ਆਇਰਸ਼ ਜੁਝਾਰੂ, ਬੱਬਰ ਅਕਾਲੀ ਅਤੇ ‘ਮਾਈਕਲ ਕੋਲਿਨਜ਼’

ਜਤਿੰਦਰ ਮੌਹਰ
ਫੋਨ: 91-97799-34747
ਸੰਨ 1996 ਵਿਚ ਪਰਦਾਪੇਸ਼ ਹੋਈ ਫਿਲਮ ‘ਮਾਈਕਲ ਕੋਲਿਨਜ਼’ ਦੇ ਹਦਾਇਤਕਾਰ ਨੀਲ ਜੌਰਡਨ ਹਨ। ਇਹ ਫਿਲਮ ਆਇਰਸ਼ ਕੌਮ ਦੇ ਮਹਾਨ ਜਰਨੈਲ ਮਾਈਕਲ ਕੋਲਿਨਜ਼ (16 ਅਕਤੂਬਰ 1890-22 ਅਗਸਤ 1922) ਦੀ ਜ਼ਿੰਦਗੀ ਬਾਬਤ ਹੈ। ਫਿਲਮ ਵਿਚ ਮਾਈਕਲ ਦਾ ਕਿਰਦਾਰ, ਆਇਰਸ਼ ਅਦਾਕਾਰ ਲਿਆਮ ਨੀਸਨ ਨੇ ਨਿਭਾਇਆ। ਮਾਈਕਲ ਇਕੱਤੀ ਸਾਲ ਦੀ ਉਮਰ ਵਿਚ ਆਪਣਿਆਂ ਹੱਥੋਂ ਹੀ ਸ਼ਹੀਦ ਹੋ ਗਿਆ। ਉਹ ਆਇਰਸ਼ ਕੌਮੀ ਮੁਕਤੀ ਸੰਗਰਾਮ ਦਾ ਅਦੁੱਤੀ ਨਾਇਕ ਸੀ ਜਿਹਨੇ ਬਰਤਾਨਵੀ ਸਾਮਰਾਜ ਦੀਆਂ ਗੋਡਣੀਆਂ ਲਵਾ ਦਿੱਤੀਆਂ। ਸੱਤ ਸੌ ਸਾਲ ਦੇ ਲੰਬੇ ਸੰਗਰਾਮ ਵਿਚ ਪਹਿਲੀ ਵਾਰ ਬਰਤਾਨਵੀ ਹਾਕਮਾਂ ਨੇ ਆਇਰਸ਼ ਲੋਕਾਂ ਨਾਲ ਮੇਜ਼ ਸਾਂਝੀ ਕੀਤੀ। ਮਾਈਕਲ ਨੇ 1916 ਦੇ ‘ਈਸਟਰ ਉਭਾਰ’ ਵਿਚ ਹਿੱਸਾ ਲਿਆ। ਹਥਿਆਰਬੰਦ ਲੜਾਈ ਵਿਚ ਲਹਿਰ ਦੇ ਆਗੂਆਂ ਨੂੰ ਹਾਰ ਤੋਂ ਬਾਅਦ ਆਤਮ-ਸਮਰਪਣ ਕਰਨਾ ਪਿਆ। ਲਹਿਰ ਦੇ ਮੋਹਰੀ ਆਗੂਆਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ। ਮਾਈਕਲ ਨੂੰ ਜੇਲ੍ਹ ਹੋਈ ਪਰ ਉਹ ਛੇਤੀ ਹੀ ਰਿਹਾ ਹੋ ਕੇ ਵਾਪਸ ਕੌਮੀ ਕਾਰਜ ਵਿਚ ਲੱਗ ਗਿਆ। ਮੋਹਰੀ ਆਗੂਆਂ ਦੇ ਮਾਰੇ ਜਾਣ ਤੋਂ ਬਾਅਦ ਪੈਦਾ ਹੋਏ ਖਲਾਅ ਵਿਚ ਮਾਈਕਲ ਮੋਹਰਲੀਆਂ ਸਫ਼ਾਂ ਵਿਚ ਆ ਗਿਆ। ਸੰਨ 1918 ਦੀਆਂ ਆਮ ਚੋਣਾਂ ਵਿਚ ਸਿੰਨ ਫੇਨ ਪਾਰਟੀ ਨੂੰ ਜਿੱਤ ਹਾਸਲ ਹੋਈ ਅਤੇ ਮਾਈਕਲ ਵੀ ਦੱਖਣੀ-ਕੋਰਕ ਹਲਕੇ ਤੋਂ ਜੇਤੂ ਰਿਹਾ। ਜਨਵਰੀ 1919 ਵਿਚ ਉਨ੍ਹਾਂ ਦੀ ਸਰਕਾਰ ਨੇ ਮੁਕਤੀ ਦਾ ਐਲਾਨ ਕਰ ਦਿੱਤਾ। ‘ਏਮਨ ਦੀ ਵਲੇਰਾ’ ਦੀ ਅਗਵਾਈ ਵਿਚਲੀ ਇਸ ਸਰਕਾਰ ਵਿਚ ਮਾਈਕਲ ਮੰਤਰੀ ਬਣਿਆ ਪਰ ਮਾਈਕਲ ਨੂੰ ਮੁੱਖ ਤੌਰ ਉਤੇ ‘ਮੁਕਤੀ ਦੀ ਲੜਾਈ’ ਵਿਚ ਜੰਗੀ ਹੁਨਰ ਲਈ ਜਾਣਿਆ ਜਾਂਦਾ ਹੈ।
ਮਾਈਕਲ ਨੇ ਹਥਿਆਰਬੰਦ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ। ਉਹ ਲੜਾਈ ਦੇ ਮੈਦਾਨ ਵਿਚ ਹੁਨਰਮੰਦ ਜਰਨੈਲ ਬਣ ਕੇ ਉਭਰਿਆ। ਉਹਦੀ ਅਗਵਾਈ ਵਿਚ ਗੁਰੀਲਾ ਹਮਲਿਆਂ ਨਾਲ ਬਰਤਾਨਵੀ ਹਾਕਮਾਂ ਦਾ ਜਿਉਣਾ ਹਰਾਮ ਹੋ ਗਿਆ। ਡਬਲਿਨ ਵਿਚ ਹਕੂਮਤ ਦਾ ਸੁਰੱਖਿਆ ਢਾਂਚਾ ਇੱਕ ਕਿਲ੍ਹੇ ਤੋਂ ਕਾਰਵਾਈ ਚਲਾਉਂਦਾ ਸੀ। ਇਹ ਕਿਲ੍ਹਾ ਆਇਰਸ਼ ਇਤਿਹਾਸ ਦਾ ਬਦਨਾਮ ਕਿਲ੍ਹਾ ਮੰਨਿਆ ਜਾਂਦਾ ਹੈ। ਗੁਰੀਲਾ ਹਮਲਿਆਂ ਵਿਚ ਮੁੱਖ ਤੌਰ ਉਤੇ ਬਰਤਾਨਵੀ ਹਕੂਮਤ ਦੇ ਖ਼ੁਫ਼ੀਆ ਅਫ਼ਸਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹਦੇ ਨਾਲ ਹਕੂਮਤ ਦਾ ਸੁਰੱਖਿਆ ਢਾਂਚਾ ਬੁਰੀ ਤਰ੍ਹਾਂ ਹਿੱਲ ਗਿਆ ਸੀ। ਬਸਤਾਨਾਂ (ਬਸਤੀਵਾਦੀਆਂ) ਨੇ ਇਨ੍ਹਾਂ ਹਮਲਿਆਂ ਦਾ ਬਦਲਾ ਲੈਣ ਲਈ ਕਰੌਕ ਪਾਰਕ ਦੇ ਫੁੱਟਬਾਲ ਸਟੇਡੀਅਮ ਵਿਚ ਬਖ਼ਤਰਬੰਦ ਗੱਡੀਆਂ ਚਾੜ੍ਹ ਦਿੱਤੀਆਂ। ਮੈਚ ਦੇਖ ਰਹੇ ਸੈਂਕੜੇ ਆਮ ਲੋਕਾਂ ਉਤੇ ਅੰਧਾਧੁੰਦ ਗੋਲੀਆਂ ਬਰਸਾਈਆਂ। ਇਸ ਤ੍ਰਾਸਦੀ ਨੂੰ ਆਇਰਲੈਂਡ ਦਾ ਜੱਲ੍ਹਿਆਂ ਵਾਲਾ ਬਾਗ ਕਿਹਾ ਜਾਂਦਾ ਹੈ। ਮਾਈਕਲ ਲੜਾਈ ਦੇ ਜਾਬਰ ਢੰਗ ਬਾਰੇ ਕਹਿੰਦਾ ਸੀ, “ਮੈਂ ਬਰਤਾਨਵੀਆਂ ਨੂੰ ਇਸ ਕਰ ਕੇ ਨਫ਼ਰਤ ਨਹੀਂ ਕਰਦਾ ਕਿ ਉਹ ਬੇਰਹਿਮ ਜਾਂ ਦੂਜੀ ਨਸਲ ਦੇ ਹਨ। ਮੈਂ ਉਨ੍ਹਾਂ ਨੂੰ ਨਫ਼ਰਤ ਇਸ ਕਰ ਕੇ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸਾਹਮਣੇ ਹਿੰਸਾ ਤੋਂ ਬਿਨਾਂ ਕੋਈ ਰਾਹ ਨਹੀਂ ਛੱਡਿਆ। ਮੈਂ ਨਫ਼ਰਤ ਕਰਦਾ ਹਾਂ ਹਰ ਉਸ ਬੰਦੇ ਨੂੰ, ਜੋ ਵਿੰਨੀ ਵਰਗੇ ਅੱਲੜ ਮੁੰਡਿਆਂ ਦੇ ਹੱਥ ਵਿਚ ਹਥਿਆਰ ਦਿੰਦਾ ਹੈ। ਇਹ ਕੰਮ ਬੇਸ਼ੱਕ ਮੈਂ ਆਪ ਵੀ ਕੀਤਾ ਹੈ, ਇਸੇ ਕਰ ਕੇ ਮੈਂ ਆਪਣੇ ਆਪ ਨੂੰ ਵੀ ਨਫ਼ਰਤ ਕਰਦਾ ਹਾਂ। ਮੈਂ ਬਰਤਾਨੀਆ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਨਫ਼ਰਤ ਜ਼ਰੂਰੀ ਬਣਾ ਦਿੱਤੀ ਹੈ। ਮੈਂ ਨਫ਼ਰਤ ਦੀ ਇਸ ਜੜ੍ਹ ਨੂੰ ਖਤਮ ਕਰਨ ਲਈ ਹਰ ਹੀਲਾ ਵਰਤਾਂਗਾ।”
ਆਇਰਸ਼ ਜੁਝਾਰੂਆਂ ਦੀ ਰਣਨੀਤੀ ਪੰਜਾਬ ਦੇ ਬੱਬਰ ਅਕਾਲੀਆਂ ਨਾਲ ਮਿਲਦੀ-ਜੁਲਦੀ ਸੀ। ਦੋਵੇਂ 20ਵੀਂ ਸਦੀ ਦੇ ਦੂਜੇ ਅਤੇ ਤੀਜੇ ਦਹਾਕੇ ਦੀਆਂ ਸਮਕਾਲੀ ਲਹਿਰਾਂ ਸਨ। ਫਿਲਮ ਵਿਚ ਮਾਈਕਲ ਕੋਲਿਨਜ਼ ਆਪਣੀ ਰਣਨੀਤੀ ਬਾਰੇ ਕਹਿੰਦਾ ਹੈ, “ਜਿਹਨੇ ਵੀ ਆਇਰਸ਼ ਇਤਿਹਾਸ ਦੀਆਂ ਸਾਡੇ ਵਰਗੀਆਂ ਲਹਿਰਾਂ ਦਾ ਇਤਿਹਾਸ ਪੜ੍ਹਿਆ ਹੈ, ਉਹ ਜਾਣਦਾ ਹੈ ਕਿ ਇਨ੍ਹਾਂ ਲਹਿਰਾਂ ਨੂੰ ਖਤਮ ਕਰਨ ਵਿਚ ਸਭ ਤੋਂ ਬੜਾ ਹੱਥ ਭਾੜੇ ਦੇ ਟੱਟੂ ਸਿਪਾਹੀਆਂ ਅਤੇ ਮੁਖ਼ਬਰਾਂ ਦਾ ਹੁੰਦਾ ਹੈ। ਅਸੀਂ ਇਹ ਗਲਤੀ ਨਹੀਂ ਕਰਾਂਗੇ। ਅਸੀਂ ਕਿਲ੍ਹੇ ਨੂੰ ਸੂਚਨਾ ਦੇਣ ਵਾਲੇ ਢਾਂਚੇ ਨੂੰ ਹੀ ਖਤਮ ਕਰ ਦਿਆਂਗੇ। ਅਸੀਂ ਜੁਝਾਰੂਆਂ ਨੂੰ ਉਡਣ-ਦਸਤਿਆਂ ਵਿਚ ਜਥੇਬੰਦ ਕਰਾਂਗੇ। ਬਰਤਾਨਵੀ ਕਾਰਿੰਦਿਆਂ ਦੀ ਸ਼ਾਮਤ ਲਿਆਵਾਂਗੇ। ਇਹ ਮੁਖ਼ਬਰ ਸਾਡੇ ਵੱਡੇ ਦੁਸ਼ਮਣ ਹਨ। ਇਹ ਬਰਤਾਨਵੀ ਢਾਂਚੇ ਦੀ ਚੂਲ ਹਨ ਜੋ ਸਾਡੀ ਸਾਰੀ ਖਬਰ ਉਪਰਲਿਆਂ ਤੱਕ ਪਹੁੰਚਾਉਂਦੇ ਹਨ। ਅਸੀਂ ਸੁਰੱਖਿਆ ਕਿਲ੍ਹੇ ਦੇ ਸਾਰੇ ਕਾਰਿੰਦਿਆਂ ਨੂੰ ਸੁਨੇਹਾ ਭੇਜਾਂਗੇ ਕਿ ਜੇ ਉਹ ਹਕੂਮਤ ਦੀ ਮਦਦ ਕਰਦੇ ਹਨ ਤਾਂ ਉਹ ਮਾਰੇ ਜਾਣਗੇ। ਅਸੀਂ ਉਨ੍ਹਾਂ ਨੂੰ ਕਿਲ੍ਹੇ ਤੋਂ ਬਾਹਰ ਪੈਰ ਨਹੀਂ ਧਰਨ ਦਿਆਂਗੇ।”
ਇਸੇ ਕੜੀ ਵਿਚ ਬੱਬਰਾਂ ਦੀ ਰਣਨੀਤੀ ਦਾ ਜ਼ਿਕਰ ਕਿਤਾਬ ‘ਬੱਬਰ ਅਕਾਲੀਆਂ ਦਾ ਇਤਿਹਾਸ’ ਵਿਚ ਇਉਂ ਮਿਲਦਾ ਹੈ, “ਬੱਬਰ ਅਕਾਲੀਆਂ ਦੀ ਸੋਚ ਸੀ ਕਿ ਹਥਿਆਰਬੰਦ ਇਨਕਲਾਬ ਕਿਰਤੀ-ਕਿਸਾਨਾਂ ਨੂੰ ਲਾਮਬੰਦ ਕਰ ਕੇ ਹੀ ਲਿਆਂਦਾ ਜਾ ਸਕਦਾ ਹੈ। ਇਸ ਨਿਸ਼ਾਨੇ ਦੀ ਪੂਰਤੀ ਲਈ ਕੌਮੀ ਮੁਕਤੀ ਸੰਗਰਾਮ ਦਾ ਕੇਂਦਰ ਸ਼ਹਿਰੀ ਖੇਤਰ ਤੋਂ ਦਿਹਾਤੀ ਖੇਤਰ ਵਿਚ ਬਦਲ ਜਾਣਾ ਕੁਦਰਤੀ ਅਤੇ ਲਾਜ਼ਮੀ ਸੀ। ਬੱਬਰਾਂ ਨੇ ਇਸ ਖੇਤਰ ਨੂੰ ਲਾਮਬੰਦ ਕਰਨ ਲਈ ਦੀਵਾਨ ਅਤੇ ਕਾਨਫਰੰਸਾਂ ਕਰ ਕੇ ਪ੍ਰਚਾਰ ਕੀਤਾ। ‘ਬੱਬਰ ਅਕਾਲੀ ਦੁਆਬਾ’ ਅਖ਼ਬਾਰ ਕੱਢ ਕੇ ਪ੍ਰਿੰਟ ਮੀਡੀਆ ਦੀ ਵਰਤੋਂ ਕੀਤੀ। ਸਭ ਧਰਮਾਂ ਦੇ ਲੋਕਾਂ ਨੂੰ ਜਾਬਰ ਅੰਗਰੇਜ਼ੀ ਸਾਮਰਾਜ ਵਿਰੁਧ ਇਕੱਠੇ ਹੋ ਜਾਣ ਦਾ ਹੋਕਾ ਦਿੱਤਾ। ਗ਼ਦਰ ਲਹਿਰ ਦੀ ਤਰਜ਼ ਉਤੇ ਫ਼ੌਜੀ ਛਾਉਣੀਆਂ ਵਿਚ ਪ੍ਰਚਾਰ ਕੀਤਾ। ਦਿਹਾਤੀ ਖੇਤਰ ਵਿਚ ਆਵਾਜਾਈ ਅਤੇ ਸੰਚਾਰ ਦੇ ਵਸੀਲੇ ਵਿਕਸਤ ਨਾ ਹੋਣ ਕਰ ਕੇ ਅੰਗਰੇਜ਼ਾਂ ਦੀ ਪਕੜ ਇਸ ਖੇਤਰ ਵਿਚ ਢਿੱਲੀ ਸੀ। ਇਸ ਖੇਤਰ ਵਿਚ ਅੰਗਰੇਜ਼ਾਂ ਵਿਰੁਧ ਉਠਦੇ ਰੋਹ ਅਤੇ ਬਗ਼ਾਵਤਾਂ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਜ਼ੈਲਦਾਰਾਂ, ਲੰਬੜਦਾਰਾਂ ਅਤੇ ਸਫੈਦਪੋਸ਼ਾਂ ਦੀ ਪਾਲਤੂ ਜਮਾਤ ਪਾਲ ਰੱਖੀ ਸੀ। ਬੱਬਰ ਇਨ੍ਹਾਂ ਨੂੰ ਸਰਕਾਰ ਦੇ ਝੋਲੀ-ਚੁੱਕ ਆਖਦੇ ਸਨ। ਨਾਬਰਾਂ ਦਾ ਇਸ ਜਮਾਤ ਨਾਲ ਟਾਕਰਾ ਹੋਣਾ ਸੁਭਾਵਕ ਸੀ। ਬੱਬਰ ਅੰਗਰੇਜ਼ਾਂ ਦੇ ਇਸ ਆਧਾਰ ਨੂੰ ਤੋੜ ਕੇ ਕੌਮੀ ਮੁਕਤੀ ਦੀ ਜੰਗ ਦਾ ਰਾਹ ਪੱਧਰਾ ਕਰਨਾ ਚਾਹੁੰਦੇ ਸਨ।” ਬੱਬਰਾਂ ਨੂੰ ਬੇਸ਼ੱਕ ਹਾਕਮਾਂ ਨੇ ਸਖਤੀ ਨਾਲ ਦਬਾ ਦਿੱਤਾ ਪਰ ਮੁਲਕ ਦੀ ਕੌਮੀ ਮੁਕਤੀ ਲਹਿਰ ਉਤੇ ਉਨ੍ਹਾਂ ਦਾ ਅਹਿਮ ਅਸਰ ਹੈ। ਬਾਅਦ ਵਿਚ ਬੱਬਰ ਕਿਰਤੀ ਪਾਰਟੀ ਅਤੇ ਕਮਿਊਨਿਸਟ ਲਹਿਰਾਂ ਵਿਚ ਸ਼ਾਮਲ ਹੋਏ। ਬੱਬਰ ਸੁੰਦਰ ਸਿੰਘ ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਮੁੱਢਲੇ ਜੋਸ਼ ਤੋਂ ਬਾਅਦ ਉਹ ਲੋਕ ਲਹਿਰਾਂ ਦੀ ਸਮਰੱਥਾ ਤੋਂ ਜਾਣੂ ਹੋਏ।
ਦੂਜੇ ਪਾਸੇ ਮਾਈਕਲ ਦੀ ਰਣਨੀਤੀ ਫੌਰੀ ਤੌਰ ਉਤੇ ਕਾਮਯਾਬ ਹੋਈ ਅਤੇ ਬਰਤਾਨਵੀ ਹਕੂਮਤ ਨੇ ਉਹਦੀ ਪਾਰਟੀ ਨੂੰ ਅਮਨ ਸਮਝੌਤੇ ਲਈ ਲੰਡਨ ਸੱਦ ਲਿਆ। ਮੁਕਤ-ਸਰਕਾਰ ਦੇ ਮੁਖੀ ‘ਏਮਨ ਦੀ ਵਲੇਰਾ’ ਨੇ ਮਾਈਕਲ ਨੂੰ ਭੇਜਿਆ। ਮਾਈਕਲ ਜਾਣ ਲਈ ਤਿਆਰ ਨਹੀਂ ਸੀ। ਉਹਦਾ ਕਹਿਣਾ ਸੀ ਕਿ ਉਹ ਸਿਆਸਤਦਾਨ ਨਹੀਂ, ਸਗੋਂ ਜੁਝਾਰੂ ਹੈ। ਫਿਲਮ ਦੱਸਦੀ ਹੈ ਕਿ ‘ਏਮਨ ਦੀ ਵਲੇਰਾ’ ਨੇ ਜਾਣ-ਬੁੱਝ ਕੇ ਮਾਈਕਲ ਨੂੰ ਭੇਜਿਆ, ਕਿਉਂਕਿ ਉਹ ਜਾਣਦਾ ਸੀ ਕਿ ਬਰਤਾਨਵੀ ਹਕੂਮਤ ਉਨ੍ਹਾਂ ਨੂੰ ਬਹੁਤਾ ਕੁਝ ਨਹੀਂ ਦੇਵੇਗੀ। ਨਾ-ਮੰਨਣਯੋਗ ਸੰਧੀ ਨਾਲ ਮਾਈਕਲ ਦੀ ਇੱਜ਼ਤ ਮਿੱਟੀ ਹੋ ਜਾਵੇਗੀ। ਮਾਈਕਲ ਦੀ ਬਰਤਾਨੀਆ ਨਾਲ ਹੋਈ ਸੰਧੀ ਨਾਲ ਆਇਰਲੈਂਡ ਨੂੰ ਡੋਮੀਨੀਅਨ ਦਰਜਾ ਮਿਲ ਗਿਆ ਜਿਹਦੇ ਮੁਤਾਬਕ ਆਇਰਸ਼ਾਂ ਦੀ ਆਪਣੀ ਸਰਕਾਰ ਹੋਵੇਗੀ, ਪਰ ਆਇਰਲੈਂਡ ਬਰਤਾਨਵੀ ਸਾਮਰਾਜ ਦਾ ਹਿੱਸਾ ਬਣਿਆ ਰਹੇਗਾ। ਨਾਲ ਹੀ ਮੁਲਕ ਦਾ ਬਟਵਾਰਾ ਕਰ ਦਿੱਤਾ ਗਿਆ। ਮਾਈਕਲ ਨੇ ਇਸ ਸੰਧੀ ਬਾਰੇ ਕਿਹਾ ਸੀ, “ਅਸੀਂ ਮੁਕਤੀ ਦਾ ਇੱਕ ਪੜਾਅ ਪੂਰਾ ਕੀਤਾ ਹੈ। ਹੁਣ ਜੰਗ ਪੂਰੇ ਆਇਰਲੈਂਡ ਦੀ ਆਜ਼ਾਦੀ ਦੀ ਹੋਣੀ ਚਾਹੀਦੀ ਹੈ, ਪਰ ਇਹ ਲੜਾਈ ਚੋਣਾਂ ਰਾਹੀਂ ਲੜੀ ਜਾਣੀ ਚਾਹੀਦੀ ਹੈ।” ਮਾਈਕਲ ਨੇ ਮੰਨਿਆ, “ਮੈਂ ਇਸ ਸੰਧੀ ਉਤੇ ਦਸਤਖਤ ਕਰ ਕੇ ਆਪਣੀ ਮੌਤ ਦੇ ਸੰਮਨ ਉਤੇ ਦਸਤਖਤ ਕਰ ਦਿੱਤੇ ਹਨ। ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।” æææ ਤੇ ਉਹਦੇ ਸ਼ਬਦ ਸੱਚੇ ਸਿੱਧ ਹੋਏ। ਇਸ ਸੰਧੀ ਨੇ ਆਇਰਸ਼ ਮੁਕਤੀ ਸੰਗਰਾਮ ਨੂੰ ਦੋਫਾੜ ਕਰ ਦਿੱਤਾ। ‘ਏਮਨ ਦੀ ਵਲੇਰਾ’ ਦੀ ਅਗਵਾਈ ਵਾਲੀ ਧਿਰ, ਹਥਿਆਰਬੰਦ ਸੰਗਰਾਮ ਦੇ ਹੱਕ ਵਿਚ ਸੀ, ਪਰ ਮਾਈਕਲ ਦੀ ਅਗਵਾਈ ਵਾਲੀ ਧਿਰ ਸਰਕਾਰ ਬਣਾ ਕੇ ਲੜਨ ਦੇ ਹੱਕ ਵਿਚ ਸੀ। ਇਸ ਖਿੱਚੋਤਾਣ ਦਾ ਨਤੀਜਾ ਆਇਰਸ਼ ਖ਼ਾਨਾਜੰਗੀ ਦੇ ਰੂਪ ਵਿਚ ਨਿਕਲਿਆ। ਇਸ ਖ਼ਾਨਾਜੰਗੀ ਵਿਚ ਬਿਨਾਂ ਕੋਈ ਠੋਸ ਨਤੀਜਾ ਨਿਕਲੇ ਮਾਈਕਲ ਆਪਣਿਆਂ ਹੱਥੋਂ ਹੀ ਮਾਰਿਆ ਗਿਆ। ਉਹ ਅੰਤ ਤੱਕ ਆਇਰਸ਼ ਸੰਗਰਾਮ ਵਿਚੋਂ ਬੰਦੂਕ ਨੂੰ ਕੱਢਣ ਦਾ ਮੁੱਦਈ ਰਿਹਾ।

Be the first to comment

Leave a Reply

Your email address will not be published.