਹੈ ਕਿ ਉਹ ਆਪੋ-ਆਪਣੀਆਂ ਸੰਸਥਾਵਾਂ ਦੇ ਨਾਂਵਾਂ ਦੇ ਨਾਲ ਮਾਤਾ ਕੌਲਾਂ ਸ਼ਬਦ ਦੀ ਥਾਂ ਬੀਬੀ ਕੌਲਾਂ ਸ਼ਬਦ ਲਿਖਣ। ਇਸ  ਬਾਰੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਫ਼ੈਸਲੇ ‘ਤੇ ਤੁੰਰਤ ਅਮਲ ਕਰਾਉਣ।
ਅਕਾਲ ਤਖ਼ਤ ਵੱਲੋਂ ਹਰ ਵਰ੍ਹੇ ਗ੍ਰੰਥੀ ਸਿੰਘਾਂ, ਕਥਾ ਵਾਚਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ ਤੇ ਵਿਦਵਾਨ ਲੇਖਕਾਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਵਾਰ ‘ਪੰਥਕ ਸ਼੍ਰੋਮਣੀ ਰਾਗੀ’ ਦਾ ਪੁਰਸਕਾਰ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਦਿੱਤਾ ਜਾਵੇਗਾ ਜਦੋਂਕਿ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ‘ਭਾਈ ਸਾਹਿਬ’ ਦੀ ਉਪਾਧੀ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਰ ਸਾਲ ਮੀਰੀ ਪੀਰੀ ਦਿਵਸ ‘ਤੇ ਗੱਤਕੇ ਦੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ।
ਲੁਧਿਆਣਾ ਬੈਂਕ ਡਕੈਤੀ ਮਾਮਲੇ ਵਿਚ ਅਦਾਲਤ ਵੱਲੋਂ 92 ਸਾਲਾ ਉਮਰ ਦੇ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾਏ ਜਾਣ ‘ਤੇ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸਿੰਘ ਸਾਹਿਬਾਨ ਨੇ ਇਸ ਨੂੰ ਮੰਦਭਾਗਾ ਆਖਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾਵਾਂ ਨਹੀਂ ਹੋਈਆਂ ਤੇ ਦੂਜੇ ਪਾਸੇ ਸਿੱਖਾਂ ਨਾਲ ਸਬੰਧਤ ਮਾਮਲਿਆਂ ਵਿਚ ਤੇਜ਼ੀ ਨਾਲ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।

Be the first to comment

Leave a Reply

Your email address will not be published.