ਬਸੰਤ ਸਿੰਹੁ ਹੁਣ ਇਥੇ ਨਹੀਂ ਰਹਿੰਦਾ

ਚੰਗੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਕੀ ਉਨ੍ਹਾਂ ਬਾਰੇ ਕੀ ਸੋਚਦੇ ਹਨ। ਜਿੱਦਣ ਪਤਾ ਲੱਗ ਗਿਆ, ਕਿਸੇ ਨੇ ਮੋਢਾ ਨਹੀਂ ਦੇਣਾ, ਲਾਸ਼ ਧੂਹ ਕੇ ਹੀ ਸ਼ਮਸ਼ਾਨਘਾਟ ਤੱਕ ਲੈ ਕੇ ਜਾਣੀ ਪਵੇਗੀ। ਇਸ ਲਈ ਜੇ ਕੋਈ ਚੱਜ ਦਾ ਬੰਦਾ ਬਣਨ ਲਈ ਚੰਗੀ ਜਾਂ ਧਾਰਮਿਕ ਪੁਸਤਕ ਚੋਰੀ ਕਰ ਲਵੇ, ਤਾਂ ਉਸ ਨੂੰ ਮੁਆਫ਼ ਕਰ ਦੇਣ ਦੇ ਨਾਲ-ਨਾਲ ਸਨਮਾਨਿਤ ਕਰਨ ਵਿਚ ਵੀ ਗੁਸਤਾਖੀ ਨਹੀਂ ਸਮਝਣੀ ਚਾਹੀਦੀ। ਵੇਖਿਆ ਹੋਣਾ ਹੈ, ਕਈ ਬੰਦੇ ਲੰਗਰ ਹਾਲ ਵਿਚੋਂ ਹੀ ਪਰਤ ਆਉਂਦੇ ਹਨ। ਉਨ੍ਹਾਂ ਦਾ ਢਿੱਡ ਤਾਂ ਆਫਰਿਆ ਹੋ ਸਕਦੈ, ਰੂਹ ਮੰਗਤਿਆਂ ਵਾਂਗ ਚੁਰਾਹੇ ਵਿਚ ਖੜ੍ਹੀ ਕਰ ਆਉਂਦੇ ਹਨ। ਕਈ ਲੋਕਾਂ ਨੇ ਸ਼ੌਕ ਵਿਚ ਘੋੜੀ ਤਾਂ ਰੱਖ ਲਈ ਸੀ ਪਰ ਘੋੜੀ ‘ਤੇ ਚੜ੍ਹਨ ਲਈ ਪੌੜੀ ਹੀ ਲਾਉਂਦੇ ਰਹੇ। ਕਈ ਵਿਚਾਰਿਆਂ ਨੂੰ ਰਾਸ਼ਨ ਕਾਰਡ ਜਾਂ ਵੋਟਰ ਸੂਚੀ ‘ਤੇ ਹੀ ਪਤੀ ਲਿਖਣ ਦਾ ਮਾਣ ਪ੍ਰਾਪਤ ਹੁੰਦਾ ਹੈ। ਘਰ ਵਿਚ ਉਨ੍ਹਾਂ ਨਾਲੋਂ ਦਰਵੇਸ਼ ਦੀ ਪੁੱਛ-ਗਿੱਛ ਵੱਧ ਹੁੰਦੀ ਹੈ। ਇਹ ਲੋਕ ਇਹੀ ਸੋਚਦੇ ਤੁਰ ਜਾਂਦੇ ਹਨ ਕਿ ਜੋਗਿੰਦਰ ਕੌਰ ਸਾਨੂੰ ਸਿਹਰੇ ਬੰਨ੍ਹ ਕੇ ਕਿਉਂ ਨਾ ਵਿਆਹੁਣ ਆਈ! ਅਸਲ ਵਿਚ ਅਜਿਹੇ ਲੋਕ ਸਿਰਫ ਸਫੈਦੇ ਵਾਂਗ ਵਧਣ ਦਾ ਹੀ ਮਾਣ ਕਰੀ ਜਾਂਦੇ ਹਨ। ਮੋਰ ਤੇ ਕਬੂਤਰ ਇਕੱਠੇ ਤੁਰੇ ਜਾ ਰਹੇ ਸਨ। ਘਟਾ ਕਾਲੀ ਚੜ੍ਹੀ, ਮੋਰ ਨੇ ਮਸਤ ਹੋ ਕੇ ਖੰਭ ਖਿਲਾਰ ਕੇ ਸ਼ੌਕ ਦਾ ਪਹਿਲਾ ਗੇੜਾ ਹੀ ਦਿੱਤਾ ਸੀ ਕਿ ਅੱਖ ਵਿਚੋਂ ਅੱਥਰੂ ਟਪਕ ਪਿਆ। ਖੁਸ਼ੀ ਤੋਂ ਬਾਅਦ ਚਿਹਰੇ ‘ਤੇ ਉਦਾਸੀ ਵੇਖ ਕੇ ਕਬੂਤਰ ਨੇ ਪੁੱਛਿਆ, “ਮਿੱਤਰਾ ਇਹ ਕੀ?” ਮੋਰ ਬੋਲਿਆ, “ਰੱਬ ਨੇ ਸਾਰਾ ਕੁਛ ਹੱਥੀਂ ਬਣਾ ਕੇ ਪੈਰਾਂ ਦਾ ਠੇਕਾ ਜਿਵੇਂ ਸਰਕਾਰੀ ਠੇਕੇਦਾਰ ਨੂੰ ਦੇ ਦਿੱਤਾ ਹੋਵੇ।” ਕਬੂਤਰ ਹੱਸ ਪਿਆ, “ਖੂਬਸੂਰਤੀ ਉਤੇ ਮਾਣ ਕਰਨ ਵਾਲਿਆ ਮੂਰਖਾ! ਨਹੀਂ ਸਮਝ ਸਕਦਾ ਕਾਦਰ ਦੀ ਕੁਦਰਤ ਨੂੰ, ਕੰਨ ਖੋਲ੍ਹ ਤੇ ਸੁਣæææ ਸਿਰ ‘ਤੇ ਤੇਰੇ ਕਲਗੀ ਲਗਾ ਕੇ ਤੈਨੂੰ ਬਾਦਸ਼ਾਹ ਬਣਾਉਣ ਵਾਲੇ ਨੇ ਪੈਰਾਂ ਨੂੰ ਕਰੂਪ ਤਾਂ ਰੱਖਿਐ, ਪਈ ਉਪਰ ਨੂੰ ਦੇਖ ਕੇ ਨਹੀਂ, ਥੱਲੇ ਨੂੰ ਦੇਖ ਕੇ ਜਿਉਣਾ ਚਾਹੀਦੈ।”æææ ਤੇ ਮੋਰ ਨੇ ਕਬੂਤਰ ਨੂੰ ਕਲਾਵੇ ‘ਚ ਘੁੱਟ ਲਿਆ। ਇਸ਼ਾਰਿਆਂ ਵਿਚ ਕੁਦਰਤ ਨੇ ਬੜਾ ਕੁਝ ਸਮਝਾਉਣ ਦਾ ਯਤਨ ਕੀਤਾ ਹੈ ਪਰ ਮਨੁੱਖ ਨੇ ਅਕਲ ‘ਤੇ ਮਿਰਚਾਂ ਮਲ ਲਈਆਂ ਹਨ। ਜਿਨ੍ਹਾਂ ਨੇ ਉਸ ਦਾ ਭੇਤ ਸਮਝ ਲਿਆ ਸੀ, ਉਹ ਮਹਾਂਪੁਰਸ਼ ਬਣ ਗਏ। ਜਿਨ੍ਹਾਂ ਕੋਲ ਵੀ ਅਥਾਹ ਧਨ ਆਇਆ, ਉਹ ਕਬੀਲਦਾਰ ਹੋ ਕੇ ਵੀ ਸ਼ੈਤਾਨ ਮਨ ਦੀ ਬਣਾਈ ਇਸਤਰੀ ਲੱਭਣ ਦੇ ਗੁਨਾਹ ਕਰਨ ਲੱਗ ਪਏ, ਕਿਉਂਕਿ ਉਪਰ ਵਾਲਾ ਜਾਣਦਾ ਹੈ ਕਿ ਇਨ੍ਹਾਂ ਨੂੰ ਮੂਧੇ ਮੂੰਹ ਲੰਮੇ ਪਾਉਣ ਲਈ ਇਹੋ ਬੋਫੋਰਜ਼ ਤੋਪ ਕਾਰਗਰ ਹੋਵੇਗੀ। ਲੋਕ ਜਿਸ ਦੇ ਹੱਕ ਵਿਚ ਹੋਣ ਲਈ ਕਾਹਲੇ ਹੁੰਦੇ ਹਨ, ਉਹ ਆਪਣੇ ਆਪ ਦੇ ਵਿਰੁਧ ਹੋ ਗਏ ਹੁੰਦੇ ਹਨ। ਬਸੰਤ ਸਿੰਹੁ ਦੇ ਮਾਮਲੇ ਵਿਚ ਧਿਆਨ ਨਾਲ ਵੇਖਿਓæææ ਕਈਆਂ ਨੂੰ ਰੱਬ ਤੋਂ ਪਹਿਲਾਂ ਹੋਰ ਹੀ ਕੋਈ ਲੁੱਟ ਲੈਂਦਾ ਹੈ।

ਐਸ਼ ਅਸ਼ੋਕ ਭੌਰਾ
ਕਈਆਂ ਦੀ ਜ਼ਿੰਦਗੀ ਵਿਚ ਤਾਸ਼ ਦੀ ਖੇਡ ਵਾਂਗ ਯੱਕੇ ਤਾਂ ਚਾਰੇ ਆ ਗਏ ਸਨ, ਚਾਲ ਵੀ ਠੀਕ ਸੀ ਪਰ ਬਾਜ਼ੀ ਫਿਰ ਵੀ ਜਿੱਤੀ ਨਹੀਂ ਜਾ ਸਕੀ। ਹੋਣੀ ਜੇ ਬਾਹਾਂ ਖਿਲਾਰ ਕੇ ਮਗਰ ਪੈ ਜਾਵੇ ਤਾਂ ਪੱਛਮ ਦੇ ਬੁੱਲੇ ਵੀ ਵਰੋਲਿਆਂ ਵਿਚ ਬਦਲ ਜਾਂਦੇ ਹਨ। ਕਈ ਵਾਰ ਬੰਦਾ ਸੁੱਤਾ ਤਾਂ ਠੀਕ ਹੁੰਦਾ ਹੈ ਪਰ ਮੰਜਾ ਹੀ ਘੁੰਮ ਜਾਂਦਾ ਹੈ। ਜੰਗਲਾਂ ‘ਚ ਜਾ ਕੇ ਬਾਦਸ਼ਾਹ ਸ਼ਿਕਾਰ ਤਾਂ ਖੇਡਦੇ ਰਹੇ ਨੇ, ਕਿਉਂਕਿ ਉਹ ਜਾਣ ਗਏ ਹੁੰਦੇ ਨੇ ਕਿ ਵੱਡੇ ਦਿਮਾਗੀ ਹੋਣ ਦਾ ਦਾਅਵਾ ਕਰਨ ਵਾਲਾ ਮਨੁੱਖ ਜੇ ਗੱਦੀ ‘ਤੇ ਬੈਠ ਕੇ ਮੂਰਖ ਬਣਾਇਆ ਜਾ ਸਕਦਾ ਹੈ ਤਾਂ ਜਾਨਵਰ ਕਿਹੜੇ ਬਾਗ ਦੀ ਮੂਲੀ ਹਨ। ਉਂਜ, ਇਸ ਗੱਲ ਤੋਂ ਬਾਦਸ਼ਾਹੀਆਂ ਤਕਰੀਬਨ ਸਾਰੀਆਂ ਹੀ ਅਗਿਆਨੀ ਰਹੀਆਂ ਹਨ ਕਿ ਜਦੋਂ ਪਰਜਾ ਸ਼ਿਕਾਰ ਖੇਡਦੀ ਹੈ ਤਾਂ ਜਿੱਤ ਬਿਨਾਂ ਹਥਿਆਰਾਂ ਤੋਂ ਵੀ ਹੋ ਸਕਦੀ ਹੈ।
ਜਿਹੜੇ ਅਖਵਾਉਂਦੇ ਤਾਂ ਆਪਣੇ ਆਪ ਨੂੰ ਸਿਆਣੇ ਹਨ ਪਰ ਮਾਂ ਦਾ ਸੰਕਲਪ ਹੋਰ ਲੱਭਣ ਦਾ ਯਤਨ ਕਰ ਰਹੇ ਹਨ, ਉਨ੍ਹਾਂ ਦਾ ਸਫਰ ਤੇ ਉਦਮ ਹਮੇਸ਼ਾ ਲੰਗੜੇ ਹੀ ਰਹਿਣਗੇ। ਪੁੱਤ ਜੰਮਣ ‘ਤੇ ਲੋਹੜੀ ਵੰਡਣ ਦੀ ਖੁਸ਼ੀ ਤਾਂ ਹਰ ਕੋਈ ਕਰਦਾ ਹੈ, ਪਰ ਇਸ ਗੱਲ ਦਾ ਅਹਿਸਾਸ ਸਮਾਂ ਪਾ ਕੇ ਹੀ ਹੁੰਦਾ ਹੈ ਕਿ ਅੰਬਾਂ ਦੇ ਬਾਗ ਵਿਚ ਉਗੀਆਂ ਕਿੱਕਰਾਂ ਕੰਡਿਆਂ ਨਾਲ ਭਰ ਜਾਂਦੀਆਂ ਤਾਂ ਕੋਈ ਗੱਲ ਨਹੀਂ ਸੀ, ਪੈਰਾਂ ਵਿਚ ਚੋਭ ਲੱਗ ਜਾਂਦੀ ਤਾਂ ਵੀ ਸਰ ਜਾਂਦਾ, ਪਰ ਪਿੰਡਾ ਵੀ ਪੱਛਿਆ ਗਿਆ, ਤੇ ਅੰਬਾਂ ਨੂੰ ਬੂਰ ਪੈਣ ਦੀ ਆਸ ਵੀ ਮੁੱਕ ਗਈ।
ਇਕ ਵਾਰੀ ਤਾਂ ਚਲੋ ਰੱਬ ਦੀ ਰਜ਼ਾ ਨਾਲ ਮਰਨਾ ਪੈਂਦਾ ਹੈ, ਪਲ-ਪਲ ਮਰਨ ਲਈ ਦੋਸ਼ ਕਿਸ ਸਿਰ ਮੜ੍ਹਿਆ ਜਾਵੇ? ਸ਼ਾਇਦ ਧੋਤੀ ਤੇ ਬੋਦੀ, ਜਾਂ ਮੁੱਲਾ ਤੇ ਕਾਜ਼ੀ, ਜਾਂ ਪਾਦਰੀ ਤੇ ਭਾਈ ਵੀ ਇਸ ਮਾਮਲੇ ਵਿਚ ਸਾਹ ਹੀ ਘੜੀਸ ਲੈਣ। ਕਈਆਂ ਨੇ ਸਿਆੜ ਤਾਂ ਸਿੱਧੇ ਵਾਹੁਣ ਵਿਚ ਬੜੀ ਵਾਹ ਲਾਈ, ਪਰ ਬਦਕਿਸਮਤੀ ਨਾਲ ਫਸਲ ਫਿਰ ਵੀ ਬੇਤਰਤੀਬੀ ਹੀ ਜੰਮੀ।
ਮਧਾਣੀ ਨਾਲ ਚਾਟੀ ਤਾਂ ਝਗੜ ਪਵੇ, ਮੰਨ ਲੈਂਦੇ ਹਾਂ ਪਰ ਇਥੇ ਬੂਰੀ ਮੱਝ ਸਿੰਗ ਖਿਲਾਰ ਕੇ ਅੱਖਾਂ ਅੱਡੀ ਖੜ੍ਹੀ ਹੈ। ਆਪਾਂ ਮੰਨਦੇ ਹਾਂ ਕਿ ਜਦੋਂ ਹਲਟ ਦਾ ਕੁੱਤਾ ਬੇਕਾਬੂ ਹੋ ਜਾਵੇ ਤਾਂ ਟਿੰਡਾਂ ਖੂਹ ਵਿਚੋਂ ਪਾਣੀ ਤਾਂ ਨਹੀਂ ਕੱਢਦੀਆਂ, ਗੋਡੇ ਭਨਾਉਣ ਦਾ ਡਰ ਪੈਦਾ ਹੋ ਜਾਂਦਾ ਹੈ।
ਨਾਂ ਤਾਂ ਬਸੰਤ ਪੰਚਮੀ ਵਾਲੇ ਦਿਨ ਘਰਦਿਆਂ ਨੇ ਭਾਈ ਨੂੰ ਪੁੱਛ ਕੇ ‘ਬ’ ਤੇ ਬਸੰਤ ਸਿੰਹੁ ਰੱਖਿਆ ਸੀ ਪਰ ਬਸੰਤ ਕਿੰਨੀ ਕੁ ਸੀ, ਉਹ ਪਤਝੜ ਨੇ ਗੋਡਿਆਂ ਹੇਠ ਲੈ ਲਈ।
ਹਿਮਾਚਲ ਦਾ ਰਾਮ ਪ੍ਰਕਾਸ਼ ਤੇ ਪੰਜਾਬ ਦਾ ਬਸੰਤ ਸਿੰਹੁ ਫੌਜ ਵਿਚ ਭਰਤੀ ਤਾਂ ਸ਼ਿਮਲੇ ਤੇ ਜਲੰਧਰ ਤੋਂ ਹੋਏ ਸਨ, ਪਰ ਰੰਗਰੂਟੀ ਵੇਲੇ ਗੂੜ੍ਹੇ ਮਿੱਤਰ ਬਣ ਗਏ। ਬਸੰਤ ਸਿੰਹੁ ਸਾਬਤ ਸਬੂਤ ਸਿੱਖ ਅਤੇ ਰਾਮ ਪ੍ਰਕਾਸ਼ ਉਸਤਰਾ ਜਿਵੇਂ ਜੇਬ ਵਿਚ ਰੱਖਦਾ ਹੋਵੇ। ਮੁੱਛ ਤੋਂ ਸਿਵਾ ਮੂੰਹ ‘ਤੇ ਦਾੜ੍ਹੀ ਦਾ ਰੋਮ ਵੀ ਨਹੀਂ ਸੀ ਦਿਸਣ ਦਿੰਦਾ। ਦੋਹਾਂ ਨੂੰ ਭਰਤੀ ਹੋਇਆਂ ਮਸਾਂ ਚਾਰ ਕੁ ਸਾਲ ਹੋਏ ਹੋਣਗੇ ਕਿ ਪਾਕਿਸਤਾਨ ਨਾਲ ਸੰਨ ਇਕੱਤਰ ਦੀ ਜੰਗ ਛਿੜ ਪਈ। ਜੰਮੂ ਤੋਂ ਉਨ੍ਹਾਂ ਦੀ ਪੂਰੀ ਡਿਵੀਜ਼ਨ ਅਖਨੂਰ ਬਾਰਡਰ ‘ਤੇ ਲਾ ਦਿੱਤੀ ਗਈ। ਬਸੰਤ ਸਿੰਹੁ ਤਾਂ ਦੋ ਮਹੀਨੇ ਦੀ ਛੁੱਟੀ ਕੱਟ ਕੇ ਗਿਆ ਸੀ, ਪਰ ਰਾਮ ਪ੍ਰਕਾਸ਼ ਦੀ ਛੁੱਟੀ ‘ਤੇ ਜਾਣ ਦੀ ਤਿਆਰੀ ਵਿਚੇ ਲਟਕ ਗਈ। ਵਿਆਹ ਵੀ ਉਹਦਾ ਸਾਲ ਕੁ ਪਹਿਲਾਂ ਹੀ ਹੋਇਆ ਹੋਵੇਗਾ, ਪਰ ਉਹ ਜੰਗ ਦਾ ਮੋਰਚਾ ਸੰਭਾਲ ਰਿਹਾ ਸੀ। ਫਿਰ ਇਕ ਰਾਤ ਪਤਾ ਨਹੀਂ, ਦੁਸ਼ਮਣ ਦਾ ਕੀ ਹਮਲਾ ਹੋਇਆ ਕਿ ਕਈ ਫੌਜੀਆਂ ਦੀਆਂ ਲਾਸ਼ਾਂ ਹੀ ਮਿਲੀਆਂ ਤੇ ਕਈਆਂ ਦੀ ਉਘ-ਸੁੱਘ ਨਾ ਲੱਗੀ। ਬਸੰਤ ਸਿੰਹੁ ਲਾਸ਼ਾਂ ਦੇ ਢੇਰ ਵਿਚ ਰਾਮ ਪ੍ਰਕਾਸ਼ ਨੂੰ ਲੱਭਦਾ ਰਿਹਾ ਪਰ ਕੁਝ ਹੱਥ ਨਾ ਲੱਗਾ।
ਜੰਗ ਤਾਂ ਖ਼ੈਰ ਉਹ ਜਿੱਤੀ ਗਈ, ਪਰ ਬਸੰਤ ਸਿੰਹੁ ਹਾਰਿਆ ਹੋਇਆ ਇਸ ਕਰ ਕੇ ਮਹਿਸੂਸ ਕਰ ਰਿਹਾ ਸੀ ਕਿ ਯਾਰ ਸ਼ਾਇਦ ਹੁਣ ਸਦਾ ਲਈ ਗੁਆਚ ਗਿਆ ਸੀ।
ਸਾਲ 1985 ਵਿਚ ਬਸੰਤ ਸਿੰਘ ਸਿਪਾਹੀ ਤੋਂ ਨਾਇਬ ਸੂਬੇਦਾਰ ਬਣ ਕੇ ਪੈਨਸ਼ਨ ਆ ਗਿਆ। æææਤੇ ਚਾਰ ਦਹਾਕਿਆਂ ਪਿੱਛੋਂ ਜਦੋਂ ਪਾਕਿਸਤਾਨ ਨੇ ਸੰਧੀ ਤਹਿਤ ਜੰਗੀ ਕੈਦੀ ਛੱਡੇ, ਤਾਂ ਬੁੱਢਾ ਹੋਇਆ ਰਾਮ ਪ੍ਰਕਾਸ਼ ਵੀ ਘਰ ਪਰਤ ਆਇਆ। ਉਹਦੀ ਪਤਨੀ ਆਸ ਮੁਕਾ ਚੁੱਕੇ ਪਰਿਵਾਰ ਨੇ ਛੋਟੇ ਭਰਾ ਦੇ ਬਿਠਾ ਦਿੱਤੀ ਸੀ, ਤੇ ਉਹ ਹੱਡੀਆਂ ਦੀ ਮੁੱਠ ਨਾਲ ‘ਕੱਲੀ ਜ਼ਿੰਦਗੀ ਖਿੱਚਣ ਜੋਗਾ ਰਹਿ ਗਿਆ ਸੀ।
ਫਕੀਰਾਂ ਵਰਗੀ ਜ਼ਿੰਦਗੀ ਗੁਜ਼ਾਰਨ ਵਾਲੇ ਰਾਮ ਪ੍ਰਕਾਸ਼ ਦੇ ਫਿਰ ਦਸ ਕੁ ਸਾਲ ਹੋਰ ਟੁੱਟ-ਭੱਜ ਵਾਂਗ ਗੁਜ਼ਰ ਗਏ। ਇਕ ਦਿਨ ਕਿਤੇ ਪੜਛੱਤੀ ‘ਤੇ ਪਏ ਪੁਰਾਣੇ ਟਰੰਕ ਦੀ ਫਰੋਲਾ-ਫਰਾਲੀ ਕਰਦਿਆਂ ਉਹਦੇ ਹੱਥ ਪੁਰਾਣੇ ਮਿੱਤਰ ਬਸੰਤ ਸਿੰਹੁ ਦੀ ਤਸਵੀਰ ਲੱਗ ਗਈ। ਲਾਜਵੰਤੀ ਮੁਰਝਾ ਕੇ ਖਿੜ ਪਈ। ਉਹਦੇ ਅੰਦਰ ਚਾਵਾਂ ਦੀ ਛਿੰਝ ਪੈਣ ਲੱਗ ਪਈ। ਗਿਆ ਤਾਂ ਉਹ ਇਕ ਵਾਰ ਹੀ ਸੀ, ਪਰ ਪਿੰਡ ਯਾਰ ਦਾ ਚੇਤੇ ਆ ਗਿਆ। ਫੌਜੀਆਂ ਦੇ ਸੁਭਾਅ ਨੂੰ ਜਾਣਨ ਵਾਲਿਆਂ ਨੂੰ ਪਤੈ ਕਿ ਫੌਜੀ ਕਈ ਵੇਰ ਫੌਜਣ ਨਾਲ ਵੀ ਐਨਾ ਤਿਹੁ ਨਹੀਂ ਕਰਦੇ ਜਿੰਨਾ ਬੈਰਕਾਂ ਵਿਚ ‘ਕੱਠੇ ਰਹਿਣ ਵਾਲੇ ਫੌਜੀ ਮਿੱਤਰਾਂ ਨਾਲ ਕਰਦੇ ਹਨ।
ਛੋਟੇ ਜਿਹੇ ਬੈਗ ਵਿਚ ਰਾਮ ਪ੍ਰਕਾਸ਼ ਕੁੜਤਾ ਪਜਾਮਾ, ਸ਼ੇਵ ਦਾ ਸਾਮਾਨ ਤੇ ਪੈਂਟ-ਕਮੀਜ਼ ਪਾ ਕੇ ਅਗਲੇ ਦਿਨ ਲਾਰੀ ਫੜ ਯਾਰ ਬਸੰਤ ਸਿੰਹੁ ਦੇ ਪਿੰਡ ਨੂੰ ਜਾਂਦੇ ਕੋਹ ਕੁ ਲੰਮੇ ਕੱਚੇ ਪੈਂਡੇ ‘ਤੇ ਟੈਂਪੂ ਵਿਚੋਂ ਉਤਰ ਕੇ ਖਿਆਲਾਂ ਦੀਆਂ ਕਬੂਤਰੀਆਂ ਉਡਾਉਂਦਾ ਤੁਰਿਆ ਜਾ ਰਿਹਾ ਸੋਚੇæææ ‘ਬਸੰਤ ਸਿੰਹੁ ਨੂੰ ਅੱਧਾ ਘੰਟਾ ਨਾ ਜੱਫੀ ਵਿਚੋਂ ਕੱਢੂੰ। ਪੁੱਛੂੰਗਾ ਮਿੱਤਰਾæææ ਤੂੰ ਤਾਂ ਖਾ ਕੇ ਫਿਰ ਵਿਹਲੀਆ ਆ ਗਿਐ, ਮੈਨੂੰ ਪੁੱਛæææ ਕਿਵੇਂ ਧੱਕੇ ਖਾਧੇ ਨੇ ਪੂਰੇ ਅਠੱਤੀ ਸਾਲ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ।Ḕ ਪਿੰਡ ਵੜਦਿਆਂ ਸਾਰ ਉਥੇ ਖੇਡਦੇ ਮੁੰਡਿਆਂ ਨੂੰ ਉਹਨੇ ਪੁੱਛਿਆ, “ਗੱਭਰੂਓ! ਭਲਾ ਬਸੰਤ ਸਿੰਹੁ ਦਾ ਘਰ ਕਿਥੇ ਕੁ ਐ?”
“ਫੌਜੀ ਦਾ?”
“ਆਹੋæææ ਓਹੀ।”
“ਉਥੇ ਭਾਈਆ ਕੀਹਨੂੰ ਮਿਲਣੈ?”
“ਬਸੰਤ ਸਿੰਹੁ ਨੂੰ।”
ਮੁੰਡ੍ਹੀਰ ਉਚੀ ਦੇਣੀ ਹੱਸ ਪਈ।
“ਜਾਹæææ ਮਿਲ ਲੈ ਜਾ ਕੇ।” ਜਿਵੇਂ ਸਾਰਿਆਂ ਨੇ ਟਿੱਚਰ ਜਿਹੀ ਕਰ ਦਿੱਤੀ ਹੋਵੇ।
æææਘਰ ਤਾਂ ਉਹੀ ਹੈ ਚੁਗਾਠ ਦੇ ਮੱਥੇ ਵਿਚ ਲੱਗੇ ਕੁੰਡੇ ਵਾਲਾ ਪਰ ਬੂਹਾ ਬੰਦ ਐ। ਜਿੰਦਾ ਹੈ ਨ੍ਹੀਂæææ ਕੁੰਡਾ ਲੱਗਿਆ ਪਿਐ।
ਕੋਲੋਂ ਲੰਘਦੇ ਅੱਧਖੜ ਜਿਹੀ ਉਮਰ ਦੇ ਬੰਦੇ ਕੋਲੋਂ ਉਹਨੇ ਬੜੀ ਹਲੀਮੀ ਨਾਲ ਪੁੱਛਿਆ, “ਭਲਾ ਬਸੰਤ ਸਿੰਹੁ ਕਿਤੇ ਗਿਆ ਹੋਇਐ, ਘਰ ਵੀ ਕੋਈ ਨ੍ਹੀਂ ਲਗਦਾ।”
“ਜਵਾਬ ਪੜ੍ਹ ਲਵੋ, ਬੂਹੇ ‘ਤੇ ਮਸ਼ੀਨ ਵਾਲੇ ਕਾਲੇ ਤੇਲ ਨਾਲ ਲਿਖਿਆ ਤਾਂ ਹੋਇਐ।”
“ਜੁਆਨਾ, ਮੈਨੂੰ ਪੰਜਾਬੀ ਪੜ੍ਹਨੀ ਨ੍ਹੀਂ ਆਉਂਦੀ।”
“ਇਹ ਲਿਖਿਆ, ਪਈ ਬਸੰਤ ਸਿੰਹੁ ਹੁਣ ਇਥੇ ਨ੍ਹੀਂ ਰਹਿੰਦਾ।”
“ਸ਼ਹਿਰ ਰਹਿਣ ਲੱਗ ਪਿਆ ਹੋਣਾ ਸਾਰਾ ਟੱਬਰ?”
“ਤੁਸੀਂ ਬਾਹਰੋਂ ਆਏ ਲਗਦੇ ਆਂ?”
“ਹਾਂ ਮੈਂ ਸ਼ਿਮਲੇ ਨੇੜਿਓਂ ਆਇਆਂ।”
“ਤਾਂ ਹੀ। ਭਾਈਆ ਬਸੰਤ ਸਿੰਹੁ ਹੁਣ ਬਿਰਧ ਆਸ਼ਰਮ ਵਿਚ ਰਹਿੰਦੈ ਸ਼ੀਰੇਵਾਲ।”
“ਜੁਆਨਾ ਫਿਰ ਮੈਨੂੰ ਸ਼ੀਰੇਵਾਲ ਦਾ ਰਾਹ ਦੱਸ ਦੇ। ਮੈਂ ਉਥੇ ਜਾ ਮਿਲਦਾ ਉਹਨੂੰ।”
ਤੇ ਸੁਦਾਮੇ ਨੂੰ ਮਿਲਣ ਲਈ ਕ੍ਰਿਸ਼ਨ ਜਿਵੇਂ ਚੱਲ ਪਿਆ ਹੋਵੇ। ਰਾਮ ਪ੍ਰਕਾਸ਼ ਉਨ੍ਹੀਂ ਪੈਰੀਂ ਮੁੜ ਵਾਹੋ-ਦਾਹੀ ਸ਼ੀਰੇਵਾਲ ਦੇ ਬਿਰਧ ਆਸ਼ਰਮ ਪੁੱਜ ਗਿਆ।
ਲੌਢਾ ਵੇਲਾ। ਸੀਖਾਂ ਵਾਲੇ ਗੇਟ ਥਾਣੀਂ ਉਹਨੇ ਪਛਾਣ ਲਿਆæææ ਅਹੁ ਬੈਠਾ ਆਪਣਾ ਪੁਰਾਣਾ ਯਾਰ। ਚਿੱਟੀ ਦਾੜ੍ਹੀ। ਸਿਰ ‘ਤੇ ਮੈਲਾ ਜਿਹਾ ਸਾਫ਼ਾ, ਤੇ ਮਨ ਵਿਚ ਸੋਚਿਆæææ ਇਹ ਤਾਂ ਜਮਾਂ ਈ ਬੁੱਢਾ ਹੋ ਗਿਆ। ਝੋਟੇ ਵਰਗਾ ਹੁੰਦਾ ਸੀ ਫੌਜ ਵਿਚ।
ਗੇਟ ਖੁੱਲ੍ਹਦੇ ਸਾਰ ਉਹ ਭੱਜ ਕੇ ਬਸੰਤ ਸਿੰਹੁ ਕੋਲ ਬਾਹਾਂ ਫੈਲਾ ਕੇ ਆਪਣਾ ਬੈਗ ਸੁੱਟ ਭੱਜਾ ਗਿਆ। ਉਹਨੇ ਇਕ ਵਾਰ ਮੂੰਹ ਉਪਰ ਨੂੰ ਚੁੱਕ ਕੇ ਵੇਖਿਆ, ਤੇ ਫਿਰ ਨਾਲ ਮੰਜੇ ‘ਤੇ ਬੈਠੇ ਬਜ਼ੁਰਗ ਨਾਲ ਗੱਲਾਂ ਕਰਨ ਲੱਗ ਪਿਆ।
ਰਾਮ ਪ੍ਰਕਾਸ਼ ਨੂੰ ਲੱਗਾ ਸ਼ਾਇਦ ਮੈਂ ਗਲਤ ਥਾਂ ‘ਤੇ ਆ ਗਿਆ ਹਾਂ, ਪਰ ਮੱਥੇ ‘ਤੇ ਉਹੀ ਡੂੰਘੀ ਸੱਟ ਦਾ ਨਿਸ਼ਾਨ, ਖੱਬੇ ਹੱਥ ਦੀਆਂ ਛੇ ਉਂਗਲਾਂ, ਪੈਰ ਦੀ ਚੀਚੀ ਨਾਲ ਦੀ ਉਂਗਲੀ ‘ਤੇ ਚੜ੍ਹੀ ਹੋਈ ਐ, ਹੈ ਤਾਂ ਉਹੀ। ਐਨਾ ਨਿਰਮੋਹਾ ਬਸੰਤ ਸਿੰਹੁ ਹੋ ਨ੍ਹੀਂ ਸਕਦਾ। ਉਹਨੇ ਸੁਆਲ ਕਰ ਹੀ ਲਿਆ, “ਤੇਰਾ ਨਾਂ ਬਸੰਤ ਸਿੰਹੁ ਨ੍ਹੀਂ?”
“ਹਾਂ।”
“ਮੈਂ ਤੇਰਾ ਮਿੱਤਰ ਹਾਂæææ ਹਿਮਾਚਲੀਆ ਰਾਮ ਪ੍ਰਕਾਸ਼। ਆਪਾਂ ਫੌਜ ‘ਚ ਨ੍ਹੀਂ ‘ਕੱਠੇ ਹੁੰਦੇ ਸੀ?”
“ਅੱਛਾ! ਉਹ ਬਸੰਤ ਸਿੰਹੁæææ ਹੁਣ ਇਥੇ ਨ੍ਹੀਂ ਰਹਿੰਦਾ।”
ਤੇ ਜਦ ਨੂੰ ਗੋਰਖਾ ਥਾਲ ਵਿਚ ਦੋ ਸੁੱਕੇ ਪ੍ਰਸ਼ਾਦੇ ਤੇ ਛੋਲਿਆਂ ਦੀ ਦਾਲ ਪਾ ਕੇ ਰੱਖ ਲਿਆਇਆ।
ਰਾਮ ਪ੍ਰਕਾਸ਼ ਦੇ ਚੇਤਿਆਂ ਦੀ ਫਿਰਕੀ ਘੁੰਮ ਗਈ। ਦਿਮਾਗ ਦਾ ਕੈਮਰਾ ਫੌਜ ਦੀ ਮੈੱਸ ਵਿਚ ਚਲਾ ਗਿਆ। ਜਿੱਦਣ ਛੋਲਿਆਂ ਦੀ ਦਾਲ ਬਣੀ ਹੁੰਦੀ, ਬਸੰਤ ਸਿੰਹੁ ਦੋ ਵਾਰ ਪੁਆਉਂਦਾ, ਤੇ ਨਾਲ ਘਰੋਂ ਲਿਆਂਦੇ ਦੇਸੀ ਘਿਓ ਦੇ ਡੱਬੇ ਵਿਚੋਂ ਦੋ ਵੱਡੇ ਚਮਚੇ। ਤੇ ਉਹ ਫਿਰ ਬੋਲਿਆ, “ਬਸੰਤ ਸਿੰਹਾਂ, ਤੂੰ ਝੂਠ ਬੋਲਦੈਂ। ਮੈਂ ਤੈਨੂੰ ਐਡੀ ਦੂਰੋਂ ਮਿਲਣ ਆਇਆਂ। ਘਿਓ ਦੇ ਦੋ ਚਮਚੇ ਲਿਆਵਾਂ ਜਿਵੇਂ ਮੈੱਸ ‘ਚ ਪਾਉਂਦਾ ਹੁੰਦਾ ਸੀ।”
“ਨਹੀਂ ਯਾਰ, ਤੂੰ ਭਰਮ ਵਿਚ ਐਂ। ਮੈਂ ਤੈਨੂੰ ਕਿਹਾ ਨਾ, ਉਹ ਬਸੰਤ ਸਿੰਹੁ ਇਥੇ ਨਹੀਂ ਰਹਿੰਦਾ। ਤੂੰ ਪ੍ਰਸ਼ਾਦਾ ਛਕਣਾ ਤਾਂ ਛਕ ਲੈ।”
ਤੇ ਰਾਮ ਪ੍ਰਕਾਸ਼ ਨੇ ਕਲਮ ਤਾਂ ਸਿਆਹੀ ਦੀ ਦਵਾਤ ਵਿਚੋਂ ਕੱਢ ਲਈ ਸੀ, ਪਰ ਨਿੱਬ ਅੰਦਰ ਟੁੱਟ ਗਈ ਸੀ। ਉਹ ਉਨ੍ਹੀਂ ਪੈਰੀਂ ਉਸੇ ਸੀਖਾਂ ਵਾਲੇ ਗੇਟ ਵੱਲ ਥਿੜਕਦੇ ਕਦਮੀਂ ਮੁੜ ਪਿਆ ਜਿਵੇਂ ਕਤਲ ਤਾਂ ਹੋ ਗਿਆ ਹੋਵੇ ਪਰ ਲਾਸ਼ ਗੁਆਚ ਜਾਵੇ।
ਹਾਲੇ ਰਾਮ ਪ੍ਰਕਾਸ਼ ਨੇ ਇਕ ਪੈਰ ਹੀ ਗੇਟ ਤੋਂ ਬਾਹਰ ਰੱਖਿਆ ਸੀ ਕਿ ਉਹਨੂੰ ਉਸੇ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਨੇ ਬਾਹੋਂ ਫੜ ਅੰਦਰ ਖਿੱਚ ਲਿਆ, “ਤੂੰ ਬਸੰਤ ਸਿੰਹੁ ਨੂੰ ਮਿਲਣਾ ਚਾਹੁੰਨਾ?”
“ਹਾਂ।”
“ਆ ਮੈਂ ਦੱਸਦਾਂ ਉਹ ਕਿਥੇ ਰਹਿੰਦਾ।”
ਤੇ ਉਹ ਉਹਨੂੰ ਆਸ਼ਰਮ ਦੀਆਂ ਪੌੜੀਆਂ ਚੜ੍ਹਾ ਕੇ ਛੱਤ ‘ਤੇ ਲੈ ਗਿਆ। ਆਖਣ ਲੱਗਾ, “ਮਿੱਤਰਾ ਜਿਸ ਮਿੱਤਰ ਨੂੰ ਤੂੰ ਲੱਭਦਾ ਫਿਰਦੈਂ, ਉਹਨੂੰ ਮੈਂ ਜਾਣਦਾਂ।”
“ਤੂੰ ਤਾਂ ਹੈ?”
“ਉਹ ਬਸੰਤ ਸਿੰਹੁ ਇਥੇ ਨਹੀਂ ਰਹਿੰਦਾ।”
“ਕਿਥੇ ਐ ਫਿਰ?”
“ਸੁਣæææ ਜਿੱਦਣ ਉਹ ਫੌਜ ਵਿਚੋਂ ਪੈਨਸ਼ਨ ਆਇਆ ਸੀ, ਵੱਡੀ ਧੀ ਦਾ ਰਿਸ਼ਤਾ ਭਗਵਾਨ ਕੌਰ ਕਰ ਚੁੱਕੀ ਸੀ।”
“ਹਾਂ, ਮੈਨੂੰ ਯਾਦ ਆ ਗਿਆ। ਤੇਰੀ ਘਰਵਾਲੀ ਦਾ ਨਾਂ ਭਗਵਾਨ ਕੌਰ ਸੀ।”
“ਮੈਂ ਉਹ ਨਹੀਂ ਹਾਂ।æææ ਬਸੰਤ ਸਿੰਹੁ ਨੇ ਆ ਕੇ ਅੰਮ੍ਰਿਤਪਾਨ ਕਰ ਲਿਆ ਸੀ। ਉਹ ਚਾਹੁੰਦਾ ਸੀ ਧੀ ਕਿਸੇ ਗੁਰਸਿੱਖ ਨਾਲ ਵਿਆਹਾਂ, ਪਰ ਉਹ ਭਗਵਾਨ ਕੌਰ ਦੇ ਕੀਤੇ ਨੂੰ ਉਲਟਾ ਨਾ ਸਕਿਆ। ਧੀ ਤੋਰ ਦਿੱਤੀ। ਕਈ ਵਰ੍ਹੇ ਪਤਾ ਈ ਨਾ ਲੱਗਾ ਕਿ ਜੁਆਈ ਨਸ਼ਾ-ਪੱਤਾ ਕਰਦਾ ਸੀ। ਕਿੱਲਾ ਜ਼ਮੀਨ ਵਿਚੋਂ ਚਾਰ ਕਨਾਲ ਵੇਚ ਕੇ ਧੀ ਨੂੰ ਦੇ ਦਿੱਤੇ, ਇਸ ਲਈ ਕਿ ਉਹ ਕਿਸੇ ਵੱਡੇ ਮੁਲਕ ਨੂੰ ਜਾਣ ਦੀ ਆਖ ਰਿਹਾ ਸੀ। ਹਲਕੇ ਕੁੱਤੇ ਵਾਂਗ ਉਹ ਵੀ ਚੱਟ ਗਿਆ।”
“ਖਾਂਦਾ ਕੀ ਸੀ?”
“ਸੀ ਤਾਂ ਕੰਜਰ ਦਾ ਰਾਜ ਕੁਮਾਰਾਂ ਵਰਗਾ, ਪੀਂਦਾ ਚਿੱਟਾ ਸੀ। ਰੰਗ ਕਾਲਾ ਸੁਆਹ ਵਰਗਾ ਕਰ ਲਿਆ ਸੀ।”
“ਆਹੀ ਚਿੱਟਾ ਜਿਹਦਾ ਹੁਣ ਰੌਲਾ ਬੜਾ ਪੈਂਦਾ।”
“ਹੋਰ ਕਿਤੇ ਉਹ ਘਰ ਬਣਾਉਣ ਲੱਗ ਪਿਆ ਸੀ। ਬਸੰਤ ਸਿੰਹੁ ਦਾ ਜਿਹੜਾ ਛੋਟਾ ਮੁੰਡਾ ਸੀ ਦਰਜੀ ਦਾ ਕੰਮ ਕਰਦਾæææ ਲੁੱਚੇ ਨੇ ਉਹ ਵੀ ‘ਜੀਜਾ ਜੀ ਜੀਜਾ ਜੀ’ ਕਹਿੰਦਿਆਂ ਨਾਲ ਰਲਾ ਲਿਆ।”
“ਫਿਰ ਜਿਹੜੀ ਚਾਰ ਕਨਾਲਾਂ ਬਚਦੀ ਸੀ, ਬਸੰਤ ਸਿੰਹੁ ਨੂੰ ਡਰਾ ਕੇ ਉਹ ਉਹਨੇ ਵੇਚ ਵੱਟ ਲਈ।”
“ਹਾਂ, ਮੈਂ ਜਾਣਦਾ ਸੀ ਛੋਟੇ ਤੀਰਥ ਨੂੰ। ਉਹ ਤਾਂ ਮੁੰਡਾ ਈ ਬੜਾ ਸਾਊ ਸੀ।”
“ਰਾਮ ਪ੍ਰਕਾਸ਼ਾ! ਸਾਊ ਈ ਤਾਂ ਉਜੜੇ ਨੇ ਸਾਰੇ। ਬੜਾ ਬਹਾਦਰ ਚਾਰ ਕਨਾਲਾਂ ਵੇਚਣ ਨੂੰ ਅੜਿੱਕਾ ਬਣਦਾ ਸੀ, ਉਹ ਹਰਾਮਜ਼ਾਦੇ ਛੋਟੇ ਨੇ ਪਹਿਲਾਂ ਚਿੱਟਾ ਪੀਣ ਲਾਇਆ, ਤੇ ਫਿਰ ਵੇਚਣ ਵੀ ਲੱਗ ਪਿਆ।”
“ਤੇ ਕੁੜੀ ਸਵਿੱਤਰੀ ਠੀਕ-ਠਾਕ ਐ?”
“ਉਹਨੂੰ ਵੀ ਹੋ ਗਏ ਠੀਕ-ਠਾਕ ਹੋਈ ਨੂੰæææ ।”
“ਸਵਿੱਤਰੀ ਰੋਕਦੀ ਸੀ ਕੰਜਰ ਨੂੰ ਖਾਣ-ਪੀਣ ਤੋਂ। ਉਹਨੇ ਰੱਸੀ ਦਾ ਵੱਟ ਹੀ ਉਧੇੜ’ਤਾ। ਉਹ ਵੀ ਲਾ ਲਈ ਸੀ ਚਿੱਟਾ ਪੀਣ। ਬਾਂਸ ਈ ਜੜ੍ਹੋਂ ਪੱਟ’ਤਾ।”
“ਅੱਛਾ! ਕੁੜੀਆਂ ਵੀ ਪੀਣ ਲੱਗ ਪਈਆਂ?”
“ਹਾਂ, ਬਹੁਤਿਆਂ ਘਰਾਂ ਵਿਚ ਵੈਲੀ ਵੀ, ਤੇ ਵੈਲਣਾਂ ਵੀ ‘ਕੱਠੇ ਰਹਿੰਦੇ ਨੇ।”
“ਕੁਝ ਸੁਧਾਰ ਹੋਇਆ ਕਿ ਨਹੀਂ?”
“ਸੁਧਾਰ ਕੀ ਹੋਣਾ ਸੀ, ਤਿੰਨੇ ਸਵਰਗ ਸੁਧਾਰ ਗਏ ਨੇ।”
“ਜੁਆਈ ਨੂੰ ਸਾਲ ਕੁ ਹੋ ਗਿਆ ਮਰੇ ਨੂੰ, ਸਵਿੱਤਰੀ ਨੇ ਆਪਣੀ ਮਾਸੂਮ ਦਾ ਗਲ ਘੁੱਟ ਕੇ ਫਾਹਾ ਲੈ ਲਿਆ ਸੀ, ਤੇ ਮਹੀਨਾ ਕੁ ਹੋਇਆ ਤੀਰਥ ਬੱਸ ਅੱਡੇ ‘ਤੇ ਮਰਿਆ ਪਿਆ ਲੱਭਿਆ।”
“ਭਗਵਾਨ ਕੌਰ ਵੀ ਘਰ ਹੈ ਨ੍ਹੀਂ ਸੀ?”
“ਵੱਡਾ ਬਹਾਦਰ-ਜੁੰਡਲੀ ਵਿਚ ਰਲ ਗਿਆ ਸੀ। ਨਾਲ ਦਿਆਂ ਨੂੰ ਆਂਹਦਾ, ਅੱਜ ਹੈ ਨ੍ਹੀਂ ਕੁਛ ਕੋਲ਼ææ ਨਾ ਪੈਸਾ ਨਾ ਚਿੱਟਾ। ਕਹਿੰਦਾ, ਮੇਰੀ ਮਾਂ ਦੀਆਂ ਬਾਲੀਆਂ ਲਾਹ ਕੇ ਲਿਆ। ਗਿਆ ਤਾਂ ਉਹ ਮੂੰਹ ਬੰਨ੍ਹ ਕੇ, ਛਾਲ ਮਾਰਨ ਲੱਗੇ ਦੇ ਮੂੰਹ ਤੋਂ ਕੱਪੜਾ ਲਹਿ ਗਿਆ। ਭਗਵਾਨ ਕੌਰ ਨੇ ਪਾ’ਤੀ ਰੌਲੀ, ਪਈ ਇਹ ਤਾਂ ਬਹਾਦਰ ਦਾ ਮਿੱਤਰ ਐ ਧੰਨੇ ਦਾ ਬਲਵੰਤ। ਉਹਨੇ ਗਲਾ ਘੁੱਟ ਕੇ ਭਗਵਾਨ ਕੌਰ ਪਾਰ ਬੁਲਾ’ਤੀ। ਮੁੜਦੀ ਵਾਰ ਘਾਬਰਿਆ ਬਾਹਰਲੀ ਕੰਧ ਤੋਂ ਜਾ ਪਿਆ। ਫੜ ਲਿਆ ਲੋਕਾਂ ਨੇ। ਦੱਸ’ਤਾ ਪਤੰਦਰ ਨੇ ਸੱਚ। ਅੱਜ ਕੱਲ੍ਹ ਦੋਵੇਂ ਜੇਲ੍ਹ ‘ਚ ਨੇ।”
“ਤੇਰੇ ਨਾਲ ਤਾਂ ਫਿਰ ਬਸੰਤ ਸਿੰਹਾਂ ਡਾਢੇ ਨੇ ਦੋਹੀਂ ਹੱਥੀਂ ਕਰ’ਤੀ।”
“ਮੇਰੇ ਨਾਲ ਨਹੀਂ, ਬਸੰਤ ਸਿੰਹੁ ਨਾਲ ਕਹਿ। ਕਿਉਂਕਿ ਉਹ ਬਸੰਤ ਸਿੰਹੁ ਕਹੱਤਰ ਦੀ ਜੰਗ ਤਾਂ ਜਿੱਤ ਆਇਆ ਸੀ ਪਰ ਘਰ ‘ਚ ਇਸ ਕਰ ਕੇ ਹਾਰ ਗਿਆ ਕਿ ਹੁਣ ਇਹ ਲੜਾਈ ਘਰ-ਘਰ ਦੀ ਹੋ ਗਈ ਹੈ ਤੇ ਖਾਨਾਜੰਗੀ ਨਾ ਮੁੱਕਦੀ ਹੁੰਦੀ ਐ, ਨਾ ਛੇਤੀ ਜਿੱਤੀ ਜਾ ਸਕਦੀ ਹੈ।”
“ਘਰ ਨੂੰ ਕੁੰਡਾ ਈ ਲੱਗਿਆ ਹੋਇਐ?”
“ਉਥੇ ਹੈ ਕੀ, ਹੁਣ ਬਚਿਆ ਕੀ ਐ ਜਿਹੜਾ ਕੋਈ ਲੁੱਟੂæææ ਪਿੰਡ ਵਾਲੇ ਆਂਹਦੇ ਸੀ ਘਰ ਵੇਖ ਜਾ। ਬਸੰਤ ਸਿੰਹੁ ਕਹਿੰਦਾ, ਨਹੀਂ, ਉਲੂ ਦੱਸਿਆ ਕਰਨਗੇ ਅਗਲੀਆਂ ਨਸਲਾਂ ਨੂੰ, ਕਿ ਇਥੇ ਬਸੰਤ ਸਿੰਹੁ ਕਿਉਂ ਨਹੀਂ ਰਹਿੰਦਾ ਸੀ। ਹੁਣ ਬਸੰਤ ਸਿੰਹੁ ਪੈਨਸ਼ਨ ਬਿਰਧ ਆਸ਼ਰਮ ਨੂੰ ਦੇ ਦਿੰਦੈ, ਤੇ ਸੁੱਕੀਆਂ ਰੋਟੀਆਂ ਉਤੇ ਆਚਾਰ ਮਲ ਕੇ ਢਿੱਡ ਨੂੰ ਝੁਲਕਾ ਲਾ ਰਿਹੈ।”
“ਆ ਜਾ ਮਿੱਤਰਾ, ਇਕ ਵਾਰ ਗਲੇ ਲੱਗ ਕੇ ਤਾਂ ਮਿਲ ਲੈ।”
“ਜਾ ਰਾਮ ਪ੍ਰਕਾਸ਼ ਚਲੇ ਜਾਹ, ਮੈਂ ਤੇਰੀਆਂ ਆਂਦਰਾਂ ਨੂੰ ਹੋਰ ਸੇਕ ਨਹੀਂ ਦੇਣਾ ਚਾਹੁੰਦਾ। ਤੂੰ ਜਿਸ ਬਸੰਤ ਸਿੰਹੁ ਨੂੰ ਲੱਭਦੈਂ, ਉਹ ਹੁਣ ਇਥੇ ਨਹੀਂ ਰਹਿੰਦਾ। ਉਹ ਤਾਂ ਮਰ ਗਿਐ ਕਦੋਂ ਦਾ। ਸਿਰਫ਼ ਕੀਰਤਪੁਰ ਕੋਈ ਹੱਡ ਈ ਪਾਉਣ ਨਹੀਂ ਜਾਂਦਾ। ਅੱਜ ਤਾਂ ਤੂੰ ਇਕ ਬਸੰਤ ਸਿੰਹੁ ਨੂੰ ਲੱਭਣ ਆਇਐਂ, ਥੋੜ੍ਹਾ ਠਹਿਰæææ ਹਰ ਘਰ ਵਿਚੋਂ ਬਸੰਤ ਸਿੰਹੁ ਰੋਜ਼ ਗੁਆਚਿਆ ਕਰਨੈ।”
æææ ਤੇ ਰਾਮ ਪ੍ਰਕਾਸ਼ ਜਿਸਮ ਉਥੇ ਛੱਡ ਕੇ, ਲੀੜੇ ਲੈ ਕੇ ਵਾਪਸ ਹਿਮਾਚਲ ਦੀਆਂ ਪਹਾੜੀਆਂ ਸਾਹੋ-ਸਾਹੀ ਹੋ ਕੇ ਚੜ੍ਹਨ ਲੱਗ ਪਿਆ ਸੀ।

Be the first to comment

Leave a Reply

Your email address will not be published.