ਹੁਸ਼ਿਆਰਪੁਰ: ਪੰਜਾਬ ਵਿਚ ਸਰਕਾਰੀ ਤੰਤਰ ‘ਤੇ ਸਿਫਾਰਸ਼ੀ ਸਭਿਆਚਾਰ ਹਾਵੀ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਜਿੱਤੇ ਤੇ ਹਾਰੇ ਹੋਏ ਆਗੂਆਂ ਦੀ ਸਰਕਾਰੀ ਦਫ਼ਤਰਾਂ ਵਿਚ ਤੂਤੀ ਬੋਲਣ ਦੀ ਚਰਚਾ ਤਾਂ ਆਮ ਚੱਲਦੀ ਹੈ ਪਰ ਹੁਣ ਇਨ੍ਹਾਂ ਦੀਆਂ ਸਿਫ਼ਾਰਿਸ਼ਾਂ ਨੂੰ ਵਿਚਾਰਨ ਲਈ ਸਰਕਾਰੀ ਰਿਕਾਰਡ ਵਿਚ ਬਕਾਇਦਾ ਕਾਲਮ ਬਣ ਗਏ ਹਨ। ਇਹ ਖ਼ੁਲਾਸਾ ਹਿਊਮਨ ਐਂਪਾਵਰਮੈਂਟ ਲੀਗ ਆਫ ਪੰਜਾਬ (ਹੈਲਪ) ਸੰਸਥਾ ਨਾਲ ਸਬੰਧਤ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ਤੋਂ ਹੋਇਆ ਹੈ।
ਸੂਚਨਾ ਵਿਚ ਜ਼ਿਲ੍ਹਾ ਸਿੱਖਿਆ ਅਫਸਰ, ਹੁਸ਼ਿਆਰਪੁਰ ਤੋਂ ਡੀæਪੀæਆਈæ (ਸ) ਨੂੰ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਭੇਜੀਆਂ ਗਈਆਂ ਪ੍ਰਪੋਜ਼ਲਾਂ ਦੀਆਂ ਕਾਪੀਆਂ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਬਦਲੀਆਂ ਲਈ ਸਿਫ਼ਾਰਿਸ਼ ਕਰਨ ਵਾਲੇ ਰਾਜਸੀ ਆਗੂਆਂ ਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵੀ ਮੰਗੀ ਗਈ ਸੀ। ਦਿਲਚਸਪ ਗੱਲ ਹੈ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਮੰਤਰੀਆਂ/ਵਿਧਾਇਕਾਂ ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਬਦਲੀਆਂ ਦੀਆਂ ਤਜਵੀਜ਼ਾਂ ਦੇ ਸਿਰਲੇਖ ਹੇਠ ਵੱਖਰਾ ਰਿਕਾਰਡ ਸੰਭਾਲ ਕੇ ਰੱਖਿਆ ਗਿਆ ਹੈ, ਜੋ ਕਿ ਆਰæਟੀæਆਈæ ਤਹਿਤ ਵੀ ਉਪਲਬਧ ਕਰਵਾ ਦਿੱਤਾ ਗਿਆ ਹੈ। ਤਕਰੀਬਨ ਡੇਢ ਸਾਲ ਦੇ ਅਰਸੇ ਵਿਚ ਅਕਾਲੀ-ਭਾਜਪਾ ਆਗੂਆਂ ਦੇ ਨਾ ਸਿਰਫ ਜਿੱਤੇ ਹੋਏ ਨੁਮਾਇੰਦਿਆਂ ਨੂੰ ਮਹੱਤਤਾ ਦਿੱਤੀ ਗਈ ਬਲਕਿ ਹਾਰੇ ਹੋਏ ਤੇ ਕਈ ਜ਼ਿਲ੍ਹਾ ਤੇ ਬਲਾਕ ਪੱਧਰੀ ਯੂਥ ਆਗੂ ਵੀ ਸਿਫ਼ਾਰਿਸ਼ ਕਰਨ ਵਾਲਿਆਂ ਵਿਚ ਸ਼ਾਮਲ ਹਨ।
ਸਿਫ਼ਾਰਿਸ਼ਾਂ ਕਰਨ ਵਾਲਿਆਂ ਵਿਚ ਸੋਹਣ ਸਿੰਘ ਠੰਡਲ (ਹੁਣ ਮੰਤਰੀ, ਪਹਿਲਾਂ ਮੁੱਖ ਸੰਸਦੀ ਸਕੱਤਰ), ਹਲਕਾ ਗੜ੍ਹਸ਼ੰਕਰ ਦੇ ਵਿਧਾਹਿਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਹਲਕਾ ਦਸੂਹਾ ਦੀ ਵਿਧਾਇਕ ਸੁਖਜੀਤ ਕੌਰ ਸਾਹੀ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉੜਮੁੜ ਤੋਂ ਚੋਣ ਹਾਰ ਚੁੱਕੇ ਅਰਵਿੰਦ ਸਿੰਘ ਰਸੂਲਪੁਰ ਵੱਲੋਂ ਵੀ ਕਈ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਸਿਫ਼ਾਰਿਸ਼ਾਂ ਕਰਨ ਵਾਲਿਆਂ ਵਿਚ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ ਦਾ ਕਈ ਵਾਰ ਨਾਂ ਆਉਂਦਾ ਹੈ। ਭਾਵੇਂ ਤੀਕਸ਼ਨ ਸੂਦ ਨੂੰ ਹੁਣ ਮੁੱਖ ਮੰਤਰੀ ਦੇ ਸਲਾਹਕਾਰ ਦਾ ਅਹੁਦਾ ਮਿਲ ਚੁੱਕਿਆ ਹੈ ਪਰ ਸਾਬਕਾ ਸਥਾਨਕ ਸਰਕਾਰ ਉਦਯੋਗ ਤੇ ਵਣ ਮੰਤਰੀ ਦੀ ਹੈਸੀਅਤ ਵਿਚ ਉਨ੍ਹਾਂ ਦੀਆਂ ਵੀ ਕਈ ਸਿਫਾਰਿਸ਼ਾਂ ਪ੍ਰਵਾਨ ਕੀਤੀਆਂ ਗਈਆਂ ਹਨ। ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਵੱਲੋਂ ਵੀ ਕਈ ਅਧਿਆਪਕਾਂ ਦੀ ਬਦਲੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੁਕੇਰੀਆਂ ਹਲਕੇ ਦੇ ਇਕ ਬਲਾਕ ਪ੍ਰਧਾਨ (ਯੂਥ ਅਕਾਲੀ ਦਲ) ਹਰਮੀਤ ਸਿੰਘ ਕੌਲਪੁਰ ਦਾ ਨਾਂ ਵੀ ਸਿਫ਼ਾਰਿਸ਼ ਕਰਨ ਵਾਲਿਆਂ ਵਿਚ ਸ਼ਾਮਲ ਹੈ।
ਹੋਰ ਜ਼ਿਲ੍ਹਿਆਂ ਵਿਚੋਂ ਲੋਕ ਨਿਰਮਾਣ ਮੰਤਰੀ ਪੰਜਾਬ, ਮੁੱਖ ਸੰਸਦੀ ਸਕੱਤਰ ਵਣ ਤੇ ਜੀਵ ਸੁਰੱਖਿਆ ਤੇ ਕਿਰਤ ਦੇ ਨਾਂ ਸ਼ਾਮਲ ਹਨ ਉਥੇ ਪਵਨ ਕੁਮਾਰ ਟੀਨੂੰ ਤੇ ਬੀਬੀ ਜਗੀਰ ਕੌਰ ਵੱਲੋਂ ਵੀ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਹਰਗੋਬਿੰਦਪੁਰ (ਗੁਰਦਾਸਪੁਰ) ਦੇ ਸਾਬਕਾ ਵਿਧਾਇਕ ਬਲਵੀਰ ਸਿੰਘ ਬਾਠ ਤੇ ਬਿਸ਼ਨ ਦਾਸ ਧੁੱਪੜ ਹਲਕਾ ਇੰਚਾਰਜ ਦੀਨਾਨਗਰ ਆਦਿ ਨੇ ਵੀ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਹਨ।
ਜ਼ਿਲ੍ਹਾ ਸਿੱਖਿਆ ਦਫ਼ਤਰ ਵਿਚ ਚੱਲ ਰਹੇ ਇਸ ਸਿਫ਼ਾਰਿਸ਼ ਸਭਿਆਚਾਰ ਦੀ ਵੱਖ-ਵੱਖ ਆਗੂਆਂ ਨੇ ਆਲੋਚਨਾ ਕੀਤੀ ਹੈ। ਸੀæਪੀæਆਈæ (ਐਮ) ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿਫ਼ਾਰਿਸ਼ ਸਭਿਆਚਾਰ ਨਾਲ ਆਮ ਅਧਿਆਪਕਾਂ ਦੇ ਬਰਾਬਰਤਾ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ। ਐਡਵੋਕੇਟ ਰਣਜੀਤ ਸਿੰਘ ਕਲਸੀ ਨੇ ਸਿਫ਼ਾਰਿਸ਼ਾਂ ਦੇ ਇਸ ਰੁਝਾਨ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਅਹੁਦੇ ਦੀ ਦੁਰਵਰਤੋਂ ਤੇ ਸਰਕਾਰੀ ਕੰਮ ਵਿਚ ਦਖ਼ਲ ਦੀ ਪ੍ਰਤੱਖ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਬਦਲੀਆਂ ਮੈਰਿਟ ਤੇ ਨਿਰਧਾਰਤ ਮਾਪਦੰਡਾਂ ਦੇ ਆਧਾਰ ‘ਤੇ ਹੋਣੀਆਂ ਚਾਹੀਦੀਆਂ ਹਨ।
Leave a Reply