ਪੰਜਾਬ ਟਾਈਮਜ਼ ਦੇ 16 ਅਗਸਤ ਦੇ ਅੰਕ ਵਿਚ ‘ਤੂੰਬੀ, ਸੁਰ ਤੇ ਸੰਗੀਤ’ ਦੇ ਲਿਖਾਰੀ ਕੁਲਦੀਪ ਤੱਖਰ ਨੇ ਇਕ ਵਿਛੜੀ ਰੂਹ ਨੂੰ ਖੰਜਰ ਮਾਰਨ ਦੀ ਕੋਸ਼ਿਸ ਕੀਤੀ ਹੈ। ਇਸ ਨਾਲ ਸ਼ਾਇਦ ਕੁਲਦੀਪ ਮਾਣਕ ਵੀ ਕੁਰਲਾ ਉਠਿਆ ਹੋਵੇ। ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਧੁਰ ਤੱਕ ਪ੍ਰਨਾਏ ਲਾਲ ਚੰਦ ਯਮਲਾ ਜੱਟ ਨੇ ਪੰਜਾਬੀ ਸ਼ਬਦਾਂ ਰਾਹੀਂ ਅਜਿਹੀਆਂ ਕੜੀਆਂ ਜੋੜ-ਜੋੜ ਹੀਰਿਆਂ ਦੇ ਹਾਰ ਬਣਾਏ ਜਿਨ੍ਹਾਂ ਦੀ ਚਮਕ-ਦਮਕ ਅਮਾਵਸ ਦੀ ਰਾਤ ਨੂੰ ਵੀ ਨਿਖਾਰ ਦਿੰਦੀ ਏ।
ਧਰਤੀ ਦੀ ਹਿੱਕ ‘ਤੇ ਉਗੇ ਬੂਟੇ ਅਤੇ ਖੇਤ ਵਿਚ ਉਗੀ ਵੇਲ ‘ਚ ਯਮਲਾ ਜੱਟ ਨੇ ਪੱਥਰ ਯੁੱਗ ਵਿਚ ਪੈਦਾ ਹੋਈ ਅੱਗ ਦੀ ਯਾਦ ਕਰਵਾਈ। ਪਹਿਲਾਂ ਪੱਥਰ ਦੇ ਪਹੀਏ ਬਣੇ, ਫਿਰ ਲੱਕੜ ਦੇ ਪਹੀਏ ਨਾਲ ਗੱਡੇ ਤੁਰੇ ਅਤੇ ਫਿਰ ਲੋਹੇ ਦੇ ਪਹੀਆਂ ਨਾਲ ਰੇਲਾਂ ਚੱਲੀਆਂ। ਮਨੁੱਖ ਨੇ ਹਰ ਯੁੱਗ ਵਿਚ ਆਪਣੇ-ਆਪਣੇ ਵਰਤਾਰੇ ਨਾਲ ਕੁਦਰਤ ਵੱਲੋਂ ਦਿੱਤੀਆਂ ਨਿਆਮਤਾਂ ਨੂੰ ਵਰਤਿਆ। ਯਮਲੇ ਹੁਰਾਂ ਆਪਣਾ ਹਿੱਸਾ ਪਾਇਆ ਅਤੇ ਨਾਲ ਹੀ ਲੋਕ ਗੀਤਾਂ ਨੂੰ ਬਹੁਤ ਹੀ ਸਾਧਾਰਨ ਸੁਰ ਨਾਲ ਵਿਆਹ ਦਿੱਤਾ। ਅਜਿਹਾ ਚਿਰਜੀਵੀ ਵਿਆਹ ਹੋਇਆ ਜਿਸ ਤੋਂ ਅੱਜ ਪਤਾ ਨਹੀਂ ਕਿੰਨੇ ਘਰਾਂ ਅੰਦਰ ਰੋਟੀਆਂ ਪੱਕ ਰਹੀਆਂ ਹਨ।
ਲੇਖ ਦੇ ਲੇਖਕ ਨੇ ਠੀਕ ਹੀ ਲਿਖਿਆ ਕਿ ‘ਯਮਲੇ ਨੂੰ ਕਿਹੜਾ ਰਾਗ ਆਉਂਦਾ ਸੀ?’ æææ ਹਾਂ! ਯਮਲੇ ਨੂੰ ਹਕੀਕੀ ਸੱਚਾਈ ਦਾ ਰਾਗ ਆਉਂਦਾ ਸੀ। ਉਸ ਨੂੰ ਤਾਂ ਤੱਪੜ ਸਕੂਲ ਵੀ ਨਸੀਬ ਨਹੀਂ ਸੀ ਹੋਇਆ, ਪਰ ਅੱਜ ਦੇ ਪੜ੍ਹੇ-ਲਿਖੇ ਤੇ ਪੀਐਚæਡੀæ ਵਾਲਿਆਂ ਨਾਲੋ ਉਹ ਬਹੁਤ ਅੱਗੇ ਸੀ। ਮੇਰੇ ਪਿੰਡ ਜਦੋਂ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’ ਸੁਣੀਂਦਾ ਸੀ ਤਾਂ ਆਪ ਮੁਹਾਰੇ ਹੀ ਲਹਿੰਦੇ ਪਾਸੇ ਕਰੀਬ 3 ਮੀਲ ਦੀ ਦੂਰੀ ‘ਤੇ ਕਰਤਾਰਪੁਰ ਸਾਹਿਬ ਗੁਰਦੁਆਰੇ (ਪਾਕਿਸਤਾਨ) ਵੱਲ ਨਜ਼ਰ ਘੁੰਮ ਜਾਂਦੀ ਸੀ। ਹਰ ਇਕ ਮਨ ਮਸਤਕ ਅੰਦਰ ਵਾਹਿਗੁਰੂ ਵਾਹਿਗੁਰੂ ਹੋ ਉਠਦਾ ਸੀ। ‘ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ’, ‘ਜੱਗ ਦਿਆ ਚਾਨਣਾ, ਤੂੰ ਮੁੱਖ ਨਾ ਲੁਕਾ ਵੇ’, ‘ਜੰਗਲ ਦੇ ਵਿਚ ਖੂਹਾ ਲਵਾ ਦੇ’, ‘ਮੰਗ ਸਾਂ ਮੈਂ ਤੇਰੀ ਹਾਣੀਆ’, ‘ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ’, ‘ਸਤਿਗੁਰ ਨਾਨਕ ਆ ਜਾ, ਸੰਗਤ ਪਈ ਪੁਕਾਰਦੀ’æææ ਕਦੇ ਇਨ੍ਹਾਂ ਗੀਤਾਂ ਨੂੰ ਕੰਨ ਲਾ ਕੇ ਧੁਰ ਅੰਦਰ ਦੀ ਆਪਣੀ ਸੁਰ ਨਾਲ ਸੁਣੋਗੇ, ਤਾਂ ਇਕ ਅਜਬ ਤੇ ਵਿਲੱਖਣ ਅਵਸਥਾ ਵਿਚ ਚਲੇ ਜਾਉਗੇ। ਪਿਛਲੀ ਅੱਧੀ ਸਦੀ ਤੋਂ ਤੂੰਬੀ ਦੇ ਰਾਗ ਨੇ ਪੰਜਾਬ ਦੇ ਪਿੰਡਾਂ ਵਿਚ ਨਵੀਂ ਰੂਹ ਭਰੀ। ਉਸਤਾਦ ਦੀ ਗੱਲ ਕਰੀਏ ਤਾਂ ਇਕੱਲੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਰੀਬ ਇਕ ਦਰਜਨ ਲੋਕਾਂ ਨੇ ਯਮਲਾ ਜੱਟ ਨੂੰ ਉਸਤਾਦ ਧਾਰਿਆ, ਉਨ੍ਹਾਂ ਤੋਂ ਤੂੰਬੀ ਦਾ ਰਾਗ ਸਿੱਖਿਆ। ਉਨ੍ਹਾਂ ਵਿਚੋਂ ਕੁਝ ਕੁ ਨਾਂ ਹਨ: ਜਗੀਰ ਸਿੰਘ ਤਾਲਬ, ਅਮਰਜੀਤ ਗੁਰਦਾਸਪੁਰੀ, ਚਮਨ ਲਾਲ ਗੁਰਦਾਸਪੁਰੀ, ਮਰਹੂਮ ਹਰਦੇਵ ਖੁਸ਼ਦਿਲ, ਸਵਰਨ ਆਪਣਾ ਅਤੇ ਅਮਰੀਕ ਗਾਜ਼ੀ ਨੰਗਲ।
ਵਾਰੇ ਜਾਈਏ ਅੱਜ ਦੇ ‘ਪੰਜਾਬੀ ਮਾਂ ਬੋਲੀ ਦੀ ਸੇਵਾ’ ਕਰਨ ਵਾਲੇ ਕਲਾਕਾਰਾਂ ਦੇ ਜੋ ਆਏ ਦਿਨ ਪੰਜਾਬ ਦੇ ਸਭਿਆਚਾਰ ਨੂੰ ਮੰਡੀ ਵਿਚ ਵੇਸਵਾ ਦੀ ਤਰ੍ਹਾਂ ਨੰਗਾ ਕਰ ਰਹੇ ਹਨ ਅਤੇ ਸਾਨੂੰ ਆਲਮ ਲੁਹਾਰ, ਯਮਲਾ ਜੱਟ ਬੇਸੁਰੇ, ਬੇਤਾਲੇ ਅਤੇ ਉਜੱਡ ਲੱਗ ਰਹੇ ਹਨ। ਯਾਦ ਰੱਖੋ, ਹੀਰੇ ਹਮੇਸ਼ਾ ਆਮ ਲੋਕਾਂ ਵਿਚੋਂ ਹੀ ਪੈਦਾ ਹੁੰਦੇ ਹਨ ਤੇ ਉਨ੍ਹਾਂ ਵਿਚੋਂ ਯਮਲਾ ਜੱਟ ਅਤੇ ਆਲਮ ਲੁਹਾਰ ਸਦਾ ਜਿਉਂਦੇ ਰਹਿਣਗੇ।
-ਧਰਮ ਸਿੰਘ ਗੋਰਾਇਆ
ਫੋਨ: 301-653-7029
Leave a Reply