ਜਥੇਦਾਰ ਟੌਹੜਾ ਦਾ ਬੈਂਕ ਲਾਕਰ

ਗੁਲਜ਼ਾਰ ਸਿੰਘ ਸੰਧੂ
ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਨੇ ਸਿੱਖ ਗੁਰਦੁਆਰਿਆਂ ਵਿਚ ਚੜ੍ਹ ਰਹੇ ਚੜ੍ਹਾਵਿਆਂ ਦਾ ਵੱਡਾ ਮਸਲਾ ਸਾਹਮਣੇ ਲੈ ਆਂਦਾ ਹੈ। ਗੋਲਕਾਂ ਵਿਚ ਅੰਤਾਂ ਦੀ ਨਕਦੀ ਤੋਂ ਬਿਨਾ ਸੋਨਾ-ਚਾਂਦੀ ਦੀ ਹੋਂਦ ਵੀ ਦੱਸੀ ਜਾ ਰਹੀ ਹੈ। ਪ੍ਰਤੱਖ ਹੈ ਕਿ ਹਰਿਆਣਾ ਦੀ ਸਿੱਖ ਸੰਗਤ ਇਸ ਮਾਇਆ ਦੀ ਵਰਤੋਂ ਆਪਣੇ ਰਾਜ ਵਿਚ ਕਰਨਾ ਚਾਹੁੰਦੀ ਹੈ ਤੇ ਪੰਜਾਬ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਹੈ, ਇਸ ਮਾਇਆ ਨੂੰ ਖੁੱਸਣ ਨਹੀਂ ਦੇਣਾ ਚਾਹੁੰਦਾ। ਹਰਿਆਣਾ ਵਿਚ ਗੁਰਦੁਆਰਿਆਂ ਦੀ ਸੰਖਿਆ ਸੌ ਦੇ ਲਗਪਗ ਹੈ, ਜਿਨ੍ਹਾਂ ਵਿਚੋਂ ਸੱਤ ਗੁਰਦਵਾਰੇ ਇਤਿਹਾਸਕ ਹਨ। ਇਨ੍ਹਾਂ ਦਾ ਸਾਲਾਨਾ ਚੜ੍ਹਾਵਾ 300 ਕਰੋੜ ਰੁਪਏ ਦੱਸਿਆ ਜਾਂਦਾ ਹੈ।
ਹਰਿਆਣਾ ਤੇ ਪੰਜਾਬ ਦੀ ਸਿੱਖ ਸੰਗਤ ਵਿਚ ਆਈ ਇਸ ਤਰੇੜ ਨੇ ਮੇਰਾ ਧਿਆਨ ਇੱਕ ਬੜੀ ਦਿਲਚਸਪ ਘਟਨਾ ਵੱਲ ਖਿੱਚਿਆ ਹੈ। ਮੇਰਾ ਕਵੀ ਮਿੱਤਰ ਦਰਸ਼ਨ ਬੁੱਟਰ ਪੰਜਾਬ ਸਿੰਧ ਬੈਂਕ ਵਿਚ ਤਾਇਨਾਤ ਹੈ। ਉਸ ਦੀ ਕਾਵਿ-ਪੁਸਤਕ ḔਮਹਾਕੰਬਣੀḔ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਪੁਰਸਕਾਰ ਮਿਲਿਆਂ ਦੋ ਸਾਲ ਹੋ ਗਏ ਹਨ। ਉਹ ਨਾਭਾ ਨੇੜੇ ਪਿੰਡ ਥੂਹੀ ਦਾ ਰਹਿਣ ਵਾਲਾ ਹੈ। ਪੰਜਾਬ ਦਾ ਸਾਬਕਾ ਕੈਬਿਨਟ ਮੰਤਰੀ ਹਰਮੇਲ ਸਿੰਘ ਉਸ ਦਾ ਚਾਚਾ ਹੈ ਜਿਹੜਾ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਦਾ ਪਤੀ ਹੈ। ਸਬੱਬ ਨਾਲ ਦਰਸ਼ਨ ਬੁੱਟਰ 2011 ਤੋਂ ਪੰਜਾਬ ਸਿੰਧ ਬੈਂਕ ਦੀ ਟੌਹੜਾ ਸ਼ਾਖਾ ਵਿਚ ਮੈਨੇਜਰ ਹੈ। ਇਹ ਉਹ ਸ਼ਾਖਾ ਹੈ ਜਿਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਛੱਬੀ ਸਾਲ ਪ੍ਰਧਾਨ ਰਹਿ ਚੁੱਕੇ ਦਮ ਖਮ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਲੇਖਾ-ਜੋਖਾ ਰਿਹਾ ਹੈ। ਜਥੇਦਾਰ ਜੀ ਮਾਰਚ 2004 ਵਿਚ ਅੱਸੀ ਵਰ੍ਹੇ ਦੀ ਭਰਪੂਰ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ। ਬੁੱਟਰ ਦੇ ਇਸ ਸ਼ਾਖਾ ਵਿਚ ਆਉਣ ਉਪ੍ਰੰਤ ਇਹ ਗੱਲ ਖੁੱਲ੍ਹੀ ਕਿ ਇਸ ਸ਼ਾਖਾ ਵਿਚ ਸਵਰਗੀ ਟੌਹੜਾ ਦਾ ਲਾਕਰ ਸੀ ਜਿਸ ਦੀ ਚਾਬੀ ਟੌਹੜਾ ਪਰਿਵਾਰ ਕੋਲ ਨਾ ਹੋਣ ਕਾਰਨ ਇਹ ਲਾਕਰ ਅੱਠ ਸਾਲ ਤੋਂ ਬੰਦੀ ਪਿਆ ਸੀ। ਲਾਕਰ ਵਿਚ ਕੀ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ। ਸੋਨਾ-ਚਾਂਦੀ ਤੇ ਨਕਦੀ ਵੀ ਹੋ ਸਕਦੀ ਸੀ ਤੇ ਕੋਈ ਬਹੁਤ ਵੱਡਾ ਭੇਤ ਵਾਲਾ ਦਸਤਾਵੇਜ਼ ਵੀ। ਲਾਕਰ ਅੰਦਰਲੀ ਸਮੱਗਰੀ ਬਾਰੇ ਧੁਖ ਧੁਖੀ ਇਸ ਦਾ ਤਾਲਾ ਤੁੜਵਾਇਆਂ ਹੀ ਖਤਮ ਹੋ ਸਕਦੀ ਸੀ। ਤਾਲਾ ਤੋੜਨ ਦੀ ਕਾਰਵਾਈ ਕਰਨ ਵਾਸਤੇ ਹੋਰਨਾਂ ਸ਼ਰਤਾਂ ਤੋਂ ਬਿਨਾ ਪਰਿਵਾਰ ਨੂੰ 6,000 ਰੁਪਏ ਨਕਦ ਭਰਨੇ ਪੈਣੇ ਸਨ। ਇਹ ਕੋਈ ਵੱਡੀ ਗੱਲ ਨਹੀਂ ਸੀ। ਪਰਿਵਾਰ ਨੇ ਦੇ ਦਿੱਤੇ।
ਸ਼ਰਤਾਂ ਅਨੁਸਾਰ ਲੋੜੀਂਦੇ ਮੈਂਬਰਾਂ ਦੀ ਹਾਜ਼ਰੀ ਵਿਚ ਖੁੱਲ੍ਹੇ ਲਾਕਰ ਵਿਚ ਹੱਥ ਪਾ ਕੇ ਵੇਖਿਆ ਗਿਆ ਤਾਂ ਇਸ ਦੇ ਸਭ ਖੱਲ ਖੂੰਜੇ ਟੋਹਣ ਉਤੇ ਵੀ ਇਸ ਵਿਚੋਂ ਕੁਝ ਨਹੀਂ ਮਿਲਿਆ। ਸੋਨਾ, ਚਾਂਦੀ ਜਾਂ ਪੈਸੇ ਤਾਂ ਕੀ ਹੋਣੇ ਸਨ ਕੋਈ ਭੇਤ ਵਾਲਾ ਕਾਗਜ਼ ਤੱਕ ਵੀ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਪ੍ਰਧਾਨ ਦਾ ਲਾਕਰ ਜਿਸ ਦੀ ਦੇਖ-ਰੇਖ ਹੇਠ ਪੂਰੇ 26 ਸਾਲ ਸੈਂਕੜੇ ਗੁਰਦੁਆਰਿਆਂ ਦੇ ਗੋਲਕ ਭਰ ਭਰ ਖਾਲੀ ਹੁੰਦੇ ਰਹੇ, ਬਿਲਕੁਲ ਖਾਲੀ ਸੀ।
ਇਹ ਵੀ ਸਬੱਬ ਦੀ ਗੱਲ ਹੈ ਕਿ ਪੰਜਾਬੀ ਕਵੀ ਦਰਸ਼ਨ ਬੁੱਟਰ ਨੇ ਬੈਂਕ ਦੀ ਉਸ ਸ਼ਾਖਾ ਦਾ ਮੈਨੇਜਰ ਲਗਣਾ ਸੀ ਜਿਸ ਵਿਚ ਉਸ ਦੇ ਚਾਚਾ ਹਰਮੇਲ ਸਿੰਘ ਦੇ ਸਹੁਰਾ ਪਰਿਵਾਰ ਦਾ ਲਾਕਰ ਸੀ। ਇਹ ਵੀ ਕਿ ਉਸ ਦੀ ਹੋਂਦ ਨੇ ਇਹ ਗੱਲ ਜਗ ਜ਼ਾਹਰ ਕਰਨੀ ਸੀ ਕਿ ਸਿੱਖ ਸੰਗਤਾਂ ਦਾ ਸਤਿਕਾਰਤ ਜਥੇਦਾਰ ਸੁੱਚੇ ਹੱਥੀਂ ਇਸ ਦੁਨੀਆਂ ਤੋਂ ਤੁਰ ਗਿਆ ਸੀ। ਚੇਤੇ ਰਹੇ ਕਿ ਬੁੱਟਰ ਨੂੰ ਉਸ ਦੀ ਕਾਵਿ-ਪੁਸਤਕ ḔਮਹਾਕੰਬਣੀḔ ਉਤੇ ਭਾਰਤੀ ਸਾਹਿਤ ਅਕਾਡਮੀ ਦਾ ਸਰਵ ਉਚ ਸਨਮਾਨ ਮਿਲ ਚੁੱਕਾ ਹੈ। ਖਾਲੀ ਲਾਕਰ ਵਾਲੀ ਗੱਲ ਵੀ ਤਾਂ ਮਹਾਂਕੰਬਣੀ ਰਹੀ ਹੈ। ਖਾਸ ਕਰ ਅੱਜ ਦੀ ਗੋਲਕ ਚਰਚਾ ਦੇ ਪ੍ਰਸੰਗ ਵਿਚ!
ਪਾਸ਼ ਦੇ ਖੇਤ ਤੇ ਅਨੀਤਾ ਦਾ ਅੰਬਰ: ਪੰਜਾਬੀ ਵਿਚ ਇਕ-ਬਚਨੀ ਨਾਟਕ (ਸੋਲੋ) ਦੀ ਪੇਸ਼ਕਾਰੀ ਬਲਰਾਜ ਸਾਹਨੀ ਨੇ ਸ਼ੁਰੂ ਕੀਤੀ ਸੀ। ਗੁਰਸ਼ਰਨ ਸਿੰਘ ਦੇ ਇਕ ਨੁਕੜ ਨਾਟਕ ਦੇ ਮੰਚਨ ਸਮੇਂ। ਇਸ ਨੂੰ ਨਵਾਂ ਮੋੜ ਦੇਣ ਵਾਲਾ ਵੀ ਫਿਲਮੀ ਦੁਨੀਆਂ ਦਾ ਅਭਿਨੇਤਾ ਰਾਣਾ ਰਣਬੀਰ ਹੈ। ਪਿਛਲੇ ਦਿਨੀਂ ਉਸ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਰੰਧਾਵਾ ਆਡੀਟੋਰੀਅਮ ਵਿਚ ਪਾਸ਼ ਦੇ ਜੀਵਨ ‘ਤੇ ਰਚਨਾਕਾਰੀ ਨੂੰ ਤਰਤੀਬ ਦੇ ਕੇ ਕਮਾਲ ਦਾ ਇਕ ਬਚਨੀ ਨਾਟਕ ਖੇਡਿਆ। ਪਾਸ਼ ਨੇ 28 ਵਰ੍ਹੇ ਦੀ ਉਮਰ ਤੱਕ Ḕਲੋਹ ਕਥਾḔ, Ḕਉਡਦੇ ਬਾਜਾਂ ਮਗਰḔ, ਅਤੇ Ḕਸਾਡੇ ਸਮਿਆਂ ਵਿਚḔ ਤਿੰਨ ਕਾਵਿ ਸੰਗ੍ਰਿਹ ਹੀ ਨਹੀਂ ਅਨੇਕਾਂ ਚਿੱਠੀਆਂ ਤੇ ਵਾਰਤਕ ਟੁਕੜੀਆਂ ਲਿਖੀਆਂ। ਇਨ੍ਹਾਂ ਨੂੰ ਇਕ ਬਚਨੀ ਮੰਚਨ ਦਾ ਰੂਪ ਰਾਣਾ ਨੇ ਦਿੱਤਾ ਹੈ ਜਿਸ ਨੂੰ ਪ੍ਰਸਤੁਤ ਕਰਾਉਣ ਵਾਲਾ ਸੁਚੇਤਕ ਰੰਗ-ਮੰਚ ਮੁਹਾਲੀ ਹੈ। ਇੱਕ ਘੰਟੇ ਤੋਂ ਵਧ ਮੰਚਨ ਵਾਲੇ ਇਸ ਨਾਟਕ ਵਿਚ ਉਸ ਨੇ ਪਾਸ਼ ਦੀ ਹੱਤਿਆ ਤੱਕ ਦੇ ਸਾਰੇ ਜੀਵਨ ਨੂੰ ਇੱਕੋ ਸਾਹ ਪੇਸ਼ ਕੀਤਾ ਹੈ, ਜਿਸ ਦਾ ਕੋਈ ਜਵਾਬ ਨਹੀਂ। ਉਸ ਨੇ ਪਾਸ਼ ਦੇ ਕਮਾਲ ਨੂੰ ਉਸ ਦੇ ਜੱਟ ਪਿਛੋਕੜ ਵਿਚ ਪਰੋਇਆ ਹੈ; ਧਰਤੀ ਦਾ ਲਾਲ ਬਣ ਕੇ। ਸੋਹਣ ਸਿੰਘ ਸੰਧੂ ਦਾ ਪੁੱਤ ਤੇ ਰਾਜਵਿੰਦਰ ਕੌਰ ਸੰਧੂ ਦਾ ਪਤੀ ਕਹਿ ਕੇ। ਇਸ ਨੇ ਮੈਨੂੰ ਭੂਸ਼ਨ ਧਿਆਨਪੁਰੀ ਦੀ ਪੁਰਾਣੀ ਰਚਨਾ ਚੇਤੇ ਕਰਵਾ ਦਿੱਤੀ ਹੈ ਜਿਸ ਵਿਚ ਉਸ ਨੇ ਪਾਸ਼ ਨੂੰ ਕਾਦਰ ਯਾਰ ਨਾਲ ਮੇਲਿਆ ਸੀ। ਇਹ ਟੁਕੜੀ ਉਸ ਨੇ ਮੇਰੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਨ ਵੇਲੇ ਟ੍ਰਿਬਿਊਨ ਦੇ ਉਪ ਸੰਪਾਦਕ ਸ਼ਮਸ਼ੇਰ ਸੰਧੂ ਵਲੋਂ ਕਹਾਣੀਕਾਰ ਵਰਿਆਮ ਸੰਧੂ ਨੂੰ ਖ਼ਤ ਵਜੋਂ ਲਿਖੀ ਸੀ ਤੇ ਮੈਂ ਉਦੋਂ ਨਹੀਂ ਸੀ ਛਾਪੀ (ਦੇਖੋ ਅੰਤਿਕਾ)।
ਗੁਸਤਾਖੀ ਮੁਆਫ Ḕਖੇਤਾਂ ਦਾ ਪੁੱਤḔ ਨਾਂ ਦੀ ਇੱਕ-ਬਚਨੀ ਮੈਨੂੰ Ḕਚਿੜੀ ਦੀ ਅੰਬਰ ਵੱਲ ਉਡਾਣḔ ਤੋਂ ਦੂਰ ਲੈ ਗਈ ਹੈ ਜਿਸ ਦਾ ਅਗਲੇ ਦਿਨ ਸੌਵਾਂ ਸ਼ੋਅ ਹੋਣ ਦੇ ਬਾਜਵੂਦ ਦਰਸ਼ਕਾਂ ਨੂੰ ਬਿੰਨ੍ਹ ਕੇ ਬਿਠਾਈ ਰੱਖਣ ਵਾਲਾ ਸੀ। ਜੇ ਪਾਸ਼ ਦੇ ਨਾਟਕ ਨੇ ਪੰਜਾਬ ਦੀ ਕਿਸਾਨੀ ਦੇ ਦਮ ਖਮ ਨੂੰ ਉਭਾਰਿਆ ਤਾਂ ਦੂਜੇ ਨਾਟਕ ਨੇ ਸਾਡੀਆਂ ਮਾਂਵਾਂ, ਭੈਣਾਂ ਤੇ ਧੀਆਂ ਦਾ ਮਾਣ ਸਨਮਾਨ ਚਿਤਰਿਆ ਹੈ। ਇਹ ਨਾਟਕ ਗੁਰਮਿੰਦਰ ਸਿੱਧੂ ਦੀ ਕਵਿਤਾ ‘ਤੇ ਆਧਾਰਤ ਹੈ। ਜਿਵੇਂ ਅਨੀਤਾ ਨੂੰ ਉਸ ਦਾ ਜੀਵਨ ਸਾਥੀ ਸ਼ਬਦੀਸ਼ ਸਹਿਯੋਗ ਦੇ ਰਿਹਾ ਹੈ, ਰਾਣਾ ਰਣਬੀਰ ਨਾਲ ਉਸ ਦੀ ਸਾਥਣ ਦਵਿੰਦਰਪਾਲ ਕੌਰ ਤੇ ਉਨ੍ਹਾਂ ਦੇ ਬੱਚੇ ਸੀਰਤ ਤੇ ਵਾਰਸ ਵੀ ਹਨ। ਮੈਨੂੰ ਸੁਚੇਤਕ ਮੰਚ ਦੇ ਇਸ ਕਾਰਜ ਨੂੰ ਪੰਜਾਬੀ ਨਾਟਕ ਦੀ ਸ਼ਤਾਬਦੀ ਵਿਚ ਪਰੋਂਦਿਆਂ ਖੁਸ਼ੀ ਹੋ ਰਹੀ ਹੈ। ਖਾਸ ਕਰਕੇ ਇਸ ਲਈ ਕਿ ਹੁਣ ਚੰਡੀਗੜ੍ਹ ਰਾਜਨੀਤਕ ਰਾਜਧਾਨੀ ਨਾਲੋਂ ਪੰਜਾਬੀ ਰੰਗ-ਮੰਚ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ।
ਅੰਤਿਕਾ:(ਭੂਸ਼ਨ ਧਿਆਨਪੁਰੀ ਦਾ ਪਾਸ਼ ਤੇ ਕਾਦਰ ਯਾਰ)
ਲਿਖਿਆ ਖਤ ਸ਼ਮਸ਼ੇਰ ਵਰਿਆਮ ਤਾਈਂ
ਅਸੀਂ ਸਦਾ ਹੀ ਰਹੇ ਸਰਦਾਰ ਸੰਧੂ
ਸਾਡਾ ਸੰਤ ਸੰਧੂ ਸਾਡਾ ਪਾਸ਼ ਸੰਧੂ
ਪੂਰਨ ਭਗਤ ਵਾਲਾ ਕਾਦਰਯਾਰ ਸੰਧੂ
ਸਾਡੀ ਕਲਗੀ ਨੂੰ ਨਵਾਂ ਏ ਖੰਭ ਲੱਗਾ
ਆਇਆ ਜਦੋਂ ਦਾ ਏਥੇ ਗੁਲਜ਼ਾਰ ਸੰਧੂ
ਜੱਟ ਚੜਿਆ ਸੁਹਾਗੇ ਨਹੀਂ ਮਾਣ ਹੁੰਦਾ
ਇਹ ਤਾਂ ਆਇਆ ਅਖਬਾਰ ਸਵਾਰ ਸੰਧੂ।

Be the first to comment

Leave a Reply

Your email address will not be published.