‘ਪੰਜਾਬ ਟਾਈਮਜ਼’ ਵਿਚ ਤੂੰਬੀ ਬਾਰੇ ਸ੍ਰੀ ਕੁਲਦੀਪ ਤੱਖਰ ਦੇ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਬਾਰੇ ਬੜੇ ਫੋਨ ਆਏ ਹਨ ਅਤੇ ਲਿਖਤ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਪਿਛਲੇ ਅੰਕ ਵਿਚ ਇਹ ਲਿਖਤਾਂ ਛਾਪੀਆਂ ਵੀ ਗਈਆਂ ਹਨ। ਇਸ ਹਫਤੇ ਵੀ ਕੁਝ ਪ੍ਰਤੀਕਿਰਿਆਵਾਂ ਹਾਸਲ ਹੋਈਆਂ ਹਨ। ਇਸ ਬਹਿਸ ਵਿਚ ਹਿੱਸਾ ਲੈਣ ਵਾਲਿਆਂ ਨੂੰ ਬੇਨਤੀ ਹੈ ਕਿ ਇਕ ਤਾਂ ਉਹ ਆਪਣੇ ਵਿਚਾਰ ਸੰਖੇਪ ਤੇ ਸਪਸ਼ਟ ਭੇਜਣ; ਦੂਜੇ ਬੇਵਜ੍ਹਾ ਦੂਸ਼ਣਬਾਜ਼ੀ ਤੋਂ ਬਚ ਕੇ ਤੱਥਾਂ ਸਹਿਤ ਗੱਲ ਕੀਤੀ ਜਾਵੇ। ‘ਪੰਜਾਬ ਟਾਈਮਜ਼’ ਸਾਡਾ ਸਭ ਦਾ ਸਾਂਝਾ ਮੰਚ ਹੈ ਅਤੇ ਇਸ ਦਾ ਮਕਸਦ ਵੱਖ-ਵੱਖ ਮੁੱਦਿਆਂ ਬਾਰੇ ਸੰਵਾਦ ਰਚਾਉਣਾ ਹੈ। -ਸੰਪਾਦਕ
ਦਲਵਿੰਦਰ ਬੇਕਰਜ਼ਫੀਲਡ
ਫੋਨ: 661-834-9770
‘ਪੰਜਾਬ ਟਾਈਮਜ਼’ ਦੇ 16 ਅਗਸਤ ਵਾਲੇ ਅੰਕ ਵਿਚ ਸ੍ਰੀ ਕੁਲਦੀਪ ਤੱਖਰ ਦਾ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਪੜ੍ਹਿਆ। ਉਨ੍ਹਾਂ ਇਸ ਲੇਖ ਵਿਚ ਮਰਹੂਮ ਲਾਲ ਚੰਦ ਯਮਲਾ ਜੱਟ, ਉਨ੍ਹਾਂ ਦੀ ਤੂੰਬੀ, ਸ਼ਾਗਿਰਦਾਂ ਅਤੇ ਹੋਰ ਤੂੰਬੀ ਗਾਇਕਾਂ ਉਪਰ ਹਮਲੇ ਕੀਤੇ ਹਨ। ਲੇਖ ਪੜ੍ਹ ਕੇ ਹੈਰਾਨੀ ਹੋਈ ਕਿ ਸ੍ਰੀ ਤੱਖਰ, ਤੂੰਬੀ ਵਾਲਿਆਂ ਤੋਂ ਇੰਨੇ ਭੈ-ਭੀਤ ਹੋਏ ਹਨ ਕਿ ਉਨ੍ਹਾਂ ਨਿਰਦੋਸ਼ ਟੀæਵੀæ-ਰੇਡੀਓ ਨੂੰ ਵੀ ਘਰ-ਨਿਕਾਲਾ ਦੇ ਦਿੱਤਾ ਹੈ।
ਮੈਂ ਲੇਖਕ ਦੇ ਵਿਚਾਰਾਂ ਦੀ ਕਦਰ ਕਰਦਾ ਹਾਂ, ਕੁਝ ਹੱਦ ਤੱਕ ਇਹ ਵਿਚਾਰ ਠੀਕ ਵੀ ਹੋ ਸਕਦੇ ਹਨ, ਪਰ ਜੇ ਬਹੁਤ ਸਾਰੇ ਤੂੰਬੀ ਵਾਲੇ ਬੇਸੁਰਾ ਗਾਉਂਦੇ ਹਨ, ਤਾਂ ਇਸ ਵਿਚ ਯਮਲੇ ਦਾ ਕੀ ਦੋਸ਼ ਹੈ? ਨਾਲੇ ਸਿਰਫ਼ ਤੂੰਬੀ ਵਾਲਿਆਂ ਨੂੰ ਹੀ ਬੇਸੁਰੇ ਹੋਣ ਦਾ ਦੋਸ਼ ਕਿਉਂ? ਸਾਡੇ ਸਮਾਜ, ਧਰਮ, ਰਾਜਨੀਤੀ, ਪ੍ਰਸ਼ਾਸਨ ਅਤੇ ਸਾਡੇ ਆਪਣੇ ਆਪ ਵਿਚ ਵੀ ਢੇਰਾਂ ਦੇ ਢੇਰ ਬੇਸੁਰਾਪਣ ਅਤੇ ਬੇਸ਼ਊਰਤਾ ਹੈ।
ਸ੍ਰੀ ਤੱਖਰ ਨੇ ਲਿਖਿਆ ਹੈ ਕਿ ਯਮਲੇ ਨੇ ਕਿੰਨੀਆਂ ਕੁ ਲੱਕੜਾਂ ਪਾੜੀਆਂ ਨੇ, ਤੇ ਉਸ ਨੂੰ ਕਿਹੜਾ ਰਾਗ ਆਉਂਦਾ ਸੀ, ਤੇ ਉਸ ਨੇ ਕਿਹੜਾ ਰਾਗ ਗਾਇਆ ਹੈ? ਯਮਲਾ ਜੱਟ ਨੇ ਲੱਕੜਾਂ ਪਾੜੀਆਂ, ਲੋਹਾ ਪਾੜਿਆ ਅਤੇ ਕੱਦੂ ਪਾੜਿਆ, ਤਾਂ ਹੀ ਉਸ ਨੇ ਤੂੰਬੀ ਵਿਚੋਂ ਰਾਗ ਕੱਢਿਆ ਅਤੇ ਸਾਰੀ ਉਮਰ ਉਹ ਇਹ ਤਿੰਨੇ ਚੀਜ਼ਾਂ ਪਾੜਦਾ ਰਿਹਾ। ਨਵੀਂ ਤੋਂ ਨਵੀਂ ਤਰਜ਼ ਵਿਚ ਆਪੇ ਗੀਤ ਲਿਖਦਾ ਅਤੇ ਤੂੰਬੀ ਉਪਰ ਆਪੇ ਧੁਨਾਂ ਬਣਾਉਂਦਾ ਰਿਹਾ। ਯਮਲੇ ਨੇ ਕਈ ਸਾਜ਼ਾਂ ਨਾਲ ਗਾਇਆ। ਤੂੰਬੀ ਪੰਜਾਬ ਦੇ ਗੀਤ-ਸੰਗੀਤ, ਸਭਿਆਚਾਰ ਦਾ ਅਨਿਖੜਵਾਂ ਅੰਗ ਹੈ। ਯਮਲੇ ਤੋਂ ਪਹਿਲਾਂ ਵੀ ਤੂੰਬੀ ਸੀ, ਪਾਕਿਸਤਾਨੀ ਪੰਜਾਬ ਵਿਚ ਵੀ ਇਕ-ਤਾਰਾ ਅਤੇ ਦੋ-ਤਾਰਾ ਕਿੰਗ (ਤੂੰਬੀ) ਨਾਲ ਅੱਜ ਵੀ ਵੱਡੇ-ਵੱਡੇ ਗਾਇਕ ਪੰਜਾਬੀ ਗੀਤ-ਸੰਗੀਤ ਪੇਸ਼ ਕਰਦੇ ਹਨ। ਕਿਸੇ ਵੀ ਸੰਗੀਤਕ ਸਾਜ਼ਾਂ ਵਾਲੀ ਦੁਕਾਨ ਅਤੇ ਅਜਾਇਬ ਘਰਾਂ ਵਿਚ ਤੂੰਬੀ ਤਾਂ ਸਾਜ਼ਾਂ ਦੀ ਕਤਾਰ ਵਿਚ ਜ਼ਰੂਰ ਹੁੰਦੀ ਹੈ। ਜਿਥੋਂ ਤੱਕ ਰਾਗਾਂ ਦੀ ਗੱਲ ਹੈ, ਬੇਸ਼ੱਕ ਮੈਂ ਰਾਗਾਂ ਦਾ ਪਾਰਖੂ ਕੋਈ ਨਹੀਂ, ਪਰ ਮੈਨੂੰ ਇਹ ਪਤਾ ਹੈ ਕਿ ਯਮਲੇ ਦੇ ਸਾਰੇ ਗੀਤ ਕਿਸੇ ਨਾ ਕਿਸੇ ਰਾਗ ਵਿਚ ਗਾਏ ਹੋਏ ਹਨ। ਯਮਲਾ ਸਾਹਿਬ ਨੂੰ ਬੇਸ਼ੱਕ, ਰਾਗ ਵਿਦਿਆ ਦੀ ਜਾਣਕਾਰੀ ਸੀ ਅਤੇ ਜਿਹੜੇ ਗੀਤਾਂ ਦੀਆਂ ਪੰਕਤੀਆਂ ਦਾ ਜ਼ਿਕਰ ਲੇਖਕ ਨੇ ਕੀਤਾ ਹੈ, ਇਹ ਰਾਗ ਤਾਂ ਯਮਲਾ ਸਾਹਿਬ ਨੇ ਆਪ ਹੀ ਚੰਗੀ ਤਰ੍ਹਾਂ ਖੋਲ੍ਹ ਕੇ ਆਪ ਜੀ ਨੂੰ ਸਮਝਾ ਦੇਣੇ ਸਨ, ਇਹ ਵੀ ਕਿ ਇਹ ਗੀਤ ਕਿਸ ਪ੍ਰਸੰਗ ਵਿਚ ਗਾਏ ਸਨ, ਪਰ ਹੁਣ ਉਹ ਇਹ ਸਭ ਦੱਸਣ ਲਈ ਇਸ ਜਹਾਨ ਵਿਚ ਨਹੀਂ ਹਨ। ਉਂਜ, ਇਹ ਤਾਂ ਮੰਨਣਾ ਪਵੇਗਾ ਕਿ ‘ਦੱਸ ਮੈਂ ਕੀ ਪਿਆਰ ਵਿਚੋਂ ਖੱਟਿਐ’ ਯਮਲਾ ਸਾਹਿਬ ਦੀ ਅਮਰ ਰਚਨਾ ਹੈ ਜਿਸ ਨੂੰ ਹਰ ਮਾਈ ਭਾਈ ਨੇ ਪਸੰਦ ਕੀਤਾ ਹੈ। ਠੀਕ ਹੈ ਕਿ ਯਮਲਾ ਵੀ ਇਕ ਬੰਦਾ ਹੀ ਸੀ ਅਤੇ ਇਥੇ ਕੋਈ ਵੀ ਬੰਦਾ ਪੂਰਨ ਨਹੀਂ ਹੈ। ਯਮਲੇ ਵਿਚ ਵੀ ਕੋਈ ਇਨਸਾਨੀ ਨੁਕਸ, ਦੋਸ਼, ਘਾਟ ਜਾਂ ਤਰੁੱਟੀ ਹੋ ਸਕਦੀ ਹੈ, ਪਰ ਸੋਚਣ-ਵਿਚਾਰਨ ਵਾਲੀ ਗੱਲ ਇਹ ਹੈ ਕਿ ਪੰਜਾਬੀ ਸੰਗੀਤ ਦਾ ਬੇੜਾ ਗਰਕ ਯਮਲੇ ਨੇ ਕਿਵੇਂ ਕੀਤਾ? ਯਮਲਾ ਸਾਹਿਬ ਨੂੰ ਤਾਂ ਇਸ ਦੁਨੀਆ ਤੋਂ ਗਿਆਂ 13-14 ਵਰ੍ਹੇ ਬੀਤ ਚੁੱਕੇ ਨੇ। ਸੰਗੀਤ ਦੇ ਖੇਤਰ ਵਿਚਲੀ ਅਲੂਦਗੀ, ਲੱਚਰਤਾ ਅਤੇ ਘੜਮੱਸ ਤਾਂ ਪਿਛਲੇ ਕੁਝ ਕੁ ਸਾਲਾਂ ਤੋਂ ਹੀ ਜ਼ਿਆਦਾ ਵਧਿਆ ਹੈ, ਤੇ ਨਾਲੇ ਅੱਜ ਜਿਹੜੇ ਕੱਚਘਰੜ, ਅਨਾੜੀ, ਬੇਸੁਰੇ ਅਤੇ ਬੇਤਾਲੇ ਲੋਕ ਆਪਣੀਆਂ ਪੁੱਠੀਆਂ-ਸਿੱਧੀਆਂ ਐਲਬਮਾਂ ਪੈਸੇ ਖਰਚ ਕੇ ਕਰਵਾ ਰਹੇ ਨੇ, ਇਹਦੇ ਵਿਚ ਯਮਲੇ ਦਾ ਕੀ ਰੋਲ ਹੈ? ਇਹ ਯਮਲੇ ਦੇ ਤੂੰਬੀ ਵਾਲੇ ਸ਼ਾਗਿਰਦ ਤਾਂ ਹੈ ਨਹੀਂ। ਦਰਅਸਲ, ਯਮਲਾ ਜੱਟ ਦੇ ਸ਼ਾਗਿਰਦ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ। ਇਹ ਪੈਸੇ ਵਾਲੇ ਨਹੀਂ ਹਨ। ਯਮਲਾ ਜਿਹੋ ਜਿਹਾ ਆਪ ਗਰੀਬ, ਨਿਮਾਣਾ ਅਤੇ ਪੇਂਡੂ ਜਿਹਾ ਬੰਦਾ ਸੀ, ਉਸੇ ਤਰ੍ਹਾਂ ਦੇ ਉਸ ਦੇ ਸ਼ਾਗਿਰਦ ਹਨ ਜਿਹੜੇ ਆਮ ਪੇਂਡੂ ਲੋਕਾਂ ਦਾ ਬਾਕਾਇਦਾ ਸੁਰ-ਤਾਲ ਵਿਚ ਰਹਿ ਕੇ ਹੀ ਮਨੋਰੰਜਨ ਕਰਦੇ ਹਨ। ਇਸ ਦੇ ਨਾਲ ਹੀ ਲੇਖਕ (ਤੱਖਰ) ਵਾਸਤੇ ਇਹ ਵੀ ਖੁਸ਼ਖਬਰੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੂੰਬੀ ਵਾਲੇ ਗਾਇਕਾਂ ਵਾਲਾ ਦੌਰ ਖਤਮ ਹੋ ਚੁੱਕਾ ਹੈ। ਪੁਰਾਣੇ ਤੂੰਬੀ ਗਾਇਕ ਇਸ ਦੁਨੀਆਂ ਤੋਂ ਜਾ ਚੁੱਕੇ ਹਨ ਅਤੇ ਰਹਿੰਦੇ-ਖੂੰਹਦੇ ਭਾਵੇਂ ਅਜੇ ਜਾਣ ਵਾਲੇ ਨਾ ਵੀ ਹੋਣ, ਪਰ ਉਹ ਤੂੰਬੀਆਂ ਛੱਡ ਚੁੱਕੇ ਹਨ। ਹੁਣ ਤਾਂ ਐਵੇਂ ਕੋਈ ਵਿਰਲਾ-ਟਾਵਾਂ ਗਾਉਣ ਵਾਲਾ ਹੀ ਆਪਣੇ ਸ਼ੌਕ ਜਾਂ ਵਿਖਾਵੇ ਹਿੱਤ ਤੂੰਬੀ ਸਟੇਜ ‘ਤੇ ਲਿਆਉਂਦਾ ਹੋਵੇਗਾ। ਵੈਸੇ ਹੁਣ ਦੌਰ ਚਮਕੀਲੇ-ਭੜਕੀਲੇ ਪਹਿਰਾਵਿਆਂ ਵਾਲੇ ‘ਮਾਡਰਨ’ ਨੱਚਣ-ਟੱਪਣ ਵਾਲੇ ਟਪੂਸੀਮਾਰ ਗਾਇਕਾਂ ਦਾ ਹੈ ਜਿਹੜੇ ਬੇਸ਼ੁਮਾਰ ਪੱਛਮੀ ਸਾਜ਼ਾਂ ਦੇ ਸ਼ੋਰ-ਸ਼ਰਾਬੇ ਨਾਲ ਕਾਂਵਾਂ-ਰੌਲੀ ਪਾਉਂਦੇ ਹਨ।
ਸ੍ਰੀ ਤੱਖਰ ਦਾ ਵਿਚਾਰ ਹੈ ਕਿ ਤੂੰਬੀ ਸਿੱਖਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ ਪੈਂਦੀ। ਹਾਂ, ਠੀਕ ਹੈæææ ਜੇ ਤਾਂ ਸੁਰ-ਤਾਲ ਵਿਚ ਤੂੰਬੀ ਵਜਾਉਣੀ ਹੋਵੇ, ਫਿਰ ਯਮਲਾ ਸਾਹਿਬ ਵਰਗੇ ਉਸਤਾਦ ਦੀ ਲੋੜ ਪੈਂਦੀ ਹੈ ਅਤੇ ਜੇ ਬੇਸੁਰੀ ਅਤੇ ਬੇਤਾਲੀ ਵਜਾਉਣੀ ਹੋਵੇ, ਫਿਰ ਕਿਸੇ ਉਸਤਾਦ ਦੀ ਲੋੜ ਨਹੀਂ ਪੈਂਦੀ। ਮੇਰੀ ਸਮਝ ਮੁਤਾਬਿਕ ਯਮਲਾ ਸਾਹਿਬ ਵਰਗੀ ਤੂੰਬੀ ਅਜੇ ਤੱਕ ਕੋਈ ਨਹੀਂ ਵਜਾ ਸਕਿਆ। ਉਨ੍ਹਾਂ ਦੇ ਸਭ ਗੀਤਾਂ ਵਿਚ ਤੂੰਬੀ ਬਾਕਾਇਦਾ ਸੁਰ, ਤਾਲ ਅਤੇ ਲੈਅ ਵਿਚ ਵੱਜਦੀ ਹੈ। ਕਿਸੇ ਵੀ ਚੀਜ਼ ਜਾਂ ਵਰਤਾਰੇ ਪ੍ਰਤੀ ਹਰ ਕਿਸੇ ਦਾ ਨਜ਼ਰੀਆ, ਸਮਝ-ਸੋਚ, ਪਸੰਦ ਜਾਂ ਨਾਪਸੰਦਗੀ ਇਕੋ ਜਿਹੀ ਨਹੀਂ ਹੋ ਸਕਦੀ ਅਤੇ ਨਾ ਹੀ ਸਾਨੂੰ ਦੂਜਿਆਂ ਉਪਰ ਆਪਣੀ ਪਸੰਦ ਜਾਂ ਸੋਚ ਵਿਚਾਰ ਠੋਸਣ ਦਾ ਕੋਈ ਹੱਕ ਹੈ। ਤੁਹਾਨੂੰ ਜੇ ਯਮਲੇ ਦੀ ਤੂੰਬੀ ਚੰਗੀ ਨਹੀਂ ਲੱਗਦੀ ਤਾਂ ਇਸ ਦਾ ਕਾਰਨ ਇਹੋ ਹੀ ਹੈ ਕਿ ਤੁਹਾਡੀ ਪਸੰਦ ਬਹੁਤ ਉਚੀ ਹੈ। ਤੁਸੀਂ ਜ਼ਿਆਦਾ ਪੜ੍ਹੇ-ਲਿਖੇ ਅਤੇ ਉਚ-ਸੁਸਾਇਟੀ ਵਿਚ ਵਿਚਰਨ ਵਾਲੇ ਇਨਸਾਨ ਲੱਗਦੇ ਹੋ ਜੋ ਜ਼ਿਆਦਾਤਰ ਫਿਲਮੀ ਗਾਣੇ ਸੁਣਨ ਦੇ ਸ਼ੌਕੀਨ ਹੋ। ਜਿਹੜਾ ਬੰਦਾ ਮੁਹੰਮਦ ਰਫੀ ਅਤੇ ਆਸ਼ਾ ਦਾ ਇੰਨਾ ਵੱਡਾ ਫੈਨ ਹੋਵੇ, ਉਹ ਯਮਲੇ ਨੂੰ ਕੀ ਸਮਝਦਾ ਹੈ? ਯਮਲਾ ਤਾਂ ਲੋਕ ਗਾਇਕ ਸੀ ਅਤੇ ਤੂੰਬੀ ਪੰਜਾਬ ਦਾ ਲੋਕ ਸਾਜ਼ ਹੈ। ਯਮਲਾ ਨਾ ਤਾਂ ਪੱਕੇ ਰਾਗਾਂ ਵਾਲਾ ਗਾਇਕ ਸੀ ਅਤੇ ਨਾ ਹੀ ਕੋਈ ਕੱਵਾਲ ਜਾਂ ਕੀਰਤਨੀਆ। ਬਿਮਾਰ ਆਦਮੀ ਦੇ ਮੂੰਹ ਦਾ ਸਵਾਦ ਬਿਮਾਰੀ ਕਰ ਕੇ ਕੌੜਾ, ਫਿੱਕਾ ਅਤੇ ਬੇਸਵਾਦ ਹੋ ਜਾਂਦਾ ਹੈ; ਇਸ ਲਈ ਉਸ ਨੂੰ ਸਵਾਦੀ ਤੋਂ ਸਵਾਦੀ ਪਕਵਾਨ ਵੀ ਕੌੜਾ ਹੀ ਲੱਗੇਗਾ। ਹੁਣ ਜੇ ਬਿਮਾਰ ਆਦਮੀ ਇਹ ਕਹੀ ਜਾਵੇ ਕਿ ਪਕਵਾਨ ਸਵਾਦੀ ਨਹੀਂ ਸਗੋਂ ਕੌੜੇ ਹਨ, ਤਾਂ ਇਹ ਪਕਵਾਨਾਂ ਦਾ ਦੋਸ਼ ਨਹੀਂ ਹੈ। ਤੱਖਰ ਸਾਹਿਬ ਦੀ ਵੀ ਇਹੀ ਸਮੱਸਿਆ ਲੱਗਦੀ ਹੈ।
ਯਮਲਾ ਸਾਹਿਬ ਨੂੰ ਦੇਸ਼-ਵਿਦੇਸ਼ ਵਿਚ ਸਭਾ-ਸੁਸਾਇਟੀਆਂ ਵੱਲੋਂ ਮਾਣ-ਸਨਮਾਨ ਮਿਲਣ ਤੋਂ ਇਲਾਵਾ ਦਿੱਲੀ ਦੀ ਕੌਮੀ ਪੱਧਰ ਦੀ ਸੰਗੀਤ ਕਲਾ ਅਕੈਡਮੀ ਵੱਲੋਂ ਵੀ ਵੱਕਾਰੀ ਐਵਾਰਡ ਮਿਲ ਚੁੱਕਾ ਹੈ। ਸਰਕਾਰੀ ਸਕੂਲਾਂ ਦੀ ਪੰਜਾਬੀ ਪਾਠ-ਪੁਸਤਕ ਵਿਚ ਉਨ੍ਹਾਂ ਦੇ ਜੀਵਨ ਅਤੇ ਗਾਇਨ ਕਲਾ ਉਪਰ ਪਾਠ ਸ਼ਾਮਿਲ ਹੈ। ਆਪਣੇ ਸਮਿਆਂ ਵਿਚ ਯਮਲੇ ਜੱਟ ਦਾ ਸਿੱਕਾ ਰੇਡੀਓ, ਟੈਲੀਵਿਜ਼ਨ ਅਤੇ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚæਐਮæਟੀæ ਵਿਚ ਵੀ ਚੱਲਦਾ ਸੀ। ਲੰਮਾ ਸਮਾਂ ਉਨ੍ਹਾਂ ਪੰਜਾਬ ਦੇ ਵੱਡੇ-ਛੋਟੇ ਮੇਲਿਆਂ ਅਤੇ ਅਖਾੜਿਆਂ ਰਾਹੀਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਜਿਹੜੇ ਗੀਤ ਉਨ੍ਹਾਂ ਸਿੱਖ ਗੁਰੂਆਂ ਦੀ ਮਹਿਮਾ ਵਿਚ ਗਾਏ, ਉਨ੍ਹਾਂ ਦਾ ਕੋਈ ਮੁਕਾਬਲਾ ਹੀ ਨਹੀਂ। ਨਿਰੋਲ ਆਪਣੀ ਕਲਾ ਜ਼ਰੀਏ ਲੋਕ ਗਾਇਕ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਕਲਾਕਾਰ ਨੂੰ ਇੱਦਾਂ ਭੰਡਣਾ ਜਾਇਜ਼ ਨਹੀਂ। ਨਾਲੇ ਉਨ੍ਹਾਂ ਨੂੰ ਮਾਣ-ਸਨਮਾਨ ਦੇਣ ਵਾਲੇ ਕੀ ਸਾਰੇ ਹੀ ਬੰਦੇ ਕਲਾ ਤੋਂ ਕੋਰੇ ਸਨ/ਹਨ? ਜੇ ਯਮਲਾ, ਮੁਹੰਮਦ ਰਫੀ ਦੇ ਅਖਾੜੇ ਦੀ ਸਾਰੀ ਭੀੜ ਆਪਣੇ ਅਖਾੜੇ ਵੱਲ ਖਿੱਚ ਸਕਦਾ ਹੈ ਅਤੇ ਅੱਜ ਵੀ ਜੇ ਅਮਰੀਕਾ, ਇੰਗਲੈਂਡ, ਕੈਨੇਡਾ ਵਿਚ ਉਹਦੇ ਨਾਂ ‘ਤੇ ਮੇਲੇ ਲੱਗਦੇ ਹਨ, ਫਿਰ ਕੁਝ ਨਾ ਕੁਝ ਤਾਂ ਉਹਦੀ ਕਲਾ ਵਿਚ ਹੋਵੇਗਾ ਹੀ।
ਤੱਖਰ ਸਾਹਿਬ ਨੇ ਅਗਲਾ ਨੁਕਤਾ ਸੰਗੀਤ ਦੀ ਰੂਹ ‘ਅਲਾਪ’ ਬਾਰੇ ਲਿਖਿਆ ਹੈ ਕਿ ਤੂੰਬੀ ਵਾਲੇ ਅਲਾਪ ਨਹੀਂ ਲਾਉਂਦੇ ਜਾਂ ਲਾ ਨਹੀਂ ਸਕਦੇ। ਮੈਂ ਸਾਰੇ ਤੂੰਬੀ ਵਾਲਿਆਂ ਦੀ ਗੱਲ ਨਹੀਂ ਕਰਦਾ ਪਰ ਯਮਲਾ ਸਾਹਿਬ ਆਪਣੇ ਹਰ ਗੀਤ ਦੇ ਅਰੰਭ ਵਿਚ ਵੀ ਅਤੇ ਦਰਮਿਆਨ ਵਿਚ ਵੀ ਅਲਾਪ ਲਾਉਂਦੇ ਹਨ। ਯਮਲਾ ਸਾਹਿਬ ਦਾ ਇਕ ਸ਼ਾਗਿਰਦ ਹੋਇਆ ਹੈ ਅਮਰਜੀਤ ਗੁਰਦਾਸਪੁਰੀ ਜਿਹੜਾ ਹੈ ਤਾਂ ਤੂੰਬੀ ਗਾਇਕ ਸੀ ਪਰ ਉਹ ਆਪਣੇ ਸਮਿਆਂ ਵਿਚ ਆਪਣੇ ਕਮਾਲ ਦੇ ਅਲਾਪ ਕਰ ਕੇ ਮਸ਼ਹੂਰ ਸੀ। ਉਹਦੇ ਵਰਗਾ ਅਲਾਪ ਅੱਜ ਤੱਕ ਪੰਜਾਬੀ ਗਾਇਨ ਜਗਤ ਵਿਚ ਕੋਈ ਨਹੀਂ ਲਾ ਸਕਿਆ।
ਲੋਕ ਗਾਇਨ ਅਤੇ ਪੱਕੇ ਰਾਗਾਂ ਦੇ ਅਲਾਪ ਵਿਚ ਫਰਕ ਹੁੰਦਾ ਹੈ। ਮੇਰੇ ਇਲਾਕੇ ਵਿਚ ਦਸਵੇਂ ਗੁਰੂ ਜੀ ਦੇ ਪੁਰਬ ਦਾ ਸਮਾਗਮ ਸੀ। ਉਥੇ ਸਭ ਵੰਨਗੀਆਂ ਦੇ ਰਾਗੀ ਪਹੁੰਚੇ ਹੋਏ ਸਨ। ਸਟੇਜ ਉਪਰ ਪੱਕੇ ਰਾਗ ਵਾਲੇ ਰਾਗੀ ਦੁਆਰਾ ਲਾਇਆ ਅਲਾਪ ਸੁਣ ਕੇ ਕੋਈ ਪੇਂਡੂ ਜੱਟ ਆਖਦਾ ਸੀ, ‘ਯਾਰ ਸਾਡੇ ਕੱਟੇ ਨੇ ਮਰਨ ਤੋਂ ਪਹਿਲਾਂ ਇਸੇ ਤਰ੍ਹਾਂ ਬਹੁਤ ਅੜਾਟ ਪਾਇਆ ਸੀ।’ ਹੁਣ ਇਥੇ ਗੱਲ ਫਿਰ ਸਮਝ ਦੀ ਹੀ ਹੈ, ਕੀਤਾ ਕੀ ਜਾਵੇ? ਅੱਗੇ ਚੱਲ ਕੇ ਤੱਖਰ ਸਾਹਿਬ ਨੈਤਕੋਟੀਏ ਦੀਆਂ ਸਿਫ਼ਤਾਂ ਕਰਦੇ ਹਨ ਅਤੇ ਤੂੰਬੀ ਨੂੰ ਪੱਠੇ ਕੁਤਰਨ ਵਾਲੀ ਮਸ਼ੀਨ ਸਮਝਦੇ ਹਨ। ਨੈਤਕੋਟੀਆ, ਮੱਟੀਆਂ (ਅਲਗੋਜ਼ੇ) ਨਾਲ ਗਾਉਂਦਾ ਸੀ। ਅਲਗੋਜ਼ੇ ਵੀ ਤੂੰਬੀ ਵਾਂਗ ਕਾਹਲੀ ਨਾਲ ਹੀ ਵਗਦੇ ਹਨ। ਪੰਜਾਬ ਦੀ ਲੋਕ ਗਾਇਕੀ ਜ਼ਰਾ ਤੇਜ਼-ਤਰਾਰ ਅਤੇ ਜੋਸ਼ੀਲੀ ਜਿਹੀ ਹੈ ਜਿਸ ਕਰ ਕੇ ਇਹ ਦੋਵੇਂ ਸਾਜ਼ ਵੀ ਇਸੇ ਪਿੱਚ ‘ਤੇ ਹੀ ਵੱਜਦੇ ਹਨ। ਜੇ ਸ੍ਰੀ ਤੱਖਰ ਬਹੁਤ ਵੱਡੇ ਰਾਗ ਗਿਆਤਾ ਹਨ ਤਾਂ ਫਿਰ ਦੱਸ ਦੇਣ ਕਿ ਨੈਤਕੋਟੀਆ ਕਿਹੜੇ ਰਾਗਾਂ ਵਿਚ ਗਾਉਂਦਾ ਸੀ? ਆਪਣੇ ਲੇਖ ਵਿਚ ਬਹੁਤੀ ਥਾਂਈਂ ਸ੍ਰੀ ਤੱਖਰ ਆਪਾ-ਵਿਰੋਧੀ ਵੀ ਹਨ, ਜਿਵੇਂ ਉਹ ਕਿਸੇ ਤੂੰਬੀ ਗਾਇਕ ਦਾ ਸਿਆਪਾ ਕਰਨ ਵਾਲੀਆਂ ਬੀਬੀਆਂ ਨੂੰ ਇਹ ਸਿੱਖਿਆ ਦਿੰਦੇ ਹਨ ਕਿ ਜਾਂ ਤਾਂ ਇਨ੍ਹਾਂ ਲੋਕਾਂ ਨੂੰ ਕੋਸਣਾ ਛੱਡ ਦੇਵੋ, ਜਾਂ ਫਿਰ ਇਨ੍ਹਾਂ ਨੂੰ ਸੁਣਨਾ ਛੱਡ ਦੇਵੋ; ਪਰ ਆਪ ਉਹ ਆਪਣੇ ਇਸ ਸਿਧਾਂਤ ‘ਤੇ ਅਮਲ ਨਹੀਂ ਕਰਦੇ। ਉਨ੍ਹਾਂ ਆਪ ਤੂੰਬੀ ਵਾਲਿਆਂ ਨੂੰ ਸੁਣਨਾ ਤਾਂ ਛੱਡ ਦਿੱਤਾ ਹੈ ਪਰ ਕੋਸਣਾ ਨਹੀਂ ਛੱਡ ਰਹੇ।
ਤੱਖਰ ਸਾਹਿਬ ਹਾਰਮੋਨੀਅਮ ਦੀ ਜ਼ੋਰਦਾਰ ਵਕਾਲਤ ਕਰਦੇ ਹਨ। ਇਹ ਭਾਰਤੀ ਸੰਗੀਤ ਪਰੰਪਰਾ ਦਾ ਸਾਜ਼ ਨਹੀਂ। ਇਹ ਪੱਛਮੀ ਸਾਜ਼ ਹੈ। ਹਾਰਮੋਨੀਅਮ ਲਫ਼ਜ਼ ਵੀ ਅੰਗਰੇਜ਼ੀ ਦਾ ਹੈ ਅਤੇ ਇਸ ਨੂੰ ਅੰਗਰੇਜ਼ ਹੀ ਭਾਰਤ ਵਿਚ ਲਿਆਏ ਸਨ। ਹਾਰਮੋਨੀਅਮ ਤੋਂ ਪਹਿਲਾਂ ਤਾਰਾਂ ਵਾਲੇ ਸਾਜ਼ਾਂ ਨਾਲ ਹੀ ਗਾਇਆ ਜਾਂਦਾ ਸੀ। ਗੁਰਬਾਣੀ ਕੀਰਤਨ ਵੀ ਤਾਰਾਂ ਵਾਲੇ ਸਾਜ਼ਾਂ ਨਾਲ ਹੀ ਹੁੰਦਾ ਸੀ। ਗੁਰੂ ਸਾਹਿਬਾਨ ਵੀ ਬਾਣੀ ਗਾਇਨ ਤੰਤੀ ਸਾਜ਼ਾਂ ਨਾਲ ਹੀ ਕਰਦੇ ਸਨ। ਸ੍ਰੀ ਤੱਖਰ ਨੂੰ ਵੀ ਸ਼ਾਇਦ ਜਾਣਕਾਰੀ ਹੋਵੇ ਕਿ ਅੱਜ ਕੱਲ੍ਹ ਤੂੰਬੀਆਂ ਵਾਲੇ ਵੀ ਹਾਰਮੋਨੀਅਮ ਨਾਲ ਹੀ ਆਪਣੀ ਤੂੰਬੀ ਸੁਰ ਕਰ ਕੇ ਗਾਉਂਦੇ ਹਨ। ਯਮਲਾ ਸਾਹਿਬ ਦੱਸਦੇ ਸਨ ਕਿ ਇਕ ਵਾਰ ਉਨ੍ਹਾਂ ਨੂੰ ਪਟਨਾ ਸਾਹਿਬ ਦੀ ਸੰਗਤ ਨੇ ਦਸਵੇਂ ਪਾਤਸ਼ਾਹ ਦੇ ਪੁਰਬ ‘ਤੇ ਆਪਣਾ ਕਲਾਮ ਪੇਸ਼ ਕਰਨ ਲਈ ਸੱਦਿਆ। ਜਦੋਂ ਉਹ ਤੂੰਬੀ ਸੁਰ ਕਰ ਰਹੇ ਸਨ ਤਾਂ ਪ੍ਰਬੰਧਕਾਂ ਨੇ ਰੋਕ ਦਿੱਤਾ। ਯਮਲਾ ਜੀ ਨੇ ਬੇਨਤੀ ਕੀਤੀ ਕਿ ਤੂੰਬੀ ਵਿਚ ਕੀ ਦੋਸ਼ ਏ? ਜੇ ਤੂੰਬੀ ਅਤੇ ਗਾਇਨ ਵਿਚ ਇਕਸੁਰਤਾ ਨਾ ਹੋਈ, ਤਾਂ ਉਹ ਉਥੇ ਹੀ ਬੋਲਣਾ ਬੰਦ ਕਰ ਦੇਣਗੇ। ਤੱਖਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਆਪਣੇ ਮਿੱਤਰ ਮੀਸ਼ੇ ਅਤੇ ਫਿਰ ਬੀਬੀ ਆਸ਼ਾ ਕੋਲੋਂ ਝਾੜ-ਝੰਬ ਕਰਵਾ ਬੈਠੇ ਹਨ; ਹੁਣ ਛੱਡੋ ਪਰ੍ਹਾਂ! ਤੂੰਬੀ ਨਾਲ ਐਵੇਂ ਇੰਨੀ ਨਫ਼ਰਤ ਨਾ ਪਾਲੋ।
Leave a Reply