ਅੰਮ੍ਰਿਤਸਰ: ਮਹਾਰਾਸ਼ਟਰ ਸਰਕਾਰ ਨੇ ਇਕ ਅਹਿਮ ਕੈਬਨਿਟ ਫੈਸਲੇ ਵਿਚ ਜਸਟਿਸ ਭਾਟੀਆ ਕਮੇਟੀ ਦੀ ਰਿਪੋਰਟ ਲਾਗੂ ਕਰਦਿਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵਿਚ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਘਟਾ ਦਿੱਤੀ ਹੈ। ਹੁਣ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰਾਂ ਦੀ ਥਾਂ ਸਿਰਫ ਇਕ ਮੈਂਬਰ ਹੀ ਬੋਰਡ ਲਈ ਨਾਮਜ਼ਦ ਹੋਵੇਗਾ। ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵਿਚ ਪਹਿਲਾਂ ਕੁੱਲ 17 ਮੈਂਬਰ ਸਨ। ਇਨ੍ਹਾਂ ਵਿਚੋਂ 14 ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ ਅਤੇ ਤਿੰਨ ਮੈਂਬਰ ਚੁਣੇ ਜਾਂਦੇ ਸਨ। ਨਾਮਜ਼ਦ ਕੀਤੇ ਜਾਣ ਵਾਲੇ ਕੁੱਲ ਮੈਂਬਰਾਂ ਵਿਚੋਂ ਚਾਰ ਮੈਂਬਰ ਸ਼੍ਰੋਮਣੀ ਕਮੇਟੀ ਦੇ ਚੁਣੇ ਜਾਂਦੇ ਸਨ ਪਰ ਹੁਣ ਸੋਧ ਕਰਕੇ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ।
ਹੁਣ ਬੋਰਡ ਦੇ ਮੈਂਬਰਾਂ ਦੀ ਗਿਣਤੀ 21 ਹੋਵੇਗੀ। ਇਸ ਵਿਚੋਂ 18 ਮੈਂਬਰ ਚੁਣੇ ਜਾਣਗੇ ਤੇ ਤਿੰਨ ਮੈਂਬਰ ਨਾਮਜ਼ਦ ਕੀਤੇ ਜਾਣਗੇ। ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਵਿਚੋਂ ਸਿਰਫ਼ ਇਕ ਮੈਂਬਰ ਸ਼੍ਰੋਮਣੀ ਕਮੇਟੀ ਦਾ ਹੋਵੇਗਾ।
ਪ੍ਰਬੰਧਕੀ ਬੋਰਡ ਦੇ ਨਾਮਜ਼ਦ ਕੀਤੇ ਜਾਂਦੇ 14 ਮੈਂਬਰਾਂ ਵਿਚੋਂ ਚਾਰ ਸ਼੍ਰੋਮਣੀ ਕਮੇਟੀ ਵੱਲੋਂ, ਦੋ ਸਿੱਖ ਸੰਸਦ ਮੈਂਬਰ, ਚਾਰ ਹਜ਼ੂਰੀ ਖਾਲਸਾ ਦੀਵਾਨ ਵੱਲੋਂ, ਇਕ ਸਿੱਖ ਨੁਮਾਇੰਦਾ ਆਂਧਰਾ ਪ੍ਰਦੇਸ਼ ਤੇ ਇਕ ਸਿੱਖ ਨੁਮਾਇੰਦਾ ਮਹਾਰਾਸ਼ਟਰ ਸਰਕਾਰ ਦਾ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਤੇ ਮੱਧ ਪ੍ਰਦੇਸ਼ ਦਾ ਇਕ ਨੁਮਾਇੰਦਾ ਸ਼ਾਮਲ ਕੀਤਾ ਜਾਂਦਾ ਸੀ।
ਪ੍ਰਬੰਧਕੀ ਬੋਰਡ ਦੇ ਚੇਅਰਮੈਨ ਵਿਜੈ ਸਤਬੀਰ ਸਿੰਘ ਨੇ ਕਿਹਾ ਕਿ ਭਾਟੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਹਾਰਾਸ਼ਟਰ ਸਰਕਾਰ ਦੀ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ ਤੇ ਖਾਸ ਕਰਕੇ ਚੁਣੇ ਹੋਏ ਮੈਂਬਰਾਂ ਦੀ ਗਿਣਤੀ 18 ਕੀਤੀ ਜਾਵੇ।
ਕੈਬਨਿਟ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਹੁਣ ਬੋਰਡ ਦੇ ਕੁੱਲ ਮੈਂਬਰਾਂ ਦੀ ਗਿਣਤੀ 21 ਹੋਵੇਗੀ। ਇਸ ਵਿਚੋਂ 18 ਮੈਂਬਰ ਵੋਟਾਂ ਰਾਹੀਂ ਚੁਣੇ ਜਾਣਗੇ। ਨੌਂ ਮੈਂਬਰ ਨੰਦੇੜ ਸਾਹਿਬ ਤੋਂ ਚੁਣੇ ਜਾਣਗੇ। ਹੁਣ ਸਿਰਫ ਤਿੰਨ ਮੈਂਬਰ ਹੀ ਨਾਮਜ਼ਦ ਕੀਤੇ ਜਾਣਗੇ। ਇਨ੍ਹਾਂ ਵਿਚ ਇਕ ਮੈਂਬਰ ਜ਼ਿਲ੍ਹਾ ਕੁਲੈਕਟਰ ਵੱਲੋਂ ਤੇ ਇਕ ਨੁਮਾਇੰਦਾ ਮਹਾਂਰਾਸ਼ਟਰ ਸਰਕਾਰ ਦਾ ਹੋਵੇਗਾ। ਇਸ ਤੋਂ ਇਲਾਵਾ ਇਕ ਨੁਮਾਇੰਦਾ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੋਧ ਨਾਲ ਨੰਦੇੜ ਸਾਹਿਬ ਤੇ ਇਸ ਦੇ ਆਲੇ-ਦੁਆਲੇ ਦੇ ਸਿੱਖਾਂ ਨੂੰ ਵਧੇਰੇ ਨੁਮਾਇੰਦਗੀ ਮਿਲੇਗੀ। ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਇਸ ਵਿਚ ਸ਼ਾਮਲ ਹੈ। ਹੁਣ ਚਾਰ ਸੀਟਾਂ ਮਹਿਲਾਵਾਂ ਲਈ ਵੀ ਰਾਖਵੀਆਂ ਕਰ ਦਿੱਤੀਆਂ ਗਈਆਂ ਹਨ। ਇਸ ਬਾਰੇ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਖਿਆ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿਣਤੀ 17 ਦੀ ਬਜਾਇ ਭਾਵੇਂ 21 ਕੀਤੀ ਗਈ ਹੈ ਪਰ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਇਸ ਵਿਚੋਂ ਘਟਾਉਣਾ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਤਖ਼ਤਾਂ ਵਿਚ ਵੰਡ ਪਾਉਣ ਵਾਲਾ ਹੈ। ਤਖ਼ਤ ਸਾਹਿਬਾਨ ਸਮੁੱਚੀ ਕੌਮ ਦੇ ਹਨ ਤੇ ਇਨ੍ਹਾਂ ਤਖ਼ਤਾਂ ਦੇ ਜਥੇਦਾਰ ਹੀ ਅਜਿਹੇ ਵਿਅਕਤੀ ਹਨ, ਜੋ ਕੌਮ ਨੂੰ ਇਕ ਲੜੀ ਵਿਚ ਪਰੋ ਕੇ ਰੱਖ ਸਕਦੇ ਹਨ। ਇਸ ਲਈ ਇਹ ਫ਼ੈਸਲਾ ਠੀਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿਚ ਕਾਂਗਰਸ ਦੀ ਸਰਕਾਰ ਜਾਣ-ਬੁੱਝ ਕੇ ਅਜਿਹੀਆਂ ਕਰ ਰਹੀ ਹੈ। ਉਂਜ ਉਨ੍ਹਾਂ ਇਸ ਸਵਾਲ ਦਾ ਉਤਰ ਟਾਲ ਦਿੱਤਾ ਕਿ ਇਸ ਬਾਰੇ ਸੁਝਾਅ ਤਾਂ ਭਾਟੀਆ ਕਮੇਟੀ ਨੇ ਪਹਿਲਾਂ ਦਾ ਦਿੱਤਾ ਹੋਇਆ ਹੈ।
Leave a Reply