ਪੰਜਾਬੀ ਦੀਆਂ ਪੱਕੀਆਂ ਬੁਨਿਆਦਾਂ

ਪੰਜਾਬੀ ਦਾ ਭਵਿੱਖ-1
ਗੁਰਬਚਨ ਸਿੰਘ ਭੁੱਲਰ

ਪਰਵਾਸੀਆਂ ਦੇ ਪ੍ਰਸੰਗ ਵਿਚ ਭਾਸ਼ਾ ਬਾਰੇ ‘ਪੰਜਾਬ ਟਾਈਮਜ਼’ ਵਿਚ ਪਿਛਲੇ ਅੰਕਾਂ ਵਿਚ ਛਪੇ ਮੇਰੇ ਤਿੰਨ ਲੇਖਾਂ ਦੇ ਹਵਾਲੇ ਨਾਲ ਕਈ ਪਾਠਕਾਂ ਨੇ ਸੁਝਾਅ ਦਿੱਤਾ ਹੈ ਕਿ ਇਸ ਦੌਰ ਦੀ ਸਮੁੱਚੀ ਭਾਸ਼ਾਈ ਹਾਲਤ ਦੇ ਚੌਖਟੇ ਵਿਚ ਪੰਜਾਬੀ ਦੇ ਭਵਿੱਖ ਬਾਰੇ ਲਿਖਿਆ ਜਾਵੇ। ਇਸ ਲੇਖ ਨਾਲ ਸ਼ੁਰੂ ਕਰ ਕੇ ਸਰਲ-ਸੌਖੇ ਸ਼ਬਦਾਂ ਵਿਚ ਪੰਜਾਬੀ ਦੀ ਹਾਲਤ ਨੂੰ ਨਿਰੋਲ ਇਤਿਹਾਸਕ, ਭਾਸ਼ਾ-ਵਿਗਿਆਨਕ ਅਤੇ ਸਮਾਜਕ-ਰਾਜਨੀਤਕ ਨਜ਼ਰੀਏ ਤੋਂ ਪੇਸ਼ ਕਰਨ ਦਾ ਯਤਨ ਕੀਤਾ ਜਾਵੇਗਾ। -ਲੇਖਕ

ਮਨੁੱਖ ਲਈ ਭਾਸ਼ਾ ਦਾ, ਇਸ ਕਰਕੇ ਪੰਜਾਬੀਆਂ ਲਈ ਪੰਜਾਬੀ ਦਾ ਮਹੱਤਵ ਏਨਾ ਉਜਾਗਰ ਹੈ ਕਿ ਇਸ ਦੀ ਵਿਆਖਿਆ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਜੰਗਲੀ ਮਨੁੱਖ ਨੇ ਵਰਤਮਾਨ ਪੜਾਅ ਤੱਕ ਜੋ ਪੰਧ ਮੁਕਾਇਆ ਹੈ, ਉਹ ਕਿਰਤ ਅਤੇ ਭਾਸ਼ਾ ਦੇ ਦੋ ਪੈਰਾਂ ਉਤੇ ਤੁਰ ਕੇ ਹੀ ਮੁਕਾਇਆ ਹੈ। ਅੱਜ ਦੇ ਕੰਪਿਊਟਰੀ ਜੁੱਗ ਵਾਲੀ ਵਿਕਸਿਤ ਭਾਸ਼ਾ ਦਾ ਮੁੱਢ ਉਸ ਸਮੇਂ ਬੱਝਿਆ ਜਦੋਂ ਚਾਰ ਪੈਰਾਂ ਵਾਲੇ ਪਸ਼ੂ ਨੇ ਸਿੱਧਾ ਤਣ ਕੇ ਪਿਛਲੇ ਦੋ ਨੂੰ ਪੈਰ ਰਖਦਿਆਂ ਅਗਲੇ ਦੋ ਨੂੰ ਹੱਥ ਬਣਾ ਲਿਆ ਅਤੇ ਉਚੀ ਥਾਂ ਖਲੋ ਕੇ ਦੂਰ ਦੂਰ ਤੱਕ ਪਸਰੀ ਹੋਈ ਕੁਦਰਤ ਨੂੰ ਨਿਹਾਰਦਿਆਂ ਤੇ ਮਹਿਸੂਸਦਿਆਂ ਅਚੰਭੇ ਤੇ ਅਨੰਦ ਨਾਲ ਲੰਮੀ ਤੇ ਉਚੀ ਕਿਲਕਾਰੀ ਮਾਰੀ। ਬਿਨਾਂ-ਸ਼ੱਕ ਜੇ ਧੁਨੀਆਂ ਅਤੇ ਸ਼ਬਦ ਉਹਦੇ ਵੱਸ ਵਿਚ ਹੁੰਦੇ, ਉਹਨੇ ਇਸ ਕਿਲਕਾਰੀ ਦੀ ਭਾਵਨਾ ਨੂੰ ਉਸੇ ਰੂਪ ਵਿਚ ਪ੍ਰਗਟ ਕਰਨਾ ਸੀ ਜਿਵੇਂ ਲੱਖਾਂ ਸਾਲ ਮਗਰੋਂ ਬਾਬਾ ਨਾਨਕ ਨੇ ਵਿਸਮਾਦੀ ਖ਼ੁਮਾਰੀ ਨਾਲ ਕਿਹਾ ਸੀ, “ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ॥”
ਇਸ ਕਿਲਕਾਰੀ ਦੇ ਰੂਪ ਵਿਚ ਪ੍ਰਗਟ ਹੋਈ ਬੋਲੀ ਮਨੁੱਖ ਲਈ ਇਕ ਵਰ ਸਿੱਧ ਹੋਈ ਤਾਂ ਬਾਕੀ ਚਾਰ ਉਂਗਲਾਂ ਨਾਲੋਂ ਨਿੱਖੜ ਕੇ ਹੌਲੀ ਹੌਲੀ 90 ਦਰਜੇ ਉਤੇ ਪੁੱਜਿਆ ਅੰਗੂਠਾ ਦੂਜਾ ਵਰ ਸਿੱਧ ਹੋਇਆ। ਉਂਗਲਾਂ ਨਾਲੋਂ ਹਟ ਕੇ ਖਲੋਤੇ ਇਸ ਅੰਗੂਠੇ ਨੇ ਸਭ ਪ੍ਰਾਣੀਆਂ ਵਿਚੋਂ ਇਕੋ-ਇਕ ਮਨੁੱਖ ਨੂੰ ਪਕੜ ਦੀ ਅਤੇ ਇਸ ਕਰਕੇ ਕਿਰਤ ਦੀ ਸਮਰੱਥਾ ਦਿੱਤੀ। ਇਹ ਮਨੁੱਖ ਦੇ ਵਿਕਾਸ ਵਿਚ ਅਤੇ ਉਹਦੇ ਭਾਸ਼ਾਈ, ਸਮਾਜਕ ਤੇ ਆਰਥਕ ਇਤਿਹਾਸ ਵਿਚ ਬਹੁਤ ਵੱਡਾ ਇਨਕਲਾਬ ਸੀ। ਕਿਰਤ ਨਵੇਂ ਨਵੇਂ ਵਿਚਾਰਾਂ ਨੂੰ ਜਨਮ ਦਿੰਦੀ ਗਈ ਅਤੇ ਉਨ੍ਹਾਂ ਵਿਚਾਰਾਂ ਨੂੰ ਸਾਂਝਾ ਕਰਨ ਲਈ ਭਾਸ਼ਾ ਨੂੰ ਵਿਕਸਿਤ ਕਰਦੀ ਗਈ। ਵਿਚਾਰਾਂ ਨੂੰ ਪ੍ਰਗਟਾਉਂਦੀ ਭਾਸ਼ਾ ਸਮਾਜਕ ਵਿਚਾਰ-ਵਟਾਂਦਰੇ ਰਾਹੀਂ ਕਿਰਤ ਦੇ ਵਿਕਾਸ ਦਾ ਆਧਾਰ ਬਣੀ।
ਜਦੋਂ ਹਾਕਮ ਜਮਾਤ ਦੇ ਅੰਗ ਗੁਰੂ ਦਰੋਣਾਚਾਰੀਆ ਨੇ ਇਕਲੱਵਿਅ ਤੋਂ ਅੰਗੂਠੇ ਦੀ ਗੁਰੂ-ਦੱਛਣਾ ਮੰਗੀ ਸੀ, ਉਹ ਉਸ ਨੂੰ ਸਿਰਫ਼ ਹੱਥ ਦੇ ਇਕ ਹਿੱਸੇ ਤੋਂ ਵਿਰਵਾ ਹੀ ਨਹੀਂ ਸੀ ਕਰਨਾ ਚਾਹੁੰਦਾ, ਸਗੋਂ ਅੰਗੂਠੇ ਨੂੰ ਕਿਰਤ, ਭਾਸ਼ਾ ਤੇ ਸਭਿਆਚਾਰ ਦਾ ਪ੍ਰਤੀਕ ਮੰਨਦਿਆਂ ਉਹਦੀ ਜਾਤ-ਜਮਾਤ ਨੂੰ ਇਨ੍ਹਾਂ ਦੇ ਹਰ ਹੱਕ ਤੋਂ ਵਿਰਵਾ ਕਰਨ ਦਾ ਅਣਮਨੁੱਖੀ ਅਤੇ ਅਸਫਲ ਜਤਨ ਕਰ ਰਿਹਾ ਸੀ। ਪਰ ਸੂਰਮੇ ਇਕਲੱਵਿਅ ਨੇ ਦਰੋਣਾਚਾਰੀਆ ਦੇ ਖੋਹੇ ਅੰਗੂਠੇ ਤੋਂ ਬਿਨਾਂ ਵੀ ਬਾਕੀ ਚਾਰ ਉਂਗਲਾਂ ਦੇ ਸਹਾਰੇ ਹੀ ਉਹਦੇ ਲਾਡਲੇ ਸ਼ਿਸ਼ ਅਰਜੁਨ ਨੂੰ ਤੀਰਬਾਜ਼ੀ ਦੇ ਗਹਿਗੱਚ ਟਾਕਰੇ ਵਿਚ ਮੁੜ੍ਹਕੋ-ਮੁੜ੍ਹਕੀ ਕਰ ਦਿੱਤਾ ਸੀ। ਇਉਂ ਉਹਨੇ ਆਮ ਲੋਕਾਂ ਦੀਆਂ ਭਵਿੱਖੀ ਨਸਲਾਂ ਦੇ ਕਿਰਤ, ਭਾਸ਼ਾ ਅਤੇ ਸਭਿਆਚਾਰ ਦੇ ਹੱਕ ਦਾ ਪਰਚਮ ਬੁਲੰਦ ਕਰ ਦਿਖਾਇਆ ਸੀ।
ਭਾਸ਼ਾ ਦੇ ਮਹੱਤਵ ਬਾਰੇ ਏਨੀ ਗੱਲ ਕਰਨ ਪਿਛੋਂ ਆਓ ਆਪਣੀ ਪੰਜਾਬੀ ਦੀ ਗੱਲ ਕਰੀਏ। ਪੰਜਾਬੀ ਦੇ ਭਵਿੱਖ ਸਬੰਧੀ ਚਰਚਾ ਹੁਣ ਫੇਰ ਭਖੀ ਹੋਈ ਹੈ। ਇਸ ਦਾ ਇਕ ਕਾਰਨ ਕੁਝ ਸਮਾਂ ਪਹਿਲਾਂ ਫੈਲੀ ਇਹ ਅਫ਼ਵਾਹ ਹੈ ਕਿ ਯੂਨੈਸਕੋ ਅਨੁਸਾਰ ਪੰਜਾਬੀ ਆਉਂਦੇ ਪੰਜਾਹ ਸਾਲਾਂ ਵਿਚ ਲੋਪ ਹੋ ਜਾਵੇਗੀ। ਯੂਨੈਸਕੋ ਦੇ ਦਿੱਲੀ ਦਫ਼ਤਰ ਨੇ ਪੁੱਛ-ਗਿੱਛ ਦੇ ਜਵਾਬ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਨਿਰਨਾ ਨਹੀਂ ਦਿੱਤਾ। ਪਰ ਸਾਡਾ ਵਰਤਮਾਨ ਭਾਸ਼ਾਈ ਮਾਹੌਲ ਘੱਟ ਪੜ੍ਹਨ, ਸੋਚਣ ਅਤੇ ਵਿਚਾਰਨ ਪਰ ਵਿਦਵਤਾ ਦਾ ਬਹੁਤਾ ਵਿਖਾਲਾ ਪਾਉਣ ਵਾਲਾ ਬਣ ਚੁੱਕਿਆ ਹੈ। ਇਸ ਕਰਕੇ ਅਖ਼ਬਾਰਾਂ-ਰਸਾਲਿਆਂ ਵਿਚ ਅਨਗਿਣਤ ਲੇਖ ਲਗਾਤਾਰ ਛਪਦੇ ਰਹਿੰਦੇ ਹਨ ਜਿਨ੍ਹਾਂ ਦਾ ਪਹਿਲਾ ਵਾਕ ਹੁੰਦਾ ਹੈ, “ਸੰਯੁਕਤ ਰਾਸ਼ਟਰ ਦੇ ਇਕ ਸਰਵੇ ਅਨੁਸਾਰ ਪੰਜਾਬੀ ਪੰਜਾਹ ਸਾਲਾਂ ਵਿਚ ਮਰ ਜਾਵੇਗੀ।”
ਜਦੋਂ ਅਸੀਂ ਵਰਤਮਾਨ ਦੌਰ ਵਿਚ ਅਨੇਕ ਭਾਸ਼ਾਵਾਂ ਦੀ ਨਿਰਬਲ ਹੁੰਦੀ ਜਾਂਦੀ ਹਾਲਤ ਦੀ ਗੱਲ ਕਰਦੇ ਹਾਂ, ਸਾਨੂੰ ਇਨ੍ਹਾਂ ਨੂੰ ਬਲ ਦੇਣ ਵਾਲੇ ਪੱਖ ਵੀ ਚੇਤੇ ਰੱਖਣੇ ਚਾਹੀਦੇ ਹਨ। ਭਾਸ਼ਾਵਾਂ ਦੇ ਨਿਰਬਲ ਅਤੇ ਸ਼ਕਤੀਸ਼ਾਲੀ, ਦੋਵੇਂ ਪੱਖ ਧਿਆਨ ਵਿਚ ਰੱਖ ਕੇ ਹੀ ਸੰਤੁਲਿਤ ਸੋਚ-ਵਿਚਾਰ ਸੰਭਵ ਹੋ ਸਕਦੀ ਹੈ। ‘ਪੀਪਲਜ਼ ਲਿੰਗੂਇਸਟਿਕ ਸਰਵੇ ਆਫ਼ ਇੰਡੀਆ’ ਦੇ ਮੁਖੀ ਪ੍ਰੋæ ਜੀæ ਐਨæ ਦੇਵੀ ਨੇ ਇਨ੍ਹਾਂ ਪੱਖਾਂ ਦੀ ਨਿਸ਼ਾਨਦੇਹੀ ਕੀਤੀ ਹੈ।
ਇਸ ਪ੍ਰਸੰਗ ਵਿਚ ਇਹ ਤੱਥ ਚਿਤਾਰਨਾ ਜ਼ਰੂਰੀ ਹੈ ਕਿ ਪਿਛਲੀ, ਵੀਹਵੀਂ ਸਦੀ ਵਿਚ ਸ਼ੁਰੂ ਹੋਏ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਤੇਜ਼ ਤਰੱਕੀ ਦੇ ਦੌਰ ਤੋਂ ਪਹਿਲਾਂ ਵੀ ਇਹ ਜਿਵੇਂ-ਕਿਵੇਂ ਜੀਵਤ ਰਹੀ ਕੋਈ ਨਿਆਸਰੀ ਭਾਸ਼ਾ ਨਹੀਂ ਸੀ। ਇਸ ਦੇ ਅਰੰਭ ਤੋਂ ਹੀ ਸਮੇਂ ਸਮੇਂ ਇਹਦੀ ਬੁਨਿਆਦ ਵਿਚ ਅਜਿਹੇ ਮਜ਼ਬੂਤ ਪੱਥਰ ਟਿਕਦੇ ਰਹੇ ਜਿਨ੍ਹਾਂ ਸਦਕਾ ਭਵਿੱਖ ਵਿਚ ਉਸ ਉਤੇ ਸ਼ਾਨਦਾਰ ਉਸਾਰੀ ਦੀ ਸੰਭਾਵਨਾ ਬਣ ਸਕੀ। ਇਸੇ ਪੱਕੀ ਬੁਨਿਆਦ ਸਦਕਾ ਹੀ ਇਹ ਅੱਗੇ ਚੱਲ ਕੇ ਆਏ ਫ਼ਿਰਕੂ ਅਤੇ ਸਰਕਾਰੀ ਝੱਖੜਾਂ-ਤੂਫ਼ਾਨਾਂ ਵਿਚੋਂ ਵੱਡੀ ਹੱਦ ਤੱਕ ਬਚਦੀ ਰਹੀ।
ਪਹਿਲੀ ਗੱਲ, ਭਾਸ਼ਾਈ ਕਾਰਨ ਦੇ ਨਾਲ ਨਾਲ ਸਮਾਜਕ, ਇਤਿਹਾਸਕ ਅਤੇ ਧਾਰਮਿਕ ਕਾਰਨਾਂ ਸਦਕਾ ਗਿਆਰਵੀਂ ਸਦੀ ਦੇ ਨੇੜੇ-ਤੇੜੇ ਹੁਣ ਵਾਲੀ ਪੰਜਾਬੀ ਨੇ (ਤੇ ਇਹਦੇ ਨਾਲ ਹੀ ਬੰਗਲਾ, ਮਰਾਠੀ, ਗੁਜਰਾਤੀ, ਉੜੀਆ, ਮਲਿਆਲਮ, ਤੈਲਗੂ, ਆਦਿ ਨੇ) ਸਾਹਿਤ ਸਿਰਜਣ ਦੇ ਸਮਰੱਥ ਭਾਸ਼ਾ ਵਜੋਂ ਸ਼ਕਲ ਫੜਨੀ ਸ਼ੁਰੂ ਕੀਤੀ। ਇਕ ਪਾਸੇ ਇਹ ਲੋਕ-ਬੋਲੀ ਤੇ ਲੋਕ-ਸਭਿਆਚਾਰ ਵਿਚ ਆਇਆ ਇਕ ਨਵਾਂ ਪੜਾਅ ਸੀ, ਦੂਜੇ ਪਾਸੇ ਇਹਦੀਆਂ ਜੜਾਂ ਵੇਦਾਂ-ਸ਼ਾਸਤਰਾਂ ਜਿਹੇ ਸਦੀਆਂ ਪੁਰਾਣੇ ਉਚਕੋਟੀ ਦੇ ਲਿਪੀਬੱਧ ਗਿਆਨ ਤੱਕ ਪੁਜਦੀਆਂ ਸਨ। ਇਥੇ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਮੈਂ ਇਸ ਨੂੰ ‘ਹੁਣ ਵਾਲੀ ਪੰਜਾਬੀ’ ਕਿਉਂ ਕਿਹਾ ਹੈ। ਜੇ ਨਿਰੋਲ ਭਾਸ਼ਾ-ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਪੰਜਾਬ ਦੇ ਭੂਗੋਲਿਕ ਖੇਤਰ ਵਿਚ ਸੰਸਕ੍ਰਿਤ ਸਮੇਤ ਯੁਗੋ-ਯੁਗ, ਸਮਾਜਕ-ਭਾਸ਼ਾਈ ਕਾਰਨਾਂ ਕਰਕੇ ਰੂਪ ਬਦਲਦੀਆਂ, ਜੋ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਰਹੀਆਂ, ਉਨ੍ਹਾਂ ਸਭਨਾਂ ਨੂੰ ਆਪਣੇ ਆਪਣੇ ਦੌਰ ਦੀ ਪੰਜਾਬੀ ਹੀ ਮੰਨਿਆ-ਕਿਹਾ ਜਾਣਾ ਚਾਹੀਦਾ ਹੈ।
ਪੁਰਾਤਨ ਭਾਸ਼ਾਈ, ਸਾਹਿਤਕ ਤੇ ਸਭਿਆਚਾਰਕ ਖ਼ਜ਼ਾਨੇ ਨਾਲ ਇਸ ਨਾਤੇ ਦਾ ਸੁਖਾਵਾਂ ਅਸਰ ਤਾਂ ਇਹ ਹੋਇਆ ਕਿ ਇਹ ਗਿਆਨ ਪੰਜਾਬੀ ਦੇ ਵਿਕਾਸ ਵਾਸਤੇ ਇਕ ਵੱਡੀ ਟੇਕ ਬਣਿਆ ਪਰ ਨਾਲ ਹੀ ਪੰਜਾਬੀ ਨੂੰ (ਤੇ ਹੋਰ ਨਵੀਆਂ ਜਨਮੀਆਂ ਭਾਸ਼ਾਵਾਂ ਨੂੰ ਵੀ) ਸ਼ਕਤੀਸ਼ਾਲੀ ਸੰਸਕ੍ਰਿਤ ਦੇ ਸਮਾਜਕ, ਸਭਿਆਚਾਰਕ ਅਤੇ ਭਾਸ਼ਾਈ ਦਾਬੇ ਦਾ ਟਾਕਰਾ ਵੀ ਕਰਨਾ ਪਿਆ। ਇਸ ਟਾਕਰੇ ਵਿਚੋਂ ਸਹੀ-ਸਲਾਮਤ ਬਚ ਨਿਕਲਣ ਨੇ ਬਿਨਾਂ-ਸ਼ੱਕ ਪੰਜਾਬੀ ਨੂੰ ਆਸ ਵੀ ਦਿੱਤੀ ਅਤੇ ਵਿਸ਼ਵਾਸ ਵੀ। ਇਸੇ ਕਰਕੇ ਇਹ ਅੱਗੇ ਚੱਲ ਕੇ ਇਸ ਤੋਂ ਵੀ ਵੱਧ ਸ਼ਕਤੀਸ਼ਾਲੀ ਤੇ ਕਰੂਰ ਅਰਬੀ-ਫ਼ਾਰਸੀ ਦੇ ਦਾਬੇ ਵਿਚੋਂ ਅਤੇ ਫੇਰ ਆਧੁਨਿਕ ਭਾਸ਼ਾਈ ਜੁਗਤਾਂ ਨਾਲ ਲੈਸ ਹੋਰ ਵੀ ਵੱਧ ਸ਼ਕਤੀਸ਼ਾਲੀ ਅੰਗਰੇਜ਼ੀ ਦੇ ਦਾਬੇ ਵਿਚੋਂ ਬਚੀ ਰਹਿਣ ਵਿਚ ਸਫਲ ਹੁੰਦੀ ਰਹੀ।
ਸਾਨੂੰ ਪੰਜਾਬੀ ਦੀ ਇਹ ਅੰਦਰੂਨੀ ਸ਼ਕਤੀ ਪਛਾਣਨ ਅਤੇ ਉਜਾਗਰ ਕਰਨ ਦੀ ਲੋੜ ਹੈ। ਇਹਦੇ ਨਾਲ ਹੀ ਪੰਜਾਬੀ ਸਾਹਿਤ-ਸਭਿਆਚਾਰ ਦੇ ਸਬੰਧ ਵਿਚ ਬਾਬਾ ਫ਼ਰੀਦ ਤੋਂ ਪਿੱਛੇ ਲਕੀਰ ਮਾਰਨਾ ਛੱਡ ਕੇ ਅਜੋਕੇ ਪੰਜਾਬੀ ਬੋਲਦੇ ਇਲਾਕੇ ਦੇ ਅਤੀਤ ਵਾਲੇ ਭੂਗੋਲਿਕ ਖੇਤਰ ਦੇ ਨਰੋਏ ਵਿਰਸੇ ਨੂੰ ਅਪਨਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜਦੋਂ ਭਾਈ ਗੁਰਦਾਸ ਨੇ ਬਾਬਾ ਨਾਨਕ ਦੇ ਪ੍ਰਗਟ ਹੋਇਆਂ ਧੁੰਦ ਮਿਟਣ ਦੀ ਗੱਲ ਕੀਤੀ ਸੀ, ਉਹ ਮੱਧਕਾਲੀ ਹਨੇਰ ਦਾ ਜ਼ਿਕਰ ਕਰ ਰਹੇ ਸਨ। ਉਨ੍ਹਾਂ ਦਾ ਇਹ ਭਾਵ ਨਹੀਂ ਸੀ ਕਿ ਉਸ ਤੋਂ ਪਹਿਲਾਂ ਇਥੇ ਸਦਾ ਤੋਂ ਧੁੰਦ ਹੀ ਸੀ। ਮੱਧਕਾਲੀ ਧੁੰਦ ਤੋਂ ਪਹਿਲਾਂ ਦੇ ਚਾਨਣ ਦਾ ਗੂੜ੍ਹਾ ਪ੍ਰਭਾਵ ਤਾਂ ਭਾਈ ਗੁਰਦਾਸ ਸਮੇਤ ਰਚਨਾਕਾਰਾਂ ਅਤੇ ਬਾਣੀਕਾਰਾਂ ਦੀਆਂ ਕਿਰਤਾਂ ਵਿਚ ਸਾਫ਼ ਝਲਕਦਾ ਹੈ।
ਦੂਜੀ ਗੱਲ, ਇਹਦੇ ਨਾਲੋ-ਨਾਲ ਹੀ ਪੰਜਾਬੀ ਦੀ ਆਪਣੀ ਲਿਪੀ ਗੁਰਮੁਖੀ ਦਾ ਸਹਿਜ-ਵਿਕਾਸ ਸੀ। ਚੰਗੀ ਗੱਲ ਇਹ ਹੋਈ ਕਿ ਗੁਰਮੁਖੀ ਲਿਪੀ ਦੇ ਮੁੱਢਲੇ ਦੌਰ ਵਿਚ ਹੀ ਉਹਨੂੰ ਬਾਣੀ ਲਈ ਵਰਤੋਂ ਵਿਚ ਲਿਆਂਦਾ ਗਿਆ। ਇਸ ਤੱਥ ਨੇ ਉਸ ਨੂੰ ਅਮਰਤਾ ਬਖ਼ਸ਼ ਦਿੱਤੀ। ਭਾਵੇਂ ਸਦੀਆਂ ਮਗਰੋਂ ਵੱਖ ਵੱਖ ਧਿਰਾਂ ਨੇ ਆਪਣੇ ਰਾਜਨੀਤਕ ਅਤੇ ਧਾਰਮਿਕ ਹਿਤਾਂ ਲਈ ਪੰਜਾਬੀ ਭਾਈਚਾਰੇ ਦੀ ਫ਼ਿਰਕੂ ਆਧਾਰ ਉਤੇ ਭਾਸ਼ਾਈ ਵੰਡ ਖ਼ਾਤਰ ਇਸ ਤੱਥ ਦੀ ਦੁਰਵਰਤੋਂ ਕੀਤੀ ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਾਣੀ ਲਈ ਗੁਰਮੁਖੀ ਦੀ ਵਰਤੋਂ ਪੰਜਾਬੀ ਵਾਸਤੇ ਜੀਵਨਦਾਤੀ ਸ਼ਕਤੀ ਸਿੱਧ ਹੋਈ।
ਇਹ ਗੱਲ ਧਿਆਨਯੋਗ ਹੈ ਕਿ ਲਿਪੀ ਦੇ ਹੋਂਦ ਵਿਚ ਆ ਜਾਣ ਦੇ ਬਾਵਜੂਦ ਸਾਹਿਤ, ਗਿਆਨ ਅਤੇ ਅਧਿਆਤਮ ਦੀਆਂ ਪੁਸਤਕਾਂ ਤੇ ਪੋਥੀਆਂ ਕੋਈ ਬਹੁਤੇ ਪਾਠਕਾਂ ਤੱਕ ਨਹੀਂ ਸਨ ਪੁੱਜ ਰਹੀਆਂ। ਲਿਖੀ ਸ਼ਬਦ ਦੇ ਪਸਾਰ ਦਾ ਇਕੋ-ਇਕ ਵਸੀਲਾ ਹੱਥੀਂ ਉਤਾਰਾ ਕਰਨਾ ਸੀ। ਸਾਫ਼ ਸੋਹਣੀ ਲਿਖਾਈ ਕਰਨ ਦੇ ਸਮਰੱਥ ਉਤਾਰਕ ਵੱਡੀ ਗਿਣਤੀ ਵਿਚ ਮਿਲਣੇ ਤੇ ਹੋਣੇ ਸੰਭਵ ਨਹੀਂ ਸਨ। ਜੋ ਉਤਾਰਕ ਹੁੰਦੇ ਵੀ ਸਨ, ਉਨ੍ਹਾਂ ਦੀ ਇਕ ਦਿਨ ਵਿਚ ਪੰਨੇ ਲਿਖਣ ਦੀ ਸਮਰੱਥਾ ਦਾ ਸੀਮਤ ਹੋਣਾ ਕੁਦਰਤੀ ਸੀ। 18ਵੀਂ-19ਵੀਂ ਸਦੀਆਂ ਵਿਚ ਛਾਪਾਖਾਨੇ ਦੀ ਆਉਂਦ ਨਾਲ ਪੰਜਾਬੀ ਸਮੇਤ ਲਿਪੀਆਂ ਵਾਲੀਆਂ ਭਾਸ਼ਾਵਾਂ ਨੂੰ ਅਤੇ ਉਨ੍ਹਾਂ ਵਿਚ ਸਾਹਿਤ-ਰਚਨਾ ਨੂੰ ਵੱਡਾ ਹੁਲਾਰਾ ਮਿਲਿਆ। ਭਾਸ਼ਾਈ ਵਿਕਾਸ ਦੇ ਇਸ ਪੜਾਅ ਉਤੇ ਲਿਪੀਆਂ ਤੋਂ ਵਿਰਵੀਆਂ ਬੋਲੀਆਂ ਪਛੜ ਗਈਆਂ ਅਤੇ ਪੰਜਾਬੀ ਸਮੇਤ ਲਿਪੀਆਂ ਵਾਲੀਆਂ ਬੋਲੀਆਂ ਅੱਗੇ ਨਿਕਲਣ ਲੱਗੀਆਂ।
ਤੀਜੀ ਗੱਲ, ਆਜ਼ਾਦ ਭਾਰਤ ਦੀ ਸੰਵਿਧਾਨਸਾਜ਼ ਸਭਾ ਦੇ ਲੰਮੇ ਵਿਚਾਰ-ਵਟਾਂਦਰਿਆਂ ਵਿਚ ਭਾਸ਼ਾਵਾਂ ਦੀ ਸਮੱਸਿਆ ਨਿਰੰਤਰ ਚਰਚਾ ਦਾ ਵਿਸ਼ਾ ਰਹੀ। ਆਖ਼ਰ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਵਿਚ ਸਰਕਾਰੀ ਮਾਨਤਾ ਦੇਣ ਦੇ ਆਸ਼ੇ ਨਾਲ ਅੱਠਵੀਂ ਸੂਚੀ ਪ੍ਰਵਾਨ ਕੀਤੀ ਗਈ। ਉਸ ਵਿਚ 14 ਭਾਸ਼ਾਵਾਂ ਦਰਜ ਕੀਤੀਆਂ ਗਈਆਂ। ਖ਼ੁਸ਼ਕਿਸਮਤੀ ਨੂੰ ਪੰਜਾਬੀ ਵੀ ਉਨ੍ਹਾਂ ਵਿਚ ਸ਼ਾਮਲ ਸੀ। ਇਸ ਸੂਚੀ ਵਿਚੋਂ ਬਾਹਰ ਰਹੀ ਹਰ ਭਾਸ਼ਾ ਨੂੰ ਉਸ ਵਿਚ ਸ਼ਾਮਲ ਹੋਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਇਸੇ ਕਰਕੇ 60 ਸਾਲਾਂ ਤੋਂ ਵੱਧ ਦੇ ਸਮੇਂ ਵਿਚ ਕੁੱਲ 8 ਹੋਰ ਭਾਸ਼ਾਵਾਂ ਹੀ ਇਸ ਵਿਚ ਸ਼ਾਮਲ ਹੋ ਸਕੀਆਂ ਹਨ। ਇਕ ਵਾਰ ਫੇਰ ਪੰਜਾਬੀ ਸਮੇਤ ਸੂਚੀਬੱਧ ਭਾਸ਼ਾਵਾਂ ਦੇ ਵਿਕਾਸ ਵਾਸਤੇ ਗ਼ੈਰ-ਸੂਚੀਬੱਧ ਭਾਸ਼ਾਵਾਂ ਦੇ ਟਾਕਰੇ ਸਹਾਈ ਮਾਹੌਲ ਪੈਦਾ ਹੋ ਗਿਆ।
ਚੌਥੀ ਗੱਲ, ਜੋ ਤੀਜੀ ਨਾਲ ਜੁੜੀ ਹੋਈ ਹੀ ਹੈ, ਸੂਚੀਬੱਧ ਭਾਸ਼ਾਵਾਂ ਦੇ ਆਧਾਰ ਉਤੇ ਸੂਬਿਆਂ ਦੀ ਹੱਦਬੰਦੀ ਸੀ। ਇਸ ਸਮੇਂ ਤੱਕ ਭਾਸ਼ਾ ਵਿਚ ਫ਼ਿਰਕੂ-ਸਿਆਸੀ ਦਖ਼ਲ ਬਹੁਤ ਤਕੜਾ ਹੋ ਗਿਆ ਹੋਣ ਕਰਕੇ ਕਈ ਸੂਰਤਾਂ ਵਿਚ ਭਾਸ਼ਾਈ ਸੂਬਿਆਂ ਲਈ ਭਾਰੀ ਜਦੋਜਹਿਦ ਕਰਨੀ ਪਈ। ਤਾਂ ਵੀ ਇਕ ਇਕ ਕਰਕੇ ਆਖ਼ਰ ਉਹ ਹੋਂਦ ਵਿਚ ਆ ਹੀ ਗਏ। ਪੰਜਾਬੀ ਦਾ ਸੂਬਾ ਭਾਵੇਂ ਵੱਖ ਵੱਖ ਬਹਾਨਿਆਂ ਨਾਲ ਇਲਾਕਾਈ ਪੱਖੋਂ ਬੁਰੀ ਤਰ੍ਹਾਂ ਛਾਂਗ ਦਿੱਤਾ ਗਿਆ, ਫੇਰ ਵੀ ਇਹਨੂੰ ਭਾਸ਼ਾਈ-ਭੂਗੋਲਿਕ ਆਧਾਰ ਤਾਂ ਮਿਲ ਹੀ ਗਿਆ।
ਪੰਜਾਬੀ ਦੀਆਂ ਪੱਕੀਆਂ ਬੁਨਿਆਦਾਂ ਬਾਰੇ ਇਹ ਨੁਕਤੇ ਭਾਸ਼ਾਈ ਅਧਿਕਾਰ ਦੀ ਸੰਪੂਰਨ ਪ੍ਰਾਪਤੀ ਲਈ ਸੰਘਰਸ਼ ਨੂੰ ਬਲ ਦੇਣ ਦੇ ਸਮਰੱਥ ਹੋਣ ਕਰਕੇ ਚੇਤੇ ਰੱਖਣੇ ਜ਼ਰੂਰੀ ਹਨ।
(ਚਲਦਾ)

Be the first to comment

Leave a Reply

Your email address will not be published.